ਭਾਰਤ ਰਤਨ : ਅਟਲ ਬਿਹਾਰੀ ਵਾਜਪਾਈ ਅੱਜ 95ਵੀਂ ਜੈਅੰਤੀ ’ਤੇ ਵਿਸ਼ੇਸ਼

12/25/2019 1:34:36 AM

ਰਾਜਕੁਮਾਰ ਗੁਪਤਾ

ਕਿੱਥੋਂ ਸ਼ੁਰੂ ਕਰਾਂ, ਉਸ ਅਟਲ ਜੀ ਤੋਂ ਜੋ ਸਿਆਸੀ ਸੁੱਚਤਾ ਦੇ ਇਕੋ-ਇਕ ਪ੍ਰਤੀਕ ਬਣ ਕੇ ਭਾਰਤੀ ਰਾਜਨੀਤੀ ਦੇ ਆਕਾਸ਼ ’ਤੇ ਕਿਸੇ ਤਾਰੇ ਵਾਂਗ ਟਿਮਟਿਮਾ ਰਹੇ ਹਨ ਜਾਂ ਉਸ ਕਵੀ ਹਿਰਦੇ ਅਟਲ ਜੀ ਤੋਂ, ਜਿਨ੍ਹਾਂ ਦੀਆਂ ਕਵਿਤਾਵਾਂ ਸੁਣ ਕੇ ਹਨੇਰਾ ਰਾਹ ਵੀ ਰੁਸ਼ਨਾ ਉੱਠਦਾ ਹੈ। ਉਸ ਅਟਲ ਜੀ ਤੋਂ, ਵਿਚਾਰਕ ਭਿੰਨਤਾ ਦੇ ਬਾਵਜੂਦ ਆਲੋਚਕ ਵੀ ਜਿਨ੍ਹਾਂ ਦੇ ਸਾਹਮਣੇ ਝੁਕ ਜਾਂਦੇ ਸਨ ਜਾਂ ਉਸ ਅਟਲ ਜੀ ਤੋਂ, ਜੋ ਵਿਸ਼ਵ ਭਰਾਤਾ ਦੇ ਚਿਰਦਰਸ਼ਨ ਦੇ ਸਾਕਾਰ ਸਰੂਪ ਸਨ।

ਮਨੁੱਖੀ ਜੀਵਨ ਦੀ ਇਕ ਜ਼ਰੂਰਤ ਹੈ, ਇਹ ਕਦੇ ਨਾ ਕਦੇ, ਕਿਤੇ ਨਾ ਕਿਤੇ ਜਾ ਕੇ ਰੁਕਦੀ ਹੈ। ਇਨ੍ਹਾਂ ਵਿਚ ਕੁਝ ਲੋਕ ਅਜਿਹੇ ਹੁੰਦੇ ਹਨ, ਜੋ ਕਾਲ ਦੇ ਮਹਾਸਾਗਰ ’ਚ ਕਿਤੇ ਵਿਲੀਨ ਹੋ ਜਾਂਦੇ ਹਨ, ਇਨ੍ਹਾਂ ਵਿਚ ਕੁਝ ਅਜਿਹੇ ਵੀ ਮਹਾਮਾਨਵ ਹੁੰਦੇ ਹਨ, ਜੋ ਆਪਣੇ ਜੀਵਨਕਾਲ ਵਿਚ ਹੀ ਇਕ ਮਿੱਥਕ ਬਣ ਜਾਂਦੇ ਹਨ। ਕਰੋੜਾਂ ਜੀਵਨ, ਜਿਨ੍ਹਾਂ ਦੇ ਮਹਾਨ ਕੰਮਾਂ ਨਾਲ ਸੁੱਖ ਅਤੇ ਸ਼ਾਂਤੀ ਪ੍ਰਾਪਤ ਕਰਦੇ ਹਨ, ਕਰੋੜਾਂ ਚਿਹਰਿਆਂ ’ਤੇ ਜੋ ਕੀਮਤੀ ਮੁਸਕਰਾਹਟ ਦਿੰਦੇ ਹਨ। ਜਿਨ੍ਹਾਂ ਦੇ ਮਹਾਨ ਕੰਮਾਂ ਨੂੰ ਸੰਪੂਰਨ ਰਾਸ਼ਟਰ ਨਮਨ ਕਰਦਾ ਹੈ ਅਤੇ ਜੋ ਜਿਊਂਦੇ ਰਹਿੰਦੇ ਹੀ ਅਕਸਰ ਪੂਜਣਯੋਗ ਹੋ ਜਾਂਦੇ ਹਨ। ਮਹਾਮਾਨਵ ਅਟਲ ਬਿਹਾਰੀ ਵਾਜਪਾਈ ਵੀ ਉਨ੍ਹਾਂ ਸ੍ਰੇਸ਼ਠ ਮਹਾਪੁਰਸ਼ਾਂ ’ਚੋਂ ਇਕ ਸਨ। ਅੱਜ ਤੋਂ ਲੱਗਭਗ 8 ਦਹਾਕੇ ਪਹਿਲਾਂ ਜਦੋਂ ਉਨ੍ਹਾਂ ਨੇ ਆਪਣੀ ਜੀਵਨ ਯਾਤਰਾ ਦੀ ਸ਼ੁਰੂਆਤ ਕੀਤੀ ਸੀ ਤਾਂ ਕੋਈ ਨਹੀਂ ਜਾਣਦਾ ਸੀ ਕਿ ਉਹ ਆਪਣੇ ਜੀਵਨ-ਫਰਜ਼ਾਂ ਦੇ ਰਾਹ ’ਤੇ ਚੱਲਦੇ ਹੋਏ ਇਕ ਦਿਨ ਉਸ ਮੰਜ਼ਿਲ ਤਕ ਪਹੁੰਚ ਜਾਣਗੇ, ਜਿੱਥੇ ਪਹੁੰਚ ਕੇ ਮਨੁੱਖ ਸਾਧਾਰਨ ਮਾਨਵ ਤੋਂ ਮਹਾਮਾਨਵ ਬਣ ਜਾਂਦਾ ਹੈ। ਜਿੱਥੇ ਜੀਵਨ ਇੰਨਾ ਵਿਸਥਾਰਿਤ ਹੋ ਜਾਂਦਾ ਹੈ ਕਿ ਉਹ ਖ਼ੁਦ ਦੀ ਹੱਦ ਲੰਘ ਕੇ ਸਿਖਰਾਂ ਦੀ ਹੱਦ ਵਿਚ ਪ੍ਰਵੇਸ਼ ਕਰ ਜਾਂਦਾ ਹੈ। ਜਿੱਥੇ ਜੀਵਨ ਆਪਣਾ ਨਹੀਂ ਰਹਿ ਜਾਂਦਾ, ਸਗੋਂ ਸ੍ਰਿਸ਼ਟੀ ਦੇ ਸਾਰੇ ਪ੍ਰਾਣੀਆਂ ਲਈ ਸਮਰਪਿਤ ਹੋ ਜਾਂਦਾ ਹੈ। ਅਟਲ ਜੀ ਨੇ ਉਸੇ ਸਿਖਰ-ਹੱਦ ਨੂੰ ਛੂਹਿਆ ਹੈ।

ਉਨ੍ਹਾਂ ਨੇ ਖ਼ੁਦ ਆਪਣੇ ਜੀਵਨ ਲਈ ਕਦੇ ਕੋਈ ਰਾਹ ਨਿਰਧਾਰਿਤ ਨਹੀਂ ਕੀਤਾ। ਉਨ੍ਹਾਂ ਦਾ ਬਸ ਇਕ ਹੀ ਮਾਰਗ ਸੀ ਜਨ-ਕਲਿਆਣ। ਜਨ-ਕਲਿਆਣ ਦੇ ਰਾਹ ’ਤੇ ਚੱਲਦੇ-ਚੱਲਦੇ ਕਿਸਮਤ ਨੇ ਉਨ੍ਹਾਂ ਨੂੰ ਜਿੱਥੇ ਮੋੜਿਆ, ਉਹ ਮੁੜ ਗਏ। ‘ਰਾਰ ਨਹੀਂ ਠਾਨੂੰਗਾ, ਹਾਰ ਨਹੀਂ ਮਾਨੂੰਗਾ’ ਅਾਪਣੇ ਰਾਹ ’ਤੇ ਲਗਾਤਾਰ ਯਾਤਰਾ; ਕੋਈ ਜ਼ਿੱਦ ਨਹੀਂ, ਕੋਈ ਸੰਘਰਸ਼ ਨਹੀਂ, ਬਸ ਕਿਸਮਤ ਦੀ ਇੱਛਾ ਹੀ ਸਭ ਤੋਂ ਉਪਰ ਸੀ ਉਨ੍ਹਾਂ ਲਈ। ਅਜਿਹਾ ਸਿਰਫ ਉਹੀ ਮਨੁੱਖ ਕਰ ਸਕਦਾ ਹੈ, ਜੋ ਇਹ ਜਾਣਦਾ ਹੋਵੇ ਕਿ ਮੇਰੀ ਮੰਜ਼ਿਲ ਕਿੱਥੇ ਹੈ? ਮੇਰਾ ਟੀਚਾ ਕੀ ਹੈ? ਮੈਂ ਕਿੱਥੇ ਪਹੁੰਚਣਾ ਹੈ?

ਉਹ ਸ੍ਰੇਸ਼ਠ ਕਵਿਤਾ ਲਿਖਦੇ ਸਨ ਪਰ ਉਨ੍ਹਾਂ ਨੇ ਕਦੇ ਕਵੀ ਨਹੀਂ ਬਣਨਾ ਚਾਹਿਆ। ਕਵਿਤਾ ਉਨ੍ਹਾਂ ਲਈ ਮਾਂ ਸਰਸਵਤੀ ਦਾ ਵਰਦਾਨ ਸੀ, ਜੋ ਉਨ੍ਹਾਂ ਦੇ ਬੁੱਲ੍ਹਾਂ ਤੋਂ ਆਪਣੇ ਆਪ ਫੁੱਟ ਪੈਂਦੀ ਸੀ। ਇਸੇ ਲਈ ਉਨ੍ਹਾਂ ਨੇ ਆਪਣੀਆਂ ਕਵਿਤਾਵਾਂ ਨੂੰ ਆਪਣੇ ਦਿਲ ਦੀਆਂ ਅਣਕਹੀਆਂ ਭਾਵਨਾਵਾਂ ਜ਼ਾਹਿਰ ਕਰਨ ਦਾ ਮਾਧਿਅਮ ਬਣਾ ਲਿਆ। ਉਹ ਕਾਨੂੰਨ ਦੇ ਇਕ ਬਹੁਤ ਚੰਗੇ ਵਿਦਿਆਰਥੀ ਸਨ ਪਰ ਇਕ ਸਾਲ ਕਾਨੂੰਨ ਦੀ ਪੜ੍ਹਾਈ ਕਰਨ ਤੋਂ ਬਾਅਦ ਉਸ ਨੂੰ ਛੱਡ ਦਿੱਤਾ ਕਿਉਂਕਿ ਰਾਸ਼ਟਰ ਉਨ੍ਹਾਂ ਨੂੰ ਆਵਾਜ਼ ਦੇ ਰਿਹਾ ਸੀ। ਉਨ੍ਹਾਂ ਨੇ ਕਦੇ ਖ਼ੁਦ ਦੀ ਚਿੰਤਾ ਵਿਚ ਸਮਾਂ ਨਹੀਂ ਗੁਆਇਆ। ਸ਼ਾਇਦ ਇਹੀ ਕਾਰਣ ਸੀ ਕਿ ਉਹ ਜ਼ਿੰਦਗੀ ਭਰ ਅਣਵਿਆਹੇ ਰਹੇ, ਜਿਸ ਨੇ ਆਪਣਾ ਸਾਰਾ ਜੀਵਨ ਰਾਸ਼ਟਰ ਦੇ ਚਰਨਾਂ ਵਿਚ ਸਮਰਪਿਤ ਕਰ ਦਿੱਤਾ ਹੋਵੇ, ਉਹ ਖ਼ੁਦ ਦੇ ਜੀਵਨ ਨਾਲ ਜੁੜੇ ਫਰਜ਼ਾਂ ਨੂੰ ਮੁਕੰਮਲ ਕਰਨ ਵਿਚ ਸ਼ਾਇਦ ਸਮਰੱਥ ਵੀ ਨਹੀਂ ਹੁੰਦਾ।

ਰਾਜਨੀਤੀ ਵੀ ਉਨ੍ਹਾਂ ਲਈ ਕਿਸੇ ਅਹੁਦੇ ਤਕ ਪਹੁੰਚਣ ਦਾ ਮਾਰਗ ਨਹੀਂ ਰਹੀ। ਅਹੁਦੇ ਦੀ ਪਰਵਾਹ ਉਨ੍ਹਾਂ ਨੂੰ ਸੀ ਵੀ ਕਿੱਥੇ? ਉਨ੍ਹਾਂ ਨੇ ਆਪਣੇ ਲਈ ਕੁਝ ਚਾਹਿਆ ਹੀ ਕਦੋਂ? ਉਨ੍ਹਾਂ ਨੇ ਜਦੋਂ ਇਹ ਦੇਖਿਆ ਕਿ ਕੋਈ ਵਿਅਕਤੀ ਰਾਸ਼ਟਰ ਦੇ ਨਾਲ ਅਨਿਆਂ ਕਰ ਰਿਹਾ ਹੈ ਤਾਂ ਉਨ੍ਹਾਂ ਨੇ ਵਿਰੋਧ ਕਰਨ ਵਿਚ ਕੋਈ ਕੁਤਾਹੀ ਨਹੀਂ ਵਰਤੀ, ਭਾਵੇਂ ਉਹ ਵਿਅਕਤੀ ਕੋਈ ਵੀ ਰਿਹਾ ਹੋਵੇ ਅਤੇ ਜਦੋਂ ਉਨ੍ਹਾਂ ਨੂੰ ਇਹ ਲੱਗਾ ਕਿ ਸੱਤਾ ਨੇ ਦੇਸ਼ ਲਈ ਚੰਗਾ ਕੰਮ ਕੀਤਾ ਹੈ ਤਾਂ ਸੱਤਾ ਭਾਵੇਂ ਜਿਸ ਦੀ ਵੀ ਰਹੀ ਹੋਵੇ, ਉਸ ਦੀ ਸ਼ਲਾਘਾ ਵੀ ਖੁੱਲ੍ਹੇ ਦਿਲ ਨਾਲ ਕੀਤੀ।

ਜੋ ਜਿਤਨਾ ਊਂਚਾ ਹੋਤਾ ਹੈ

ਉਤਨਾ ਹੀ ਏਕਾਕੀ ਹੋਤਾ ਹੈ

ਹਰ ਭਾਰ ਕੋ ਸਵੈਮ ਹੀ ਢੋਤਾ ਹੈ।

ਉਨ੍ਹਾਂ ਨੇ ਕਦੇ ਸੱਤਾ ਜਾਂ ਅਹੁਦੇ ਲਈ ਆਪਣੇ ਵਿਚਾਰਾਂ ਨੂੰ ਤਬਦੀਲ ਕਰਨ ਦਾ ਯਤਨ ਨਹੀਂ ਕੀਤਾ। ਉਨ੍ਹਾਂ ਨੇ ਹਮੇਸ਼ਾ ਇਸ ਗੱਲ ਦਾ ਧਿਆਨ ਰੱਖਿਆ ਕਿ ਰਾਜਨੀਤੀ ਦੇ ਕਾਰਣ ਨੈਤਿਕ ਸੁੱਚਤਾ ਅਤੇ ਮਰਿਆਦਾ ਭੰਗ ਨਾ ਹੋਵੇ, ਸਗੋਂ ਉਨ੍ਹਾਂ ਨੇ ਨੈਤਿਕਤਾ ਅਤੇ ਮਰਿਆਦਾ ਨੂੰ ਆਪਣੀ ਰਾਜਨੀਤੀ ਦਾ ਇਕ ਹਿੱਸਾ ਮੰਨਿਆ। ਰਾਮ ਜਨਮ ਭੂਮੀ ਅੰਦੋਲਨ ਦੇ ਸਮੇਂ ਰੱਥ ਯਾਤਰਾ ਲਈ ਨਿਕਲ ਰਹੇ ਅਡਵਾਨੀ ਜੀ ਨੂੰ ਉਨ੍ਹਾਂ ਨੇ ਬਸ ਇੰਨਾ ਹੀ ਕਿਹਾ ਸੀ, ‘‘ਧਿਆਨ ਰੱਖਣਾ, ਤੁਸੀਂ ਅਯੁੱਧਿਆ ਜਾ ਰਹੇ ਹੋ, ਲੰਕਾ ਨਹੀਂ।’’ ਇਸ ਇਕ ਲਾਈਨ ਵਿਚ ਉਨ੍ਹਾਂ ਨੇ ਉਹ ਸਭ ਕਹਿ ਦਿੱਤਾ ਸੀ, ਜੋ ਇਸ ਅੰਦੋਲਨ ਦੀ ਮਰਿਆਦਾ ਦੀ ਰੱਖਿਆ ਲਈ ਜ਼ਰੂਰੀ ਸੀ।

ਆਪਣੇ ਪ੍ਰਧਾਨ ਮੰਤਰੀ ਹੋਣ ਸਮੇਂ ਉਨ੍ਹਾਂ ਨੇ ਰਾਸ਼ਟਰ ਦੇ ਵਿਕਾਸ ਲਈ ਆਪਣਾ ਸਾਰਾ ਜ਼ੋਰ ਲਾ ਦਿੱਤਾ। ਸ਼ਾਂਤੀ ਸਥਾਪਿਤ ਕਰਨ ਲਈ ਉਹ ਖ਼ੁਦ ਬੱਸ ਲੈ ਕੇ ਲਾਹੌਰ ਵੀ ਗਏ ਸਨ।

ਜੂਨ 2018 ਵਿਚ ਉਹ ਬਹੁਤ ਬੀਮਾਰ ਹੋ ਗਏ। ਉਨ੍ਹਾਂ ਨੂੰ ਏਮਜ਼ ਲਿਆਂਦਾ ਗਿਆ। ਕਿਡਨੀ ਵਿਚ ਇਨਫੈਕਸ਼ਨ ਕਾਰਣ ਉਹ ਲੱਗਭਗ 2 ਮਹੀਨਿਆਂ ਲਈ 11 ਜੂਨ ਨੂੰ ਏਮਜ਼ ਵਿਚ ਦਾਖ਼ਲ ਕਰਵਾਏ ਗਏ। ਏਮਜ਼ ਵਿਚ ਮੌਤ ਨਾਲ ਸੰਘਰਸ਼ ਕਰਦੇ ਰਹੇ ਪਰ ਮੌਤ ਹੀ ਤਾਂ ਅਟੱਲ ਸੱਚਾਈ ਹੈ। ਆਖਿਰਕਾਰ 16 ਅਗਸਤ 2018 ਨੂੰ ਉਸ ਚਿਰਸੰਗੀ ਨੇ ਅਟਲ ਜੀ ਨੂੰ ਆਪਣੇ ਨਾਲ ਲੈ ਕੇ ਅਨੰਤ ਵੱਲ ਯਾਤਰਾ ਸ਼ੁਰੂ ਕੀਤੀ। ਪੂਰਾ ਦੇਸ਼ ਡੂੰਘੇ ਸੋਗ ਵਿਚ ਡੁੱਬ ਗਿਆ। ਭਾਰਤੀ ਰਾਜਨੀਤੀ ਦੇ ‘ਸਿਖਰ ਪੁਰਸ਼’ ਭਾਰਤ ਰਤਨ ਅਟਲ ਜੀ ਮੌਤ ਦੇ ਨਾਲ ਆਪਣੇ ਅੰਤਿਮ ਸਫਰ ਉੱਤੇ ਨਿਕਲ ਪਏ। ਜੀਵਨ ਭਰ ਕਾਲ ਦੇ ਕਪਾਲ ’ਤੇ ਗੀਤ ਲਿਖਣ ਵਾਲੇ ਅਟਲ ਬਿਹਾਰੀ ਵਾਜਪਾਈ ਆਖਿਰਕਾਰ ਉਸੇ ਕਾਲ ਦੇ ਸੰਗੀ ਬਣ ਗਏ। ਕਰੋੜਾਂ-ਕਰੋੜਾਂ ਅੱਖਾਂ ਹੰਝੂਆਂ ਨਾਲ ਭਰੀਆਂ ਧੁੰਦਲੀਆਂ ਹੋ ਗਈਆਂ। ਕਰੋੜਾਂ ਦਿਲ ਭਾਵਨਾਵਾਂ ਦੇ ਪ੍ਰਵਾਹ ਵਿਚ ਦੁਖੀ ਹੋ ਉੱਠੇ। ਸੱਤ ਦਿਨਾਂ ਲਈ ਸੰਪੂਰਨ ਰਾਸ਼ਟਰ ਸੋਗ ਦੇ ਸਾਗਰ ਵਿਚ ਡੁੱਬ ਗਿਆ। ਉਨ੍ਹਾਂ ਨੂੰ ਉਨ੍ਹਾਂ ਦੇ ਨਿਵਾਸ ਤੋਂ ਭਾਜਪਾ ਦੇ ਮੁੱਖ ਦਫਤਰ ’ਚ ਲਿਆਂਦਾ ਗਿਆ। ਉਥੇ ਸਮ੍ਰਿਤੀ ਸਥਲ ਤਕ ਦੀ ਉਨ੍ਹਾਂ ਦੀ ਅੰਤਿਮ ਯਾਤਰਾ ਵਿਚ ਲੱਖਾਂ ਲੋਕਾਂ ਨੇ ਉਨ੍ਹਾਂ ਨੂੰ ਹੰਝੂਆਂ ਭਰੀਆਂ ਅੱਖਾਂ ਨਾਲ ਵਿਦਾਇਗੀ ਦਿੱਤੀ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਸ਼ਟਰਪਤੀ, ਕੈਬਨਿਟ ਦੇ ਮੰਤਰੀ, ਵਿਰੋਧੀ ਪਾਰਟੀਆਂ ਦੇ ਨੇਤਾਵਾਂ ਦੇ ਨਾਲ-ਨਾਲ ਅਫਗਾਨਿਸਤਾਨ, ਭੂਟਾਨ, ਮਿਆਂਮਾਰ, ਸ਼੍ਰੀਲੰਕਾ ਆਦਿ ਅਨੇਕ ਦੇਸ਼ਾਂ ਦੇ ਪ੍ਰਤੀਨਿਧੀ ਵੀ ਸ਼ਾਮਿਲ ਹੋਏ। ਅਖੀਰ ਉਨ੍ਹਾਂ ਦੀ ਪਵਿੱਤਰ ਦੇਹ ਸਮ੍ਰਿਤੀ ਸਥਲ ’ਤੇ ਪੰਜ ਤੱਤਾਂ ਵਿਚ ਵਿਲੀਨ ਹੋ ਗਈ।

19 ਅਗਸਤ ਨੂੰ ਉਨ੍ਹਾਂ ਦੀਆਂ ਅਸਥੀਆਂ ਮਾਂ ਗੰਗਾ ਵਿਚ ਪ੍ਰਵਾਹਿਤ ਕਰ ਦਿੱਤੀਆਂ ਗਈਆਂ। ਇਸ ਤਰ੍ਹਾਂ ਇਕ ਮਹਾਨ ਜੋਤੀ ਅਨੰਤ ਕਾਲ ਲਈ ਕੁਦਰਤ ਦੀ ਗੋਦ ਵਿਚ ਸਮਾ ਗਈ।

ਜ਼ਿੰਦਗੀ ਦੇ ਕੁਝ ਮਹੱਤਵਪੂਰਨ ਪੜਾਅ

ਉਨ੍ਹਾਂ ਦਾ ਜਨਮ 25 ਦਸੰਬਰ ਨੂੰ ਦੇਸ਼ ਭਰ ਵਿਚ ਸੁਸ਼ਾਸਨ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਇਸ ਦਾ ਸੰਦੇਸ਼ ਹੈ ਸਰਕਾਰੀ ਕੰਮਕਾਜ ਆਸਾਨ ਹੋਵੇ। ਸੰਨ 1942 ਵਿਚ ‘ਭਾਰਤ ਛੱਡੋ ਅੰਦੋਲਨ’ ਵਿਚ ਸ਼ਾਮਿਲ ਹੋਏ ਅਤੇ 23 ਦਿਨ ਜੇਲ ਵਿਚ ਰਹੇ। ਸੰਨ 1954 ਵਿਚ ਕਸ਼ਮੀਰ ਦੇ ਮੁੱਦੇ ’ਤੇ ਸ਼ਿਆਮਾ ਪ੍ਰਸਾਦ ਮੁਖਰਜੀ ਦੇ ਨਾਲ ਭੁੱਖ ਹੜਤਾਲ ’ਤੇ ਬੈਠੇ। ਸੰਨ 1957 ਵਿਚ ਯੂ. ਪੀ. ਦੇ ਬਲਰਾਮਪੁਰ ਤੋਂ ਚੋਣ ਜਿੱਤ ਕੇ ਪਹਿਲੀ ਵਾਰ ਸੰਸਦ ਮੈਂਬਰ ਬਣੇ। ਸੰਨ 1996 ਵਿਚ ਪਹਿਲੀ ਵਾਰ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ। 2005 ਵਿਚ ਸਰਗਰਮ ਸਿਆਸਤ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ। 16 ਅਗਸਤ 2018 ਵਿਚ ਦੁਨੀਆ ਨੂੰ ਅਲਵਿਦਾ ਕਿਹਾ।

ਅਟਲ ਜੀ ਵਲੋਂ ਲਏ ਗਏ ਅਟੱਲ ਫੈਸਲੇ

2000 ਵਿਚ ਵਾਜਪਾਈ ਸਰਕਾਰ ਨੇ ਬਿਨਾਂ ਵਿਵਾਦ ਦੇ ਉੱਤਰਾਖੰਡ, ਝਾਰਖੰਡ ਅਤੇ ਛੱਤੀਸਗੜ੍ਹ ਵਰਗੇ 3 ਸੂਬਿਆਂ ਦਾ ਗਠਨ ਕੀਤਾ। ਸਮੁੱਚੇ ਵਿਕਾਸ ਲਈ ਅਟਲ ਸਰਕਾਰ ਦੇ ਇਸ ਫੈਸਲੇ ਨੂੰ ਇਤਿਹਾਸਿਕ ਮੰਨਿਆ ਜਾਂਦਾ ਹੈ। ਇਸ ਨਾਲ ਇਨ੍ਹਾਂ ਸੂਬਿਆਂ ਦਾ ਵੀ ਵਿਕਾਸ ਹੋਇਆ। ਗ੍ਰਾਮੀਣ ਸੜਕ ਅਤੇ ਸਵਰਣਿਮ ਚਤੁਰਭੁਜ ਯੋਜਨਾ ਜ਼ਰੀਏ ਵਾਜਪਾਈ ਸਰਕਾਰ ਵਿਚ ਨਾ ਸਿਰਫ ਨੈਸ਼ਨਲ ਹਾਈਵੇਜ਼ ਦਾ ਕੰਮ ਤੇਜ਼ੀ ਨਾਲ ਹੋਇਆ, ਸਗੋਂ ਗ੍ਰਾਮੀਣ ਸੜਕ ਯੋਜਨਾ ਵਿਚ ਪਿੰਡਾਂ ਨੂੰ ਵੀ ਸੜਕਾਂ ਨਾਲ ਜੋੜਿਆ। ਵਾਜਪਾਈ ਸਰਕਾਰ ਦੀ ਇਕ ਮਹੱਤਵਪੂਰਨ ਯੋਜਨਾ ਦੇਸ਼ ਭਰ ਦੀਆਂ ਨਦੀਆਂ ਨੂੰ ਜੋੜਨ ਦੀ ਸੀ। ਹਾਲਾਂਕਿ ਇਸ ਯੋਜਨਾ ’ਤੇ ਅਮਲ ਨਹੀਂ ਹੋ ਸਕਿਆ ਪਰ ਇਸ ਯੋਜਨਾ ਨੂੰ ਤਿਆਰ ਕਰਨ ਦੇ ਪਿੱਛੇ ਵੀ ਉਨ੍ਹਾਂ ਦੀ ਸਰਕਾਰ ਦੀ ਮਨਸ਼ਾ ਸੀ ਕਿ ਆਮ ਆਦਮੀ ਨੂੰ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ। ਅਟਲ ਜੀ ਅਤੇ ਉਨ੍ਹਾਂ ਦੇ ਪਿਤਾ ਨੇ ਲਾਅ ਕੋਰਸ ਵਿਚ ਇਕੱਠਿਆਂ ਦਾਖਲਾ ਲਿਆ। ਸੰਨ 1971 ਵਿਚ ਪਾਕਿ ਵਲੋਂ ਗੋਡੇ ਟੇਕਣ ’ਤੇ ਇੰਦਰਾ ਗਾਂਧੀ ਨੂੰ ਦੁਰਗਾ ਕਿਹਾ। ਨਵਾਜ਼ ਸ਼ਰੀਫ ਨੇ ਕਿਹਾ ਸੀ ਕਿ ਅਟਲ ਜੀ ਤਾਂ ਪਾਕਿਸਤਾਨ ਵਿਚ ਚੋਣ ਜਿੱਤ ਸਕਦੇ ਹਨ। ‘ਜੈ ਜਵਾਨ ਜੈ ਕਿਸਾਨ’ ਵਿਚ ‘ਜੈ ਵਿਗਿਆਨ’ ਨੂੰ ਜੋੜ ਕੇ ਨਵਾਂ ਨਾਅਰਾ ਦਿੱਤਾ। ਕਾਰਗਿਲ ’ਤੇ ਅਮਰੀਕਾ ਨੂੰ ਕਿਹਾ ਸੀ ਕਿ ਪਾਕਿਸਤਾਨ ਫੌਜਾਂ ਹਟਾਏ, ਨਹੀਂ ਤਾਂ ਸਰਹੱਦ ਪਾਰ ਕਰਾਂਗੇ। 1998 ਵਿਚ ਪੋਖਰਣ ਤਜਰਬੇ ਨਾਲ ਭਾਰਤ ਦੀ ਪ੍ਰਮਾਣੂ ਤਾਕਤ ਮਜ਼ਬੂਤ ਕੀਤੀ। ਫਰਵਰੀ 1999 ਵਿਚ ਦਿੱਲੀ ਤੋਂ ਲਾਹੌਰ ਵਿਚਾਲੇ ਬੱਸ ਸੇਵਾ ਦੀ ਸ਼ੁਰੂਆਤ ਕੀਤੀ। ਸਾਲ 2000 ਵਿਚ ਦੂਰਸੰਚਾਰ ਖੇਤਰ ਵਿਚ ਇਨਕਲਾਬ ਲਿਆਉਣ ਵਾਲੀ ਨੀਤੀ ਬਣਾਈ। 2001 ਵਿਚ ਬੱਚਿਆਂ ਨੂੰ ਮੁਫਤ ਅਤੇ ਜ਼ਰੂਰੀ ਸਿੱਖਿਆ ਦੇਣ ਦਾ ਕਾਨੂੰਨ ਬਣਾਇਆ। 2004 ਵਿਚ ਕਸ਼ਮੀਰ ਮੁੱਦੇ ਦੇ ਹੱਲ ਲਈ ਵੱਖਵਾਦੀਆਂ ਨਾਲ ਵਾਰਤਾ ਦੀ ਸ਼ੁਰੂਆਤ ਕੀਤੀ।

Bharat Thapa

This news is Content Editor Bharat Thapa