ਓਡੀਸ਼ਾ ਰੇਲ ਹਾਦਸਾ: ਸੈਂਕੜੇ ਜਾਨਾਂ ਲੈਣ ਵਾਲਾ ਹਾਦਸਾ ਕਿਵੇਂ ਵਾਪਰਿਆ, ਹਾਦਸੇ ਵੇਲੇ ਕੀ ਕੁਝ ਹੋਇਆ

06/03/2023 6:34:25 PM

ਓਡੀਸ਼ਾ ਦੇ ਬਾਲਾਸੋਰ ਜ਼ਿਲੇ ''''ਚ ਸ਼ੁੱਕਰਵਾਰ ਸ਼ਾਮ ਨੂੰ ਹੋਏ ਰੇਲ ਹਾਦਸੇ ''''ਚ ਹੁਣ ਤੱਕ 260 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਸ ਹਾਦਸੇ ''''ਚ ਕਰੀਬ 1000 ਲੋਕ ਜ਼ਖਮੀ ਹੋਏ ਹਨ। ਜ਼ਖਮੀਆਂ ਵਿੱਚੋਂ ਕਈਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਇਹ ਹਾਦਸਾ ਕੋਰੋਮੰਡਲ ਐਕਸਪ੍ਰੈੱਸ ਦੇ ਇੱਕ ਮਾਲ ਗੱਡੀ ਨੂੰ ਪਿੱਛੋਂ ਟੱਕਰ ਮਾਰਨ ਨਾਲ ਹੋਇਆ।

ਰੇਲਵੇ ਦੀ ਤਕਨੀਕੀ ਭਾਸ਼ਾ ਵਿੱਚ ਇਸ ਨੂੰ ਹੈੱਡ ਆਨ ਕੋਲੀਜ਼ਨ ਕਿਹਾ ਜਾਂਦਾ ਹੈ। ਅਜਿਹੇ ਹਾਦਸੇ ਆਮ ਤੌਰ ''''ਤੇ ਬਹੁਤ ਘੱਟ ਦੇਖਣ ਨੂੰ ਮਿਲਦੇ ਹਨ।

Getty Images
ਇਹ ਹਾਦਸਾ ਰੇਲਵੇ ਦੇ ਦੱਖਣ ਪੂਰਬੀ ਜ਼ੋਨ ਦੇ ਖੜਗਪੁਰ ਡਿਵੀਜ਼ਨ ''''ਚ ਬਰਾਡ ਗੇਜ ਨੈੱਟਵਰਕ ''''ਤੇ ਵਾਪਰਿਆ

ਇਸ ਹਾਦਸੇ ਵਿੱਚ ਕੋਰੋਮੰਡਲ ਐਕਸਪ੍ਰੈੱਸ ਦੇ 12 ਡੱਬੇ ਪੱਟੜੀ ਤੋਂ ਉਤਰ ਗਏ। ਇਨ੍ਹਾਂ ਵਿੱਚੋਂ ਕੁਝ ਡੱਬੇ ਦੂਜੇ ਟਰੈਕ ''''ਤੇ ਚਲੇ ਗਏ।

ਯਸ਼ਵੰਤਪੁਰ-ਹਾਵੜਾ ਐਕਸਪ੍ਰੈੱਸ ਉਸੇ ਸਮੇਂ ਦੂਜੇ ਟਰੈਕ ਤੋਂ ਲੰਘ ਰਹੀ ਸੀ ਜੋ ਬੈਂਗਲੁਰੂ ਤੋਂ ਆ ਰਹੀ ਸੀ।

Getty Images
ਇਸ ਹਾਦਸੇ ''''ਚ ਹੁਣ ਤੱਕ 260 ਮੌਤਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਦਕਿ ਜ਼ਖਮੀਆਂ ਦੀ ਗਿਣਤੀ 1000 ਤੋਂ ਵੱਧ ਹੈ

ਪੱਟੜੀ ਤੋਂ ਉਤਰਨ ਤੋਂ ਬਾਅਦ ਕੋਰੋਮੰਡਲ ਐਕਸਪ੍ਰੈੱਸ ਦੇ ਡੱਬੇ ਦੂਜੇ ਟਰੈਕ ''''ਤੇ ਜਾ ਰਹੇ ਯਸ਼ਵੰਤਪੁਰ-ਹਾਵੜਾ ਐਕਸਪ੍ਰੈੱਸ ਨਾਲ ਟਕਰਾ ਗਏ। ਇਸ ਦੌਰਾਨ ਹੀ ਇਹ ਭਿਆਨਕ ਹਾਦਸਾ ਵਾਪਰ ਗਿਆ।

ਇਹ ਹਾਦਸਾ ਰੇਲਵੇ ਦੇ ਦੱਖਣ ਪੂਰਬੀ ਜ਼ੋਨ ਦੇ ਖੜਗਪੁਰ ਡਿਵੀਜ਼ਨ ''''ਚ ਬਰਾਡ ਗੇਜ ਨੈੱਟਵਰਕ ''''ਤੇ ਵਾਪਰਿਆ।

ਤੁਹਾਨੂੰ ਦੱਸਦੇ ਹਾਂ ਕਿ ਸ਼ੁੱਕਰਵਾਰ ਰਾਤ ਨੂੰ ਹੋਏ ਇਸ ਹਾਦਸੇ ਦੌਰਾਨ ਕੀ-ਕੀ ਹੋਇਆ?

ਇਹ ਹਾਦਸਾ ਕਿਵੇਂ ਵਾਪਰਿਆ?

Getty Images
23 ਡੱਬਿਆਂ ਵਾਲੀ ਕੋਰੋਮੰਡਲ ਐਕਸਪ੍ਰੈੱਸ ਗੱਡੀ ਨੇ ਅਪ ਲਾਈਨ ''''ਤੇ ਬਾਲਾਸੋਰ, ਕਟਕ, ਭੁਵਨੇਸ਼ਵਰ, ਵਿਸ਼ਾਖਾਪਟਨਮ ਅਤੇ ਵਿਜੇਵਾੜਾ ਤੋਂ ਹੋ ਕੇ ਚੇਨਈ ਪਹੁੰਚਣਾ ਸੀ

ਸ਼ੁੱਕਰਵਾਰ, 2 ਜੂਨ ਨੂੰ 12841 ਨੰਬਰ ਰੇਲਗੱਡੀ ਯਾਨੀ ਸ਼ਾਲੀਮਾਰ-ਮਦਰਾਸ ਕੋਰੋਮੰਡਲ ਐਕਸਪ੍ਰੈੱਸ ਆਪਣੇ ਸਹੀ ਸਮੇਂ ''''ਤੇ ਹਾਵੜਾ ਨੇੜੇ ਸ਼ਾਲੀਮਾਰ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਈ।

23 ਡੱਬਿਆਂ ਵਾਲੀ ਇਸ ਰੇਲਗੱਡੀ ਨੇ ਅਪ ਲਾਈਨ ''''ਤੇ ਬਾਲਾਸੋਰ, ਕਟਕ, ਭੁਵਨੇਸ਼ਵਰ, ਵਿਸ਼ਾਖਾਪਟਨਮ ਅਤੇ ਵਿਜੇਵਾੜਾ ਤੋਂ ਹੋ ਕੇ ਚੇਨਈ ਪਹੁੰਚਣਾ ਸੀ।

ਇਸ ਟਰੇਨ ਨੇ ਦੁਪਹਿਰ 3.20 ''''ਤੇ ਆਪਣਾ ਸਫਰ ਸ਼ੁਰੂ ਕੀਤਾ ਅਤੇ ਇਹ ਪਹਿਲਾਂ ਸੰਤਰਾਗਾਚੀ ਰੇਲਵੇ ਸਟੇਸ਼ਨ ''''ਤੇ ਰੁਕੀ ਅਤੇ ਫਿਰ ਸਿਰਫ਼ 3 ਮਿੰਟ ਦੀ ਦੇਰੀ ਨਾਲ ਖੜਗਪੁਰ ਸਟੇਸ਼ਨ ਪਹੁੰਚੀ।

ਟਰੇਨ ਸ਼ਾਮ 5.05 ਵਜੇ ਖੜਗਪੁਰ ਸਟੇਸ਼ਨ ਤੋਂ ਚੱਲਣੀ ਸ਼ੁਰੂ ਹੋਈ। ਇਹ ਰੇਲਗੱਡੀ ਸ਼ਾਮ 7 ਵਜੇ ਬਾਲਾਸੋਰ ਨੇੜੇ ਬਹਾਨਗਾ ਬਾਜ਼ਾਰ ਰੇਲਵੇ ਸਟੇਸ਼ਨ ਵੱਲ ਜਾ ਰਹੀ ਸੀ।

Getty Images
ਇਸ ਭਿਆਨਕ ਹਾਦਸੇ ਵਿੱਚ ਆਪਣੀ ਜਾਨ ਗੁਆਉਣ ਵਾਲੇ ਲੋਕਾਂ ਲਈ ਸਰਕਾਰ ਨੇ ਮੁਆਵਜ਼ੇ ਦਾ ਐਲਾਨ ਕੀਤਾ ਹੈ

ਇਸ ਰੇਲਗੱਡੀ ਨੇ ਬਹਾਨਗਾ ਸਟੇਸ਼ਨ ''''ਤੇ ਰੁਕੇ ਬਿਨਾਂ ਸਿੱਧੀ ਅੱਗੇ ਜਾਣਾ ਸੀ, ਪਰ ਇਹ ਸਟੇਸ਼ਨ ''''ਤੇ ਮੇਨ ਲਾਈਨ ਦੀ ਬਜਾਏ ਲੂਪ ਲਾਈਨ ਵੱਲ ਚਲੀ ਗਈ।

ਇਸ ਸਟੇਸ਼ਨ ''''ਤੇ ਲੂਪ ਲਾਈਨ ਉੱਪਰ ਇੱਕ ਮਾਲ ਗੱਡੀ ਖੜ੍ਹੀ ਸੀ ਅਤੇ ਤੇਜ਼ ਰਫਤਾਰ ਕੋਰੋਮੰਡਲ ਐਕਸਪ੍ਰੈੱਸ ਨੇ ਪਿੱਛੇ ਤੋਂ ਮਾਲ ਗੱਡੀ ਨੂੰ ਟੱਕਰ ਮਾਰ ਦਿੱਤੀ।

ਆਲ ਇੰਡੀਆ ਰੇਲਵੇ ਮੇਨਸ ਫੈਡਰੇਸ਼ਨ ਦੇ ਜਨਰਲ ਸਕੱਤਰ ਸ਼ਿਵ ਗੋਪਾਲ ਮਿਸ਼ਰਾ ਨੇ ਬੀਬੀਸੀ ਨੂੰ ਦੱਸਿਆ ਹੈ ਕਿ ਕੋਰੋਮੰਡਲ ਐਕਸਪ੍ਰੈੱਸ ਨੂੰ ਕਿਸੇ ਤਕਨੀਕੀ ਨੁਕਸ ਕਾਰਨ ਹਰੀ ਝੰਡੀ ਦਿੱਤੀ ਗਈ ਸੀ ਜਾਂ ਕਿਸੇ ਤਕਨੀਕੀ ਨੁਕਸ ਕਾਰਨ ਰੇਲਗੱਡੀ ਮੇਨ ਲਾਈਨ ਛੱਡ ਕੇ ਲੂਪ ਲਾਈਨ ''''ਤੇ ਚਲੀ ਗਈ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ।

ਜਦੋ ਕੋਰੋਮੰਡਲ ਐਕਸਪ੍ਰੈੱਸ ਨੇ ਮਾਲ ਗੱਡੀ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ ਤਾਂ ਟਰੇਨ ਦੇ 12 ਡੱਬੇ ਪੱਟੜੀ ਤੋਂ ਉਤਰ ਗਏ। ਇਸ ਦੇ ਕੁਝ ਡੱਬੇ ਡਿੱਗ ਗਏ ਅਤੇ ਦੂਜੇ ਪਾਸੇ ਡਾਊਨ ਲਾਈਨ ''''ਤੇ ਪਹੁੰਚ ਗਏ। ਇਹ ਡੱਬੇ ਉਸ ਲਾਈਨ ''''ਤੇ ਆ ਰਹੀ ਯਸ਼ਵੰਤਪੁਰ-ਹਾਵੜਾ ਐਕਸਪ੍ਰੈੱਸ ਨਾਲ ਟਕਰਾ ਗਏ।

BBC

ਰੇਲ ਹਾਦਸੇ ਬਾਰੇ ਖਾਸ ਗੱਲਾਂ:

  • ਸ਼ੁੱਕਰਵਾਰ, 02 ਜੂਨ 2023 ਨੂੰ ਸ਼ਾਮ 7 ਵਜੇ ਦੇ ਕਰੀਬ ਤਿੰਨ ਟਰੇਨਾਂ ਹਾਦਸੇ ਦਾ ਸ਼ਿਕਾਰ ਹੋਈਆਂ।
  • ਇਹ ਹਾਦਸਾ ਓਡੀਸ਼ਾ ਦੇ ਬਾਲਾਸੋਰ ਨੇੜੇ ਬਹਾਨਗਾ ਬਾਜ਼ਾਰ ਸਟੇਸ਼ਨ ਨੇੜੇ ਵਾਪਰਿਆ।
  • ਇਸ ਹਾਦਸੇ ਵਿੱਚ ਸ਼ਾਲੀਮਾਰ-ਕੋਰੋਮੰਡਲ ਐਕਸਪ੍ਰੈਸ, ਯਸ਼ਵੰਤਪੁਰ-ਹਾਵੜਾ ਐਕਸਪ੍ਰੈਸ ਦੇ ਕਈ ਡੱਬੇ ਪੱਟੜੀ ਤੋਂ ਉਤਰ ਗਏ। ਇਸ ਹਾਦਸੇ ਦੀ ਲਪੇਟ ''''ਚ ਇੱਕ ਮਾਲ ਗੱਡੀ ਵੀ ਆ ਗਈ।
  • ਇਸ ਹਾਦਸੇ ''''ਚ ਹੁਣ ਤੱਕ 260 ਮੌਤਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਦਕਿ ਜ਼ਖਮੀਆਂ ਦੀ ਗਿਣਤੀ 1000 ਤੋਂ ਵੱਧ ਹੈ।
  • ਇਸ ਕਾਰਨ 48 ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਜਦਕਿ 39 ਟਰੇਨਾਂ ਦੇ ਰੂਟ ਬਦਲੇ ਗਏ ਹਨ।
BBC

ਜਦੋਂ ਦੂਜੀ ਟਰੇਨ ਨਾਲ ਟੱਕਰ ਹੋਈ

ਉਸੇ ਸਮੇਂ ਯਸ਼ਵੰਤਪੁਰ ਤੋਂ ਹਾਵੜਾ ਵੱਲ ਆ ਰਹੀ 12864 ਯਸ਼ਵੰਤਪੁਰ ਹਾਵੜਾ ਐਕਸਪ੍ਰੈਸ ਟਰੇਨ ਹਾਦਸੇ ਵਾਲੀ ਥਾਂ ਤੋਂ ਲੰਘ ਰਹੀ ਸੀ।

22 ਡੱਬਿਆਂ ਵਾਲੀ ਇਹ ਟਰੇਨ ਕਰੀਬ 4 ਘੰਟੇ ਦੇਰੀ ਨਾਲ ਚੱਲ ਰਹੀ ਸੀ ਅਤੇ ਟਰੇਨ ਦਾ ਜ਼ਿਆਦਾਤਰ ਹਿੱਸਾ ਹਾਦਸੇ ਵਾਲੀ ਥਾਂ ਤੋਂ ਲੰਘ ਚੁੱਕਿਆ ਸੀ।

ਫਿਰ ਕੋਰੋਮੰਡਲ ਐਕਸਪ੍ਰੈੱਸ ਟਰੇਨ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਇਸ ਦੇ ਕੁਝ ਡੱਬੇ ਡਿੱਗਣ ਤੋਂ ਬਾਅਦ ਯਸ਼ਵੰਤਪੁਰ-ਹਾਵੜਾ ਐਕਸਪ੍ਰੈੱਸ ਦੇ ਪਿਛਲੇ ਹਿੱਸੇ ਨਾਲ ਟਕਰਾ ਗਏ। ਇਸ ਟੱਕਰ ਕਾਰਨ ਦੂਜੀ ਟਰੇਨ ਦੇ 3 ਡੱਬੇ ਵੀ ਪੱਟੜੀ ਤੋਂ ਉਤਰ ਗਏ।

PIYAL ADHIKARY/EPA-EFE/REX/SHUTTERSTOCK

ਰੇਲ ਮੰਤਰਾਲੇ ਦੇ ਬੁਲਾਰੇ ਅਮਿਤਾਭ ਸ਼ਰਮਾ ਨੇ ਸ਼ੁੱਕਰਵਾਰ ਰਾਤ ਨੂੰ ਇਕ ਬਿਆਨ ''''ਚ ਕਿਹਾ ਹੈ ਕਿ ਇਹ ਘਟਨਾ ਸ਼ਾਮ ਕਰੀਬ 7 ਵਜੇ ਵਾਪਰੀ ਅਤੇ ਇਸ ਘਟਨਾ ''''ਚ ਦੋਵੇਂ ਟਰੇਨਾਂ ਦੇ ਕੁੱਲ 15 ਡੱਬੇ ਪੱਟੜੀ ਤੋਂ ਉਤਰ ਗਏ ਸਨ।

ਰੇਲਵੇ ਦੇ ਮਾਹਰ ਅਤੇ ਰੇਲਵੇ ਬੋਰਡ ਦੇ ਸਾਬਕਾ ਮੈਂਬਰ (ਟਰੈਫਿਕ) ਸ਼੍ਰੀ ਪ੍ਰਕਾਸ਼ ਨੇ ਬੀਬੀਸੀ ਨੂੰ ਦੱਸਿਆ ਕਿ ਜਿਸ ਤਰ੍ਹਾਂ ਦੀ ਜਾਣਕਾਰੀ ਆ ਰਹੀ ਹੈ, ਉਸ ਤੋਂ ਲੱਗਦਾ ਹੈ ਕਿ ਇਹ ਹਾਦਸਾ ਵੱਡੀ ਮਨੁੱਖੀ ਗਲਤੀ ਕਾਰਨ ਵਾਪਰਿਆ ਹੈ।

ਸ਼੍ਰੀ ਪ੍ਰਕਾਸ਼ ਦੇ ਅਨੁਸਾਰ, "ਜੇਕਰ ਇੱਕ ਰੇਲਗੱਡੀ ਇੱਕ ਟਰੈਕ ''''ਤੇ ਖੜ੍ਹੀ ਹੁੰਦੀ ਹੈ, ਤਾਂ ਪੁਆਇੰਟਾਂ ਨੂੰ ਉਲਟਾ ਦਿੱਤਾ ਜਾਂਦਾ ਹੈ ਤਾਂ ਜੋ ਦੂਜੀ ਰੇਲਗੱਡੀ ਉਸ ਟਰੈਕ ''''ਤੇ ਨਾ ਆ ਸਕੇ। ਜੇਕਰ ਕਿਸੇ ਤਕਨੀਕੀ ਖਰਾਬੀ ਕਾਰਨ ਅਜਿਹਾ ਨਾ ਹੋ ਸਕੇ ਤਾਂ ਤੁਰੰਤ ਲਾਲ ਬੱਤੀ ਦਾ ਸਿਗਨਲ ਦਿੱਤਾ ਜਾਂਦਾ ਹੈ ਤਾਂ ਜੋ ਆਉਣ ਵਾਲੀ ਟਰੇਨ ਰੁਕ ਜਾਵੇ।”

Getty Images
ਰਫ਼ਤਾਰ ਕਾਰਨ ਕੋਰੋਮੰਡਲ ਐਕਸਪ੍ਰੈਸ ਨੂੰ ਜ਼ਿਆਦਾ ਨੁਕਸਾਨ ਹੋਇਆ

ਰੇਲ ਗੱਡੀਆਂ ਦੀ ਰਫ਼ਤਾਰ

ਸ਼ਿਵ ਗੋਪਾਲ ਮਿਸ਼ਰਾ ਅਨੁਸਾਰ ਇਸ ਰੂਟ ''''ਤੇ ਰੇਲ ਗੱਡੀਆਂ ਦੀ ਰਫ਼ਤਾਰ ਕਰੀਬ 15 ਦਿਨ ਪਹਿਲਾਂ ਵਧਾ ਕੇ 130 ਕਿਲੋਮੀਟਰ ਪ੍ਰਤੀ ਘੰਟਾ ਕੀਤੀ ਗਈ ਸੀ।

ਉਨ੍ਹਾਂ ਮੁਤਾਬਕ ਹਾਦਸੇ ਦੇ ਸਮੇਂ ਕੋਰੋਮੰਡਲ ਐਕਸਪ੍ਰੈੱਸ ਦੀ ਰਫਤਾਰ ਕਰੀਬ 128 ਕਿਲੋਮੀਟਰ ਪ੍ਰਤੀ ਘੰਟਾ ਸੀ, ਜਦਕਿ ਦੂਜੀ ਟਰੇਨ ਵੀ ਕਰੀਬ 125 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਚੱਲ ਰਹੀ ਸੀ।

ਇਸ ਰਫ਼ਤਾਰ ਕਾਰਨ ਕੋਰੋਮੰਡਲ ਐਕਸਪ੍ਰੈੱਸ ਨੂੰ ਜ਼ਿਆਦਾ ਨੁਕਸਾਨ ਹੋਇਆ।

ਦੂਜੇ ਪਾਸੇ ਤੇਜ਼ ਰਫ਼ਤਾਰ ਕਾਰਨ ਯਸ਼ਵੰਤਪੁਰ-ਹਾਵੜਾ ਐਕਸਪ੍ਰੈੱਸ ਰੇਲਗੱਡੀ ਦਾ ਜ਼ਿਆਦਾਤਰ ਹਿੱਸਾ ਹਾਦਸੇ ਵਾਲੀ ਥਾਂ ਤੋਂ ਲੰਘ ਗਿਆ ਸੀ ਅਤੇ ਉਸਦਾ ਪਿਛਲਾ ਹਿੱਸਾ ਹੀ ਹਾਦਸੇ ਦਾ ਸ਼ਿਕਾਰ ਹੋ ਗਿਆ।

ਖਾਸ ਗੱਲ ਇਹ ਹੈ ਕਿ ਹਾਦਸੇ ਦਾ ਸ਼ਿਕਾਰ ਹੋਈਆਂ ਦੋਵੇਂ ਟਰੇਨਾਂ ਐੱਲਐੱਚਬੀ ਕੋਚ ਦੀਆਂ ਸਨ।

NDRF/HANDOUT/EPA-EFE/REX/SHUTTERSTOCK

''''ਲਿੰਕੇ ਹਾਫਮੈਨ ਬੁਸ਼'''' ਕੋਚ ਜਰਮਨ ਡਿਜ਼ਾਈਨ ਦੇ ਕੋਚ ਹਨ ਅਤੇ ਹਾਦਸਿਆਂ ਦੇ ਲਿਹਾਜ਼ ਨਾਲ ਸੁਰੱਖਿਅਤ ਮੰਨੇ ਜਾਂਦੇ ਹਨ।

ਰੇਲਵੇ ਦੇ ਪੁਰਾਣੇ ਆਈਸੀਐੱਫ਼ ਡਿਜ਼ਾਈਨ ਵਾਲੇ ਕੋਚਾਂ ਦੇ ਮੁਕਾਬਲੇ ਐੱਲਐੱਚਬੀ ਕੋਚ ਦੁਰਘਟਨਾ ਸਮੇਂ ਇੱਕ ਦੂਜੇ ਦੇ ਉੱਪਰ ਨਹੀਂ ਚੜ੍ਹਦੇ, ਕਿਸੇ ਵੀ ਕੋਚ ਦੇ ਕੁਚਲੇ ਜਾਣ ਦਾ ਕੋਈ ਖਤਰਾ ਨਹੀਂ ਹੁੰਦਾ ਅਤੇ ਯਾਤਰੀਆਂ ਦੀ ਜਾਨ ਦਾ ਖਤਰਾ ਵੀ ਘੱਟ ਹੁੰਦਾ ਹੈ।

ਓਡੀਸ਼ਾ ਹਾਦਸੇ ਦੀਆਂ ਤਸਵੀਰਾਂ ਦਿਖਾਉਂਦੀਆਂ ਹਨ ਕਿ ਕੋਰੋਮੰਡਲ ਐਕਸਪ੍ਰੈੱਸ ਟਰੇਨ ਦਾ ਇੰਜਣ ਮਾਲ ਗੱਡੀ ਦੇ ਉੱਪਰ ਚੜ੍ਹ ਗਿਆ। ਜਦਕਿ ਇੰਜਣ ਦੇ ਪਿੱਛੇ ਕਈ ਡੱਬੇ ਆਪਸ ਵਿੱਚ ਟਕਰਾ ਜਾਣ ਕਾਰਨ ਦੱਬ ਗਏ।

ਬੀਬੀਸੀ ਨੇ ਇਸ ਮਾਮਲੇ ਵਿੱਚ ਵਧੇਰੇ ਜਾਣਕਾਰੀ ਲਈ ਰੇਲਵੇ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਕਿਸੇ ਅਧਿਕਾਰੀ ਨਾਲ ਸੰਪਰਕ ਨਹੀਂ ਹੋ ਸਕਿਆ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)