ਔਰਤਾਂ ਵੀ ਹੁਣ ਦਿਲੇਰੀ ਦਿਖਾਉਣ ਲੱਗੀਆਂ

02/05/2016 7:14:04 AM

ਅੱਜ ਦੇਸ਼ ''ਚ ਖਾਸ ਕਰਕੇ ਔਰਤਾਂ ਵਿਰੁੱਧ ਅਪਰਾਧ ਬੇਕਾਬੂ ਹੋ ਰਹੇ ਹਨ ਜਦਕਿ ਔਰਤਾਂ ਅੱਜ ਜੀਵਨ ਦੇ ਹਰ ਖੇਤਰ ''ਚ ਸਰਗਰਮ ਹਨ। ਹਾਲਾਂਕਿ ਅਪਰਾਧੀ ਅਨਸਰਾਂ ਅੱਗੇ ਉਹ ਵੀ ਬੇਵਸ ਨਜ਼ਰ ਆਉਂਦੀਆਂ ਹਨ ਪਰ ਸਮੇਂ-ਸਮੇਂ ''ਤੇ ਅਜਿਹੀਆਂ ਦਲੇਰ ਔਰਤਾਂ ਦੀਆਂ ਮਿਸਾਲਾਂ ਵੀ ਸਾਹਮਣੇ ਆਉਂਦੀਆਂ ਹਨ ਜਿਨ੍ਹਾਂ ਤੋਂ ਸਿੱਧ ਹੁੰਦਾ ਹੈ ਕਿ ਜੇ ਉਹ ਆਤਮਵਿਸ਼ਵਾਸ ਨਾਲ ਠਾਣ ਲੈਣ ਤਾਂ ਹਰੇਕ ਸਮੱਸਿਆ ਦਾ ਮੁਕਾਬਲਾ ਕਰ ਸਕਦੀਆਂ ਹਨ। ਇਥੇ ਪੇਸ਼ ਹਨ ਅਜਿਹਾ ਹੀ ਸੰਦੇਸ਼ ਦੇਣ ਵਾਲੀਆਂ ਚੰਦ ਘਟਨਾਵਾਂ :
* 20 ਮਾਰਚ 2015 ਨੂੰ ਇਕ ਮੁਟਿਆਰ ''ਪ੍ਰਦਨਯਾ ਮੰਧਾਰੇ'' ਜਦੋਂ ਮੁੰਬਈ ਦੇ ਕਾਂਦੀਵਲੀ ਸਟੇਸ਼ਨ ''ਤੇ ਗੱਡੀ ਦੀ ਉਡੀਕ ਕਰ ਰਹੀ ਸੀ ਤਾਂ ਇਕ ਸ਼ਰਾਬੀ ਨੇ ਆ ਕੇ ਉਸ ਨੂੰ ਪਿੱਛਿਓਂ ਦਬੋਚ ਲਿਆ। ਇਸ ''ਤੇ ਪ੍ਰਦਨਯਾ ਨੇ ਡਰਨ ਜਾਂ ਰੌਲਾ ਪਾਉਣ ਦੀ ਬਜਾਏ ਖੁਦ ਨੂੰ ਉਸ ਦੀ ਗ੍ਰਿਫਤ ''ਚੋਂ ਛੁਡਾ ਕੇ ਪਹਿਲਾਂ ਤਾਂ ਉਸ ਨੂੰ ਕਾਫੀ ਕੁੱਟਿਆ ਤੇ ਫਿਰ ਉਸ ਨੂੰ ਵਾਲਾਂ ਤੋਂ ਫੜ ਕੇ ਧੂੰਹਦੀ ਹੋਈ ਪੁਲਸ ਸਟੇਸ਼ਨ ਲੈ ਗਈ।
* 8 ਸਤੰਬਰ ਦੀ ਸ਼ਾਮ ਨੂੰ ਕੋਲਕਾਤਾ ਦੇ ਮੱਧਮਗ੍ਰਾਮ  ''ਚ ਇਕ 16 ਸਾਲਾ ਲੜਕੀ ਘਰ ਜਾ ਰਹੀ ਸੀ ਤੇ ਉਸ ਨੂੰ ਦੋ ਪੇਸ਼ੇਵਰ ਗੁੰਡਿਆਂ ਨੇ ਘੇਰ ਲਿਆ। ਉਹ ਉਸ ਨਾਲ ਛੇੜਖਾਨੀ ਕਰਨ ਤੇ ਉਸ ਨੂੰ ਇਕ ਪਾਸੇ ਘੜੀਸਣ ਲੱਗੇ ਪਰ ਲੜਕੀ ਨੇ ਉਨ੍ਹਾਂ ''ਤੇ ਅਜਿਹੇ ਮੁੱਕੇ ਵਰ੍ਹਾਏ ਕਿ ਉਨ੍ਹਾਂ ਨੂੰ ਦਿਨੇ ਹੀ ਤਾਰੇ ਨਜ਼ਰ ਆਉਣ ਲੱਗੇ ਤੇ ਉਹ ਉਥੇ ਹੀ ਬੈਠ ਗਏ। ਇਸ ਤੋਂ ਬਾਅਦ ਲੜਕੀ ਨੇ ਉਨ੍ਹਾਂ ਦੋਹਾਂ ਨੂੰ ਕੁੱਟ-ਕੁੱਟ ਕੇ ਲਹੂ-ਲੁਹਾਨ ਕਰ ਦਿੱਤਾ।
* 27 ਦਸੰਬਰ  ਨੂੰ ਨੇਤਰਵਤੀ ਐਕਸਪ੍ਰੈੱਸ ''ਚ ਇਕੱਲੀ ਕੇਰਲਾ ਜਾ ਰਹੀ ਇਕ 50 ਸਾਲਾ ਔਰਤ ''ਤੇ ਚੰਦ ਲੁਟੇਰਿਆਂ ਨੇ ਰਾਤ ਦੇ ਸਮੇਂ ਗੋਆ ''ਚ ਮਦਗਾਓਂ ਨੇੜੇ ਹੱਲਾ ਬੋਲ ਕੇ ਉਸ ਦਾ ਸਾਮਾਨ ਲੁੱਟ ਲਿਆ ਤੇ ਭੱਜਣ ਲੱਗੇ। ਹਿੰਮਤ ਕਰਕੇ ਉਸ ਔਰਤ ਨੇ ਇਕ ਲੁਟੇਰੇ ਨੂੰ ਦਬੋਚ ਵੀ ਲਿਆ ਪਰ ਡੱਬੇ ''ਚ ਮੌਜੂਦ ਸੁਰੱਖਿਆ ਮੁਲਾਜ਼ਮ ਉਸ ਦੀ ਸਹਾਇਤਾ ਲਈ ਅੱਗੇ ਨਹੀਂ ਆਏ।
* 12 ਜਨਵਰੀ 2016 ਨੂੰ ਅੱਧਾ ਦਰਜਨ ਹਥਿਆਰਬੰਦ ਡਾਕੂ ਬਿਹਾਰ ਦੇ ਬੇਗੂਸਰਾਏ ਦੇ ਪਿੰਡ ਸਕਰਵਾਸਾ ''ਚ ਮਦਨ ਪੋਦਾਰ ਦੇ ਘਰ ਜਾ ਵੜੇ ਅਤੇ ਮਦਨ, ਉਸ ਦੀ ਪਤਨੀ ਨਿਰਮਲਾ ਨੂੰ ਬੰਨ੍ਹ ਕੇ ਘਰ ਦਾ ਕੀਮਤੀ ਸਾਮਾਨ ਲੁੱਟਣ ਲੱਗੇ।
ਖੜਾਕ ਸੁਣ ਕੇ ਦੂਜੇ ਕਮਰੇ ''ਚ ਸੌਂ ਰਹੀਆਂ ਮਦਨ ਦੀਆਂ ਤਿੰਨ ਧੀਆਂ ਮਹਿਮਾ, ਕਾਜਲ  ਤੇ ਪੂਜਾ ਆਪਣੇ ਮਾਤਾ-ਪਿਤਾ ਦੀ ਜਾਨ ਖਤਰੇ ''ਚ ਦੇਖ ਕੇ ਡਾਕੂਆਂ ਨਾਲ ਭਿੜ ਗਈਆਂ। ਤਿੰਨਾਂ ਨੇ ਨਾ ਸਿਰਫ ਆਪਣਾ ਘਰ ਲੁੱਟ ਹੋਣ ਤੋਂ ਬਚਾ ਲਿਆ ਸਗੋਂ ਆਪਣੇ ਮਾਤਾ-ਪਿਤਾ ਦੀ ਜਾਨ ਵੀ ਬਚਾ ਲਈ ਅਤੇ ਇਕ ਡਾਕੂ ਨੂੰ ਵੀ ਫੜ ਲਿਆ।
* 18 ਜਨਵਰੀ ਨੂੰ ਰੁਦਰਪੁਰ ''ਚ ਸਥਿਤ ਵਿਕਾਸ ਕਾਲੋਨੀ ''ਚ ਨਿੱਤ ਦੀ ਛੇੜਖਾਨੀ ਤੋਂ ਪ੍ਰੇਸ਼ਾਨ ਇਕ ਲੜਕੀ ਨੇ ਇਕ ਮਨਚਲੇ ਨੂੰ ਚੱਪਲਾਂ ਨਾਲ ਚੰਗੀ ਤਰ੍ਹਾਂ ਕੁੱਟਿਆ ਤੇ ਫਿਰ ਕਾਲਰ ਤੋਂ ਫੜ ਕੇ ਕਾਫੀ ਦੇਰ ਤਕ ਸੜਕ ''ਤੇ ਵੀ ਘੁਮਾਇਆ।
* 23 ਜਨਵਰੀ ਨੂੰ ਸਵੇਰੇ-ਸਵੇਰੇ ਜਸਲੀਨ ਕੌਰ ਨਾਮੀ ਮੁਟਿਆਰ ਕੋਲਕਾਤਾ ਦੇ ਬੋਟੈਨਿਕ ਗਾਰਡਨ ''ਚ ਆਪਣੇ ਪਿਤਾ ਨਾਲ ਸੈਰ ਕਰ ਰਹੀ ਸੀ ਕਿ ਇੰਨੇ ਨੂੰ ਇਕ ਝਪਟਮਾਰ ਨੇ, ਜਿਸ ਕੋਲ ''ਪਿਸਤੌਲ'' ਵੀ ਸੀ, ਉਸ ਦੀ ਗਲੇ ਦੀ ਚੇਨ ਝਪਟ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਜਸਲੀਨ ਨੇ ਭੱਜ ਕੇ ਉਸ ਦਾ ਪਿੱਛਾ ਕੀਤਾ ਅਤੇ ਉਸ ਨੂੰ ਅਜਿਹਾ ਮੁੱਕਾ ਮਾਰਿਆ ਕਿ ਉਸ ਦੇ ਮੂੰਹ-ਨੱਕ ''ਚੋਂ ਖੂਨ ਵਗਣ ਲੱਗਾ। ਉਹ ਝਪਟਮਾਰ ਕਿਸੇ ਤਰ੍ਹਾਂ ਬਚ ਕੇ ਭੱਜ ਗਿਆ ਪਰ ਜਸਲੀਨ ਦੀ ਚੇਨ ਤੇ ਪਿਸਤੌਲ ਉਥੇ ਹੀ ਛੱਡ ਗਿਆ। ਬਾਅਦ ''ਚ ਪੁਲਸ ਜਾਂਚ ਦੌਰਾਨ ਪਿਸਤੌਲ ਨਕਲੀ ਨਿਕਲਿਆ।
* 30 ਜਨਵਰੀ ਨੂੰ ਹਿਮਾਚਲ ਦੇ ਕੋਟਕਵਾਲ ਪਿੰਡ  ''ਚ ਇਕ ਲੜਕੀ ਦਾ ਵਿਆਹ ਹੋ ਰਿਹਾ ਸੀ ਕਿ ਉਸ ਦਾ ਧਿਆਨ ਆਪਣੇ ਹੋਣ ਵਾਲੇ ਪਤੀ ਦੀਆਂ ਊਲ-ਜਲੂਲ ਹਰਕਤਾਂ ਵੱਲ ਗਿਆ। ਪੰਡਿਤ ਜੀ ਉਸ ਨੂੰ ਕਹਿ ਕੁਝ ਰਹੇ ਸਨ ਅਤੇ ਉਹ ਕਰ ਕੁਝ ਹੋਰ ਰਿਹਾ ਸੀ। ਹਵਨ ਦੀ ਸਮੱਗਰੀ ਅੱਗ ''ਚ ਨਾ ਸੁੱਟ ਕੇ ਕਿਤੇ ਹੋਰ ਸੁੱਟ ਰਿਹਾ ਸੀ। ਇਹ ਦੇਖ ਕੇ ਪ੍ਰੇਸ਼ਾਨ ਲੜਕੀ ਨੇ ਉਸ ਨਾਲ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ।
* 31 ਜਨਵਰੀ ਨੂੰ ਹਰਿਆਣਾ ''ਚ ਪਲਵਲ ਦੇ ਪਿੰਡ ਕੋਤਮਾ ''ਚ ਇਕ ਲੜਕੀ ਸੋਨੀ ਨੇ ਦਾਜ ਦੇ ਲੋਭੀਆਂ ਨੂੰ ਜੇਲ ਦੀ ਸੈਰ ਕਰਵਾ ਦਿੱਤੀ। ਉਸ ਦੇ ਵਿਆਹ ਲਈ ਬਾਰਾਤ ਆ ਚੁੱਕੀ ਸੀ ਕਿ ਪੰਡਾਲ ''ਚ ਲਾੜਾ ਪੱਖ ਨੇ ਅਚਾਨਕ ਮਹਿੰਗੀ ਕਾਰ ਦੀ ਮੰਗ ਕਰਦਿਆਂ ਲਾੜੀ ਪੱਖ ਦੇ ਲੋਕਾਂ ਨਾਲ ਬਦਤਮੀਜ਼ੀ ਕਰਨੀ ਸ਼ੁਰੂ ਕਰ ਦਿੱਤੀ। ਇਸ ''ਤੇ ਸੋਨੀ ਨੇ ਨਾ ਸਿਰਫ ਉਸ ਲੜਕੇ ਨਾਲ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸਗੋਂ ਪੁਲਸ ਵੀ ਸੱਦ ਲਈ।
ਇਹ ਤਾਂ ਸਾਡੀਆਂ ਬੱਚੀਆਂ ਦੀ ਹਾਜ਼ਿਰ-ਦਿਮਾਗੀ ਤੇ ਬਹਾਦਰੀ ਦੀਆਂ ਚੰਦ ਕਹਾਣੀਆਂ ਹਨ। ਅਚਾਨਕ ਆਏ ਸੰਕਟ ਨਾਲ ਨਜਿੱਠਣ ਦੇ ਮਾਮਲੇ ''ਚ ਉਨ੍ਹਾਂ ਦੀ ਹਾਜ਼ਿਰ-ਦਿਮਾਗੀ ਅਤੇ ਦਲੇਰੀ ਦੀ ਜਿੰਨੀ ਤਾਰੀਫ ਕੀਤੀ ਜਾਵੇ, ਘੱਟ ਹੈ।
ਇਸ ਲਈ ਲੋੜ ਇਸ ਗੱਲ ਦੀ ਹੈ ਕਿ ਮਾਤਾ-ਪਿਤਾ ਆਪਣੀਆਂ ਬੱਚੀਆਂ ਨੂੰ ਸਮੁੱਚੀ ਸਿੱਖਿਆ ਦਿਵਾਉਣ ਦੇ ਨਾਲ-ਨਾਲ ਸਵੈ-ਰੱਖਿਆ ਦੀ ਸਿਖਲਾਈ ਵੀ ਦਿਵਾਉਣ ਤਾਂ ਕਿ ਜ਼ਿੰਦਗੀ ਦੇ ਕਿਸੇ ਵੀ ਮੋੜ ''ਤੇ ਉਨ੍ਹਾਂ ਨੂੰ ਕਿਸੇ ਅਣਸੁਖਾਵੀਂ ਘਟਨਾ ਨਾਲ ਦੋ-ਚਾਰ ਨਾ ਹੋਣਾ ਪਵੇ।                            
- ਵਿਜੇ ਕੁਮਾਰ

Vijay Kumar Chopra

This news is Chief Editor Vijay Kumar Chopra