...ਜਦੋਂ ਬਿੱਲੀ ਦੇ ਬਲੂੰਗੜੇ ਨੇ ਕਰ ਦਿੱਤਾ ਸਭ ਨੂੰ ਪ੍ਰੇਸ਼ਾਨ

07/28/2015 7:12:48 PM

ਚਾਹੇ ਸਾਡੇ ਧਾਰਮਿਕ ਗ੍ਰੰਥਾਂ ਅਨੁਸਾਰ ਜਨਮ ਤੇ ਮੌਤ ਪ੍ਰਮਾਤਮਾ ਦੇ ਹੱਥ ਵਿਚ ਹੈ ਪਰ ਫਿਰ ਵੀ ਜਦੋਂ ਕੋਈ ਆਦਮੀ ਕਿਸੇ ਦੀ ਜਾਨ ਬਚਾਉਣ ਲਈ ਬਹੁੜਦਾ ਹੈ ਤਾਂ ਉਹ ਫਰਿਸ਼ਤੇ ਤੋਂ ਘੱਟ ਨਹੀ ਹੁੰਦਾ ਕਿਉਂਕਿ ਕਿਸੇ ਦੀ ਜਾਨ ਬਚਾਉਣ ਨਾਲੋਂ ਕੋਈ ਹੋਰ ਚੰਗਾ ਕੰਮ ਇਸ ਦੁਨੀਆ ਵਿਚ ਨਹੀ ਹੈ ।ਅਜਿਹੇ ਫਰਿਸ਼ਤੇ ਦੀ ਯਾਦ ਉਮਰ ਭਰ ਲਈ ਦਿਲ ਵਿਚ ਕਾਇਮ ਹੋ ਜਾਂਦੀ ਹੈ। ਬਚਪਨ ਵਿਚ ਮੈਂ ਵੀ ਇਕ ਅਜਿਹਾ ਫਰਿਸ਼ਤਾ ਵੇਖਿਆ। ਹੋਇਆ ਇੰਝ ਕਿ ਸਾਡੇ ਘਰੇ ਬਣੀ ਖੂਹ ਵਾਲੀ ਟਾਇਲਟ ਵਿਚ ਬਿੱਲੀ ਦਾ ਕੁਝ ਕੁ ਦਿਨਾਂ ਦਾ ਬਲੂੰਗੜਾ ਡਿੱਗ ਪਿਆ। ਇਹ ਟਾਇਲਟ ਕਈ ਸਾਲ ਪੁਰਾਣੀ ਸੀ ਪਰ ਅਜੇ ਵੀ ਦਸ ਪੰਦਰਾਂ ਫੁੱਟ ਨੀਵੀ ਸੀ। ਡਿੱਗਿਆ ਬਲੂੰਗੜਾ ਬਹੁਤ ਬੁਰੀ ਤਰ੍ਹਾਂ ਚੀਕ ਰਿਹਾ ਸੀ। ਉਸ ਦੀ ਮਾਂ ਬਿੱਲੀ ਆਸੇ-ਪਾਸੇ ਦੌੜ ਰਹੀ ਸੀ ਤੇ ਸਾਡੇ ਵੱਲ ਉਮੀਦ ਨਾਲ ਵੇਖ ਰਹੀ ਸੀ। ਜਦੋਂ ਮੇਰੀ ਮਾਂ ਨੇ ਇਹ ਸਭ ਦੇਖਿਆ ਤਾਂ ਉਹ ਪ੍ਰੇਸ਼ਾਨ ਹੋ ਗਈ। ਬਿੱਲੀ ਦੇ ਮਰਨ ਦੇ ਪਾਪ ਦੀ ਚਿੰਤਾਂ ਉਸ ਦੇ ਚਹੇਰੇ ਤੋ ਸਾਫ ਝਲਕ ਰਹੀ ਸੀ।ਮੇਰੀ ਮਾਂ ਤਾਂ ਕਿਸੇ ਚਿੜੀ ਚੂਹੀ ਦੇ ਮਰਨ ਤੇ ਹੀ ਤੜਫ ਉਠਦੀ ਸੀ ਇਹ ਤਾਂ ਫਿਰ ਵੀ ਬਿੱਲੀ ਦਾ ਬੱਚਾ ਸੀ। ਇਕ ਦਮ ਹੀ ਮੇਰੀ ਮਾਂ ਨੇ ਮੈਨੂੰ ਕਵਿੰਟਲ ਝਿਊਰ ਨੂੰ ਬਲਾਉਣ ਲਈ ਕਿਹਾ। 
ਕੁਵਿੰਟਲ ਝਿਊਰ ਬਲਦ ਵਾਲੀ ਗੱਡੀ ਤੇ ਰੱਖੀ ਟੈਕੀ ਨਾਲ ਖੂਹ ਡਿੱਗੀ ਜਾ ਕੱਸੀ ਤੋਂ ਲਿਆ ਕੇ ਘਰਾਂ ਵਿਚ ਪਾਣੀ ਪਾਉਂਦਾ ਹੁੰਦਾ ਸੀ। ਸਾਇਦ ਇਕ ਰੁਪਏ ਦੇ ਸੋਲਾਂ ਪੀਪੇ। ਪੂਰੀ ਟੈਂਕੀ ਦੋ ਰੁਪਏ ਦੀ।ਉਸ ਸਮੇ ਪਿੰਡਾਂ ਵਿੱਚ ਵਾਟਰ ਵਰਕਸ ਨਹੀ ਸੀ ਬਣੇ। ਹਰ ਪਿੰਡ ਵਿਚ ਇਕ ਦੋ ਘਰ ਝਿਊਰਾਂ ਦੇ ਜ਼ਰੂਰ ਹੁੰਦੇ ਸਨ ਜੋ ਇਹ ਕੰਮ ਕਰਦੇ ਸਨ। ਉਨ੍ਹਾਂ ਨੂੰ ਝਿਊਰ ਝੀਵਰ ਜਾ ਮੇਹਿਰੇ ਵੀ ਆਖਿਆ ਜਾਂਦਾ ਸੀ।ਪਿੰਡਾਂ ਵਿਚ ਦਾਣੇ ਭੁੰਨਣ ਵਾਲੀਆਂ ਭੱਠੀਆਂ ਵੀ ਇਨ੍ਹਾਂ ਦੀਆਂ ਹੀ ਹੁੰਦੀਆਂ ਸੀ ਕਿਉਂਕਿ ਕਵਿੰਟਲ ਦਾ ਭਾਰ ਸੋ ਕਿੱਲੋ ਦੇ ਲਗਭਗ ਸੀ ਇਸੇ ਲਈ ਸਾਰੇ ਉਸ ਨੂੰ ਕੁਵਿੰਟਲ ਝਿਊਰ ਆਖਦੇ ਸਨ। ਉਸਦੇ ਅਸਲੀ ਨਾਮ ਬਾਰੇ ਕਿਸੇ ਨੂੰ ਨਹੀ ਸੀ ਪਤਾ।ਰੰਗ ਦਾ ਕਾਲਾ ਤੇ ਪੋਣੇ ਕੁ ਪੰਜ ਕੁ ਫੁੱਟ ਦਾ ਕਵਿੰਟਲ ਕਦੇ ਕਦੇ ਬੱਕਰਾ ਮੁੱਲ ਲੈ ਕੇ ਉਸਦਾ ਮੀਟ ਬਣਾਕੇ ਵੀ ਵੇਚਦਾ ਸੀ।ਸਾਇਦ ਉਹ ਇੱਕਲਾ ਹੀ ਰਹਿੰਦਾ ਸੀ ਕਿਉਕਿ ਉਸਦਾ ਵਿਆਹ ਨਹੀ ਸੀ ਹੋਇਆ।  ਵੇਖਣ ਨੂੰ ਮੈਨੁੰ ਉਹ ਬਹੁਤਾ ਚੰਗਾ ਨਹੀ ਸੀ ਲੱਗਦਾ। ਬਿੱਲੀ ਦੇ ਬਲੂੰਗੜੇ ਲਈ ਮੈਂ ਉਸ ਨੂੰ ਬਲਾਉਣ ਚਲਾ ਗਿਆ ।ਮੇਰੀ ਗੱਲ ਸੁਣ ਕੇ ਆਪਣੀ ਪਾਣੀ ਵਾਲੀ ਗੱਡੀ ਨੂੰ ਵਿਚਾਲੇ ਛੱਡ ਕੇ ਉਹ ਮੇਰੇ ਨਾਲ ਹੀ ਸਾਡੇ ਘਰ ਆ ਗਿਆ। ਜਦੋ ਮੇਰੀ ਮਾਂ ਨੇ ਉਸ ਨੂੰ ਲੈਟਰੀਨ ਵਿੱਚੋ ਬੰਲੂਗੜਾ ਕੱਢਣ ਲਈ ਆਖਿਆ ਤਾਂ ਉਹ ਝੱਟ ਤਿਆਰ ਹੋ ਗਿਆ। ਸੱਬਲ ਦੀ ਮਦਦ ਨਾਲ ਉਸ ਨੇ ਉਸ ਟਾਇਲਟ ਦੀਆਂ ਇੱਟਾਂ ਪੁੱਟ ਕੇ ਆਪਣੇ ਅੰਦਰ ਜਾਣ ਲਈ ਜਗ੍ਹਾ ਬਨਾਈ ਤੇ ਉਹ ਬਿਨਾ ਜਿਆਦਾ ਸੋਚੇ ਟਾਇਲਟ ਅੰਦਰ ਵੜ੍ਹ ਗਿਆ । ਅਸੀਂ ਉਸ ਨੂੰ ਬੜੀ ਅਜੀਬ ਜਿਹੇ ਤਰੀਕੇ ਨਾਲ ਵੇਖ ਰਹੇ ਸੀ ਮੁਸ਼ਕ ਰੋਕਣ ਲਈ ਅਸੀਂ ਹੱਥ ਨਾਲ ਨੱਕ ਘੁਟੇ ਹੋਏ ਸਨ। ਉਸਦੇ ਲੈਟਰੀਨ ਅੰਦਰ ਜਾਣ ਤੋ ਬਾਅਦ  ਮੇਰੀ ਮਾਂ ਨੂੰ ਕਵਿੰਟਲ ਦਾ ਵੀ ਫਿਕਰ ਪੈ ਗਿਆ ਕਿਤੇ ਉਹ ਲੈਟਰੀਨ ਅੰਦਰ ਹੀ ਨਾ ਧੱਸ ਜਾਵੇ।ਫਿਰ ਕੀ ਕਰਾਂਗੇ ਪਰ ਮਿੰਟਾਂ ਵਿਚ ਹੀ ਕਵਿੰਟਲ ਗੰਦ ਨਾਲ ਲਿੱਬੜਿਆ ਹੱਥ ਵਿਚ ਬਲੂੰਗੜਾ ਫੜ੍ਹੀ ਬਾਹਰ ਆ ਗਿਆ। ਉਸ ਦੇ ਕਪੜਿਆ ਸਰੀਰ ਸਿਰ ਤੇ ਗੰਦ ਹੀ ਗੰਦ ਲੱਗਿਆ ਹੋਇਆ ਸੀ।ਬਲੂੰਗੜੇ ਨੂੰ ਜਿਉਂਦਾ   ਵੇਖ ਕੇ ਅਸੀ ਖੁਸ਼ ਹੋ  ਗਏ। ਮੇਰੀ ਮਾਂ ਨੇ ਬਲੂੰਗੜੇ ਨੂੰ ਕੋਲ ਪਈ ਬਾਲਟੀ ਆਲੇ ਪਾਣੀ ਨਾਲ ਧੋ ਕੇ ਛੱਡ ਦਿੱਤਾ ਤੇ ਕਵਿੰਟਟ ਦੇ ਵੀ ਹੱਥ ਧੁਆ ਦਿੱਤੇ। ਬਲੂੰਗੜੇ ਨੂੰ ਉਸਦੀ ਮਾਂ ਆਪਣੇ ਨਾਲ ਲੈ ਕੇ ਦੋੜ ਗਈ। ਕਵਿੰਟਲ ਦੇ ਚੇਹਰੇ ਤੇ ਵੀ ਮੁਸਕਾਨ ਨਜਰ ਆ ਰਹੀ ਸੀ। ਮੇਰੀ ਮਾਂ ਨੇ ਫਰਿਸ਼ਤੇ  ਵਰਗੇ ਕਵਿੰਟਲ ਦਾ ਸ਼ੁਕਰੀਆ ਕੀਤਾ ਤੇ ਉਸ ਨੂੰ ਸ਼ਬਾਸ਼ ਦਿੱਤੀ। 
ਕਵਿੰਟਲ ਨੂੰ ਦੋ ਰੁਪਏ ਇਨਾਮ ਵਜੋ ਦੇਣ ਦੀ ਕੋਸਿਸ ਕੀਤੀ ਪਰ ਉਸ ਨੇ ਪੈਸੇ ਲੈਣ ਤੋ ਸਾਫ ਮਨਾਂ ਕਰ ਦਿੱਤਾ ਕਹਿੰਦਾ ਬੀਬੀ ਜੀ ਇਸ ਦੀ ਜਾਨ ਬੱਚ ਗਈ ਮੇਰੇ ਲਈ ਇੰਨਾ ਹੀ ਕਾਫੀ ਹੈ।ਮੈ ਇਹ ਕੰਮ ਪੈਸਿਆ ਲਈ ਨਹੀ ਕੀਤਾ। ਹਾਂ ਮੈਨੂੰ ਕੋਈ ਸਾਬੁਣ ਦਾ ਟੁਕੜਾ ਦੇ ਦਿਓ ਨਹਾਉਣ ਲਈ।ਮੇਰੀ ਮਾਂ ਨੇ ਉਸ ਨੂੰ ਲਾਇਫ ਬੁਆਏ ਸਾਬੁਣ ਦੀ ਨਵੀ ਟਿੱਕੀ ਦੇ ਦਿੱਤੀ। ਤੇ ਨਾਲ ਹੀ ਉਸ ਨੂੰ  ਸਾਮ ਦੀ ਰੋਟੀ ਨਾ ਬਨਾਉਣ ਅਤੇ ਸਾਡੇ ਘਰੇ ਰੋਟੀ ਖਾਣ ਲਈ ਆਖਿਆ। ਕਵਿੰਟਲ ਦੇ ਇਸ ਬਹਾਦਰੀ ਤੇ ਭਲਾਈ ਦੇ ਕੰਮ ਕਰਕੇ ਮੇਰੇ ਦਿਲ ਵਿੱਚ  ਉਸ ਦੀ ਇਜ਼ੱਤ ਹੋਰ ਵੱਧ ਗਈ। ਹੁਣ ਮੈਨੂੰ ਕਵਿੰਟਲ ਬਹੁਤ ਚੰਗਾ ਲੱਗਦਾ ਸੀ ਤੇ ਮੈਨੂੰ ਉਸ ''ਚੋਂ ਮੁਸ਼ਕ ਵੀ ਨਹੀ ਸੀ ਆਉਦਾ। ਅੱਜ ਵੀ ਮੇਰੇ ਮਨ ਵਿਚ ਕਵਿੰਟਲ ਦੀ ਉਹ ਯਾਦ ਤਾਜਾ ਹੈ।

ਰਮੇਸ਼ ਸੇਠੀ ਬਾਦਲ