ਕੋਰੋਨਾ ਦੀ ਦੂਸਰੀ ਲਹਿਰ : ਸਰਕਾਰ ਅਤੇ ਜਨਤਾ

04/12/2021 2:59:03 AM

ਵਿਨੀਤ ਨਾਰਾਇਣ

ਪਿਛਲੇ ਸਾਲ ਅਸੀਂ ਬੜੇ ਉਤਸ਼ਾਹ ਨਾਲ ਆਪਣੀ ਹਿੱਕ ਤਾਣ ਕੇ ਕਹਿ ਰਹੇ ਸੀ ਕਿ ਕੋਰੋਨਾ ਨੂੰ ਕਾਬੂ ਕਰਨ ’ਚ ਭਾਰਤ ਦੁਨੀਆ ’ਚ ਸਭ ਤੋਂ ਅੱਗੇ ਨਿਕਲ ਗਿਆ ਪਰ ਅੱਜ ਅਸੀਂ ਫਿਰ ਪੀੜਤ ਹਾਂ। ਕੋਰੋਨਾ ਨਾਲ ਲੜਨ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਆਪਣੇ-ਆਪਣੇ ਢੰਗ ਨਾਲ ਵੱਖ-ਵੱਖ ਕਦਮ ਚੁੱਕ ਰਹੀਅਾਂ ਹਨ।

ਜਿਥੇ ਅਸਾਮ, ਬੰਗਾਲ ਅਤੇ ਕੇਰਲ ਵਰਗੇ ਚੋਣਾਂ ਵਾਲੇ ਸੂਬਿਅਾਂ ’ਚ ਕੋਈ ਪਾਬੰਦੀ ਨਹੀਂ ਹੈ, ਉਥੇ ਦੂਸਰੇ ਕਈ ਸੂਬਿਅਾਂ ’ਚ ਮਾਸਕ ਨਾ ਪਹਿਨਣ ’ਤੇ ਪੁਲਸ ਕੁੱਟਮਾਰ ਵੀ ਕਰ ਰਹੀ ਹੈ ਅਤੇ ਚਲਾਨ ਵੀ। ਇਹ ਗੱਲ ਲੋਕਾਂ ਦੀ ਸਮਝ ’ਚ ਨਹੀਂ ਆ ਰਹੀ ਹੈ ਕਿ ਜਿਹੜੇ ਸੂਬਿਅਾਂ ’ਚ ਚੋਣਾਂ ਹੁੰਦੀਅਾਂ ਹਨ, ਉਥੇ ਵੜਨ ਤੋਂ ਕੋਰੋਨਾ ਕਿਉਂ ਡਰਦਾ ਹੈ? ਇਸ ਦਾ ਜਵਾਬ ਨਾ ਤਾਂ ਕਿਸੇ ਸਰਕਾਰ ਦੇ ਕੋਲ ਅਤੇ ਨਾ ਹੀ ਕਿਸੇ ਵਿਗਿਆਨੀ ਦੇ ਕੋਲ ਹੈ।

ਜਿਸ ਤਰ੍ਹਾਂ ਕੁਝ ਸੂਬਿਅਾਂ ’ਚ ਕੋਰੋਨਾ ਦੀ ਰੋਕਥਾਮ ਲਈ ਰਾਤ ਦਾ ਕਰਫਿਊ ਲਗਾਇਆ ਗਿਆ ਹੈ, ਉਸ ਨਾਲ ਲੋਕਾਂ ਨੂੰ ਡਰ ਸਤਾ ਰਿਹਾ ਹੈ ਕਿ ਕਿਤੇ ਚੋਣਾਂ ਤੋਂ ਬਾਅਦ ਫਿਰ ਤੋਂ ਲਾਕਡਾਊਨ ਨਾ ਲਗਾ ਦਿੱਤਾ ਜਾਵੇ।

ਪਿਛਲੇ ਲਾਕਡਾਊਨ ਦਾ ਉਦਯੋਗ ਅਤੇ ਵਪਾਰ ’ਤੇ ਭਾਰੀ ਉਲਟ ਅਸਰ ਪਿਆ ਸੀ ਜਿਸ ਤੋਂ ਦੇਸ਼ ਦੀ ਅਰਥਵਿਵਸਥਾ ਅਜੇ ਉੱਭਰ ਨਹੀਂ ਸਕੀ ਹੈ। ਸਭ ਤੋਂ ਵੱਧ ਮਾਰ ਤਾਂ ਛੋਟੇ ਵਪਾਰੀਅਾਂ ਅਤੇ ਮਜ਼ਦੂਰਾਂ ਨੇ ਝੱਲੀ ਹੈ। ਇਸ ਲਈ ਅੱਜ ਕੋਈ ਵੀ ਲਾਕਡਾਊਨ ਦੇ ਪੱਖ ’ਚ ਨਹੀਂ ਹੈ।

ਛੋਟੇ ਵਪਾਰੀ ਦੀ ਤਾਂ ਸਮਝ ’ਚ ਆਉਂਦੀ ਹੈ ਪਰ ਉਦਯੋਗਪਤੀ ਅਨਿਲ ਅੰਬਾਨੀ ਦੇ ਬੇਟੇ ਅਨਮੋਲ ਅੰਬਾਨੀ ਤਕ ਨੇ ਟਵੀਟ ਦੀ ਇਕ ਲੜੀ ਪੋਸਟ ਕਰ ਕੇ ਪੁੱਛਿਆ ਹੈ ਕਿ, ‘ਜਦੋਂ ਫਿਲਮ ਅਭਿਨੇਤਾ ਸ਼ੂਟਿੰਗ ਕਰ ਸਕਦੇ ਹਨ, ਕ੍ਰਿਕਟਰ ਦੇਰ ਰਾਤ ਤਕ ਕ੍ਰਿਕਟ ਖੇਡ ਸਕਦੇ ਹਨ, ਨੇਤਾ ਲੋਕਾਂ ਦੇ ਭਾਰੀ ਇਕੱਠ ਨਾਲ ਰੈਲੀਅਾਂ ਕਰ ਸਕਦੇ ਹਨ, ਤਾਂ ਵਪਾਰ ’ਤੇ ਹੀ ਰੋਕ ਕਿਉਂ? ਹਰ ਕਿਸੇ ਦਾ ਕੰਮ ਉਨ੍ਹਾਂ ਲਈ ਮਹੱਤਵਪੂਰਨ ਹੈ।’

ਅਨਮੋਲ ਨੇ ਇਸ ਦੇ ਨਾਲ ਹੀ ਆਪਣੇ ਟਵੀਟ ’ਚ ਕੋਰੋਨਾ ਸ਼ਪੈਨਡੈਮਿਕਸ਼ ਦੇ ਪ੍ਰਸਾਰ ਨੂੰ ਰੋਕਣ ਲਈ ਲਗਾਏ ਜਾਣ ਵਾਲੇ ਲਾਕਡਾਊਨ ਨੂੰ ਸ਼ਸਕੈਮਡੈਮਿਕਸ਼ ਤਕ ਕਹਿ ਦਿੱਤਾ।

ਓਧਰ ਭਾਰਤ ਦੇ ਵਿਗਿਆਨੀਆਂ ਨੇ ਦਿਨ-ਰਾਤ ਖੋਜ ਅਤੇ ਸਖਤ ਮਿਹਨਤ ਤੋਂ ਬਾਅਦ ਕੋਰੋਨਾ ਦੀ ਵੈਕਸੀਨ ਬਣਾਈ ਹੈ ਪਰ ਬਹੁਤ ਘੱਟ ਲੋਕਾਂ ਨੂੰ ਇਹ ਪਤਾ ਹੈ ਕਿ ਕੋਰੋਨਾ ਮਹਾਮਾਰੀ ਨੂੰ ਵੈਕਸੀਨ ਦੀ ਢਾਲ ਦੇ ਕੇ ਭਾਰਤੀ ਕੰਪਨੀ ਭਾਰਤ ਬਾਇਓਟੈੱਕ ਵਲੋਂ ਤਿਅਾਰ ਕੀਤੀ ਕੋਰੋਨਾ ਦੀ ਵੈਕਸੀਨ ‘ਕੋਵੈਕਸੀਨ’ ਦੀ ਸਫਲਤਾ ਦੇ ਪਿੱਛੇ ਹੈਦਰਾਬਾਦ ਦੇ ਨੇੜੇ ‘ਜਿਨੋਮ ਵੈਲੀ’ ਦਾ ਹੱਥ ਹੈ। ‘ਜਿਨੋਮ ਵੈਲੀ’ ਅਸਲ ’ਚ ਇਕ ਜੀਵ ਵਿਗਿਆਨ ਦਾ ਖੋਜ ਕੇਂਦਰ ਹੈ।

ਇਸ ਸਮੇਂ ਇਹ ਦੁਨੀਆ ’ਚ ਤੀਸਰੇ ਦਰਜੇ ’ਤੇ ਹੈ, ਜਿਥੇ ਲੱਖਾਂ ਦੀ ਗਿਣਤੀ ’ਚ ਵੈਕਸੀਨ ਦੀ ਈਜਾਦ ਅਤੇ ਨਿਰਮਾਣ ਹੁੰਦਾ ਹੈ। 1996 ’ਚ ਜਦੋਂ ਇਕ ਪ੍ਰਵਾਸੀ ਭਾਰਤੀ ਵਿਗਿਆਨੀ ਡਾ. ਕ੍ਰਿਸ਼ਣਾ ਈਲਾ ਨੇ ਭਾਰਤ ਬਾਇਓਟੈੱਕ ਕੰਪਨੀ ਦੀ ਸਥਾਪਨਾ ‘ਜਿਨੋਮ ਵੈਲੀ’ ਵਿਚ ਕੀਤੀ ਸੀ ਤਾਂ ਉਨ੍ਹਾਂ ਨੇ ਇਸ ਗੱਲ ਦੀ ਜ਼ਰਾ ਵੀ ਕਲਪਨਾ ਨਹੀਂ ਕੀਤੀ ਹੋਵੇਗੀ ਕਿ ਇਕ ਦਿਨ ‘ਜਿਨੋਮ ਵੈਲੀ’ ਹੀ ਦੁਨੀਅਾ ਨੂੰ ਕੋਰੋਨਾ ਮਹਾਮਾਰੀ ਨਾਲ ਲੜਨ ਵਾਲੀ ਵੈਕਸੀਨ ਮੁਹੱਈਅਾ ਕਰੇਗੀ।

‘ਜਿਨੋਮ ਵੈਲੀ’ ਨੂੰ ਵਿਕਸਿਤ ਕਰਨ ’ਚ ਤੇਲੰਗਾਨਾ ਕਾਡਰ ਦੇ ਸੀਨੀਅਰ ਆਈ. ਏ. ਐੱਸ. ਅਧਿਕਾਰੀ ਬੀ. ਪੀ. ਆਚਾਰੀਆ ਅਤੇ ਉਨ੍ਹਾਂ ਦੀ ਟੀਮ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ, ਜਿਨ੍ਹਾਂ ਨੇ ਰਾਤ-ਦਿਨ ਇਕ ਕਰ ਕੇ ਇਸ ਕਾਮਯਾਬੀ ਨੂੰ ਹਾਸਲ ਕੀਤਾ ਹੈ।

ਅੱਜ ‘ਜਿਨੋਮ ਵੈਲੀ’ ਜੀਵ ਵਿਗਿਆਨ ਦਾ ਇਕ ਅਜਿਹਾ ਕੇਂਦਰ ਬਣ ਚੁੱਕੀ ਹੈ ਜਿਥੇ 300 ਤੋਂ ਵੱਧ ਦਵਾਈ ਕੰਪਨੀਅਾਂ ਹਨ, ਜੋ ਨਾ ਸਿਰਫ ਕੋਰੋਨਾ ਅਤੇ ਹੋਰ ਬੀਮਾਰੀਅਾਂ ਦੀ ਵੈਕਸੀਨ ਦਾ ਨਿਰਮਾਣ ਕਰ ਰਹੀਅਾਂ ਹਨ ਸਗੋਂ 20 ਹਜ਼ਾਰ ਤੋਂ ਵੱਧ ਲੋਕਾਂ ਨੂੰ ਰੋਜ਼ਗਾਰ ਵੀ ਦੇ ਰਹੀਆਂ ਹਨ।

ਇਹ ਦੇਸ਼ ਦੇ ਲਈ ਇਕ ਮਾਣ ਵਾਲੀ ਗੱਲ ਹੈ।

ਕਈ ਦਹਾਕੇ ਪਹਿਲਾਂ ਚੁੱਕੇ ਗਏ ਇਸ ਕਦਮ ਦੀ ਬਦੌਲਤ ਅੱਜ ਅਸੀਂ ਕੋਰੋਨਾ ਵਰਗੀ ਮਹਾਮਾਰੀ ਨਾਲ ਲੜਨ ’ਚ ਸਮਰੱਥ ਹੋਏ ਹਾਂ। ਇਹ ਡਾ. ਕ੍ਰਿਸ਼ਣਾ ਈਲਾ ਦੀ ਦੂਰਦਰਸ਼ਤਾ ਅਤੇ ਬੀ. ਪੀ. ਆਚਾਰੀਆ ਵਰਗੇ ਕਰਮਸ਼ੀਲ ਅਧਿਕਾਰੀਅਾਂ ਦੇ ਕਾਰਣ ਹੀ ਸੰਭਵ ਹੋਇਆ ਹੈ।

ਬਾਵਜੂਦ ਇਸ ਸਭ ਦੇ ਕੋਰੋਨਾ ਦੀ ਦੂਸਰੀ ਲਹਿਰ ਦੇ ਨਾਲ ਕੋਰੋਨਾ ਪੂਰੇ ਦਮ ਨਾਲ ਪਰਤ ਆਇਆ ਹੈ। ਕੁਝ ਹੀ ਮਹੀਨੇ ਪਹਿਲਾਂ ਜਦੋਂ ਇਸ ਦਾ ਅਸਰ ਘੱਟ ਹੁੰਦਾ ਦਿਸਿਅਾ ਤਾਂ ਲੋਕਾਂ ਨੇ ਇਸ ਵਿਸ਼ੇ ’ਚ ਸਾਵਧਾਨੀ ਵਰਤਣੀ ਘੱਟ ਕਰ ਦਿੱਤੀ ਸੀ।

ਓਧਰ ਦਿੱਲੀ ਹਾਈ ਕੋਰਟ ਦੇ ਇਕ ਫੈਸਲੇ ਨੇ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ। ਇਸ ਫੈਸਲੇ ਦੇ ਅਨੁਸਾਰ ਜੇਕਰ ਤੁਸੀਂ ਆਪਣੀ ਬੰਦ ਗੱਡੀ ’ਚ ਇਕੱਲੇ ਹੀ ਸਫਰ ਕਰ ਰਹੇ ਹੋ ਤਾਂ ਵੀ ਮਾਸਕ ਲਗਾਉਣਾ ਜ਼ਰੂਰੀ ਹੈ। ਇਹ ਗੱਲ ਸਮਝ ਤੋਂ ਪਰ੍ਹੇ ਹੈ, ਇਸ ਲਈ ਸੋਸ਼ਲ ਮੀਡੀਆ ’ਤੇ ਇਸ ਫੈਸਲੇ ਨੂੰ ਲੈ ਕੇ ਕਾਫੀ ਬਹਿਸ ਛਿੜ ਗਈ ਹੈ।

ਲੋਕ ਸਵਾਲ ਪੁੱਛ ਰਹੇ ਹਨ ਕਿ ਬੰਦ ਗੱਡੀ ’ਚ ਇਕੱਲੇ ਸਫਰ ਕਰਨ ਵਾਲੇ ਨੂੰ ਕੋਰੋਨਾ ਦੇ ਇਨਫੈਕਸ਼ਨ ਦਾ ਖਤਰਾ ਜ਼ਿਆਦਾ ਹੈ ਜਾਂ ਸਿਆਸੀ ਰੈਲੀਅਾਂ ਅਤੇ ਪ੍ਰੋਗਰਾਮਾਂ ’ਚ ਬਿਨਾਂ ਮਾਸਕ ਆਉਣ ਵਾਲੀ ਭੀੜ ਨੂੰ? ਓਧਰ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਥੇ ਕੁਝ ਅਧਿਕਾਰੀ ਇਕ ਦੁਕਾਨਦਾਰ ਨੂੰ ਠੀਕ ਢੰਗ ਨਾਲ ਮਾਸਕ ਨਾ ਪਹਿਨਣ ’ਤੇ ਧਮਕਾਉਂਦੇ ਹੋਏ ਨਜ਼ਰ ਆ ਰਹੇ ਹਨ।

ਤਸੱਲੀ ਵਾਲੀ ਗੱਲ ਇਹ ਹੈ ਕਿ ਕੋਰੋਨਾ ਦੀ ਦੂਸਰੀ ਲਹਿਰ ਭਾਰਤ ’ਚ ਉਦੋਂ ਆਈ ਹੈ ਜਦੋਂ ਸਾਡੇ ਕੋਲ ਇਸ ਨਾਲ ਲੜਨ ਲਈ ਵੈਕਸੀਨ ਦੇ ਰੂਪ ’ਚ ਇਕ ਨਹੀਂ ਸਗੋਂ ਦੋ-ਦੋ ਹਥਿਆਰ ਹਨ ਪਰ ਅਜੇ ਤਾਂ ਦੇਸ਼ ਦੇ ਕੁਝ ਹੀ ਲੋਕਾਂ ਨੂੰ ਵੈਕਸੀਨ ਮਿਲੀ ਹੈ। ਫਿਰ ਵੀ ਭਾਰਤ ਨੇ ਕੋਰੋਨਾ ਵੈਕਸੀਨ ਨੂੰ ਦੂਸਰੇ ਦੇਸ਼ਾਂ ’ਚ ਭੇਜ ਦਿੱਤਾ ਹੈ।

ਇਹ ਕੌਮਾਂਤਰੀ ਕੂਟਨੀਤੀ ਦੀ ਦ੍ਰਿਸ਼ਟੀ ਨਾਲ ਸ਼ਲਾਘਾਯੋਗ ਕਦਮ ਹੋ ਸਕਦਾ ਹੈ ਪਰ ਦੇਸ਼ਵਾਸੀਅਾਂ ਦੀ ਸਿਹਤ ਅਤੇ ਜ਼ਿੰਦਗੀ ਬਚਾਉਣ ਦੀ ਦ੍ਰਿਸ਼ਟੀ ਨਾਲ ਸਹੀ ਕਦਮ ਨਹੀਂ ਸੀ। ਸਰਕਾਰਾਂ ਨੂੰ ਵੈਕਸੀਨ ਲਗਾਉਣ ਦੀ ਮੁਹਿੰਮ ਨੂੰ ਹੋਰ ਤੇਜ਼ ਕਰਨਾ ਹੋਵੇਗਾ, ਜਿਸ ਨਾਲ ਇਸ ਮਹਾਮਾਰੀ ਦੇ ਕਹਿਰ ਤੋਂ ਬਚਿਆ ਜਾ ਸਕੇ।

Bharat Thapa

This news is Content Editor Bharat Thapa