1965 ’ਚ ਫੌਜ ਦੀ ਜੰਗ ਰਣਨੀਤੀ ਰੰਗ ਲਿਆਈ

08/29/2023 1:10:10 PM

ਅੰਮ੍ਰਿਤ ਮਹਾ-ਉਤਸਵ ਵਾਲਾ ਅਗਸਤ ਦਾ ਮਹੀਨਾ ਕੇਵਲ ਭਾਰਤ ਲਈ ਹੀ ਨਹੀਂ ਬਲਕਿ ਸਮੁੱਚੀ ਮਨੁੱਖਤਾ ਲਈ ਉਸ ਸਮੇਂ ਇਤਿਹਾਸਕ ਹੋ ਨਿਬੜਿਆ ਜਦੋਂ 23 ਅਗਸਤ ਨੂੰ ਸ਼ਾਮ 6.04 ਵਜੇ ਚੰਦਰਯਾਨ-3 ਮਿਸ਼ਨ ਦਾ ਲੈਂਡਰ ਮਾਡਿਊਲ ਚੰਦਰਮਾ ਦੇ ਕਠੋਰ ਦੱਖਣੀ ਧਰੂਵ ’ਤੇ ਸਫਲਤਾਪੂਰਵਕ ਢੰਗ ਨਾਲ ਸਾਫਟ ਲੈਂਡਿੰਗ ਕਰ ਗਿਆ।

ਬ੍ਰਿਕਸ ਸੰਮੇਲਨ ’ਚ ਜੋਹਾਨਸਬਰਗ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਵਿਸ਼ਵ ਭਰ ਦੇ ਨੇਤਾਵਾਂ ਵੱਲੋਂ ਵਧਾਈਆਂ ਦੀ ਝੜੀ ਲੱਗ ਗਈ। ਬਾਗੋ-ਬਾਗ ਹੋਏ ਮੋਦੀ ਦਾ 56 ਵਾਲਾ ਸੀਨਾ ਫੁਲਿਆ ਨਹੀਂ ਸੀ ਸਮਾਅ ਰਿਹਾ, ਫਿਰ ਉਤਰਦਾ ਵੀ ਕਿਉਂ ਨਾ। ਦੇਸ਼ ਵਾਸੀਆਂ ਅੰਦਰ ਵੀ ਖੁਸ਼ੀ ਦੀ ਲਹਿਰ ਫੈਲ ਗਈ ਤੇ ਜਸ਼ਨ ਮਨਾਉਣੇ ਸ਼ੁਰੂ ਹੋ ਗਏ।

ਹਾਲਾਂਕਿ ਪਾਕਿਸਤਾਨ ਅੰਦਰ ਸਿਆਸੀ ਅਸਥਿਰਤਾ ਵਾਲਾ ਮਾਹੌਲ ਹੈ ਤੇ ਉੱਥੋਂ ਦਾ ਸਹਿਮਿਆ ਆਵਾਮ ਪਾਕਿਸਤਾਨੀ ਫੌਜ ਵੱਲੋਂ ‘ਮਾਰਸ਼ਲ ਲਾਅ’ ਵਰਗੇ ਅਟਕਲ ਪੱਚੂ ਵੀ ਲਗਾਏ ਜਾ ਰਹੇ ਹਨ ਪਰ ਉੱਥੋਂ ਦੇ ਵਸਨੀਕਾਂ ‘ਭਾਰਤੀ ਚੰਦਰਯਾਨ-3’ ਜ਼ਿੰਦਾਬਾਦ ਵਾਲੇ ਨਾਅਰੇ ਵੀ ਲਾਏ ਜੋ ਕਿ ਚੰਗਾ ਸੰਕੇਤ ਹੈ।

ਸਾਡੇ ਲਈ ਅਗਸਤ 1965 ਦਾ ਮਹੀਨਾ ਹੋਰ ਵੀ ਮਹੱਤਵਪੂਰਨ ਹੈ ਜਦੋਂ ਕਿ ਭਾਰਤ ਨੇ ਪਾਕਿਸਤਾਨ ਪਾਸਿਓਂ ਕਸ਼ਮੀਰ ’ਚ ਘੁਸਪੈਠ ਦਾ ਕਰਾਰਾ ਜਵਾਬ ਦਿੱਤਾ ਤੇ ਜੰਗ ਵੀ ਜਿੱਤੀ ਪਰ ਇਕ ਵਾਰ ਮੁਲਕ ਅੰਦਰ ਅਜਿਹੀ ਸਥਿਤੀ ਵੀ ਪੈਦਾ ਹੋਈ ਜਦੋਂ ਕਿ ਨਿਧੜਕ ਜਨਰਲ ਹਰਬਖਸ਼ ਸਿੰਘ ਨੇ ਕਸ਼ਮੀਰ ਘਾਟੀ ਦੇ ‘ਮਾਰਸ਼ਲ ਲਾਅ’ ਲਗਾਉਣ ਦੀ ਡਟ ਕੇ ਵਿਰੋਧਤਾ ਕੀਤੀ। ਇਹ ਸਭ ਕੁੱਝ ਸਮਝਣ ਵਾਸਤੇ ਸਾਡੇ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਪੜੋਸੀ ਮੁਲਕ ਦੇ ਮਨਸੂਬਿਆਂ ’ਤੇ 1965 ’ਚ ਅਪਣਾਈ ਗਈ ਰਣਨੀਤੀ ਬਾਰੇ ਜਾਣਕਾਰੀ ਹਾਸਲ ਕੀਤੀ ਜਾਵੇ। ਜਨਰਲ ਹਰਬਖਸ਼ ਸਿੰਘ ਨੂੰ ਇਹ ਗਿਆਨ ਸੀ ਕਿ ਸੰਭਾਵੀ ਜੰਗ ਲੜਨ ਦਾ ਭਾਰਤੀ ਲਕਸ਼ ਪ੍ਰਦੇਸ਼ਿਕ ਇਲਾਕੇ ਨੂੰ ਕਬਜ਼ੇ ਹੇਠ ਲੈਣ ਵਾਲਾ ਨਹੀਂ ਸੀ, ਬਲਕਿ ਸੰਨ 1949 ਤੋਂ ਜੰਮੂ-ਕਸ਼ਮੀਰ ਵਾਲੇ ਇਲਾਕੇ ’ਚ ਪਾਕਿਸਤਾਨ ਵੱਲੋਂ ਜੋ ਲਗਾਤਾਰ ਜੰਗਬੰਦੀ ਦੀ ਉਲੰਘਣਾ ਕੀਤੀ ਜਾ ਰਹੀ ਹੈ, ਉਸ ਨੂੰ ਠੱਲ੍ਹ ਪਾਉਣ ਵਾਲਾ ਸੀ। ਹਰ ਰੋਜ਼ ਜੰਮੂ-ਕਸ਼ਮੀਰ ਦੇ ਸਰਹੱਦੀ ਇਲਾਕੇ ’ਚ ਔਸਤਨ 6-7 ਵਾਰੀ ਪਾਕਿਸਤਾਨ ਦੀ ਤਰਫੋਂ ਗੋਲਾਬਾਰੀ ਹੁੰਦੀ ਰਹਿੰਦੀ, ਜਿਸ ’ਚ ਰਾਕਟ ਵੀ ਦਾਗੇ ਜਾਂਦੇ, ਕਦੇ ਤੋਪਾਂ ਵੀ ਗੁੰਜਦੀਆਂ। ਸੰਨ 1965 ਦੇ ਪਹਿਲੇ 6 ਮਹੀਨਿਆਂ ਅੰਦਰ ਪਾਕਿਸਤਾਨ ਵੱਲੋਂ 1800 ਵਾਰੀ ਕੰਟਰੋਲ ਰੇਖਾ ਦੀ ਉਲੰਘਣਾ ਕੀਤੀ ਗਈ।

ਨਵੰਬਰ 1964 ਵਿਚ ਪੱਛਮੀ ਕਮਾਂਡ ਦੀ ਵਾਗਡੋਰ ਸੰਭਾਲਦੇ ਸਮੇਂ ਸਭ ਤੋਂ ਪਹਿਲਾਂ ਕੰਮ ਜਨਰਲ ਹਰਬਖਸ਼ ਸਿੰਘ ਨੇ ਆਪ੍ਰੇਸ਼ਨ ਪਲੈਨ ਨੂੰ ਨਵਾਂ ਰੂਪ ਦੇਣ ਦਾ ਕੀਤਾ। ਉਹ ਇਸ ਗੱਲ ਤੋਂ ਭਲੀਭਾਂਤ ਜਾਣੂ ਸਨ ਕਿ ਜਦੋਂ ਤਕ ਕੰਟਰੋਲ ਰੇਖਾ ਦੇ ਪਾਰ ਉੱਚੀਆਂ ਪਹਾੜੀਆਂ ਨੂੰ ਕਾਬੂ ਨਹੀਂ ਕੀਤਾ ਜਾਂਦਾ, ਉਦੋਂ ਤਕ ਜੰਗਲ ਭਰਪੂਰ ਵਾਦੀਆਂ ਅਤੇ ਸੈਂਕੜੇ ਵਗਦੇ ਰਸਤਿਆਂ ਦੀ ਆੜ ਵਿਚ ਜੇਕਰ ਘੁਸਪੈਠੀਏ ਕਸ਼ਮੀਰ ਵਾਦੀ ’ਚ ਪ੍ਰਵੇਸ਼ ਕਰ ਜਾਂਦੇ ਹਨ ਤਾਂ ਸ਼੍ਰੀਨਗਰ ਸਥਾਪਤ 15 ਕੋਰ ਵਾਸਤੇ ਉਨ੍ਹਾਂ ਨੂੰ ਵਾਪਸ ਧਕੇਲਨਾ ਇੰਨਾ ਆਸਾਨ ਨਹੀਂ ਹੋਵੇਗਾ, ਜਿਵੇਂ ਕਿ ਸੰਨ 1947-48 ਸਮੇਂ ਵਾਪਰਿਆ ਸੀ। ਇਸ ਵਾਸਤੇ ਹਾਜੀਪੀਰ ਅਤੇ ਕੁਝ ਇਕ ਹੋਰ ਉੱਚੀਆਂ ਚੋਟੀਆਂ ਵਾਲੀਆਂ ਦੁਸ਼ਮਣ ਦੀਆਂ ਪੋਸਟਾਂ ਉਪਰ ਹਮਲੇ ਕਰ ਕੇ ਆਪਣੇ ਕਬਜ਼ੇ ਹੇਠ ਲੈਣਾ ਸਿਰਫ ਜਨਰਲ ਹਰਬਖਸ਼ ਿਸੰਘ ਦੀ ਦੂਰਅੰਦਸ਼ੀ ਵਾਲੀ ਰਣਨੀਤੀ ਸਦਕਾ ਵਾਪਰਿਆ।

‘ਮਾਰਸ਼ਲ ਲਾਅ’ ਦੀ ਨੌਬਤ

ਪਾਕਿਸਤਾਨ ਦੀ ਸੰਨ 1947-48 ਦੀ ਲੜਾਈ ਵਿਚ ਹੋਈ ਹਾਰ ਅਤੇ ਨਮੋਸ਼ੀ ਦਾ ਬਦਲਾ ਲੈਣ ਦੀ ਭਾਵਨਾ ਨਾਲ ਪਾਕਿਸਤਾਨ ਦੇ ਰਾਸ਼ਟਰਪਤੀ ਜਨਰਲ ਆਯੁਬ ਖਾਨ ਨੇ ਪਾਕਿਸਤਾਨ ਦੇ ਹੇਠਲੇ ਕਸ਼ਮੀਰ (ਪੀ. ਓ. ਕੇ.) ਅੰਦਰ ਸੰਨ 1965 ਦੇ ਸ਼ੁਰੂ ’ਚ ਚਾਰ ਗੁਰੀਲਾ ਟ੍ਰੇਨਿੰਗ ਕੈਂਪ ਸਥਾਪਤ ਕਰ ਕੇ ਭਾਰਤ ਅੰਦਰ ਘੁਸਪੈਠ ਦੀਆਂ ਤਿਆਰੀਆਂ ਆਰੰਭ ਦਿੱਤੀਆਂ। ਅਗਸਤ ਦੇ ਪਹਿਲੇ ਹਫਤੇ ‘ਆਪ੍ਰੇਸ਼ਨ ਜਿਬਗਲਟਰ ’ ਦੇ ਨਾਂ ਹੇਠ ਤਕਰੀਬਨ 9 ਹਜ਼ਾਰ ਘੁਸਪੈਠੀਆਂ ਨੂੰ ਸਿਖਲਾਈ ਉਪਰੰਤ ਉਨ੍ਹਾਂ ਨੂੰ 5 ਤੋਂ 8 ਟਾਸਕ ਫੋਰਸਿਜ਼ ’ਚ ਵੰਡ ਕੇ ਇਸਲਾਮ ਦੇ ਨਾਅਰੇ ਹੇਠ ਜੰਮੂ-ਕਸ਼ਮੀਰ ਦੇ ਇਲਾਕੇ ’ਚ ਕਾਰਗਿਲ ਤੋਂ ਲੈ ਕੇ ਜੰਮੂ ਦੇ ਪੱਛਮ ਵੱਲ ਦੀਆਂ ਪਹਾੜੀਆਂ ਨੂੰ ਧਕੇਲ ਦਿੱਤਾ। ਅਫਸੋਸ ਦੀ ਗੱਲ ਤਾਂ ਇਹ ਹੈ ਕਿ ਗਹਿਰੀ ਨੀਂਦ ਦਾ ਆਨੰਦ ਮਾਣ ਰਹੇ ਸਾਡੇ ਦੇਸ਼ ਦੇ ਹਾਕਮਾਂ ਨੂੰ ਿਕਸੇ ਕਿਸਮ ਦੀ ਸੂਹ ਵੀ ਨਹੀਂ ਲੱਗਣ ਦਿੱਤੀ। ਇਹ ਆਪ੍ਰੇਸ਼ਨ 01 ਅਗਸਤ ਨੂੰ ਮੇਜਰ ਜਨਰਲ ਅਖਤਰ ਹੁਸੈਨ ਮਲਿਕ (12 ਡਵੀਜ਼ਨ) ਦੀ ਕਮਾਂਡ ਹੇਠ ਸ਼ੁਰੂ ਕੀਤਾ ਗਿਆ।

ਪਹਿਲੀ ਟੀਮ ਸੋਨਾਮਰਗ-ਕਾਰਗਿਲ, ਦੂਸਰੀ ਚੌਕੀਬਲ-ਕਿਰਨ, ਤੀਸਰੀ ਨਸ਼ਤਾਚੁਨ ਦਰਾ-ਤਿੱਥਵਾਲ, ਚੌਥੀ ਟੋਲੀ ਬਾਰਾਮੂਲਾ-ਉੜੀ ਗੁਲਮਰਗ-ਹਾਜੀਪੀਰ-ਪੁੰਛ ਅਤੇ ਪੰਜਵੀਂ ਮੈਂਦਰ ਰਾਜੌਰੀ ਨੁਸ਼ਹਿਰਾ। ਇੰਨ੍ਹੇ ਢੇਰ ਸਾਰੀਆਂ ਟੀਮਾਂ-ਘੁਸਪੈਠੀਆਂ ਨੂੰ ਜੋ ਕਰਤਵ ਸੌਪੇ ਗਏ ਉਨ੍ਹਾਂ ਵਿਚ ਫੌਜੀ ਹੈੱਡਕੁਆਰਟਰਾਂ, ਮੋਟਰ ਗੱਡੀਆਂ ਦੀਆਂ ਕਾਨਵਾਈਆਂ, ਹਵਾਈ ਅੱਡੇ , ਰੇਡੀਓ ਸਟੇਸ਼ਨਾਂ ਤੋਂ ਗੋਲਾ ਬਾਰੂਦ ਦੇ ਜਖੀਰਿਆਂ ਨੂੰ ਤਬਾਹ ਕਰਨਾ ਆਦਿ ਸ਼ਾਮਲ ਸਨ। ਇਸ ਤੋਂ ਇਲਾਵਾ ਕਸ਼ਮੀਰੀ ਨਾਗਰਿਕਾਂ ਅੰਦਰ ਹਥਿਆਰ, ਗੋਲਾ ਬਾਰੂਦ ਵੰਡਣਾ ਅਤੇ ਇਸ ਕਿਸਮ ਦਾ ਮਾਹੌਲ ਪੈਦਾ ਕਰਨਾ ਜਿਸ ਨਾਲ ਸਿਵਲ ਪ੍ਰਸ਼ਾਸਨ ਨੂੰ ਬੇਵੱਸ ਕੀਤਾ ਜਾ ਸਕੇ ਤਾਂ ਕਿ ਸ਼ਰੇਆਮ ਸਥਿਤੀ ਬਗਾਵਤ ਦਾ ਰੂਪ ਧਾਰਨ ਕਰ ਲਵੇ। ਹੋਰਨਾਂ ਟੀਮਾਂ ਤੋਂ ਇਲਾਵਾ ਇਕ ਵਿਸ਼ੇਸ਼ ‘ਨੁਸਰੱਤ ਗਰੁੱਪ’ ਕਮਾਂਡੋ (ਇਹ ਕੋਡ ਵਰਡ ਜ਼ੁਲਫਕਾਰ ਅਲੀ ਭੁੱਟੋ ਦੀ ਬੇਗਮ) ਦੇ ਨਾਂ ਉਪਰ ਰੱਖਿਆ ਗਿਆ ਜੋ ਕਿ ਇਸ ਸਾਜ਼ਿਸ਼ ਦੀ ਸਿਰਜਣਹਾਰ ਸੀ। ਇਸ ਗਰੁੱਪ ਦਾ ਮੁੱਖ ਉਦੇਸ਼ ਗੰਨ ਪੁਜ਼ੀਸ਼ਨਾਂ ਉਪਰ ਰੇਡ ਮਾਰਨੀ ਸੀ।

ਇਹ ਵੀ ਕਲਪਨਾ ਕੀਤੀ ਗਈ ਕਿ ਹਾਜੀਪੁਰ ਵੱਲੋਂ ਆਉਣ ਵਾਲੇ ਘੁਸਪੈਠੀਏ 8 ਅਗਸਤ ਨੂੰ ਕਸ਼ਮੀਰ ਘਾਟੀ ’ਚ ‘ਪੀਰ ਦਸਤਗੀਰ ਸਾਹਿਬ’ ਵਾਲੇ ਮੇਲੇ ਦੇ ਜਿੱਥੇ ਕਿ ਹਜ਼ਾਰਾਂ ਦੀ ਗਿਣਤੀ ’ਚ ਸ਼ਰਧਾਲੂ ਪਹੁੰਚਣੇ ਸਨ ਉਨ੍ਹਾਂ ਅੰਦਰ ਘੁਸਪੈਠੀਏ ਘੁਲ-ਮਿਲ ਜਾਣਗੇ। ਅਗਲਾ ਦਿਨ ਜੋ ਕਿ ਸ਼ੇਖ ਅਬਦੁੱਲਾ ਦੀ ਕੈਦ ਦੀ ਵਰ੍ਹੇਗੰਢ ਵਾਲਾ ਸੀ, ਇਹ ਉਮੀਦ ਕੀਤੀ ਜਾ ਰਹੀ ਸੀ ਕਿ ਘੁਸਪੈਠੀਏ ਇਸ ਜਲਸੇ ’ਚ ਹਥਿਆਰ ਸਮੇਤ ਸ਼ਾਮਲ ਹੋ ਕੇ ਬਗਾਵਤ ਦਾ ਬਿਗੁਲ ਵਜਾਉਣਗੇ। ਕਸ਼ਮੀਰ ਘਾਟੀ ’ਚ ‘ਇਨਕਲਾਬੀ ਸਰਕਾਰ ਕਾਇਮ ਕਰ ਕੇ ਨਿਆਂ ਦੇ ਅਨੁਰੂਪ ’ਚ ਬਾਹਰਲੇ ਮੁਲਕਾਂ ਅਤੇ ਖਾਸ ਤੌਰ ’ਤੇ ਪਾਕਿਸਤਾਨ ਨੂੰ ਮਾਨਤਾ ਪ੍ਰਾਪਤ ਕਰਨ ਦੀ ਅਪੀਲ ਕੀਤੀ ਜਾਵੇਗੀ।

6-7 ਅਗਸਤ ਨੂੰ ਸੈਂਕੜਿਆਂ ਦੀ ਨਫਰੀ ਵਾਲੇ ਘੁਸਪੈਠੀਆਂ ਨੇ ਫੌਜੀ ਕੈਂਪਾਂ ’ਤੇ ਹੱਲੇ ਬੋਲਣ ਦੇ ਨਾਲ ਕਈ ਪੁਲ ਉਡਾ ਕੇ ਸੰਚਾਰ ਸਾਧਨਾਂ ਨੂੰ ਨੁਕਸਾਨ ਪਹੁੰਚਾਇਆ ਅਤੇ ਜੰਮੂ-ਸ਼੍ਰੀਨਗਰ ਸੜਕ ’ਚ ਵਿਘਨ ਪਾਉਣ ਵਾਲੀਆਂ ਭਰਪੂਰ ਕੋਸ਼ਿਸ਼ਾਂ ਜਾਰੀ ਰਹੀਆਂ। ਦਹਿਸ਼ਤ ਵਾਲਾ ਮਾਹੌਲ ਹਰ ਪਾਸੇ ਛਾ ਗਿਆ ਜਿਸ ਦੇ ਸਦਕਾ ਸਿਵਲ ਪ੍ਰਸ਼ਾਸਨ ਭੈਅਭੀਤ ਹੁੰਦਾ ਜਾ ਰਿਹਾ ਸੀ। ਜੰਮੂ-ਕਸ਼ਮੀਰ ਦੀ ਤਰਕਹੀਣ ਹਕੂਮਤ ਨੇ ਦਿੱਲੀ ਦਰਬਾਰ ਨਾਲ ਸੰਪਰਕ ਕਰ ਕੇ ਪੁਰਜ਼ੋਰ ਮੰਗ ਕੀਤੀ ਿਕ ਫੌਜ ਵਲੋਂ ‘ਮਾਰਸ਼ਲ ਲਾਅ’ ਲਾਗੂ ਕਰ ਕੇ ਸਿਵਲ ਪ੍ਰਸ਼ਾਸਨ ਵੀ ਸੰਭਾਲੇ। ਸੈਨਾ ਮੁਖੀ ਜਨਰਲ ਚੌਧਰੀ ਜੋ ਕਿ ਉਸ ਸਮੇਂ ਜਲੰਧਰ ਵਿਖੇ ਜਨਰਲ ਹਰਬਖਸ਼ ਸਿੰਘ ਤੇ ਹੋਰ ਜਰਨੈਲਾਂ ਨਾਲ ਰਣਨੀਤੀ ਤਹਿ ਕਰ ਰਹੇ ਸਨ ਉਨ੍ਹਾਂ ਨਾਲ ਰੱਖਿਆ ਸਕੱਤਰ ਨੇ ਸੰਘਰਸ਼ ਕਰ ਕੇ ਵਿਚਾਰ ਜਾਣਨੇ ਚਾਹੇ।

ਰੰਗ ਲਿਆਈ ਜਨਰਲ ਹਰਬਖਸ਼ ਸਿੰਘ ਦੀ ਜੰਗੀ ਰਣਨੀਤੀ

ਜਨਰਲ ਹਰਬਖਸ਼ ਸਿੰਘ ਨੇ ਸੈਨਾ ਮੁਖੀ ਨੂੰ ਸਮਝਾਇਆ ਕਿ ਕਸ਼ਮੀਰ ’ਚ ਇਸ ਸਮੇਂ ‘ਮਾਰਸ਼ਲ ਲਾਅ’ ਲਾਉਣਾ ਨਾ ਤਾਂ ਦੇਸ਼ ਹਿੱਤ ’ਚ ਹੋਵੇਗਾ ਤੇ ਨਾ ਹੀ ਕਸ਼ਮੀਰੀਆਂ ਨੂੰ ਕੋਈ ਰਾਹਤ ਮਿਲੇਗੀ। ਉਨ੍ਹਾਂ ਪਹਿਲਾ ਕਾਰਨ ਇਹ ਦੱਸਿਆ ਕਿ ਫੌਜ ਦੀ ਘਾਟ ਤਾਂ ਪਹਿਲਾਂ ਹੀ ਹੈ ਤੇ ਜੇਕਰ ਫੌਜੀ ਰਾਜ ਸਥਾਪਤ ਕਰ ਦਿੱਤਾ ਫਿਰ ਜੰਗ ਕੌਣ ਲੜੂ? ਦੂਸਰੀ ਵੱਡੀ ਗੱਲ ਇਹ ਸੀ ਕਿ ਪਿਛਲੇ ਕੁਝ ਦਿਨਾਂ ਤੋਂ ਪਾਕਿਸਤਾਨ ਰੇਡੀਓ ਵਾਰ-ਵਾਰ ਐਲਾਨ ਕਰ ਰਿਹਾ ਸੀ ਕਿ ਇਹ ਬਗਾਵਤ ਕਸ਼ਮੀਰੀਆਂ ਵਲੋਂ ਕੀਤੀ ਜਾ ਰਹੀ ਹੈ। ਇਸ ਵਾਸਤੇ ਜੇਕਰ ਮਾਰਸ਼ਲ ਲਾਅ ਲਗਾ ਦਿੱਤਾ ਜਾਂਦਾ ਹੈ ਤਾਂ ਪਾਕਿਸਤਾਨ ਦੀ ਵਿਚਾਰਧਾਰਾ ਦੀ ਪੁਸ਼ਟੀ ਹੋ ਜਾਵੇਗੀ ਤੇ ਜਨਤਾ ਆਤਮਵਿਸ਼ਵਾਸ ਖੋਹ ਬੈਠੇਗੀ। ਆਰਮੀ ਕਮਾਂਡਰ ਦੀ ਵਿਚਾਰਧਾਰਾ ਨੂੰ ਜਦੋਂ ਰੱਖਿਆ ਸਕੱਤਰ ਨੇ ਕੈਬਨਿਟ ਮੀਟਿੰਗ ’ਚ ਰੱਖਿਆ ਤਾਂ ਸਰਕਾਰ ਦੀਆਂ ਅੱਖਾਂ ਖੁੱਲ੍ਹ ਗਈਆਂ। ਇਸ ਵਾਸਤੇ ਜਨਰਲ ਹਰਬਖਸ਼ ਸਿੰਘ ਜੰਮੂ-ਕਸ਼ਮੀਰ ਤੇ ਪੰਜਾਬ ਦੇ ਰਾਖੇ ਵਜੋਂ ਜਾਣਿਆ ਜਾਂਦਾ ਹੈ।

ਬ੍ਰਿਗੇ. ਕੁਲਦੀਪ ਸਿੰਘ ਕਾਹਲੋਂ (ਰਿਟਾ.)

Rakesh

This news is Content Editor Rakesh