ਕਾਂਗਰਸ ਸੱਤਾ ਦਾ ਸੁਪਨਾ ਛੱਡੇ ਤਾਂ ਸੱਤਾ ਮਿਲੇ

09/08/2020 3:58:11 AM

ਵਿਜੈ ਵਿਦ੍ਰੋਹੀ

ਚੀਨ ਦੇ ਨਾਲ ਵਧਦੇ ਤਣਾਅ, ਮਾਈਨਸ ’ਚ ਜੀ. ਡੀ. ਪੀ. ਅਤੇ ਕੋਰੋਨਾ ਦੇ ਆਸਮਾਨ ਛੂੰਹਦੇ ਅੰਕੜਿਆਂ ਦਰਮਿਆਨ ਕਾਂਗਰਸ ’ਚ ਸੱਤਾ ਸੰਘਰਸ਼ ਦੀਆਂ ਖਬਰਾਂ ਕਿਤੇ ਪੁਰਾਣੀਆਂ ਪੈਣ ਲੱਗੀਆਂ ਹਨ। ਚਿੱਠੀ ਲਿਖਣ ਵਾਲੇ ਨੇਤਾ ਅਖਬਾਰਾਂ ’ਚ ਲੇਖ ਲਿਖ ਕੇ ਅਤੇ ਟੀ. ਵੀ. ਚੈਨਲਾਂ ’ਤੇ ਇੰਟਰਵਿਊ ਦੇਣ ਦੇ ਬਾਅਦ ਖਾਮੋਸ਼ ਹੋਣ ਲੱਗੇ ਹਨ। ਓਧਰ ਇਨ੍ਹਾਂ ਨੇਤਾਵਾਂ ਦੇ ਵਿਰੁੱਧ ਕੁਝ ਯੁਵਾ ਬ੍ਰਿਗੇਡ ਦੇ ਨੇਤਾ ਖੜ੍ਹੇ ਹੋ ਗਏ ਹਨ। ਬਾਗੀ ਨੇਤਾ ਵੀ ਹਰ ਗੱਲ ’ਤੇ ਸੋਨੀਆ ਗਾਂਧੀ, ਰਾਹੁਲ ਗਾਂਧੀ ਦੇ ਬਲੀਦਾਨ ਦਾ ਲੋਹਾ ਮੰਨਣ ਲੱਗੇ ਹਨ, ਤਾਂ ਕੀ ਮੰਨਿਆ ਜਾਵੇ ਕਿ ਕਾਂਗਰਸ ’ਚ ਸਭ ਕੁਝ ਪੁਰਾਣੇ ਢੰਗ ਨਾਲ ਹੀ ਚਲਦਾ ਰਹੇਗਾ, ਜਿਵੇਂ ਕਿ ਪਹਿਲਾਂ ਚੱਲ ਰਿਹਾ ਸੀ। ਗਾਂਧੀ-ਨਹਿਰੂ ਪਰਿਵਾਰ ’ਚੋਂ ਕੋਈ ਪ੍ਰਧਾਨ ਨਹੀਂ ਬਣੇਗਾ ਪਰ ਕਿਸੇ ਦੂਸਰੇ ਦੀ ਤਾਜਪੋਸ਼ੀ ਵੀ ਨਹੀਂ ਕੀਤੀ ਜਾਵੇਗੀ।

ਬਲਾਕ ਪੱਧਰ ਤੋਂ ਲੈ ਕੇ ਪ੍ਰਧਾਨਗੀ ਦੇ ਅਹੁਦੇ ਤੱਕ ਲਈ ਚੋਣਾਂ ਉਸ ਰੂਪ ’ਚ ਨਹੀਂ ਹੋਣਗੀਅਾਂ ਜਿਵੇਂ ਕਿ ਸਿਫਾਰਿਸ਼ ਕੀਤੀ ਗਈ ਸੀ। ਇੰਨਾ ਸਭ ਹੋ ਗਿਆ ਪਾਰਟੀ ’ਚ ਪਰ ਮੋਦੀ ਸਰਕਾਰ ਦਾ ਵਿਰੋਧ ਟਵਿਟਰ ’ਤੇ ਹੀ ਦਿਸ ਰਿਹਾ ਹੈ। ਕਾਂਗਰਸ ਨੂੰ ਸਬਕ ਸਿੱਖਣਾ ਚਾਹੀਦਾ ਹੈ ਉਨ੍ਹਾਂ ਬੇਰੋਜ਼ਗਾਰਾਂ ਨੌਜਵਾਨਾਂ ਤੋਂ, ਜਿਨ੍ਹਾਂ ਨੇ ਨੌਕਰੀਆਂ ਅਤੇ ਪ੍ਰੀਖਿਆ ਦੇ ਨਤੀਜੇ ਨੂੰ ਲੈ ਕੇ 5 ਸਤੰਬਰ ਨੂੰ ਦੇਸ਼ ਭਰ ’ਚ ਤਾੜੀ-ਥਾਲੀ ਵਜਵਾ ਦਿੱਤੀ, ਉਸ ਨੂੰ ਟਰੈਂਡ ਕਰਾ ਦਿੱਤਾ, ਇਕ ਮੁੱਦਾ ਬਣਾ ਦਿੱਤਾ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੇ ਮਨ ਦੀ ਗੱਲ ਦੇ ਪੰਜ ਲੱਖ ਤੋਂ ਵੱਧ ਡਿਸਲਾਈਕ ਹੋਏ ਜੋ ਸਾਫ ਇਸ਼ਾਰਾ ਕਰਦੇ ਹਨ ਕਿ ਭਾਜਪਾ ਨੂੰ ਉਸ ਦੇ ਹੀ ਹਥਿਆਰ ਨਾਲ ਕੋਈ ਘੇਰਨਾ ਚਾਹੇ ਤਾਂ ਅਜਿਹਾ ਕਰ ਸਕਦਾ ਹੈ ਪਰ ਸਵਾਲ ਉੱਠਦਾ ਹੈ ਕਿ ਕਾਂਗਰਸ ਵਰਗੀ ਪਾਰਟੀ ਅਜਿਹਾ ਕਿਉਂ ਨਹੀਂ ਕਰ ਰਹੀ।

ਗਾਲਿਬ ਦੇ ਦੋ ਸ਼ੇਅਰ ਯਾਦ ਆ ਰਹੇ ਹਨ, ‘ਥੀ ਖਬਰ ਗਰਮ ਕਿ ਗਾਲਿਬ ਕੇ ਉਡੇਂਗੇ ਪਰਖੱਚੇ, ਦੇਖਨੇ ਹਮ ਭੀ ਗਏ ਲੇਕਿਨ ਤਮਾਸ਼ਾ ਨਾ ਹੂਆ।’ ਇਕ ਹੋਰ ਸ਼ੇਅਰ ਹੈ, ‘...ਜਮਾ ਕਰਤੇ ਹੋ ਕਿਉਂ ਰਕੀਬੋਂ ਕੋ, ਏਕ ਤਮਾਸ਼ਾ ਹੂਆ ਗਿਲਾ ਨਾ ਹੂਆ।’ ਸੀ. ਡਬਲਿਊ. ਸੀ. ਦੀ ਬੈਠਕ ’ਚ ਤਮਾਸ਼ਾ ਹੋਇਆ ਜਾਂ ਗਿਲੇ-ਸ਼ਿਕਵੇ ਦੂਰ ਕੀਤੇ ਗਏ, ਕੁਝ ਵੀ ਤੈਅ ਨਹੀਂ ਹੈ। ਇਸ ਲਈ ਗਾਲਿਬ ਦੀ ਇਸੇ ਗਜ਼ਲ ਦਾ ਇਕ ਹੋਰ ਸ਼ੇਅਰ ਹੈ, ‘...ਨਾ ਮੈਂ ਅੱਛਾ ਹੂਆ ਬੁਰਾ ਨਾ ਹੂਆ।’ ਇਹੀ ਹਾਲਤ ਕਾਂਗਰਸ ਦੀ ਹੈ। ਕਾਂਗਰਸ ਬੁਰੇ ਦੌਰ ’ਚੋਂ ਲੰਘ ਰਹੀ ਹੈ ਅਤੇ ਸ਼ਾਇਦ ਚੰਗਾ ਹੋਣਾ ਚਾਹੁੰਦੀ ਹੀ ਨਹੀਂ ਹੈ।

ਗੁਲਾਮ ਨਬੀ ਆਜ਼ਾਦ ਦਾ ਕਹਿਣਾ ਹੈ ਕਿ ਕਾਂਗਰਸ ’ਚ ਚੋਣਾਂ ਨਾ ਹੋਈਆਂ ਤਾਂ 50 ਸਾਲ ਵਿਰੋਧੀ ਧਿਰ ’ਚ ਬੈਠਣਾ ਪਵੇਗਾ। ਅਜਿਹੀਆਂ ਖਰੀਆਂ-ਖਰੀਆਂ ਗੱਲਾਂ ਆਮ ਤੌਰ ’ਤੇ ਕਾਂਗਰਸ ਦੇ ਨੇਤਾ ਨਹੀਂ ਕਰਦੇ। ਗੁਲਾਮ ਨਬੀ ਜੇਕਰ ਖਤ ਲਿਖਣ ਦੇ ਬਾਅਦ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨਾਲ ਗੱਲਬਾਤ ਕਰਨ ਦੇ ਬਾਅਦ ਵੀ ਅਜਿਹਾ ਕਹਿ ਰਹੇ ਹਨ ਤਾਂ ਇਸ ਦੇ ਡੂੰਘੇ ਸਿਆਸੀ ਮਤਲਬ ਕੱਢੇ ਹੀ ਜਾਣੇ ਚਾਹੀਦੇ ਹਨ। ਆਜ਼ਾਦ ਕਹਿੰਦੇ ਹਨ ਕਿ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਚੋਣ ਹੋਵੇਗੀ ਤਾਂ ਜੋ ਵੀ ਚੁਣਿਆ ਜਾਵੇਗਾ ਉਸ ਨੂੰ ਚੁਣੇ ਜਾਣ ਦੇ ਬਾਅਦ ਪੰਜਾਹ ਫੀਸਦੀ ਤੋਂ ਵੱਧ ਦਾ ਸਮਰਥਨ ਮਿਲ ਜਾਵੇਗਾ, ਬੇਸ਼ੱਕ ਹੀ ਅੱਜ ਇਕ ਫੀਸਦੀ ਦਾ ਵੀ ਹਾਸਲ ਨਾ ਹੋਵੇ। ਸਪੱਸ਼ਟ ਹੈ ਕਿ ਉਨ੍ਹਾਂ ਦਾ ਇਸ਼ਾਰਾ ਇਹੀ ਹੈ ਕਿ ਗਾਂਧੀ-ਨਹਿਰੂ ਪਰਿਵਾਰ ਤੋਂ ਬਾਹਰ ਦਾ ਪ੍ਰਧਾਨ ਹੋਣਾ ਤੈਅ ਹੈ ਅਤੇ ਇਹ ਕੰਮ ਜਿੰਨੀ ਜਲਦੀ ਹੋ ਜਾਵੇ ਓਨਾ ਹੀ ਪਾਰਟੀ ਲਈ ਠੀਕ ਰਹੇਗਾ। ਸੁਣਿਆ ਹੈ ਕਿ ਰਾਹੁਲ ਗਾਂਧੀ ਨੇ ਗੁਲਾਮ ਨਬੀ ਅਾਜ਼ਾਦ ਨਾਲ ਗੱਲ ਕੀਤੀ ਹੈ ਅਤੇ ਉਨ੍ਹਾਂ ਨੂੰ ਚੋਣ ਲਈ ਭਰੋਸਾ ਦਿਵਾਇਆ ਹੈ। ਜੇਕਰ ਸੱਚੀ ਅਜਿਹਾ ਹੈ ਤਾਂ ਇਸ ਦਾ ਸਵਾਗਤ ਹੀ ਕੀਤਾ ਜਾਣਾ ਚਾਹੀਦਾ ਹੈ।

ਇਸ ਤੋਂ ਪਹਿਲਾਂ ਕਪਿਲ ਸਿੱਬਲ ਦਾ ਟਵੀਟ ਆਇਆ ਸੀ, ਜੋ ਕਾਂਗਰਸ ’ਚ ਬਗਾਵਤ ਦੀ ਕਹਾਣੀ ਨੂੰ ਹੋਰ ਅੱਗੇ ਲਿਜਾਂਦਾ ਹੈ। ਸਿੱਬਲ ਨੇ ਬਹੁਤ ਵੱਡੀ ਗੱਲ ਕੀਤੀ ਹੈ, ਜੇਕਰ ਇਸ ਨੂੰ ‘ਬਿਟਵੀਨ ਦਿ ਲਾਈਨਜ਼’ ਸਮਝਿਆ ਜਾਵੇ ਤਾਂ, ਕਹਿ ਰਹੇ ਹਨ ਕਿ ਅਹੁਦੇ ਤੋਂ ਵੱਡਾ ਦੇਸ਼ ਹੁੰਦਾ ਹੈ। ਕਿਤੇ ਨਾ ਕਿਤੇ ਉਹ ਸਾਫ ਤੌਰ ’ਤੇ ਸ਼ਾਇਦ ਕਹਿਣਾ ਚਾਹੁੰਦੇ ਹਨ ਕਿ ਨੇਤਾ ਤੋਂ ਵੱਡੀ ਪਾਰਟੀ ਜਾਂ ਇੰਝ ਕਿਹਾ ਜਾਵੇ ਕਿ ਅਹੁਦੇ ਤੋਂ ਵੱਡੀ ਪਾਰਟੀ ਹੁੰਦੀ ਹੈ, ਪਾਰਟੀ ਤੋਂ ਵੱਡਾ ਦੇਸ਼ ਹੁੰਦਾ ਹੈ। ਕਪਿਲ ਸਿੱਬਲ ਕਿਤੇ ਇਹ ਕਹਿਣਾ ਤਾਂ ਨਹੀਂ ਚਾਹ ਰਹੇ ਕਿ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਅਹੁਦੇ ਦੇ ਬਾਰੇ ’ਚ ਹੀ ਜ਼ਿਆਦਾ ਸੋਚ ਰਹੇ ਹਨ। ਆਖਿਰ 23 ਨੇਤਾਵਾਂ ਨੇ, ਆਪਣੇ ਹੀ ਨੇਤਾਵਾਂ ਨੇ, ਗਾਂਧੀ-ਨਹਿਰੂ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਲੜਨ ਵਾਲੇ ਨੇਤਾਵਾਂ ਨੇ ਅਜਿਹਾ ਕੀ ਕਹਿ ਦਿੱਤਾ ਕਿ ਦੋਵੇਂ ਦੁਖੀ ਹੋ ਗਏ। 2014 ਅਤੇ 2019 ’ਚ 50-55 ਸੀਟਾਂ ਆਉਣ ਤੋਂ ਬਾਅਦ ਦੋਵੇਂ ਦੁਖੀ ਨਹੀਂ ਹੋਏ। ਬਿਹਾਰ, ਯੂ. ਪੀ., ਅਾਸਾਮ, ਬੰਗਾਲ, ਤੇਲੰਗਾਨਾ, ਆਂਧਰਾ ਪ੍ਰਦੇਸ਼ ’ਚ ਹਾਰ ਤੋਂ ਬਾਅਦ ਦੋਵੇਂ ਦੁਖੀ ਨਹੀਂ ਹੋਏ। ਨੌਜਵਾਨ ਕਾਂਗਰਸ ਵਿਚੋਂ ਖਿਸਕ ਰਹੇ ਹਨ। ਇਹ ਖਬਰ ਸੁਣ ਕੇ ਦੋਵੇਂ ਦੁਖੀ ਨਹੀਂ ਹੋਏ, ਕਾਂਗਰਸ ਦੇ ਬੁਨਿਆਦੀ ਵੋਟ ਬੈਂਕ ਵਿਚ ਮੋਦੀ ਨੇ ਜ਼ਬਰਦਸਤ ਸੰਨ੍ਹ ਲਗਾਈ ਹੈ ਕਿ ਇਹ ਤੱਥ ਜਾਣ ਕੇ ਵੀ ਦੋਵੇਂ ਦੁਖੀ ਨਹੀਂ ਹੋਏ। ਅੱਜ ਹਾਲਤ ਇਹ ਹੈ ਕਿ ਯੂ. ਪੀ., ਬਿਹਾਰ, ਬੰਗਾਲ, ਓਡਿਸ਼ਾ, ਤੇਲੰਗਾਨਾ, ਆਂਧਰਾ ਪ੍ਰਦੇਸ਼, ਤਾਮਿਲਨਾਡੂ ਅਤੇ ਮਹਾਰਾਸ਼ਟਰ ’ਚ ਕਾਂਗਰਸ ਆਪਣੇ ਦਮ ’ਤੇ ਸੱਤਾ ’ਚ ਆ ਹੀ ਨਹੀਂ ਸਕਦੀ। ਇਹ ਕੌੜਾ ਸੱਚ ਜਾਣ ਕੇ ਵੀ ਦੋਵੇਂ ਦੁਖੀ ਨਹੀਂ ਹੋਏ।

ਪਰ 23 ਨੇਤਾਵਾਂ ਨੇ ਇਕ ਪੂਰੇ ਸਮੇਂ ਲਈ ਪ੍ਰਧਾਨ ਦੀ ਮੰਗ ਕਰ ਲਈ। ਇਕ ਐਕਟਿਵ ਅਤੇ ਸੜਕ ’ਤੇ ਮੌਜੂਦਗੀ ਸਾਬਤ ਕਰਨ ਵਾਲੇ ਪ੍ਰਧਾਨ ਦੀ ਫਰਿਆਦ ਕਰ ਲਈ। ਪਾਰਟੀ ਨੂੰ ਬਚਾਉਣ ਦੀ ਅਪੀਲ ਕਰ ਲਈ। ਕਾਂਗਰਸੀ ਪਾਰਲੀਮੈਂਟਰੀ ਬੋਰਡ ਦਾ ਗਠਨ ਕਰਨ ਦੀ ਪ੍ਰਾਰਥਨਾ ਕਰ ਦਿੱਤੀ, ਬੋਰਡ ’ਚ ਵੱਡੇ ਮਸਲਿਆਂ ’ਤੇ ਵੱਡੇ ਫੈਸਲੇ ਲੈਣ ਦੀ ਬੇਨਤੀ ਕਰ ਦਿੱਤੀ ਤਾਂ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੁਖੀ ਹੋ ਗਏ। 23 ਨੇਤਾਵਾਂ ਨੇ ਕਾਂਗਰਸ ਵਰਕਿੰਗ ਕਮੇਟੀ ਦੀਆਂ ਬੈਠਕਾਂ ਦਾ ਸੱਚ ਸਾਹਮਣੇ ਰੱਖ ਦਿੱਤਾ ਤਾਂ ਦੋਵੇਂ ਦੁਖੀ ਹੋ ਗਏ। 23 ਨੇਤਾਵਾਂ ਨੇ ਕਿਹਾ ਕਿ ਦੇਸ਼ ਜਦੋਂ ਸਭ ਤੋਂ ਬੁਰੇ ਦੌਰ ’ਚੋਂ ਲੰਘ ਰਿਹਾ ਹੈ ਅਤੇ ਅਜਿਹੇ ’ਚ ਵੀ ਕਾਂਗਰਸ ਨਹੀਂ ਜਾਗੀ ਤਾਂ ਦੇਸ਼ ਲਈ ਬੁਰਾ ਹੋਵੇਗਾ। ਇਸ ’ਚ ਦੁਖੀ ਹੋਣ ਦੀ ਕੀ ਗੱਲ ਹੈ। 23 ਨੇਤਾਵਾਂ ਨੇ ਕਿਹਾ ਕਿ ਅੱਜ ਬੇਰੋਜ਼ਗਾਰੀ ਸਿਖਰ ’ਤੇ ਹੈ, ਅਰਥਵਿਵਸਥਾ ਮਰਨੇ ਪਈ ਹੈ, ਡਰ ਅਤੇ ਅਸੁਰੱਖਿਆ ਦਾ ਮਾਹੌਲ ਹੈ, ਫੁੱਟ-ਪਾਊ ਤਾਕਤਾਂ ਦੇਸ਼ ਨੂੰ ਤੋੜ ਰਹੀਆਂ ਹਨ ਅਤੇ ਅਜਿਹੇ ਸਮੇਂ ’ਚ ਕਾਂਗਰਸ ਨੂੰ ਪੂਰੇ ਸਮੇਂ ਲਈ ਪ੍ਰਧਾਨ ਚਾਹੀਦਾ ਹੈ। ਅਜਿਹਾ ਕਹਿਣਾ ਕਿਸੇ ਨੂੰ ਦੁਖੀ ਕਿਵੇਂ ਕਰ ਸਕਦਾ ਹੈ । ਸੱਚ ਇਹੀ ਹੈ ਕਿ ਕਾਂਗਰਸ ਬਚੇਗੀ ਤਾਂ ਹੀ ਗਾਂਧੀ-ਨਹਿਰੂ ਪਰਿਵਾਰ ਦਾ ਸਿਆਸੀ ਵਜੂਦ ਵੀ ਬਚੇਗਾ। ਇਕ ਮੌਕਾ ਗਾਂਧੀ-ਨਹਿਰੂ ਪਰਿਵਾਰ ਤੋਂ ਵੱਖ ਕਿਸੇ ਨੇਤਾ ਨੂੰ ਕਿਉਂ ਨਾ ਦਿੱਤਾ ਜਾਵੇ? ਉਂਝ ਵੀ ਕਾਂਗਰਸ ਕੋਲ ਗੁਆਉਣ ਲਈ ਕੁਝ ਨਹੀਂ ਹੈ। ਇਸ ਦਾ ਦੂਜਾ ਪਹਿਲੂ ਹੈ ਕਿ ਕਾਂਗਰਸ ਨੂੰ 2019 ’ਚ ਵੀ 19 ਫੀਸਦੀ ਵੋਟਾਂ ਮਿਲੀਆਂ ਸਨ। 12 ਕਰੋੜ ਵੋਟਾਂ। ਇਹ ਵੋਟਾਂ ਘੱਟ ਨਹੀਂ ਹੁੰਦੀਆਂ। ਪੂਰੇ ਗੈਰ-ਕਾਂਗਰਸ ਵਿਰੋਧੀਆਂ ਨੂੰ ਮਿਲਾ ਕੇ ਵੀ ਇੰਨੀਆਂ ਵੋਟਾਂ ਨਹੀਂ ਮਿਲੀਆਂ ਸਨ। ਇੰਨੀਆਂ ਵੋਟਾਂ ਦੀ ਮਜ਼ਬੂਤ ਨੀਂਹ ਜੇਕਰ ਕਿਸੇ ਪਾਰਟੀ ਦੇ ਕੋਲ ਹੋਵੇ ਤਾਂ ਉਹ ਸੱਤਾ ਦੀ ਇਮਾਰਤ ਬਣਾਉਣ ਦਾ ਸੁਪਨਾ ਦੇਖ ਸਕਦੀ ਹੈ, ਪਰ ਦਿੱਕਤ ਇਹੀ ਹੈ ਕਿ ਕਾਂਗਰਸ ਕੋਲ ਰਣਨੀਤੀ ਦੀ ਘਾਟ ਹੈ। ਮੋਦੀ ਸਟਾਇਲ ਸਿਆਸਤ ਦਾ ਤੋੜ ਕੱਢਣ ਵਾਲੇ ਦੀ ਘਾਟ ਹੈ।

ਲੈ-ਦੇ ਕੇ ਦੋ ਹੀ ਗੱਲਾਂ ਕਹੀਆਂ ਜਾ ਰਹੀਆਂ ਹਨ, ਲਾਈਨ ਮਾਈਂਡਿਡ ਪਾਰਟੀਆਂ ਨੂੰ ਇਕੱਠੇ ਕਰੋ, ਕਾਂਗਰਸ ਛੱਡ ਕੇ ਗਏ ਨੇਤਾਵਾਂ ਨੂੰ ਵਾਪਸ ਪਾਰਟੀ ’ਚ ਲਿਆਉਣ ਦੀ ਕੋਸ਼ਿਸ਼ ਕਰੋ, ਪਰ ਭਾਜਪਾ ਨਾਲ ਸਿਰਫ ਇਸੇ ਆਧਾਰ ’ਤੇ ਲੜਿਆ ਨਹੀਂ ਜਾ ਸਕਦਾ ਹੈ। ਜੇਕਰ ਿਕਤੇ ਲੜਿਆ ਵੀ ਜਾ ਸਕਦਾ ਹੈ ਤਾਂ ਪਾਰਟੀ ਨੂੰ ਆਪਣੇ ਪੈਰਾਂ ’ਤੇ ਖੜ੍ਹਾ ਨਹੀਂ ਕੀਤਾ ਜਾ ਸਕਦਾ। ਮਮਤਾ ਬੈਨਰਜੀ, ਜਗਨ ਮੋਹਨ ਰੈੱਡੀ, ਸ਼ਰਦ ਪਵਾਰ ਅਤੇ ਹੇਮੰਤ ਬਿਸਵਾ ਸ਼ਰਮਾ ਪਾਰਟੀ ਛੱਡ ਕੇ ਗਏ ਉਨ੍ਹਾਂ ਕੁਝ ਕੁ ਨੇਤਾਵਾਂ ’ਚੋਂ ਹਨ, ਆਪਣਾ ਦਮ ਦਿਖਾ ਰਹੇ ਹਨ। ਇਨ੍ਹਾਂ ਵਿਚੋਂ ਕੋਈ ਵੀ ਕਾਂਗਰਸ ਵਿਚ ਨਹੀਂ ਜਾ ਰਿਹਾ ਅਤੇ ਨਾ ਹੀ ਿਕਸੇ ਨੇ ਵਾਪਸੀ ਲਈ ਅਰਜ਼ੀ ਹੀ ਲਗਾਈ ਹੈ। ਇਨ੍ਹਾਂ ’ਚੋਂ ਕਿਸੇ ਨੂੰ ਫਿਲਹਾਲ ਕਾਂਗਰਸ ਦੀ ਜ਼ਰੂਰਤ ਵੀ ਨਹੀਂ ਹੈ। ਓਧਰ ਸਮਾਨ ਵਿਚਾਰਧਾਰਾ ਦੇ ਦਲ ਇਕੱਠੇ ਕੁਝ ਸਮੇਂ ਲਈ ਇਕ ਮੰਚ ’ਤੇ ਆ ਸਕਦੇ ਹਨ, ਵਿਕਟਰੀ ਦਾ ਚਿੰਨ੍ਹ ਵੀ ਦਿਖਾ ਸਕਦੇ ਹਨ ਪਰ ਚੋਣਾਂ ਆਉਂਦਿਆਂ ਹੀ ਸਮਾਨ ਵੋਟ ਬੈਂਕ ਵਿਚਾਲੇ ਆ ਜਾਂਦਾ ਹੈ। ਕਾਂਗਰਸ ਨੇ ਸੱਤਾ ’ਚ ਆਉਣਾ ਹੈ ਤਾਂ ਦਸ ਸਾਲ ਲਈ ਸੱਤਾ ਦਾ ਸੁਪਨਾ ਛੱਡਣਾ ਹੀ ਪਵੇਗਾ।

Bharat Thapa

This news is Content Editor Bharat Thapa