ਕਾਂਗਰਸ ਸਰਕਾਰਾਂ ਦੀ ਹੋਂਦ ਲਈ ਲੜਾਈ

07/15/2019 6:56:21 AM

ਰਾਹਿਲ ਨੋਰਾ ਚੋਪੜਾ
ਕਰਨਾਟਕ ਅਤੇ ਗੋਆ ਤੋਂ ਬਾਅਦ ਹੁਣ ਭਾਜਪਾ ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿਚ ਕਾਂਗਰਸ ਸਰਕਾਰਾਂ ਨੂੰ ਅਸਥਿਰ ਕਰਨ ਦਾ ਯਤਨ ਕਰ ਰਹੀ ਹੈ ਅਤੇ ਕਾਂਗਰਸ ਦੇ 3 ਦਲ-ਬਦਲੂਆਂ ਨੂੰ ਗੋਆ ਮੰਤਰੀ ਮੰਡਲ ’ਚ ਸ਼ਾਮਿਲ ਕਰਨ ਤੋਂ ਬਾਅਦ ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੇ ਖਾਹਿਸ਼ੀ ਕਾਂਗਰਸੀ ਵਿਧਾਇਕ ਅਸ਼ੋਕ ਗਹਿਲੋਤ ਅਤੇ ਕਮਲਨਾਥ ’ਤੇ ਉਨ੍ਹਾਂ ਨੂੰ ਕੈਬਨਿਟ ਵਿਚ ਸ਼ਾਮਿਲ ਕਰਨ ਲਈ ਦਬਾਅ ਬਣਾ ਰਹੇ ਹਨ ਕਿਉਂਕਿ ਇਨ੍ਹਾਂ ਦੋਵਾਂ ਸੂਬਿਆਂ ’ਚ ਸਰਕਾਰਾਂ ਬਸਪਾ ਅਤੇ ਆਜ਼ਾਦ ਵਿਧਾਇਕਾਂ ਦੇ ਸਮਰਥਨ ’ਤੇ ਨਿਰਭਰ ਹਨ। ਮਾਇਆਵਤੀ ਹੁਣ ਆਪਣੇ ਵਿਧਾਇਕਾਂ ਨੂੰ ਕੈਬਨਿਟ ਵਿਚ ਸ਼ਾਮਿਲ ਕਰਨ ਲਈ ਦਬਾਅ ਬਣਾ ਰਹੀ ਹੈ। ਕਾਂਗਰਸ ਪਾਰਟੀ ਦੋਵਾਂ ਸੂਬਿਆਂ ਵਿਚ ਆਪਣੇ ਵਿਧਾਇਕਾਂ ’ਤੇ ਪਕੜ ਬਣਾਈ ਰੱਖਣ ਦਾ ਜੀ-ਤੋੜ ਯਤਨ ਕਰ ਰਹੀ ਹੈ ਪਰ ਰਾਹੁਲ ਗਾਂਧੀ ਦੇ ਪ੍ਰਧਾਨਗੀ ਅਹੁਦਾ ਛੱਡਣ ਉਤੇ ਨਵਾਂ ਪਾਰਟੀ ਪ੍ਰਧਾਨ ਬਣਦਾ ਹੈ ਤਾਂ ਅਸ਼ੋਕ ਗਹਿਲੋਤ ਅਤੇ ਕਮਲਨਾਥ ਲਈ ਆਪਣੇ ਵਿਧਾਇਕਾਂ ’ਤੇ ਪਕੜ ਬਣਾਈ ਰੱਖਣਾ ਮੁਸ਼ਕਿਲ ਹੋਵੇਗਾ। ਦੋਵਾਂ ਸੂਬਿਆਂ ਵਿਚ ਭਾਜਪਾ ਦੇ ਸੂਬਾਈ ਨੇਤਾਵਾਂ ਨੇ ਘਟਨਾਚੱਕਰ ’ਤੇ ਨੇੜਲੀ ਨਜ਼ਰ ਰੱਖੀ ਹੋਈ ਹੈ ਅਤੇ ਦੋਹਾਂ ਸੂਬਿਆਂ ਵਿਚ ਲੋਕ ਸਭਾ ਚੋਣਾਂ ’ਚ ਕਾਂਗਰਸ ਦੀ ਹਾਰ ਤੋਂ ਬਾਅਦ ਮੁੱਖ ਮੰਤਰੀਆਂ ਦੇ ਵਿਰੋਧੀ ਧੜੇ ਕਾਂਗਰਸ ਤੋਂ ਬਾਹਰ ਆਉਣ ਦੇ ਸਮੇਂ ਦੀ ਉਡੀਕ ਕਰ ਰਹੇ ਹਨ।

ਮਮਤਾ ਬਨਾਮ ਭਾਜਪਾ

ਲੋਕ ਸਭਾ ਚੋਣਾਂ ਤੋਂ ਬਾਅਦ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਆਪਣੀ ਪਾਰਟੀ ਤ੍ਰਿਣਮੂਲ ਦੀ ਏਕਤਾ ਨੂੰ ਲੈ ਕੇ ਚਿੰਤਤ ਹੈ ਕਿਉਂਕਿ ਕਈ ਵਿਧਾਇਕ ਅਤੇ ਨਿਗਮ ਕੌਂਸਲਰ ਤ੍ਰਿਣਮੂਲ ਛੱਡ ਕੇ ਭਾਜਪਾ ਵਿਚ ਸ਼ਾਮਿਲ ਹੋ ਚੁੱਕੇ ਹਨ ਅਤੇ ਕੋਲਕਾਤਾ ਨਗਰ ਨਿਗਮ ਦੀ ਚੋਣ ਅਗਲੇ ਸਾਲ ਹੋਣੀ ਹੈ ਅਤੇ ਉਸ ਤੋਂ ਬਾਅਦ ਵਿਧਾਨ ਸਭਾ ਚੋਣਾਂ। ਇਸ ਲਈ ਮਮਤਾ ਨੇ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦੀ ਸਲਾਹ ਲਈ ਹੈ ਪਰ ਹਰੇਕ ਹਫਤੇ ਦੋ-ਚਾਰ ਤ੍ਰਿਣਮੂਲ ਨੇਤਾ ਭਾਜਪਾ ਵਿਚ ਸ਼ਾਮਿਲ ਹੋ ਰਹੇ ਹਨ। ਮੌਜੂਦਾ ਸਮੇਂ ਵਿਧਾਨਨਗਰ ਦੇ ਮੇਅਰ ਅਤੇ ਵਿਧਾਇਕ ਸੱਬਯਸਾਚੀ ਦੱਤਾ ਭਾਜਪਾ ਵਿਚ ਸ਼ਾਮਿਲ ਹੋਣ ਲਈ ਤਿਆਰ ਹਨ। ਭਾਜਪਾ ਨੇਤਾ ਮੁਕੁਲ ਰਾਏ ਅਨੁਸਾਰ ਵਿਧਾਇਕ ਸੱਬਯਸਾਚੀ ਹਾਲ ਹੀ ’ਚ ਉਨ੍ਹਾਂ ਨੂੰ ਮਿਲੇ ਹਨ। ਇਸੇ ਦੌਰਾਨ ਇਹ ਤ੍ਰਿਣਮੂਲ ਕੌਂਸਲਰ, ਜੋ ਪਿਛਲੇ ਮਹੀਨੇ ਭਾਜਪਾ ਵਿਚ ਸ਼ਾਮਿਲ ਹੋਏ ਸਨ, ਵਾਪਿਸ ਤ੍ਰਿਣਮੂਲ ਵਿਚ ਪਰਤ ਆਏ ਹਨ ਅਤੇ ਨਿਸ਼ਚਿਤ ਤੌਰ ’ਤੇ ਇਸ ਤਰ੍ਹਾਂ ਤ੍ਰਿਣਮੂਲ ਨੂੰ ਨਾਰਥ 24 ਪਰਗਣਾ ਜ਼ਿਲਾ ਅਤੇ ਦੱਖਣੀ ਦਿਨਾਜਪੁਰ ਜ਼ਿਲਾ ਪ੍ਰੀਸ਼ਦ ’ਚ ਕਾਂਚਰਪਾਰਾ ਅਤੇ ਹਾਲੀਸਹਰ ਨਿਗਮਾਂ ’ਤੇ ਮੁੜ ਕਬਜ਼ਾ ਕਰਨ ਵਿਚ ਮਦਦ ਮਿਲੇਗੀ। ਤ੍ਰਿਣਮੂਲ ਨੇਤਾ ਅਤੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਅਨੁਸਾਰ ਲੋਕ ਸਭਾ ਚੋਣਾਂ ਤੋਂ ਬਾਅਦ ਕਈ ਤ੍ਰਿਣਮੂਲ ਨੇਤਾ ਭਾਜਪਾ ਵਿਚ ਸ਼ਾਮਿਲ ਹੋਏ ਹਨ ਅਤੇ ਹਾਲੀਸਹਰ ਵਿਚ ਉਨ੍ਹਾਂ ਦੇ ਕੁਲ 23 ਕੌਂਸਲਰਾਂ ’ਚੋਂ ਕਈ ਭਾਜਪਾ ਵਿਚ ਚਲੇ ਗਏ ਸਨ ਪਰ 9 ਜੁਲਾਈ ਨੂੰ ਉਨ੍ਹਾਂ ’ਚੋਂ 13 ਤ੍ਰਿਣਮੂਲ ਵਿਚ ਵਾਪਿਸ ਪਰਤ ਆਏ, ਇਸ ਲਈ ਤ੍ਰਿਣਮੂਲ ਨੂੰ 23 ’ਚੋਂ 13 ਕੌਂਸਲਰਾਂ ਦਾ ਸਮਰਥਨ ਹਾਸਿਲ ਹੈ ਪਰ ਮੁਕੁਲ ਰਾਏ ਨੇ ਪ੍ਰਤੀਕਿਰਿਆ ਦਿੱਤੀ ਕਿ ਇਹ ਕੁਝ ਹੋਰ ਨਹੀਂ, ਸਗੋਂ ਇਕ ਸਿਆਸੀ ਰਣਨੀਤੀ ਹੈ ਅਤੇ ਉਹ ਭਾਜਪਾ ਲਈ ਕੰਮ ਕਰਨਗੇ। ਇਸੇ ਤਰ੍ਹਾਂ ਦੱਖਣੀ ਦਿਨਾਜਪੁਰ ਜ਼ਿਲਾ ਪ੍ਰੀਸ਼ਦ ਦੇ ਮੈਂਬਰ ਭਾਜਪਾ ਵਿਚ ਚਲੇ ਗਏ ਸਨ ਅਤੇ ਵਾਪਿਸ ਤ੍ਰਿਣਮੂਲ ’ਚ ਪਰਤ ਆਏ ਹਨ ਪਰ ਸਥਾਨਕ ਭਾਜਪਾ ਨੇਤਾ ਤ੍ਰਿਣਮੂਲ ’ਤੇ ਦੋਸ਼ ਲਗਾ ਰਹੇ ਹਨ ਕਿ ਉਹ ਉਨ੍ਹਾਂ ਨੂੰ ਵਾਪਿਸ ਲਿਆਉਣ ਲਈ ਪੁਲਸ ਅਤੇ ਪ੍ਰਸ਼ਾਸਨ ਦੀ ਵਰਤੋਂ ਕਰ ਰਹੀ ਹੈ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੀ ਪ੍ਰਸ਼ਾਂਤ ਕਿਸ਼ੋਰ ਲੋਕਲ ਬਾਡੀਜ਼ ਚੋਣਾਂ ਜਿੱਤਣ ’ਚ ਤ੍ਰਿਣਮੂਲ ਦੀ ਮਦਦ ਕਰਨਗੇ?

ਪਰਿਵਾਰਕ ਏਕਤਾ ਦਾ ਸਮਾਂ

ਸਪਾ-ਬਸਪਾ ਗੱਠਜੋੜ ਤੋੜਨ ਤੋਂ ਬਾਅਦ ਮਾਇਆਵਤੀ ਲੋਕ ਸਭਾ ਚੋਣਾਂ ’ਚ ਉਨ੍ਹਾਂ ਦੀ ਪਾਰਟੀ ਦੀ ਹਾਰ ਲਈ ਸਪਾ ਨੂੰ ਦੋਸ਼ ਦੇ ਰਹੀ ਹੈ। ਹਾਲਾਂਕਿ ਬਸਪਾ ਨੇ 2014 ਦੀਆਂ ਲੋਕ ਸਭਾ ਚੋਣਾਂ ’ਚ ਕੋਈ ਵੀ ਸੀਟ ਨਾ ਜਿੱਤਣ ਦੇ ਮੁਕਾਬਲੇ ਇਸ ਵਾਰ 10 ਸੀਟਾਂ ਜਿੱਤੀਆਂ ਹਨ ਅਤੇ ਸਪਾ ਨੇ ਸਿਰਫ 5 ਸੀਟਾਂ, ਜਦਕਿ ਅਖਿਲੇਸ਼ ਯਾਦਵ ਦੀ ਪਤਨੀ ਡਿੰਪਲ ਯਾਦਵ ਵੀ ਲੋਕ ਸਭਾ ਚੋਣਾਂ ਹਾਰ ਗਈ। ਇਹ ਮੋਦੀ ਲਹਿਰ ਜਾਂ ਚਾਚਾ ਸ਼ਿਵਪਾਲ ਯਾਦਵ ਦੇ ਕਾਰਨ ਹੋ ਸਕਦਾ ਹੈ ਪਰ ਭਾਜਪਾ ਸਰਕਾਰ ਹੁਣ ਉੱਤਰ ਪ੍ਰਦੇਸ਼ ’ਚ ਮੁੱਖ ਮੰਤਰੀ ਅਖਿਲੇਸ਼ ਯਾਦਵ ਦੇ ਕਾਰਜਕਾਲ ਦੌਰਾਨ ਹੋਏ ਖਨਨ ਘਪਲੇ ਦੀ ਜਾਂਚ ਕਰ ਰਹੀ ਹੈ। ਸੀ. ਬੀ. ਆਈ. ਨੇ ਲਖਨਊ ਅਤੇ ਸੁਲਤਾਨਪੁਰ ’ਚ ਕਈ ਥਾਵਾਂ ’ਤੇ ਛਾਪੇ ਮਾਰੇ ਹਨ ਅਤੇ ਉਸੇ ਤਰ੍ਹਾਂ ਯੋਜਨਾ ਬਣਾ ਰਹੀ ਹੈ, ਜਿਸ ਤਰ੍ਹਾਂ ਉਸ ਨੇ ਬਿਹਾਰ ਵਿਚ ਚਾਰਾ ਘਪਲੇ ਵਿਚ ਕੀਤਾ ਸੀ, ਜਿਥੇ ਲਾਲੂ ਪ੍ਰਸਾਦ ਯਾਦਵ ਮੁੱਖ ਮੁਲਜ਼ਮ ਸਨ। ਸੀਨੀਅਰ ਸਪਾ ਨੇਤਾਵਾਂ ਅਨੁਸਾਰ ਇਹ ਪਾਰਟੀ ਅਤੇ ਅਖਿਲੇਸ਼ ਯਾਦਵ ਨੂੰ ਬਚਾਉਣ ਲਈ ਪਰਿਵਾਰ ਵਿਚ ਏਕਤਾ ਦਾ ਸਮਾਂ ਹੈ।

ਕਰਨਾਟਕ ’ਚ ਦੂਸ਼ਣਬਾਜ਼ੀ ਦੀ ਖੇਡ

ਵਿਰੋਧੀ ਕਾਂਗਰਸ ਵਿਧਾਇਕਾਂ ਦੇ ਇਕ ਜਹਾਜ਼ ਵਿਚ ਬੈਂਗਲੁਰੂ ਤੋਂ ਮੁੰਬਈ ਜਾਣ ਤੋਂ ਬਾਅਦ ਕਾਂਗਰਸ ਭਾਜਪਾ ’ਤੇ ਉਨ੍ਹਾਂ ਨੂੰ ਮੁੰਬਈ ਲਿਜਾਣ ਦਾ ਦੋਸ਼ ਲਗਾ ਰਹੀ ਹੈ ਕਿਉਂਕਿ ਜੂਪੀਟਰ ਐਵੀਏਸ਼ਨ ਕੰਪਨੀ ਭਾਜਪਾ ਸੰਸਦ ਮੈਂਬਰ ਰਾਜੀਵ ਚੰਦਰ ਸ਼ੇਖਰ ਦੀ ਹੈ ਪਰ ਚੰਦਰ ਸ਼ੇਖਰ ਨੇ ਟਵੀਟ ਕਰ ਕੇ ਕਿਹਾ ਕਿ ਉਨ੍ਹਾਂ ਨੂੰ ਦੋਸ਼ ਨਹੀਂ ਦਿੱਤਾ ਜਾਣਾ ਚਾਹੀਦਾ ਕਿਉਂਕਿ ਚਾਰਟਰਡ ਫਲਾਈਟ ਸਰਵਿਸ ਕਿਸੇ ਦੇ ਲਈ ਵੀ ਉਪਲਬਧ ਹੈ ਅਤੇ ਭਾਜਪਾ ਤੇ ਚਾਰਟਰਡ ਜਹਾਜ਼ ਨੂੰ ਕਿਰਾਏ ’ਤੇ ਲੈਣ ਵਿਚਾਲੇ ਕੋਈ ਸਬੰਧ ਨਹੀਂ ਹੈ। ਕਰਨਾਟਕ ਦੇ ਮੁੱਖ ਮੰਤਰੀ ਐੱਚ. ਡੀ. ਕੁਮਾਰਸਵਾਮੀ ਨੂੰ ਕਿਸੇ ਸ਼ੁਭਚਿੰਤਕ ਨੇ ਬੀਤੇ ਹਫਤੇ ਉਨ੍ਹਾਂ ਦੇ ਵਿਦੇਸ਼ ਜਾਣ ਤੋਂ ਪਹਿਲਾਂ ਉਨ੍ਹਾਂ ਨੂੰ ਸਲਾਹ ਦਿੱਤੀ ਸੀ ਕਿ ਉਨ੍ਹਾਂ ਦੇ ਵਿਰੋਧੀ ਅਤੇ ਸਾਬਕਾ ਮੁੱਖ ਮੰਤਰੀ ਸਿੱਧਾਰਮੱਈਆ ਸ਼ਰਾਰਤ ਕਰ ਸਕਦੇ ਹਨ, ਇਸ ਲਈ ਉਨ੍ਹਾਂ ਨੂੰ ਇਸ ਮੌਕੇ ’ਤੇ ਵਿਦੇਸ਼ ਯਾਤਰਾ ਨਹੀਂ ਕਰਨੀ ਚਾਹੀਦੀ। ਇਸੇ ਦੌਰਾਨ ਭਾਜਪਾ ਵਿਧਾਇਕ ਉਮੇਸ਼ ਜਾਧਵ, ਜਿਨ੍ਹਾਂ ਨੇ ਲੋਕ ਸਭਾ ਚੋਣਾਂ ’ਚ ਗੁਲਬਰਗਾ ਤੋਂ ਮਲਿਕਾਰਜੁਨ ਖੜਗੇ ਨੂੰ ਹਰਾਇਆ ਸੀ, ਨੇ ਸਵਾਗਤ ਕੀਤਾ ਹੈ ਕਿ ਜੇਕਰ ਦਲਿਤ ਨੇਤਾ ਮਲਿਕਾਰਜੁਨ ਖੜਗੇ ਨੂੰ ਐੱਚ. ਡੀ. ਕੁਮਾਰਸਵਾਮੀ ਦੀ ਥਾਂ ’ਤੇ ਮੁੱਖ ਮੰਤਰੀ ਬਣਾਇਆ ਜਾਂਦਾ ਹੈ ਤਾਂ ਇਸ ਨਾਲ ਪਾਰਟੀ ਵਿਚ ਏਕਤਾ ਹੋਵੇਗੀ ਅਤੇ ਸਾਰੇ ਕਾਂਗਰਸ-ਜਦ (ਐੱਸ) ਵਿਧਾਇਕ ਵਾਪਿਸ ਪਰਤ ਆਉਣਗੇ।

ਬਜਟ ਬਾਅਦ ਰਾਤਰੀ ਭੋਜ

ਲੱਗਭਗ 16 ਰਿਪੋਰਟਰਜ਼ ਅਤੇ ਸੰਪਾਦਕ ਬਜਟ ਤੋਂ ਬਾਅਦ ਰਾਤਰੀ ਭੋਜ ਵਿਚ ਸ਼ਾਮਿਲ ਹੋਏ, ਜਦਕਿ ਬਾਕੀ ਪੱਤਰਕਾਰਾਂ ਨੇ ਡਿਨਰ ਦਾ ਬਾਈਕਾਟ ਕੀਤਾ, ਜਿਸ ਕਾਰਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਕਾਫੀ ਸ਼ਰਮਿੰਦਗੀ ਉਠਾਉਣੀ ਪਈ। ਇਕਜੁੱਟਤਾ ਦੇ ਅਣਕਿਆਸੇ ਪ੍ਰਦਰਸ਼ਨ ਅਤੇ ਪੱਤਰਕਾਰਾਂ ਦੀ ਆਜ਼ਾਦੀ ਦੇ ਯਤਨ ਵਿਚਾਲੇ ਵਿੱਤ ਮੰਤਰਾਲੇ ਨੂੰ ਕਵਰ ਕਰਨ ਵਾਲੇ 100 ਤੋਂ ਵੱਧ ਪੱਤਰਕਾਰਾਂ ਨੇ ਸੀਤਾਰਮਨ ਵਲੋਂ ਸ਼ੁੱਕਰਵਾਰ ਨੂੰ ਦਿੱਲੀ ਦੇ ਤਾਜ ਮਹੱਲ ਹੋਟਲ ਵਿਚ ਆਯੋਜਿਤ ਬਜਟ ਤੋਂ ਬਾਅਦ ਡਿਨਰ ਪਾਰਟੀ ਵਿਚ ਸ਼ਾਮਿਲ ਨਾ ਹੋਣ ਦਾ ਫੈਸਲਾ ਕੀਤਾ। ਪੱਤਰਕਾਰਾਂ ਨੇ ਸਰਬਸੰਮਤੀ ਨਾਲ ਡਿਨਰ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਕਿਉਂਕਿ ਵਿੱਤ ਮੰਤਰਾਲੇ ਨੇ ਨਾਰਥ ਬਲਾਕ ’ਚ ਮੀਡੀਆ ਪਰਸਨਜ਼ ਦੇ ਦਾਖਲੇ ’ਤੇ ਪਾਬੰਦੀ ਲਗਾ ਦਿੱਤੀ ਸੀ ਅਤੇ ਸਿਰਫ ਉਨ੍ਹਾਂ ਹੀ ਮਾਨਤਾ ਪ੍ਰਾਪਤ ਪੱਤਰਕਾਰਾਂ ਨੂੰ ਦਾਖਲੇ ਦੀ ਇਜਾਜ਼ਤ ਸੀ, ਜਿਨ੍ਹਾਂ ਨੇ ਕਿਸੇ ਅਧਿਕਾਰੀ ਤੋਂ ਪਹਿਲਾਂ ਤੋਂ ਹੀ ਸਮਾਂ ਲਿਆ ਹੋਵੇ। ਪੱਤਰਕਾਰਾਂ ਨੇ ਵਿੱਤ ਮੰਤਰੀ ਨੂੰ ਪਾਬੰਦੀ ਹਟਾਉਣ ਦੀ ਅਪੀਲ ਕੀਤੀ ਹੈ।
 

Bharat Thapa

This news is Content Editor Bharat Thapa