ਪ੍ਰਦੂਸ਼ਣ ’ਚ ਅਟਕੇ ਸਾਹ

11/08/2019 1:42:14 AM

ਦੇਵੀ ਚੇਰੀਅਨ

ਮੈਂ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਭਾਰਤ ਦੀ ਰਾਜਧਾਨੀ ’ਚ ਰਹਿੰਦੀ ਹਾਂ। ਹਾਲ ਹੀ ਦੇ ਪਲਾਂ ’ਚ ਭਾਰਤ ਨੂੰ ਦੁਨੀਆ ਭਰ ਵਿਚ ਸਭ ਤੋਂ ਵੱਧ ਤਰੱਕੀ ਕਰਨ ਵਾਲਾ ਦੇਸ਼ ਮੰਨਿਆ ਜਾ ਰਿਹਾ ਹੈ। ਰਾਜਧਾਨੀ ਦਾ ਦੂਜਾ ਨਾਂ ‘ਗੈਸ ਚੈਂਬਰ’ ਵੀ ਹੈ, ਜਿਥੇ ਮੈਂ ਆਪਣੀ 86 ਸਾਲਾ ਮਾਂ ਅਤੇ 4 ਪੋਤਿਆਂ-ਪੋਤੀਆਂ, ਜਿਨ੍ਹਾਂ ਦੀ ਉਮਰ 2 ਤੋਂ 9 ਸਾਲ ਦੇ ਦਰਮਿਆਨ ਹੈ, ਨਾਲ ਰਹਿੰਦੀ ਹਾਂ।

ਫਿਲਹਾਲ ਮੈਂ ਆਸਮਾਨ ਨੂੰ ਦੇਖ ਹੀ ਨਹੀਂ ਸਕਦੀ। ਆਪਣੀ ਕਾਰ ’ਚ ਬੈਠ ਕੇ ਮੈਂ ਅਗਾਂਹ ਦੀਆਂ 2 ਕਾਰਾਂ ਦੇ ਪਾਰ ਨਹੀਂ ਦੇਖ ਸਕਦੀ। ਮੈਂ ਮਜਬੂਰ ਹਾਂ। ਮੈਂ ਹੀ ਨਹੀਂ, ਇਥੇ ਰਹਿਣ ਵਾਲੇ ਲੱਗਭਗ 2 ਕਰੋੜ ਲੋਕ ਵੀ ਮਜਬੂਰ ਹਨ। ਸਾਰੇ ਵਿਦੇਸ਼ ਜਾਣ ਦਾ ਖਰਚਾ ਨਹੀਂ ਚੁੱਕ ਸਕਦੇ ਅਤੇ ਨਾ ਹੀ ਤਾਜ਼ੀ ਹਵਾ ਵਿਚ ਸਾਹ ਲੈਣ ਲਈ ਕਿਸੇ ਹਿਲ ਸਟੇਸ਼ਨ ’ਤੇ ਜਾ ਸਕਦੇ ਹਨ।

ਸਾਡੀਆਂ ਅੱਖਾਂ ’ਚ ਚੁਭਨ ਅਤੇ ਗਲੇ ’ਚ ਖਾਜ ਹੁੰਦੀ ਹੈ। ਇਸ ਪ੍ਰਦੂਸ਼ਣ ਕਾਰਣ ਚਮੜੀ ਦੇ ਰੋਗ ਵੀ ਹੋ ਚੁੱਕੇ ਹਨ। ਯਕੀਨ ਨਹੀਂ ਹੁੰਦਾ ਕਿ ਅਸੀਂ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਵਿਚ ਰਹਿੰਦੇ ਹਾਂ। ਮੇਰੇ ਕੋਲ ਕੋਈ ਉਪਾਅ ਨਹੀਂ ਅਤੇ ਇਹ 4 ਵੱਖ-ਵੱਖ ਸਰਕਾਰਾਂ ਦੇ ਮੁਖੀਆਂ ਦੇ ਹੱਥਾਂ ਵਿਚ ਹੈ। ਦਿੱਲੀ ਵਿਚ ‘ਆਪ’, ਯੂ. ਪੀ.’ਚ ਯੋਗੀ ਸਰਕਾਰ, ਪੰਜਾਬ ’ਚ ਕਾਂਗਰਸ ਅਤੇ ਹਰਿਆਣਾ ਵਿਚ ਭਾਜਪਾ ਦੀਆਂ ਸਰਕਾਰਾਂ ਹਨ। ਸਪੱਸ਼ਟ ਤੌਰ ’ਤੇ ਇਹ ਬਹੁਤ ਮੁਸ਼ਕਿਲ ਕੰਮ ਹੈ ਕਿ ਕਿਸੇ ਵੀ ਤਰ੍ਹਾਂ ਦੇ ਉਪਾਅ ਲੱਭੇ ਜਾਣ। ਕੋਈ ਅਜਿਹਾ ਉਪਾਅ ਲੱਭਿਆ ਜਾਵੇ, ਜੋ ਤਿੰਨਾਂ ਸੂਬਿਆਂ ਦੀਆਂ ਸਰਕਾਰਾਂ ਨੂੰ ਪਸੰਦ ਆਵੇ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਨਾਲ ਕਿਸੇ ਤਰ੍ਹਾਂ ਦਾ ਵਿਵਾਦ ਨਹੀਂ ਚਾਹੁੰਦੇ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਮਜਬੂਰ ਅਤੇ ਦਬਾਅ ਵਿਚ ਹਨ ਕਿਉਂਕਿ ਉਥੇ ਕੁਝ ਮਹੀਨਿਆਂ ਬਾਅਦ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਉਨ੍ਹਾਂ ਨੂੰ ਸਮਝ ਨਹੀਂ ਆ ਰਹੀ ਕਿ ਕੀ ਕਰਨ ਅਤੇ ਕੀ ਨਾ ਕਰਨ?

ਪ੍ਰਧਾਨ ਮੰਤਰੀ ਪ੍ਰਦੂਸ਼ਣ ਦੀ ਗੱਲ ਕਿਉਂ ਨਹੀਂ ਕਰਦੇ

ਦਿੱਲੀ ਵਿਚ ਹਰੇਕ ਸਕੂਲ ਏਅਰ ਪਿਊਰੀਫਾਇਰ ਦਾ ਖਰਚਾ ਨਹੀਂ ਚੁੱਕ ਸਕਦਾ। ਉਥੇ ਸਕੂਲ ਪ੍ਰਦੂਸ਼ਣ ਕਾਰਣ ਬੰਦ ਕਰ ਦਿੱਤੇ ਗਏ, ਜਿਨ੍ਹਾਂ ਨਾਲ ਬੱਚਿਆਂ ਦੀ ਪੜ੍ਹਾਈ ’ਤੇ ਬੁਰਾ ਅਸਰ ਪੈ ਰਿਹਾ ਹੈ। ਕੇਂਦਰ ਸਰਕਾਰ ਕਿਉਂ ਨਹੀਂ ਹਰੇਕ ਮੈਂਬਰ ਨੂੰ ਆਪਸ ਵਿਚ ਜੋੜਦੀ ਅਤੇ ਇਸ ਮਸਲੇ ਨੂੰ ਹੱਲ ਕਰਨ ਦਾ ਬਦਲ ਲੱਭਦੀ, ਜੋ ਕਿ ਅੱਜ ਪਖਾਨੇ ਬਣਾਉਣ ਨਾਲੋਂ ਜ਼ਿਆਦਾ ਜ਼ਰੂਰੀ ਹੋ ਗਿਆ ਹੈ।

ਸਾਡੇ ਰਾਜਨੇਤਾ ਇਸ ਖਿੱਚੋਤਾਣ ਵਿਚ ਹਨ ਕਿ ਮਹਾਰਾਸ਼ਟਰ ਅਤੇ ਹੋਰ ਸੂਬਿਆਂ ਵਿਚ ਆਖਿਰ ਮੁੱਖ ਮੰਤਰੀ ਕੌਣ ਬਣੇਗਾ? ਦੂਜੇ ਪਾਸੇ ਪ੍ਰਧਾਨ ਮੰਤਰੀ ‘ਸਵੱਛ ਭਾਰਤ’ ਦੀ ਗੱਲ ਕਰਦੇ ਹਨ, ਔਰਤਾਂ ਲਈ ਪਖਾਨਿਆਂ ਅਤੇ ਯੋਗਾ ਦੀ ਗੱਲ ਕਰਦੇ ਹਨ ਪਰ ਇਹ ਗੱਲਾਂ ਉਦੋਂ ਤਕ ਫਜ਼ੂਲ ਹਨ, ਜਦੋਂ ਤਕ ਦੇਸ਼ ਵਿਚ ਹਵਾ ਸਾਫ ਨਹੀਂ ਅਤੇ ਸਾਹ ਲੈਣ ਦੇ ਕਾਬਿਲ ਨਹੀਂ।

ਦੁਨੀਆ ਭਰ ਵਿਚ ਸਾਰਿਆਂ ਦਾ ਇਹੋ ਕਹਿਣਾ ਹੈ ਕਿ ਭਾਰਤ ਦੀ ਰਾਜਧਾਨੀ ਦੀ ਯਾਤਰਾ ਕਰਨਾ ਖਤਰਨਾਕ ਹੈ, ਇਸ ਲਈ ਆਪਣੀ ਯਾਤਰਾ ਨੂੰ ਟਾਲ ਦਿੱਤਾ ਜਾਵੇ। ਇਸ ਸਾਲ ਦੀਵਾਲੀ ’ਤੇ ਇੰਨੇ ਜ਼ਿਆਦਾ ਪਟਾਕੇ ਵੀ ਨਹੀਂ ਚੱਲੇ। ਸਕੂਲਾਂ ਨੇ ਬੱਚਿਆਂ ਦਾ ਧਿਆਨ ਇਸ ਤਰ੍ਹਾਂ ਲਗਾਇਆ ਕਿ ਬੱਚੇ ਪਟਾਕੇ ਨਾ ਚਲਾਉਣ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝਣ। ਇਥੇ ਵੱਡੀ ਦਿੱਕਤ ਰਾਜਧਾਨੀ ਦੇ ਆਲੇ-ਦੁਆਲੇ ਖੇਤਾਂ ਵਿਚ ਝੋਨੇ ਦੀ ਪਰਾਲੀ ਸਾੜਨ ਦੀ ਹੈ।

ਕੇਂਦਰ ਸਰਕਾਰ ਸਾਰੇ ਸੂਬਿਆਂ ਨੂੰ ਤਾਂ ਹੀ ਜ਼ਿਆਦਾ ਗਰਾਂਟਾਂ ਦੇ ਕੇ ਉਨ੍ਹਾਂ ਦੀ ਮਦਦ ਕਰ ਸਕਦੀ ਹੈ, ਜੇ ਅੰਦਰਲੀ ਸਿਆਸਤ ’ਤੇ ਰੋਕ ਲੱਗੇ। ਕੇਂਦਰ ਸਰਕਾਰ ਰਾਤੋ-ਰਾਤ ਨਵੇਂ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਗਠਨ ਕਰ ਸਕਦੀ ਹੈ, ਪ੍ਰਧਾਨ ਮੰਤਰੀ ‘ਸਵੱਛ ਭਾਰਤ’, ਯੋਗਾ ਕੈਂਪ, ਸਟਾਰਟਅਪ ਅਤੇ ਹੋਰ ਵੱਖ-ਵੱਖ ਯੋਜਨਾਵਾਂ ’ਤੇ ਕਰੋੜਾਂ ਰੁਪਏ ਖਰਚ ਕਰ ਸਕਦੇ ਹਨ, ਤਾਂ ਅਸੀਂ ਵੀ ਇਹ ਕਾਮਨਾ ਕਰਦੇ ਹਾਂ ਕਿ ਕੌਮੀ ਰਾਜਧਾਨੀ ਦਿੱਲੀ ’ਚ ਪ੍ਰਦੂਸ਼ਣ ਕਾਰਣ ਅਟਕੇ ਸਾਹਾਂ ਨੂੰ ਸਾਫ-ਸੁਥਰੀ ਹਵਾ ਦੇਣ ਲਈ ਮਦਦ ਕੀਤੀ ਜਾਵੇ ਤਾਂ ਕਿ ਆਉਣ ਵਾਲੀ ਪੀੜ੍ਹੀ ਖੁੱਲ੍ਹੀ ਅਤੇ ਸ਼ੁੱਧ ਹਵਾ ਵਿਚ ਸਾਹ ਲੈ ਸਕੇ।

ਮੀਡੀਆ ਦਾ ਯੋਗਦਾਨ

ਮੀਡੀਆ ਵੀ ਟੀ. ਵੀ. ਉੱਤੇ ਲਗਾਤਾਰ ਇਹ ਪ੍ਰਚਾਰ ਕਰ ਰਿਹਾ ਹੈ ਕਿ ਪ੍ਰਦੂਸ਼ਣ ਵਾਲੀ ਹਵਾ ਸਾਡੇ ਫੇਫੜਿਆਂ ਲਈ ਕਿੰਨੀ ਖਤਰਨਾਕ ਹੈ। ਮੇਰੀ ਮਾਂ ਦੀਆਂ 2 ਓਪਨ ਹਾਰਟ ਸਰਜਰੀਆਂ ਹੋ ਚੁੱਕੀਆਂ ਹਨ, ਮੇਰੇ ਪੋਤੇ-ਪੋਤੀਆਂ ਦੀਆਂ ਅੱਖਾਂ ’ਚੋਂ ਪਾਣੀ ਨਿਕਲਦਾ ਰਹਿੰਦਾ ਹੈ, ਉਨ੍ਹਾਂ ਦਾ ਨੱਕ ਵਗਦਾ ਰਹਿੰਦਾ ਹੈ, ਜਦੋਂ ਉਹ ਸਾਹ ਲੈਂਦੇ ਹਨ ਤਾਂ ਉਨ੍ਹਾਂ ਦੀ ਛਾਤੀ ’ਚੋਂ ਆਵਾਜ਼ ਆਉਂਦੀ ਹੈ। ਅਜਿਹਾ ਲੱਗਦਾ ਹੈ ਜਿਵੇਂ ਉਹ ਹਰੇਕ ਸਾਹ ਲੈਣ ਲਈ ਜੂਝਦੇ ਹੋਣ। ਕਿਸੇ ਵੀ ਤਰ੍ਹਾਂ ਦੀ ਚਿੰਤਾ ਇਸ ਹੰਗਾਮੀ ਸਥਿਤੀ ਦਾ ਹੱਲ ਨਹੀਂ ਕਰ ਸਕਦੀ। ਸਾਡੇ ਕੋਲ ਦਿੱਲੀ ਵਿਚ ਕਾਫੀ ਹਰਿਆਲੀ ਹੈ, ਸਾਡੇ ਕੋਲ ਕਾਫੀ ਪੜ੍ਹੇ-ਲਿਖੇ ਲੋਕ ਹਨ,ਜੋ ਇਸ ਦਾ ਅਰਥ ਸਮਝ ਸਕਦੇ ਹਨ। ਸਾਡੇ ਕੋਲ ਸਰਕਾਰ ਹੈ, ਜੋ ਇਸ ਮੁਸ਼ਕਿਲ ’ਤੇ ਕਾਬੂ ਪਾ ਸਕਦੀ ਹੈ।

ਮੈਨੂੰ ਅਫਸੋਸ ਹੈ ਕਿ ਸੜਕ ’ਤੇ ਖੜ੍ਹੇ ਪੁਲਸ ਮੁਲਾਜ਼ਮਾਂ, ਸੜਕ ’ਤੇ ਦੋਪਹੀਆ ਵਾਹਨ ਚਲਾਉਣ ਵਾਲਿਆਂ, ਆਟੋਰਿਕਸ਼ਾ ਵਾਲਿਆਂ ਕੋਲ ਇਸ ਮੁਸ਼ਕਿਲ ਨਾਲ ਜੂਝਣ ਤੋਂ ਇਲਾਵਾ ਕੋਈ ਚਾਰਾ ਨਹੀਂ। ਲੋਕ ਕਿੰਨੀਆਂ ਬੀਮਾਰੀਆਂ ਨਾਲ ਜੂਝ ਰਹੇ ਹਨ। ਆਖਿਰ ਸਾਡੇ ਛੋਟੇ-ਛੋਟੇ ਬੱਚਿਆਂ ਦਾ ਭਵਿੱਖ ਕੀ ਹੋਵੇਗਾ? ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਅਜਿਹੇ ਵਾਤਾਵਰਣ ਵਿਚ ਸਿਗਰਟ ਨਾ ਪੀਣ ਵਾਲਿਆਂ ਨੂੰ ਵੀ ਲੱਗਦਾ ਹੈ ਜਿਵੇਂ ਉਹ ਰੋਜ਼ਾਨਾ 2 ਪੈਕੇਟ ਸਿਗਰਟਾਂ ਦੇ ਪੀ ਰਹੇ ਹੋਣ। ਇਹ ਇਨਸਾਨੀਅਤ ਦਾ ਆਪਣੇ ਸਹਿਯੋਗੀ ਨਾਗਰਿਕਾਂ ਪ੍ਰਤੀ ਇਕ ਸ਼ਰਮਨਾਕ ਰਵੱਈਆ ਹੈ।

ਪੰਜਾਬ, ਹਰਿਆਣਾ, ਯੂ. ਪੀ. ਅਤੇ ਦਿੱਲੀ ਲਈ ਚੰਗਾ ਹੋਵੇਗਾ, ਜੇ ਦੇਸ਼ ਦੇ ਉੱਚ ਅਧਿਕਾਰੀ ਇਸ ਦਾ ਛੇਤੀ ਹੱਲ ਲੱਭਣ। ਇਹ ਪ੍ਰਦੂਸ਼ਣ ਆਮ ਲੋਕਾਂ ਦੀ ਜਾਂ ਅਧਿਕਾਰੀਆਂ ਦੀ ਲਾਪਰਵਾਹੀ ਕਾਰਣ ਨਹੀਂ, ਸਗੋਂ ਉਨ੍ਹਾਂ ਹਜ਼ਾਰਾਂ ਕਿਸਾਨਾਂ ਦੀ ਲਾਪਰਵਾਹੀ ਨਾਲ ਫੈਲ ਰਿਹਾ ਹੈ, ਜਿਨ੍ਹਾਂ ਨੂੰ ਸਰਕਾਰ ਕਾਫੀ ਸਹੂਲਤਾਂ ਨਹੀਂ ਦੇ ਰਹੀ ਅਤੇ ਨਾ ਹੀ ਕੋਈ ਹੱਲ ਲੱਭ ਰਹੀ ਹੈ। ਸਰਕਾਰਾਂ ਨੂੰ ਗੁਜ਼ਾਰਿਸ਼ ਹੈ ਕਿ ਕ੍ਰਿਪਾ ਕਰ ਕੇ ਸਾਹ ਲੈਣ ਵਿਚ ਸਾਡੀ ਮਦਦ ਕੀਤੀ ਜਾਵੇ। ਲੋਕਾਂ ਨੂੰ ਵੀ ਗੁਜ਼ਾਰਿਸ਼ ਹੈ ਕਿ ਉਹ ਵੱਧ ਤੋਂ ਵੱਧ ਰੁੱਖ ਲਾਉਣ।

ਛੋਟੇ ਬੱਚੇ ਵੀ ਬਣ ਰਹੇ ਨੇ ਦਮੇ ਦੇ ਮਰੀਜ਼

ਮੈਨੂੰ ਦਮੇ ਦੇ ਰੋਗੀਆਂ ਲਈ ਵੀ ਅਫਸੋਸ ਹੈ ਪਰ ਹੁਣ ਤਾਂ ਪ੍ਰਦੂਸ਼ਣ ਕਾਰਣ ਛੋਟੇ-ਛੋਟੇ ਬੱਚੇ ਵੀ ਦਮੇ ਦੇ ਮਰੀਜ਼ ਬਣ ਰਹੇ ਹਨ। ਲੋਕ ਏਅਰ ਪਿਊਰੀਫਾਇਰ ਨੂੰ ਬਰਦਾਸ਼ਤ ਕਰ ਸਕਦੇ ਹਨ ਪਰ ਬਾਜ਼ਾਰ ਵਿਚ ਫਿਲਟਰ ਮੁਹੱਈਆ ਨਹੀਂ ਹੈ। ਮੈਨੂੰ ਉਮੀਦ ਹੈ ਕਿ ਸਰਕਾਰਾਂ ਕੋਈ ਸਮਝਦਾਰੀ ਦਿਖਾਉਣਗੀਆਂ। ਮੈਂ ਕਿਸੇ ਸਮੇਂ ਆਪਣੇ ਸ਼ਹਿਰ ’ਤੇ ਮਾਣ ਮਹਿਸੂਸ ਕਰਦੀ ਸੀ ਕਿਉਂਕਿ ਇਹ ਦੁਨੀਆ ਵਿਚ ‘ਗ੍ਰੀਨ ਕੈਪੀਟਲ’ ਸੀ ਪਰ ਅੱਜ ਇਹ ਡਰ ਹੈ ਕਿ ਇਥੇ ਕੋਈ ਤੁਹਾਡੇ ਗਲੇ ’ਚੋਂ ਚੇਨ ਧੂਹ ਲਵੇਗਾ, ਤੁਹਾਡੀ ਕਾਰ ਦੀ ਖਿੜਕੀ ਜਾਂ ਦਰਵਾਜ਼ਾ ਤੋੜ ਦਿੱਤਾ ਜਾਵੇਗਾ ਅਤੇ ਤੁਹਾਡਾ ਬੈਗ ਉਡਾ ਲਿਆ ਜਾਵੇਗਾ।

ਪਰ ਤੁਹਾਡੀ ਸਿਹਤ ਦੇ ਡਰ ਤੋਂ ਵੱਡਾ ਕੁਝ ਵੀ ਨਹੀਂ, ਜੋ ਤੁਹਾਡਾ ਜੀਵਨ ਹੀ ਤੁਹਾਡੇ ਤੋਂ ਖੋਹ ਲਵੇਗਾ। ਡਾਕਟਰੀ ਇਲਾਜ ਵੀ ਕੋਈ ਸਸਤਾ ਨਹੀਂ।

(devi@devicherian.com)

Bharat Thapa

This news is Content Editor Bharat Thapa