ਕਾਂਗਰਸ ’ਚ ਤਬਦੀਲੀ ਅੰਦਰ ਤੋਂ ਹੀ ਆਉਣੀ ਹੈ

10/05/2021 3:32:09 AM

ਕਲਿਆਣੀ ਸ਼ੰਕਰ
ਕੁਝ ਸਾਲ ਪਹਿਲਾਂ ਕਾਂਗਰਸ ਦੇ ਇਕ ਦੂਰਦ੍ਰਿਸ਼ਟੀ ਵਾਲੇ ਨੇਤਾ ਨੇ ਭਵਿੱਖਬਾਣੀ ਕੀਤੀ ਸੀ ਕਿ ਇਕ ਆਮ ਵਰਕਰ ਅਾਪਣੀ ਹੋਂਦ ਲਈ ਪਾਰਟੀ ਨੂੰ ਬਚਾਏਗਾ ਜਦੋਂ ਉਸ ਨੂੰ ਲੱਗੇਗਾ ਕਿ ਉਸ ਦੇ ਨੇਤਾ ਗੈਰ-ਪ੍ਰਭਾਵੀ ਹੋ ਗਏ ਹਨ। ਅਜਿਹਾ ਨਜ਼ਰ ਆਉਂਦਾ ਹੈ ਕਿ ਜਿਵੇਂ ਉਹ ਪਲ ਹੁਣ ਆ ਗਿਆ ਹੈ।

ਪਾਰਟੀ ਹਫ ਰਹੀ ਹੈ ਅਤੇ ਇਸ ਨੂੰ ਮਜ਼ਬੂਤ ਲੀਡਰਸ਼ਿਪ ਤੋਂ ਆਕਸੀਜਨ ਦੀ ਲੋੜ ਹੈ ਪਰ ਇਹੀ ਉਹ ਚੀਜ਼ ਹੈ ਜਿਸ ਦੀ ਕਮੀ ਹੈ। ਇਸ ਲਈ ਛੋਟੀਆਂ ਖੁਰਾਕਾਂ ਨਾਲ ਵਰਕਰਾਂ ਨੂੰ ਬਦਲ ਬਣਨਾ ਹੋਵੇਗਾ।

ਭਾਵੇਂ ਇਹ ਵਿਚਾਰ ਕਿ ਇਕ ਅਜਿਹੀ ਪਾਰਟੀ ਜੋ ਮੁਸ਼ਕਲ ਨਾਲ ਸਾਹ ਲੈ ਰਹੀ ਹੈ, ਅਚਾਨਕ ਅਾਉਂਦੀਆਂ ਆਮ ਚੋਣਾਂ ’ਚ ਸੱਤਾਧਾਰੀ ਭਾਜਪਾ ਦਾ ਮੁਕਾਬਲਾ ਕਰਨ ਦੇ ਲਈ ਤਿਆਰ ਹੋ ਜਾਏਗੀ? ਅਜਿਹਾ ਹੋਣਾ ਲਗਭਗ ਇਕ ਚਮਤਕਾਰ ਹੋਵੇਗਾ। ਇਸ ਦੌਰਾਨ ਬਹੁਤ ਸਾਰੇ ਕਿੰਤੂ-ਪਰੰਤੂ ਹਨ ਪਰ ਇਹ ਮਜ਼ਬੂਤ ਲੀਡਰਸ਼ਿਪ ਨਾਲ ਸੰਭਵ ਹਨ। ਇਕ ਹੋਰ ਅਹਿਮ ਚੀਜ਼ ਇਹ ਹੈ ਕਿ ਕਾਂਗਰਸ ਨੂੰ ਖੁਦ ਤੋਂ ਵੀ ਬਚਾਉਣਾ ਹੈ। ਕਾਂਗਰਸੀ ਆਮ ਤੌਰ ’ਤੇ ਕਹਿੰਦੇ ਹਨ ਕਿ ਕਾਂਗਰਸ ਨੂੰ ਸਿਰਫ ਕਾਂਗਰਸੀਆਂ ਵਲੋਂ ਹੀ ਹਰਾਇਆ ਜਾ ਸਕਦਾ ਹੈ।

ਧੜੇਬੰਦੀ ਅਤੇ ਖੋਰੇ ਨਾਲ ਪੀੜਤ ਕਈ ਗੁਣਾਂ ਵਾਲੀ ਪੁਰਾਤਨ ਪਾਰਟੀ ਹੁਣ ਵੈਂਟੀਲੇਟਰ ’ਤੇ ਹੈ। ਇਹ ਗਾਂਧੀ ਪਰਿਵਾਰ ਤੋਂ ਬਿਨਾਂ ਜਾਂ ਉਸ ਨਾਲ ਕੰਮ ਕਰਨ ’ਚ ਅਸਮਰਥ ਹੈ। ਚੋਟੀ ’ਤੇ ਖਾਲੀਪਨ ਨੇ ਖੇਤਰੀ ਪਾਰਟੀਆਂ ਨੂੰ ਕੌਮੀ ਲੀਡਰਸ਼ਿਪ ’ਤੇ ਸਵਾਲ ਉਠਾਉਣ ਲਈ ਉਤਸ਼ਾਹਿਤ ਕੀਤਾ ਹੈ। 2014 ਦੀ ਹਾਰ ਤੋਂ ਬਾਅਦ ਪਾਰਟੀ ਆਪਣਾ ਸਿਰ ਉਠਾਉਣ ਦੇ ਯੋਗ ਨਹੀਂ ਹੈ।

ਪਾਰਟੀ ਨੇ 2014 ਤੋਂ ਬਾਅਦ ਨਾ ਸਿਰਫ ਲੋਕ ਸਭਾ ਦੀਆਂ ਦੋ ਅਤੇ ਕਈ ਸੂਬਾਈ ਵਿਧਾਨ ਸਭਾਵਾਂ ਦੀਆਂ ਚੋਣਾਂ ਹਾਰੀਆਂ ਹਨ ਸਗੋਂ ਉਹ ਇਨ੍ਹਾਂ ਸੂਬਿਆਂ ’ਚ ਅਸਫਲ ਰਹੀ ਹੈ ਜਿਥੇ ਉਸ ਨੇ ਸਰਕਾਰ ਬਣਾਈ ਸੀ। ਜਦੋਂ 1977 ’ਚ ਲੋਕ ਸਭਾ ਦੀਆਂ ਚੋਣਾਂ ’ਚ ਇੰਦਰਾ ਗਾਂਧੀ ਦੀ ਅਵਗਾਈ ਵਾਲੀ ਕਾਂਗਰਸ ਦੀ ਫੈਸਲਾਕੁੰਨ ਹਾਰ ਹੋਈ ਸੀ ਉਦੋਂ ਦੱਖਣੀ ਭਾਰਤੀ ਸੂਬੇ ਉਸ ਨਾਲ ਰਹੇ ਸਨ।

ਹੁਣ ਤਾਂ ਦੱਖਣ ਨੇ ਵੀ ਇਸ ਪਾਰਟੀ ਨੂੰ ਛੱਡ ਦਿੱਤਾ ਹੈ। ਮੌਜੂਦਾ ਸਮੇਂ ’ਚ ਕਾਂਗਰਸ ਪਾਰਟੀ ਸਿਰਫ ਤਿੰਨ ਸੂਬਿਆਂ ’ਚ ਸੱਤਾ ਹੈ। ਇਹ ਸੂਬੇ ਹਨ ਛੱਤੀਸਗੜ੍ਹ, ਪੰਜਾਬ ਅਤੇ ਰਾਜਸਥਾਨ। ਝਾਰਖੰਡ ਅਤੇ ਮਹਾਰਾਸ਼ਟਰ ’ਚ ਇਹ ਸਰਕਾਰ ’ਚ ਗਠਜੋੜ ਦੀ ਭਾਈਵਾਲ ਹੈ।

ਪਰ ਕੌੜੀ ਸੱਚਾਈ ਇਹ ਹੈ ਕਿ ਪਾਰਟੀ ਨਵੇਂ ਸਿਆਸੀ ਦ੍ਰਿਸ਼ ਤੋਂ ਬਹੁਤ ਦੂਰ ਹੈ। ਇਸ ਤੋਂ ਵੀ ਖਰਾਬ ਗੱਲ ਇਹ ਹੈ ਕਿ ਅੱਗੇ ਦੇਖਣ ਦੀ ਬਜਾਏ ਇਹ ਪਾਰਟੀ ਪਿੱਛੇ ਵਲ ਦੇਖ ਰਹੀ ਹੈ। ਇਹ ਹਰ ਕਿਸੇ ਦੀ ਪਾਰਟੀ ਬਣਨ ਦਾ ਯਤਨ ਕਰ ਰਹੀ ਹੈ ਜਦਕਿ ਅਸਲ ’ਚ ਇਹ ਕਿਸੇ ਦੀ ਵੀ ਪਾਰਟੀ ਨਹੀਂ। ਪੀੜੀ ਦਰ ਤਬਦੀਲੀ ਦੀ ਲੜਾਈ ’ਚ ਲੀਡਰਸ਼ਿਪ ਦਾ ਸੰਕਟ ਵੀ ਹੁਣ ਸਪਸ਼ਟ ਹੈ।

ਇਹ ਸਾਨੂੰ ਇਸ ਸਵਾਲ ਵਲ ਲਿਆਉਂਦਾ ਹੈ ਕਿ ਕੀ ਉਕਤ ਵੈਭਵਸ਼ਾਲੀ ਪੁਰਾਤਨ ਪਾਰਟੀ ਕਾਂਗਰਸ ਸ਼ਾਸਿਤ ਸੂਬਿਆਂ ’ਚ ਇੰਨੇ ਵਧੇਰੇ ਨਾਟਕਾਂ ਨਾਲ ਆਪਣੀ ਹੋਂਦ ਨੂੰ ਬਣਾਈ ਰੱਖ ਸਕੇਗੀ, ਮੁੱਖ ਰੂਪ ’ਚ ਸਭ ਤਿੰਨ ਸੂਬਿਆਂ ’ਚ ਗਾਂਧੀ ਭਰਾ-ਭੈਣ ਨੇ ਮੁੱਖ ਮੰਤਰੀ ਵਿਰੁੱਧ ਆਪਣੀ ਪਸੰਦ ਦੇ ਲੋਕਾਂ ਨਾਲ ਬਾਗੀਆਂ ਨੂੰ ਹੱਲਾਸ਼ੇਰੀ ਦਿੱਤੀ ਹੈ।

ਪੰਜਾਬ ਇਸ ਦੀ ਇਕ ਸਪਸ਼ਟ ਉਦਾਹਰਣ ਹੈ। ਇਹ ਇਕ ਅਜਿਹਾ ਸੂਬਾ ਸੀ ਜਿਥੇ ਪਾਰਟੀ ਆਸਾਨੀ ਨਾ ਜਿੱਤ ਸਕਦੀ ਸੀ। ਅਮਰਿੰਦਰ ਸਿੰਘ ਨੂੰ ਬਹੁਤ ਅਟਪਟੇ ਢੰਗ ਨਾਲ ਬਾਹਰ ਦਾ ਰਾਹ ਦਿਖਾ ਦਿੱਤਾ ਗਿਆ, ਇਸ ਕਾਰਨ ਸੂਬੇ ’ਚ ਅਸਥਿਰਤਾ ਪੈਦਾ ਹੋ ਗਈ।

ਕਯਾਮਤ ਦੀ ਭਵਿੱਖਬਾਣੀ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਪਾਰਟੀ ਬਹੁਤ ਜਲਦੀ ਸਿਆਸੀ ਦ੍ਰਿਸ਼ ਤੋਂ ਗਾਇਬ ਹੋ ਜਾਵੇਗੀ। ਹਾਲਾਂਕਿ ਕਾਂਗਰਸ ਸ਼ਾਇਦ ਇੰਨੀ ਜਲਦੀ ਨਹੀਂ ਮਰੇਗੀ। ਜੇਕਰ ਹਰੇਕ ਪਿੰਡ ’ਚ ਇਕ ਕਾਂਗਰਸੀ ਹੋਵੇਗਾ ਭਾਵੇਂ ਉਹ ਆਖਰੀ ਹੋਵੇ, ਪਾਰਟੀ ਆਪਣੇ ‘ਸਮਾਪਤੀ’ ਦੇ ਦਰਜੇ ਨਾਲ ਜ਼ਿੰਦਾ ਰਹੇਗੀ।

ਇਸ ਦਾ ਮਤਲਬ ਇਹ ਨਹੀਂ ਕਿ ਪਾਰਟੀ ਕਿਸੇ ਧਮਾਕੇ ਦਾ ਸਾਹਮਣਾ ਨਹੀਂ ਕਰ ਰਹੀ। ਅਫਸੋਸ ਵਾਲੀ ਗੱਲ ਇਹ ਹੈ ਕਿ ਕਾਂਗਰਸ ਪਾਰਟੀ ਨੂੰ ਹੁਣ ਖਤਰਾ ਕਾਂਗਰਸੀ ਬਾਗੀਆਂ ਕੋਲੋਂ ਹੈ ਨਾ ਕਿ ਸੱਤਾਧਾਰੀ ਭਾਜਪਾ ਕੋਲੋਂ। ਕਾਂਗਰਸ ਦੀਆਂ ਸਮੱਸਿਆਵਾਂ ਨੇ ਜਿਨ੍ਹਾਂ ਚੀਜ਼ਾਂ ਦਾ ਵਾਧਾ ਕੀਤਾ ਹੈ, ਉਹ ਹਨ ਦਲ-ਬਦਲ ਅਤੇ ਕੁਝ ਪ੍ਰਭਾਵਸ਼ਾਲੀ ਆਗੂਆਂ ਵਲੋਂ ਪਾਰਟੀ ਨੂੰ ਛੱਡਣਾ। ਜਿਸ ਤਰ੍ਹਾਂ ਜਿਓਤਿਰਦਿੱਤਿਆ ਸਿੰਧੀਆ, ਜਿਤਿਨ ਪ੍ਰਸਾਦ ਅਤੇ ਸੁਸ਼ਮਿਤਾ ਦੇਵ, ਸਭ ਟੀਮ ਰਾਹੁਲ ’ਚੋਂ ਹਨ। ਰਾਹੁਲ ਦੀ ਵਿਅਕਤੀਆਂ ਅਤੇ ਮੁੱਦਿਆਂ ਨੂੰ ਲੈ ਕੇ ਸਮਝ ਪੂਰੀ ਤਰ੍ਹਾਂ ਗਲਤ ਸਾਬਿਤ ਹੋਈ ਹੈ। ਉਨ੍ਹਾਂ ਵਲੋਂ ਪਾਰਟੀ ਨੂੰ ਮੁੜ ਗਠਿਤ ਕਰਨ ਦੇ ਤਜਰਬੇ ਵੀ ਅਸਫਲ ਰਹੇ ਹਨ। ਗਾਂਧੀ ਭਰਾ-ਭੈਣ ਨੇ ਗਲਤ ਘੋੜਿਆਂ ’ਤੇ ਦਾਅ ਲਗਾਏ ਜਿਸ ਦੇ ਸਿੱਟੇ ਵਜੋਂ ਪਾਰਟੀ ’ਚ ਹੋਰ ਵਧੇਰੇ ਦੁਵਿਧਾ ਅਤੇ ਹਫੜਾ-ਦਫੜੀ ਪੈਦਾ ਹੋ ਗਈ।

ਇਨ੍ਹਾਂ ਹਾਲਾਤ ’ਚ ਕਾਂਗਰਸ ਨੂੰ ਮੁੜ ਜ਼ਿੰਦਾ ਕਰਨ ਦਾ ਕੰਮ ਸੌਖਾ ਨਹੀਂ ਹੋਵੇਗਾ ਪਰ ਫਿਰ ਵੀ ਇਕ ਕੌਮੀ ਪਾਰਟੀ ਵਜੋਂ ਕਾਂਗਰਸ ਲਈ ਥਾਂ ਬਣੀ ਰਹੇਗੀ। ਅਜਿਹਾ ਉਦੋਂ ਹੋਵੇਗਾ ਜਦੋਂ ਉਹ ਆਪਣੀ ਵਿਚਾਰਕ ਘਾਟ ਨੂੰ ਹਾਸਲ ਕਰ ਲਏਗੀ ਅਤੇ ਆਪਣੇ ਬੀਤੇ ਸਮੇਂ ਤੋਂ ਪ੍ਰੇਰਣਾ ਲੈ ਲਏਗੀ। ਨੌਜਵਾਨਾਂ ਨਾਲ ਕਦਮ ਨਾਲ ਕਦਮ ਮਿਲਾ ਕੇ ਉਸ ਨੂੰ ਚੱਲਣਾ ਪਏਗਾ। ਨਾਲ ਹੀ ਇਕ ਪ੍ਰਮਾਣਿਤ ਨੈਰੇਟਿਵ ਨੂੰ ਲੱਭਣਾ ਹੋਵੇਗਾ। ਇਨ੍ਹਾਂ ਸਭ ਲਈ ਚੰਗੀ ਲੀਡਰਸ਼ਿਪ ਦੀ ਲੋੜ ਹੈ।

ਸੋਨੀਆ 2004 ਅਤੇ 2009 ’ਚ ਦੋ ਵਾਰ ਪਾਰਟੀ ਨੂੰ ਸੱਤਾ ’ਚ ਲਿਆ ਸਕੀ ਪਰ ਉਹ ਹੁਣ ਲਗਭਗ ਸੇਵਾਮੁਕਤ ਹੈ। ਗਾਂਧੀ ਭਰਾ-ਭੈਣ ਨੇ ਆਪਣੀ ਵੋਟ ਖਿੱਚਣ ਦੀ ਸਮਰਥਾ ਨਹੀਂ ਦਿਖਾਈ ਹੈ। ਉਹ ਆਪਣੀ ਦਾਦੀ ਇੰਦਰਾ ਗਾਂਧੀ ਦੀ ਨਕਲ ਕਰਨੀ ਚਾਹੁੰਦੇ ਹਨ ਪਰ ਇਹ ਕੰਮ ਉਨ੍ਹਾਂ ਦੀ ਲੀਡਰਸ਼ਿਪ ਵਾਲੇ ਗੁਣਾਂ ਤੋਂ ਬਿਨਾਂ ਹੀ ਕਰਨਾ ਚਾਹੁੰਦੇ ਹਨ।

ਗਾਂਧੀ ਪਰਿਵਾਰ ਨੂੰ ਸਮੱਸਿਆ ਦੀ ਜਾਣਕਾਰੀ ਹੈ ਪਰ ਉਨ੍ਹਾਂ ਕੋਲ ਭਾਜਪਾ ਦਾ ਮੁਕਾਬਲਾ ਕਰਨ ਲਈ ਕੋਈ ਰਣਨੀਤੀ ਨਹੀਂ ਹੈ। ਉਨ੍ਹਾਂ ਨੂੰ ਦੱਸਿਆ ਗਿਆ ਹੈ ਕਿ ਉਹ ਸਿਰਫ ਚੁੱਪਚਾਪ ਬੈਠੇ ਰਹਿਣ ਅਤੇ ਸੱਤਾ ਆਪਣੇ ਆਪ ਉਨ੍ਹਾਂ ਕੋਲ ਆਏਗੀ ਕਿਉਂਕਿ ਹੋਰ ਕੋਈ ਬਦਲ ਨਹੀਂ ਹੈ। ਤਬਦੀਲੀ ਅੰਦਰ ਤੋਂ ਹੀ ਆਉਣੀ ਹੈ। ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਪਰਿਵਾਰ ਨੂੰ ਹੋਰਨਾਂ ਨਾਲ ਸਲਾਹ ਮਸ਼ਵਰਾ ਕਰਨਾ ਹੋਵੇਗਾ।

ਆਖਿਰ ਕਾਂਗਰਸ ਵਰਕਿੰਗ ਕਮੇਟੀ ਵਰਗੀ ਫੈਸਲਾ ਲੈਣ ਵਾਲੀ ਚੋਟੀ ਦੀ ਇਕਾਈ ਹੈ ਜੋ ਅਧਿਕਾਰਤ ਬੈਠਕ ਦਾ ਆਯੋਜਨ ਕਰ ਸਕਦੀ ਹੈ। ਸੀਮਿਤ ਆਗੂਆਂ ਨੂੰ ਜਾਂ ਤਾਂ ਖੁੱਡੇ ਲਾਈਨ ਲਾ ਦਿੱਤਾ ਗਿਆ ਹੈ ਜਾਂ ਉਨ੍ਹਾਂ ਦਾ ਯੁੱਗ ਖਤਮ ਹੋ ਰਿਹਾ ਹੈ। ਅਗਲੇ ਸਾਲ ਫਰਵਰੀ ਤੋਂ ਸ਼ੁਰੂ ਹੋ ਕੇ ਦੋ ਸਾਲ ਦੌਰਾਨ 16 ਸੂਬਿਆਂ ’ਚ ਅਸੈਂਬਲੀ ਚੋਣਾਂ ਹੋਣਗੀਆਂ। ਇਨ੍ਹਾਂ 16 ਸੂਬਿਆਂ ’ਚੋਂ 9 ’ਚ ਭਾਜਪਾ ਦੀ ਸਿੱਧੀ ਦਾਅਵੇਦਾਰੀ ਹੈ ਅਤੇ 3 ’ਚ ਗਠਜੋੜ ਸਰਕਾਰਾਂ ਹਨ। ਕਾਂਗਰਸ ਕੋਲ 3 ਅਤੇ ਟੀ.ਆਰ. ਐੱਸ. ਕੋਲ ਇਕ ਸੂਬਾ ਹੈ।

ਵਿਧਾਨ ਸਭਾਵਾਂ ਦੀਆਂ ਚੋਣਾਂ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਲਈ ਮੈਦਾਨ ਤਿਆਰ ਕਰਨਗੀਆਂ। ਕੌਮੀ ਪੱਧਰ ’ਤੇ ਤਾਕਤ ਲਈ ਦੌੜ ’ਚ ਕਾਂਗਰਸ ਇਕੋ-ਇਕ ਹੋਰ ਘੋੜਾ ਹੈ। ਹਾਲਾਂਕਿ ਇਸ ਗੱਲ ’ਚ ਕੋਈ ਫਰਕ ਨਹੀਂ ਪੈਂਦਾ ਕਿ ਦੂਰੀ ਕਿੰਨੀ ਹੈ।

Bharat Thapa

This news is Content Editor Bharat Thapa