ਚੀਨ ਵਿਰੋਧੀ ਚੌਕੜੀ ?

10/08/2020 2:18:31 AM

ਡਾ. ਵੇਦਪ੍ਰਤਾਪ ਵੈਦਿਕ

ਅਮਰੀਕਾ, ਜਾਪਾਨ , ਆਸਟ੍ਰੇਲੀਆ ਅਤੇ ਭਾਰਤ ਇਨ੍ਹਾਂ ਚਾਰੇ ਦੇਸ਼ਾਂ ਦੀ ਚੌਕੜੀ ਦੀ ਬੈਠਕ, ਜੋ ਟੋਕੀਓ ’ਚ ਹੋਈ ਉਹ ਅਜੀਬ ਜਿਹੀ ਰਹੀ। ਇਨ੍ਹਾਂ ਚਾਰਾਂ ਦੇਸ਼ਾਂ ਦੇ ਵਿਦੇਸ਼ ਮੰਤਰੀ ਇਕ ਦੂਸਰੇ ਨਾਲ ਸਾਕਸ਼ਾਤ ਮਿਲੇ ਅਤੇ ਚਾਰਾਂ ਨੇ ਪ੍ਰਸ਼ਾਂਤ ਖੇਤਰ ਦੀ ਸ਼ਾਂਤੀ ਅਤੇ ਸੁਰੱਖਿਆ ਦੇ ਬਾਰੇ ’ਚ ਵਿਚਾਰਾਂ ਦਾ ਵਟਾਂਦਰਾ ਕੀਤਾ। ਇਹ ਚੌਕੜੀ ਅਮਰੀਕਾ ਦੀ ਪਹਿਲ ’ਤੇ ਬਣਾਈ ਗਈ ਹੈ, ਜਿਵੇਂ ਅਮਰੀਕਾ ਨੇ ਸੋਵੀਅਤ ਸੰਘ ਦੇ ਵਿਰੁੱਧ ‘ਨਾਟੋ’ ਅਤੇ ‘ਸੈਂਟੋ’ ਦੇ ਫੌਜੀ ਧੜੇ ਖੜ੍ਹੇ ਕੀਤੇ ਸਨ, ਉਵੇਂ ਹੀ ਉਹ ਹੁਣ ਚਾਹੁੰਦਾ ਹੈ ਿਕ ਚੀਨ ਦੇ ਵਿਰੁੱਧ ਚੱਕਰਵਿਊ ਖੜ੍ਹਾ ਕੀਤਾ ਜਾਵੇ।

ਇਹ ਡੋਨਾਲਡ ਟਰੰਪ ਦੇ ਦਿਮਾਗ ਦੀ ਉਪਜ ਹੈ। ਰਾਸ਼ਟਰਪਤੀ ਬਰਾਕ ਓਬਾਮਾ ਹੈਨਰੀ ਕੀਸਿੰਜਰ ਦੇ ਸੁਪਨੇ ਨੂੰ ਅੱਗੇ ਵਧਾਉਣਾ ਚਾਹੁੰਦੇ ਸਨ ਅਤੇ ਏਸ਼ੀਆ ’ਚ ਚੀਨ ਨੂੰ ਵਿਸ਼ੇਸ਼ ਮਹੱਤਵ ਦੇਣਾ ਚਾਹੁੰਦੇ ਸਨ। ਟਰੰਪ ਦਾ ਵਤੀਰਾ ਵੀ ਸ਼ੁਰੂ-ਸ਼ੁਰੂ ਤੋਂ ਇਹੀ ਸੀ ਪਰ ਵਪਾਰ ਦੇ ਮਾਮਲੇ ’ਚ ਚੀਨ ਦਾ ਸਖਤ ਰੁਖ ਟਰੰਪ ਦੀ ਮੁਸੀਬਤ ਬਣ ਗਿਆ। ਟਰੰਪ ਨੇ ਪਹਿਲਾਂ ਤਾਂ ਚੀਨ ਦੇ ਪ੍ਰਤੀ ਨਰਮ-ਗਰਮ ਵਤੀਰਾ ਅਪਨਾਇਆ ਪਰ ਕੋਰੋਨਾ ਮਹਾਮਾਰੀ ਦੇ ਲਈ ਚੀਨ ਨੂੰ ਜ਼ਿੰਮੇਵਾਰ ਠਹਿਰਾਅ ਕੇ ਉਸ ਵਿਰੁੱਧ ਖੁੱਲ੍ਹੀ ਸ਼ਬਦੀ ਜੰਗ ਛੇੜ ਦਿੱਤੀ। ਹੁਣ ਉਹ ਚਾਹੁੰਦੇ ਹਨ ਕਿ ਚੀਨ ਨੂੰ ਸਬਕ ਸਿਖਾਇਆ ਜਾਵੇ।

ਇਸ ਲਈ ਉਨ੍ਹਾਂ ਦੇ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੇ ਟੋਕੀਓ ਬੈਠਕ ’ਚ ਚੀਨ ਦੇ ਵਿਰੁੱਧ ਖੁਲ੍ਹ ਕੇ ਦੋਸ਼ ਲਗਾਏ। ਉਨ੍ਹਾਂ ਨੇ ਚੀਨੀ ਕੰਪਲੈਕਸ ਪਾਰਟੀ ਦਾ ਨਾਂ ਲੈ ਕੇ ਕਿਹਾ ਕਿ ਉਸਦੇ ਸ਼ੋਸ਼ਣ, ਭ੍ਰਿਸ਼ਟਾਚਾਰ ਅਤੇ ਦਾਦਾਗਿਰੀ ਦਾ ਡਟ ਕੇ ਵਿਰੋਧ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਹਾਂਗਕਾਂਗ ਅਤੇ ਤਾਈਵਾਨ ਦੇ ਵਿਰੁੱਧ ਕੀਤੇ ਜਾਣ ਵਾਲੇ ਜ਼ੁਲਮਾਂ ਦਾ ਵੀ ਜ਼ਿਕਰ ਕੀਤਾ।

ਉਨ੍ਹਾਂ ਨੇ ‘ਭਾਰਤ-ਪ੍ਰਸ਼ਾਂਤ ਖੇਤਰ’ ਨੂੰ ਵੀ ਚੀਨੀ ਦਬਾਅ ਤੋਂ ਮੁਕਤ ਕਰਵਾਉਣ ਦਾ ਨਾਅਰਾ ਲਗਾਇਆ। ਭਾਰਤ ਨੂੰ ਖੁਸ਼ ਕਰਨ ਲਈ ਉਨ੍ਹਾਂ ਨੇ ਲੱਦਾਖ ’ਚ ਹੋਈ ਝੜਪ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕੋਰੋਨਾ ਮਹਾਮਾਰੀ ਦਾ ਵੀ ਸਾਰਾ ਦੋਸ਼ ਚੀਨ ਦੇ ਮੱਥੇ ਮੜ ਦਿੱਤਾ ਪਰ ਬਾਕੀ ਤਿੰਨਾਂ ਦੇਸ਼ਾਂ ਦੇ ਵਿਦੇਸ਼ ਮੰਤਰੀਅਾਂ ਦੇ ਜੋ ਭਾਸ਼ਣ ਹੋਏ ਉਨ੍ਹਾਂ ’ਚੋਂ ਕਿਸੇ ਨੇ ਵੀ ਚੀਨ ਦਾ ਨਾਂ ਤਕ ਨਹੀਂ ਲਿਆ। ਉਨ੍ਹਾਂ ’ਚੋਂ ਕੋਈ ਚੀਨ ਨਾਲ ਪੰਗਾ ਲੈਣ ਲਈ ਤਿਆਰ ਨਹੀਂ ਸੀ। ਉਨ੍ਹਾਂ ਦੇ ਭਾਸ਼ਣਾਂ ਦਾ ਸਾਰ ਇਹੀ ਸੀ ਕਿ ‘ਹਿੰਦ-ਪ੍ਰਸ਼ਾਂਤ ਖੇਤਰ’ ’ਚ ‘ਕਾਨੂੰਨ ਦਾ ਰਾਜ’ ਚੱਲਣਾ ਚਾਹੀਦਾ ਹੈ ਅਤੇ ਸਮੁੰਦਰੀ ਮਾਰਗ ਸਾਰਿਆਂ ਲਈ ਖੁੱਲ੍ਹੇ ਹੋਣੇ ਚਾਹੀਦੇ ਹਨ। ਜਦੋਂ ਚਾਰੇ ਵਿਦੇਸ਼ ਮੰਤਰੀ ਜਾਪਾਨ ਦੇ ਨਵੇਂ ਪ੍ਰਧਾਨ ਯੋਸ਼ਹਿਦ ਸੁਗਾ ਨੂੰ ਮਿਲਣ ਗਏ ਤਾਂ ਉਨ੍ਹਾਂ ਨੂੰ ਵੀ ਇਹੀ ਕਿਹਾ । ਦੂਸਰੇ ਸ਼ਬਦਾਂ ’ਚ ਚੌਕੜੀ ਦੇ ਬਾਕੀ ਤਿੰਨ ਹੋਰ ਮੈਂਬਰ ਅਮਰੀਕੀ ਤਿਲਕਣ ਵਾਲੀ ਪਗਡੰਡੀ ਤੋਂ ਤਿਲਕਣ ਲਈ ਤਿਆਰ ਨਹੀਂ ਸਨ। ਇਸ ਲਈ ਕੋਰੋਨਾ ਕਾਲ ’ਚ ਹੋਈ ਸਾਕਸ਼ਾਤ ਬੈਠਕ ਨੇ ਕੋਈ ਸਾਂਝਾ ਬਿਆਨ ਜ਼ਾਰੀ ਨਹੀਂ ਕੀਤਾ। ਹਾਂ, ਚੀਨੀ ਸਰਕਾਰ ਨੇ ਅਮਰੀਕੀ ਵਤੀਰੇ ਦੀ ਨਿਖੇਧੀ ਕਰਦੇ ਹੋਏ ਕਿਹਾ ਕਿ ਕਿਸੇ ਹੋਰ ਰਾਸ਼ਟਰ ਦੀਆਂ ਲੱਤਾਂ ਖਿੱਚਣ ਦੀ ਬਜਾਏ ਇਸ ਤਰ੍ਹਾਂ ਦੇ ਸੰਗਠਨਾਂ ਨੂੰ ਆਪਸੀ ਸਹਿਯੋਗ ਵਧਾਉਣ ’ਤੇ ਜ਼ੋਰ ਦੇਣਾ ਚਾਹੀਦਾ ਹੈ।

Bharat Thapa

This news is Content Editor Bharat Thapa