ਅਜੀਤ ਪਵਾਰ ਦੀ ਘਰ ਵਾਪਸੀ

12/02/2019 1:42:38 AM

ਰਾਹਿਲ ਨੋਰਾ ਚੋਪੜਾ

ਰਾਕਾਂਪਾ ਵਿਚ ਅਜੀਤ ਪਵਾਰ ਦੀ ਘਰ ਵਾਪਸੀ ਹੋ ਚੁੱਕੀ ਹੈ ਅਤੇ ਉਨ੍ਹਾਂ ਨੇ ਪਾਰਟੀ ’ਚ ਪਾਰਟੀ ਮੁਖੀ ਸ਼ਰਦ ਪਵਾਰ ਤੋਂ ਬਾਅਦ ਨੰਬਰ-2 ਦੀ ਸੀਟ ਸੰਭਾਲ ਲਈ ਹੈ। ਆਪਣੀ ਅਸਫਲ ਬਗਾਵਤ ਅਤੇ ਪਾਰਟੀ ਵਿਚ ਵਾਪਸੀ ਤੋਂ ਬਾਅਦ ਉਨ੍ਹਾਂ ਨੇ ਮੁੜ ਤੋਂ ਵਿਧਾਇਕਾਂ ਨਾਲ ਬੈਠਕਾਂ ਆਯੋਜਿਤ ਅਤੇ ਉਨ੍ਹਾਂ ਨੂੰ ਸੰਬੋਧਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਹੁਣ ਅਜਿਹੀਆਂ ਅਫਵਾਹਾਂ ਹਨ ਕਿ ਅਜੀਤ ਉਪ-ਮੁੱਖ ਮੰਤਰੀ ਦਾ ਅਹੁਦਾ ਸੰਭਾਲਣਗੇ ਕਿਉਂਕਿ ਕਾਂਗਰਸ ਨੇ ਸਪੀਕਰ ਦਾ ਅਹੁਦਾ ਪ੍ਰਵਾਨ ਕਰ ਲਿਆ ਹੈ। ਭਰੋਸੇ ਦੀ ਵੋਟ ਲਈ ਪੂਰੀ ਰਣਨੀਤੀ ਅਜੀਤ ਅਤੇ ਪਾਰਟੀ ਦੇ ਮਹੱਤਵਪੂਰਨ ਆਗੂਆਂ ਨੇ ਬਣਾਈ ਸੀ। ਅਜੀਤ ਪਵਾਰ ਨੇ ਵਿਧਾਇਕਾਂ ਦੀ ਬਿਜ਼ਨੈੱਸ ਐਡਵਾਈਜ਼ਰੀ ਕਮੇਟੀ ਵਿਚ ਵੀ ਹਿੱਸਾ ਲਿਆ, ਜਿਸ ਵਿਚ ਮੁੱਖ ਮੰਤਰੀ ਊਧਵ ਠਾਕਰੇ ਅਤੇ ਉਨ੍ਹਾਂ ਦੇ ਮੰਤਰੀ ਵੀ ਸ਼ਾਮਿਲ ਹੋਏ।

ਬਸਪਾ ਨੂੰ ਪਹੁੰਚਿਆ ਨੁਕਸਾਨ

ਉੱਤਰ ਪ੍ਰਦੇਸ਼ ’ਚ 11 ਵਿਧਾਨ ਸਭਾ ਸੀਟਾਂ ਦੀ ਉਪ-ਚੋਣ, ਜਿਨ੍ਹਾਂ ’ਚੋਂ ਭਾਜਪਾ ਨੇ 7 ਸੀਟਾਂ ਜਿੱਤੀਆਂ ਅਤੇ ਬਸਪਾ ਨੇ ਆਪਣੀਆਂ ਸਾਰੀਆਂ ਸੀਟਾਂ ਗੁਆਈਆਂ, ਤੋਂ ਬਾਅਦ ਬਸਪਾ ਨੇਤਾ, ਜਿਨ੍ਹਾਂ ਵਿਚ ਸਾਬਕਾ ਲਾਅ ਮੇਕਰ ਵੀ ਸ਼ਾਮਿਲ ਹਨ, ਨੇ ਆਪਣੇ 100 ਦੇ ਲੱਗਭਗ ਵਰਕਰਾਂ ਨਾਲ ਸਪਾ ਦਾ ਪੱਲਾ ਫੜ ਲਿਆ। ਇਨ੍ਹਾਂ ’ਚੋਂ ਵਧੇਰੇ ਦਲਿਤ ਸਮਾਜ ਨਾਲ ਸਬੰਧ ਰੱਖਦੇ ਹਨ। ਸਪਾ ਦਲਿਤਾਂ ਵਿਚ ਆਪਣਾ ਗ਼ਲਬਾ ਕਾਇਮ ਰੱਖਣਾ ਚਾਹੁੰਦੀ ਹੈ, ਜੋ ਉੱਤਰ ਪ੍ਰਦੇਸ਼ ਦੀ ਆਬਾਦੀ ਦਾ 21 ਫੀਸਦੀ ਹਨ। ਹਾਲਾਂਕਿ ਸਪਾ ਨੂੰ ਯਾਦਵਾਂ ਅਤੇ ਮੁਸਲਮਾਨਾਂ ਦੀ ਪਾਰਟੀ ਮੰਨਿਆ ਜਾਂਦਾ ਹੈ। ਯਾਦਵ ਸੂਬੇ ਦੀ ਆਬਾਦੀ ਦਾ 9 ਫੀਸਦੀ ਹਿੱਸਾ ਹਨ ਅਤੇ ਮੁਸਲਮਾਨ 19 ਫੀਸਦੀ ਹਨ। ਇਸ ਕਾਰਣ ਸਪਾ ਸੂਬੇ ਵਿਚ ਮੁੱਖ ਵਿਰੋਧੀ ਪਾਰਟੀ ਬਣ ਗਈ। ਇਸ ਤਰ੍ਹਾਂ ਦਲਿਤਾਂ ਦੇ ਸਪਾ ਵਿਚ ਸ਼ਾਮਿਲ ਹੋਣ ਤੋਂ ਬਾਅਦ ਬਸਪਾ ਦੇ ਆਧਾਰ ਨੂੰ ਮੌਜੂਦਾ ਸਮੇਂ ’ਚ ਨੁਕਸਾਨ ਪੁੱਜਾ ਹੈ। ਹਾਲਾਂਕਿ ਮਾਇਆਵਤੀ ਨੇ ਲੋਕ ਸਭਾ ਚੋਣਾਂ ਤੋਂ ਬਾਅਦ ਸਪਾ ਨਾਲੋਂ ਆਪਣਾ ਨਾਤਾ ਤੋੜ ਲਿਆ ਸੀ, ਜਿਨ੍ਹਾਂ ’ਚੋਂ ਬਸਪਾ ਨੇ 10 ਸੀਟਾਂ ਜਿੱਤੀਆਂ ਸਨ, ਜਦਕਿ 2014 ਵਿਚ ਇਸ ਦਾ ਖਾਤਾ ਵੀ ਨਹੀਂ ਖੁੱਲ੍ਹਾ ਸੀ। ਓਧਰ ਸਪਾ ਨੇ 2014 ਵਾਂਗ ਸਿਰਫ 5 ਸੀਟਾਂ ਜਿੱਤੀਆਂ ਪਰ ਪਿਛਲੀਆਂ ਲੋਕ ਸਭਾ ਚੋਣਾਂ ਤੋਂ ਫੌਰਨ ਬਾਅਦ ਸਾਬਕਾ ਬਸਪਾ ਮੰਤਰੀ ਘੂਰਾ ਰਾਮ, ਜਿਨ੍ਹਾਂ ਦਾ ਪਾਰਟੀ ਦੇ ਸੂਤਰਧਾਰ ਨਾਲ ਸਬੰਧ ਸੀ, ਵੀ ਸਪਾ ਵਿਚ ਸ਼ਾਮਿਲ ਹੋ ਗਏ ਹਨ। ਇਕ ਪੰਦਰਵਾੜੇ ’ਚ ਸਾਬਕਾ ਸੂਬਾ ਪ੍ਰਧਾਨ ਆਰ. ਕੇ. ਭੀਮ, ਦਇਆ ਰਾਮ ਪਾਲ, ਮਿਠਾਈ ਲਾਲ ਭਾਰਤੀ ਸਮੇਤ ਪ੍ਰਤਾਪਗੜ੍ਹ ਤੋਂ 17 ਨੇਤਾ ਸਪਾ ਵਿਚ ਸ਼ਾਮਿਲ ਹੋ ਗਏ।

ਹੈਪੀ ਮਮਤਾ ਦੀਦੀ

ਪੱਛਮੀ ਬੰਗਾਲ ’ਚ ਵੀਰਵਾਰ ਦਾ ਦਿਨ ਮੁੱਖ ਮੰਤਰੀ ਮਮਤਾ ਬੈਨਰਜੀ ਲਈ ਢੇਰ ਸਾਰੀਆਂ ਖੁਸ਼ੀਆਂ ਲੈ ਕੇ ਆਇਆ ਕਿਉਂਕਿ ਵਿਧਾਨ ਸਭਾ ਉਪ-ਚੋਣ ਦੀਆਂ ਸਾਰੀਆਂ ਸੀਟਾਂ ’ਤੇ ਟੀ. ਐੱਮ. ਸੀ. ਨੇ ਆਪਣਾ ਝੰਡਾ ਲਹਿਰਾਇਆ। ਦੂਸਰਾ ਖੁਸ਼ੀ ਦਾ ਪਲ ਸ਼ਿਵ ਸੈਨਾ ਅਤੇ ਰਾਕਾਂਪਾ ਦੇ ਗੱਠਜੋੜ ਲਈ ਸੀ, ਜਿਨ੍ਹਾਂ ਨੇ ਮਹਾਰਾਸ਼ਟਰ ’ਚ ਸਰਕਾਰ ਬਣਾਈ। ਟੀ. ਐੱਮ. ਸੀ. ਨੇ ਕਾਲੀਆਗੰਜ, ਖੜਗਪੁਰ-ਸਦਰ ਅਤੇ ਕ੍ਰੀਮਪੁਰ ਚੋਣ ਹਲਕਾ ਜਿੱਤਿਆ ਪਰ ਉਪ-ਚੋਣ ਦੇ ਨਤੀਜਿਆਂ ਤੋਂ ਫੌਰਨ ਬਾਅਦ ਟੀ. ਐੱਮ. ਸੀ. ਅਤੇ ਭਾਜਪਾ ਵਰਕਰ ਪੱਛਮੀ ਬੰਗਾਲ ਦੇ ਕਈ ਇਲਾਕਿਆਂ ਦੀਆਂ ਗਲੀਆਂ ਵਿਚ ਆਪਸ ’ਚ ਭਿੜ ਗਏ। ਟੀ. ਐੱਮ. ਸੀ. ਦੇ ਪ੍ਰਦੀਪ ਸਰਕਾਰ ਨੇ ਭਾਜਪਾ ਕੋਲੋਂ ਖੜਗਪੁਰ-ਸਦਰ ਦੀ ਸੀਟ ਖੋਹੀ। ਉਨ੍ਹਾਂ ਨੇ 20788 ਵੋਟਾਂ ਦੇ ਆਸਾਨ ਫਰਕ ਨਾਲ ਭਗਵਾ ਪਾਰਟੀ ਦੇ ਪ੍ਰੇਮਚੰਦਰ ਝਾਅ ਨੂੰ ਹਰਾਇਆ। ਭਾਜਪਾ ਲਈ ਇਸ ਸੀਟ ਨੂੰ ਗੁਆਉਣਾ ਝਟਕਾ ਲੱਗਣ ਵਾਲੀ ਗੱਲ ਸੀ। ਵਰਣਨਯੋਗ ਹੈ ਕਿ ਭਾਜਪਾ ਦੇ ਸੂਬਾ ਪ੍ਰਧਾਨ ਇਥੋਂ ਵਿਧਾਇਕ ਸਨ। ਉਸ ਤੋਂ ਬਾਅਦ ਉਹ ਲੋਕ ਸਭਾ ਲਈ ਮਦੀਨੀਪੁਰ ਤੋਂ ਚੁਣੇ ਗਏ।

ਸੰਜੇ ਨਿਰੂਪਮ ਊਧਵ ਠਾਕਰੇ ਦੇ ਸਹੁੰ ਚੁੱਕ ਸਮਾਰੋਹ ’ਚੋਂ ਹੋਏ ਗਾਇਬ

ਹਾਲਾਂਕਿ ਮਹਾਰਾਸ਼ਟਰ ਵਿਚ ਊਧਵ ਠਾਕਰੇ ਦੇ ਮੁੱਖ ਮੰਤਰੀ ਦੇ ਅਹੁਦੇ ਦੇ ਸਹੁੰ ਚੁੱਕ ਸਮਾਰੋਹ ਵਿਚ ਕਾਂਗਰਸ ਦੇ ਸਾਰੇ ਸੀਨੀਅਰ ਆਗੂ ਮੌਜੂਦ ਸਨ ਪਰ ਮੁੰਬਈ ਕਾਂਗਰਸ ਮੁਖੀ ਸੰਜੇ ਨਿਰੂਪਮ ਉਥੋਂ ਗੈਰ-ਹਾਜ਼ਰ ਦਿਖਾਈ ਦਿੱਤੇ। ਸਾਬਕਾ ਸ਼ਿਵ ਸੈਨਿਕ ਨਿਰੂਪਮ ਨੇ ਕਾਂਗਰਸ-ਸ਼ਿਵ ਸੈਨਾ ਗੱਠਜੋੜ ਦੀ ਸਖਤ ਆਲੋਚਨਾ ਕੀਤੀ ਸੀ। ਉਹ ਮਹਾਰਾਸ਼ਟਰ ਕਾਂਗਰਸ ਦੇ ਸਵ. ਆਗੂ ਦੀ ਪੋਤਰੀ ਦੇ ਵਿਆਹ ਵਿਚ ਉਸੇ ਦਿਨ ਗੋਆ ਲਈ ਰਵਾਨਾ ਹੋ ਗਏ। ਉਨ੍ਹਾਂ ਉਥੋਂ ਆਪਣੀ ਹਾਜ਼ਰੀ ਦਰਜ ਕਰਵਾਉਂਦਿਆਂ ਸੋਸ਼ਲ ਮੀਡੀਆ ’ਤੇ ਆਪਣੀਆਂ ਤਸਵੀਰਾਂ ਨੂੰ ਪੋਸਟ ਕੀਤਾ।

ਉੱਤਰਾਖੰਡ ਭਾਜਪਾ ’ਚ ਅੰਦਰੂਨੀ ਕਲੇਸ਼

ਉੱਤਰਾਖੰਡ ਵਿਚ ਰੁੜਕੀ ਮਿਊਂਸੀਪਲ ਕਾਰਪੋਰੇਸ਼ਨ ਦੇ ਮੇਅਰ ਦੀ ਚੋਣ ਵਿਚ ਭਾਜਪਾ ਨੂੰ ਹਾਰ ਦੇਖਣੀ ਪਈ। ਕਾਂਗਰਸ ਦੂਸਰੇ ਅਤੇ ਭਾਜਪਾ ਤੀਜੇ ਸਥਾਨ ’ਤੇ ਰਹੀ। ਭਾਜਪਾ ਦੇ ਬਾਗ਼ੀ ਉਮੀਦਵਾਰ ਗੌਰਵ ਗੋਇਲ ਨੇ 2400 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ। ਇਸ ਚੋਣ ਵਿਚ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਅਤੇ ਸ਼ਹਿਰੀ ਵਿਕਾਸ ਮੰਤਰੀ ਮਦਨ ਕੌਸ਼ਿਕ ਨੇ ਮਯੰਕ ਅਗਰਵਾਲ ਨੂੰ ਟਿਕਟ ਦਿੱਤੀ ਸੀ ਪਰ ਭਾਜਪਾ ਵਰਕਰਾਂ ਨੇ ਮੁੱਖ ਮੰਤਰੀ ਦੇ ਉਮੀਦਵਾਰ ਮਯੰਕ ਦਾ ਵਿਰੋਧ ਕੀਤਾ ਅਤੇ ਉਸ ਦੇ ਨਤੀਜੇ ਵਿਚ ਮੇਅਰ ਦੀ ਚੋਣ ’ਚ ਭਾਜਪਾ ਦੀ ਹਾਰ ਹੋਈ। ਸਿਆਸੀ ਸੂਤਰਾਂ ਅਨੁਸਾਰ ਗੌਰਵ ਗੋਇਲ ਨੂੰ ਕੇਂਦਰ ਵਿਚ ਮਨੁੱਖੀ ਸ੍ਰੋਤ ਵਿਕਾਸ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਦੀ ਹਮਾਇਤ ਹਾਸਿਲ ਸੀ ਅਤੇ ਅਜਿਹੀਆਂ ਵੀ ਅਫਵਾਹਾਂ ਸਨ ਕਿ ਰੁੜਕੀ ਦੇ ਵਿਧਾਇਕ ਪ੍ਰਦੀਪ ਬੱਤਰਾ, ਸੀਨੀਅਰ ਭਾਜਪਾ ਆਗੂ ਮੁਕੇਸ਼ ਕੁਮਾਰ ਅਤੇ ਕਈ ਆਰ. ਐੱਸ. ਐੱਸ. ਵਰਕਰਾਂ ਨੇ ਬਾਗੀ ਉਮੀਦਵਾਰ ਨੂੰ ਆਪਣਾ ਸਮਰਥਨ ਦਿੱਤਾ। ਇਸ ਦੌਰਾਨ ਭਾਜਪਾ ਨੇ ਉਪ-ਚੋਣਾਂ ਵਿਚ ਪਿਥੌਰਾਗੜ੍ਹ ਵਿਧਾਨ ਸਭਾ ਸੀਟ ’ਤੇ ਆਪਣਾ ਕਬਜ਼ਾ ਕਾਇਮ ਰੱਖਿਆ। ਇਸ ਚੋਣ ਵਿਚ ਪਾਰਟੀ ਉਮੀਦਵਾਰ ਚੰਦਰ ਪੰਤ ਨੇ ਕਾਂਗਰਸੀ ਉਮੀਦਵਾਰ ਅੰਜੂ ਲੁੰਥੀ ਨੂੰ 3267 ਵੋਟਾਂ ਨਾਲ ਹਰਾਇਆ।

nora_chopra@yahoo.com

Bharat Thapa

This news is Content Editor Bharat Thapa