ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਨਿਆਂ ਯਾਤਰਾ’ ’ਤੇ ਹਮਲੇ, ‘ਸਰਕਾਰ ਸੁਰੱਖਿਆ ਪ੍ਰਬੰਧ ਵਧਾਏ’

02/02/2024 4:09:09 AM

ਸਾਲ 2022 ’ਚ ਕੱਢੀ ‘ਭਾਰਤ ਜੋੜੋ ਯਾਤਰਾ’ ਪਿੱਛੋਂ ਹੁਣ ਰਾਹੁਲ ਗਾਂਧੀ ਨੇ 14 ਜਨਵਰੀ, 2024 ਤੋਂ ਮਣੀਪੁਰ ਤੋਂ ‘ਭਾਰਤ ਜੋੜੋ ਨਿਆਂ ਯਾਤਰਾ’ ਸ਼ੁਰੂ ਕੀਤੀ ਹੋਈ ਹੈ, ਜੋ 20 ਮਾਰਚ, 2024 ਨੂੰ ਮੁੰਬਈ ’ਚ ਖ਼ਤਮ ਹੋਵੇਗੀ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦਾ ਦੋਸ਼ ਹੈ ਕਿ ਮਣੀਪੁਰ, ਨਾਗਾਲੈਂਡ ਅਤੇ ਅਰੁਣਾਚਲ ਪ੍ਰਦੇਸ਼ ਤੋਂ ਬਾਅਦ ਆਸਾਮ ਪਹੁੰਚਣ ’ਤੇ ਕੁਝ ਮੌਕਿਆਂ ’ਤੇ ਭਾਜਪਾ ਵਰਕਰਾਂ ਨੇ ਰਾਹੁਲ ਗਾਂਧੀ ਦੇ ਕਾਫਲੇ ਨੂੰ ਰੋਕ ਲਿਆ।

ਖੜਗੇ ਦਾ ਕਹਿਣਾ ਹੈ ਕਿ ਇਸ ਨਾਲ ਰਾਹੁਲ ਗਾਂਧੀ ਦੀ ਸੁਰੱਖਿਆ ਲਈ ਬੇਹੱਦ ਖ਼ਤਰਨਾਕ ਸਥਿਤੀ ਪੈਦਾ ਹੋ ਗਈ ਸੀ ਅਤੇ ਇਨ੍ਹਾਂ ਘਟਨਾਵਾਂ ਦਰਮਿਆਨ ਜਦੋਂ-ਜਦੋਂ ਭਾਜਪਾ ਵਰਕਰ ਜ਼ੈੱਡ ਪਲੱਸ ਸੁਰੱਖਿਆ ਪ੍ਰਾਪਤ ਰਾਹੁਲ ਗਾਂਧੀ ਦੇ ਨੇੜੇ ਆਏ, ਉਦੋਂ-ਉਦੋਂ ਆਸਾਮ ਪੁਲਸ ਮੂਕਦਰਸ਼ਕ ਬਣੀ ਰਹੀ। ਖੜਗੇ ਅਨੁਸਾਰ ਆਸਾਮ ਦੇ ‘ਨਗਾਂਵ’ ’ਚ ਕੁਝ ਸ਼ਰਾਰਤੀ ਤੱਤ ਲਗਾਤਾਰ ਰਾਹੁਲ ਗਾਂਧੀ ਦੇ ਸੁਰੱਖਿਆ ਘੇਰੇ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਰਹੇ। ਨਗਾਂਵ ’ਚ ਸੜਕ ਕੰਢੇ ਇਕ ਰੇਸਤਰਾਂ ’ਚ ਭੀੜ ਨੇ ਰਾਹੁਲ ਗਾਂਧੀ ਨੂੰ ਘੇਰ ਲਿਆ। ਉਨ੍ਹਾਂ ਵਿਰੁੱਧ ਨਾਅਰੇ ਲਾਏ ਅਤੇ ਉਨ੍ਹਾਂ ਨੂੰ ‘ਅਨਿਆਂ ਯਾਤਰਾ’ ਵਰਗੇ ਸੰਦੇਸ਼ਾਂ ਵਾਲੀਆਂ ਤਖ਼ਤੀਆਂ ਵੀ ਦਿਖਾਈਆਂ।

ਖੜਗੇ ਨੇ ਇਹ ਦੋਸ਼ ਵੀ ਲਾਇਆ ਕਿ ਜਦੋਂ ਕਾਂਗਰਸ ਦੀ ਯਾਤਰਾ ਆਸਾਮ ਦੇ ਸੋਨਿਤਪੁਰ ਜ਼ਿਲ੍ਹੇ ’ਚ ਪੁੱਜੀ ਉਦੋਂ ਉੱਥੇ ਸਥਾਨਕ ਪੁਲਸ ਸੁਪਰਡੈਂਟ, ਜੋ ਆਸਾਮ ਦੇ ਮੁੱਖ ਮੰਤਰੀ ‘ਹਿਮੰਤ ਬਿਸਵਾ ਸਰਮਾ’ ਦੇ ਭਰਾ ਹਨ, ਹੱਥ ’ਚ ਪਾਰਟੀ ਦਾ ਝੰਡਾ ਲਹਿਰਾਉਂਦੇ ਹੋਏ ਭਾਜਪਾ ਵਰਕਰਾਂ ਵੱਲੋਂ ਕਾਂਗਰਸ ਦੇ ਕਾਫਲੇ ’ਤੇ ਕੀਤੇ ਹਮਲੇ ਨੂੰ ਕਿਸੇ ਮੂਕਦਰਸ਼ਕ ਵਾਂਗ ਦੇਖਦੇ ਰਹੇ। ਰਾਹੁਲ ਗਾਂਧੀ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਨਾਲ ਧੱਕਾ-ਮੁੱਕੀ ਵੀ ਕੀਤੀ ਗਈ ਜਿਸ ’ਤੇ ਉਨ੍ਹਾਂ ਦੇ ਸਿਕਿਓਰਿਟੀ ਗਾਰਡ ਉਨ੍ਹਾਂ ਨੂੰ ਬਚਾ ਕੇ ਬੱਸ ਅੰਦਰ ਲੈ ਗਏ। ਕਾਂਗਰਸ ਪਾਰਟੀ ਦੀ ਯਾਤਰਾ ’ਤੇ 48 ਘੰਟਿਆਂ ’ਚ ਇਹ ਦੂਜਾ ਹਮਲਾ ਸੀ।

ਭਾਜਪਾ ਵਰਕਰਾਂ ਨੇ ਅਖੌਤੀ ਤੌਰ ’ਤੇ ਕਾਂਗਰਸ ਦੀ ਸੋਸ਼ਲ ਮੀਡੀਆ ਟੀਮ ਦੇ ਨਾਲ-ਨਾਲ ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨਾਲ ਵੀ ਝੜਪ ਕੀਤੀ ਅਤੇ ਉਨ੍ਹਾਂ ਦੀ ਕਾਰ ’ਤੇ ਵੀ ਹਮਲਾ ਕਰ ਦਿੱਤਾ। ਇਨ੍ਹਾਂ ਲੋਕਾਂ ਨੇ ‘ਭਾਰਤ ਜੋੜੋ ਨਿਆਂ ਯਾਤਰਾ’ ਦੇ ਵਾਹਨਾਂ ’ਤੇ ਲਗਾਏ ਹੋਏ ਪੋਸਟਰ ਵੀ ਪਾੜ ਦਿੱਤੇ। ਇਸ ਬਾਰੇ ਮਲਿਕਾਰਜੁਨ ਖੜਗੇ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਉਨ੍ਹਾਂ ਨਾਲ ਰਾਹੁਲ ਗਾਂਧੀ ਦੀ ਸੁਰੱਖਿਆ ਦੇ ਵਾਰ-ਵਾਰ ਖ਼ਤਰੇ ’ਚ ਪੈਣ ਦੇ ਦ੍ਰਿਸ਼ਟੀਗਤ ਉਨ੍ਹਾਂ ਨੂੰ ਇਹ ਯਕੀਨੀ ਕਰਨ ਨੂੰ ਕਿਹਾ ਹੈ ਕਿ ਯਾਤਰਾ ਸੁਚਾਰੂ ਤੌਰ ’ਤੇ ਅੱਗੇ ਵਧੇ ਅਤੇ ਯਾਤਰਾ ਦੌਰਾਨ ਅਜਿਹੀ ਕੋਈ ਅਣਗਹਿਲੀ ਨਾ ਹੋ ਸਕੇ ਜਿਸ ਨਾਲ ਰਾਹੁਲ ਗਾਂਧੀ ਜਾਂ ਭਾਰਤ ਜੋੜੋ ਨਿਆਂ ਯਾਤਰਾ ’ਚ ਸ਼ਾਮਲ ਕਿਸੇ ਕਾਂਗਰਸੀ ਵਰਕਰ ਨੂੰ ਸੱਟ ਪੁੱਜੇ।

ਅਤੇ ਹੁਣ 31 ਜਨਵਰੀ ਨੂੰ ਪੱਛਮੀ ਬੰਗਾਲ ਦੇ ਮਾਲਦਾ ਜ਼ਿਲ੍ਹੇ ’ਚ ‘ਭਾਰਤ ਜੋੜੋ ਨਿਆਂ ਯਾਤਰਾ’ ’ਚ ਰਾਹੁਲ ਗਾਂਧੀ ਦੀ ਕਾਰ ’ਤੇ ਅਣਪਛਾਤੇ ਲੋਕਾਂ ਵੱਲੋਂ ਪਥਰਾਅ ਕੀਤੇ ਜਾਣ ਦੀ ਖ਼ਬਰ ਹੈ। ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਅਨੁਸਾਰ ਇਸ ਘਟਨਾ ’ਚ ਵਾਹਨ ਦੀ ਪਿਛੜੀ ਖਿੜਕੀ ਦਾ ਸ਼ੀਸ਼ਾ ਵੀ ਟੁੱਟ ਗਿਆ। ਉੱਥੇ ਹੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਹੈ ਕਿ ਰਾਹੁਲ ਗਾਂਧੀ ਦੀ ਗੱਡੀ ’ਤੇ ਪੱਛਮੀ ਬੰਗਾਲ ’ਚ ਨਹੀਂ, ਸਗੋਂ ਬਿਹਾਰ ’ਚ ਹਮਲਾ ਕੀਤਾ ਗਿਆ ਅਤੇ ਰਾਹੁਲ ਦੀ ਗੱਡੀ ਦੇ ਪੱਛਮੀ ਬੰਗਾਲ ’ਚ ਦਾਖਲ ਹੋਣ ਤੋਂ ਪਹਿਲਾਂ ਹੀ ਸ਼ੀਸ਼ਾ ਟੁੱਟਿਆ ਹੋਇਆ ਸੀ।

ਇਸ ਸਮੇਂ ਜਦੋਂ ਕਿ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਆਪਣੀਆਂ ਚੋਣ ਤਿਆਰੀਆਂ ਜ਼ੋਰਾਂ ’ਤੇ ਹਨ, ‘ਭਾਰਤ ਜੋੜੋ ਨਿਆਂ ਯਾਤਰਾ’ ’ਚ ਇਸ ਤਰ੍ਹਾਂ ਦੀਆਂ ਘਟਨਾਵਾਂ ਕਾਰਨ ਰਾਹੁਲ ਗਾਂਧੀ ਅਤੇ ਉਨ੍ਹਾਂ ਦੇ ਕਾਫਲੇ ’ਚ ਸ਼ਾਮਲ ਆਗੂਆਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਉੱਠਣ ਨਾਲ ਕੇਂਦਰ ਸਰਕਾਰ ਦੀ ਬਦਨਾਮੀ ਹੀ ਹੋਵੇਗੀ। ਇਸ ਤੱਥ ਦੇ ਦ੍ਰਿਸ਼ਟੀਗਤ ਕਿ ਅਤੀਤ ’ਚ ਰਾਹੁਲ ਗਾਂਧੀ ਦੀ ਦਾਦੀ ਇੰਦਰਾ ਗਾਂਧੀ ਅਤੇ ਪਿਤਾ ਰਾਜੀਵ ਗਾਂਧੀ ਦੀ ਹੱਤਿਆ ਹੋ ਚੁੱਕੀ ਹੈ, ਉਨ੍ਹਾਂ ਦੀ ਸੁਰੱਖਿਆ ਵਿਵਸਥਾ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ ਤਾਂ ਕਿ ਕੇਂਦਰ ਸਰਕਾਰ ਦੀ ਸ਼ਾਨ ਨੂੰ ਕਿਸੇ ਤਰ੍ਹਾਂ ਦੀ ਠੇਸ ਨਾ ਪੁੱਜੇ।

- ਵਿਜੇ ਕੁਮਾਰ

Harpreet SIngh

This news is Content Editor Harpreet SIngh