ਕੋਰੋਨਾ : ਤਾਲਾਬੰਦੀ ਹੱਲ ਨਹੀਂ ਹੈ

04/22/2021 3:19:23 AM

ਡਾ. ਵੇਦਪ੍ਰਤਾਪ ਵੈਦਿਕ 

ਕੋਰੋਨਾ ਮਹਾਮਾਰੀ ਅੱਜਕਲ ਇੰਨਾ ਭਿਆਨਕ ਰੂਪ ਧਾਰਨ ਕਰਦੀ ਜਾ ਰਹੀ ਹੈ ਕਿ ਉਸ ਨੇ ਸਾਰੇ ਦੇਸ਼ ’ਚ ਦਹਿਸ਼ਤ ਦਾ ਮਾਹੌਲ ਖੜ੍ਹਾ ਕਰ ਦਿੱਤਾ ਹੈ। ਭਾਰਤ-ਪਾਕਿਸਤਾਨ ਜੰਗਾਂ ਦੇ ਸਮੇਂ ਵੀ ਇੰਨਾ ਡਰ ਪੈਦਾ ਨਹੀਂ ਹੋਇਆ ਸੀ, ਜਿਵੇਂ ਕਿ ਅੱਜਕੱਲ ਹੋ ਰਿਹਾ ਹੈ। ਪ੍ਰਧਾਨ ਮੰਤਰੀ ਨੂੰ ਰਾਸ਼ਟਰ ਦੇ ਨਾਂ ਸੰਬੋਧਨ ਕਰਨਾ ਪੈ ਰਿਹਾ ਹੈ। ਉਨ੍ਹਾਂ ਨੂੰ ਦੱਸਣਾ ਪਿਆ ਹੈ ਕਿ ਸਰਕਾਰ ਇਸ ਮਹਾਮਾਰੀ ਨਾਲ ਲੜਨ ਲਈ ਕੀ-ਕੀ ਕਰ ਰਹੀ ਹੈ।

ਆਕਸੀਜਨ, ਇੰਜੈਕਸ਼ਨ, ਬੈੱਡਾਂ ਅਤੇ ਦਵਾਈਆਂ ਦੀ ਘਾਟ ਨੂੰ ਕਿਵੇਂ ਦੂਰ ਕੀਤਾ ਜਾਵੇਗਾ। ਵਿਰੋਧੀ ਨੇਤਾਵਾਂ ਨੇ ਸਰਕਾਰ ’ਤੇ ਲਾਪ੍ਰਵਾਹੀ ਅਤੇ ਬੇਫਿਕਰੀ ਦੇ ਦੋਸ਼ ਲਾਏ ਹਨ ਪਰ ਉਨ੍ਹਾਂ ਹੀ ਨੇਤਾਵਾਂ ਨੂੰ ਕੋਰੋਨਾ ਨੇ ਦਬੋਚ ਲਿਆ ਹੈ। ਕੋਰੋਨਾ ਕਿਸੇ ਵੀ ਜਾਤੀ, ਹੈਸੀਅਤ, ਮਜ਼੍ਹਬ, ਸੂਬਾ ਆਦਿ ਦਾ ਵਿਤਕਰਾ ਨਹੀਂ ਕਰ ਰਿਹਾ। ਸਾਰੇ ਟੀਕੇ ਲਈ ਭੱਜੇ ਜਾ ਰਹੇ ਹਨ।

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਫੌਜ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਪੀੜਤ ਲੋਕਾਂ ਦੀ ਮਦਦ ਕਰੇ ਪਰ ਇਥੇ ਵੱਡਾ ਸਵਾਲ ਇਹ ਹੈ ਕਿ ਰੋਜ਼ਾਨਾ ਲੱਖਾਂ ਨਵੇਂ ਲੋਕਾਂ ਵਿਚ ਇਹ ਮਹਾਮਾਰੀ ਕਿਉਂ ਫੈਲ ਰਹੀ ਹੈ ਅਤੇ ਇਸ ਦਾ ਮੁਕਾਬਲਾ ਕਿਵੇਂ ਕੀਤਾ ਜਾਵੇ? ਇਸ ਦਾ ਸਿੱਧਾ ਜਿਹਾ ਜਵਾਬ ਇਹ ਹੈ ਕਿ ਲੋਕਾਂ ’ਚ ਲਾਪ੍ਰਵਾਹੀ ਬਹੁਤ ਵਧ ਗਈ ਸੀ।

ਦਿੱਲੀ, ਮੁੰਬਈ, ਕੋਲਕਾਤਾ ਅਤੇ ਪੁਣੇ ਵਰਗੇ ਸ਼ਹਿਰਾਂ ਨੂੰ ਛੱਡ ਦੇਈਏ ਤਾਂ ਛੋਟੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ’ਚ ਤੁਹਾਨੂੰ ਲੋਕ ਬਿਨਾਂ ਮਾਸਕ ਘੁੰਮਦੇ ਮਿਲ ਜਾਣਗੇ। ਵਿਆਹਾਂ, ਸ਼ੋਕ ਸਭਾਵਾਂ ਅਤੇ ਸੰਮੇਲਨਾਂ ’ਚ ਕਾਫੀ ਭੀੜ ਤੁਸੀਂ ਦੇਖਦੇ ਰਹੇ ਹੋ। ਬਾਜ਼ਾਰਾਂ ’ਚ ਲੋਕ ਇਕ ਦੂਸਰੇ ਨਾਲ ਖਹਿ ਕੇ ਚੱਲਦੇ ਰਹੇ ਹਨ।

ਇਥੋਂ ਤੱਕ ਕਿ ਰੇਲਾਂ ਅਤੇ ਬੱਸਾਂ ’ਚ ਵੀ ਸਰੀਰਕ ਦੂਰੀ ਬਣਾਈ ਰੱਖਣ ਅਤੇ ਮਾਸਕ ਪਹਿਨੀ ਰੱਖਣ ’ਚ ਲੋਕ ਲਾਪ੍ਰਵਾਹੀ ਵਰਤਦੇ ਰਹੇ ਹਨ ਤਾਂ ਕੋਰੋਨਾ ਕਿਉਂ ਨਹੀਂ ਫੈਲੇਗਾ? ਸ਼ਹਿਰਾਂ ਤੋਂ ਪਿੰਡਾਂ ਵੱਲ ਭੱਜਣ ਵਾਲੇ ਲੋਕ ਆਪਣੇ ਨਾਲ ਕੋਰੋਨਾ ਦੇ ਕੀਟਾਣੂ ਵੀ ਲਿਜਾ ਰਹੇ ਹਨ। ਅਜਿਹੇ ’ਚ ਲੱਖਾਂ ਲੋਕਾਂ ਲਈ ਹਸਪਤਾਲਾਂ ’ਚ ਰੋਜ਼ਾਨਾ ਜਗ੍ਹਾ ਕਿਵੇਂ ਮਿਲ ਸਕਦੀ ਹੈ। ਸਰਕਾਰ ਨੇ ਢਿੱਲ ਜ਼ਰੂਰ ਕੀਤੀ ਹੈ।

ਉਸ ਨੂੰ ਅੰਦਾਜ਼ਾ ਹੀ ਨਹੀਂ ਸੀ ਕਿ ਕੋੋਰੋਨਾ ਦਾ ਦੂਜਾ ਹਮਲਾ ਇੰਨਾ ਭਿਆਨਕ ਵੀ ਹੋ ਸਕਦਾ ਹੈ। ਉਹ ਜੀਅ-ਤੋੜ ਕੋਸ਼ਿਸ਼ ਕਰ ਰਹੀ ਹੈ ਕਿ ਉਹ ਇਸ ਨਵੇਂ ਹਮਲੇ ਦਾ ਮੁਕਾਬਲਾ ਕਰ ਸਕੇ। ਕੁਝ ਸੂਬਾ ਸਰਕਾਰਾਂ ਦੁਬਾਰਾ ਤਾਲਾਬੰਦੀ ਦਾ ਐਲਾਨ ਕਰ ਰਹੀਆਂ ਹਨ ਅਤੇ ਕੁਝ ਰਾਤ ਦਾ ਕਰਫਿਊ ਲਗਾ ਰਹੀਆਂ ਹਨ। ਉਹ ਡਰ ਗਈਆਂ ਹਨ।

ਉਨ੍ਹਾਂ ਦੇ ਇਰਾਦੇ ਨੇਕ ਹਨ ਪਰ ਕੀ ਉਹ ਨਹੀਂ ਜਾਣਦੇ ਕਿ ਉਹ ਬੇਰੋਜ਼ਗਾਰ ਲੋਕ ਭੁੱਖੇ ਮਰ ਜਾਣਗੇ, ਅਰਥ-ਵਿਵਸਥਾ ਠੱਪ ਹੋ ਜਾਵੇਗੀ ਅਤੇ ਸੰਕਟ ਦੁੱਗਣਾ ਹੋ ਜਾਵੇਗਾ? ਸੁਪਰੀਮ ਕੋਰਟ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਾਲਾਬੰਦੀ ਨੂੰ ਬੇਲੋੜਾ ਦੱਸ ਕੇ ਠੀਕ ਹੀ ਕੀਤਾ ਹੈ।

ਹੁਣ ਤਾਂ ਸਭ ਤੋਂ ਜ਼ਰੂਰੀ ਇਹ ਹੈ ਕਿ ਲੋਕ ਮਾਸਕ ਪਹਿਨੀ ਰੱਖਣ, ਸਰੀਰਕ ਦੂਰੀ ਬਣਾਈ ਰੱਖਣ ਅਤੇ ਆਪਣੇ ਸਾਰੇ ਨਿੱਤ ਦੇ ਕੰਮ ਕਰਦੇ ਰਹਿਣ। ਜ਼ਰੂਰੀ ਇਹ ਹੈ ਕਿ ਲੋਕ ਡਰਨ ਨਾ। ਕੋਰੋਨਾ ਉਨ੍ਹਾਂ ਨੂੰ ਹੋਇਆ ਹੈ, ਜੋ ਉਕਤ ਸਾਵਧਾਨੀਆਂ ਨਹੀਂ ਰੱਖ ਸਕੇ ਹਨ।

Bharat Thapa

This news is Content Editor Bharat Thapa