ਝੂਠ ਝੂਠ ਅਤੇ ਸੱਚ ਸੱਚ

08/21/2015 6:55:28 PM

ਬੱਚਿਓ! ਇਕ ਪਿੰਡ ਵਿਚ ਲੱਭੂ ਨਾਮ ਦਾ ਇਕ ਵਿਅਕਤੀ ਰਹਿੰਦਾ ਸੀ। ਉਹ ਪੜ੍ਹਿਆ ਲਿਖਿਆ ਨਹੀਂ ਸੀ ਅਤੇ ਬੁੱਧੀ ਵਲੋਂ ਵੀ ਥੋੜਾ ਸਾਧਾਰਣ ਸੀ। ਉਹ ਕਿਸੇ ਦੀ ਕਹੀ ਗੱਲ ਤੇ ਝੱਟ ਵਿਸ਼ਵਾਸ ਕਰ ਲੈਂਦਾ ਸੀ ਅਤੇ ਉਸੇ ਨੂੰ ਹੀ ਸੱਚ ਮੰਨਦਾ ਸੀ। ਸੁਭਾਅ ਪੱਖੋਂ ਥੋੜਾ ਲਾਲਚੀ ਅਤੇ ਅੜੀਅਲ ਸੀ। ਆਪਣੀ ਗੱਲ ਨੂੰ ਸਦਾ ਸਹੀ ਮੰਨਦਾ ਸੀ।
ਇਕ ਦਿਨ ਲੱਭੂ ਆਪਣੇ ਪਿੰਡ ਤੋਂ ਕਾਫੀ ਦੂਰ ਇਕ ਕਸਬੇ ਵਿਚ ਕੋਈ ਕੰਮ ਗਿਆ। ਰਸਤੇ ਵਿਚ ਇਕ ਪਿੰਡ ਨੇੜੇ ਉਸ ਨੇ ਤਰਬੂਜਾਂ ਦਾ ਵੱਡਾ ਢੇਰ ਦੇਖਿਆ। ਉਸ ਨੇ ਕਦੇ ਤਰਬੂਜ ਨਹੀਂ ਸੀ ਦੇਖੇ। ਵੱਡੇ-ਵੱਡੇ ਤਰਬੂਜ ਦੇਖ ਕੇ ਉਹ ਹੈਰਾਨ ਰਹਿ ਗਿਆ ਅਤੇ ਤਰਬੂਜ ਵੇਚਣ ਵਾਲੇ ਨੂੰ ਪੁੱਛਣ ਲੱਗਾ, ''''ਭਾਈ! ਇਹ ਵੱਡੇ-ਵੱਡੇ ਗੋਲ-ਗੋਲ ਕੀ ਹਨ''''? ਤਰਬੂਜ ਵੇਚਣ ਵਾਲਾ ਵੀ ਮਜਾਕੀਆ ਆਦਮੀ ਸੀ ਉਸਨੇ ਤੁਰੰਤ ਕਿਹਾ, ''''ਇਹ ਘੋੜੇ ਦੇ ਅੰਡੇ ਹਨ, ਟੁੱਟਣ ਤੇ ਇਨ੍ਹਾਂ ਵਿਚੋਂ ਘੋੜੇ ਦੇ ਬੱਚੇ ਨਿਕਲਦੇ ਹਨ।'''' ਬਸ ਫਿਰ ਕੀ ਸੀ ਲੱਭੂ ਦੇ ਦਿਮਾਗ ਵਿਚ ਘੋੜੇ ਦਾ ਅੰਡਾ ਘਰ ਕਰ ਗਿਆ ਅਤੇ ਉਸਨੇ 20 ਰੁਪੈ ਦੇ ਕੇ ਇਕ ਤਰਬੂਜ ਖਰੀਦ ਲਿਆ ਅਤੇ ਪਰਨੇ ਦੇ ਲੜ੍ਹ ਬੰਨ ਮੋਢੇ ਤੇ ਰੱਖ ਲਿਆ।  
ਵਾਪਸੀ ਪਰ ਤੁਰਦੇ-ਤੁਰਦੇ ਉਸ ਨੂੰ ਰਸਤੇ ਵਿਚ ਹੀ ਰਾਤ ਪੈ ਗਈ ਅਤੇ ਉਹ ਇਕ ਪਿੰਡ ਦੇ ਬਾਹਰ ਬਣੇ ਇਕ ਘਰ ਰਾਤ ਕੱਟਣ ਲਈ ਰੁਕ ਗਿਆ। ਇਹ ਘਰ ਤੇਲੀਆਂ ਦਾ ਸੀ ਅਤੇ ਉਨ੍ਹਾਂ ਦੇ ਘਰ ਵਿਚ ਘੋੜੀ ਸੀ। ਰਾਤ ਨੂੰ ਉਸ ਦਾ ਮੰਜਾ ਬਰਾਂਡੇ ਵਿੱਚ ਘੋੜੀ ਪਾਸ ਡਾਹ ਦਿੱਤਾ। ਦੂਜੇ ਦਿਨ ਜਦੋਂ ਸਵੇਰੇ ਉੱਠਿਆ ਤਾਂ ਤਰਬੂਜ ਡਿੱਗ ਕੇ ਟੁੱਟ ਗਿਆ ਸੀ ਅਤੇ ਉਧਰ ਘੋੜੀ ਨੇ ਇਕ ਵੱਛੜੇ ਨੂੰ ਜਨਮ ਦਿੱਤਾ। ਲੱਭੂ ਨੇ ਅੜੀ ਫੜ੍ਹ ਲਈ ਕਿ ਵੱਛੜਾ ਉਸ ਦੇ ਘੋੜੇ ਦੇ ਅੰਡੇ ਵਿਚੋਂ ਨਿਕਲਿਆ ਹੈ ਅਤੇ ਇਹ ਵੱਛੜਾ ਉਸ ਦਾ ਹੈ। ਤੇਲੀ ਨੇ ਬਹੁਤ ਕਿਹਾ ਕਿ ਵਛੇੜਾ ਘੋੜੀ ਨੇ ਦਿਤਾ ਹੈ। ਪੂਰਾ ਦਿਨ ਝਗੜਾ ਚਲਦਾ ਰਿਹਾ। ਆਖਰ ਸਰਪੰਚ ਨੇ ਇਕ ਹੋਰ ਤਰਬੂਜ ਲੱਭੂ ਨੰੂੰ ਦਿੱਤਾ ਅਤੇ ਕਿਹਾ ਕਿ ਦੂਜੀ ਰਾਤ ਉਹ ਸਰਪੰਚ ਦੇ ਘਰ ਰਹੇਗਾ। ਲੱਭੂ ਮੰਨ ਗਿਆ ਪਰ ਵੱਛੜਾ ਵੀ ਨਾਲ ਲੈ ਗਿਆ।
ਦੂਜੀ ਰਾਤ ਸਰਪੰਚ ਦੇ ਘਰ ਵੀ ਇੰਝ ਹੀ ਹੋਇਆ, ਸਰਪੰਚ ਦੇ ਘਰ ਵੀ ਘੋੜੀ ਨੇ ਇਕ ਵੱਛੜੇ ਨੂੰ ਜਨਮ ਦਿੱਤਾ ਅਤੇ ਅਚਾਨਕ ਹੀ ਘੋੜੀ ਦੀ ਲੱਤ ਲੱਗਣ ਨਾਲ ਉਸ ਦਾ ਤਰਬੂਜ ਟੁੱਟ ਗਿਆ ਤਾਂ ਲੱਭੂ ਨੇ ਦੂਜੇ ਵੱਛੜੇ ਪਰ ਵੀ ਆਪਣਾ ਹੱਕ ਜਤਾ ਦਿੱਤਾ। ਗੱਲ ਗਾਲੀ-ਗਲੋਚ ਤੱਕ ਪਹੁੰਚ ਗਹੀ ਤਾਂ ਪੁਲਿਸ ਆਉਣ ਤੇ ਥਾਣੇਦਾਰ ਲੱਭੂ ਨੂੰ ਅਤੇ ਦੋਹਾਂ ਵਸੇਰਿਆਂ ਨੂੰ ਥਾਣੇ ਲੈ ਗਿਆ। ਥਾਣੇਦਾਰ ਨੇ ਇਕ ਹੋਰ ਤਰਬੂਜ ਲਭੂ ਨੂੰ ਦੇਂਦੇ ਹੋਏ ਕਿਹਾ, ''''ਲੈ ਫੜ ਘੋੜੇ ਦਾ ਅੰਡਾ, ਰਾਤ ਨੂੰ ਵਸੇਰਾ ਕੱਢ ਕੇ ਦਿਖਾਈ।'''' ਥਾਣੇਦਾਰ ਨੇ ਇਕ ਸਿਪਾਹੀ ਨੂੰ ਕਿਹਾ ਕਿ ਉਸ ਨੂੰ ਵੱਛੜਿਆਂ ਸਮੇਤ ਘੋੜਿਆਂ ਦੇ ਤਬੇਲੇ ਵਿਚ ਪਾ ਆਵੀਂ ਅਤੇ ਸਿਪਾਹੀ ਨੇ ਇੰਝ ਹੀ ਕੀਤਾ। ਤਬੇਲੇ ਵਿਚ ਵੀ ਇਕ ਘੋੜੀ ਨੇ ਇਕ ਹੋਰ ਵਛੜੇ ਨੂੰ ਜਨਮ ਦਿੱਤਾ ਅਤੇ ਤਰਬੂਜ ਵੀ ਕਿਸੇ ਤਰ੍ਹਾਂ ਟੁੱਟ ਗਿਆ। ਹੁਣ ਲੱਭੂ ਨੂੰ ਭਰੋਸਾ ਹੋ ਗਿਆ ਕਿ ਤਿੰਨੇ ਵੱਛੜੇ ਉਸ ਦੇ ਹਨ।
ਦਿਨ ਚੜ੍ਹੇ ਉਹ ਤਿੰਨੇ ਵੱਛੜਾ ਲੈ ਥਾਣੇਦਾਰ ਕੋਲ ਪਹੁੰਚ ਗਿਆ। ਥਾਣੇਦਾਰ ਹੈਰਾਨ ਪਰੇਸ਼ਾਨ ਹੋ ਗਿਆ। ਉਸ ਨੂੰ ਨਾ ਚਾਹੁੰਦੇ ਹੋਏ ਵੀ ਲੱਭੂ ਦੀ ਗੱਲ ਮੰਨਣੀ ਪਈ ਅਤੇ ਤਿੰਨੇ ਵੱਛੜਾ ਦੇ ਕੇ ਥਾਣੇ ਤੋਂ ਬਾਹਰ ਕੱਢ ਦਿੱਤਾ। ਹੁਣ ਲੱਭੂ ਬਹੁਤ ਖੁਸ਼ ਸੀ ਪਰ ਉਸ ਦੇ ਅੰਦਰਲੇ ਲਾਲਚ ਨੇ ਉਸ ਨੂੰ ਹੋਰ ਬੁੱਧੂ ਬਣਾ ਦਿੱਤਾ, ਉਹ ਵੱਛੜਾ ਲੈ ਕੇ ਤਰਬੂਜ ਵੇਚਣ ਵਾਲੇ ਦੇ ਪਿੰਡ ਪਹੁੰਚ ਗਿਆ ਅਤੇ ਰਾਤ ਉਸਦੇ ਘਰ ਹੀ ਕੱਟਣ ਦਾ ਫੈਸਲਾ ਕੀਤਾ। ਤਰਬੂਜਾਂ ਵਾਲਾ ਵੀ ਮੰਨ ਗਿਆ ਅਤੇ ਰਾਤ ਨੂੰ ਉਸ ਦਾ ਮੰਜਾ ਤਰਬੂਜਿਆਂ ਦੀ ਢੇਰੀ ਪਾਸ ਹੀ ਡਾਹ ਦਿੱਤਾ। ਲੱਭੂ ਨੇ ਸੋਚਿਆ ਰਾਤ ਨੂੰ ਘੋੜਿਆਂ ਦੇ ਸਾਰੇ ਅੰਡੇ ਭੰਨ ਕੇ, ਬਹੁਤ ਸਾਰੇ ਵਸ਼ੇਰੇ ਲੈ ਕੇ ਉਹ ਆਪਣੇ ਪਿੰਡ ਆਪਣੇ ਘਰ ਜਾਵੇਗਾ। ਵੱਛੜਿਆਂ ਨੂੰ ਵੱਡੇ ਕਰਕੇ, ਘੋੜਿਆਂ ਦਾ ਵਿਉਪਾਰ ਕਰਕੇ, ਇਕ ਦਿਨ ਅਮੀਰ ਆਦਮੀ ਬਣ ਜਾਵੇਗਾ।
ਰਾਤ ਹੋਣ ਤੇ ਜਦੋ ਤਰਬੂਜਾਂ ਵਾਲਾ ਗੂੜੀ ਨੀਂਦ ਸੌ ਗਿਆ ਤਾਂ ਲੱਭੂ ਉੱਠ ਕੇ ਇੱਕ ਇੱਕ ਤਰਬੂਜ ਉਠਾ ਕੇ ਸੜਕ ਤੇ ਮਾਰ ਮਾਰ ਤੋੜਨ ਲੱਗ ਪਿਆ। ਥੋੜੀ ਦੇਰ ਵਿਚ ਹੀ ਉਸ ਨੇ ਬਹੁਤ ਸਾਰੇ ਤਰਬੂਜ ਤੋੜ ਕੇ ਸੜਕ ਲਾਲ ਕਰ ਦਿੱਤੀ ਪਰ ਉਹ ਹੈਰਾਨ ਸੀ ਕਿ ਕਿਸੇ ਅੰਡੇ ਵਿਚੋਂ ਕੋਈ ਵੱਛੜਾ ਨਹੀ ਨਿਕਲਿਆ। ਉਸ ਨੇ ਗੁੱਸੇ ਵਿਚ ਬਾਕੀ ਬਚੇ ਤਰਬੂਜ਼ ਵੀ ਇਕ ਇਕ ਕਰਕੇ ਤੋੜ ਦਿਤੇ। ਜਿਉਂ ਹੀ ਦਿਨ ਚੜਿਆ, ਤਰਬੂਜ ਵੇਚਣ ਵਾਲੇ ਨੇ ਆਪਣੇ ਤਰਬੂਜਾਂ ਦਾ ਇਹ ਹਾਲ ਦੇਖ, ਉੱਚੀ ਉੱਚੀ ਸ਼ੌਰ ਮਚਾਉਣਾ ਸ਼ੁਰੂ ਕਰ ਦਿੱਤਾ। ਮਿੰਟਾਂ ਵਿਚ ਲੋਕ ਇਕੱਠੇ ਹੋ ਗਏ ਤਾਂ ਉਸ ਨੇ ਲੱਭੂ ਦੀ ਬੇ-ਸਮਝੀ ਬਾਰੇ ਦੱਸਿਆ। ਲੋਕਾਂ ਨੇ ਲੱਭੂ ਨੂੰ ਫੜ੍ਹ ਕੇ ਖੂਬ ਖਾਤਰ ਕੀਤੀ ਅਤੇ ਲੋਕਾਂ ਵਲੋਂ ਜੁੱਤੀਆਂ ਖਾਹ ਕੇ ਉਸ ਦਾ ਦਿਮਾਗ ਕੰਮ ਕਰਨ ਲੱਗਾ ਉੇਸ ਨੂੰ ਸਮਝ ਆਈ ਕਿ ਉਹ ਗਲਤ ਸੀ। ਤਰਬੂਜ ਨੂੰ ਘੋੜੇ ਦਾ ਅੰਡਾਂ ਸਮਝਣਾ ਉਸ ਦੀ ਮੂਰਖਤਾ ਸੀ। ਉਸਨੇ ਤਰਬੂਜਾਂ ਵਾਲੇ ਅਤੇ ਦੂਜੇ ਲੋਕਾਂ ਕੋਲੋਂ ਮੁਆਫੀ ਮੰਗੀ। ਲੋਕਾਂ ਨੇ ਪਹਿਲੇ ਵਸ਼ੇਰੇ ਉਨ੍ਹਾਂ ਦੇ ਮਾਲਕਾਂ ਨੂੰ ਦੇਣ ਲਈ ਕਹਿ ਕੇ, ਉਸ ਨੂੰ ਛੱਡ ਦਿੱਤਾ।
ਇਸ ਤਰ੍ਹਾਂ ਬੱਚਿਓ! ਝੂਠ ਵਾਰ-ਵਾਰ ਵਾਪਰਣ ਨਾਲ ਭਾਵੇਂ ਸੱਚ ਦਾ ਭੁਲੇਖਾ ਪੈਂਦਾ ਹੈ ਪਰ ਉਹ ਸੱਚ ਨਹੀਂ ਹੁੰਦਾ ਝੂਠ ਸਦਾ ਝੂਠ ਹੀ ਰਹਿੰਦਾ ਹੈ ਅਤੇ ਸੱਚ ਸਦਾ ਸੱਚ ਹੁੰਦਾ ਹੈ। ਤੁਸੀਂ ਵੀ ਆਪਣੀ ਜਿੰਦਗੀ ਵਿਚ ਕਦੇ ਵੀ ਝੂਠ ਬੋਲ ਕੇ ਸੱਚ ਜਤਾਉਣ ਦਾ ਯਤਨ ਨਾ ਕਰਨਾ। ਝੂਠ ਤੋਂ ਦੂਰ ਰਹਿ ਕੇ ਸਦਾ ਸੱਚ ਹੀ ਬੋਲਣਾ।

         

ਬਹਾਦਰ ਸਿੰਘ ਗੋਸਲ