ਓਡੀਸ਼ਾ ਰੇਲ ਹਾਦਸਾ : ਮੁਰਦਾਘਰ ਦੇ ਬਾਹਰ ''''ਹਾਕ ਪੈਣ'''' ਦੀ ਉਡੀਕ ਕਰਦੇ ਲੋਕ - ਅੱਖ਼ੀਂ ਡਿੱਠਾ ਹਾਲ

06/05/2023 6:49:32 AM

BBC

ਸ਼ਨੀਵਾਰ ਦੁਪਹਿਰ ਨੂੰ ਜਦੋਂ ਮੈਂ ਉੜੀਸਾ ਦੇ ਬਾਲਾਸੋਰ ਜ਼ਿਲ੍ਹਾ ਹਸਪਤਾਲ ਵਿੱਚ ਦਾਖਲ ਹੋਇਆ ਤਾਂ ਮੈਂ ਲੋਕਾਂ ਨੂੰ ਪੁੱਛਿਆ ਕਿ ਹਸਪਤਾਲ ਦਾ ਮੁਰਦਾਘਰ ਕਿੱਥੇ ਹੈ?

ਜਿਉਂ ਹੀ ਮੈਂ ਮੁਰਦਾਘਰ ਵੱਲ ਵਧ ਰਿਹਾ ਸੀ ਤਾਂ ਮੈਨੂੰ ਮਰਦਾਂ, ਔਰਤਾਂ ਅਤੇ ਨੌਜਵਾਨਾਂ ਦੇ ਉਹ ਚਿਹਰੇ ਨਜ਼ਰ ਆ ਰਹੇ ਸਨ ਜੋ ਮੁਰਦਾਘਰ ਦੇ ਅੰਦਰੋਂ ਹਾਕ ਪੈਣ ਦੀ ਉਡੀਕ ਕਰ ਰਹੇ ਸਨ।

ਇਨ੍ਹਾਂ ''''ਚੋਂ ਕੁਝ ਮ੍ਰਿਤਕਾਂ ਦੀ ਪਛਾਣ ਕਰਨ ਆਏ ਸਨ, ਜਦਕਿ ਕੁਝ ਲਾਸ਼ਾਂ ਨੂੰ ਘਰ ਲਿਜਾਣ ਲਈ ਆਏ ਸਨ।

ਇਹ ਲੋਕ ਉਸ ਆਵਾਜ਼ ਦੀ ਉਡੀਕ ਕਰ ਰਹੇ ਸਨ, ਜਿਸ ਨੂੰ ਉਹ ਸੁਣਨਾ ਨਹੀਂ ਚਾਹੁੰਦੇ ਸਨ, ਪਰ ਉਹ ਜਾਣਦੇ ਸਨ ਕਿ ਇਸ ਤੋਂ ਬਚਿਆ ਨਹੀਂ ਜਾ ਸਕਦਾ।

ਓਡੀਸ਼ਾ ਵਿੱਚ ਸ਼ੁੱਕਰਵਾਰ ਨੂੰ ਹੋਏ ਰੇਲ ਹਾਦਸੇ ਵਿੱਚ ਹੁਣ ਤੱਕ 275 ਲੋਕਾਂ ਦੀ ਮੌਤ ਹੋ ਗਈ ਹੈ ਅਤੇ 1000 ਦੇ ਕਰੀਬ ਲੋਕ ਜ਼ਖ਼ਮੀ ਹੈ।

ਭਾਵੇਂ ਕਿ ਪਹਿਲਾਂ ਮੌਤਾਂ ਦਾ ਅੰਕੜਾਂ 288 ਦੱਸਿਆ ਗਿਆ ਪਰ ਐਤਵਾਰ ਨੂੰ ਸਪੱਸ਼ਟ ਕੀਤਾ ਗਿਆ ਕਿ ਇਹ ਅੰਕੜਾ 275 ਹੈ।

ਇਨ੍ਹਾਂ ਵਿੱਚੋਂ 100 ਦੀ ਹਾਲਤ ਕਾਫ਼ੀ ਨਾਜ਼ੁਕ ਦੱਸੀ ਜਾ ਰਹੀ ਹੈ।

ਇਸ ਹਾਦਸੇ ਦੀ ਗਿਣਤੀ ਭਾਰਤ ਵਿੱਚ ਹੁਣ ਤੱਕ ਦੇ ਸਭ ਤੋਂ ਭਿਆਨਕ ਰੇਲ ਹਾਦਸਿਆਂ ਵਿੱਚ ਕੀਤੀ ਜਾ ਰਹੀ ਹੈ।

‘ਕੋਈ ਵਹੀਕਲ ਨਹੀਂ ਮਿਲਿਆ’

ਸੰਤੋਸ਼ ਕੁਮਾਰ ਸਾਹੂ ਨੂੰ ਸ਼ੁੱਕਰਵਾਰ ਰਾਤ ਨੂੰ ਇੱਕ ਫ਼ੋਨ ਆਇਆ, ਜੋ ਬਹੁਤ ਹੀ ਅਚਨਚੇਤੀ ਸੀ। ਇਹ ਉਸਦੇ ਸਹੁਰੇ ਘਰੋਂ ਆਈ ਫ਼ੋਨ ਕਾਲ ਸੀ।

ਉਸ ਨੂੰ ਖ਼ਬਰ ਮਿਲੀ ਕਿ ਉਸ ਦੇ ਰਿਸ਼ਤੇਦਾਰ ਉਸੇ ਸ਼ਾਲੀਮਾਰ-ਚੇਨਈ ਕੋਰੋਮੰਡਲ ਐਕਸਪ੍ਰੈਸ ਰੇਲਗੱਡੀ ਵਿੱਚ ਸਫ਼ਰ ਕਰ ਰਹੇ ਸਨ, ਜੋ ਮਾਲ ਗੱਡੀ ਨਾਲ ਟਕਰਾ ਗਈ। ਇਹ ਭਿਆਨਕ ਹਾਦਸਾ ਤਿੰਨ ਰੇਲਾਂ ਦੀ ਟੱਕਰ ਕਾਰਨ ਵਾਪਰਿਆ।

ਸਾਹੂ ਕਹਿੰਦੇ ਹਨ, “ਮੇਰੀ ਪਤਨੀ ਦਾ ਭਰਾ ਬਾਲਾਸੋਰ ਵਿੱਚ ਕੰਮ ਕਰਦਾ ਸੀ ਅਤੇ ਹਰ ਹਫਤੇ ਦੇ ਅੰਤ ਵਿੱਚ ਜੈਪੁਰ ਆਪਣੇ ਘਰ, ਪਤਨੀ ਅਤੇ ਦੋ ਪੁੱਤਰਾਂ ਨੂੰ ਮਿਲਣ ਜਾਂਦਾ ਸੀ। ਉਹ ਪਿਛਲੇ ਕਈ ਸਾਲਾਂ ਤੋਂ ਅਜਿਹਾ ਕਰ ਰਿਹਾ ਸੀ।”

Getty Images
ਓਡੀਸ਼ਾ ਸ਼ੁਕਰਵਾਰ ਨੂੰ ਹੋਏ ਟਰੇਨ ਹਾਦਸੇ ਵਿੱਚ ਹੁਣ ਤੱਕ 275 ਲੋਕਾਂ ਦੀ ਮੌਤ ਹੋ ਗਈ ਹੈ ਅਤੇ 1000 ਦੇ ਕਰੀਬ ਲੋਕ ਜ਼ਖ਼ਮੀ ਹੈ।

ਸ਼ਾਹੂ ਖ਼ੁਦ ਸ਼ੁੱਕਰਵਾਰ ਰਾਤ ਨੂੰ ਬਾਲਾਸੋਰ ਜ਼ਿਲ੍ਹਾ ਹਸਪਤਾਲ ਪਹੁੰਚਣਾ ਚਾਹੁੰਦੇ ਸਨ ਪਰ ਉਨ੍ਹਾਂ ਨੂੰ ਉੱਥੇ ਜਾਣ ਲਈ ਕੋਈ ਵਹੀਕਲ ਦੀ ਸਹੂਲਤ ਨਹੀਂ ਮਿਲੀ। ਉਨ੍ਹਾਂ ਨੂੰ ਸ਼ਨੀਵਾਰ ਸਵੇਰੇ ਇਕ ਕਾਰ ਮਿਲੀ, ਜਿਸ ਦੀ ਮਦਦ ਨਾਲ ਉਹ ਮੌਕੇ ''''ਤੇ ਪਹੁੰਚੇ।

ਉਹ ਆਪਣੇ ਰਿਸ਼ਤੇਦਾਰ ਦੀ ਲਾਸ਼ ਲੈਣ ਲਈ ਮੁਰਦਾਘਰ ਦੇ ਬਾਹਰ ਖੜ੍ਹਾ ਸੀ।

ਹਾਲਾਂਕਿ, ਆਸ਼ੀਸ਼ ਨੂੰ ਵਹੀਕਲ ਦੀ ਕੋਈ ਦਿੱਕਤ ਨਹੀਂ ਆਈ। ਉਹ ਸ਼ੁੱਕਰਵਾਰ ਰਾਤ ਅੱਠ ਵਜੇ ਹਸਪਤਾਲ ਪਹੁੰਚ ਗਏ ਸਨ ਕਿਉਂਕਿ ਉਹ ਹਸਪਤਾਲ ਦੇ ਨੇੜੇ ਹੀ ਇੱਕ ਹੋਸਟਲ ਵਿੱਚ ਰਹਿੰਦੇ ਹਨ।

ਸ਼ਾਹੂ ਵਾਂਗ ਆਸ਼ੀਸ਼ ਨੂੰ ਵੀ ਹਸਪਤਾਲ ਤੋਂ ਫ਼ੋਨ ਆਇਆ ਪਰ ਉਸ ਨੂੰ ਫ਼ੋਨ ਆਉਣ ਦਾ ਕਾਰਨ ਵੱਖਰਾ ਸੀ।

''''ਵਾਰਡ ਤੱਕ ਪਹੁੰਚਣਾ ਮੁਸ਼ਕਿਲ ਸੀ''''

ਆਸ਼ੀਸ਼ ਅਤੇ 100 ਤੋਂ ਵੱਧ ਹੋਰ ਮੈਡੀਕਲ ਵਿਦਿਆਰਥੀਆਂ ਨੂੰ ਸ਼ੁੱਕਰਵਾਰ ਸ਼ਾਮ ਨੂੰ ਹੀ ਐਮਰਜੈਂਸੀ ਵਿੱਚ ਹਸਪਤਾਲ ਬੁਲਾਇਆ ਗਿਆ ਸੀ।

ਅਸੀਂ ਬਾਲਾਸੋਰ ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਸਾਹਮਣੇ ਮੈਡੀਕਲ ਵਿਦਿਆਰਥੀ ਆਸ਼ੀਸ਼ ਨਾਲ ਗੱਲ ਕਰ ਰਹੇ ਸੀ।

ਉਹ ਕਹਿੰਦੇ ਹਨ, “ਤੁਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਕਿ ਇਹ ਜਗ੍ਹਾ 24 ਘੰਟਿਆਂ ਵਿੱਚ ਕਿਹੋ ਜਿਹੀ ਬਣ ਗਈ ਹੈ। ਅਸੀਂ ਵਾਰਡ ਵਿੱਚ ਵੀ ਨਹੀਂ ਜਾ ਸਕੇ ਕਿਉਂਕਿ ਉੱਥੇ ਬਹੁਤ ਸਾਰੇ ਜ਼ਖ਼ਮੀ ਪਏ ਸਨ।"

ਉਨ੍ਹਾਂ ਕਿਹਾ, "ਜਦੋਂ ਮੈਂ ਕਿਸੇ ਜ਼ਖਮੀ ਵਿਅਕਤੀ ਦਾ ਇਲਾਜ ਕਰਦਾ ਸੀ, ਤਾਂ ਤੁਰੰਤ ਕਿਸੇ ਹੋਰ ਮਰੀਜ਼ ਦੀ ਆਵਾਜ਼ ਆ ਜਾਂਦੀ ਸੀ। ਸਾਰੇ ਵਿਦਿਆਰਥੀਆਂ ਨੂੰ ਵੱਖ-ਵੱਖ ਸਮੂਹਾਂ ਵਿੱਚ ਵੰਡਿਆ ਗਿਆ ਸੀ ਅਤੇ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਡਾਕਟਰਾਂ ਦੀ ਮਦਦ ਲਈ ਨਿਯੁਕਤ ਕੀਤਾ ਗਿਆ ਸੀ।"

BBC
ਵਾਰਡਾਂ ਵਿੱਚ ਬੁਨਿਆਦੀ ਸਹੂਲਤਾਂ ਦੀ ਘਾਟ ਸਾਫ਼ ਦਿਖਾਈ ਦੇ ਰਹੀ ਸੀ।

ਬੁਨਿਆਦੀ ਸਹੂਲਤਾਂ ਦੀ ਘਾਟ

ਪੋਸਟ ਗ੍ਰੈਜੂਏਟ ਵਿਦਿਆਰਥੀਆਂ, ਡਾਕਟਰਾਂ, ਨਰਸਾਂ ਅਤੇ ਵਲੰਟੀਅਰਾਂ ਸਮੇਤ ਜੋ ਵੀ ਉਪਲੱਬਧ ਸਨ, ਉਹਨਾਂ ਨੂੰ ਕਾਲਾਂ ਕਰਕੇ ਜਾਂ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਬੁਲਾਇਆ ਗਿਆ ਸੀ।

ਵਾਰਡਾਂ ਵਿੱਚ ਬੁਨਿਆਦੀ ਸਹੂਲਤਾਂ ਦੀ ਘਾਟ ਸਾਫ਼ ਦਿਖਾਈ ਦੇ ਰਹੀ ਸੀ।

ਰੇਲ ਹਾਦਸੇ ਦਾ ਸ਼ਿਕਾਰ ਹੋਏ ਲੋਕ ਫਰਸ਼ ''''ਤੇ ਪਏ ਸਨ। ਉਨ੍ਹਾਂ ਵਿੱਚੋਂ ਕੁਝ ਬੇਹੋਸ਼ ਸਨ ਅਤੇ ਕੁਝ ਹੋਸ਼ ਵਿੱਚ ਸਨ। ਜੋ ਹੋਸ਼ ਵਿਚ ਸਨ, ਉਹ ਬਹੁਤ ਦਰਦ ਦੀ ਮਾਰ ਝੱਲ ਰਹੇ ਸਨ।

BBC

ਰੇਲ ਹਾਦਸੇ ਬਾਰੇ ਮੁੱਖ ਗੱਲਾਂ:-

ਹਾਦਸਾ ਕਦੋਂ ਹੋਇਆ - 2 ਜੂਨ, 2023 ਸਮਾਂ ਸ਼ਾਮ 7 ਵਜੇ ਦੇ ਕਰੀਬ

ਗੱਡੀਆਂ ਦਾ ਵੇਰਵਾ - ਗੱਡੀ ਨੰਬਰ 12841 (ਸ਼ਾਲੀਮਾਰ-ਚੇਨੰਈ ਕੋਰੋਮੰਡਲ ਸੁਪਰ ਫਾਸਟ ਐਕਸਪ੍ਰੈੱਸ), ਗੱਡੀ ਨੰਬਰ 12864 (ਸਰ ਐੱਮ ਵਿਸਵਸਵਰਿਆ ਟਰਮਿਨਲ-ਹਾਵੜਾ ਸੁਪਰ ਫਾਸਟ ਐਕਸਪ੍ਰੈੱਸ) ਅਤੇ ਬਹਾਨਗਾ ਬਜ਼ਾਰ ਸਟੇਸ਼ਨ ਉੱਤੇ ਖੜ੍ਹੀ ਮਾਲ ਗੱਡੀ

ਹੁਣ ਤੱਕ ਮੌਤਾਂ - 275

ਕੁੱਲ ਜ਼ਖ਼ਮੀਂ - ਲਗਭਗ 1000

ਹਾਦਸੇ ਵਾਲੀ ਥਾਂ ਉੱਤੇ 9 ਐੱਨਡੀਆਰਐੱਫ਼ ਟੀਮਾਂ, 4 ਓਡੀਆਰਏਐੱਫ਼ ਯੂਨਿਟਾਂ ਅਤੇ 24 ਫਾਇਰ ਅਤੇ ਐਮਰਜੈਂਸੀ ਯੂਨਿਟਾਂ ਬਚਾਅ ਕਾਰਜ ਵਿੱਚ ਲੱਗੀਆਂ ਹਨ।

100 ਤੋਂ ਵੱਧ ਮੈਡੀਕਲ ਟੀਮਾਂ ਪੈਰਾਮੈਡੀਕਲ ਸਟਾਫ਼ ਨਾਲ ਹਾਦਸੇ ਵਾਲੀ ਥਾਂ ਉੱਤੇ ਮੌਜੂਦ।

200 ਤੋਂ ਵੱਧ ਐਂਬੂਲੈਂਸ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਉਣ ਵਿੱਚ ਲੱਗੀਆਂ ਹੋਈਆਂ ਹਨ।

ਵੱਖ-ਵੱਖ ਸਟੇਸ਼ਨਾਂ ਉੱਤੇ ਫਸੇ ਹੋਏ ਮੁਸਾਫ਼ਰਾਂ ਲਈ ਖਾਣੇ ਅਤੇ ਪਾਣੀ ਦਾ ਇੰਤਜ਼ਾਮ।

ਫਸੇ ਹੋਏ ਮੁਸਾਫ਼ਰਾਂ ਦੀ ਆਵਾਜਾਈ ਲਈ 30 ਬੱਸਾਂ ਦਾ ਇੰਤਜ਼ਾਮ।

ਲਗਭਗ 900 ਜ਼ਖ਼ਮੀਆਂ ਨੂੰ ਸੋਰੋ, ਬਾਲਾਸੋਰ, ਭਦਰਕ ਅਤੇ ਕਟਕ ਦੇ ਹਸਪਤਾਲਾਂ ਵਿੱਚ ਸ਼ਿਫ਼ਟ ਕੀਤਾ ਗਿਆ।

ਜ਼ਖ਼ਮੀਆਂ ਨੂੰ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਮੁਫ਼ਤ ਇਲਾਜ ਦਿੱਤਾ ਜਾ ਰਿਹਾ ਹੈ।

BBC

‘ਮੈਨੂੰ ਜਦੋਂ ਹੋਸ਼ ਆਇਆ ਤਾਂ ਮੈਂ ਮਲਬੇ ਹੇਠ ਸੀ''''

ਜਦੋਂ ਮੈਂ ਹਸਪਤਾਲ ਦੇ ਅੰਦਰ ਵਾਰਡ ਵਿੱਚ ਪਹੁੰਚਿਆ ਤਾਂ ਰਿਤਵਿਕ ਪਾਤਰਾ ਨੂੰ ਮਿਲਿਆ।

ਉਹ ਹਾਦਸੇ ਦੀ ਮਾਰ ਹੇਠ ਆਈ ਸ਼ਾਲੀਮਾਰ-ਚੇਨਈ ਕੋਰੋਮੰਡਲ ਐਕਸਪ੍ਰੈਸ ਰਾਹੀਂ ਚੇਨਈ ਜਾ ਰਹੇ ਰਿਹਾ ਸੀ।

ਬੈੱਡ ''''ਤੇ ਪਏ ਰਿਤਵਿਕ ਦੇ ਮੱਥੇ ''''ਤੇ ਖੂਨ ਨਾਲ ਲੱਥਪੱਥ ਪੱਟੀ ਅਤੇ ਲੱਤ ''''ਤੇ ਪਲਾਸਟਰ ਲੱਗਾ ਹੋਇਆ ਸੀ। ਉਹ ਬੇਸ਼ੱਕ ਬੈੱਡ ''''ਤੇ ਸੀ ਪਰ ਬਾਕੀ ਪੀੜਤ ਫਰਸ਼ ''''ਤੇ ਪਏ ਸਨ।

BBC

ਪਾਤਰਾ ਮੁਤਾਬਕ, “ਮੈਨੂੰ ਬਸ ਯਾਦ ਹੈ ਕਿ ਇੱਕ ਵੱਡਾ ਧਮਾਕਾ ਹੋਇਆ ਅਤੇ ਅਸੀਂ ਪਲਟ ਗਏ। ਮੈਂ ਹੋਸ਼ ਵਿੱਚ ਸੀ ਪਰ ਮੈਂ ਮਲਬੇ ਹੇਠ ਦੱਬ ਗਿਆ ਸੀ। ਮਲਬੇ ਹੇਠ ਮੇਰੇ ਵਰਗੇ ਹੋਰ ਵੀ ਕਈ ਲੋਕ ਸਨ।''''''''

ਰਿਤਵਿਕ ਪਾਤਰਾ ਦੱਖਣੀ ਭਾਰਤ ਦੀ ਯਾਤਰਾ ਕਰ ਰਹੇ ਸਨ, ਜਦਕਿ ਦੂਜੇ ਪਾਸੇ ਪੰਕਜ ਪਾਸਵਾਨ ਦੱਖਣੀ ਭਾਰਤ ਤੋਂ ਬਿਹਾਰ ਸਥਿਤ ਆਪਣੇ ਘਰ ਜਾ ਰਹੇ ਸਨ।

ਪੰਕਜ ਯਸ਼ਵੰਤਪੁਰ-ਹਾਵੜਾ ਐਕਸਪ੍ਰੈਸ ਵਿੱਚ ਸਫ਼ਰ ਕਰ ਰਿਹਾ ਸੀ।

ਉਸਨੇ ਕਿਹਾ, “ਮੈਨੂੰ ਯਾਦ ਨਹੀਂ ਕਿ ਕੀ ਹੋਇਆ ਸੀ। ਮੈਂ ਆਪ ਮਲਬੇ ਵਿੱਚੋਂ ਬਾਹਰ ਨਿੱਕਲ ਕੇ ਆਇਆ। ਬਾਅਦ ਵਿੱਚ ਸੁਣਿਆ ਕਿ ਸਾਡੀ ਰੇਲਗੱਡੀ ਮਾਲ ਗੱਡੀ ਨਾਲ ਟਕਰਾ ਗਈ ਸੀ।”

ਸਾਨੂੰ ਜਾਣਕਾਰੀ ਮਿਲੀ ਕਿ ਕੋਰੋਮੰਡਲ ਐਕਸਪ੍ਰੈਸ ਟਰੇਨ ਦੇ ਕੁਝ ਡੱਬੇ ਰਾਖਵੇ (ਰਿਜ਼ਰਵ) ਨਹੀਂ ਸਨ। ਜਦੋਂ ਕਿਸੇ ਵਿਅਕਤੀ ਨੇ ਮੌਕੇ ’ਤੇ ਸਫ਼ਰ ਕਰਨਾ ਹੁੰਦਾ ਹੈ ਤਾਂ ਉਸ ਨੂੰ ਅਜਿਹੇ ਬਿਨਾ ਰਾਖਵੇਂ ਡੱਬਿਆਂ ਵਿੱਚ ਥਾਂ ਮਿਲ ਜਾਂਦੀ ਹੈ।

ਹੁਣ ਤੱਕ ਕਿਉਂ ਨਹੀਂ ਹੋਈ 187 ਲਾਸ਼ਾਂ ਦੀ ਪਛਾਣ

ਇਸ ਹਾਦਸੇ ਵਿੱਚ ਮਰਨ ਵਾਲਿਆਂ ਵਿੱਚੋਂ 187 ਲੋਕਾਂ ਦੀ ਹਾਲੇ ਤੱਕ ਪਛਾਣ ਨਹੀਂ ਹੋ ਸਕੀ ਹੈ। ਅਜਿਹੇ ਵਿੱਚ ਉਹਨਾਂ ਦੇ ਪਰਿਵਾਰ ਨੂੰ ਮੁਆਵਜ਼ਾ ਕਿਵੇਂ ਮਿਲੇਗਾ?

ਦੂਜੇ ਪਾਸੇ ਓਡੀਸ਼ਾ ਦੇ ਮੁੱਖ ਸਕੱਤਰ ਪ੍ਰਦੀਪ ਜੇਨਾ ਦਾ ਕਹਿਣਾ ਹੈ ਕਿ ਮ੍ਰਿਤਕਾਂ ਦੀ ਪਛਾਣ ਕਰਨਾ ਇਸ ਸਮੇਂ ਸਰਕਾਰ ਲਈ ਵੱਡੀ ਚੁਣੌਤੀ ਹੈ।

ਉਨ੍ਹਾਂ ਕਿਹਾ, ''''''''187 ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਹੈ। ਮ੍ਰਿਤਕਾਂ ਦੀਆਂ ਤਸਵੀਰਾਂ ਵਾਲੀ ਸੂਚੀ ਤਿਆਰ ਕਰਕੇ ਤਿੰਨ ਸਰਕਾਰੀ ਵੈੱਬਸਾਈਟਾਂ ''''ਤੇ ਅਪਲੋਡ ਕੀਤੀ ਗਈ ਹੈ। ਜੇਕਰ ਲੋੜ ਪਈ ਤਾਂ ਸਰਕਾਰ ਡੀਐਨਏ ਟੈਸਟ ਵੀ ਕਰਵਾਏਗੀ।”

ਮੁੱਖ ਸਕੱਤਰ ਦਾ ਕਹਿਣਾ ਹੈ ਕਿ 170 ਲਾਸ਼ਾਂ ਨੂੰ ਰਾਜਧਾਨੀ ਭੁਵਨੇਸ਼ਵਰ (ਏਮਜ਼ ਅਤੇ ਹੋਰ ਹਸਪਤਾਲਾਂ ਵਿੱਚ) ਭੇਜਿਆ ਗਿਆ ਹੈ। ਬਾਕੀ 17 ਲਾਸ਼ਾਂ ਨੂੰ ਵੀ ਭੁਵਨੇਸ਼ਵਰ ਲਿਜਾਇਆ ਜਾ ਰਿਹਾ ਹੈ। ਮ੍ਰਿਤਕਾਂ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਦੋ ਲਾਸ਼ਾਂ ਨੂੰ ਇੱਕ ਐਂਬੂਲੈਂਸ ਵਿੱਚ ਰੱਖ ਕੇ, ਯਾਨੀ ਕੁੱਲ ਲਾਸ਼ਾਂ ਨੂੰ 85 ਐਂਬੂਲੈਂਸ ਦੀ ਮਦਦ ਨਾਲ ਭੁਵਨੇਸ਼ਵਰ ਪਹੁੰਚਾਇਆ ਗਿਆ ਹੈ।

ਹਾਲ ਹੀ ''''ਚ ਸੋਸ਼ਲ ਮੀਡੀਆ ''''ਤੇ ਕੁਝ ਤਸਵੀਰਾਂ ਵੀ ਵਾਇਰਲ ਹੋਈਆਂ ਸਨ, ਜਿਸ ''''ਚ ਮੌਕੇ ''''ਤੇ ਮੌਜੂਦ ਲੋਕ ਬਹੁਤ ਹੀ ਮਾੜੇ ਤਰੀਕੇ ਨਾਲ ਲਾਸ਼ਾਂ ਨੂੰ ਗੱਡੀਆਂ ''''ਚ ਰੱਖ ਰਹੇ ਸਨ।

BBC

ਪਛਾਣ ਕਰਨ ਵਿੱਚ ਕੀ ਸਮੱਸਿਆ ਆ ਰਹੀ ਹੈ?

ਬੀਬੀਸੀ ਸਹਿਯੋਗੀ ਚੰਦਨ ਜਜਵਾੜੇ ਦੱਸਦੇ ਹਨ ਕਿ ਕੋਰੋਮੰਡਲ ਐਕਸਪ੍ਰੈੱਸ ਦੇ ਐੱਸਐਲਆਰ ਕੋਚ ਦੇ ਪਿੱਛੇ ਦਾ ਜਨਰਲ ਡੱਬਾ ਆਮ ਯਾਤਰੀਆਂ ਨਾਲ ਭਰਿਆ ਹੋਇਆ ਸੀ। ਇਸ ਡੱਬੇ ਵਿਚ ਆਮ ਲੋਕ ਜਨਰਲ ਟਿਕਟ ''''ਤੇ ਸਫ਼ਰ ਕਰਦੇ ਹਨ।

ਅਜਿਹੇ ''''ਚ ਰੇਲਵੇ ਕੋਲ ਇਨ੍ਹਾਂ ਡੱਬਿਆਂ ''''ਚ ਸਫਰ ਕਰਨ ਵਾਲੇ ਲੋਕਾਂ ਦੀ ਗਿਣਤੀ ਜਾਂ ਪਛਾਣ ਦਾ ਕੋਈ ਰਿਕਾਰਡ ਨਹੀਂ ਹੈ।

ਇਹੀ ਕਾਰਨ ਹੈ ਕਿ ਇਸ ਜਨਰਲ ਡੱਬੇ ਵਿੱਚ ਸਫ਼ਰ ਕਰਨ ਵਾਲੇ ਲੋਕਾਂ ਦੀ ਪਛਾਣ ਕਰਨ ਵਿੱਚ ਵੱਧ ਤੋਂ ਵੱਧ ਸਮਾਂ ਲੱਗ ਰਿਹਾ ਹੈ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)