ਕਿਸਾਨ ਤੋਂ ਪੈਸੇ ਲੁੱਟਣ ਵਾਲੇ ਲੁਟੇਰੇ ਪੁਲਸ ਨੇ ਕੀਤੇ ਗ੍ਰਿਫਤਾਰ

07/15/2022 5:29:46 PM

ਭੀਖੀ (ਤਾਇਲ) : ਸਥਾਨਕ ਐੱਚ. ਡੀ. ਐੱਫ. ਸੀ. ਦੀ ਸ਼ਾਖਾ ਵਿਚੋਂ ਪੈਸੇ ਕਢਵਾ ਕੇ ਜਾ ਰਹੇ ਇਕ ਕਿਸਾਨ ਤੋਂ 4 ਲੱਖ ਰੁਪਏ ਖੋਹਣ ਦੇ ਮਾਮਲੇ ਵਿਚ ਪੁਲਸ ਵੱਲੋਂ ਗ੍ਰਿਫਤਾਰ ਕੀਤੇ ਨੌਜਵਾਨਾਂ ਪਾਸੋਂ ਭੀਖੀ ਪੁਲਸ ਨੇ ਸਾਢੇ 3 ਲੱਖ ਰੁਪਏ ਅਤੇ ਵਾਰਦਾਤ ਸਮੇਂ ਵਰਤਿਆ ਮੋਟਰਸਾਇਕਲ ਵੀ ਬਰਾਮਦ ਕਰ ਲਿਆ ਹੈ। ਬਾਕੀ ਪੈਸਿਆਂ ਦੀ ਭਾਲ ਲਈ ਪੁੱਛਗਿੱਛ ਕੀਤੀ ਜਾ ਰਹੀ ਹੈ। ਐੱਸ. ਐੱਚ. ਓ. ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਐੱਚ. ਡੀ. ਐੱਫ. ਸੀ. ਦੀ ਸਥਾਨਕ ਸ਼ਾਖਾ ਵਿਚੋਂ 4 ਲੱਖ ਰੁਪਏ ਕਢਵਾ ਕੇ ਨਿਕਲ ਰਹੇ ਕਿਸਾਨ ਪਾਸੋਂ ਉਕਤ ਨੌਜਵਾਨ ਪੈਸਿਆਂ ਵਾਲਾ ਥੈਲਾ ਖੋਹ ਕੇ ਭੱਜ ਗਏ ਸਨ। ਜਿੰਨ੍ਹਾਂ ਵਿਚੋਂ ਇਕ ਨੌਜਵਾਨ ਕਿਸਾਨ ਦੀ ਮੁਸ਼ਤੈਦੀ ਨਾਲ ਮੌਕੇ ’ਤੇ ਹੀ ਫੜ ਲਿਆ ਸੀ ਅਤੇ ਦੂਸਰੇ ਨੌਜਵਾਨ ਨੂੰ ਕੁੱਝ ਦੇਰ ਬਾਅਦ ਪੁਲਸ ਨੇ ਗ੍ਰਿਫਤਾਰ ਕੀਤਾ ਸੀ।

ਉਨ੍ਹਾਂ ਦੱਸਿਆ ਕਿ ਭੀਖੀ ਪੁਲਸ ਨੇ ਪਿੰਡ ਸਮਾਉਂ ਦੇ ਗੁਲਜਾਰ ਸਿੰਘ ਪੁੱਤਰ ਜੰਗੀਰ ਸਿੰਘ ਦੇ ਬਿਆਨਾਂ ’ਤੇ ਪਰਚਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਪੁਲਸ ਨੇ ਉਕਤ ਨੌਜਵਾਨਾਂ ਤੋਂ ਪੁੱਛਗਿੱਛ ਕਰਦੇ ਹੋਏ ਲੁੱਟੀ ਗਈ ਰਾਸ਼ੀ ਵਿਚੋਂ ਮਨਜੀਤ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਭੁਪਾਲ ਕਲਾਂ ਅਤੇ ਪ੍ਰਦੀਪ ਸਿੰਘ ਉਰਫ ਬੱਬੂ ਪੁੱਤਰ ਜਗਜੀਤ ਸਿੰਘ ਵਾਸੀ ਅਤਲਾ ਖੁਰਦ ਤੋਂ ਸਾਢੇ 3 ਲੱਖ ਰੁਪਏ ਦੀ ਨਗਦੀ ਤੇ ਵਾਰਦਾਤ ਮੌਕੇ ਵਰਤਿਆ ਮੋਟਰਸਾਇਕਲ ਬਰਾਮਦ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਪੁਲਸ ਦੋਵਾਂ ਨੌਜਵਾਨਾਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕਰੇਗੀ ਤਾਂ ਕਿ ਇੰਨ੍ਹਾ ਪਾਸੋਂ ਹੋਰ ਡੂਘਾਈ ਨਾਲ ਪੁੱਛਗਿੱਛ ਕੀਤੀ ਜਾ ਸਕੇ।

Gurminder Singh

This news is Content Editor Gurminder Singh