ਇਕ ਔਰਤ ਤਿੰਨ ਪੀੜ੍ਹੀਆਂ ਸੁਧਾਰ ਦਿੰਦੀ ਹੈ

04/26/2021 3:24:13 AM

ਵਿਨੀਤ ਨਾਰਾਇਣ
ਕੱਲ ਮਲਿਆਲਮ ਭਾਸ਼ਾ ਦੀ ਇਕ ਫਿਲਮ ਦੇਖੀ ‘ਦਿ ਗ੍ਰੇਟ ਇੰਡੀਅਨ ਕਿਚਨ’ ਜਿਸ ਨੇ ਸੋਚਣ ’ਤੇ ਮਜਬੂਰ ਕਰ ਦਿੱਤਾ। ਕਹਾਣੀ ਸਿੱਧੀ ਹੈ ਅਤੇ ਘਰ-ਘਰ ਦੀ ਹੈ। ਸੁਆਣੀ ਕਿੰਨੀ ਵੀ ਪੜ੍ਹੀ-ਲਿਖੀ ਅਤੇ ਸਮਝਦਾਰ ਕਿਉਂ ਨਾ ਹੋਵੇ, ਉਸ ਦੀ ਸਾਰੀ ਜ਼ਿੰਦਗੀ ਚੁੱਲ੍ਹਾ-ਚੌਂਕਾ ਸੰਭਾਲਣ ਅਤੇ ਘਰ ਦੇ ਮਰਦਾਂ ਦੇ ਨਖਰੇ ਝੱਲਣ ’ਚ ਲੰਘ ਜਾਂਦੀ ਹੈ।

ਜ਼ਿਆਦਾਤਰ ਔਰਤਾਂ ਇਸ ਨੂੰ ਆਪਣੀ ਕਿਸਮਤ ਮੰਨ ਕੇ ਸਹਿ ਲੈਂਦੀਆਂ ਹਨ। ਨਾਰੀ ਮੁਕਤੀ ਦੀ ਭਾਵਨਾ ਨਾਲ ਜੋ ਇਸ ਦਾ ਵਿਰੋਧ ਕਰਦੀਆਂ ਹਨ ਜਾਂ ਤਾਂ ਉਨ੍ਹਾਂ ਦੇ ਘਰ ’ਚ ਤਣਾਅ ਪੈਦਾ ਹੋ ਜਾਂਦਾ ਹੈ ਜਾਂ ਉਹ ਘਰ ਛੱਡਣ ’ਤੇ ਮਜਬੂਰ ਹੋ ਜਾਂਦੀਆਂ ਹਨ। ਅਜਿਹਾ ਹੀ ਕੁਝ ਇਸ ਫਿਲਮ ’ਚ ਦਿਖਾਇਆ ਗਿਆ ਹੈ।

ਅਜਿਹਾ ਲੱਗਦਾ ਹੈ ਕਿ ਇਹ ਫਿਲਮ ਖੱਬੇਪੱਖੀਆਂ ਨੇ ਬਣਾਈ ਹੈ ਅਤੇ ਉਸ ਦੌਰ ’ਚ ਬਣਾਈ ਹੈ ਜਦੋਂ ਕੇਰਲ ਦੇ ਸਬਰੀਮਾਲਾ ਮੰਦਰ ’ਚ ਔਰਤਾਂ ਦੇ ਦਾਖਲੇ ਨੂੰ ਲੈ ਕੇ ਸੁਪਰੀਮ ਕੋਰਟ ਤੱਕ ’ਚ ਇਕ ਵੱਡਾ ਵਿਵਾਦ ਛਿੜਿਆ ਹੋਇਆ ਸੀ।

ਜ਼ਾਹਿਰ ਹੈ ਕਿ ਖੱਬੇਪੱਖੀਆਂ ਦਾ ਮਕਸਦ ਹਿੰਦੂ ਸਮਾਜ ਦੀਆਂ ਉਨ੍ਹਾਂ ਕੁਰੀਤੀਆਂ ’ਤੇ ਹਮਲਾ ਕਰਨਾ ਸੀ ਜੋ ਉਨ੍ਹਾਂ ਦੀ ਨਜ਼ਰ ’ਚ ਔਰਤ ਵਿਰੋਧੀ ਹਨ। ਜਿਵੇਂ ਮਾਹਵਾਰੀ ਦੇ ਸਮੇਂ ਔਰਤਾਂ ਨੂੰ ਅਛੂਤ ਵਾਂਗ ਰੱਖਣਾ। ਇਹ ਿਫਲਮ ’ਚ ਦਿਖਾਇਆ ਹੈ। ਹੋ ਸਕਦਾ ਹੈ ਕਿ ਉਨ੍ਹਾਂ ਪੰਜ ਦਿਨਾਂ ’ਚ ਭਾਰਤੀ ਰਵਾਇਤੀ ਸਮਾਜ ’ਚ ਔਰਤਾਂ ਨੂੰ ਤਸੀਹਾ ਕੈਂਪ ਵਾਂਗ ਰਹਿਣਾ ਪੈਂਦਾ ਹੈ।

ਪਰ ਕੀ ਇਸ ’ਚ ਸ਼ੱਕ ਹੈ ਕਿ ਉਹ ਪੰਜ ਦਿਨ ਹਰ ਔਰਤ ਦੀ ਜ਼ਿੰਦਗੀ ’ਚ ਨਾ ਸਿਰਫ ਦੁਖਦਾਇਕ ਹੁੰਦੇ ਹਨ ਸਗੋਂ ਇਨਫੈਕਸ਼ਨ ਦੀਆਂ ਸਾਰੀਆਂ ਸੰਭਾਵਨਾਵਾਂ ਵੀ ਰਹਿੰਦੀਆਂ ਹਨ। ਜੇਕਰ ਔਰਤਾਂ ’ਤੇ ਉਨ੍ਹਾਂ ਦਿਨਾਂ ਦੌਰਾਨ ਕੀਤੀਆਂ ਜਾਣ ਵਾਲੀਆਂ ਧੱਕੇਸ਼ਾਹੀਆਂ ਨੂੰ ਦੂਰ ਕਰ ਦਿੱਤਾ ਜਾਵੇ ਅਤੇ ਔਰਤਾਂ ਨੂੰ ਉਨ੍ਹਾਂ ਪੰਜ ਦਿਨਾਂ ’ਚ ਸਨਮਾਨਿਤ ਢੰਗ ਨਾਲ ਘਰ ’ਚ ਰੱਖਿਆ ਜਾਵੇ ਜਿਵੇਂ ਅੱਜ ਪਰਿਵਾਰ ਦੇ ਕਿਸੇ ਕੋਰੋਨਾ ਇਨਫੈਕਟਿਡ ਮੈਂਬਰ ਨੂੰ ਰੱਖਿਆ ਜਾਂਦਾ ਹੈ ਤਾਂ ਕੀ ਇਸ ’ਚ ਪੂਰੇ ਪਰਿਵਾਰ ਦੀ ਭਲਾਈ ਨਹੀਂ ਹੋਵੇਗੀ?

ਇਸੇ ਤਰ੍ਹਾਂ ਮਰਦ ਅਤੇ ਔਰਤ ਨਾਲ ਹਰ ਹਾਲਾਤ ’ਚ ਆਮ ਵਤੀਰੇ ਦੀ ਆਸ ਕਰਨ ਵਾਲੇ ਬੁੱਧੀਜੀਵੀ ਜ਼ਰਾ ਸੋਚਣ ਕਿ 9 ਮਹੀਨੇ ਜਦੋਂ ਔਰਤ ਗਰਭਵਤੀ ਹੁੰਦੀ ਹੈ ਤਾਂ ਕੀ ਉਸ ਦੀ ਉਹੀ ਕੰਮ ਦੀ ਸਮਰੱਥਾ ਹੁੰਦੀ ਹੈ ਜੋ ਆਮ ਹਾਲਤ ’ਚ ਰਹਿੰਦੀ ਹੈ। ਬੱਚਾ ਜੰਮਣ ਦੇ ਬਾਅਦ 3 ਸਾਲ ਤੱਕ ਜੇਕਰ ਬੱਚੇ ਨੂੰ ਮਾਂ ਦਾ ਦੁੱਧ ਅਤੇ 24 ਘੰਟੇ ਲਾਡ-ਪਿਆਰ ਮਿਲੇ ਤਾਂ ਉਹ ਬੱਚਾ ਜ਼ਿਆਦਾ ਤੰਦਰੁਸਤ ਅਤੇ ਖੁਸ਼ ਹੁੰਦਾ ਹੈ, ਮੁਕਾਬਲੇ ਉਨ੍ਹਾਂ ਬੱਚਿਆਂ ਦੇ ਜਿਨ੍ਹਾਂ ਨੂੰ ਉਨ੍ਹਾਂ ਦੀਆਂ ਮਾਵਾਂ ਨੌਕਰੀ ਦੇ ਦਬਾਅ ’ਚ ‘ਡੇ ਕੇਅਰ ਸੈਂਟਰ’ ’ਚ ਸੁੱਟ ਦਿੰਦੀਆਂ ਹਨ। ਜੇਕਰ ਆਰਥਿਕ ਮਜਬੂਰੀ ਨਾ ਹੋਵੇ ਕੀ ਮਾਂ ਦਾ ਨੌਕਰੀ ਕਰਨਾ ਜ਼ਰੂਰੀ ਹੈ?

ਇਸੇ ਤਰ੍ਹਾਂ ਸੋਚਣ ਵਾਲੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਦਾ ਮਿਲਾਵਟੀ, ਪ੍ਰਦੂਸ਼ਿਤ ਅਤੇ ਜ਼ਹਿਰੀਲਾ ਭੋਜਨ ਫਾਸਟ ਫੂਡ ਦੇ ਨਾਂ ’ਤੇ ਅੱਜ ਸਾਰੇ ਬੱਚਿਆਂ ਨੂੰ ਦਿੱਤਾ ਜਾ ਰਿਹਾ ਹੈ, ਉਸ ਨਾਲ ਉਨ੍ਹਾਂ ਦੀ ਮਾਨਸਿਕ ਅਤੇ ਸਰੀਰਕ ਸਿਹਤ ਚਿੰਤਾ ਦਾ ਵਿਸ਼ਾ ਬਣ ਗਈ ਹੈ, ਵਿਕਾਸਸ਼ੀਲ ਦੇਸ਼ਾਂ ’ਚ ਹੀ ਨਹੀਂ ਸਗੋਂ ਵਿਕਸਿਤ ਦੇਸ਼ਾਂ ’ਚ ਵੀ।

ਸਾਡੇ ਬ੍ਰਜ ’ਚ ਕਹਾਵਤ ਹੈ ਕਿ ਇਕ ਔਰਤ 3 ਪੀੜ੍ਹੀਆਂ ਸੁਧਾਰ ਦਿੰਦੀ ਹੈ ਆਪਣੇ ਮਾਂ-ਬਾਪ ਜਾਂ ਸੱਸ-ਸਹੁਰੇ ਦੀ ਅਤੇ ਆਪਣੇ ਪਤੀ ਅਤੇ ਆਪਣੇ ਬੱਚਿਆਂ ਦੀ। ਪੜ੍ਹੀ-ਲਿਖੀ ਔਰਤ ਵੀ ਜੇਕਰ ਘਰ ’ਚ ਰਹਿ ਕੇ ਪੂਰੇ ਪਰਿਵਾਰ ਦੇ ਭੋਜਨ, ਸਿਹਤ, ਸਿੱਖਿਆ, ਆਚਰਣ ਅਤੇ ਪਰਵਰਿਸ਼ ’ਤੇ ਧਿਆਨ ਦਿੰਦੀ ਹੈ ਤਾਂ ਉਹ ਸਮਾਜ ਲਈ ਇੰਨਾ ਵੱਡਾ ਯੋਗਦਾਨ ਹੈ ਕਿ ਕਿਸੇ ਵੀ ਵੱਡੀ ਤੋਂ ਵੱਡੀ ਨੌਕਰੀ ਦੀ ਤਨਖਾਹ ਇਸ ਦੀ ਬਰਾਬਰੀ ਨਹੀਂ ਕਰ ਸਕਦੀ। ਸ਼ਰਤ ਇਹ ਹੈ ਕਿ ਉਸ ਔਰਤ ਨੂੰ ਪਰਿਵਾਰ ’ਚ ਪੂਰਾ ਸਨਮਾਨ ਅਤੇ ਬਰਾਬਰ ਅਧਿਕਾਰ ਮਿਲਣ।

ਵੈਦਿਕ ਸਮਾਜ ’ਚ ਮਰਦ ਅਤੇ ਔਰਤ ਇਕੋ-ਜਿਹੇ ਗਹਿਣੇ ਅਤੇ ਵਸਤਰ ਪਹਿਨਦੇ ਸਨ। ਬਾਹਰੀ ਅਤੇ ਅੰਦਰੂਨੀ ਵਸਤਰ। ਔਰਤਾਂ ਦੇ ਸਤਨ ਵੀ ਉਸੇ ਤਰ੍ਹਾਂ ਖੁੱਲ੍ਹੇ ਰਹਿੰਦੇ ਸਨ ਜਿਵੇਂ ਮਰਦਾਂ ਦੇ। ਅਜੰਤਾ ਏਲੋਰਾ ਦੇ ਕੰਧ-ਚਿੱਤਰ ਇਸ ਦੇ ਪ੍ਰਮਾਣ ਹਨ। ਹਰ ਸਿਆਸੀ ਫੈਸਲਾ, ਸਮਾਜਿਕ ਵਿਵਾਦਾਂ, ਧਾਰਮਿਕ ਪ੍ਰੋਗਰਾਮਾਂ ਆਦਿ ’ਚ ਔਰਤਾਂ ਦੀ ਬਰਾਬਰ ਦੀ ਭਾਈਵਾਲੀ ਹੁੰਦੀ ਸੀ।

ਇਸ ਵਿਵਸਥਾ ਦਾ ਪਤਨ ਮੱਧਯੁੱਗ ਦੇ ਬਸਤੀਵਾਦੀ ਦੌਰ ’ਚ ਹੋ ਗਿਆ ਪਰ ਅੱਜ ਆਧੁਨਿਕਤਾ ਅਤੇ ਬਰਾਬਰੀ ਦੇ ਨਾਂ ’ਤੇ ਜੋ ਪਨਪਾਇਆ ਜਾ ਰਿਹਾ ਹੈ, ਉਸ ਨਾਲ ਨਾ ਤਾਂ ਔਰਤਾਂ ਸੁਖੀ ਹਨ ਅਤੇ ਨਾ ਪਰਿਵਾਰ। ਇਸ ਲਈ ਫਿਲਮ ’ਚ ਜੋ ਖੱਬੇਪੱਖੀ ਹੱਲ ਦੱਸਿਆ ਗਿਆ ਹੈ ਉਹ ਉਚਿਤ ਨਹੀਂ ਹੈ।

Bharat Thapa

This news is Content Editor Bharat Thapa