ਕੋਰੋਨਾ : ਕਿੱਥੇ ਲੁਕ ਗਏ ਨੇ ਨੇਤਾ?

04/07/2020 2:22:47 AM

ਡਾ. ਵੇਦ ਪ੍ਰਤਾਪ ਵੈਦਿਕ

ਸਰਕਾਰ ਨੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦੀ ਤਨਖਾਹ ’ਚ ਜੋ 30 ਫੀਸਦੀ ਦੀ ਕਟੌਤੀ ਕੀਤੀ ਹੈ ਅਤੇ 10 ਕਰੋੜ ਰੁਪਏ ਦੇ ਸੰਸਦ ਮੈਂਬਰ ਫੰਡ ’ਤੇ ਵੀ ਰੋਕ ਲਾ ਦਿੱਤੀ ਹੈ, ਇਹ ਬਹੁਤ ਹੀ ਸ਼ਲਾਘਾਯੋਗ ਅਤੇ ਸ਼ਾਨਦਾਰ ਕਦਮ ਹੈ। ਉਂਝ ਕੇਂਦਰ ਅਤੇ ਸੂਬਿਆਂ ਦੀਆਂ ਸਰਕਾਰਾਂ ਕੋਰੋਨਾ ਪੀੜਤ ਲੋਕਾਂ ਦੀ ਜ਼ਬਰਦਸਤ ਸੇਵਾ ਕਰ ਰਹੀਆਂ ਹਨ ਅਤੇ ਸਰਕਾਰ ਵਲੋਂ ਚੁੱਕਿਆ ਗਿਆ ਇਹ ਕਦਮ ਸਾਡੇ ਨੇਤਾਵਾਂ ਦੀ ਇੱਜ਼ਤ ਬਚਾਉਣ ’ਚ ਜ਼ਰੂਰ ਕਾਰਗਰ ਹੋਵੇਗਾ। ਕੋਰੋਨਾ ਸੰਕਟ ਨੇ ਜੇਕਰ ਕਿਸੇ ਵਰਗ ਨੂੰ ਕਟਹਿਰੇ ’ਚ ਖੜ੍ਹਾ ਕੀਤਾ ਹੈ ਤਾਂ ਉਹ ਸਾਡੇ ਨੇਤਾਵਾਂ ਨੂੰ। ਦੇਸ਼ ਦੇ ਸਮਾਜ ਸੇਵੀ, ਧਰਮਾਰਥੀ, ਜਾਤੀ ਸੰਗਠਨ ਅਤੇ ਸੱਭਿਆਚਾਰਕ ਸੰਸਥਾਵਾਂ ਵੀ ਲੋੜਵੰਦ ਲੋਕਾਂ ਦੀ ਜੀਅ-ਜਾਨ ਨਾਲ ਸੇਵਾਵਾਂ ’ਚ ਲੱਗੀਆਂ ਹੋਈਆਂ ਹਨ ਪਰ ਸਾਡੇ ਨੇਤਾ ਕਿਤੇ ਵੀ ਦਿਖਾਈ ਨਹੀਂ ਦੇ ਰਹੇ। ਇੰਝ ਜਾਪ ਰਿਹਾ ਹੈ ਕਿ ਭਾਰਤ ਦੀਆਂ ਸਿਆਸੀ ਪਾਰਟੀਆਂ ਛੁੱਟੀ ’ਤੇ ਚਲੀਆਂ ਗਈਆਂ ਹਨ, ਜਿਵੇਂ ਉਹ ਸਾਰੇ ਅਗਿਆਤਵਾਸ ’ਚ ਗੁਆਚ ਗਏ ਹੋਣ। ਕੋਈ ਨੇਤਾ ਸੜਕਾਂ ’ਤੇ, ਮੁਹੱਲਿਆਂ ’ਚ, ਗਲੀਆਂ ’ਚ, ਝੁੱਗੀਆਂ-ਝੌਂਪੜੀਆਂ ’ਚ ਦਿਖਾਈ ਨਹੀਂ ਦਿੰਦਾ। ਨਾ ਤਾਂ ਉਹ ਭੁੱਖਿਆਂ ਨੂੰ ਖਾਣਾ ਖੁਆ ਰਹੇ ਹਨ, ਨਾ ਮਰੀਜ਼ਾਂ ਨੂੰ ਹਸਪਤਾਲ ਪਹੁੰਚਾ ਰਹੇ ਅਤੇ ਨਾ ਹੀ ਉਹ ਘਰੋਂ ਬਾਹਰ ਨਿਕਲ ਕੇ ਲੋਕਾਂ ਨੂੰ ਤਾਲਾਬੰਦੀ ਦੀ ਸਿੱਖਿਆ ਦੇ ਰਹੇ ਹਨ। ਉਹ ਤਾਂ ਤਾੜੀ ਜਾਂ ਥਾਲੀ ਵਜਾਉਣ, ਬਿਜਲੀ ਭਜਾਉਣ, ਦੀਵਾ ਜਗਾਉਣ ਅਤੇ ਟੀ. ਵੀ. ਚੈਨਲਾਂ ’ਤੇ ਰਟੇ-ਰਟਾਏ ਬਿਆਨ ਦੇਣ, ਡਰਾਮੇਬਾਜ਼ੀ ਕਰਨ ’ਚ ਆਪਣੇ ਫਰਜ਼ ਦੀ ਪੂਰਤੀ ਮੰਨ ਰਹੇ ਹਨ। ਮੈਂ ਪੁੱਛਦਾ ਹਾਂ ਕਿ ਭਾਜਪਾ ਦੇ 11 ਕਰੋੜ ਮੈਂਬਰ, ਕਾਂਗਰਸ ਦੇ 2.3 ਕਰੋੜ ਮੈਂਬਰ ਅਤੇ ਸੂਬਾਈ ਪਾਰਟੀਆਂ ਦੇ ਲੱਖਾਂ ਮੈਂਬਰ ਕਿੱਥੇ ਅੰਤਰ-ਧਿਆਨ ਹੋ ਗਏ ਹਨ? ਉਹ ਵੋਟਾਂ ਮੰਗਣ ਲਈ ਤਾਂ ਘਰ-ਘਰ ਜੁੱਤੀਆਂ ਘਿਸਾਉਂਦੇ ਫਿਰਦੇ ਹਨ ਅਤੇ ਹੁਣ ਸੇਵਾ ਦਾ ਕੰਮ ਉਨ੍ਹਾਂ ਨੇ ਦੂਸਰਿਆਂ ਦੇ ਮੱਥੇ ’ਤੇ ਮੜ੍ਹ ਦਿੱਤਾ ਹੈ। ਕੀ ਉਹ ਨੇਤਾ ਅਖਵਾਉਣ ਦੇ ਯੋਗ ਹਨ?

ਤੁਸੀਂ ਟੀ. ਵੀ. ਚੈਨਲਾਂ ਅਤੇ ਅਖਬਾਰਾਂ ’ਚ ਨੇਤਾਵਾਂ ਦੇ ਇਕ ਤੋਂ ਇਕ ਬਨਾਉਟੀ ਚਿੱਤਰ ਦੇਖੇ ਹੋਣਗੇ, ਉਹ ਕਿਵੇਂ ਥਾਲੀਆਂ ਵਜਾ ਰਹੇ ਹਨ, ਕਿਵੇਂ ਦੀਵੇ ਜਗਾ ਰਹੇ ਹਨ। ਕਿਵੇਂ ਦੀਵਾਲੀ ਮਨਾ ਰਹੇ ਹਨ? ਕੀ ਤੁਸੀਂ ਕਿਸੇ ਨੇਤਾ ਨੂੰ ਸੜਕਾਂ ’ਤੇ ਭੁੱਖੇ ਮਰਦੇ ਲੋਕਾਂ ’ਤੇ ਹੰਝੂ ਵਹਾਉਂਦੇ ਦੇਖਿਆ ਹੈ? ਇਸ ਔਖੀ ਘੜੀ ’ਚ ਉਹ ਜਨਤਾ ਕੋਲੋਂ ਬੜੀਆਂ ਆਸਾਂ ਲਾਈ ਬੈਠੇ ਹਨ। ਉਹ ਚਾਹੁੰਦੇ ਹਨ ਕਿ ਸਾਰੇ ਲੋਕ ਉਨ੍ਹਾਂ ਦੇ ਕਹੇ ਦੀ ਪਾਲਣਾ ਕਰਨ। ਉਹ ਅੱਜ ਦੇ ਲਾਲ ਬਹਾਦੁਰ ਸ਼ਾਸਤਰੀ ਬਣਨ ਦੀ ਤਾਕ ’ਚ ਹਨ ਪਰ ਉਹ ਆਪਣੀ ਕਥਨੀ ਅਤੇ ਕਰਨੀ ਨਾਲ ਖੁਦ ਨੂੰ ਲਾਲ ਬਹਾਦੁਰ ਨਹੀਂ, ਗਾਲ੍ਹ ਬਹਾਦੁਰ ਸਿੱਧ ਕਰ ਰਹੇ ਹਨ। ਉਹ ਆਪਣੀਆਂ ਪਾਰਟੀਆਂ ਦੇ ਵਰਕਰਾਂ ਨੂੰ ਸੇਵਾ ਕਾਰਜਾਂ ’ਚ ਕਿਉਂ ਨਹੀਂ ਭਿੜਾਉਂਦੇ? ਇਨ੍ਹਾਂ ਪਾਰਟੀਆਂ ਦੇ ਬੁਲਾਰੇ ਟੀ. ਵੀ. ਚੈਨਲਾਂ ’ਤੇ ਜਨਤਾ ਨੂੰ ਕੋਰੋਨਾ ਜੰਗ ਜਿੱਤਣ ਲਈ ਪ੍ਰੇਰਿਤ ਕਰਨ ਦੀ ਬਜਾਏ ਇਕ-ਦੂਸਰੇ ’ਤੇ ਹਮਲੇ ਕਰ ਰਹੇ ਹਨ। ਅੱਗੇ ਦੀ ਨਹੀਂ ਸੋਚ ਰਹੇ, ਬੇਹੀ ਕੜ੍ਹੀ ਉਬਾਲ ਰਹੇ ਹਨ।

Bharat Thapa

This news is Content Editor Bharat Thapa