ਸੇਵਾ ਕਾਰਜਾਂ ਦਾ ਨਿਰੰਤਰ ਵਹਿੰਦਾ ਦਰਿਆ ''ਨਿਸ਼ਕਾਮ''

12/05/2016 10:00:39 AM

 ਇਸ ਸੰਸਾਰ ''ਚ ਜੇ ਦਰਦ ਦੇਣ ਵਾਲੇ ਲੋਕ ਬੇਸ਼ੁਮਾਰ ਹਨ ਤਾਂ ਉਨ੍ਹਾਂ ਦਰਦਾਂ ਲਈ ਦਵਾ ਬਣਨ ਵਾਲੇ ਹੱਥਾਂ ਦੀ ਵੀ ਘਾਟ ਨਹੀਂ ਹੈ। ਕੁਝ ਅਜਿਹੇ ਸਿਦਕਵਾਨ, ਸਿਰੜੀ ਅਤੇ ਪਰਉਪਕਾਰੀ ਲੋਕ ਹਨ, ਜਿਹੜੇ ਹਰ ਵੇਲੇ ਪੀੜਤ ਲੋਕਾਂ ਦਾ ਦੁੱਖ-ਦਰਦ ਵੰਡਾਉਣ ਲਈ ਤਿਆਰ ਰਹਿੰਦੇ ਹਨ। ਅਜਿਹੇ ਹੀ ਇਕ ਉੱਦਮੀ ਅਤੇ ਸੇਵਾ ਕਾਰਜਾਂ ਨੂੰ ਪਰਣਾਏ ਹੋਏ ਸ਼ਖਸ ਹਨ ਸ. ਹਰਭਜਨ ਸਿੰਘ, ਜਿਨ੍ਹਾਂ ਨੇ ਇਸ ਮਕਸਦ ਲਈ ''ਨਿਸ਼ਕਾਮ'' ਨਾਂ ਦੀ ਸੰਸਥਾ ਦੀ ਸਥਾਪਨਾ ਕੀਤੀ ਹੈ। ਇਹ ਸੰਸਥਾ ਗੁਰਬਾਣੀ ''ਚ ਦਰਸਾਏ ਸੇਵਾ ਦੇ ਮਾਰਗ ''ਤੇ ਚੱਲਣ ਲਈ ਨਾ ਸਿਰਫ ਯਤਨਸ਼ੀਲ ਹੈ ਸਗੋਂ ਇਸ ਖੇਤਰ ''ਚ ਵੱਡਾ ਨਾਮਣਾ ਖੱਟ ਰਹੀ ਹੈ। ਸਾਲ 1984 ''ਚ ਦਿੱਲੀ ''ਚ ਵਾਪਰੇ ਦੰਗਿਆਂ ਦੌਰਾਨ ਪੀੜਤ ਪਰਿਵਾਰਾਂ ਦੀ ਸਹਾਇਤਾ ਕਰਨ ਵਾਲੀ ਇਹ ਸੰਸਥਾ ਹੁਣ ਵੱਖ-ਵੱਖ ਖੇਤਰਾਂ ''ਚ ਸੇਵਾ ਕਾਰਜਾਂ ਲਈ ਲੰਮੀਆਂ ਪੁਲਾਂਘਾਂ ਪੁੱਟ ਰਹੀ ਹੈ। ਇਹ ਸੰਸਥਾ ''ਸਰਬੱਤ ਦਾ ਭਲਾ'' ਦੇ ਸਿੱਖੀ ਸਿਧਾਂਤ ਦੇ ਪੂਰਣਿਆਂ ''ਤੇ ਤੁਰਦੀ ਹੋਈ ਬਿਨਾਂ ਕਿਸੇ ਭੇਦਭਾਵ ਦੇ ਸਭ ਵਰਗਾਂ ਅਤੇ ਫਿਰਕਿਆਂ ਦੇ ਪੀੜਤਾਂ ਦੀ ਮਦਦ ਲਈ ਬਹੁੜਦੀ ਹੈ। 

ਨਵੰਬਰ 2016 ''ਚ ''ਨਿਸ਼ਕਾਮ'' ਨੇ ਆਪਣੀ ਉਮਰ ਦੇ 30 ਵਰ੍ਹੇ ਪੂਰੇ ਕਰ ਲਏ ਹਨ। ਇਸ ਸੰਸਥਾ ਦੇ ਮੁਖੀ ਸ.ਹਰਭਜਨ ਸਿੰਘ ਦਾ ਕਹਿਣਾ ਹੈ ਕਿ ਸੰਸਥਾ ਵਲੋਂ ਨਾ ਸਿਰਫ ਲੋੜਵੰਦਾਂ ਦੀ ਮਾਲੀ ਮਦਦ ਕੀਤੀ ਜਾਂਦੀ ਹੈ ਸਗੋਂ ਆਰਥਿਕ ਤੌਰ ''ਤ ਪੱਛੜੇ ਹੋਏ ਅਤੇ ਬੇਹੱਦ ਕਮਜ਼ੋਰ ਅਤੇ ਰੋਜ਼ੀ-ਰੋਟੀ ਲਈ ਸੰਘਰਸ਼ ਕਰ ਰਹੇ ਲੋਕਾਂ ਦੀ ਮਦਦ ਕਰਨਾ, ਵਿਦਿਆ ਦੇ ਖੇਤਰ ''ਚ ਵਜੀਫੇ ਵੰਡਣਾਂ, ਵਿਧਵਾ ਔਰਤਾਂ ਦੀ ਸਹਾਇਤਾ ਕਰਨਾ ਸੰਸਥਾ ਦੇ ਪਰਮ ਕਾਰਜ ਹਨ। ਸੰਸਥਾ ਬਿਨਾਂ ਕਿਸੇ ਖਾਹਿਸ਼ ਜਾਂ ਲਾਲਚ ਦੇ ਪੂਰੀ ਤਰ੍ਹਾਂ ਨਿਰਪੱਖਤਾ, ਨਿਮਰਤਾ, ਦਿਆਨਤਦਾਰੀ ਅਤੇ ਤਿਆਗ ਦੀ ਭਾਵਨਾ ਨਾਲ ਕੰਮ ਕਰਨ ''ਚ ਯਕੀਨ ਰੱਖਦੀ ਹੈ। ਇਹੋ ਹੀ ਹੈ ਗੁਰਬਾਣੀ ''ਚ ਦਰਸਾਇਆ ਗਿਆ ਮਾਰਗ। ਲੋੜਵੰਦਾਂ ਦੀ ਸਹਾਇਤਾ ਹਰ ਖੇਤਰ ''ਚ ਕੀਤੀ ਜਾਂਦੀ ਹੈ ਅਤੇ ਅਜਿਹੇ ਯਤਨਾਂ ਅਧੀਨ ਸੰਸਥਾ ਦੇ ਮੁੱਖ ਦਫਤਰ ਵਿਖੇ ਸਿਲਾਈ, ਬੁਢਾਪਾ ਸਹਾਇਤਾ ਅਤੇ ਹੋਰ ਵਿਕਾਸਮਈ ਕਾਰਜਾਂ ਲਈ ਵੱਡੇ ਉਪਰਾਲੇ ਕੀਤੇ ਜਾਂਦੇ ਹਨ। 
ਸੰਸਥਾ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਆਰਥਿਕ ਪੱਖੋਂ ਕਮਜ਼ੋਰ ਵਿਦਿਆਰਥੀਆਂ, ਅਨਾਥ ਬੱਚਿਆਂ ਅਤੇ ਲੋੜਵੰਦਾਂ ਦੀ ਸਹਾਇਤਾ ਲਈ ਬਹੁਤ ਸਾਰੇ ਸ਼ਹਿਰਾਂ ਅਤੇ ਕਸਬਿਆਂ ''ਚ ''ਨਿਸ਼ਕਾਮ'' ਯਤਨਸ਼ੀਲ ਹੈ। ਦਿੱਲੀ, ਉੱਤਰ ਪ੍ਰਦੇਸ਼, ਕਰਨਾਟਕ , ਰਾਜਸਥਾਨ ਅਤੇ ਪੰਜਾਬ ''ਚ ਅਨਾਥ ਬੱਚਿਆਂ ਅਤੇ ਬਜ਼ੁਰਗਾਂ ਲਈ ਵਿਸ਼ੇਸ਼ ਘਰ ਬਣਾਏ ਗਏ ਹਨ। ਦਿੱਲੀ ''ਚ ''ਨਿਸ਼ਕਾਮ'' ਮੈਡੀਕਲ ਸੈਂਟਰ, ਯਮੁਨਾ ਨਗਰ ਵਿਖੇ ਹੈਲਥ ਕੇਅਰ ਕਲੀਨਿਕ, ਲੈਬਾਰਟਰੀ, ਕੰਪਿਊਟਰ ਸੈਂਟਰ ਆਦਿ ਚਲਾਏ ਜਾ ਰਹੇ ਹਨ। ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਵੀ ਇਕ ਕੰਪਿਊਟਰ ਸੈਂਟਰ ਕਾਇਮ ਕੀਤਾ ਗਿਆ ਹੈ, ਜਿੱਥੇ ਹਰ ਸਾਲ 200 ਤੋਂ ਵਧ ਵਿਦਿਆਰਥੀ ਲਾਭ ਉਠਾਉਂਦੇ ਹਨ।
''ਨਿਸ਼ਕਾਮ'' ਦੇ ਸੇਵਾਦਾਰਾਂ ''ਚ ਹਰ ਵਰਗ ਨਾਲ ਸੰਬੰਧਤ ਲੋਕ ਸ਼ਾਮਲ ਹਨ, ਜਿਨ੍ਹਾਂ ''ਚ ਡਾਕਟਰ, ਵਕੀਲ, ਵਪਾਰੀ, ਇੰਜੀਨੀਅਰ ਅਤੇ ਰਿਟਾਇਰਡ ਅਫਸਰ ਵੀ ਸ਼ਾਮਲ ਹਨ। ਸੰਸਥਾ ਨੇ ਰਾਜਸਥਾਨ ਦੇ ਉਦੈਪੁਰ ''ਚ 33 ਪੱਕੇ ਘਰਾਂ ਦਾ ਨਿਰਮਾਣ ਲੋੜਵੰਦਾਂ ਲਈ ਕੀਤਾ ਹੈ। ਸਿਕਲੀਗਰਾਂ, ਵਣਜਾਰਿਆਂ ਅਤੇ ਲੁਬਾਣਾ ਬਰਾਦਰੀ ਦੇ ਲੋਕਾਂ ਲਈ ਕਈ ਸੇਵਾ ਪ੍ਰਾਜੈਕਟ ਚੱਲ ਰਹੇ ਹਨ। ਸੰਸਥਾ ਦੇ ਯਤਨਾਂ ਅਧੀਨ ਸਿਕਲੀਗਰਾਂ ਦੇ ਸੈਕੜੇ ਬੱਚਿਆਂ ਨੂੰ ਵਿਦਿਆ ਪ੍ਰਦਾਨ ਕੀਤੀ ਜਾ ਰਹੀ ਹੈ। ਬੰਗਲੂਰੁ ''ਚ ਔਰਤਾਂ ਲਈ ਕਟਿੰਗ ਅਤੇ ਟੇਲਰਿੰਗ ਸੈਂਟਰ ਚਲਾਇਆ ਜਾ ਰਿਹਾ ਹੈ। ''ਨਿਸ਼ਕਾਮ'' ਨੇ ਕੁਦਰਤੀ ਆਫਤਾਂ ਦੇ ਮੌਕੇ ਵੀ ਅੱਗੇ ਵਧ ਕੇ ਪੀੜਤ ਪਰਿਵਾਰਾਂ ਦੀ ਬਾਂਹ ਫੜੀ ਹੈ। ਹੜ੍ਹ ਪੀੜਤਾਂ, ਭੂਚਾਲ ਪੀੜਤਾਂ ਦੀ ਵੱਡੀ ਸਹਾਇਤਾ ਕੀਤੀ ਗਈ। ਬਹੁਤ ਸਾਰੀਆਂ ਸਹਿਯੋਗੀ ਸੰਸਥਾਵਾਂ ''ਨਿਸ਼ਕਾਮ'' ਨਾਲ ਜੁੜ ਕੇ  ਮਾਨਵਤਾ ਦਾ ਦਰਦ ਵੰਡਾਉਣ ਲਈ ਯਤਨਸ਼ੀਲ ਹਨ। ਇਨ੍ਹਾਂ ''ਚ ਸਿੱਖ ਹਿਊਮੈਨ ਡਿਵੈਲਪਮੈਂਟ ਫਾਊਂਡੇਸ਼ਨ, ਰਲਿਫ ਕਮੇਟੀ ਨਿਊਯਾਰਕ, ਕਰਨਾਟਕਾ ਸਿੱਖ ਵੈਲਫੇਅਰ ਸੋਸਾਇਟੀ ਬੰਗਲੂਰੂ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ''ਨਿਸ਼ਕਾਮ'' ਸਿੱਖ ਵੈਲਫੇਅਰ ਆਰਗੇਨਾਈਜ਼ੇਸ਼ਨ ਕੈਨੇਡਾ, ਗੁਰੂ ਨਾਨਕ ਗਰਲਜ਼ ਸਕਾਲਰਸ਼ਿਪ ਫਾਊਡੇਸ਼ਨ ਗਾਜ਼ੀਆਬਾਦ ਅਤੇ ''ਨਿਸ਼ਕਾਮ'' ਸਿੱਖ ਆਰਗਨਾਈਜ਼ੇਸ਼ਨ ਅਮਰੀਕਾ ਦੇ ਨਾਂ ਜ਼ਿਕਰਯੋਗ ਹਨ। ਸ. ਹਰਭਜਨ ਸਿੰਘ ਨੇ ਕਿਹਾ ਕਿ ਉਹ ਸੇਵਾ ਦੇ ਇਸ ਕਾਰਜ ਨੂੰ ਦੇਸ਼ ਦੇ ਕੋਨੇ-ਕੋਨੇ ਤੱਕ ਪਹੁੰਚਾਉਣਾ ਚਾਹੁੰਦੇ ਹਨ। ਕੁਲਦੀਪ ਸਿੰਘ ਦਿੱਲੀ