ਪੰਜਾਬ: 60 ਅਤੇ 54 ਸਾਲ ਉਮਰ ਵਿੱਚ 10ਵੀਂ ਤੇ 12ਵੀਂ ਕਰਨ ਵਾਲੀਆਂ ਬੀਬੀਆਂ ਦਾ ਕਮਾਲ

06/10/2023 7:04:42 AM

BBC/Surinder Mann
ਗੁਰਮੀਤ ਕੌਰ ਅਤੇ ਬਲਜੀਤ ਕੌਰ

"ਮੈਂ ਲੋਕਾਂ ਦੀਆਂ ਟਿੱਚਰਾਂ ਤੋਂ ਡਰਦੀ ਅੱਧੀ ਰਾਤ ਨੂੰ ਉੱਠ ਕੇ ਪੜ੍ਹਦੀ ਸੀ। ਮੈਨੂੰ ਡਰ ਸੀ ਕਿ ਜੇ ਮੈਂ ਕਿਧਰੇ ਫੇਲ੍ਹ ਹੋ ਗਈ ਤਾਂ ਲੋਕ ਕਹਿਣਗੇ ਬੁੱਢੇਵਾਰੇ ਇਸ ਨੂੰ ਪੜ੍ਹਾਈ ਸੁੱਝੀ ਸੀ, ਪਰ ਮੈਂ ਹੁਣ 10ਵੀਂ ਪਾਸ ਹਾਂ।"

ਇਹ ਸ਼ਬਦ 60 ਸਾਲਾਂ ਦੀ ਬਲਜੀਤ ਕੌਰ ਦੇ ਹਨ।

ਇਸੇ ਤਰ੍ਹਾਂ 54 ਸਾਲਾਂ ਦੀ ਗੁਰਮੀਤ ਕੌਰ ਵੀ ਚਰਚਾ ਵਿੱਚ ਹਨ, ਜਿਨ੍ਹਾਂ ਨੇ 12ਵੀਂ ਦਾ ਇਮਤਿਹਾਨ ਪਾਸ ਕੀਤਾ ਹੈ।

ਬਲਜੀਤ ਕੌਰ ਤੇ ਗੁਰਮੀਤ ਕੌਰ ਪੰਜਾਬ ਦੇ ਸਿਹਤ ਵਿਭਾਗ ਵਿੱਚ ਆਸ਼ਾ ਵਰਕਰ ਹਨ ਅਤੇ ਇਹ ਦੋਵੇਂ ਜ਼ਿਲ੍ਹਾ ਮੋਗਾ ਅਧੀਨ ਪੈਂਦੇ ਪਿੰਡ ਲੰਗੇਆਣਾ ਕਲਾਂ ਦੀਆਂ ਵਸਨੀਕ ਹਨ।

ਵੱਧ ਪੜ੍ਹੀਆਂ ਔਰਤਾਂ ਨੂੰ ਦੇਖ ਕੇ ਆਇਆ ਖ਼ਿਆਲ

BBC/Surinder Mann
ਬਲਜੀਤ ਕੌਰ ਨੇ ਆਪਣੇ ਗੁਆਂਢ ਰਹਿੰਦੇ ਇੱਕ ਅਧਿਆਪਕ ਨਾਲ ਗੱਲ ਕਰਕੇ ਦਸਵੀਂ ਜਮਾਤ ਦੀਆਂ ਕਿਤਾਬਾਂ ਖਰੀਦ ਲਈਆਂ

ਦਿਲਚਸਪ ਗੱਲ ਇਹ ਹੈ ਕਿ ਇਨ੍ਹਾਂ ਦੋਵਾਂ ਔਰਤਾਂ ਨੇ ਸਕੂਲ ਵਿੱਚ ਹਾਜ਼ਰੀ ਭਰੀਆਂ ਹਨ ਅਤੇ ਇਹ ਇਮਤਿਹਾਨ ਪਾਸ ਕੀਤੇ ਹਨ।

ਬਲਜੀਤ ਕੌਰ ਨੇ ਦੱਸਿਆ ਕਿ ਉਨਾਂ ਨੇ ਸਾਲ 1976 ਵਿੱਚ 8ਵੀਂ ਜਮਾਤ ਪਾਸ ਕੀਤੀ ਸੀ ਤੇ ਇਸ ਮਗਰੋਂ ਉਨਾਂ ਦਾ ਵਿਆਹ ਹੋ ਗਿਆ ਸੀ।

ਬਲਜੀਤ ਕਹਿੰਦੇ ਹਨ, "ਅਸਲ ਵਿੱਚ ਮੇਰੇ ਮਾਤਾ-ਪਿਤਾ ਖ਼ੁਦ ਅਨਪੜ੍ਹ ਸਨ ਤੇ ਸਾਡੇ ਪਰਿਵਾਰਾਂ ਵਿੱਚ ਕੁੜੀਆਂ ਨੂੰ ਉਚੇਰੀ ਪੜ੍ਹਾਈ ਕਰਵਾਉਣ ਦਾ ਰਿਵਾਜ਼ ਨਹੀਂ ਸੀ, ਪਰ ਮੈਂ ਅੱਗੇ ਪੜ੍ਹਣਾ ਚਾਹੁੰਦੀ ਸੀ ਪਰ ਮਾਪਿਆਂ ਨੇ ਮੇਰਾ ਵਿਆਹ ਕਰ ਦਿੱਤਾ।"

ਉਹ ਕਹਿੰਦੇ ਹਨ, "ਜਦੋਂ ਮੈਂ ਆਪਣੀ ਆਸ਼ਾ ਵਰਕਰ ਦੀ ਡਿਊਟੀ ''''ਤੇ ਜਾਂਦੀ ਸੀ ਤਾਂ ਗੱਲਬਾਤ ਕਰਨ ''''ਤੇ ਮੈਨੂੰ ਪਤਾ ਲੱਗਾ ਕੇ ਮੇਰੇ ਨਾਲ ਕੰਮ ਕਰਦੀਆਂ ਔਰਤਾਂ ਮੇਰੇ ਤੋਂ ਵਧ ਪੜ੍ਹੀਆਂ-ਲਿਖੀਆਂ ਹਨ। ਫਿਰ ਮੇਰੇ ਮਨ ਵਿੱਚ ਆਇਆ ਕਿ ਮੈਂ ਦਸਵੀਂ ਪਾਸ ਕਰਕੇ ਇਨਾਂ ਦੇ ਬਰਾਬਰ ਦੀ ਪੜ੍ਹਾਈ ਵਾਲੀ ਕਰਮਚਾਰੀ ਬਣਾਂ।"

ਇਸ ਮਗਰੋਂ ਬਲਜੀਤ ਕੌਰ ਨੇ ਆਪਣੇ ਗੁਆਂਢ ਰਹਿੰਦੇ ਇੱਕ ਅਧਿਆਪਕ ਨਾਲ ਗੱਲ ਕਰਕੇ ਦਸਵੀਂ ਜਮਾਤ ਦੀਆਂ ਕਿਤਾਬਾਂ ਖਰੀਦ ਲਈਆਂ।

ਬਲਜੀਤ ਕੌਰ ਨੇ ਦੱਸਿਆ ਕਿ ਉਨਾਂ ਨੇ 8ਵੀਂ ਪਾਸ ਕਰਨ ਤੋਂ 47 ਸਾਲ ਬਾਅਦ 10ਵੀਂ ਪਾਸ ਕੀਤੀ ਹੈ।

ਬਲਜੀਤ ਅੱਗੇ ਦੱਸਦੇ ਹਨ, "ਪੜ੍ਹਣਾ ਤਾਂ ਮੈਂ ਵਿਆਹ ਤੋਂ ਤੁਰੰਤ ਬਾਅਦ ਵੀ ਚਾਹੁੰਦੀ ਸੀ ਪਰ ਮੇਰਾ ਸਹੁਰਾ ਪਰਿਵਾਰ ਨਹੀਂ ਚਾਹੁੰਦਾ ਸੀ ਕੇ ਉਨਾਂ ਦੀ ਨੂੰਹ ਕਿਧਰੇ ਪੜ੍ਹਣ ਲਈ ਜਾਵੇ। ਪਰ ਹੁਣ ਮੈਂ ਹੌਸਲਾ ਕਰਕੇ ਦਸਵੀਂ ਦਾ ਦਾਖ਼ਲਾ ਭਰਿਆ ਤੇ ਪਾਸ ਹੋ ਗਈ।"

"ਮੈਨੂੰ ਇਸ ਗੱਲ ਦਾ ਹਮੇਸ਼ਾ ਝੋਰਾ ਸਤਾਉਂਦਾ ਰਹਿੰਦਾ ਸੀ ਕੇ ਕਿਧਰੇ ਮੈਂ ਫੇਲ੍ਹ ਨਾ ਹੋ ਜਾਵਾਂ।. ਹੁਣ ਜੇ ਰੱਬ ਨੇ ਮੈਨੂੰ ਉਮਰ ਅਤੇ ਦੇਹ ਅਰੋਗਤਾ ਬਖਸ਼ੀ ਤਾਂ ਮੈਂ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਜ਼ਰੂਰ ਦੇਵਾਂਗੀ।"

ਜਦੋਂ ਅਧਿਆਪਕ ਨੇ ਕਿਹਾ, "ਮਾਤਾ ਜੀ ਬਾਹਰ ਚੱਲੋ, ਇੱਥੇ ਸਿਰਫ਼ ਪੇਪਰ ਦੇਣ ਵਾਲਾ ਬੱਚਾ ਜਾ ਸਕਦਾ ਹੈ"

ਬਲਜੀਤ ਕੌਰ ਨੇ ਹੱਸਦੇ ਹੋਏ ਦੱਸਿਆ ਕਿ ਜਿਸ ਦਿਨ ਉਹ ਪਹਿਲੇ ਦਿਨ ਪੇਪਰ ਦੇਣ ਲਈ ਪ੍ਰੀਖਿਆ ਕੇਂਦਰ ਵਿਚ ਦਾਖਲ ਹੋਣ ਲੱਗੇ ਤਾਂ ਇੱਕ ਮਹਿਲਾ ਅਧਿਆਪਕ ਨੇ ਜ਼ੋਰ ਦੀ ਆਵਾਜ਼ ਮਾਰਦੇ ਹੋਏ ਕਿਹਾ "ਮਾਤਾ ਜੀ ਬਾਹਰ ਚੱਲੋ, ਇੱਥੇ ਸਿਰਫ਼ ਪੇਪਰ ਦੇਣ ਵਾਲਾ ਬੱਚਾ ਜਾ ਸਕਦਾ ਹੈ।"

ਬਲਜੀਤ ਨੇ ਕਿਹਾ, "ਮੈਂ ਆਪਣਾ ਰੋਲ ਨੰਬਰ ਦਿਖਾਉਂਦੇ ਹੋਏ ਕਿਹਾ ਮੈਡਮ ਜੀ ਮੈਂ ਪੇਪਰ ਦੇਣ ਵਾਲਾ ਬੱਚਾ ਹੀ ਹਾਂ, ਫਿਰ ਪ੍ਰੀਖਿਆ ਕੇਂਦਰ ਵਿਚ ਹਾਸਾ ਸੁਣਿਆ।"

ਪਿੰਡ ਦੇ ਲੋਕ ਇਨ੍ਹਾਂ ਔਰਤਾਂ ਦੀ ਕਾਮਯਾਬੀ ਤੋਂ ਬੇਹੱਦ ਖੁਸ਼ ਹਨ। ਕਈ ਪਿੰਡਾਂ ਦੇ ਲੋਕਾਂ ਨੇ ਬਲਜੀਤ ਕੌਰ ਤੇ ਗੁਰਮੀਤ ਕੌਰ ਨੂੰ ਉਨਾਂ ਦੇ ਘਰ ਜਾ ਕਿ ਵਧਾਈ ਵੀ ਦਿੱਤੀ।

BBC

BBC

ਗੁਰਮੀਤ ਕੌਰ ਨੂੰ ਜਦੋਂ ਪੁੱਤ ਨੇ ਕਿਹਾ, "ਮਾਤਾ ਆਹ ਉਮਰ ਕਿਧਰੇ ਪੜ੍ਹਣ ਦੀ ਹੈ"

BBC/Surinder Mann
ਗੁਰਮੀਤ ਕੌਰ ਹੁਣ ਬੀਏ ਤੱਕ ਦੀ ਪੜ੍ਹਾਈ ਕਰਨਾ ਚਾਹੁੰਦੇ ਹਨ

ਦੂਜੇ ਪਾਸੇ ਬਾਰ੍ਹਵੀਂ ਦੀ ਪ੍ਰੀਖਿਆ ਪਾਸ ਕਰਨ ਵਾਲੀ ਗੁਰਮੀਤ ਕੌਰ ਹੁਣ ਬੀਏ ਤੱਕ ਦੀ ਪੜ੍ਹਾਈ ਕਰਨਾ ਚਾਹੁੰਦੇ ਹਨ।

ਦਿਲਚਸਪ ਗੱਲ ਇਹ ਹੈ ਕੇ ਗੁਰਮੀਤ ਕੌਰ ਨੂੰ ਪੜ੍ਹਾਉਣ ਵਿਚ ਉਨਾਂ ਦੀ ਐਮਏ ਪਾਸ ਨੂੰਹ ਜੀਵਨਜੋਤ ਕੌਰ ਨੇ ਦਿਨ-ਰਾਤ ਮਦਦ ਕੀਤੀ ਸੀ।

ਗੁਰਮੀਤ ਕੌਰ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਦੋਂ ਉਨਾਂ ਨੇ ਪੜ੍ਹਾਈ ਸ਼ੁਰੂ ਕੀਤੀ ਤਾਂ ਉਨਾਂ ਦੇ ਬੇਟੇ ਨੇ ਕਿਹਾ ਸੀ "ਮਾਤਾ ਕਿਹੜੇ ਚੱਕਰਾਂ ਵਿੱਚ ਪੈ ਰਹੇ ਹੋ, ਆਹ ਉਮਰ ਕਿਧਰੇ ਪੜ੍ਹਣ ਦੀ ਹੈ।"

ਆਪਣੇ ਪਹਿਲੇ ਸਮੇਂ ਨੂੰ ਯਾਦ ਕਰਦਿਆਂ ਗੁਰਮੀਤ ਕੌਰ ਕਹਿੰਦੇ ਹਨ, "ਮੇਰਾ ਦਸਵੀਂ ਪਾਸ ਕਰਦੇ ਸਾਰ ਹੀ ਮਾਪਿਆਂ ਨੇ ਮੇਰਾ ਵਿਆਹ ਕਰ ਦਿੱਤਾ ਸੀ। ਪੜ੍ਹਣ ਦਾ ਮੈਨੂੰ ਬਹੁਤ ਸ਼ੌਕ ਸੀ, ਜੋ ਮੈਂ ਬਾਰ੍ਹਵੀਂ ਪਾਸ ਕਰਕੇ ਪੂਰਾ ਕਰ ਲਿਆ ਹੈ।"

"ਸਾਡਾ ਪਰਿਵਾਰ ਦਿਹਾੜੀਦਾਰ ਕਾਮਿਆਂ ਦਾ ਹੈ। ਦਿਨ ਵੇਲੇ ਮੈਂ ਕੰਮ ਕਰਦੀ ਤੇ ਆਪਣੀ ਪੋਤੀ ਨੂੰ ਵੀ ਸੰਭਾਲਦੀ ਸੀ। ਦੇਰ ਰਾਤ ਨੂੰ ਪੜ੍ਹਣ ਲਈ ਬੈਠ ਜਾਣਾ ਤੇ ਫਿਰ ਸਵੇਰੇ ਵੀ 3 ਵਜੇ ਉੱਠ ਨੇ ਪੜ੍ਹਣ ਲਈ ਬੈਠ ਜਾਣਾ। ਮੇਰੀ ਨੂੰਹ ਨੇ ਮੇਰੀ ਅੰਗਰੇਜ਼ੀ ਵਿਸ਼ੇ ਦੀ ਤਿਆਰੀ ਕਰਵਾਈ।"

ਨੂੰਹ ਨੇ ਦਿੱਤੀ ਸੱਸ ਨੂੰ ਸਿੱਖਿਆ

BBC/Surinder Mann
ਗੁਰਮੀਤ ਕੌਰ ਦੀ ਨੂੰਹ ਜੀਵਨਜੋਤ ਕੌਰ ਇੱਕ ਪ੍ਰਾਈਵੇਟ ਸਕੂਲ ਵਿੱਚ ਟੀਚਰ ਹਨ

ਗੁਰਮੀਤ ਕੌਰ ਕਹਿੰਦੇ ਹਨ, "ਮੈਨੂੰ ਡਰ ਸੀ ਕੇ ਮੈਂ ਅੰਗਰੇਜ਼ੀ ''''ਚੋਂ ਫੇਲ੍ਹ ਹੋ ਸਕਦੀ ਹਾਂ ਪਰ ਮੇਰੀ ਨੂੰਹ ਨੇ ਮੈਨੂੰ ਜਿਨਾਂ ਗੁਰ ਅੰਗਰੇਜ਼ੀ ਬਾਰੇ ਦਿੱਤਾ ਸੀ, ਮੈਂ ਉਸ ਨੂੰ ਦਿਮਾਗ ਵਿੱਚ ਬਿਠਾ ਕੇ ਮੋਰਚਾ ਫ਼ਤਹਿ ਕਰ ਲਿਆ।"

ਗੁਰਮੀਤ ਕੌਰ ਨੇ ਦੱਸਿਆ ਕਿ ਉਨਾਂ ਦੀ ਇੱਛਾ ਹੁਣ ਬੀਏ ਪਾਸ ਕਰਨ ਦੀ ਹੈ।

"ਮੈਂ ਬੀਏ ਭਾਗ ਪਹਿਲਾ ਦਾ ਸਿਲੇਬਸ ਖਰੀਦ ਲਿਆ ਹੈ, ਤਿਆਰੀ ਮੇਰੀ ਨੂੰਹ ਕਰਵਾ ਰਹੀ ਹੈ। ਮੈਂ ਹੁਣ 2 ਘੰਟੇ ਸਵੇਰੇ ਤੇ 2 ਘੰਟੇ ਸ਼ਾਮ ਨੂੰ ਕਿਤਾਬਾਂ ਪੜ੍ਹਦੀ ਹਾਂ। ਮੈਨੂੰ ਵਿਸ਼ਵਾਸ ਹੈ ਕਿ ਇੱਕ ਦਿਨ ਮੇਰੇ ਹੱਥ ਵਿੱਚ ਬੀਏ ਦੀ ਡਿਗਰੀ ਹੋਵੇਗੀ।"

ਗੁਰਮੀਤ ਕੌਰ ਦੀ ਨੂੰਹ ਜੀਵਨਜੋਤ ਕੌਰ ਇੱਕ ਪ੍ਰਾਈਵੇਟ ਸਕੂਲ ਵਿੱਚ ਟੀਚਰ ਹਨ।

ਉਹ ਕਹਿੰਦੇ ਹਨ, "ਮੇਰੀ ਸੱਸ ਦਾ ਦਿਮਾਗ ਪੜ੍ਹਾਈ ਵਿੱਚ ਬਹੁਤ ਤੇਜ਼ ਹੈ, ਉਹ ਹਰ ਗੱਲ ਨੂੰ ਸਮਝਣ ਦੀ ਕੋਸ਼ਿਸ਼ ਵਿੱਚ ਰਹਿੰਦੇ ਹਨ। ਮੈਨੂੰ ਖੁਸ਼ੀ ਹੁੰਦੀ ਹੈ ਜਦੋਂ ਉਹ ਮੇਰੇ ਵੱਲੋਂ ਦਿੱਤਾ ਗਿਆ ਕਿਤਾਬੀ ਕੰਮ ਬਾਖੂਬੀ ਕਰਦੇ ਹਨ।"

ਪਿੰਡ ਨੂੰ ਦੋਵਾਂ ਬੀਬੀਆਂ ਉੱਤੇ ਮਾਣ

BBC/Surinder Mann

ਬਲਜੀਤ ਕੌਰ ਤੇ ਗੁਰਮੀਤ ਕੌਰ ਇਕੱਠੀਆਂ ਆਪਣੀ ਡਿਊਟੀ ''''ਤੇ ਜਾਂਦੀਆਂ ਹਨ. ਪੜ੍ਹਾਈ ਬਾਰੇ ਵੀ ਦੋਵੇਂ ਅਕਸਰ ਵਿਚਾਰ-ਵਟਾਂਦਰਾ ਕਰਦੀਆਂ ਰਹਿੰਦੀਆਂ ਹਨ।

ਇਨ੍ਹਾਂ ਦੋਵਾਂ ਦੇ ਪਰਿਵਾਰਕ ਮੈਂਬਰ ਪੜ੍ਹਾਈ ਵਿੱਚ ਪੂਰਾ ਸਹਿਯੋਗ ਕਰਦੇ ਹਨ।

ਪਿੰਡ ਦੇ ਨੰਬਰਦਾਰ ਸਾਧੂ ਰਾਮ ਨੇ ਕਿਹਾ ਕਿ ਪਿੰਡ ਦੇ ਲੋਕਾਂ ਨੂੰ ਮਾਣ ਹੈ ਕਿ ਬਲਜੀਤ ਕੌਰ ਤੇ ਗੁਰਮੀਤ ਕੌਰ ਨੇ ਪਿੰਡ ਲੰਗਿਆਣਾ ਦਾ ਨਾਂ ਉਚਾ ਕੀਤਾ ਹੈ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)