''''ਏਜੰਟਾਂ ਦੇ ਧੋਖੇ ਕਰਕੇ ਮੇਰਾ ਪੁੱਤ 6 ਸਾਲ ਤੋਂ ਕੈਨੇਡਾ ''''ਚ ਰੁਲ ਰਿਹਾ, ਉਸਨੂੰ ਰੋਂਦਾ ਵੇਖ ਮੈਨੂੰ ਡਿਪ੍ਰੈਸ਼ਨ ਹੋ ਗਿਆ''''

06/09/2023 9:04:43 PM

FB/BBC
ਲਵਪ੍ਰੀਤ ਸਿੰਘ (ਖੱਬੇ) ਅਤੇ ਉਨ੍ਹਾਂ ਦੀ ਮਾਂ ਸਰਬਜੀਤ ਕੌਰ (ਸੱਜੇ)

“ਸਾਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਕਿ ਸਾਡੇ ਨਾਲ ਹੋਇਆ ਕੀ ਹੈ, ਟਰੈਵਲ ਏਜੰਟਾਂ ਨੇ ਪੈਸਿਆਂ ਦੇ ਲਾਲਚ ਵਿੱਚ ਲਵਪ੍ਰੀਤ ਸਿੰਘ ਵਰਗੇ ਪਤਾ ਨਹੀਂ ਕਿੰਨੇ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਹੈ।’’

ਇਹ ਸ਼ਬਦ ਲਵਪ੍ਰੀਤ ਦੇ ਪਿਤਾ ਜੋਗਾ ਸਿੰਘ ਦੇ ਹਨ।

ਭਰੀਆਂ ਅੱਖਾਂ ਨਾਲ ਲਵਪ੍ਰੀਤ ਦੀ ਮਾਂ ਸਰਬਜੀਤ ਕੌਰ ਆਖਦੇ ਹਨ, ‘‘ਜਦੋਂ ਹੁਣ ਲਵਪ੍ਰੀਤ ਸਿੰਘ ਨੇ ਆਪਣੀ ਪੜ੍ਹਾਈ ਪੂਰੀ ਕੀਤੀ ਤਾਂ ਉਸ ਨੂੰ ਦੇਸ਼ ਤੋਂ ਵਾਪਸ ਜਾਣ ਦੇ ਹੁਕਮ ਸੁਣਾ ਦਿੱਤੇ ਹਨ। ਪਿਛਲੇ ਛੇ ਸਾਲਾਂ ਤੋਂ ਬੇਟੇ ਨੂੰ ਮਿਲ ਵੀ ਨਹੀਂ ਪਾਈ, ਕਿਉਂਕਿ ਉਹ ਭਾਰਤ ਆ ਨਹੀਂ ਸੀ ਸਕਦਾ।’’

BBC
ਲਵਪ੍ਰੀਤ ਸਿੰਘ ਦੇ ਪਿਤਾ ਜੋਗਾ ਸਿੰਘ ਅਤੇ ਮਾਂ ਸਰਬਜੀਤ ਕੌਰ

ਰੋਪੜ ਜ਼ਿਲ੍ਹੇ ਦੇ ਪਿੰਡ ਚਤਾਮਲਾ ਦੇ ਰਹਿਣ ਵਾਲੇ ਜੋਗਾ ਸਿੰਘ ਅਤੇ ਸਰਬਜੀਤ ਕੌਰ ਕੈਨੇਡਾ ਵਿੱਚ ਆਪਣੇ ਭਵਿੱਖ ਦੀ ਲੜਾਈ ਰਹੇ ਪੁੱਤਰ ਲਵਪ੍ਰੀਤ ਸਿੰਘ ਲਈ ਚਿੰਤਤ ਹਨ।

ਜੋਗਾ ਸਿੰਘ ਮੁਤਾਬਕ ਛੇ ਸਾਲ ਪਹਿਲਾਂ ਉਹ ਜਿਸ ਥਾਂ ਉੱਤੇ ਸਨ, ਉਸੇ ਥਾਂ ਉੱਤੇ ਆ ਕੇ ਫਿਰ ਤੋਂ ਖੜ੍ਹੇ ਹੋ ਗਏ ਹਨ ਪਰ ਲੱਖਾਂ ਰੁਪਏ ਦਾ ਨੁਕਸਾਨ ਕਰਵਾ ਕੇ।

ਲਵਪ੍ਰੀਤ ਸਿੰਘ ਕੌਮਾਂਤਰੀ ਵਿਦਿਆਰਥੀ ਵਜੋਂ ਕੈਨੇਡਾ ਗਏ ਸੀ ਪਰ ਕੈਨੇਡੀਅਨ ਏਜੰਸੀਆਂ ਮੁਤਾਬਕ ਉਨ੍ਹਾਂ ਨੇ ਪੜ੍ਹਾਈ ਲਈ ਜਿਸ ਕਾਲਜ ਦਾ ਆਫ਼ਰ ਲੈਟਰ ਆਪਣੀ ਵੀਜ਼ਾ ਐਪਲੀਕੇਸ਼ਨ ਦੇ ਨਾਲ ਲਗਾਇਆ ਸੀ, ਉਹ ਜਾਂਚ ਦੌਰਾਨ ਜਾਅਲੀ ਪਾਇਆ ਗਿਆ।

ਇਸੇ ਇਲਜ਼ਾਮ ਵਿੱਚ ਲਵਪ੍ਰੀਤ ਸਿੰਘ ਉੱਤੇ ਕੈਨੇਡਾ ਤੋਂ ਵਾਪਸ ਭਾਰਤ ਭੇਜੇ ਜਾਣ ਦੀ ਤਲਵਾਰ ਲਟਕ ਰਹੀ ਹੈ।

ਦੂਜੇ ਪਾਸੇ ਲਵਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਇਸ ਵਿੱਚ ਉਸ ਦੀ ਕੋਈ ਗ਼ਲਤੀ ਨਹੀਂ ਹੈ ਬਲਕਿ ਉਸ ਨੂੰ ਕੈਨੇਡਾ ਭੇਜਣ ਵਾਲੇ ਟਰੈਵਲ ਏਜੰਟ ਨੇ ਉਸ ਨਾਲ ਧੋਖਾ ਕੀਤਾ ਹੈ, ਲਿਹਾਜ਼ਾ ਉਹ ਤਾਂ ਆਪ ਪੀੜਤ ਹੈ।

BBC

ਮਸਲਾ ਹੈ ਕੀ

ਜ਼ਿਕਰਯੋਗ ਹੈ ਕਿ ਆਪਣੀ ਪੜ੍ਹਾਈ ਮੁਕੰਮਲ ਕਰ ਚੁੱਕੇ ਸੈਂਕੜੇ ਭਾਰਤੀ ਵਿਦਿਆਰਥੀਆਂ ’ਤੇ ਇਲਜ਼ਾਮ ਹਨ ਕਿ ਉਨ੍ਹਾਂ ਨੇ ਕੈਨੇਡਾ ਆਉਣ ਲਈ ਫ਼ਰਜ਼ੀ ਦਸਤਾਵੇਜ਼ ਵਰਤੇ ਸਨ ਜਿਸ ਦੇ ਚਲਦਿਆਂ ਉਨ੍ਹਾਂ ਨੂੰ ਕੈਨੇਡਾ ਦੀ ਸਥਾਈ ਰਿਹਾਇਸ਼ ਮੁਹੱਈਆ ਨਹੀਂ ਕਰਵਾਈ ਜਾ ਸਕਦੀ।

ਕੈਨੇਡਾ ਤੋਂ ਵਾਪਸ ਭੇਜੇ ਜਾਣ ਦੀ ਤਲਵਾਰ ਸਿਰਫ਼ ਲਵਪ੍ਰੀਤ ਸਿੰਘ ਉੱਤੇ ਹੀ ਨਹੀਂ ਲਟਕ ਕਰ ਰਹੀ ਸਗੋਂ ਕਈ ਭਾਰਤੀ ਵਿਦਿਆਰਥੀ ਇਸ ਸਮੱਸਿਆ ਨਾਲ ਜੂਝ ਰਹੇ ਹਨ।

ਇਨ੍ਹਾਂ ਦਾ ਸਹੀ ਅੰਕੜਾ ਕਿੰਨਾ ਹੈ, ਇਸ ਬਾਰੇ ਕੈਨੇਡੀਅਨ ਸਰਕਾਰ ਨੇ ਕੋਈ ਅੰਕੜਾ ਜਾਰੀ ਨਹੀਂ ਕੀਤਾ ਹੈ।

ਇਸ ਮਾਮਲੇ ਨਾਲ ਜੁੜੇ ਇੱਕ ਵਕੀਲ ਮੁਤਾਬਕ ਅਜਿਹੇ ਵਿਦਿਆਰਥੀਆਂ ਦੀ ਗਿਣਤੀ 150 ਤੋਂ 200 ਤੱਕ ਹੋ ਸਕਦੀ ਹੈ।

ਇਹ ਵਿਦਿਆਰਥੀ ਕੈਨੇਡਾ ਦੀਆਂ ਸੜਕਾਂ ਉੱਤੇ ਏਜੰਟਾਂ ਦੇ ਧੋਖੇ ਵਿਰੁੱਧ ਤੇ ਆਪਣੇ ਭਵਿੱਖ ਲਈ ਧਰਨੇ ਪ੍ਰਦਰਸ਼ਨ ਵੀ ਕਰ ਰਹੇ ਹਨ।

BBC

ਕੈਨੇਡਾ ਦੀ ਸੰਸਦ ਵਿੱਚ ਪਹੁੰਚਿਆ ਮੁੱਦਾ

Getty/FB

ਇਹ ਮੁੱਦਾ ਆਮ ਲੋਕਾਂ ਦੇ ਨਾਲ-ਨਾਲ ਕੈਨੇਡਾ ਅਤੇ ਭਾਰਤ ਵਿੱਚ ਸਿਆਸੀ ਤੌਰ ਉੱਤੇ ਵੀ ਬਹੁਤ ਭਖਿਆ ਹੈ।

ਭਾਰਤ ਤੋਂ ਕੈਨੇਡਾ ਗਏ ਕਈ ਵਿਦਿਆਰਥੀਆਂ ਨੂੰ ਦੇਸ਼ ਤੋਂ ਵਾਪਸ ਭੇਜਣ ਦਾ ਮਸਲਾ ਹੁਣ ਉੱਥੋਂ ਦੀ ਸੰਸਦ ਤੱਕ ਪਹੁੰਚ ਗਿਆ ਹੈ।

ਕੈਨੇਡਾ ਵਿੱਚ ਐੱਨਡੀਪੀ ਦੇ ਆਗੂ ਜਗਮੀਤ ਸਿੰਘ ਨੇ ਇਸ ਮਸਲੇ ਬਾਰੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ 7 ਜੂਨ ਨੂੰ ਸਵਾਲ ਪੁੱਛਿਆ, ਜਿਸ ਦਾ ਜਵਾਬ ਉਨ੍ਹਾਂ ਵੱਲੋਂ ਸੰਸਦ ਵਿੱਚ ਦਿੱਤਾ ਗਿਆ ਹੈ।

ਜਗਮੀਤ ਸਿੰਘ ਨੇ ਪ੍ਰਧਾਨ ਮੰਤਰੀ ਟਰੂਡੋ ਨੂੰ ਸਵਾਲ ਕੀਤਾ ਸੀ ਕਿ ’’ਇਮੀਗ੍ਰੇਸ਼ਨ ਦੀ ਠੱਗੀ ਦਾ ਸ਼ਿਕਾਰ ਹੋ ਰਹੇ ਭਾਰਤੀ ਵਿਦਿਆਰਥੀਆਂ ਨੂੰ ਕੀ ਪੱਕੀ ਨਾਗਰਿਕਤਾ ਦੇਣ ਲਈ ਪ੍ਰਧਾਨ ਮੰਤਰੀ ਕੋਈ ਰਾਹ ਮੁਹੱਈਆ ਕਰਵਾਉਣਗੇ?’’

ਜਸਟਿਨ ਟਰੂਡੋ ਨੇ ਜਗਮੀਤ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਉਹ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਮਸਲੇ ਪ੍ਰਤੀ ਪੂਰੀ ਤਰ੍ਹਾਂ ਜਾਗਰੂਕ ਹਨ।

ਇਸ ਸਵਾਲ ਦੇ ਜਵਾਬ ਵਿੱਚ ਜਸਟਿਨ ਟਰੂਡੋ ਨੇ ਕਿਹਾ, ''''''''ਹਰ ਇੱਕ ਕੇਸ ਦਾ ਮੁਲਾਂਕਣ ਹੋਵੇਗਾ ਅਤੇ ਪੀੜਤਾਂ ਨੂੰ ਉਨ੍ਹਾਂ ਦਾ ਪੱਖ਼ ਰੱਖਣ ਦਾ ਮੌਕਾ ਦਿੱਤਾ ਜਾਵੇਗਾ। ਸਾਡਾ ਮਕਸਦ ਦੋਸ਼ੀਆਂ ਦੀ ਸ਼ਨਾਖ਼ਤ ਕਰਨਾ ਹੈ, ਪੀੜਤਾਂ ਨੂੰ ਸਜ਼ਾ ਦੇਣਾ ਨਹੀਂ।”

ਇਸ ਤੋਂ ਪਹਿਲਾਂ ਕੈਨੇਡਾ ਦੀ ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰ ਬਰੈਡ ਰੇਡੇਕੋਪ ਨੇ ਵੀ ਕਿਹਾ ਕਿ ਦੇਸ਼ ਦੀ ਇਮੀਗ੍ਰੇਸ਼ਨ ਕਮੇਟੀ ਵਿੱਚ ਕੌਮਾਂਤਰੀ ਵਿਦਿਆਰਥੀਆਂ ਨਾਲ ਜੁੜੇ ਇਸ ਮਸਲੇ ਦੀ ਤਹਿ ਤੱਕ ਜਾਣ ਲਈ ਇੱਕ ਮਤਾ ਪਾਸ ਕਰ ਦਿੱਤਾ ਗਿਆ ਹੈ।

BBC

BBC

ਛੋਟੇ ਜ਼ਿਮੀਂਦਾਰ ਪਰਿਵਾਰ ਨਾਲ ਸਬੰਧਤ ਹੈ ਲਵਪ੍ਰੀਤ ਸਿੰਘ

BBC
ਪਿੰਡ ਚਤਾਮਲਾ ਵਿੱਚ ਲਵਪ੍ਰੀਤ ਦਾ ਘਰ

ਪੰਜਾਬ ਦੇ ਮੋਰਿੰਡਾ–ਕੁਰਾਲੀ ਮਾਰਗ ਉੱਤੇ ਸਥਿਤ ਪਿੰਡ ਚਤਾਮਲਾ ਵਿਖੇ ਜਦੋਂ ਲਵਪ੍ਰੀਤ ਸਿੰਘ ਦੇ ਘਰ ਬੀਬੀਸੀ ਦੀ ਟੀਮ ਪਹੁੰਚੀ ਤਾਂ ਉਨ੍ਹਾਂ ਦੇ ਪਿਤਾ ਜੋਗਾ ਸਿੰਘ ਅਖ਼ਬਾਰ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟੂਰਡੋ ਦੇ ਕੌਮਾਂਤਰੀ ਵਿਦਿਆਰਥੀਆਂ ਸਬੰਧੀ ਦਿੱਤੇ ਬਿਆਨ ਦੀ ਖ਼ਬਰ ਪੜ੍ਹ ਰਹੇ ਸਨ।

ਜੋਗਾ ਸਿੰਘ ਨੇ ਦੱਸਿਆ ਕਿ ਉਹ ਛੋਟੇ ਜ਼ਿਮੀਦਾਰ ਹਨ ਅਤੇ ਬਹੁਤ ਹੀ ਮੁਸ਼ਕਲ ਨਾਲ ਲਵਪ੍ਰੀਤ ਸਿੰਘ ਨੂੰ 2017 ਵਿੱਚ ਕੈਨੇਡਾ ਪੜ੍ਹਾਈ ਲਈ ਭੇਜਿਆ ਸੀ।

ਇਸ ਤੋਂ ਪਹਿਲਾਂ ਲਵਪ੍ਰੀਤ ਸਿੰਘ ਨੇ ਲਾਂਡਰਾਂ ਦੇ ਇੱਕ ਪ੍ਰਾਈਵੇਟ ਕਾਲਜ ਤੋਂ ਮਕੈਨੀਕਲ ਇੰਜੀਨੀਅਰਿੰਗ ਵਿੱਚ ਡਿਗਰੀ ਹਾਸਲ ਕੀਤੀ।

ਜੋਗਾ ਸਿੰਘ ਮੁਤਾਬਕ ਚੰਗੇ ਭਵਿੱਖ ਦੀ ਉਮੀਦ ਵਿੱਚ ਲਵਪ੍ਰੀਤ ਸਿੰਘ ਵੀ ਕੈਨੇਡਾ ਪੜ੍ਹਾਈ ਲਈ ਗਿਆ ਸੀ।

ਉਨ੍ਹਾਂ ਦੱਸਿਆ ਕਿ ਲਵਪ੍ਰੀਤ ਸਿੰਘ ਨੇ ਆਈਲੈਟਸ ਵਿੱਚ 7 ਬੈਂਡ ਹਾਸਲ ਕੀਤੇ ਸਨ ਅਤੇ ਉਸ ਨੂੰ ਕੈਨੇਡਾ, ਅੰਮ੍ਰਿਤਸਰ ਦੇ ਇੱਕ ਏਜੰਟ ਨੇ ਭੇਜਿਆ ਸੀ।

''''''''ਪਰ ਏਜੰਟ ਨੇ ਜਿਸ ਕਾਲਜ ਦਾ ਆਫ਼ਰ ਲੈਟਰ ਵੀਜ਼ਾ ਐਪਲੀਕੇਸ਼ਨ ਦੇ ਨਾਲ ਜਮਾਂ ਕਰਵਾਇਆ ਉਹ ਨਕਲੀ ਪਾਇਆ ਗਿਆ ਜਿਸ ਦਾ ਭੁਗਤਾਨ ਉਸ ਦਾ ਪੁੱਤਰ ਪਿਛਲੇ ਛੇ ਸਾਲਾਂ ਤੋਂ ਕਰ ਰਿਹਾ ਹੈ।''''''''

ਲਵਪ੍ਰੀਤ ਦੀ ਮਾਂ ਮਾਨਸਿਕ ਤੌਰ ’ਤੇ ਪਰੇਸ਼ਾਨ

Parkash Singh
ਇਹ ਵਿਦਿਆਰਥੀ ਕੈਨੇਡਾ ਦੀਆਂ ਸੜਕਾਂ ਉੱਤੇ ਏਜੰਟਾਂ ਦੇ ਧੋਖੇ ਵਿਰੁੱਧ ਤੇ ਆਪਣੇ ਭਵਿੱਖ ਲਈ ਧਰਨੇ ਪ੍ਰਦਰਸ਼ਨ ਵੀ ਕਰ ਰਹੇ ਹਨ

ਜੋਗਾ ਸਿੰਘ ਨੇ ਦੱਸਿਆ ਕਿ 2017 ਵਿੱਚ ਲਵਪ੍ਰੀਤ ਸਿੰਘ ਕੌਮਾਂਤਰੀ ਵਿਦਿਆਰਥੀ ਵੀਜ਼ੇ ਉੱਤੇ ਕੈਨੇਡਾ ਗਿਆ ਸੀ।

ਕੈਨੇਡਾ ਪਹੁੰਚਣ ਉੱਤੇ ਲਵਪ੍ਰੀਤ ਜਦੋਂ ਸਬੰਧਤ ਕਾਲਜ ਵਿੱਚ ਪਹੁੰਚਿਆ ਤਾਂ ਕਾਲਜ ਵਾਲਿਆਂ ਨੇ ਦੱਸਿਆ ਕਿ ਉਸ ਦਾ ਆਫ਼ਰ ਲੈਟਰ ਜਾਅਲੀ ਹੈ।

ਜਿਸ ਤੋਂ ਬਾਅਦ ਲਵਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਏਜੰਟ ਦੇ ਖ਼ਿਲਾਫ਼ ਮੁਹਾਲੀ ਵਿੱਚ ਐਫਆਈਆਰ ਦਰਜ ਕਰਵਾਈ ਅਤੇ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ।

ਇਸ ਤੋਂ ਬਾਅਦ ਲਵਪ੍ਰੀਤ ਸਿੰਘ ਨੂੰ ਕੈਨੇਡਾ ਸਰਕਾਰ ਨੇ ਦੂਜੇ ਕਾਲਜ ਵਿੱਚ ਪੜ੍ਹਾਈ ਕਰਨ ਦੀ ਇਜਾਜ਼ਤ ਦੇ ਦਿੱਤੀ।

ਜੋਗਾ ਸਿੰਘ ਮੁਤਾਬਕ ਪੜ੍ਹਾਈ ਕਰਨ ਤੋਂ ਬਾਅਦ ਜਦੋਂ ਲਵਪ੍ਰੀਤ ਸਿੰਘ ਨੇ ਵਰਕ ਪਰਮਿਟ ਅਪਲਾਈ ਕੀਤਾ ਤਾਂ ਕੈਨੇਡਾ ਬਾਰਡਰ ਸਰਵਿਸ ਏਜੰਸੀ (ਸੀ.ਬੀ.ਐਸ.ਏ) ਨੇ ਉਸ ਨੂੰ ਦੇਸ਼ ਨਿਕਾਲੇ ਦੇ ਹੁਕਮ ਦੇ ਦਿੱਤੇ।

ਇਸ ਅਰਸੇ ਦੌਰਾਨ 25-30 ਲੱਖ ਰੁਪਏ ਲਵਪ੍ਰੀਤ ਸਿੰਘ ਦੀ ਪੜ੍ਹਾਈ ਲਈ ਖ਼ਰਚ ਹੋਏ ਹਨ।

ਪਰਿਵਾਰ ਦੇ ਮੁਤਾਬਕ ਕੈਨੇਡਾ ਸਰਕਾਰ ਲਵਪ੍ਰੀਤ ਸਿੰਘ ਨੂੰ 13 ਜੂਨ ਨੂੰ ਆਪਣੇ ਮੁਲਕ ਤੋਂ ਵਾਪਸ ਭੇਜ ਰਹੀ ਹੈ ਇਸ ਲਈ ਪਰਿਵਾਰ ਬੇਹੱਦ ਤਣਾਅ ਵਿੱਚ ਹੈ।

ਜੋਗਾ ਸਿੰਘ ਮੁਤਾਬਕ ਲਵਪ੍ਰੀਤ ਸਿੰਘ ਦੀ ਮਾਂ ਮਾਨਸਿਕ ਤੌਰ ਉੱਤੇ ਪ੍ਰੇਸ਼ਾਨ ਹੋ ਕੇ ਡਿਪਰੈਸ਼ਨ ਦੀ ਦਵਾਈ ਖਾ ਰਹੀ ਹੈ, ਸਮਝ ਨਹੀਂ ਆ ਰਿਹਾ ਕੀ ਕੀਤਾ ਜਾਵੇ।

ਉਨ੍ਹਾਂ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਏਜੰਟਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ, ਕਿਉਂਕਿ ਉਨ੍ਹਾਂ ਦੇ ਲਾਲਚ ਅਤੇ ਗ਼ਲਤੀ ਕਾਰਨ ਬਹੁਤ ਸਾਰੇ ਭਾਰਤੀ ਵਿਦਿਆਰਥੀਆਂ ਨੂੰ ਕੈਨੇਡਾ ਵਿੱਚ ਖ਼ਮਿਆਜ਼ਾ ਭੁਗਤਣਾ ਪੈ ਰਿਹਾ ਹੈ।

‘6 ਸਾਲਾਂ ਤੋਂ ਰੁਲ ਰਿਹਾ ਮੇਰਾ ਪੁੱਤ’

BBC

ਲਵਪ੍ਰੀਤ ਸਿੰਘ ਦੀ ਮਾਂ ਸਰਬਜੀਤ ਕੌਰ ਕਹਿੰਦੇ ਹਨ, ‘‘ਏਜੰਟਾਂ ਦੀ ਗ਼ਲਤੀ ਕਾਰਨ ਮੇਰਾ ਬੱਚਾ ਪਿਛਲੇ ਛੇ ਸਾਲਾਂ ਤੋਂ ਕੈਨੇਡਾ ਵਿੱਚ ਰੁਲ ਰਿਹਾ ਹੈ।’’

''''''''ਜਦੋਂ ਵੀ ਅਸੀਂ ਆਪਣੇ ਪੁੱਤ ਨਾਲ ਵੀਡੀਓ ਕਾਲ ਉੱਤੇ ਗੱਲ ਕਰਦੇ ਹਾਂ, ਸਾਡੇ ਤੋਂ ਰੋਂਦਾ ਨਹੀਂ ਵੇਖਿਆ ਜਾਂਦਾ। ਕਿਉਂਕਿ ਉਸਦੀ ਕੋਈ ਗਲਤੀ ਨਹੀਂ ਹੈ।''''''''

''''''''ਸਾਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ, ਮੈਂ ਬਿਲਕੁਲ ਵੀ ਸੌਂਦੀ ਨਹੀਂ ਹਾਂ।''''''''

''''''''ਮੈਨੂੰ ਡਿਪ੍ਰੈਸ਼ਨ ਹੋ ਗਿਆ, ਹਰ ਰੋਜ਼ ਹਸਪਤਾਲ ਜਾਣਾ ਪੈਂਦਾ ਹੈ, ਹਰ ਰੋਜ਼ ਮੈਨੂੰ ਟੀਕੇ ਲਗਦੇ ਹਨ।''''''''

''''''''ਮੈਂ ਆਪਣੇ ਬੱਚੇ ਲਈ ਕਿੰਨੀ ਪ੍ਰੇਸ਼ਾਨ ਹਾਂ, ਇਹ ਤਾਂ ਮੈਂ ਜ਼ਾਹਰ ਵੀ ਨਹੀਂ ਕਰ ਸਕਦੀ।''''''''

ਸਰਬਜੀਤ ਕੌਰ ਦੱਸਦੇ ਹਨ ਕਿ ਲਵਪ੍ਰੀਤ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਹੈ ਅਤੇ ਆਈਲੈਟਸ ਵਿੱਚੋਂ 7 ਬੈਂਡ ਲੈ ਕੇ ਪੜ੍ਹਾਈ ਕਰਨ ਗਿਆ ਸੀ।

ਸਰਬਜੀਤ ਕੌਰ ਆਖਦੇ ਹਨ ਕਿ ਲਵਪ੍ਰੀਤ ਸਿੰਘ ਅਤੇ ਉਸ ਵਰਗੇ ਹੋਰ ਵਿਦਿਆਰਥੀ ਪਿਛਲੇ ਕਈ ਦਿਨ ਤੋਂ ਆਪਣੇ ਨਾਲ ਹੋਏ ਧੋਖੇ ਦੇ ਖ਼ਿਲਾਫ਼ ਟੋਰੰਟੋ ਵਿੱਚ ਧਰਨੇ ਉੱਤੇ ਬੈਠੇ ਹਨ ਤੇ ਲੋਕ ਉਨ੍ਹਾਂ ਦੀ ਹਿਮਾਇਤ ਵੀ ਕਰ ਰਹੇ ਹਨ।

ਸਰਬਜੀਤ ਕੌਰ ਦਾ ਕਹਿਣਾ ਹੈ ਕਿ ਇੱਕ ਤਾਂ ਸਾਡਾ ਪੈਸਾ ਖ਼ਰਾਬ ਹੋ ਗਿਆ ਜੋ ਫ਼ੀਸਾਂ ਦੇ ਰੂਪ ਵਿੱਚ ਕਾਲਜ ਨੂੰ ਦਿੱਤਾ ਤੇ ਦੂਜਾ ਬੱਚੇ ਦੇ ਭਵਿੱਖ ਦਾ ਅਜੇ ਵੀ ਪਤਾ ਨਹੀਂ।

ਉਨ੍ਹਾਂ ਕੈਨੇਡਾ ਸਰਕਾਰ ਨੂੰ ਅਪੀਲ ਕੀਤੀ ਏਜੰਟਾਂ ਦੀ ਗ਼ਲਤੀ ਦੀ ਸਜਾ ਉਨ੍ਹਾਂ ਦੇ ਬੱਚਿਆਂ ਨਾ ਦਿੱਤੀ ਜਾਵੇ।

ਪੰਜਾਬ ਸਰਕਾਰ ਦੀ ਦਲੀਲ

BBC
ਪਰਵਾਸੀ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ

ਪੰਜਾਬ ਦੇ ਐਨ.ਆਰ.ਆਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਕੈਨੇਡਾ ਤੋਂ ਜਬਰੀ ਵਤਨ ਵਾਪਸੀ ਦਾ ਸਾਹਮਣਾ ਕਰ ਰਹੇ ਵਿਦਿਆਰਥੀਆਂ ਨੂੰ ਕੈਨੇਡਾ ਵਿੱਚ ਮੁਫ਼ਤ ਕਾਨੂੰਨੀ ਸਹਾਇਤਾ ਦੇਵੇਗੀ।

ਧਾਲੀਵਾਲ ਮੁਤਾਬਕ ਇਨ੍ਹਾਂ ਵਿਦਿਆਰਥੀਆਂ ‘ਚ ਜ਼ਿਆਦਾ ਪੰਜਾਬ ਨਾਲ ਸਬੰਧਤ ਹਨ ਅਤੇ ਉਨ੍ਹਾਂ ਨੂੰ ਕੈਨੇਡਾ ਵਿਚ ਇਮੀਗ੍ਰੇਸ਼ਨ ਕਾਨੂੰਨਾਂ ਦੇ ਮਾਹਿਰ ਵਕੀਲਾਂ ਵੱਲੋਂ ਸਹਾਇਤਾ ਦਿਵਾਈ ਜਾਵੇਗੀ।

ਕੁਲਦੀਪ ਸਿੰਘ ਧਾਲੀਵਾਲ ਨੇ ਆਖਿਆ ਕਿ ਉਨ੍ਹਾਂ ਨੇ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਅਤੇ ਐਸ.ਐਸ.ਪੀਜ਼ ਨੂੰ ਹਦਾਇਤ ਕੀਤੀ ਕਿ ਟ੍ਰੈਵਲ ਏਜੰਟਾਂ ਅਤੇ ਇੰਮੀਗ੍ਰੇਸ਼ਨ ਏਜੰਸੀਆਂ ਦੇ ਕਾਗਜ਼ਾਂ ਦੀ ਪੜਤਾਲ ਕਰਕੇ 10 ਜੁਲਾਈ ਤੱਕ ਰਿਪੋਰਟ ਭੇਜੀ ਜਾਵੇ।

ਉਨ੍ਹਾਂ ਇਸ ਗੱਲ ‘ਤੇ ਚਿੰਤਾ ਪ੍ਰਗਟਾਈ ਕਿ ਬਹੁਤ ਸਾਰੇ ਟ੍ਰੈਵਲ ਏਜੰਟ ਗੈਰ ਕਾਨੂੰਨੀ ਤਰੀਕੇ ਨਾਲ ਇਮੀਗ੍ਰੇਸ਼ਨ ਦਾ ਕੰਮ ਕਰ ਰਹੇ ਹਨ।

ਕੁਲਦੀਪ ਸਿੰਘ ਧਾਲੀਵਾਲ ਨੇ ਭਾਰਤੀ ਵਿਦੇਸ਼ ਮੰਤਰਾਲੇ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਇਹ ਮਾਮਲਾ ਕੈਨੇਡਾ ਸਰਕਾਰ ਨਾਲ ਵਿਚਾਰੇ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)