ਚੀਨ ਕਰਦਾ ਭਾਰਤ ਦਾ ਘਿਰਾਓ

07/30/2020 3:54:07 AM

ਡਾ. ਵੇਦਪ੍ਰਤਾਪ ਵੈਦਿਕ

ਗਲਵਾਨ ਘਾਟੀ ਦੇ ਹੱਤਿਆਕਾਂਡ ’ਤੇ ਚੀਨ ਨੇ ਚੁੱਪ ਧਾਰੀ ਹੋਈ ਹੈ ਪਰ ਉਹ ਭਾਰਤ ’ਤੇ ਸਿੱਧਾ ਕੂਟਨੀਤਕ ਜਾਂ ਜੰਗੀ ਹਮਲਾ ਕਰਨ ਦੀ ਬਜਾਏ ਹੁਣ ਉਸ ਦੇ ਘਿਰਾਓ ਦੀ ਕੋਸ਼ਿਸ਼ ਕਰ ਰਿਹਾ ਹੈ। ਘਿਰਾਓ ਦਾ ਮਤਲਬ ਹੈ, ਭਾਰਤ ਦੇ ਗੁਆਂਢੀਅਾਂ ਨੂੰ ਆਪਣੇ ਪ੍ਰਭਾਵ ਖੇਤਰ ’ਚ ਲੈ ਲੈਣਾ! ਚੀਨ ਦੇ ਵਿਦੇਸ਼ ਮੰਤਰੀ ਨੇ ਪਾਕਿਸਤਾਨ, ਅਫਗਾਨਿਸਤਾਨ ਅਤੇ ਨੇਪਾਲ ਦੇ ਵਿਦੇਸ਼ ਮੰਤਰੀਆਂ ਨਾਲ ਇਕ ਸਾਂਝਾ ਵੈਬੀਨਾਰ ਕੀਤਾ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਕੋਰੋਨਾ ਪੀੜਤ ਹਨ, ਇਸ ਲਈ ਇਕ ਦੂਸਰੇ ਮੰਤਰੀ ਨੇ ਇਸ ਵੈਬੀਨਾਰ ’ਚ ਹਿੱਸਾ ਲਿਆ।

ਇਹ ਸਾਂਝੀ ਬੈਠਕ ਕੀਤੀ ਗਈ ਕੋਰੋਨਾ ਨਾਲ ਲੜਨ ਦੇ ਟੀਚੇ ਨੂੰ ਲੈ ਕੇ, ਉਸ ’ਚ ਹੋਈ ਗੱਲਬਾਤ ਦਾ ਜਿੰਨਾ ਵੇਰਵਾ ਸਾਡੇ ਸਾਹਮਣੇ ਆਇਆ ਹੈ, ਉਸ ਤੋਂ ਕੀ ਪਤਾ ਲੱਗਦਾ ਹੈ? ਉਸ ਦਾ ਇਕੋ- ਇਕ ਟੀਚਾ ਸੀ ਭਾਰਤ ਨੂੰ ਦੱਖਣੀ ਏਸ਼ੀਆ ’ਚ ਅਲੱਗ-ਥਲੱਗ ਕਰਨਾ। ਨੇਪਾਲ ਅਤੇ ਪਾਕਿਸਤਾਨ ਦੇ ਨਾਲ ਅੱਜਕਲ ਭਾਰਤ ਦਾ ਤਣਾਅ ਚੱਲ ਰਿਹਾ ਹੈ, ਚੀਨ ਨੇ ਇਸ ਦਾ ਫਾਇਦਾ ਉਠਾਇਆ। ਇਸ ’ਚ ਉਸ ਨੇ ਅਫਗਾਨਿਸਤਾਨ ਨੂੰ ਜੋੜ ਲਿਆ। ਈਰਾਨ ਨੂੰ ਉਸ ਨੇ ਕਿਉਂ ਨਹੀਂ ਜੋੜਿਆ। ਇਸ ਦੀ ਮੈਨੂੰ ਹੈਰਾਨੀ ਹੈ।

ਵਾਂਗ ਨੇ ਤਿੰਨਾਂ ਦੇਸ਼ਾਂ ਨੂੰ ਕਿਹਾ ਅਤੇ ਉਨ੍ਹਾਂ ਦੇ ਰਾਹੀਂ ਦੱਖਣੀ ਏਸ਼ੀਆ ਦੇ ਸਾਰੇ ਦੇਸ਼ਾਂ ਨੂੰ ਕਿਹਾ ਕਿ ਦੇਖੋ, ਤੁਹਾਡੇ ਸਾਰਿਆਂ ਲਈ ਇਕ ਚੰਗੀ ਮਿਸਾਲ ਹੈ। ਚੀਨ-ਪਾਕਿਸਤਾਨ ਦੋਸਤੀ। ਇਸੇ ਵਧੀਆ ਸਬੰਧ ਦੇ ਕਾਰਨ ਇਨ੍ਹਾਂ ਦੋਵਾਂ ‘ਇਸਪਾਤੀ ਦੋਸਤਾਂ’ ਨੇ ਕੋਰੋਨਾ ’ਤੇ ਜਿੱਤ ਹਾਸਲ ਕੀਤੀ ਹੈ। ਸਾਰੀ ਦੁਨੀਆ ਕੋਰੋਨਾ ਫੈਲਾਉਣ ਲਈ ਚੀਨ ਨੂੰ ਜ਼ਿੰਮੇਵਾਰ ਠਹਿਰਾ ਰਹੀ ਹੈ ਪਰ ਚੀਨ ਉਲਟਾ ਦਾਅਵਾ ਕਰ ਰਿਹਾ ਹੈ ਅਤੇ ਪਾਕਿਸਤਾਨ ’ਚ ਕੋਰੋਨਾ ਮਹਾਮਾਰੀ ਦਾ ਪ੍ਰਕੋਪ ਦੱਖਣੀ ਏਸ਼ੀਆ ’ਚ ਸਭ ਤੋਂ ਵੱਧ ਹੈ ਪਰ ਚੀਨ ਵਲੋਂ ਇਸ ਮਿਸਾਲ ਦਾ ਜ਼ਿਕਰ ਇਸ ਲਈ ਕੀਤਾ ਗਿਆ ਹੈ ਕਿ ਉਹ ਘੁਮਾ-ਫਿਰਾ ਕੇ ਭਾਰਤ ਦੇ ਵਿਰੁੱਧ ਪ੍ਰਚਾਰ ਕਰੇ। ਉਹ ਇਹ ਭੁੱਲ ਗਿਆ ਕਿ ਭਾਰਤ ਨੇ ਦੱਖਣੀ ਏਸ਼ੀਆਈ ਦੇਸ਼ਾਂ ਨੂੰ ਕਰੋੜਾਂ ਦੀਆਂ ਦਵਾਈਆਂ ਦਿੱਤੀਆਂ ਹਨ ਤਾਂ ਕਿ ਉਹ ਕੋਰੋਨਾ ਨਾਲ ਲੜ ਸਕਣ।

ਵਾਂਗ ਨੇ ਕੋਰੋਨਾ ਨਾਲ ਲੜਨ ਦੇ ਬਹਾਨੇ ਚੀਨ ਦੇ ਜੰਗੀ ਟੀਚਿਆਂ ਨੂੰ ਵੀ ਖੁੱਲ੍ਹ ਕੇ ਅੱਗੇ ਵਧਾਇਆ। ਉਸ ਨੇ ਆਪਣੀ ‘ਰੇਸ਼ਮ ਮਹਾਪਥ’ ਦੀ ਯੋਜਨਾ ’ਚ ਅਫਗਾਨਿਸਤਾਨ ਨੂੰ ਵੀ ਸ਼ਾਮਲ ਕਰ ਲਿਆ। ਚੀਨ ਹੁਣ ਹਿਮਾਲਿਆ ਦੇ ਨਾਲ ਹਿੰਦੂਕੁਸ਼ ਦਾ ਸੀਨਾ ਚੀਰ ਕੇ ਈਰਾਨ ਤਕ ਆਪਣੀ ਸੜਕ ਲਿਜਾਏਗਾ। ਜੇਕਰ ਇਹ ਸੜਕ ਪਾਕਿਸਤਾਨੀ ਕਸ਼ਮੀਰ ਤੋਂ ਹੋ ਕੇ ਨਾ ਲੰਘਦੀ ਤਾਂ ਸ਼ਾਇਦ ਭਾਰਤ ਇਸ ’ਤੇ ਇਤਰਾਜ਼ ਨਾ ਕਰਦਾ। ਅਸਲੀ ਸਵਾਲ ਇਹ ਹੈ ਕਿ ਦੱਖਣੀ ਏਸ਼ੀਆ ’ਚ ਭਾਰਤ ਦੀ ਕੋਈ ਡੂੰਘੀ ਅਤੇ ਲੰਬੀ ਸਮਰ ਨੀਤੀ ਹੈ ਜਾਂ ਨਹੀਂ। ਉਹ ਸਾਰੇ ਦੱਖਣੀ ਏਸ਼ੀਆ ਨੂੰ ਥਲ ਮਾਰਗ ਅਤੇ ਜਲ ਮਾਰਗ ਨਾਲ ਜੋੜਨ ਦੀ ਕੋਈ ਵੱਡੀ ਨੀਤੀ ਕਿਉਂ ਨਹੀਂ ਬਣਾਉਂਦਾ।

(ਲੇਖਕ, ਭਾਰਤੀ ਵਿਦੇਸ਼ ਨੀਤੀ ਪ੍ਰੀਸ਼ਦ ਦੇ ਮੁਖੀ ਹਨ)

Bharat Thapa

This news is Content Editor Bharat Thapa