ਗਾਂਧੀ ਜੀ ਦੇ ਵਿਚਾਰਾਂ ਅਤੇ ਸਿਧਾਂਤਾਂ ਨੂੰ ਅਪਣਾਉਣਾ ਹੀ ਉਨ੍ਹਾਂ ਨੂੰ ‘ਸੱਚੀ ਸ਼ਰਧਾਂਜਲੀ’

10/03/2019 1:37:53 AM

ਵਿਪਿਨ ਪੱਬੀ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਰਾਸ਼ਟਰਪਿਤਾ’ (ਫਾਦਰ ਆਫ ਇੰਡੀਆ) ਕਹਿ ਕੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ। ਟਰੰਪ ਨੂੰ ਭਾਰਤ ਦੇ ਇਤਿਹਾਸ ਅਤੇ ਮਹਾਤਮਾ ਗਾਂਧੀ ਦੀ ਆਜ਼ਾਦੀ ਸੰਗਰਾਮ ’ਚ ਭੂਮਿਕਾ, ਜਿਸ ਨੇ ਉਨ੍ਹਾਂ ਨੂੰ ਰਾਸ਼ਟਰਪਿਤਾ ਦਾ ਵਿਸ਼ੇਸ਼ਣ ਦਿਵਾਇਆ, ਦੀ ਜਾਣਕਾਰੀ ਨਾ ਹੋਣ ਲਈ ਮੁਆਫ ਕੀਤਾ ਜਾ ਸਕਦਾ ਹੈ। ਇਸ ਗੱਲ ਦੀ ਸੰਭਾਵਨਾ ਹੈ ਕਿ ਖੁਦ ਮੋਦੀ ਟਰੰਪ ਵਲੋਂ ਉਨ੍ਹਾਂ ਨੂੰ ਅਜਿਹਾ ਕਹਿਣ ’ਤੇ ਜ਼ਿਆਦਾ ਖੁਸ਼ ਨਹੀਂ ਹਨ। ਹਾਲਾਂਕਿ ਉਨ੍ਹਾਂ ਨੇ ਸ਼ਾਇਦ ਇਸ ’ਤੇ ਭਰੋਸਾ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਉਹ ਭਾਰਤ ਦੇ ਮਹਾਨ ਨੇਤਾਵਾਂ ’ਚੋਂ ਇਕ ਹਨ।

ਤ੍ਰਾਸਦੀ ਇਹ ਹੈ ਕਿ ਟਰੰਪ ਦੀ ਟਿੱਪਣੀ ਮਹਾਤਮਾ ਗਾਂਧੀ ਦੀ 150ਵੀਂ ਜੈਅੰਤੀ ਦੇ ਵਰ੍ਹੇ ’ਚ ਕੀਤੀ ਗਈ, ਜਿਨ੍ਹਾਂ ਨੇ ਆਪਣੇ ਅਹਿੰਸਾ ਦੇ ਸਿਧਾਂਤ ਨਾਲ ਅੰਗਰੇਜ਼ਾਂ ਨੂੰ ਬਾਹਰ ਕੱਢਣ ਲਈ ਦੇਸ਼ ਦੀ ਅਗਵਾਈ ਕੀਤੀ। ਮੋਦੀ ਲੰਬੇ ਸਮੇਂ ਤੋਂ ਮਹਾਤਮਾ ਗਾਂਧੀ ਦੇ ਨਾਂ ਦਾ ਸੱਦਾ ਦੇ ਰਹੇ ਹਨ ਅਤੇ ਆਪਣੇ ਪਿਛਲੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਐਲਾਨ ਕੀਤਾ ਸੀ ਕਿ ‘ਸਵੱਛ ਭਾਰਤ’ ਪ੍ਰੋਗਰਾਮ ਉਨ੍ਹਾਂ ਨੂੰ ਸਮਰਪਿਤ ਹੋਵੇਗਾ। ਗਾਂਧੀ ਜੀ ਦੀ 150ਵੀਂ ਜੈਅੰਤੀ ’ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਅਤੇ ਦੇਸ਼ ਨੂੰ ਖੁੱਲ੍ਹੇ ’ਚ ਜੰਗਲ-ਪਾਣੀ ਤੋਂ ਮੁਕਤ ਐਲਾਨਣ ਲਈ ਉਹ ਸਾਬਰਮਤੀ ਆਸ਼ਰਮ ’ਚ ਸਨ।

ਮੂਲ ਸਿਧਾਂਤਾਂ ਨੂੰ ਅਪਣਾਉਣਾ ਜਾਂ ਦਿਖਾਵਾ

ਕੀ ਸਰਕਾਰ ਜਾਂ ਅਸੀਂ ਸੱਚਮੁੱਚ ਰਾਸ਼ਟਰਪਿਤਾ ਦੇ ਸਿਧਾਂਤਾਂ ਨੂੰ ਅਪਣਾ ਰਹੇ ਹਾਂ ਜਾਂ ਸਿਰਫ ਅਜਿਹਾ ਦਿਖਾਵਾ ਕਰ ਰਹੇ ਹਾਂ। ਹੁਣ ਇਸੇ ਦਾਅਵੇ ਨੂੰ ਲੈਂਦੇ ਹਾਂ ਕਿ ਦੇਸ਼ ’ਚ ਕਿਤੇ ਵੀ ਲੋਕ ਖੁੱਲ੍ਹੇ ’ਚ ਜੰਗਲ-ਪਾਣੀ ਨਹੀਂ ਜਾਂਦੇ। ਕੀ ਇਸ ’ਤੇ ਭਰੋਸਾ ਕੀਤਾ ਜਾ ਸਕਦਾ ਹੈ? ਸਿਰਫ ਭਾਜਪਾ ਦੇ ਅੰਨ੍ਹੇ ਸਮਰਥਕ ਹੀ ਇਸ ਦੇ ਸੱਚ ਹੋਣ ਦਾ ਦਾਅਵਾ ਕਰਨਗੇ। ਉਨ੍ਹਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਝੌਂਪੜਪੱਟੀ ਇਲਾਕਿਆਂ, ਛੋਟੇ ਸ਼ਹਿਰਾਂ, ਕਸਬਿਆਂ ਤੇ ਪਿੰਡਾਂ ’ਚ ਜਾ ਕੇ ਦੇਖਣ ਕਿ ਕੀ ਇਹ ਸਹੀ ਹੈ? ਤੁਹਾਨੂੰ ਅਜੇ ਵੀ ਹਜ਼ਾਰਾਂ ਲੋਕ ਅਜਿਹਾ ਕਰਦੇ ਮਿਲ ਜਾਣਗੇ। ਉਹ ਅਜਿਹਾ ਇਸ ਲਈ ਨਹੀਂ ਕਰਦੇ ਕਿ ਉਨ੍ਹਾਂ ਨੂੰ ਅਜਿਹਾ ਕਰਨਾ ਪਸੰਦ ਹੈ, ਇਹ ਉਨ੍ਹਾਂ ਦੀ ਮਜਬੂਰੀ ਹੈ।

ਅਜਿਹਾ ਨਹੀਂ ਹੈ ਕਿ ਸਰਕਾਰ ਨੇ ਕੋਸ਼ਿਸ਼ ਨਹੀਂ ਕੀਤੀ। ਕੀਤੀ ਹੈ ਅਤੇ ਇਸ ਵਲੋਂ ਸ਼ੁਰੂ ਕੀਤੀ ਗਈ ਜਾਗਰੂਕਤਾ ਮੁਹਿੰਮ ਸ਼ਲਾਘਾਯੋਗ ਹੈ। ਯਕੀਨੀ ਤੌਰ ’ਤੇ ਸਥਿਤੀ ’ਚ ਕਾਫੀ ਸੁਧਾਰ ਹੈ ਪਰ ਅਜੇ ਵੀ ਬਹੁਤ ਕੁਝ ਕੀਤੇ ਜਾਣ ਦੀ ਲੋੜ ਹੈ। ਆਪਣੀ ਪਿੱਠ ਥਾਪੜਨਾ ਅਤੇ ਇਹ ਦਾਅਵਾ ਕਰਨਾ ਕਿ ਦੇਸ਼ ਨੇ ਇਸ ਸਮੱਸਿਆ ਤੋਂ ਛੁਟਕਾਰਾ ਪਾ ਲਿਆ ਹੈ, ਸੱਚ ਨਹੀਂ ਹੈ। ਇਹ ਸੋਚ ਕੇ ਹੈਰਾਨੀ ਹੁੰਦੀ ਹੈ ਕਿ ਮਹਾਤਮਾ ਗਾਂਧੀ ਹੁੰਦੇ ਤਾਂ ਅਜਿਹੇ ਬੇਤੁਕੇ ਦਾਅਵੇ ’ਤੇ ਕੀ ਪ੍ਰਤੀਕਿਰਿਆ ਜ਼ਾਹਿਰ ਕਰਦੇ।

ਵੱਖ-ਵੱਖ ਭਾਈਚਾਰਿਆਂ ਦਰਮਿਆਨ ਸ਼ੱਕ

ਗਾਂਧੀ ਜੀ ਦੀਆਂ ਦੋ ਵਿਸ਼ੇਸ਼ਤਾਈਆਂ ਵੱਖਰੇ ਤੌਰ ’ਤੇ ਦਿਖਾਈ ਦਿੰਦੀਆਂ ਹਨ ਤੇ ਅੱਜ ਦੇ ਦੌਰ ’ਚ ਬਹੁਤ ਢੁੱਕਵੀਆਂ ਹਨ। ਪਹਿਲੀ ਸੀ ਫਿਰਕੂ ਸਦਭਾਵਨਾ ਤੇ ਦੂਜੀ ਸੀ ਲੋਕਤੰਤਰਿਕ ਕਦਰਾਂ-ਕੀਮਤਾਂ ’ਚ ਭਰੋਸਾ। ਇਨ੍ਹਾਂ ਦੋਹਾਂ ਉਦੇਸ਼ਾਂ ਨੂੰ ਹਾਸਲ ਕਰਨ ਲਈ ਉਨ੍ਹਾਂ ਨੇ ਹਿੰਸਾ ਦਾ ਰਾਹ ਅਪਣਾਇਆ। ਬਦਕਿਸਮਤੀ ਨਾਲ ਜੋ ਲੋਕ ਫਿਰਕੂ ਫੁੱਟ ਲਈ ਜ਼ਿੰਮੇਵਾਰ ਹਨ, ਉਹ ਉਨ੍ਹਾਂ ਲੋਕਾਂ ’ਚ ਸ਼ਾਮਲ ਹਨ, ਜਿਹੜੇ ਗਾਂਧੀ ਜੀ ਦੇ ਦੱਸੇ ਰਾਹ ’ਤੇ ਚੱਲਣ ਦਾ ਦਾਅਵਾ ਕਰਦੇ ਹਨ।

ਭਾਰਤੀ ਸਮਾਜ ’ਚ ਵੱਖ-ਵੱਖ ਭਾਈਚਾਰਿਆਂ ਵਿਚਾਲੇ ਸ਼ੱਕ ਵਧਿਆ ਹੈ, ਖਾਸ ਕਰ ਕੇ ਹਿੰਦੂਆਂ ਤੇ ਮੁਸਲਮਾਨਾਂ ਦਰਮਿਆਨ। ਅਜੇ ਵੀ ਆਬਾਦੀ ਦਾ ਇਕ ਵੱਡਾ ਹਿੱਸਾ ਫਿਰਕੂ ਸੁਹਿਰਦਤਾ ’ਚ ਯਕੀਨ ਰੱਖਦਾ ਹੈ ਤੇ ਕਿਸੇ ਵੀ ਧਿਰ ਬਾਰੇ ਸਖਤ ਵਿਚਾਰ ਨਹੀਂ ਦਿੰਦਾ ਪਰ ਇਸ ਹਿੱਸੇ ਦੀ ਆਵਾਜ਼ ਉਨ੍ਹਾਂ ਲੋਕਾਂ ਦੀਆਂ ਉੱਚੀਆਂ ਆਵਾਜ਼ਾਂ ’ਚ ਦੱਬੀ ਜਾਂਦੀ ਹੈ, ਜਿਨ੍ਹਾਂ ਦਾ ਰਵੱਈਆ ਹਮਲਾਵਰ ਹੁੰਦਾ ਹੈ। ਇਨ੍ਹਾਂ ’ਚ ਨੇਤਾ ਤੇ ਉਨ੍ਹਾਂ ਦੇ ਸਮਰਥਕ ਦੋਵੇਂ ਹੀ ਸ਼ਾਮਲ ਹਨ। ਜੋ ਖਾਮੋਸ਼ ਵਰਗ ’ਚ ਹੁੰਦੇ ਹਨ, ਉਹ ਵੋਟ ਪਾਉਣ ਲਈ ਵੀ ਬਾਹਰ ਨਹੀਂ ਆਉਂਦੇ ਤੇ ਚੁੱਪਚਾਪ ਸਭ ਕੁਝ ਹੁੰਦਾ ਦੇਖਣ ਨੂੰ ਤਰਜੀਹ ਦਿੰਦੇ ਹਨ। ਯਕੀਨੀ ਤੌਰ ’ਤੇ ਇਸ ਗੱਲ ਨੂੰ ਮਹਾਤਮਾ ਗਾਂਧੀ ਪਸੰਦ ਨਾ ਕਰਦੇ।

ਸੁਪਰੀਮ ਕੋਰਟ ਵਲੋਂ ਇਹ ਐਲਾਨ ਕਰਨ ’ਤੇ ਕਿ ਉਹ ਵਿਵਾਦਪੂਰਨ ਰਾਮ ਜਨਮ ਭੂਮੀ ਮਾਮਲੇ ਬਾਰੇ 18 ਅਕਤੂਬਰ ਨੂੰ ਫੈਸਲਾ ਸੁਣਾਏਗੀ, ਦੇਸ਼ ’ਚ ਪਹਿਲਾਂ ਹੀ ਕਾਲੇ ਬੱਦਲ ਬਣਨੇ ਸ਼ੁਰੂ ਹੋ ਗਏ ਹਨ। ਲੋਕਾਂ ਦੇ ਬਣ ਰਹੇ ਮੂਡ ਨੂੰ ਦੇਖਦਿਆਂ ਇਹ ਅੰਦਾਜ਼ਾ ਲਾਉਣਾ ਮੁਸ਼ਕਿਲ ਹੈ ਕਿ ਫੈਸਲਾ ਸਾਰੀਆਂ ਸਬੰਧਤ ਧਿਰਾਂ ਨੂੰ ਮਨਜ਼ੂਰ ਹੋਵੇਗਾ। ਅਸੀਂ ਸਿਰਫ ਇਹ ਉਮੀਦ ਅਤੇ ਪ੍ਰਾਰਥਨਾ ਹੀ ਕਰ ਸਕਦੇ ਹਾਂ ਕਿ ਫੈਸਲੇ ਤੋਂ ਬਾਅਦ ਦਾ ਮਾਹੌਲ ਹਿੰਸਾ-ਮੁਕਤ ਰਹੇ।

ਲੋਕਤੰਤਰ ਅਤੇ ਲੋਕਤੰਤਰਿਕ ਕਦਰਾਂ-ਕੀਮਤਾਂ

ਗਾਂਧੀ ਜੀ ਦਾ ਇਕ ਹੋਰ ਜਨੂੰਨ ਲੋਕਤੰਤਰ ਤੇ ਲੋਕਤੰਤਰਿਕ ਕਦਰਾਂ-ਕੀਮਤਾਂ ਲਈ ਸੀ। ਇਕ ਤੋਂ ਬਾਅਦ ਇਕ ਆਉਣ ਵਾਲੀਆਂ ਸਰਕਾਰਾਂ ਨੇ ਇਸ ’ਤੇ ਪਾਬੰਦੀ ਜਾਰੀ ਰੱਖੀ ਤੇ ਮੌਜੂਦਾ ਸਰਕਾਰ ਨੇ ਕੁਝ ਸਖਤ ਕਦਮ ਚੁੱਕੇ ਹਨ। ਮਿਸਾਲ ਵਜੋਂ ਬ੍ਰਿਟਿਸ਼ ਕਾਲ ਦਾ ਦੇਸ਼ਧ੍ਰੋਹ ਵਾਲਾ ਕਾਨੂੰਨ ਸਿਆਸੀ ਵਰਕਰਾਂ, ਵਿਚਾਰਕਾਂ, ਲੇਖਕਾਂ, ਪੱਤਰਕਾਰਾਂ ਅਤੇ ਇਥੋਂ ਤਕ ਕਿ ਅਭਿਨੇਤਾਵਾਂ ਵਿਰੁੱਧ ਇਸਤੇਮਾਲ ਕੀਤਾ ਜਾ ਰਿਹਾ ਸੀ। ਅਦਾਲਤਾਂ ਵਲੋਂ ਕਈ ਵਾਰ ਅਜਿਹੇ ਮਾਮਲਿਆਂ ’ਚ ਦਖਲ ਦੇਣ ਦੇ ਬਾਵਜੂਦ ਕਿਸੇ ਵੀ ਸਰਕਾਰ ਨੇ ਇਸ ਕਾਨੂੰਨ ਨੂੰ ਖਤਮ ਨਹੀਂ ਕੀਤਾ।

ਇਸੇ ਤਰ੍ਹਾਂ ਕਸ਼ਮੀਰ ਵਾਦੀ ’ਚ ਅੱਜ ਜੋ ਹੋ ਰਿਹਾ ਹੈ, ਉਹ ਅਣਕਿਆਸਾ ਹੈ। ਉਥੇ ਸਭ ਕੁਝ ਬੰਦ ਹੈ। ਇੰਟਰਨੈੱਟ ਤੇ ਮੋਬਾਇਲ ਸੇਵਾਵਾਂ ’ਤੇ ਪਿਛਲੇ 2 ਮਹੀਨਿਆਂ ਤੋਂ ਰੋਕ ਹੈ। ਮੈਂ ਹੈਰਾਨ ਹਾਂ ਕਿ ਜੇ ਅੱਜ ਮਹਾਤਮਾ ਗਾਂਧੀ ਹੁੰਦੇ ਤਾਂ ਉਹ ਕੀ ਕਰਦੇ? ਅਸੀਂ ਸਭ ਜਾਣਦੇ ਹਾਂ ਕਿ ਉਹ ਉਦੋਂ ਵੀ ਬੰਗਾਲ ’ਚ ਫਿਰਕੂ ਸਦਭਾਵਨਾ ਲਈ ਕੰਮ ਕਰ ਰਹੇ ਸਨ, ਜਦੋਂ ਦੇਸ਼ ਆਪਣੀ ਆਜ਼ਾਦੀ ਦਾ ਜਸ਼ਨ ਮਨਾ ਰਿਹਾ ਸੀ ਅਤੇ ਲਾਲ ਕਿਲੇ ’ਤੇ ਤਿਰੰਗਾ ਝੰਡਾ ਲਹਿਰਾਉਂਦਾ ਦੇਖਣ ਲਈ ਦਿੱਲੀ ’ਚ ਲੱਖਾਂ ਲੋਕ ਇਕੱਠੇ ਹੋ ਗਏ ਸਨ।

ਸਾਨੂੰ ਅਜੇ ਵੀ ਮਹਾਤਮਾ ਗਾਂਧੀ ਦੇ ਵਿਚਾਰਾਂ ਅਤੇ ਸਿਧਾਂਤਾਂ ਤੋਂ ਕਾਫੀ ਕੁਝ ਸਿੱਖਣ ਦੀ ਲੋੜ ਹੈ। ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਦੇਣ ਦਾ ਇਹੋ ਇਕੋ-ਇਕ ਰਾਹ ਹੋਵੇਗਾ।

Vipinpubby@gmail.com

Bharat Thapa

This news is Content Editor Bharat Thapa