ਸਿਕਲੀਗਰ ਸਿੱਖ ਦਾ ਭੀੜ ਵੱਲੋਂ ਕਤਲ, ''''ਮੇਰੇ ਪੁੱਤਰ ਨੂੰ ਜਾਨਵਰਾਂ ਵਾਂਗ ਕੁੱਟਿਆ ਗਿਆ'''' - ਗਰਾਊਂਡ ਰਿਪੋਰਟ

06/07/2023 7:49:35 AM

BBC
ਕਿਰਪਾਲ ਦੀ ਮਾਂ ਧੰਨ ਕੌਰ ਨੇ ਦੱਸਿਆ ਕਿਰਪਾਲ ਮਜ਼ਦੂਰੀ ਕਰਦਾ ਸੀ

ਮਹਾਰਾਸ਼ਟਰ ਦੇ ਪਰਭਣੀ ਦੇ ਉਖਲਾਦ ਪਿੰਡ ਵਿੱਚ 27 ਮਈ ਦੀ ਅੱਧੀ ਰਾਤ ਨੂੰ ਸਿਕਲੀਗਰ ਭਾਈਚਾਰੇ ਦੇ 3 ਨਾਬਾਲਗ ਬੱਚਿਆਂ ਦੀ ਕੁੱਟਮਾਰ ਕੀਤੀ ਗਈ।

ਉਨ੍ਹਾਂ ਨੂੰ ਬੱਕਰੀ ਚੋਰ ਸਮਝ ਕੇ ਇੰਨੀ ਕੁੱਟਮਾਰ ਕੀਤੀ ਗਈ ਕਿ ਇੱਕ ਮੁੰਡੇ ਕਿਰਪਾਲ ਸਿੰਘ ਭੋਂਦ ਦੀ ਮੌਤ ਹੋ ਗਈ ਅਤੇ ਦੋ ਹੋਰ ਗੋਰਾ ਸਿੰਘ ਦੁਧਨੀ ਅਤੇ ਅਰੁਣ ਸਿੰਘ ਟਾਕ ਜ਼ਖ਼ਮੀ ਹੋ ਗਏ।

ਨਾਂਦੇੜ ਤੋਂ ਕਰੀਬ 70 ਕਿਲਮੀਟਰ ਦੂਰ ਰਹਿ ਰਹੇ ਕਿਰਪਾਲ ਸਿੰਘ ਦੇ ਵੱਡੇ ਭਰਾ ਤੇਜੂ ਸਿੰਘ ਭੋਂਦ ਦਾ ਕਹਿਣਾ ਹੈ ਕਿ ਕਿਰਪਾਲ ਦੀ ਉਮਰ 15 ਸਾਲ ਸੀ।

ਤੇਜੂ ਸਿੰਘ ਕਹਿੰਦੇ ਹਨ, “ਕਿਰਪਾਲ ਸੱਤਵੀਂ ਜਮਾਤ ਤੱਕ ਪੜ੍ਹਿਆ ਸੀ। ਫਿਰ, ਘਰ ਦੇ ਹਾਲਾਤ ਨੂੰ ਦੇਖਦੇ ਹੋਏ, ਉਸਨੇ ਸਕੂਲ ਛੱਡ ਦਿੱਤਾ ਅਤੇ ਮਜ਼ਦੂਰੀ ਕਰਨੀ ਸ਼ੁਰੂ ਕਰ ਦਿੱਤੀ ਸੀ। ”

BBC
ਤੇਜੂ ਸਿੰਘ ਕਿਰਪਾਲ ਦਾ ਵੱਡਾ ਭਰਾ ਹੈ

ਕਿਰਪਾਲ ਦਾ ਪਰਿਵਾਰ ਪਰਭਣੀ ਦੇ ਅੰਨਾਭਾਊ ਸਾਠੇ ਨਗਰ ਇਲਾਕੇ ''''ਚ ਰਹਿੰਦਾ ਹੈ। 2 ਜੂਨ ਦੀ ਸਵੇਰ ਨੂੰ ਜਦੋਂ ਅਸੀਂ ਕਿਰਪਾਲ ਦੇ ਘਰ ਪਹੁੰਚੇ ਤਾਂ ਉੱਥੇ ਉਸ ਦੇ ਪਰਿਵਾਰ ਨੂੰ ਦਿਲਾਸਾ ਦੇਣ ਲਈ ਕਈ ਰਿਸ਼ਤੇਦਾਰ ਇਕੱਠੇ ਹੋਏ ਨਜ਼ਰ ਆ ਰਹੇ ਸਨ।

ਭੋਂਦ ਦੇ ਪਰਿਵਾਰ ਦਾ ਦਾਅਵਾ ਹੈ ਕਿ ਕਿਰਪਾਲ 27 ਮਈ ਦੀ ਰਾਤ ਨੂੰ ਆਪਣੇ ਦੋਸਤਾਂ ਨਾਲ ਸੂਰ ਫੜਨ ਗਿਆ ਸੀ।

ਤੇਜੂ ਸਿੰਘ ਕਹਿੰਦੇ ਹਨ, “ਅਸੀਂ ਸੂਰ ਫੜਨ ਜਾਂਦੇ ਹਾਂ। ਸੂਰ ਸਵੇਰੇ ਨਹੀਂ ਮਿਲਦੇ, ਇਸ ਲਈ ਰਾਤ ਨੂੰ ਜਾਣਾ ਪੈਂਦਾ ਹੈ। ਇਸ ਲਈ ਮੇਰਾ ਭਰਾ ਦੋ ਦੋਸਤਾਂ ਨਾਲ ਉਨ੍ਹਾਂ ਸੂਰਾਂ ਨੂੰ ਫੜਨ ਲਈ ਗਿਆ ਜੋ ਅਸੀਂ ਪਿੱਛੇ ਛੱਡ ਆਏ ਸੀ।"

“ਪਰ ਉਨ੍ਹਾਂ ਨੂੰ ਉੱਥੇ ਸੂਰ ਨਹੀਂ ਮਿਲੇ। ਉਹ ਤਿੰਨ-ਚਾਰ ਵਜੇ ਵਾਪਸ ਆ ਰਹੇ ਸਨ। ਇਸ ਦੌਰਾਨ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਰੋਕ ਲਿਆ। ਬਾਈਕ ਚਲਾ ਰਹੇ ਵਿਅਕਤੀ ਦੇ ਮੂੰਹ ''''ਤੇ ਪੱਥਰ ਮਾਰਿਆ। ਇਸ ਲਈ ਬਾਈਕ ''''ਤੇ ਸਵਾਰ ਤਿੰਨੋਂ ਲੋਕ ਹੇਠਾਂ ਡਿੱਗ ਗਏ।”

Teju Singh
ਕਿਰਪਾਲ ਦੀ ਸਿੰਘ ਦਾ ਕਤਲ ਭੀੜ ਵੱਲੋਂ ਕੀਤਾ ਗਿਆ ਹੈ

ਤੇਜੂ ਸਿੰਘ ਅੱਗੇ ਕਹਿੰਦੇ ਹਨ, “ਜਿੰਨਾ ਮੇਰੇ ਭਰਾ ਨੂੰ ਮਾਰਿਆ ਗਿਆ, ਓਨਾਂ ਤਾਂ ਕਿਸੇ ਜਾਨਵਰ ਨੂੰ ਵੀ ਨਹੀਂ ਮਾਰਦੇ। ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਸਰੀਰ ''''ਤੇ ਗਰਮ ਪਾਣੀ ਪਾਇਆ ਗਿਆ। ਉਸ ਦੇ ਵਾਲ ਖਿੱਚੇ ਗਏ ਸਨ।"

"ਥੱਲੇ ਸੁੱਟਿਆ, ਸਿਰ ''''ਤੇ ਰਾਡ ਮਾਰੀ ਅਤੇ ਇੰਨੀ ਬੁਰੀ ਤਰ੍ਹਾਂ ਕੁੱਟਿਆ ਪਸਲੀਆਂ ਵੀ ਟੁੱਟ ਗਈਆਂ ਤੇ ਕਿਡਨੀ ਨੂੰ ਵੀ ਨੁਕਸਾਨ ਪਹੁੰਚਿਆ।"

ਪਰ, ਉਖਲਾਦ ਦੇ ਪਿੰਡ ਵਾਸੀਆਂ ਦਾ ਦਾਅਵਾ ਹੈ ਕਿ ਕਿਰਪਾਲ ਆਪਣੇ ਦੋਸਤਾਂ ਨਾਲ ਬੱਕਰੀਆਂ ਚੋਰੀ ਕਰਨ ਗਿਆ ਸੀ। ਤੇਜੂ ਸਿੰਘ ਉਖਲਾਦ ਪਿੰਡ ਵਾਸੀਆਂ ਦੇ ਇਸ ਦਾਅਵੇ ਨੂੰ ਰੱਦ ਕਰਦੇ ਹਨ।

ਉਹ ਆਖਦੇ ਹਨ, “ਸਾਡਾ ਇੱਕੋ-ਇੱਕ ਕਾਰੋਬਾਰ ਸੂਰਾਂ ਨੂੰ ਫੜਨਾ ਸੀ। ਅਸੀਂ ਇਹੀ ਕਰਦੇ ਸੀ।"

BBC
ਕਿਰਪਾਲ ਦੀ ਮਾਤਾ ਧੰਨ ਕੌਰ ਪਿੰਡ-ਪਿੰਡ ਜਾ ਕੇ ਕੰਮ ਕਰਦੀ ਹੈ

ਕਿਰਪਾਲ ਦੀ ਮਾਤਾ ਧੰਨ ਕੌਰ ਪਿੰਡ-ਪਿੰਡ ਜਾ ਕੇ ਕੰਮ ਕਰਦੀ ਹੈ। ਲੋਕਾਂ ਦੇ ਭਾਂਡੇ ਮਾਂਜਦੀ ਹੈ।

ਘਟਨਾ ਬਾਰੇ ਗੱਲ ਕਰਦਿਆਂ ਉਨ੍ਹਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ।

ਉਨ੍ਹਾਂ ਨੇ ਦੱਸਿਆ, "ਮੇਰੀ ਹਾਲਤ ਦੇਖ ਕੇ ਕਿਰਪਾਲ ਨੇ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ। ਪਰ ਮੇਰੇ ਪੁੱਤਰ ਨੂੰ ਜਾਨਵਰਾਂ ਵਾਂਗ ਕੁੱਟਿਆ ਗਿਆ। ਉਸ ਦੀ ਛਾਤੀ, ਗੁਰਦੇ ਸਭ ਖਰਾਬ ਹੋ ਗਏ ਸਨ।"

ਧੰਨ ਕੌਰ ਫਿਲਹਾਲ ਆਪਣੇ ਭਰਾ ਕੋਲ ਰਹਿ ਰਹੀ ਹੈ। ਉਸ ਦਾ ਪਰਿਵਾਰ ਉੱਥੇ ਇੱਕ ਛੋਟੇ ਜਿਹੇ ਕਮਰੇ ਵਿੱਚ ਰਹਿੰਦਾ ਹੈ। ਉਨ੍ਹਾਂ ਦਾ ਆਪਣਾ ਘਰ ਨਹੀਂ ਹੈ।"

ਕਿਰਪਾਲ ਦੇ ਚਾਚਾ ਭਗਤ ਸਿੰਘ ਟਾਕ ਦਾ ਕਹਿਣਾ ਹੈ, “ਪਰਭਣੀ ਵਿੱਚ 80% ਸਿਕਲੀਗਰ ਭਾਈਚਾਰੇ ਦੇ ਲੋਕ ਮਜ਼ਦੂਰੀ ਕਰਦੇ ਹਨ। ਲੋਹੇ ਦੀਆਂ ਵਸਤਾਂ ਅਤੇ ਕੜਾਹੀਆਂ ਬਣਾਉਣ ਦਾ ਕੰਮ ਕਰਦੇ ਹਨ। 20% ਲੋਕ ਪਸ਼ੂਆਂ ਦਾ ਕਾਰੋਬਾਰ ਕਰਦੇ ਹਨ। ਸੂਰ ਪਾਲਣ ਦਾ ਕੰਮ ਕਰਦੇ ਹਨ।

65 ਸਾਲਾ ਗੋਪਾਲ ਸਿੰਘ ਟਾਕ ਬੀਡ ਤੋਂ ਕਿਰਪਾਲ ਦੇ ਪਰਿਵਾਰ ਨੂੰ ਮਿਲਣ ਆਏ ਸਨ। ਉਨ੍ਹਾਂ ਨੇ ਕਿਹਾ ਉਹ ਦੁਖੀ ਹਨ ਅਤੇ ਇਸ ਲਈ ਮਿਲਣ ਆਏ ਹਨ।

ਉਨ੍ਹਾਂ ਵਾਰ-ਵਾਰ ਕਿਹਾ ਕਿ ਸਿਕਲੀਗਰ ਭਾਈਚਾਰੇ ਕੋਲ ਨਾ ਕੋਈ ਨੌਕਰੀ ਹੈ, ਨਾ ਜ਼ਮੀਨ ਹੈ, ਸਰਕਾਰ ਕੁਝ ਨਹੀਂ ਦੇ ਰਹੀ।

BBC

ਸਿਕਲੀਗਰ ਭਾਈਚਾਰੇ ਦੇ ਰਵਾਇਤੀ ਕੰਮ

  • 27 ਮਈ ਨੂੰ ਕਤਲ ਹੋਣ ਵਾਲਾ ਕਿਰਪਾਲ ਸਿਕਲੀਗਰ ਭਾਈਚਾਰੇ ਤੋਂ ਆਉਂਦਾ ਹੈ।
  • ਲੋਹੇ ਦੇ ਭਾਂਡੇ ਅਤੇ ਹੋਰ ਵਸਤਾਂ ਬਣਾਉਣ ਦਾ ਰਵਾਇਤੀ ਕਾਰੋਬਾਰ ਕਰਦਾ ਹੈ।
  • ਮਹਾਰਾਸ਼ਟਰ ਵਿੱਚ ਸਿੱਖਾਂ ਦੀ ਇੱਕ ਖਾਨਾਬਦੋਸ਼ ਕਬੀਲੇ ਸਿਕਲੀਗਰ ਦੀ ਆਬਾਦੀ 2 ਲੱਖ ਦੇ ਕਰੀਬ ਹੈ।
  • ਪਰਭਣੀ ਕਸਬੇ ਵਿੱਚ ਸਿਕਲੀਗਰ ਭਾਈਚਾਰੇ ਦੇ 150 ਤੋਂ 200 ਘਰ ਹਨ।
  • ਇਨ੍ਹਾਂ ਦੀ ਆਬਾਦੀ 500 ਦੇ ਕਰੀਬ ਹੈ।
BBC

ਉਖਲਾਦ ਵਿੱਚ ਕੀ ਹੈ ਸਥਿਤੀ?

BBC
ਉਖਲਾਦ ਪਿੰਡ ਵਿੱਚ ਸੁੰਨ ਪਸਰੀ ਹੋਈ ਸੀ

ਉਖਲਾਦ ਪਿੰਡ ਵਾਸੀਆਂ ਦਾ ਕੀ ਕਹਿਣਾ ਹੈ ਇਹ ਜਾਣਨ ਲਈ ਅਸੀਂ 2 ਜੂਨ ਦੀ ਦੁਪਹਿਰ ਨੂੰ ਉਖਲਾਦ ਪਹੁੰਚੇ। ਪਿੰਡ ਵਿੱਚ ਸੁੰਨ ਪਸਰੀ ਹੋਈ ਸੀ। ਕੋਈ ਵੀ ਇਸ ਘਟਨਾ ਬਾਰੇ ਗੱਲ ਕਰਨ ਲਈ ਬਹੁਤ ਉਤਸੁਕ ਨਹੀਂ ਸੀ।

ਅਸੀਂ ਉਸ ਗੈਰਾਜ ਵਿਚ ਗਏ ਜਿਸ ਦੇ ਸਾਹਮਣੇ ਪਿੰਡ ਦੇ ਇੱਕ ਸਿਰੇ ''''ਤੇ ਇਹ ਘਟਨਾ ਵਾਪਰੀ ਸੀ। ਪਰ ਘਟਨਾ ਸਥਾਨ ''''ਤੇ ਕੁਝ ਖ਼ਾਸ ਨਜ਼ਰ ਨਹੀਂ ਆਇਆ।

ਜਦੋਂ ਆਸਪਾਸ ਦੇ ਲੋਕਾਂ ਨੂੰ ਘਟਨਾ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਜਵਾਬ ਸੀ ਕਿ ''''ਅਸੀਂ ਉਸ ਦਿਨ ਪਿੰਡ ਤੋਂ ਬਾਹਰ ਸੀ।''''

ਜਦੋਂ ਅਸੀਂ ਪਿੰਡ ਵਿੱਚ ਘੁੰਮੇ ਤਾਂ ਸ਼੍ਰੀ ਲਕਸ਼ਮੀ ਨਰਸਿਮ੍ਹਾ ਮੰਦਰ ਦੇ ਸਾਹਮਣੇ ਇੱਕ ਦਰੱਖਤ ਦੇ ਹੇਠਾਂ ਦਾਦਾਰਾਓ ਬਾਗਲ ਨੂੰ ਮਿਲੇ। ਉਹ ਇੱਕ ਦਰੱਖਤ ਹੇਠਾਂ ਆਰਾਮ ਕਰ ਰਹੇ ਸਨ।

BBC
ਭਗਤ ਸਿੰਘ ਬੀਡ ਤੋਂ ਪਰਿਵਾਰ ਨੂੰ ਮਿਲਣ ਆਏ ਸਨ

ਪਿੰਡ ਵਿੱਚ ਵਾਪਰੀ ਘਟਨਾ ਬਾਰੇ ਪੁੱਛਣ ’ਤੇ 65 ਸਾਲਾ ਬਾਗਲ ਨੇ ਕਿਹਾ, "ਸਾਡੇ ਇੱਥੇ ਚੋਰੀਆਂ ਹੋਇਆ ਇੱਕ-ਡੇਢ ਮਹੀਨਾ ਹੋ ਗਿਆ ਹੈ। ਕਿਸੇ ਦਾ ਪੈਸਾ, ਕਿਸੇ ਦਾ ਕੁਝ, ਕਿਸੇ ਦੀਆਂ ਬੱਕਰੀਆਂ ਚਲੀਆਂ ਗਈਆਂ। ਕਿਸੇ ਦਾ ਮੋਟਰਸਾਈਕਲ ਚਲਾ ਗਿਆ ਹੈ।"

"ਉਨ੍ਹਾਂ ਲੋਕਾਂ ਕੋਲ ਛੁਰੀਆਂ, ਮਿਰਚਾਂ, ਸਪਰੇਆਂ, ਚਾਬੀਆਂ ਦੇ ਛੱਲੇ ਸਨ। ਉਹ 1-2 ਵਜੇ ਕਿਉਂ ਆਉਂਦੇ ਹਨ? ਜਦੋਂ ਉਹ ਸੂਰਾਂ ਨੂੰ ਫੜਨ ਜਾਂਦੇ ਹਨ, ਤਾਂ ਕੀ ਉਹ ਮਿਰਚਾਂ ਅਤੇ ਚਾਬੀਆਂ ਦੇ ਛੱਲੇ ਲੈ ਕੇ ਸੂਰ ਫੜ੍ਹਦੇ ਹਨ?"

ਪਰ ਫਿਰ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਪਿੰਡ ਵਾਲਿਆਂ ਨੇ ਚੋਰੀ ਦੀ ਸੂਚਨਾ ਪੁਲਿਸ ਨੂੰ ਦਿੱਤੀ ਤਾਂ ਉਨ੍ਹਾਂ ਕਿਹਾ, "ਲੋਕ ਚੋਰੀ ਦੀ ਰਿਪੋਰਟ ਕਰਨ ਤੋਂ ਡਰਦੇ ਹਨ।"

BBC
ਦਾਦਾਰਾਓ ਨੇ ਦੱਸਿਆ ਕਿ ਉਹ ਮਿਰਚਾਂ ਅਤੇ ਚਾਕੂ ਲੈ ਕੇ ਆਏ ਸਨ

ਇਹ ਪੁੱਛੇ ਜਾਣ ''''ਤੇ ਕਿ ਇਸ ਗੱਲ ਦਾ ਕੀ ਸਬੂਤ ਹੈ ਕਿ ਨੌਜਵਾਨ ਵਿਦਿਆਰਥੀਆਂ ਨੇ ਚੋਰੀ ਕੀਤੀ ਹੈ, ਉਨ੍ਹਾਂ ਕਿਹਾ, "ਸਾਨੂੰ ਚਾਬੀਆਂ ਦੀ ਕੀ ਲੋੜ ਹੈ? ਤੁਹਾਨੂੰ ਚਾਕੂ ਦੀ ਲੋੜ ਕਿਉਂ ਹੈ? ਮੈਨੂੰ ਦੱਸੋ ਕਿ ਸਾਨੂੰ ਮਿਰਚਾਂ ਦੀ ਲੋੜ ਕਿਉਂ ਹੈ? ਅੱਖਾਂ ''''ਤੇ ਮਿਰਚਾਂ ਨੂੰ ਛਿੜਕ ਦਿਓ। ਇਹ ਕਿਉਂ ਚਾਹੀਦਾ ਹੈ?"

"ਕੀ ਉਹ ਸੂਰਾਂ ਨੂੰ ਹੱਥ ਨਾਲ ਫੜਦੇ ਹਨ ਅਤੇ ਉਨ੍ਹਾਂ ਦੀਆਂ ਅੱਖਾਂ ਵਿੱਚ ਸਪਰੇਅ ਕਰਦੇ ਹਨ? ਕੀ ਤੁਸੀਂ ਮਿਰਚਾਂ ਪਾਉਂਦੇ ਹੋ? ਤੁਸੀਂ ਕੀ ਕਰਦੇ ਹੋ?”

ਪਰਭਣੀ ਤੋਂ ਲਗਭਗ 25 ਕਿਲੋਮੀਟਰ ਦੂਰ ਉਖਲਾਦ ਪਿੰਡ ਹੈ। ਪਿੰਡ ਦੀ ਆਬਾਦੀ 5000 ਦੇ ਕਰੀਬ ਹੈ। ਪਿੰਡ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੈ।

ਉਖਲਾਦ ਦੇ ਕੁਝ ਪਿੰਡ ਵਾਸੀਆਂ ਨਾਲ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਘਟਨਾ ਤੋਂ ਬਾਅਦ ਤੋਂ ਹੀ ਹਰ ਰੋਜ਼ ਪੁਲਿਸ ਦੀ ਗੱਡੀ ਪਿੰਡ ਵਿੱਚ ਆ ਕੇ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਰਹੀ ਹੈ।

ਇਸ ਲਈ ਪਿੰਡ ਦੇ ਕਈ ਲੋਕ ਆਪਣੇ ਘਰਾਂ ਨੂੰ ਤਾਲੇ ਲਗਾ ਕੇ ਪਿੰਡ ਤੋਂ ਬਾਹਰ ਰਹਿਣ ਲਈ ਚਲੇ ਗਏ।

BBC
BBC

ਪੁਲਿਸ ਜਾਂਚ ''''ਚ ਕੀ ਖੁਲਾਸਾ ਹੋਇਆ?

ਪਰਭਣੀ ਪੁਲਿਸ ਉਖਲਾਦ ਵਿੱਚ ਵਾਪਰੀ ਘਟਨਾ ਦੀ ਜਾਂਚ ਕਰ ਰਹੀ ਹੈ। ਪੁਲਿਸ ਜਾਂਚ ਵਿੱਚ ਕੁੱਝ ਗੱਲਾਂ ਸਾਹਮਣੇ ਆਈਆਂ ਹਨ।

ਪੁਲੀਸ ਜਾਂਚ ਵਿੱਚ ਸਾਹਮਣੇ ਆਇਆ ਕਿ 27 ਮਈ ਦੀ ਰਾਤ ਨੂੰ ਕਿਰਪਾਲ ਸਿੰਘ ਭੋਂਦ, ਗੋਰਾ ਸਿੰਘ ਦੁਧਾਨੀ ਅਤੇ ਅਰੁਣ ਸਿੰਘ ਟਾਕ ਵੱਲੋਂ ਵਰਤਿਆ ਗਿਆ ਮੋਟਰਸਾਈਕਲ ਚੋਰੀ ਹੋ ਗਿਆ ਸੀ।

ਇਸ ਤੋਂ ਇਲਾਵਾ ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਬੱਕਰੀ ਚੋਰੀ ਸਬੰਧੀ ਉਖਲਾਦ ਪਿੰਡ ਤੋਂ ਕੋਈ ਸ਼ਿਕਾਇਤ ਨਹੀਂ ਮਿਲੀ ਹੈ।

ਪਰਭਣੀ ਦੇ ਪੁਲਿਸ ਸੁਪਰਡੈਂਟ ਰਾਗਸੁਧਾ ਆਰ ਨੇ ਬੀਬੀਸੀ ਮਰਾਠੀ ਨੂੰ ਦੱਸਿਆ, "ਇਸ ਘਟਨਾ ਵਿੱਚ ਜ਼ਖਮੀ ਵਿਅਕਤੀ ਦਾ ਬਿਆਨ ਲਿਆ ਗਿਆ ਹੈ। ਇਹ ਧਾਰਾ 143 ਸਮੇਤ 302, 307 ਤਹਿਤ ਕੇਸ ਦਰਜ ਕੀਤਾ ਗਿਆ ਹੈ।"

"ਸਾਡੀ ਮੁੱਢਲੀ ਜਾਂਚ ਵਿੱਚ ਕੁੱਲ 11 ਮੁਲਜ਼ਮਾਂ ਦੀ ਪਛਾਣ ਹੋ ਗਈ ਹੈ। ਇਨ੍ਹਾਂ ''''ਚੋਂ 3 ਜੂਨ ਤੱਕ 8 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਬਾਕੀ ਤਿੰਨ ਨੂੰ ਫੜਨ ਲਈ ਪੁਲਿਸ ਦੀਆਂ 2 ਟੀਮਾਂ ਤੈਨਾਤ ਕੀਤੀਆਂ ਗਈਆਂ ਹਨ।"

BBC
ਪਰਭਣੀ ਦੇ ਪੁਲਿਸ ਸੁਪਰਡੈਂਟ ਰਾਗਸੁਧਾ ਆਰ ਮੁਤਾਬਕ 11 ਮੁਲਜ਼ਮਾਂ ਦੀ ਪਛਾਣ ਹੋਈ ਹੈ

ਪਰਭਣੀ ਪੁਲਿਸ ਨੇ ਲੋਕਾਂ ਨੂੰ ਅਫਵਾਹਾਂ ''''ਤੇ ਵਿਸ਼ਵਾਸ ਨਾ ਕਰਨ ਦੀ ਅਪੀਲ ਵੀ ਕੀਤੀ ਹੈ, ਕਿਉਂਕਿ ਗ੍ਰਿਫਤਾਰ ਮੁਲਜ਼ਮ ਹਿੰਦੂ ਅਤੇ ਮੁਸਲਿਮ ਦੋਵਾਂ ਭਾਈਚਾਰਿਆਂ ਨਾਲ ਸਬੰਧਤ ਹਨ।

ਰਾਗਸੁਧਾ ਆਰ ਨੇ ਕਿਹਾ, "ਲੋਕਾਂ ਨੂੰ ਕਿਸੇ ਵੀ ਅਫ਼ਵਾਹ ''''ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਦਰਅਸਲ, ਕੇਸ ਦਰਜ ਹੋਣ ਵਾਲੇ ਦਿਨ ਹੀ ਅਸੀਂ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਇੱਕ ਹਿੰਦੂ ਹੈ ਅਤੇ ਇੱਕ ਮੁਸਲਮਾਨ ਹੈ।"

"ਹੁਣ ਤੱਕ ਜਿਨ੍ਹਾਂ 8 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਉਹ ਹਿੰਦੂ ਅਤੇ ਮੁਸਲਮਾਨ ਦੋਵੇਂ ਹਨ। ਇਸ ਘਟਨਾ ਵਿੱਚ ਕੋਈ ਇੱਕ ਧਰਮ ਸ਼ਾਮਲ ਨਹੀਂ ਹੈ।"

BBC

ਨਾਂਦੇੜ ਸਥਿਤ ਸੱਚਖੰਡ ਗੁਰਦੁਆਰਾ ਬੋਰਡ ਦੀ ਮੰਗ

ਇਸ ਘਟਨਾ ਵਿੱਚ ਜ਼ਖ਼ਮੀ ਹੋਏ ਗੋਰਾ ਸਿੰਘ ਅਤੇ ਅਰੁਣ ਸਿੰਘ ਦੋਵਾਂ ਦੀ ਹਾਲਤ ਸਥਿਰ ਹੈ। ਪਰਭਣੀ ਜ਼ਿਲ੍ਹਾ ਹਸਪਤਾਲ ਪ੍ਰਸ਼ਾਸਨ ਨੇ ਬੀਬੀਸੀ ਮਰਾਠੀ ਨੂੰ ਦੱਸਿਆ ਕਿ ਅਰੁਣ ਸਿੰਘ ਨੂੰ ਦੰਦਾਂ ਦੇ ਇਲਾਜ ਲਈ ਨਾਂਦੇੜ ਭੇਜ ਦਿੱਤਾ ਗਿਆ ਹੈ।

ਇਸੇ ਵਿਚਾਲੇ ਨਾਂਦੇੜ ਸਥਿਤ ਸੱਚਖੰਡ ਗੁਰਦੁਆਰਾ ਬੋਰਡ ਨੇ ਮਾਮਲੇ ਦੀ ਸੁਣਵਾਈ ਫਾਸਟ ਟਰੈਕ ਅਦਾਲਤ ਵਿੱਚ ਕਰਨ ਦੀ ਮੰਗ ਕੀਤੀ ਹੈ।

ਨਾਂਦੇੜ ਸਥਿਤ ਸੱਚਖੰਡ ਗੁਰਦੁਆਰਾ ਬੋਰਡ ਦੇ ਸਾਬਕਾ ਸਕੱਤਰ ਰਵਿੰਦਰ ਸਿੰਘ ਬੁੰਗਈ ਨੇ ਕਿਹਾ, "ਅਸੀਂ ਕਲੈਕਟਰ ਅਤੇ ਪੁਲਿਸ ਸੁਪਰਡੈਂਟ ਨੂੰ ਬਿਆਨ ਦਿੱਤਾ ਹੈ। ਇਸ ਘਟਨਾ ਦੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਅਤੇ ਇਸ ਮਾਮਲੇ ਦੀ ਸੁਣਵਾਈ ਫਾਸਟ ਟਰੈਕ ਅਦਾਲਤ ਵਿੱਚ ਹੋਣੀ ਚਾਹੀਦੀ ਹੈ।"

BBC
ਪੁਲਿਸ ਸ਼ੱਕ ਲੋਕਾਂ ਹਿਰਾਸਤ ਵਿੱਚ ਲੈ ਕੇ ਪੁੱਛਗਿੱਠ ਕਰ ਰਹੀ ਹੈ

ਕੌਣ ਹੁੰਦੇ ਹਨ ਸਿਕਲੀਗਰ

ਕਿਰਪਾਲ ਦਾ ਪਰਿਵਾਰ ਸਿਕਲੀਗਰ ਭਾਈਚਾਰੇ ਤੋਂ ਆਉਂਦਾ ਹੈ। ਮਹਾਰਾਸ਼ਟਰ ਵਿੱਚ ਸਿੱਖਾਂ ਦੀ ਇੱਕ ਖਾਨਾਬਦੋਸ਼ ਕਬੀਲੇ ਸਿਕਲੀਗਰ ਦੀ ਆਬਾਦੀ 2 ਲੱਖ ਦੇ ਕਰੀਬ ਹੈ।

ਪਰਭਣੀ ਵਿੱਚ ਬਸਤੀਆਂ ਵਿੱਚ ਰਹਿਣ ਵਾਲਾ ਇਹ ਭਾਈਚਾਰਾ ਲੋਹੇ ਦੀ ਕੜਾਹੀ, ਭਾਂਡੇ ਬਣਾਉਣ ਦਾ ਰਵਾਇਤੀ ਕਾਰੋਬਾਰ ਕਰਦਾ ਹੈ।

ਪਰਭਣੀ ਕਸਬੇ ਵਿੱਚ ਸਿਕਲੀਗਰ ਭਾਈਚਾਰੇ ਦੇ 150 ਤੋਂ 200 ਘਰ ਹਨ। ਆਬਾਦੀ 500 ਦੇ ਕਰੀਬ ਹੈ।

ਮਹਾਰਾਸ਼ਟਰ ਸਿੱਖ ਸਿਕਲੀਗਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਠਾਕੁਰ ਸਿੰਘ ਬਾਵਾਰੀ ਦਾ ਕਹਿਣਾ ਹੈ, "ਅਸੀਂ ਕਈ ਪੀੜ੍ਹੀਆਂ ਤੋਂ ਲੋਹੇ ਦਾ ਕਾਰੋਬਾਰ ਕਰ ਰਹੇ ਹਾਂ। ਪਰ ਅੱਜ ਦੇ ਜ਼ਮਾਨੇ ਵਿੱਚ ਇਹ ਕਿੱਤਾ ਪੂਰੀ ਤਰ੍ਹਾਂ ਠੱਪ ਹੋਣ ਕਾਰਨ, ਸਾਡੇ ਨੌਜਵਾਨ ਹੁਣ ਹੋਟਲਾਂ ਅਤੇ ਹਸਪਤਾਲਾਂ ਵਿੱਚ ਚੌਕੀਦਾਰ ਵਜੋਂ ਕੰਮ ਕਰਦੇ ਹਨ।"

"ਕੁਝ ਲੋਕ ਸੂਰ ਪਾਲਦੇ ਹਨ ਅਤੇ ਉਨ੍ਹਾਂ ਨੂੰ ਇੱਕ ਪਿੰਡ ਤੋਂ ਦੂਜੇ ਪਿੰਡ ਛੱਡ ਦਿੰਦੇ ਹਨ, ਜੋ ਉਹ ਚਾਰ ਰੁਪਏ ਕਮਾ ਲੈਂਦੇ ਹਨ, ਜਿਸ ਨਾਲ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਚੱਲਦਾ ਹੈ।"

BBC
ਕੁਝ ਸਿਕਲੀਗਰ ਲੋਕ ਸੂਰ ਪਾਲਦੇ ਹਨ

ਬਾਵਾਰੀ ਦਾ ਕਹਿਣਾ ਹੈ ਕਿ ਸਿਕਲੀਗਰ ਭਾਈਚਾਰੇ ਦੇ ਲੋਕਾਂ ਨੂੰ ਚੋਰ ਸਮਝ ਕੇ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਂਦਾ ਸੀ, ਪਰ ਹੁਣ ਇਹ ਰਵੱਈਆ ਕਾਫੀ ਬਦਲ ਗਿਆ ਹੈ।

ਕਿਰਪਾਲ ਨੂੰ ਉਖਲਾਦ ਦੇ ਪਿੰਡ ਵਾਸੀਆਂ ਨੇ ਬੱਕਰੀ ਚੋਰੀ ਕਰਨ ਆਉਣ ਦੇ ਸ਼ੱਕ ਵਿੱਚ ਕੁੱਟ-ਕੁੱਟ ਕੇ ਮਾਰ ਦਿੱਤਾ ਸੀ। ਉਸ ਦੇ ਵੱਡੇ ਭਰਾ ਤੇਜੂ ਸਿੰਘ ਦਾ ਕਹਿਣਾ ਹੈ ਕਿ ਸਿਰਫ ਸ਼ੱਕ ਅਤੇ ਸੁਣੀ-ਸੁਣਾਈ ਗੱਲ ਕਾਰਨ ਕਿਸੇ ਨੂੰ ਮਾਰਨਾ ਗ਼ਲਤ ਹੈ।

ਉਹ ਅੱਗੇ ਕਹਿੰਦੇ ਹਨ, “ਸਾਡੇ ਨਾਲ ਜੋ ਹੋਇਆ ਉਹ ਕਿਸੇ ਨਾਲ ਨਹੀਂ ਹੋਣਾ ਚਾਹੀਦਾ। ਮੇਰਾ ਭਰਾ ਚਲਾ ਗਿਆ ਹੈ। ਸਾਨੂੰ ਸਭ ਤੋਂ ਵੱਧ ਨੁਕਸਾਨ ਹੋਇਆ।"

"ਜੇਕਰ ਤੁਹਾਨੂੰ ਕਿਸੇ ''''ਤੇ ਸ਼ੱਕ ਹੈ, ਤਾਂ ਪੁਲਿਸ ਨੂੰ ਫੋਨ ਦੱਸੋ। ਉਨ੍ਹਾਂ ਨੂੰ ਪੁਲਿਸ ਦੇ ਹਵਾਲੇ ਕਰੋ। ਕਾਨੂੰਨ ਕਾਰਵਾਈ ਕਰੇਗਾ ਪਰ ਇਹ ਸੁਣੀ-ਸੁਣਾਈ ਗੱਲ ''''ਤੇ ਕਿਸੇ ਨੂੰ ਕੁੱਟਣਾ ਗ਼ਲਤ ਹੈ।"

BBC
ਸਿਕਲੀਗਰ ਲੋਕ ਲੋਹੇ ਦੀਆਂ ਵਸਤਾਂ ਬਣਾਉਣ ਦਾ ਕੰਮ ਕਰਦੇ ਹਨ

ਭੋਂਦ ਪਰਿਵਾਰ ਨੇ ਮੰਗ ਕੀਤੀ ਹੈ ਕਿ ਕਿਰਪਾਲ ਸਿੰਘ ਕਤਲ ਕਾਂਡ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ।

ਅਜਿਹੇ ਮਾਮਲਿਆਂ ਨੂੰ ਵਾਪਰਨ ਤੋਂ ਬਚਾਉਣ ਲਈ ਕੁਝ ਲੋਕ ਸੁਝਾਅ ਦੇ ਰਹੇ ਹਨ ਕਿ ਜੇਕਰ ਸਿਕਲੀਗਰ ਭਾਈਚਾਰੇ ਦੇ ਲੋਕ ਕਿਸੇ ਵੀ ਪਿੰਡ ਵਿੱਚ ਸੂਰ ਫੜਨ ਜਾਣ ਤੋਂ ਪਹਿਲਾਂ ਪੁਲਿਸ ਨੂੰ ਅਗਾਊਂ ਸੂਚਨਾ ਦੇ ਦੇਣ ਤਾਂ ਇਨ੍ਹਾਂ ਘਟਨਾਵਾਂ ਨੂੰ ਰੋਕਣ ਵਿੱਚ ਮਦਦ ਮਿਲ ਸਕਦੀ ਹੈ।

ਪਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਚੋਰੀ ਦੇ ਸ਼ੱਕ ਵਿੱਚ ਭੀੜ ਵੱਲੋਂ ਕੁੱਟ-ਕੁੱਟ ਕੇ ਮਾਰ ਦੇਣਾ ਵੀ ਸਮਾਜ ਲਈ ਸ਼ਰਮਨਾਕ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''''ਤੇ ਜੁੜੋ।)