ਮਿੰਟਾਂ ’ਚ ਸੜ ਕੇ ਸਵਾਹ ਹੋਇਆ ਕੈਨੇਡੀਅਨ ਪਿੰਡ-ਵਿਸ਼ਵ ਲਈ ਚਿਤਾਵਨੀ

07/14/2021 3:28:07 AM

ਦਰਬਾਰਾ ਸਿੰਘ ਕਾਹਲੋਂ
ਆਪਣੇ ਨਾਗਰਿਕਾਂ ਨੂੰ ਵਿਸ਼ਵ ਭਰ ’ਚ ਵਧੀਆ ਸੇਵਾਵਾਂ ਮੁਹੱਈਆ ਕਰਾਉਣ ਲਈ ਕੈਨੇਡਾ ਮੋਹਰੀ ਸਥਾਨ ਰੱਖਦਾ ਹੈ ਪਰ ਗਲੋਬਲ ਪੱਧਰ ’ਤੇ ਜਲਵਾਯੂ ਅੰਦਰ ਗਰਮਾਇਸ਼ ਦਾ ਜਿਵੇਂ 30 ਜੂਨ ਨੂੰ ਇਸ ਦੇਸ਼ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਅੰਦਰ ਕਰੀਬ 250 ਵਿਅਕਤੀਆਂ ਦੀ ਆਬਾਦੀ ਵਾਲਾ ਪਿੰਡ ਲਿਟਨ ਵੇਖਦੇ-ਵੇਖਦੇ ਸ਼ਿਕਾਰ ਬਣਿਆ ਉਸ ਨੇ ਪੂਰੇ ਵਿਸ਼ਵ ਦੇ ਜਲਵਾਯੂ ਵਿਗਿਆਨੀਆਂ ਅਤੇ ਦੇਸ਼ਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ।

ਵੈਨਕੂਵਰ ਤੋਂ 150 ਕਿ. ਮੀ. ਦੂਰੀ ’ਤੇ ਉੱਤਰ-ਪੂਰਬ ਵਿਚ ਸਥਿਤ ਇਹ ਪਿੰਡ ਆਲੇ-ਦੁਆਲੇ ਦੇ ਇਲਾਕੇ ’ਚ ਵਸਦੇ ਲਗਭਗ 2000 ਲੋਕਾਂ ਲਈ ਮਾਰਕੀਟ ਦਾ ਕੰਮ ਕਰਦਾ ਸੀ। ਇਕ ਦਿਨ ਪਹਿਲਾਂ ਇਹ ਇਲਾਕਾ ਜੋ ‘ਕੈਨੇਡੀਅਨ ਹਾਟ-ਸਪਾਟ’ ਵਜੋਂ ਐਲਾਨਿਆ ਹੋਇਆ ਸੀ, 49.6 ਦਰਜੇ ਸੈਂਟੀਗ੍ਰੇਡ ਨਾਲ ਮੱਘਦਾ ਰਿਕਾਰਡ ਕੀਤਾ ਗਿਆ।

ਇਸ ਗਰਮਾਇਸ਼ ’ਤੇ ਟਿੱਪਣੀ ਕਰਦਿਆਂ ਸਵੀਡਨ ਦੀ ਜਲਵਾਯੂ ਪ੍ਰੇਮੀ ਮਸ਼ਹੂਰ ਗਰੇਟਾ ਬਨਬਰਗ ਨੇ ਟਵੀਟ ਕੀਤਾ ਕਿ ਅਕਸਰ ਗਰਮਾਇਸ਼ ਦੇ ਰਿਕਾਰਡ ਇਕ ਡਿਗਰੀ ਸੈਂਟੀਗ੍ਰੇਡ ਦੇ 10ਵੇਂ ਭਾਗ ਨਾਲ ਟੁੱਟਦੇ ਵੇਖੇ ਜਾਂਦੇ ਹਨ। ਕੈਨੇਡਾ ਅੰਦਰ ਪਹਿਲਾਂ ਸੰਨ 1937 ਵਿਚ ਸਸਕੈਚਵਨ ਵਿਖੇ 45 ਡਿਗਰੀ ਸੈਂਟੀਗ੍ਰੇਡ ਉੱਚਾ ਤਾਪਮਾਨ ਦਰਜ ਕੀਤਾ ਗਿਆ ਸੀ। ਅਸੀਂ ਇਸ ਵੇਲੇ ਜਲਵਾਯੂ ਸੰਕਟ ਵਿਚੋਂ ਲੰਘ ਰਹੇ ਹਾਂ ਪਰ ਅਜੇ ਇਕ ਵਾਰ ਵੀ ਇਸ ਨੂੰ ‘ਜਲਵਾਯੂ ਸੰਕਟ’ ਐਲਾਨ ਨਹੀਂ ਕੀਤਾ।

30 ਜੂਨ, 2021 ਨੂੰ ਸ਼ਾਮੀ 6.17 ਮਿੰਟ ’ਤੇ ਇਸ ਛੋਟੇ ਜਿਹੇ ਪਿੰਡ ਵਿਚ ਜੀਵਨ ਆਮ ਵਾਂਗ ਚੱਲਦਾ ਦਿਸ ਰਿਹਾ ਸੀ। ਕਿਧਰੇ ਕਿਸੇ ਤਰ੍ਹਾਂ ਦੇ ਧੂੰਏਂ ਜਾਂ ਅੱਗ ਉਛਾਲੇ ਦਾ ਨਾਮੋ- ਨਿਸ਼ਾਨ ਨਹੀਂ ਸੀ। 6.20 ਵਜੇ ਅੱਗ ਦੀ ਇਕ ਲਪੇਟ ਨਜ਼ਰ ਆਉਂਦੀ ਹੈ। 6.26 ਤਕ ਚਾਰ-ਚੁਫੇਰੇ ਅੱਗ ਫੈਲਣ ਦੇ ਡਰ ਕਰਕੇ ਸਾਰੇ ਵਸਨੀਕ ਪਿੰਡ ਛੱਡ ਕੇ ਸੁਰੱਖਿਅਤ ਥਾਂ ਵੱਲ ਵਾਹੋ-ਦਾਹੀ ਭੱਜਦੇ, ਬਾਲ-ਬੱਚਾ ਸੰਭਾਲਦੇ ਨਜ਼ਰ ਆਉਂਦੇ ਹਨ। ਇਸ ਹਫੜਾ-ਦਫੜੀ ਵਿਚ ਇਸ ਪਿੰਡ ਦੇ ਦੋ ਲੋਕ ਆਪਣੀਆਂ ਜਾਨਾਂ ਵੀ ਗੁਅਾ ਦਿੰਦੇ ਹਨ। ਅਮਰੀਕਾ ਅਤੇ ਕੈਨੇਡਾ ਦੇ ਇਸ ਉੱਤਰ-ਪੱਛਮੀ ਇਲਾਕਿਆਂ ਵਿਚ ਵਸਦੇ ਲੋਕਾਂ ਲਈ ਅਜਿਹੀ ਸਾੜਵੀਂ ਗਰਮੀ ਨਾਲ ਅਜਿਹੀਆਂ ਹੋਰ ਘਟਨਾਵਾਂ ਦਾ ਸਹਿਮ ਮੌਜੂਦਾ ਅਤੇ ਭਵਿੱਖ ਕਾਲ ਵਿਚ ਸੰਭਵ ਹੈ।

ਹੈਰਾਨਗੀ ਦੀ ਗੱਲ ਇਹ ਵੀ ਹੈ ਕਿ ਸਥਾਨਕ ਫਸਟ ਨੇਸ਼ਨ ਸਬੰਧਤ ਕੌਂਸਲ ਦੇ ਮੁਖੀ ਮੱਟ ਪਾਸਕੋ ਦਾ ਕਹਿਣਾ ਹੈ ਕਿ ਇਸ ਦੁਖਾਂਤ ਦੇ ਪਹਿਲੇ 14 ਘੰਟੇ ਅਸੀਂ ਇਕੱਲੇ ਸੀ ਭਾਵ ਸੂਬਾਈ ਅਤੇ ਫੈਡਰਲ ਸਰਕਾਰਾਂ ਨੇ ਉਨ੍ਹਾਂ ਦੀ ਕੋਈ ਸਾਰ ਨਹੀਂ ਲਈ। ਇਹ ਕੈਨੇਡੀਅਨ ਬਸਤੀਵਾਦੀ ਸਿਸਟਮ ਦਾ ਸ਼ਰਮਨਾਕ ਨਮੂਨਾ ਹੈ। ਕੈਨੇਡਾ ਡੇਅ ਸਮੇਂ ਵਾਪਰਨ ਵਾਲਾ ਇਹ ਦੁਖਾਂਤ ਕਦੇ ਵੀ ਭੁਲਾਇਆ ਨਹੀਂ ਜਾਵੇਗਾ। ਇਸ ਪਿੰਡ ਵਿਚ ਅਜਿਹੀ ਮਾਰੂ ਅੱਗ ਦੀਆਂ ਘਟਨਾਵਾਂ ਸੰਨ 1931, 1937 ਅਤੇ 1949 ਵਿਚ ਵੀ ਵਾਪਰੀਆਂ ਸਨ ਪਰ ਇੰਝ ਕਦੇ ਸਾਰਾ ਪਿੰਡ ਸੜ ਕੇ ਸਵਾਹ ਨਹੀਂ ਸੀ ਹੋਇਆ।

ਸੰਨ 1960ਵੇਂ ਦਹਾਕੇ ਵਿਚ ਇਸ ਪਿੰਡ ਵਿਚ ਕਰੀਬ 550 ਲੋਕ ਵਸਦੇ ਹੁੰਦੇ ਸਨ ਪਰ ਸ਼ਹਿਰਾਂ ਵੱਲ ਵਧਦੀ ਦੌੜ ਨੇ ਆਬਾਦੀ ਘਟਾ ਦਿੱਤੀ। ਅਜੋਕੇ ਸਮੇਂ ਸਥਾਨਕ ਲੋਕ ਟੂਰਿਜ਼ਮ, ਖੇਤੀ, ਰੇਲਵੇ ਅਤੇ ਮਾੜੇ-ਮੋਟੇ ਵਪਾਰਕ ਕੰਮਕਾਜ ’ਤੇ ਨਿਰਭਰ ਕਰਦੇ ਸਨ। ਇਹ ਕਸਬਾ ਸਰ ਐਡਵਰਡ ਬੁਲਵਰ ਲਿਟਨ ਬਸਤੀਵਾਦੀ ਸਕੱਤਰ ਅਤੇ ਨਾਵਲਿਸਟ ਦੇ ਨਾਂ ’ਤੇ ਵਸਾਇਆ ਗਿਆ ਸੀ ਜਿਸ ਦਾ ਪਹਿਲਾ ਨਾਵਲ ‘ਇਹ ਇਕ ਕਾਲੀ ਅਤੇ ਤੂਫਾਨੀ ਰਾਤ ਸੀ’ ਬਹੁਤ ਮਸ਼ਹੂਰ ਹੋਇਆ ਸੀ।

ਜਲਵਾਯੂ ਇਕ ਰਾਕੇਟ ਸਾਇੰਸ ਨਹੀਂ ਹੈ। ਗਰਮ ਜਲਵਾਯੂ ਵਿਚ ਵਾਸ਼ਪੀਕਰਨ ਵੱਡੀ ਮਾਤਰਾ ਵਿਚ ਵਾਪਰਦਾ ਹੈ। ਖੁਸ਼ਕੀ ਪੈਦਾ ਹੋਣ ਕਰਕੇ ਅੱਗ ਜਲਦੀ ਅਤੇ ਸੁਖਾਲੀ ਲੱਗਣ ਦੀਆਂ ਮਾਰੂ ਘਟਨਾਵਾਂ ਵਾਪਰਦੀਆਂ ਹਨ। ਦਿਹਾਤੀ ਅਗਨ ਮੁਖੀ ਅਤੇ ਗਲੈੱਨ ਮੈਕਗਿਲਵਰੇ ਵਰਗੇ ਸਾਇੰਸਦਾਨ ਇਸੇ ਕਰਕੇ ਪਿਛਲੇ ਕਈ ਸਾਲਾਂ ਤੋਂ ਕੈਨੇਡਾ ਹੀ ਨਹੀਂ ਸਗੋਂ ਵਿਸ਼ਵ ਭਰ ਦੇ ਦੇਸ਼ਾਂ ਅਤੇ ਲੋਕਾਂ ਨੂੰ ਚਿਤਾਵਨੀ ਦਿੰਦੇ ਚਲੇ ਆ ਰਹੇ ਹਨ। ਅੱਜ ਸਾਡੀ ਜਲਵਾਯੂ ਗਰਮ ਹੋ ਰਹੀ ਹੈ। ਹਰ ਰੋਜ਼ ਹਜ਼ਾਰਾਂ ਅੱਗ ਲੱਗਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਜੂਨ 30 ਤੋਂ ਜੁਲਾਈ ਇਕ ਤਕ ਇਕ ਲੱਖ ਪਾਇਰੋਜੈਨਿਕ ਬਿਜਲੀ ਘਟਨਾਵਾਂ ਨੇ ਸਿਰਫ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਅਤੇ ਅਲਬਰਟਾ ਰਾਜਾਂ ਨੂੰ ਨਿਸ਼ਾਨਾ ਬਣਾਇਆ।

ਜਿਥੇ ਸੰਨ 2020 ਵਿਚ ਉੱਤਰ-ਪੱਛਮ ਪੈਸੇਫਿਕ ਖੇਤਰ ਵਿਚ ਬਰਬਾਦੀ ਭਰੀ ਅੱਗ ਨੇ ਕਹਿਰ ਢਾਹਿਆ ਉਥੇ 27 ਜੂਨ ਤੋਂ ਤਿੰਨ ਜੁਲਾਈ, 2021 ਦਰਮਿਆਨ ਇਕ ਹਫਤੇ ਵਿਚ ਕੈਲੀਫੋਰਨੀਆ (ਅਮਰੀਕਾ) ਤੋਂ ਬ੍ਰਿਟਿਸ਼ ਕੋਲੰਬੀਆ (ਕੈਨੇਡਾ) ਤਕ 49.6 ਦਰਜੇ ਸੈਂਟੀਗ੍ਰੇਡ ਗਰਮੀ ਨੇ ਇਸ ਇਲਾਕੇ ਨੂੰ ‘ਮੌਤ ਦੀ ਘਾਟੀ’ ਵਿਚ ਬਦਲ ਕੇ ਰੱਖ ਦਿਤਾ।

ਕੈਨੇਡੀਅਨ ਸਰਕਾਰਾਂ ਨੇ ਆਪਣੇ ਸ਼ਹਿਰਾਂ ਅਤੇ ਰਾਸ਼ਟਰ ਨੂੰ ਗਲੋਬਲ ਵਾਰਮਿੰਗ ਦੇ ਕਹਿਰ ਤੋਂ ਬਚਾਉਣ ਲਈ ਵੱਡੇ ਪੱਧਰ ’ਤੇ ਰੁੱਖ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੈ। ਕੈਨੇਡਾ ਦੇ ਤੇਜ਼ੀ ਨਾਲ ਹੋਏ ਸ਼ਹਿਰੀਕਰਨ ਲਈ ਇਹ ਅਤਿ ਜ਼ਰੂਰੀ ਸਮਝਿਆ ਗਿਆ ਹੈ। 154 ਸਾਲ ਪਹਿਲਾਂ ਕੈਨੇਡੀਅਨ ਕਨਫੈਡਰੇਸ਼ਨ ਵਿਚ 5 ਵਿਚੋਂ ਇਕ ਵਿਅਕਤੀ ਸ਼ਹਿਰਾਂ ਵਿਚ ਰਹਿੰਦਾ ਸੀ। ਦੂਸਰੀ ਵਿਸ਼ਵ ਜੰਗ ਤਕ ਅੱਧੀ ਆਬਾਦੀ ਸ਼ਹਿਰਾਂ ਅਤੇ ਅੱਧੀ ਪਿੰਡਾਂ ਵਿਚ ਵਸਣੀ ਸ਼ੁਰੂ ਹੋ ਗਈ। ਅੱਜ 5 ਵਿਚੋਂ ਇਕ ਕੈਨੇਡੀਅਨ ਦਿਹਾਤ ਵਿਚ ਰਹਿੰਦਾ ਹੈ। ਇਸੇ ਕਰਕੇ ਸ਼ਹਿਰੀ ਜੰਗਲਾਤ ਵਧਾਉਣ ਦੀ ਨੀਤੀ ਅਪਣਾਈ ਗਈ ਹੈ।

ਵਿਸ਼ਵ ਸਿਹਤ ਸੰਗਠਨ ਜਲਵਾਯੂ ਤਬਦੀਲੀ ਨੂੰ 21ਵੀ ਸਦੀ ਅੰਦਰ ਮਨੁੱਖੀ ਸਿਹਤ ਲਈ ਖਤਰਾ ਸਮਝਦਾ ਹੈ। ਡਾ. ਹਾਵਰਡ ‘ਫਨ ਇਨ ਦਾ ਸਨ’ ਨੂੰ ਬਹੁਤ ਖਤਰਨਾਕ ਸਮਝਦਾ ਹੈ। ਵੱਧ ਗਰਮੀ ਸਾਹ, ਚਮੜੀ, ਬਲੱਡ ਪ੍ਰੈਸ਼ਰ, ਸਟਰੋਕ, ਕਮਜ਼ੋਰੀ, ਥਕਾਵਟ, ਉਨੀਂਦਰਾ, ਬੇਚੈਨੀ ਸਬੰਧੀ ਬੀਮਾਰੀਆਂ ਦਾ ਕਾਰਨ ਬਣਦੀ ਹੈ। ਸੋ ਪੂਰੇ ਵਿਸ਼ਵ ਦੇ ਦੇਸ਼ਾਂ ਨੂੰ ਯੂ. ਐੱਨ. ਓ. ਅਤੇ ਇਲਾਕਾਈ ਸੰਗਠਨਾਂ ਰਾਹੀਂ ਵਿਸ਼ਵ ਮਾਨਵਤਾ, ਜੰਗਲੀ ਜਾਨਵਰਾਂ, ਪੰਛੀਆਂ, ਧਰਤੀ ਅਤੇ ਪਾਣੀ ਵਿਚ ਰਹਿਣ ਵਾਲੇ ਜੀਵਾਂ ਨੂੰ ਬਚਾਉਣ ਲਈ ਸਮਾਂਬੱਧ ਯੋਜਨਾਵਾਂ ਉਲੀਕਣੀਆਂ ਚਾਹੀਦੀਆਂ ਹਨ।

Bharat Thapa

This news is Content Editor Bharat Thapa