ਦੋਹਰੇ ਮਾਪਦੰਡ, ਉਲਾਰ ਸੋਚ ਨਾਲ ਪੈਦਾ ‘ਡਰ’ ਦਾ ਮਾਹੌਲ

12/06/2019 1:58:10 AM

ਬਲਬੀਰ ਪੁੰਜ

ਬੀਤੇ ਐਤਵਾਰ (1 ਦਸੰਬਰ) ਨੂੰ ਉੱਦਮੀਆਂ ਨਾਲ ਸਬੰਧਿਤ ਪੁਰਸਕਾਰ ਸਮਾਰੋਹ ਦਾ ਆਯੋਜਨ ਹੋਇਆ। ਇਸ ਦੌਰਾਨ ਪ੍ਰਸਿੱਧ ਉਦਯੋਗਪਤੀ ਰਾਹੁਲ ਬਜਾਜ ਨੇ ਕੁਝ ਸਵਾਲ ਉਠਾਏ। ਉਨ੍ਹਾਂ ਨੇ ਭੋਪਾਲ ਤੋਂ ਭਾਜਪਾ ਦੀ ਸੰਸਦ ਮੈਂਬਰ ਪ੍ਰੱਗਿਆ ਠਾਕੁਰ ਵਲੋਂ ਨੱਥੂਰਾਮ ਗੋਡਸੇ ਨੂੰ ਕਥਿਤ ਤੌਰ ’ਤੇ ਦੇਸ਼ਭਗਤ ਕਹਿਣ, ਭੀੜ ਵਲੋਂ ਇਕ ਭਾਈਚਾਰੇ ਵਿਸ਼ੇਸ਼ ਦੇ ਲੋਕਾਂ ਦੀ ਹੱਤਿਆ ’ਤੇ ‘ਡਰ ਦਾ ਮਾਹੌਲ’ ਪੈਦਾ ਹੋਣ ਅਤੇ ‘ਅਸਹਿਣਸ਼ੀਲਤਾ’ ਉੱਤੇ ਕੇਂਦਰ ਦੀ ਮੋਦੀ ਸਰਕਾਰ ਨੂੰ ਘੇਰਿਆ। ਇਸ ਸਬੰਧ ਵਿਚ ਉਦਯੋਗ ਜਗਤ ਦੇ ਕੁਝ ਲੋਕ ਬਜਾਜ ਦਾ ਅਸਿੱਧਾ ਜਾਂ ਸਿੱਧਾ ਸਮਰਥਨ ਕਰ ਰਹੇ ਹਨ। ਅਜਿਹੇ ਵਿਚ ਸੁਭਾਵਿਕ ਹੋ ਜਾਂਦਾ ਹੈ ਕਿ ਰਾਹੁਲ ਬਜਾਜ ਵਲੋਂ ਉਠਾਏ ਸਵਾਲਾਂ ਨੂੰ ਤਰਕ-ਤੱਥ ਦੀ ਕਸੌਟੀ ’ਤੇ ਕੱਸਿਆ ਅਤੇ ਸਹੀ-ਗਲਤ ਦੇ ਮਾਪਦੰਡ ’ਤੇ ਉਸ ਨੂੰ ਪਰਖਣ ਲਈ ਨਿਰਪੱਖ ਚਰਚਾ ਕੀਤੀ ਜਾਵੇ।

ਮੈਂ ਗਾਂਧੀ ਜੀ ਦਾ ਬਹੁਤ ਸਨਮਾਨ ਕਰਦਾ ਹਾਂ। ਮੇਰਾ ਮੰਨਣਾ ਹੈ ਕਿ ਸਨਾਤਨ ਭਾਰਤ ਦੀ ਧਰਤੀ ਨੇ ਪਿਛਲੀਆਂ ਕਈ ਸਦੀਆਂ ਤੋਂ ਜਿਨ੍ਹਾਂ ਸਰਵਸ੍ਰੇਸ਼ਠ ਪੁੱਤਰਾਂ ਨੂੰ ਜਨਮ ਦਿੱਤਾ ਹੈ, ਉਨ੍ਹਾਂ ਵਿਚ ਗਾਂਧੀ ਜੀ ਦਾ ਨਾਂ ਵੀ ਨਿਰਵਿਵਾਦ ਰੂਪ ਨਾਲ ਹੋਰਨਾਂ ਮਾਂ ਭਾਰਤੀ ਦੇ ਪੁੱਤਰਾਂ ਵਾਂਗ ਸਤਿਕਾਰਯੋਗ ਹੈ। ਬਿਨਾਂ ਸ਼ੱਕ, ਗਾਂਧੀ ਜੀ ਦੀ ਹੱਤਿਆ ਕਰਨ ਵਾਲਾ ਨੱਥੂਰਾਮ ਗੋਡਸੇ ਜਾਂ ਕੋਈ ਵੀ ਹੱਤਿਆਰਾ ਸਾਡੇ ਸਮਾਜ ਵਿਚ ਕਿਸੇ ਸ਼ਲਾਘਾ ਦਾ ਪਾਤਰ ਨਹੀਂ ਬਣ ਸਕਦਾ ਕਿਉਂਕਿ ਭਾਰਤੀ ਸੱਭਿਆਚਾਰ ਅਤੇ ਉਸ ਦੀ ਸਨਾਤਨ ਪ੍ਰੰਪਰਾ ਵਿਚਾਰਾਂ ਦੇ ਆਧਾਰ ’ਤੇ ਨਾ ਹੀ ਹਿੰਸਾ ਨੂੰ ਉਤਸ਼ਾਹਿਤ ਕਰਦੀ ਹੈ ਅਤੇ ਨਾ ਹੀ ਸੁਤੰਤਰ ਭਾਰਤ ਦਾ ਕਾਨੂੰਨ ਤੇ ਸੰਵਿਧਾਨ ਇਸ ਦੀ ਇਜਾਜ਼ਤ ਦਿੰਦਾ ਹੈ।

ਭਾਰਤ ਵਿਚ ਜਿਹੜੇ ਦੇਵੀ-ਦੇਵਤਿਆਂ ਨੂੰ ਵਧੇਰੇ ਲੋਕ ਆਪਣਾ ਈਸ਼ਵਰ ਅਤੇ ਪੂਜਨੀਕ ਮੰਨ ਕੇ ਉਸਤਤ ਕਰਦੇ ਹਨ, ਉਨ੍ਹਾਂ ਦੇ ਕੰਮਾਂ-ਕਾਜਾਂ ਅਤੇ ਜੀਵਨ ’ਤੇ ਚਰਚਾ ਕਰਨ ਦੀ ਸਾਡੀ ਸਨਾਤਨ ਪ੍ਰੰਪਰਾ ਰਹੀ ਹੈ। ਕੀ ਇਸ ਦੇਸ਼ ਵਿਚ ਮਰਿਆਦਾ ਪੁਰਸ਼ੋਤਮ ਪ੍ਰਭੂ ਸ਼੍ਰੀ ਰਾਮ ਦੇ ਜੀਵਨ ਅਤੇ ਆਚਰਣ ’ਤੇ ਕਦੀ-ਕਦੀ ਵਿਚਾਰ-ਵਟਾਂਦਰਾ ਨਹੀਂ ਹੁੰਦਾ? ਇਸ ਪਿਛੋਕੜ ਵਿਚ ਕੀ ਗਾਂਧੀ ਜੀ ਅਪਵਾਦ ਹੋ ਸਕਦੇ ਹਨ, ਭਾਵ ਉਨ੍ਹਾਂ ਦੇ ਵਿਚਾਰਾਂ ਜਾਂ ਜੀਵਨ ’ਤੇ ਚਰਚਾ ਹੀ ਨਹੀਂ ਹੋ ਸਕਦੀ?

ਕੀ ਗਾਂਧੀ ਜੀ ਅਤੇ ਉਨ੍ਹਾਂ ਦੇ ਵਿਚਾਰਾਂ ’ਤੇ ਦੇਸ਼ ਦੇ ਸਾਰੇ ਨਾਗਰਿਕਾਂ ਦੀ ਇਕ ਰਾਇ ਸੰਭਵ ਹੈ? ਕੀ ਇਸ ਸਬੰਧ ਵਿਚ ਕੋਈ ਮਤਭੇਦ ਨਹੀਂ ਹੋ ਸਕਦਾ? ਜੇਕਰ ਈਸ਼ਵਰ ਨੂੰ ਲੈ ਕੇ ਵਿਚਾਰਾਂ ਵਿਚ ਵੱਖਰੇਵੇਂ ਹੋ ਸਕਦੇ ਹਨ ਤਾਂ ਗਾਂਧੀ ਜੀ ਅਤੇ ਉਨ੍ਹਾਂ ਦੇ ਦਰਸ਼ਨ ਦੇ ਕਿਉਂ ਨਹੀਂ? ਕੀ ਸੰਵਿਧਾਨ ਵਿਚ ਸ਼ਾਮਿਲ ਲੋਕਤੰਤਰਿਕ ਭਾਰਤ ਵਿਚ ਉਨ੍ਹਾਂ ਲੋਕਾਂ ਦੀ ਕੋਈ ਥਾਂ ਨਹੀਂ, ਜੋ ਗਾਂਧੀ ਜੀ ਦੇ ਕੁਝ ਵਿਚਾਰਾਂ ਨਾਲ ਸਹਿਮਤ ਨਾ ਹੋਣ? ਬਿਨਾਂ ਸ਼ੱਕ, ਮੈਂ ਗੋਡਸੇ ਅਤੇ ਗਾਂਧੀ ਜੀ ਉੱਤੇ ਪ੍ਰੱਗਿਆ ਸਿੰਘ ਠਾਕੁਰ ਦੇ ਵਿਚਾਰਾਂ ਨਾਲ ਬਿਲਕੁਲ ਵੀ ਸਹਿਮਤ ਨਹੀਂ ਹਾਂ ਪਰ ਕੀ ਗਾਂਧੀ ਜੀ ਅਤੇ ਗੋਡਸੇ ਉੱਤੇ ਵੱਖਰੀ ਰਾਇ ਰੱਖਣ ਵਾਲੀ ਸਾਧਵੀ ਪ੍ਰੱਗਿਆ ਸਿੰਘ ਠਾਕੁਰ ਦਾ ਬਾਈਕਾਟ ਸਹੀ ਹੈ?

ਆਪਣੇ ਘਟੀਆ ਕਾਰੇ ਕਾਰਣ ਭਾਰਤੀ ਰਾਜਨੀਤੀ ਵਿਚ ‘ਗੋਡਸੇ’ ਨਾਂ ਮਨੁੱਖਤਾ-ਬਹੁਲਤਾਵਾਦ ਵਿਰੋਧੀ, ਕੱਟੜਤਾ-ਫ਼ਾਸ਼ੀਵਾਦ ਜਾਂ ਅਰਥ ਦਾ ਅਨਰਥ ਬਣ ਗਿਆ ਹੈ ਪਰ ਉਨ੍ਹਾਂ ਨਾਵਾਂ ਦਾ ਕੀ, ਜਿਨ੍ਹਾਂ ਦਾ ਸਬੰਧ ਜ਼ੁਲਮ, ਜੇਹਾਦ, ਹਿੰਸਾ ਅਤੇ ਵਿਰੋਧੀਆਂ ਦੇ ਘਾਣ ਨਾਲ ਰਿਹਾ ਹੈ। ਸੋਵੀਅਤ ਸੰਘ ਦੇ ਜ਼ਾਲਿਮ ਤਾਨਾਸ਼ਾਹ ਜੋਸੇਫ ਸਟਾਲਿਨ ਦਾ ਇਤਿਹਾਸ ਲੱਖਾਂ ਬੇਦੋਸ਼ਿਆਂ ਦੇ ਖੂਨ ਨਾਲ ਸਿੰਜਿਆ ਹੋਇਆ ਹੈ। ਉਸ ਨੇ ਆਪਣੇ ਸ਼ਾਸਨਕਾਲ ਵਿਚ ਲੱਖਾਂ ਲੋਕਾਂ ਨੂੰ ਸਿਰਫ ਇਸ ਲਈ ਮੌਤ ਦੇ ਘਾਟ ਉਤਰਵਾ ਦਿੱਤਾ ਸੀ ਕਿਉਂਕਿ ਉਹ ਸਾਰੇ ਉਸ ਦੇ ਵਿਚਾਰਾਂ ਅਤੇ ਨੀਤੀਆਂ ਨਾਲ ਸਹਿਮਤ ਨਹੀਂ ਸਨ, ਫਿਰ ਵੀ ਤਾਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਅਤੇ ਸਵ. ਐੱਮ. ਕਰੁਣਾਨਿਧੀ ਨੇ ਆਪਣੇ ਛੋਟੇ ਪੁੱਤਰ (ਐੱਮ. ਕੇ. ਸਟਾਲਿਨ) ਦਾ ਨਾਂ ਜੋਸੇਫ ਸਟਾਲਿਨ ਦੇ ਨਾਂ ’ਤੇ ਰੱਖ ਦਿੱਤਾ। ਕੀ ਰਾਹੁਲ ਬਜਾਜ ਵਰਗੇ ਲੋਕਾਂ ਨੇ ਇਸ ਨਾਂ ’ਤੇ ਕਦੇ ਇਤਰਾਜ਼ ਕੀਤਾ ਹੈ?

ਇਸੇ ਤਰ੍ਹਾਂ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ ਨੇ ਆਪਣੇ ਪੁੱਤਰ ਅਖਿਲੇਸ਼ ਯਾਦਵ ਦਾ ਘਰੇਲੂ ਨਾਂ ਮੈਸੂਰ ਦੇ ਸਾਬਕਾ ਸ਼ਾਸਕ ਟੀਪੂ ਸੁਲਤਾਨ ਤੋਂ ਪ੍ਰਭਾਵਿਤ ਹੋ ਕੇ ‘ਟੀਪੂ’ ਰੱਖਿਆ ਸੀ, ਜਿਸ ਨੇ ਆਪਣੇ ਦੌਰ ਵਿਚ ਮੈਸੂਰ ਅਤੇ ਨੇੜੇ-ਤੇੜੇ ਦੇ ਇਲਾਕਿਆਂ ਵਿਚ ਹਜ਼ਾਰਾਂ-ਲੱਖਾਂ ਹਿੰਦੂਆਂ ਨੂੰ ਇਸ ਲਈ ਮਰਵਾ ਦਿੱਤਾ ਕਿਉਂਕਿ ਉਹ ਸਾਰੇ ਇਸਲਾਮੀ ਦਰਸ਼ਨ ਅਨੁਸਾਰ ‘ਕਾਫਿਰ’ ਸਨ। ਇਹੀ ਨਹੀਂ, ਹਿੰਦੀ ਸਿਨੇਮਾ ਦਾ ਪ੍ਰਸਿੱਧ ਜੋੜਾ ਸੈਫ ਅਲੀ ਖਾਨ-ਕਰੀਨਾ ਕਪੂਰ ਨੇ ਆਪਣੇ ਪੁੱਤਰ (ਤੈਮੂਰ) ਦਾ ਨਾਂ ਉਸੇ ਜ਼ਾਲਿਮ ਇਸਲਾਮੀ ਹਮਲਾਵਰ ਤੈਮੂਰਲੰਗ ਉੱਤੇ ਰੱਖਿਆ ਹੈੈ, ਜਿਸ ਨੇ 1398-99 ਵਿਚ ਭਾਰਤ ਉੱਤੇ ਹਮਲਾ ਕਰਦੇ ਹੋਏ ਹਜ਼ਾਰਾਂ ‘ਕਾਫਿਰ’ ਹਿੰਦੂਆਂ ਦਾ ਕਤਲੇਆਮ ਕਰਦੇ ਹੋਏ ਆਪਣੀ ਜਨੂੰਨੀ ਜ਼ਿੰਮੇਵਾਰੀ ਨੂੰ ਨਿਭਾਇਆ ਸੀ। ਕਿਹਾ ਜਾਂਦਾ ਹੈ ਕਿ ਦਿੱਲੀ ਪਹੁੰਚਣ ਤੋਂ ਪਹਿਲਾਂ ਤੈਮੂਰ ਜਿਹੜੇ-ਜਿਹੜੇ ਰਾਹਾਂ ’ਚੋਂ ਲੰਘਿਆ, ਉਥੇ ਉਸ ਨੇ ਆਪਣੇ ਪਿੱਛੇ ਅਰਾਜਕਤਾ, ਕਾਲ ਅਤੇ ਮਹਾਮਾਰੀ ਨੂੰ ਛੱਡ ਦਿੱਤਾ ਸੀ। ਇਸੇ ਤਰ੍ਹਾਂ ਸਾਲ 1193 ਵਿਚ ਨਾਲੰਦਾ ਯੂਨੀਵਰਸਿਟੀ ਨੂੰ ਜ਼ਮੀਨਦੋਜ਼ ਕਰਨ ਵਾਲੇ ਬਖਤਿਆਰ ਖਿਲਜੀ ਦੇ ਨਾਂ ’ਤੇ ਬਿਹਾਰ ਦਾ ਇਕ ਨਗਰ ਬਖਤਿਆਰਪੁਰ ਅਜੇ ਵੀ ਮੌਜੂਦ ਹੈ।

ਦੇਸ਼ ਦੀ ਰਾਜਧਾਨੀ ਦਿੱਲੀ ਦੀ ਹਾਲਤ ਵੀ ਵੱਖਰੀ ਨਹੀਂ ਹੈ। ਇਥੇ ਸਿਰਫਿਰੇ ਮੁਸਲਿਮ ਸ਼ਾਸਕ ਮੁਹੰਮਦ-ਬਿਨ-ਤੁਗਲਕ ਦੇ ਨਾਂ ’ਤੇ ‘ਤੁਗਲਕ ਮਾਰਗ’ ਅਜੇ ਵੀ ਮੌਜੂਦ ਹੈ। ਸਾਲ 2015 ਵਿਚ ਜਦੋਂ ਦਿੱਲੀ ਸਥਿਤ ‘ਔਰੰਗਜ਼ੇਬ ਮਾਰਗ’ ਮਾਰਗ ਦਾ ਨਾਂ ਬਦਲ ਕੇ ਸਾਬਕਾ ਰਾਸ਼ਟਰਪਤੀ ਏ. ਪੀ. ਜੇ. ਅਬਦੁਲ ਕਲਾਮ ਦੇ ਨਾਂ ’ਤੇ ਰੱਖਿਆ ਗਿਆ ਸੀ, ਉਦੋਂ ਅਖੌਤੀ ਸੈਕੁਲਰਿਸਟਾਂ ਅਤੇ ਖੱਬੇ-ਪੱਖੀਆਂ ਨੇ ਇਹ ਜਾਣਦੇ ਹੋਏ ਵੀ ਇਸ ਦਾ ਵਿਰੋਧ ਕੀਤਾ ਸੀ ਕਿ ਔਰੰਗਜ਼ੇਬ ਨੇ ਹੀ ਕਸ਼ਮੀਰੀ ਹਿੰਦੂਆਂ ਨੂੰ ਜੇਹਾਦੀ ਮਾਨਸਿਕਤਾ ਤੋਂ ਬਚਾਉਣ ਵਿਚ ਰੱਖਿਅਕ ਬਣੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਇਸਲਾਮ ਕਬੂਲ ਨਾ ਕਰਨ ’ਤੇ ਗੈਰ-ਮਨੁੱਖੀ ਤਸੀਹਿਆਂ ਤੋਂ ਬਾਅਦ ਬੜੀ ਬੇਰਹਿਮੀ ਨਾਲ ਸ਼ਹੀਦ ਕਰ ਦਿੱਤਾ ਸੀ। ਇਹ ਕਿਹੋ ਜਿਹੀ ਦੋਹਰੀ ਮਾਨਸਿਕਤਾ ਹੈ ਕਿ ਸਟਾਲਿਨ, ਟੀਪੂ, ਤੈਮੂਰ, ਔਰੰਗਜ਼ੇਬ ਆਦਿ ਨਾਂ ਅਖੌਤੀ ਸੈਕੁਲਰਿਸਟਾਂ ਲਈ ਪਸੰਦੀਦਾ ਨਾਂ ਰੱਖਣ ਦੇ ਅਧਿਕਾਰ, ਉਦਾਰਵਾਦ ਅਤੇ ਆਧੁਨਿਕਤਾਵਾਦ ਦੀ ਸ਼੍ਰੇਣੀ ਵਿਚ ਆਉਂਦੇ ਹਨ ਤਾਂ ਗੋਡਸੇ ਦਾ ਨਾਂ ਲੈਣ ਵਾਲਿਆਂ ਦੀ ਹਾਜ਼ਰੀ ਉਨ੍ਹਾਂ ਨੂੰ ਪ੍ਰਵਾਨ ਤਕ ਨਹੀਂ। ਕੀ ਇਹ ਅਸਲੀ ‘ਅਸਹਿਣਸ਼ੀਲਤਾ’ ਦਾ ਸੂਚਕ ਨਹੀਂ ਹੈ?

ਸਾਲ 1938 ਵਿਚ ਜਨਮੇ ਰਾਹੁਲ ਬਜਾਜ, ਗਾਂਧੀ ਜੀ ਦੇ ਸਹਿਯੋਗੀ ਰਹੇ ਸਵ. ਜਮਨਾ ਲਾਲ ਬਜਾਜ ਦੇ ਪੁੱਤਰ ਹਨ। ਕਿਹਾ ਇਹ ਵੀ ਜਾਂਦਾ ਹੈ ਕਿ ਗਾਂਧੀ ਜੀ ਨੇ ਉਨ੍ਹਾਂ ਨੂੰ ਆਪਣੀ ਪੰਜਵੀਂ ਸੰਤਾਨ ਦੇ ਰੂਪ ’ਚ ਗੋਦ ਲਿਆ ਸੀ। ਇਸ ਪਿਛੋਕੜ ਵਿਚ ਰਾਹੁਲ ਬਜਾਜ ਨੇ ਮੁੰਬਈ ਦੇ ਪ੍ਰੋਗਰਾਮ ਵਿਚ ਅੰਗਰੇਜ਼ੀ ਸ਼ਬਦ ‘ਲਿੰਚਿੰਗ’ ਦੀ ਵਰਤੋਂ ਕਰਦਿਆਂ ਦੇਸ਼ ਵਿਚ ‘ਡਰ ਦਾ ਮਾਹੌਲ’ ਹੋਣ ਦੀ ਵੀ ਗੱਲ ਕਹੀ ਸੀ। ਹੁਣ ਡਰ ਦਾ ਮਾਹੌਲ ਕਿਸ ਨੂੰ ਕਹਿੰਦੇ ਹਨ, ਉਹ ਉਨ੍ਹਾਂ ਮਰਾਠੀ ਚਿਤਪਾਵਨ ਬ੍ਰਾਹਮਣਾਂ ਤੋਂ ਪੁੱਛਣਾ ਚਾਹੀਦਾ ਹੈ, ਜਿਨ੍ਹਾਂ ਦੇ ਆਪਣਿਆਂ ਨੇ 30 ਜਨਵਰੀ 1948 ਨੂੰ ਗੋਡਸੇ ਵਲੋਂ ਗਾਂਧੀ ਜੀ ਦੀ ਬੇਰਹਿਮੀ ਨਾਲ ਹੱਤਿਆ ਤੋਂ ਬਾਅਦ ਆਪੇ ਐਲਾਨੇ ‘ਗਾਂਧੀਵਾਦੀਆਂ ਦੀ ਭੀੜ’ ਨੇ ਕਤਲੇਆਮ ਨੂੰ ਝੱਲਿਆ ਸੀ। ਉਸ ਸਮੇਂ ਸੈਂਕੜੇ ਚਿਤਪਾਵਨ ਬ੍ਰਾਹਮਣਾਂ ਨੂੰ ਨਿਸ਼ਾਨਾ ਬਣਾ ਕੇ ਸਿਰਫ ਇਸ ਲਈ ਮੌਤ ਦੇ ਘਾਟ ਉਤਾਰਿਆ ਗਿਆ ਸੀ ਕਿਉਂਕਿ ਗੋਡਸੇ ਵੀ ਉਸੇ ਵਰਗ ’ਚੋਂ ਸੀ। ਡਰ ਦੇ ਬਾਰੇ ’ਚ ਉਨ੍ਹਾਂ ਸਿੱਖ ਪਰਿਵਾਰਾਂ ਤੋਂ ਵੀ ਪੁੱਛਣਾ ਚਾਹੀਦਾ ਹੈ, ਜਿਨ੍ਹਾਂ ਨੇ ਨਵੰਬਰ 1984 ਵਿਚ ਕਾਂਗਰਸ ਸਮਰਥਕਾਂ ਦੀ ਭੀੜ ਦਾ ਸਾਹਮਣਾ ਕੀਤਾ ਸੀ।

ਮੈਨੂੰ ਸਾਲ 2002 ਦਾ ਗੋਧਰਾ ਕਾਂਡ ਵੀ ਯਾਦ ਹੈ, ਜਿਸ ਵਿਚ ਭਾਈਚਾਰੇ ਵਿਸ਼ੇਸ਼ ਦੀ ਭੀੜ ਨੇ 59 ਬੇਕਸੂਰ ਕਾਰਸੇਵਕਾਂ ਨੂੰ ਰੇਲ ਗੱਡੀ ’ਚ ਜ਼ਿੰਦਾ ਸਾੜ ਦਿੱਤਾ ਸੀ। ਉਨ੍ਹਾਂ ਦਾ ਕਸੂਰ ਸਿਰਫ ਇੰਨਾ ਸੀ ਕਿ ਉਹ ਸਾਰੇ ਅਯੁੱਧਿਆ ਤੋਂ ਰਾਮਲੱਲਾ ਦੇ ਦਰਸ਼ਨ ਕਰ ਕੇ ਭਜਨ-ਕੀਰਤਨ ਕਰਦੇ ਹੋਏ ਪਰਤ ਰਹੇ ਸਨ। ਇਸ ਘਿਨਾਉਣੇ ਕਾਰੇ ਤੋਂ ਬਾਅਦ ਗੁਜਰਾਤ ਵਿਚ ਭੜਕੀ ਮੰਦਭਾਗੀ ਹਿੰਸਾ ਨੂੰ ਲੈ ਕੇ ਉਦਯੋਗਪਤੀ ਰਾਹੁਲ ਬਜਾਜ, ਜਮਸ਼ੇਦ ਗੋਦਰੇਜ ਆਦਿ ਨੇ ਸੂਬੇ ਦੇ ਤੱਤਕਾਲੀਨ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨੇ ’ਤੇ ਲਿਆ ਸੀ। ਸਾਲ 2003 ਵਿਚ ਦਿੱਲੀ ਸਥਿਤ ਸੀ. ਆਈ. ਆਈ. ਦੇ ‘ਨਰਿੰਦਰ ਮੋਦੀ ਨੂੰ ਮਿਲੋ’ ਪ੍ਰੋਗਰਾਮ ਵਿਚ ਇਨ੍ਹਾਂ ਹੀ ਉਦਯੋਗਪਤੀਆਂ ਨੇ ਦੰਗੇ ਨੂੰ ‘ਆਤਮਾ ਨੂੰ ਝੰਜੋੜਨ ਵਾਲਾ’ ਦੱਸਦੇ ਹੋਏ ਸਿੱਧੇ ਤੌਰ ’ਤੇ ਮੋਦੀ ਨੂੰ ਕਟਹਿਰੇ ਵਿਚ ਖੜ੍ਹਾ ਕਰ ਦਿੱਤਾ ਸੀ। ਇਸ ਵਰਗ ਦਾ ਧੋਖਾ ਜਾਂ ਪਾਖੰਡ ਦੇਖੋ ਕਿ ਇਨ੍ਹਾਂ ਲੋਕਾਂ ਦੀ ਆਤਮਾ ਉਦੋਂ ਨਹੀਂ ਜਾਗੀ ਸੀ, ਜਦੋਂ 1980-90 ਦੇ ਦਹਾਕੇ ਵਿਚ ਸ਼੍ਰੀਨਗਰ ਦੀਆਂ ਅਖ਼ਬਾਰਾਂ ਵਿਚ ਅੱਤਵਾਦੀ ਸੰਗਠਨਾਂ ਦੇ ਜੇਹਾਦੀ ਇਸ਼ਤਿਹਾਰਾਂ ਅਤੇ ਸਥਾਨਕ ਲੋਕਾਂ ਦੇ ਅਸਿੱਧੇ-ਸਿੱਧੇ ਸਮਰਥਨ ਦੇ ਕਾਰਣ 5 ਲੱਖ ਕਸ਼ਮੀਰੀ ਪੰਡਿਤਾਂ ਨੂੰ ਵਾਦੀ ਛੱਡਣ ਲਈ ਮਜਬੂਰ ਹੋਣਾ ਪਿਆ ਸੀ।

ਸੱਚ ਤਾਂ ਇਹ ਹੈ ਕਿ ਦੇਸ਼ ਦਾ ਇਕ ਵਰਗ (ਇਤਿਹਾਸਿਕ ਤੌਰ ’ਤੇ ਸਾਮੰਤਵਾਦੀ ਸਮੂਹ ਸਹਿਤ) ਉਲਾਰ ਸੋਚ ਤੋਂ ਪੀੜਤ ਹੈ, ਇਸ ਲਈ ਕਿਸੇ ਵੀ ਛੋਟੇ-ਵੱਡੇ ਘਟਨਾਕ੍ਰਮ ’ਤੇ ਇਸ ਜਮਾਤ ਦੀ ਪ੍ਰਤੀਕਿਰਿਆ ਸੰਤੁਲਿਤ ਨਾ ਹੋ ਕੇ ਸਿਰਫ ਅਤੇ ਸਿਰਫ ਅਤਿਕਥਨੀ ਹੁੰਦੀ ਹੈ। ਪ੍ਰਤੀ 1 ਲੱਖ ਆਬਾਦੀ ਵਿਚ ਹੋਣ ਵਾਲੇ ਜੁਰਮ ਦੇ ਮਾਮਲੇ ਵਿਚ ਭਾਰਤ ਦੀ ਸਥਿਤੀ ਕਈ ਦੇਸ਼ਾਂ ਨਾਲੋਂ ਚੰਗੀ ਹੈ, ਫਿਰ ਵੀ ਇਸ ਖਿੱਤੇ ’ਤੇ ਵਿਸ਼ਵ ਦੀ ਦੂਜੀ ਸਭ ਤੋਂ ਵੱਧ 137 ਕਰੋੜ ਲੋਕਾਂ ਦੀ ਆਬਾਦੀ ਵਸਣ ਦੇ ਕਾਰਣ ਇਥੇ ਜੁਰਮ ਦਾ ਅੰਕੜਾ ਭਿਆਨਕ ਬਣ ਜਾਂਦਾ ਹੈ।

ਇਹ ਠੀਕ ਹੈ ਕਿ ਕਿਸੇ ਸੱਭਿਅਕ ਸਮਾਜ ਵਿਚ ਅਪਰਾਧੀ ਜਾਂ ਜੁਰਮ ਦੀ ਕੋਈ ਥਾਂ ਨਹੀਂ ਹੋਣੀ ਚਾਹੀਦੀ ਪਰ ਕੀ ਇਹ ਸੱਚ ਨਹੀਂ ਕਿ ਵਿਸ਼ਵ ਵਿਚ ਕੋਈ ਵੀ ਦੇਸ਼ ਖ਼ੁਦ ਨੂੰ ਜੁਰਮ ਮੁਕਤ ਜਾਂ ਜੁਰਮ ਤੋਂ ਵਿਹੂਣਾ ਹੋਣ ਦਾ ਦਾਅਵਾ ਨਹੀਂ ਕਰ ਸਕਦਾ। ਭਾਰਤ ਵਿਚ ਜੁਰਮ ਦੇ ਸ਼ਿਕਾਰ ਬਹੁਗਿਣਤੀ ਹਿੰਦੂਆਂ ਦੇ ਨਾਲ-ਨਾਲ ਘੱਟਗਿਣਤੀ ਵਰਗ–ਮੁਸਲਿਮ, ਸਿੱਖ, ਇਸਾਈ ਆਦਿ ਦੇ ਲੋਕ ਵੀ ਹੁੰਦੇ ਹਨ ਪਰ ਸਿਆਸੀ ਉਲਾਰ ਸੋਚ ਕਾਰਣ ਅਤੇ ਨਕਲੀ ਸੈਕੁਲਰਵਾਦ ਦੇ ਨਾਂ ’ਤੇ ਅਕਸਰ ਜੁਰਮ ਅਤੇ ਜੁਰਮ ਕਰਨ ਵਾਲਿਆਂ ਦੀ ਫਿਰਕਾਪ੍ਰਸਤੀ ਵੀ ਕੀਤੀ ਜਾਣ ਲੱਗੀ ਹੈ, ਜਿਸ ਨਾਲ ਨਾ ਸਿਰਫ ਦੇਸ਼ ਦਾ ਸਹਿਣਸ਼ੀਲ ਅਕਸ ਬਾਕੀ ਵਿਸ਼ਵ ਵਿਚ ਧੁੰਦਲਾ ਹੁੰਦਾ ਹੈ, ਨਾਲ ਹੀ ਵੱਖਵਾਦੀ ਸ਼ਕਤੀਆਂ ਨੂੰ ਵੀ ਬਲ ਮਿਲਣ ਲੱਗਦਾ ਹੈ।

ਸੱਚ ਤਾਂ ਇਹ ਹੈ ਕਿ ਰਾਹੁਲ ਬਜਾਜ ਦੀ ਟਿੱਪਣੀ ਉਸੇ ਬੀਮਾਰ ਮਾਨਸਿਕਤਾ ਦੇ ਗਰਭ ’ਚੋਂ ਪੈਦਾ ਹੋਈ ਹੈ, ਜਿਸ ਤੋਂ ਸਭ ਤੋਂ ਵੱਧ ਲਾਭ ਜੇਕਰ ਭਾਰਤ ਵਿਚ ਕਿਸੇ ਨੂੰ ਹੋਣ ਵਾਲਾ ਹੈ ਤਾਂ ਉਹ ਬਿਨਾਂ ਸ਼ੱਕ ‘ਟੁਕੜੇ-ਟੁਕੜੇ ਗੈਂਗ’ ਅਤੇ ਦੇਸ਼ ਵਿਰੋਧੀ ਤਾਕਤਾਂ ਹਨ, ਜਿਨ੍ਹਾਂ ਦਾ ਇਕੋ-ਇਕ ਏਜੰਡਾ ਭਾਰਤ ਦਾ ਮੁੜ ਬਟਵਾਰਾ ਕਰਨਾ ਹੈ।

(punjbalbir@gmail.com)

Bharat Thapa

This news is Content Editor Bharat Thapa