ਬ੍ਰਿਜ ਭੂਸ਼ਣ ਸ਼ਰਨ ਸਿੰਘ ਭਾਜਪਾ ਲਈ ਕਿਉਂ ਜ਼ਰੂਰੀ ਹੈ, ਜਾਣੋ ਉਸ ਦੇ ''''ਸਿੱਖਿਆ ਸਾਮਰਾਜ'''' ਬਾਰੇ ਖ਼ਾਸ ਗੱਲਾਂ

06/02/2023 1:34:24 PM

ANI
ਜ਼ਿਆਦਾਤਰ ਲੋਕਾਂ ਨੂੰ ਸ਼ਾਇਦ ਪਤਾ ਨਹੀਂ ਹੋਵੇਗਾ ਕਿ ਬ੍ਰਿਜ ਭੂਸ਼ਣ ਦੇ 50 ਤੋਂ ਵੱਧ ਸਕੂਲ ਅਤੇ ਕਾਲਜ ਹਨ

ਬ੍ਰਿਜ ਭੂਸ਼ਣ ਸ਼ਰਨ ਸਿੰਘ ਅਤੇ ਮਹਿਲਾ ਭਲਵਾਨਾਂ ਵਿਚਾਲੇ ਟਕਰਾਅ ਲਗਾਤਾਰ ਜਾਰੀ ਹੈ, ਦਿੱਲੀ ਦੇ ਜੰਤਰ-ਮੰਤਰ ਉੱਤੇ ਮਹਿਲਾ ਭਲਵਾਨਾਂ ਦਾ ਧਰਨਾ ਇੱਕ ਮਹੀਨੇ ਤੋਂ ਵੀ ਵੱਧ ਸਮੇਂ ਤੱਕ ਜਾਰੀ ਰਿਹਾ। ਅਜਿਹੇ ਵਿੱਚ ਲੋਕਾਂ ਦੀਆਂ ਨਜ਼ਰਾਂ ਬ੍ਰਿਜ ਭੂਸ਼ਣ ਸ਼ਰਨ ਸਿੰਘ ਉੱਤੇ ਟਿਕੀਆਂ ਹਨ।

ਜ਼ਿਆਦਾਤਰ ਲੋਕਾਂ ਨੂੰ ਸ਼ਾਇਦ ਪਤਾ ਨਹੀਂ ਹੋਵੇਗਾ ਕਿ ਬ੍ਰਿਜ ਭੂਸ਼ਣ ਦੇ 50 ਤੋਂ ਵੱਧ ਸਕੂਲ ਅਤੇ ਕਾਲਜ ਹਨ, ਉਨ੍ਹਾਂ ਉੱਤੇ ‘ਨਕਲ ਮਾਫ਼ੀਆ’ ਹੋਣ ਦਾ ਇਲਜ਼ਾਮ ਵੀ ਲਗਾਇਆ ਜਾਂਦਾ ਹੈ। ਉਨ੍ਹਾਂ ਖ਼ਿਲਾਫ਼ ਉੱਤਰ ਪ੍ਰਦੇਸ਼ ਦੇ ਗੋਂਡਾ ਦੇ ਸਥਾਨਕ ਥਾਣੇ ਵਿੱਚ ਕਈ ਮਾਮਲੇ ਦਰਜ ਹਨ। ਉਹ ਪਿਛਲੇ 12 ਸਾਲਾਂ ਤੋਂ ਕੁਸ਼ਤੀ ਮਹਾਸੰਘ ਦੇ ਪ੍ਰਧਾਨ ਰਹੇ ਹਨ।

ਪੜ੍ਹੋ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਪੂਰੀ ਕਹਾਣੀ...

ਸਿੱਖਿਆ ਦਾ ਵੱਡਾ ਸਾਮਰਾਜ

SHUBHAM VERMA
ਗੋਂਡਾ ਦੇ ਨਵਾਬਗੰਜ ਦਾ ਨੰਦਿਨੀ ਨਗਰ ਕਾਲਜ ਜਿਸ ਨੂੰ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਸਭ ਤੋਂ ਪਹਿਲਾਂ ਸਥਾਪਿਤ ਕੀਤਾ

ਬ੍ਰਿਜ ਭੂਸ਼ਣ ਸ਼ਰਨ ਸਿੰਘ ਯੂਪੀ ਦੇ ਦੇਵੀਪਾਟਨ ਮੰਡਲ ਦੇ ਚਾਰ ਜ਼ਿਲ੍ਹਿਆਂ – ਗੋਂਡਾ, ਬਹਿਰਾਈਚ, ਬਲਰਾਮਪੁਰ ਅਤੇ ਸ਼੍ਰਾਵਸਤੀ ਵਿੱਚ ਪੰਜ ਦਰਜਨ ਤੋਂ ਵੱਧ ਡਿਗਰੀ ਕਾਲਜਾਂ ਅਤੇ ਇੰਟਰ ਕਾਲਜਾਂ ਦੇ ਮਾਲਕ ਹਨ।

ਉਨ੍ਹਾਂ ਦੇ ਕਰੀਬੀ ਮੰਨੇ ਜਾਣ ਵਾਲੇ ਬਲਰਾਮਪੁਰ ਤੋਂ ਭਾਜਪਾ ਵਿਧਾਇਕ ਪਲਟੂਰਾਮ ਦੀ ਮੰਨੀਏ ਤਾਂ ਲਗਭਗ 50 ਸਿੱਖਿਅਕ ਅਦਾਰੇ ਬ੍ਰਿਜ ਭੂਸ਼ਣ ਨੇ ਖ਼ੁਦ ਖੜ੍ਹੇ ਕੀਤੇ ਹਨ।

ਪਲਟੂਰਾਮ ਕਹਿੰਦੇ ਹਨ, ‘‘ਸਿੱਖਿਆ ਦਾ ਕੇਂਦਰ ਹੋਣ ਕਰਕੇ, ਬਿਹਾਰ ਅਤੇ ਪੂਰਵਾਂਚਲ (ਭੋਜਪੁਰੀ ਖ਼ੇਤਰ) ਤੋਂ ਇੱਥੇ ਬੱਚੇ ਪੜ੍ਹਨ ਆਉਂਦੇ ਹਨ। ਇਸ ਤਰ੍ਹਾਂ ਉਨ੍ਹਾਂ ਦਾ ਹਮੇਸ਼ਾ ਪੂਰਵਾਂਚਲ ਨਾਲ ਲਗਾਅ ਰਿਹਾ ਹੈ।’’

ਉਨ੍ਹਾਂ ਦੇ ਬਣਾਏ ਸਭ ਤੋਂ ਪਹਿਲੇ ਕਾਲਜ – ਨੰਦਿਨੀ ਨਗਰ ਕਾਲਜ ਦੀ ਵੈੱਬਸਾਈਟ ਉੱਤੇ ਤੁਹਾਨੂੰ ਦੋ ਦਰਜਨ ਤੋਂ ਵੀ ਵੱਧ ਕਾਲਜਾਂ ਦੀ ਲਿਸਟ ਦੇਖਣ ਨੂੰ ਮਿਲੇਗੀ।

ਗੋਂਡਾ ਦੇ ਸੀਨੀਅਰ ਪੱਤਰਕਾਰ ਜਾਨਕੀ ਸ਼ਰਣ ਦਵਿਵੇਦੀ ਦੱਸਦੇ ਹਨ ਕਿ ਸਿਰਫ਼ ਨੰਦਿਨੀ ਕਾਲਜ ਵਿੱਚ ਲਗਭਗ 20 ਹਜ਼ਾਰ ਬੱਚੇ ਪੜ੍ਹਦੇ ਹਨ ਅਤੇ ਉੱਥੇ ਸੈਂਕੜੇ ਲੋਕ ਕੰਮ ਕਰਦੇ ਹਨ।

ਦਵਿਵੇਦੀ ਕਹਿੰਦੇ ਹਨ, ‘‘ਇਸੇ ਤਰ੍ਹਾਂ ਇਨ੍ਹਾਂ ਦੇ ਸਾਰੇ ਕਾਲਜਾਂ ਨੂੰ ਗਿਣਿਆ ਜਾਵੇ ਤਾਂ ਉੱਥੇ ਇਨ੍ਹਾਂ ਦਾ ਬਹੁਤ ਸਾਰਾ ਸਟਾਫ਼ ਅਤੇ ਟੀਚਰ ਹਨ, ਜਦੋਂ ਵੀ ਕੋਈ ਚੋਣਾਂ ਆਉਂਦੀਆਂ ਹਨ ਤਾਂ ਸਾਰੇ ਲੋਕਾਂ ਨੂੰ ਚੋਣਾਂ ਵਿੱਚ ਲਗਾ ਦਿੱਤਾ ਜਾਂਦਾ ਹੈ। ਇਸ ਦੇ ਕਾਰਨ ਉਨ੍ਹਾਂ ਦਾ ਬੂਥ ਪ੍ਰਬੰਧਨ ਬਹੁਤ ਮਜ਼ਬੂਤ ਹੋ ਜਾਂਦਾ ਹੈ। ਇਹੀ ਕਾਰਨ ਹੈ ਕਿ ਇਹ ਜਿੱਥੋਂ ਵੀ ਚੋਣ ਲੜਦੇ ਹਨ, ਕਾਮਯਾਬੀ ਉਨ੍ਹਾਂ ਨੂੰ ਮਿਲਦੀ ਹੈ।’’

ਉਹ ਕਹਿੰਦੇ ਹਨ, ‘‘ਇਨ੍ਹਾਂ ਕਾਲਜਾਂ ਦਾ ਸ਼ਾਸਨ ਵੱਖ-ਵੱਖ ਲੋਕਾਂ ਦੇ ਨਾਮ ਉੱਤੇ ਹੈ। ਕਿਤੇ ਪੁੱਤਾਂ ਦੇ ਨਾਮ ਹਨ, ਕਿਤੇ ਭਤੀਜਿਆਂ ਦੇ, ਕਿਤੇ ਪਤਨੀ ਅਤੇ ਕਿਤੇ ਨੂੰਹਾਂ। ਪਰ ਜਿਵੇਂ ਇੱਕ ਛੱਤਰੀ ਹੇਠਾਂ ਕਈ ਤੀਲੀਆਂ ਹੁੰਦੀਆਂ ਹਨ ਤਾਂ ਇਸੇ ਤਰ੍ਹਾਂ ਉਹ ਸਾਰੇ ਬ੍ਰਿਜ ਭੂਸ਼ਣ ਦੀ ਪਰਛਾਈ ਹੇਠਾਂ ਹਨ। ਇਨ੍ਹਾਂ ਕਾਲਜਾਂ ਦੇ ਸੰਸਥਾਪਕ ਬ੍ਰਿਜ ਭੂਸ਼ਣ ਹੀ ਹਨ।’’

ਭਾਜਪਾ ਵਿਧਾਇਕ ਪਲਟੂਰਾਮ ਦੱਸਦੇ ਹਨ, ‘‘ਗੋਂਡਾ ਦੇ ਨੰਦਿਨੀ ਨਗਰ ਕਾਲਜ ਦੀ ਸਥਾਪਨਾ ਤੋਂ ਬਾਅਦ ਸਿਰਫ਼ ਦੇਵੀਪਾਟਨ ਮੰਡਲ ਹੀ ਨਹੀਂ, ਅਯੁੱਧਿਆ ਅਤੇ ਬਸਤੀ ਮੰਡਲ ਵਿੱਚ ਵੀ ਸਿੱਖਿਆ ਦੇ ਖ਼ੇਤਰ ਵਿੱਚ ਉਨ੍ਹਾਂ ਨੇ ਕਾਫ਼ੀ ਕੰਮ ਕੀਤਾ ਹੈ।’’

ਜਦੋਂ ਨੰਦਿਨੀ ਨਗਰ ਕਾਲਜ ਦੇ ਵਿਦਿਆਰਥੀਆਂ ਤੋਂ ਬ੍ਰਿਜ ਭੂਸ਼ਣ ਸ਼ਰਣ ਸਿੰਘ ਉੱਤੇ ਲੱਗੇ ਇਲਜ਼ਾਮਾਂ ਬਾਰੇ ਪੁੱਛਿਆ ਗਿਆ ਤਾਂ ਉਹ ‘‘ਨੇਤਾ ਜੀ ਜ਼ਿੰਦਾਬਾਦ!’’ ਦੇ ਨਾਅਰੇ ਲਗਾਉਣ ਲੱਗੇ।

ਬਲਰਾਮਪੁਰ ਦੇ ਵਿਦਿਆਰਥੀ ਸੋਨੂ ਤਿਵਾਰੀ ਕਹਿੰਦੇ ਹਨ, ‘‘ਉਹ ਸਾਡੇ ਗਾਰਜੀਅਨ ਹਨ। ਉਹ ਇੱਕ ਤਰ੍ਹਾਂ ਨਾਲ ਗ਼ਰੀਬਾਂ ਦੇ ਮਸੀਹਾ ਵੀ ਹਨ। ਅਸੀਂ ਲੋਕ ਉਨ੍ਹਾਂ ਨਾਲ ਜ਼ਿੰਦਗੀ ਭਰ ਜੁੜੇ ਰਹਾਂਗੇ।’’

ਪ੍ਰਵੇਸ਼ ਯਾਦਵ ਬਿਹਾਰ ਤੋਂ ਹਨ ਅਤੇ ਉਹ ਕਹਿੰਦੇ ਹਨ ਕਿ ਬ੍ਰਿਜ ਭੂਸ਼ਣ ਦੇ ਸੰਸਥਾਨਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀ, ‘‘ਉਨ੍ਹਾਂ ਨਾਲ ਵਿਅਕਤੀਗਤ ਤੌਰ ਉੱਤੇ ਜੁੜਾਅ ਮਹਿਸੂਸ ਕਰਦੇ ਹਨ।’’

BBC

BBC

‘ਸਾਡੇ ਭਗਵਾਨ ਹਨ...’

SHUBHAM VERMA
ਨੰਦਿਨੀ ਨਗਰ ਕਾਲਜ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਦਰਮਿਆਨ ਬ੍ਰਿਜ ਭੂਸ਼ਣ ਕਾਫ਼ੀ ਮਸ਼ਹੂਰ ਹਨ

ਉਹ ਦੱਸਦੇ ਹਨ, ‘‘ਇੱਥੇ ਪੜ੍ਹਾਈ ਸਸਤੀ ਹੈ, ਸਹੂਲਤ ਚੰਗੀ ਹੈ। ਇੱਥੇ ਸਿਰਫ਼ ਬਿਹਾਰ ਯੂਪੀ ਹੀ ਨਹੀਂ, ਕਸ਼ਮੀਰ, ਮਹਾਰਾਸ਼ਟਰ, ਮੱਧ ਪ੍ਰਦੇਸ਼ ਅਤੇ ਨੇਪਾਲ ਦੇ ਮੁੰਡੇ ਵੀ ਪੜ੍ਹਨ ਆਉਂਦੇ ਹਨ। ਉਹ ਇੱਥੇ ਐੱਲਐੱਲਬੀ ਅਤੇ ਖੇਤੀਬਾੜੀ ਦੀ ਪੜ੍ਹਾਈ ਕਰਨ ਲਈ ਆਉਂਦੇ ਹਨ।’’

ਬਲਰਾਮਪੁਰ ਤੋਂ ਸੋਨੂ ਤਿਵਾਰੀ ਚੋਣਾਂ ਵਿੱਚ ਵਿਦਿਆਰਥੀਆਂ ਦੇ ਇਸਤੇਮਾਲ ਦੀ ਗੱਲ਼ ਨੂੰ ਗ਼ਲਤ ਦੱਸਦੇ ਹੋਏ ਕਹਿੰਦੇ ਹਨ, ‘‘ਉਨ੍ਹਾਂ ਨੇ ਮੁੰਡਿਆਂ ਨੂੰ ਕਦੇ ਪ੍ਰਚਾਰ ਲਈ ਨਹੀਂ ਸੱਦਿਆ, ਪਰ ਜੇ ਤੁਹਾਡਾ ਕੋਈ ਵਿਅਕਤੀਗਤ ਜੁੜਾਅ ਹੈ ਤਾਂ ਤੁਸੀਂ ਪ੍ਰਚਾਰ ਕਰੋਗੇ ਹੀ।’’

ਬਿਹਾਰ ਦੇ ਆਰਾ ਜ਼ਿਲ੍ਹੇ ਦੇ ਓਂਕਾਰ ਸਿੰਘ ਕਹਿੰਦੇ ਹਨ, ‘‘ਨੇਤਾ ਜੀ ਸਾਡੇ ਦਿਲ ਵਿੱਚ ਵੱਸਦੇ ਹਨ। ਜੇ ਇਹ ਇਲਜ਼ਾਮ ਝੂਠੇ ਲੱਗੇ ਹਨ ਤਾਂ ਫ਼ਿਰ ਇਨ੍ਹਾਂ ਭਲਵਾਨਾਂ ਦੀ ਖੇਡ ਉੱਤੇ ਜ਼ਿੰਦਗੀ ਭਰ ਲਈ ਪਾਬੰਦੀ ਲਗਾਈ ਜਾਵੇ ਅਤੇ ਉਨ੍ਹਾਂ ਦੇ ਮੈਡਲ ਵਾਪਸ ਲਏ ਜਾਣ। ਨੇਤਾ ਜੀ ਸਿਰਫ਼ ਇੱਥੋਂ ਦੇ ਹੀ ਨੇਤਾ ਨਹੀਂ ਹਨ, ਪੂਰੇ ਬਿਹਾਰ ਦੇ ਨੇਤਾ ਵੀ ਹਨ।’’

ਆਰਾ ਦੇ ਵਿਸ਼ਵਜੀਤ ਕੁਮਾਰ ਵੀ ਬ੍ਰਿਜ ਭੂਸ਼ਣ ਦੇ ਕਾਲਜ ਵਿੱਚ ਪੜ੍ਹਦੇ ਹਨ। ਉਹ ਕਹਿੰਦੇ ਹਨ, ‘‘ਨੇਤਾ ਜੀ ਸਾਡੇ ਭਗਵਾਨ ਹਨ, ਮੇਰੇ ਦਿਲ ਵਿੱਚ ਵੱਸਦੇ ਹਨ। ਜੇ ਬਿਹਾਰ ਤੋਂ ਵੀ ਚੋਣਾਂ ਲੜਣਨਗੇ ਤਾਂ ਉੱਥੋਂ ਵੀ ਜਿੱਤਣਗੇ।’’

BBC

‘ਨਕਲ ਮਾਫੀਆ’ ਹੋਣ ਦੇ ਇਲਜ਼ਾਮ

ਉੱਤਰ ਪ੍ਰਦੇਸ਼ ਦੀਆਂ 2017 ਵਿਧਾਨ ਸਭਾ ਚੋਣਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੋਂਡਾ ਵਿੱਚ ਇੱਕ ਰੈਲੀ ਦੇ ਮੰਚ ਤੋਂ ਨਕਲ ਦਾ ਮੁੱਦਾ ਚੁੱਕਿਆ ਸੀ।

ਮੋਦੀ ਨੇ ਅਖਿਲੇਸ਼ ਯਾਦਵ ਸਰਕਾਰ ਉੱਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਸੀ, ‘‘ਗੋਂਡਾ ਵਿੱਚ ਤਾਂ ਜੱਥਾਬੰਦ ਨਕਲ ਦਾ ਕਾਰੋਬਾਰ ਚੱਲਦਾ ਹੈ, ਵਪਾਰ ਚੱਲਦਾ ਹੈ। ਇੱਥੇ ਚੋਰੀ ਕਰਨ ਦੀ ਨਿਲਾਮੀ ਹੁੰਦੀ ਹੈ, ਜਿਹੜਾ ਪ੍ਰੀਖਿਆ ਕੇਂਦਰ ਮਿਲਦਾ ਹੈ, ਉਹ ਹਰ ਵਿਦਿਆਰਥੀ ਦੇ ਮਾਪਿਆਂ ਨੂੰ ਕਹਿੰਦਾ ਹੈ ਕਿ ਦੇਖੋ, ਤਿੰਨ ਹਜ਼ਾਰ ਰੋਜ਼ ਦਾ, ਦੋ ਹਜ਼ਾਰ ਰੋਜ਼ ਦਾ, ਪੰਜ ਹਜ਼ਾਰ ਰੋਜ਼ ਦਾ। ਜੇ ਹਿਸਾਬ ਦਾ ਪੇਪਰ ਹੈ ਤਾਂ ਐਨਾ, ਜੇ ਵਿਗਿਆਨ ਦਾ ਪੇਪਰ ਹੈ ਤਾਂ ਐਨਾ। ਹੁੰਦਾ ਹੈ ਕਿ ਨਹੀਂ ਹੁੰਦਾ, ਭਰਾਵੋ?’’

ਰੈਲੀ ਵਿੱਚ ਆਏ ਲੋਕ ਕਹਿੰਦੇ ਹਨ, ‘‘ਹੁੰਦਾ ਹੈ! ਮੋਦੀ ਪੁੱਛਦੇ ਹਨ, ‘‘ਇਹ ਠੇਕੇਦਾਰੀ ਬੰਦ ਹੋਣੀ ਚਾਹੀਦੀ ਕਿ ਨਹੀਂ ਹੋਣੀ ਚਾਹੀਦੀ?’’ ਲੋਕ ਕਹਿੰਦੇ ਹਨ, ‘’ਹੋਣੀ ਚਾਹੀਦੀ ਹੈ!’’ ਮੋਦੀ ਪੁੱਛਦੇ ਹਨ, ‘’ਇਹ ਬੇਈਮਾਨੀ ਬੰਦ ਹੋਣੀ ਚਾਹੀਦੀ ਹੈ ਕਿ ਨਹੀਂ ਹੋਣੀ ਚਾਹੀਦੀ?’’ ਜਨਤਾ ਕਹਿੰਦੀ ਹੈ, ‘’ਹੋਣੀ ਚਾਹੀਦੀ ਹੈ!‘’

ਮੋਦੀ ਮੰਚ ਤੋਂ ਕਹਿੰਦੇ ਹਨ, ‘‘ਇਹ ਮੇਰੇ ਦੇਸ਼ ਦੀ ਪੀੜ੍ਹੀ ਨੂੰ ਤਬਾਹ ਕਰਨ ਵਾਲਾ ਕਾਰੋਬਾਰ ਹੈ। ਇਹ ਕਾਰੋਬਾਰ ਬੰਦ ਹੋਣਾ ਚਾਹੀਦਾ ਹੈ। ਸਿੱਖਿਆ ਦੇ ਨਾਲ ਇਹ ਜੋ ਅਪਰਾਧ ਜੁੜ ਗਿਆ ਹੈ, ਉਹ ਸਮਾਜ ਨੂੰ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਤਬਾਹ ਕਰਕੇ ਰੱਖ ਦਿੰਦਾ ਹੈ।’’

ਮੋਦੀ ਨਕਲ ਦੇ ਮੁੱਦੇ ਉੱਤੇ ਲਗਾਤਾਰ ਪੰਜ ਮਿੰਟ ਤੱਕ ਬੋਲਦੇ ਰਹੇ।

ਗੋਂਡਾ ਦੇ ਵਕੀਲ ਅਤੇ ਬ੍ਰਿਜ ਭੂਸ਼ਣ ਖ਼ਿਲਾਫ਼ ਦਿੱਲੀ ਵਿੱਚ ਪ੍ਰਦਰਸ਼ਨ ਕਰਨ ਵਾਲੇ ਰਵੀ ਪ੍ਰਕਾਸ਼ ਪਾਂਡੇ ਪੁਰਾਣੇ ਭਾਜਪਾਈ ਸਨ, ਉਨ੍ਹਾਂ ਦਾ 31 ਮਈ, 2023 ਨੂੰ ਦੇਹਾਂਤ ਹੋ ਗਿਆ। ਰਵੀ ਮੋਦੀ ਦੀ 2017 ਦੀ ਇਸ ਰੈਲੀ ਵਿੱਚ ਮੌਜੂਦ ਸਨ। ਉਨ੍ਹਾਂ ਨੂੰ ਗੋਂਡਾ ’ਚ ਨਕਲ ਉੱਤੇ ਨਰਿੰਦਰ ਮੋਦੀ ਦਾ ਉਹ ਭਾਸ਼ਣ ਚੰਗੀ ਤਰ੍ਹਾਂ ਯਾਦ ਸੀ।

ਉਨ੍ਹਾਂ ਨੇ ਕਿਹਾ ਸੀ, ‘‘ਭਰੀ ਚੋਣ ਸਭਾ ਵਿੱਚ ਇਨ੍ਹਾਂ ਵੱਲ (ਬ੍ਰਿਜ ਭੂਸ਼ਣ) ਸਿੱਖਿਆ ਮਾਫ਼ੀਆ ਦਾ ਇਸ਼ਾਰਾ ਕੀਤਾ ਸੀ।’’

ਅਸੀਂ ਉਨ੍ਹਾਂ ਨੂੰ ਪੁੱਛਿਆ ਕਿ ਸਿੱਖਿਆ ਮਾਫ਼ੀਆ ਕੋਈ ਹੋਰ ਵੀ ਤਾਂ ਹੋ ਸਕਦਾ ਹੈ, ਤਾਂ ਰਵੀ ਪ੍ਰਕਾਸ਼ ਪਾਂਡੇ ਨੇ ਕਿਹਾ ਸੀ, ‘‘58 ਕਾਲਜ ਇਨ੍ਹਾਂ ਦੇ ਕੋਲ ਹੀ ਤਾਂ ਹਨ, ਤਾਂ ਇਨ੍ਹਾਂ ਦਾ ਆਪਣਾ ਉਦਯੋਗ ਹੈ। ਇਨ੍ਹਾਂ ਦੇ (ਬ੍ਰਿਜ ਭੂਸ਼ਣ) ਤਮਾਮ ਸਕੂਲਾਂ ਵਿੱਚ ਦਾਖਲਾ ਕਰਵਾ ਲਓ ਅਤੇ ਸਰਟੀਫ਼ਿਕੇਟ ਲੈ ਜਾਓ।’’

ਉਨ੍ਹਾਂ ਨੇ ਦੱਸਿਆ ਸੀ ਕਿ ਯੋਗੀ ਸਰਕਾਰ ਆਉਣ ਤੋਂ ਬਾਅਦ ਸਕੂਲਾਂ ਵਿੱਚ ਨਕਲ ਰੋਕਣ ਲਈ ਕੈਮਰੇ ਲਗਾਏ ਗਏ।

2022 ਵਿੱਚ ਇੱਕ ਇੰਟਰਵਿਊ ਵਿੱਚ ਜਦੋਂ ਬ੍ਰਿਜ ਭੂਸ਼ਣ ਨੂੰ ਪੁੱਛਿਆ ਗਿਆ ਕਿ ਉਨ੍ਹਾਂ ਨੂੰ ਨਕਲ ਮਾਫ਼ੀਆ ਕਿਹਾ ਜਾਂਦਾ ਹੈ ਤਾਂ ਉਨ੍ਹਾਂ ਨੇ ਜਵਾਬ ਦਿੱਤਾ, ‘‘ਹੁਣ ਜੋ ਸੂਬੇ ਵਿੱਚ ਨਕਲ ਦਾ ਮਾਹੌਲ ਬਣਿਆ ਹੈ, ਨਕਲ ਹੋ ਰਹੀ ਹੈ ਤਾਂ ਜਿਸ ਕੋਲ ਜ਼ਿਆਦਾ ਸੰਸਥਾਨ ਹੋਣਗੇ ਉਸ ਨੂੰ ਨਕਲ ਮਾਫ਼ੀਆ ਕਿਹਾ ਜਾਵੇਗਾ।’’

ਬ੍ਰਿਜ ਭੂਸ਼ਣ ਸ਼ਰਨ ਸਿੰਘ ਕਹਿੰਦੇ ਹਨ, ‘‘ਨਕਲ ਮਾਫ਼ੀਆ ਅਸੀਂ ਨਹੀਂ ਹਾਂ, ਨਕਲ ਮਾਫ਼ੀਆ ਮੁਲਾਇਮ ਸਿੰਘ ਹਨ। ਅੱਜ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਜੇ ਨਕਲ ਕਾਰਨ ਮੇਰੇ ਕਾਲਜ ਚੱਲਦੇ ਹਨ ਤਾਂ ਅੱਜ ਵੀ ਸਭ ਤੋਂ ਜ਼ਿਆਦਾ ਗਿਣਤੀ ਵਿੱਚ ਮੇਰੇ ਕਾਲਜ ਕਿਉਂ ਹਨ? ਕਿਉਂਕਿ ਪ੍ਰਾਈਵੇਟ ਸੈਕਟਰ ਵਿੱਚ ਅਸੀਂ ਹੀ ਇੱਕੋ ਇੱਕ ਹਾਂ ਜਿੰਨਾ ਕੋਲ ਪੂਰੇ ਦੇ ਪੂਰੇ ਟੀਚਰ ਹਨ ਅਤੇ ਕੁਆਲੀਫਾਈਡ ਟੀਚਰ ਹਨ। ਮੇਰੇ ਦਰਜਨਾਂ ਸਕੂਲ-ਕਾਲਜ ਹਨ।’’

ਨਕਲ ਮਾਫ਼ੀਆ ਦੇ ਇਲਜ਼ਾਮ ਬਾਰੇ ਅਸੀਂ ਨੰਦਿਨੀ ਕਾਲਜ ਦੇ ਵਿਦਿਆਰਥੀ ਪ੍ਰਵੇਸ਼ ਯਾਦਵ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ, ‘‘ਨਹੀਂ, ਅਜਿਹਾ ਨਹੀਂ ਹੈ। ਉਹ ਗੋਂਡਾ ਵਿੱਚ ਸਹੂਲਤਾਂ ਦੇ ਰਹੇ ਹਨ, ਜ਼ਾਹਿਰ ਹੈ ਕਿ ਉਨ੍ਹਾਂ ਦੇ ਐਨੇ ਕਾਲਜ ਹਨ, ਪਰ ਪਤਾ ਨਹੀਂ ਲੋਕਾਂ ਨੂੰ ਕਿਉਂ ਲੱਗ ਰਿਹਾ ਹੈ ਕਿ ਉਹ ਨਕਲ ਮਾਫ਼ੀਆ ਹਨ।’’

ਗੋਂਡਾ ਵਿੱਚ ਭਾਜਪਾ ਬਨਾਮ ਬ੍ਰਿਜ ਭੂਸ਼ਣ?

SHUBHAM VERMA
ਆਜ਼ਾਦ ਉਮੀਦਵਾਰ ਦੇ ਪੋਸਟਰ ਉੱਤੇ ਬ੍ਰਿਜ ਭੂਸ਼ਣ ਦੀ ਤਸਵੀਰ

ਗੋਂਡਾ ਵਿੱਚ ਇੱਕ ਗੱਲ ਇਹ ਵੀ ਸੁਣਨ ਨੂੰ ਮਿਲਦੀ ਹੈ ਕਿ ਗੋਂਡਾ ਅਤੇ ਆਲੇ-ਦੁਆਲੇ ਦੇ ਜ਼ਿਲ੍ਹਿਆਂ ਵਿੱਚ ਬ੍ਰਿਜ ਭੂਸ਼ਣ ਸ਼ਰਣ ਸਿੰਘ ਦਾ ਸਿਆਸੀ ਕਦ ਭਾਜਪਾ ਉੱਤੇ ਨਿਰਭਰ ਨਹੀਂ ਹੈ, ਉਨ੍ਹਾਂ ਦਾ ਆਪਣਾ ਰੁਤਬਾ ਹੈ।

ਉਨ੍ਹਾਂ ਦੇ ਪ੍ਰਭਾਵ ਨੂੰ ਬਿਹਤਰ ਸਮਝਣ ਲਈ ਸਾਡੀ ਟੀਮ ਗੋਂਡਾ ਵਿੱਚ ਯੂਪੀ ਦੀਆਂ ਨਗਰ ਨਿਗਮ ਚੋਣਾਂ ਦੀ ਵੋਟਿੰਗ ਦੌਰਾਨ ਮੌਜੂਦ ਸੀ। ਬ੍ਰਿਜ ਭੂਸ਼ਣ ਦੇ ਜੱਦੀ ਇਲਾਕੇ ਨਵਾਬਗੰਜ ਵਿੱਚ ਅਸੀਂ ਨਗਰ ਨਿਗਮ ਪ੍ਰਧਾਨ ਲਈ ਆਜ਼ਾਦ ਉਮੀਦਵਾਰ ਸਤਯੇਂਦਰ ਕੁਮਾਰ ਸਿੰਘ ਦੇ ਪ੍ਰਚਾਰ ਵਿੱਚ ਬ੍ਰਿਜ ਭੂਸ਼ਣ ਦੀਆਂ ਵੱਡੀਆਂ-ਵੱਡੀਆਂ ਤਸਵੀਰਾਂ ਦੇਖੀਆਂ।

ਇੰਝ ਲੱਗ ਰਿਹਾ ਸੀ ਕਿ ਬ੍ਰਿਜ ਭੂਸ਼ਣ ਸ਼ਰੇਆਮ ਭਾਜਪਾ ਉਮੀਦਵਾਰ ਖ਼ਿਲਾਫ਼ ਆਜ਼ਾਦ ਉਮੀਦਵਾਰ ਸਤਯੇਂਦਰ ਕੁਮਾਰ ਸਿੰਘ ਦਾ ਸਮਰਥਨ ਕਰ ਰਹੇ ਹਨ।

ਪਰ ਸਤਯੇਂਦਰ ਦਾ ਕਹਿਣਾ ਹੈ, ‘‘ਇਨ੍ਹਾਂ ਚੋਣਾਂ ਨਾਲ ਬ੍ਰਿਜ ਭੂਸ਼ਣ ਸ਼ਰਨ ਸਿੰਘ ਜੀ ਨੇ ਆਪਣੀ ਦੂਰੀ ਬਣਾ ਕੇ ਰੱਖੀ ਹੈ। ਅਸੀਂ ਉਨ੍ਹਾਂ ਦੇ ਬੱਚੇ ਹਾਂ, ਇਹ ਉਨ੍ਹਾਂ ਦਾ ਖ਼ੇਤਰ ਹੈ। ਪੋਸਟਰ ਵਿੱਚ ਲੱਗੀਆਂ ਤਸਵੀਰਾਂ ਭਾਜਪਾ ਸੰਸਦ ਮੈਂਬਰ ਨਾਤੇ ਨਹੀਂ ਹਨ, ਉਹ ਇਸ ਖ਼ੇਤਰ ਦੇ ਅਭਿਭਾਵਕ ਹਨ। ਮੇਰੇ ਲਈ ਭਗਵਾਨ ਬਰਾਬਰ ਹਨ। ਜੇ ਮੈਂ ਸਿਆਸਤ ਵਿੱਚ ਆਇਆ ਹਾਂ ਤਾਂ 110 ਫੀਸਦੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਜੀ ਦੇ ਕਰਕੇ ਹੀ ਆਇਆ ਹਾਂ।’’

ਉਧਰ ਭਾਜਪਾ ਉਮੀਦਵਾਰ ਜਨਾਰਦਨ ਸਿੰਘ ਨੂੰ ਯੂਪੀ ਵਰਗੇ ਭਾਜਪਾ ਸ਼ਾਸਿਤ ਸੂਬੇ ਵਿੱਚ ਡਰ ਅਤੇ ਖੌਫ਼ ਮਹਿਸੂਸ ਹੋ ਰਿਹਾ ਹੈ। ਉਹ ਕਹਿੰਦੇ ਹਨ, ‘‘ਗੋਂਡਾ ਦੀ ਸਿਆਸਤ ਥੋੜ੍ਹੀ ਵੱਖਰੀ ਹੈ। ਬਹੁਤ ਜ਼ਿਆਦਾ ਨਹੀਂ ਕਹਿ ਸਕਦੇ, ਪਰ ਇੱਥੇ ਥੋੜ੍ਹਾ ਡਰ ਦਾ ਮਾਹੌਲ ਹੈ।’’

ਸਤਯੇਂਦਰ ਕੁਮਾਰ ਸਿੰਘ ਦੀ ਆਜ਼ਾਦ ਉਮੀਦਵਾਰੀ ਬਾਰੇ ਗੋਂਡਾ ਤੋਂ ਸੀਨੀਅਰ ਪੱਤਰਕਾਰ ਜਾਨਕੀ ਸ਼ਰਣ ਦਵਿਵੇਦੀ ਕਹਿੰਦੇ ਹਨ, ‘‘ਇਹ ਮੰਨਿਆ ਜਾ ਸਕਦਾ ਹੈ ਕਿ ਉਹ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਇਸ਼ਾਰੇ ਉੱਤੇ ਚੋਣਾਂ ਵਿੱਚ ਹਨ, ਪਰ ਇਸ ਵਾਰ ਭਲਵਾਨਾਂ ਦੇ ਪ੍ਰਦਰਸ਼ਨ ਦਾ ਮਨੋਵਿਗਿਆਨੀ ਦਬਾਅ ਸੀ ਤਾਂ ਸ਼ਾਇਦ ਉਨ੍ਹਾਂ ਨੂੰ ਲੱਗਿਆ ਕਿ ਇੱਕ ਹੋਰ ਮੋਰਚਾ ਖੋਲਣਾ ਮੁਨਾਸਿਬ ਨਹੀਂ ਹੋਵੇਗਾ। ਭਾਵੇਂ ਨਗਰ ਨਿਗਮ ਚੋਣਾਂ ਹੋਣ ਜਾਂ ਪੰਚਾਇਤੀ ਚੋਣਾਂ ਹੋਣ, ਸਮੇਂ-ਸਮੇਂ ਉੱਤੇ ਬ੍ਰਿਜ ਭੂਸ਼ਣ ਪਾਰਟੀ ਦੇ ਐਲਾਨੇ ਗਏ ਉਮੀਦਵਾਰ ਖ਼ਿਲਾਫ਼ ਆਜ਼ਾਦ ਉਮੀਦਵਾਰ ਨੂੰ ਚੋਣ ਲੜਵਾਉਂਦੇ ਹਨ ਅਤੇ ਇਹ ਸੁਨੇਹਾ ਦਿੰਦੇ ਹਨ ਕਿ ਜੇ ਸਾਡੇ ਹਿਸਾਬ ਨਾਲ ਹੋਵੇਗਾ ਤਾਂ ਹੋਵੇਗਾ, ਨਹੀਂ ਤਾਂ ਅਸੀਂ ਆਪਣਾ ਰਾਹ ਬਣਾਉਣਾ ਵੀ ਜਾਣਦੇ ਹਾਂ।’’

ਨਗਰ ਨਿਗਮ ਚੋਣਾਂ ਦੇ ਨਤੀਜਿਆਂ ਵਿੱਚ ਆਜ਼ਾਦ ਉਮੀਦਵਾਰ ਸਤਯੇਂਦਰ ਸਿੰਘ ਨੇ 5100 ਵੋਟਾਂ ਨਾਲ ਜਿੱਤ ਹਾਸਲ ਕੀਤੀ ਅਤੇ ਭਾਜਪਾ ਦੇ ਉਮੀਦਵਾਰ ਜਨਾਰਦਨ ਸਿੰਘ ਨੂੰ ਸਿਰਫ਼ 150 ਵੋਟਾਂ ਮਿਲੀਆਂ।

ਰਿਸ਼ਤੇਦਾਰਾਂ ਉੱਤੇ ਜ਼ਮੀਨਾਂ ’ਤੇ ਕਬਜ਼ੇ ਦੇ ਇਲਜ਼ਾਮ

SHUBHAM VERMA
ਭਾਜਪਾ ਉਮੀਦਵਾਰ ਜਨਾਰਦਨ ਸਿੰਘ ਉਸ ਆਜ਼ਾਦ ਉਮੀਦਵਾਰ ਤੋਂ ਹਾਰ ਗਏ ਜਿਸ ਦੇ ਪੋਸਟਰ ’ਤੇ ਬ੍ਰਿਜ ਭੂਸ਼ਣ ਦੀ ਤਸਵੀਰ ਸੀ

ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਵਿਰੋਧੀ ਅਤੇ ਭਾਜਪਾ ਨਾਲ ਜੁੜੇ ਸਥਾਨਕ ਵਕੀਲ ਰਵੀ ਪ੍ਰਕਾਸ਼ ਪਾਂਡੇ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਦੋ ਮਹੀਨੇ ਪਹਿਲਾਂ ਬ੍ਰਿਜ ਭੂਸ਼ਣ ਦੇ ਭਤੀਜੇ ਅਤੇ ਹੋਰ ਲੋਕਾਂ ਦੇ ਖ਼ਿਲਾਫ਼ ਨਜ਼ੂਲ ਦੀ ਸਰਕਾਰੀ ਜ਼ਮੀਨ ਉੱਤੇ ਕਬਜ਼ਾ ਕਰਨ ਦੀ ਸ਼ਿਕਾਇਤ ਕੀਤੀ ਸੀ।

ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਸ਼ਿਕਾਇਤ ਤੋਂ ਬਾਅਦ ਆਖ਼ਿਰਕਾਰ ਸਰਕਾਰ ਨੇ ਬੁਲਡੋਜ਼ਰ ਚਲਵਾਇਆ।

ਫ਼ਰਵਰੀ ਵਿੱਚ ਗੋਂਡਾ ਪ੍ਰਸ਼ਾਸਨ ਨੇ ਬ੍ਰਿਜ ਭੂਸ਼ਣ ਦੇ ਭਤੀਜੇ ਸੁਮਿਤ ਸਿੰਘ ਅਤੇ 8 ਹੋਰਾਂ ਉੱਤੇ ਗੋਂਡਾ ਦੇ ਸਿਵਲ ਲਾਈਨਜ਼ ਵਿੱਚ ਤਿੰਨ ਏਕੜ ਸਰਕਾਰੀ ਜ਼ਮੀਨ ਉੱਤੇ ਕਬਜ਼ਾ ਕਰਨ ਅਤੇ ਧੋਖਾਧੜੀ ਦਾ ਮੁਕੱਦਮਾ ਦਰਜ ਕੀਤਾ ਅਤੇ ਬੁਲਡੋਜ਼ਰ ਨਾਲ ਕਬਜ਼ੇ ਨੂੰ ਢਾਹ ਦਿੱਤਾ।

ਵਕੀਲ ਰਵੀ ਪ੍ਰਕਾਸ਼ ਨੇ ਕਿਹਾ ਕਿ ਇਹ ਕਾਰਵਾਈ ਇਸ ਲਈ ਹੋਈ ਕਿਉਂਕਿ ਉਨ੍ਹਾਂ ਨੇ ਗੋਂਡਾ ਵਿੱਚ ਭੂ-ਮਾਫ਼ੀਆ ਖ਼ਿਲਾਫ਼ ਮੁਹਿੰਮ ਚਲਾਈ। ਉਨ੍ਹਾਂ ਦਾ ਦਾਅਵਾ ਹੈ ਕਿ ਜਦੋਂ ਗੱਲ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਤੱਕ ਪਹੁੰਚੀ ਤਾਂ ਪ੍ਰਸ਼ਾਸਨ ਦਾ ਬੁਲਡੋਜ਼ਰ ਚੱਲਿਆ, ਮੁੱਕਦਮਾ ਦਰਜ ਹੋਇਆ ਅਤੇ 50 ਕਰੋੜ ਦੀ ਜ਼ਮੀਨ ਛੁੜਵਾਈ ਗਈ।

ਕਤਲ ਦੀ ਕੋਸ਼ਿਸ਼ ਦਾ ਇਲਜ਼ਾਮ, ਬਰੀ ਹੋਏ

SHUBHAM VERMA
ਉਹ ਥਾਂ ਜਿਸ ਉੱਤੇ ਨਾਜਾਇਜ਼ ਕਬਜ਼ਾ ਸੀ ਅਤੇ ਬੁਲਡੋਜ਼ਰ ਚਲਾ ਕੇ ਕਬਜ਼ਾ ਹਟਵਾਇਆ ਗਿਆ

ਜਨਵਰੀ 2023 ਵਿੱਚ ਜਦੋਂ ਬ੍ਰਿਜ ਭੂਸ਼ਣ ਸ਼ਰਨ ਸਿੰਘ ਉੱਤੇ ਪਹਿਲੀ ਵਾਰ ਜਿਨਸੀ ਸ਼ੋਸ਼ਣ ਦਾ ਇਲਜ਼ਾਮ ਲੱਗਿਆ ਤਾਂ ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ।

ਵੀਡੀਓ ਵਿੱਚ ਉਹ ਕਹਿੰਦੇ ਹਨ, ‘‘ਮੇਰੀ ਜ਼ਿੰਦਗੀ ਵਿੱਚ ਮੇਰੇ ਹੱਥੋਂ ਇੱਕ ਕਤਲ ਹੋਇਆ ਹੈ। ਲੋਕ ਕੁਝ ਵੀ ਕਹਿਣ, ਮੈਂ ਇੱਕ ਕਤਲ ਕੀਤਾ ਹੈ। ਰਵਿੰਦਰ ਨੂੰ ਜਿਸ ਸ਼ਖ਼ਸ ਨੇ ਮਾਰਿਆ, ਮੈਂ ਹੱਥ ਛੁੜਾ ਕੇ ਉਸ ਨੂੰ ਤੁਰੰਤ ਰਾਈਫ਼ਲ ਨਾਲ ਉਸ ਦੀ ਪਿੱਠ ਉੱਤੇ ਰੱਖ ਮਾਰ ਦਿੱਤਾ ਅਤੇ ਉਹ ਮਰ ਗਿਆ।’’

ਸੂਰਜ ਸਿੰਘ ਸਮਾਜਵਾਦੀ ਪਾਰਟੀ ਆਗੂ ਹਨ। ਉਨ੍ਹਾਂ ਦੇ ਚਾਚਾ ਪੰਡਿਤ ਸਿੰਘ ਅਖਿਲੇਸ਼ ਯਾਦਵ ਸਰਕਾਰ ਵਿੱਚ ਕੈਬਨਿਟ ਮੰਤਰੀ ਰਹਿ ਚੁੱਕੇ ਹਨ। ਜਿਸ ਰਵਿੰਦਰ ਨੂੰ ਗੋਲੀ ਮਾਰਨ ਵਾਲੇ ਦੇ ਕਤਲ ਦੀ ਗੱਲ ਬ੍ਰਿਜ ਭੂਸ਼ਣ ਕੈਮਰੇ ਉੱਤੇ ਕਹਿ ਰਹੇ ਸਨ, ਉਹ ਰਵਿੰਦਰ ਸੂਰਜ ਸਿੰਘ ਦੇ ਪਿਤਾ ਹਨ। ਬ੍ਰਿਜ ਭੂਸ਼ਣ ਰਵਿੰਦਰ ਸਿੰਘ ਨੂੰ ਆਪਣਾ ਦੋਸਤ ਦੱਸਦੇ ਸਨ।

ਉਸ ਘਟਨਾ ਦੇ ਤਿੰਨ ਦਹਾਕੇ ਬਾਅਦ ਰਵਿੰਦਰ ਸਿੰਘ ਦੇ ਪੁੱਤਰ ਅਤੇ ਗੋਂਡਾ ਵਿੱਚ ਸਮਾਜਵਾਦੀ ਪਾਰਟੀ ਦੇ ਨੇਤਾ ਸੂਰਜ ਸਿੰਘ ਕਹਿੰਦੇ ਹਨ ਕਿ ਬ੍ਰਿਜ ਭੂਸ਼ਣ ‘ਸਾਡੇ ਪੱਕੇ ਸਿਆਸੀ ਦੁਸ਼ਮਣ ਹਨ।’’

ਅੱਤਵਾਦ ਵਿਰੋਧੀ ਕਾਨੂੰਨ ਟਾਡਾ ਦਾ ਮਾਮਲਾ

SHUBHAM VERMA
ਸਮਾਜਵਾਦੀ ਪਾਰਟੀ ਦੇ ਸੂਰਜ ਸਿੰਘ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਆਪਣਾ ਪੱਕਾ ਸਿਆਸੀ ਦੁਸ਼ਮਣ ਦੱਸਦੇ ਹਨ

ਰਵਿੰਦਰ ਸਿੰਘ ਦੇ ਕਤਲ ਤੋਂ 10 ਸਾਲ ਬਾਅਦ 1993 ਵਿੱਚ ਬ੍ਰਿਜ ਭੂਸ਼ਣ ਸ਼ਰਨ ਸਿੰਘ ਉੱਤੇ ਉਨ੍ਹਾਂ ਦੇ ਚਾਚਾ ਅਤੇ ਸਮਾਜਵਾਦੀ ਪਾਰਟੀ ਦੇ ਸਾਬਕਾ ਕੈਬਨਿਟ ਮੰਤਰੀ ਪੰਡਿਤ ਸਿੰਘ ਦੇ ਕਤਲ ਦੀ ਕੋਸ਼ਿਸ਼ ਦਾ ਇਲਜ਼ਾਮ ਲੱਗਿਆ।

ਸੂਰਜ ਸਿੰਘ ਕਹਿੰਦੇ ਹਨ, ‘’21 ਗੋਲੀਆਂ ਲੱਗੀਆਂ ਸਨ, ਉਸ ਵੇਲੇ ਮੁਲਾਇਮ ਸਿੰਘ ਜੀ ਮੁੱਖ ਮੰਤਰੀ ਸਨ ਅਤੇ ਗੋਲੀ ਲੱਗਣ ਦੇ 20 ਮਿੰਟ ਅੰਦਰ ਹੀ ਉਨ੍ਹਾਂ ਨੇ ਆਪਣਾ ਸਰਕਾਰੀ ਹੈਲੀਕਾਪਟਰ ਭੇਜ ਕੇ ਮੇਰੇ ਪਿਤਾ ਨੂੰ ਏਅਰਲਿਫ਼ਟ ਕਰਵਾਇਆ।’’

ਪੰਡਿਤ ਸਿੰਘ ਉਦੋਂ ਬੱਚ ਗਏ ਸਨ, ਹੁਣ ਉਨ੍ਹਾਂ ਦਾ ਦੇਹਾਂਤ ਹੋ ਚੁੱਕਿਆ ਹੈ, ਪਿਛਲੇ ਸਾਲ ਦਸੰਬਰ ਵਿੱਚ ਪੰਡਿਤ ਸਿੰਘ ਦੇ ਕਤਲ ਦੀ ਕੋਸ਼ਿਸ਼ ਦੇ ਮੁਕੱਦਮੇ ਵਿੱਚ ਅਦਾਲਤ ਨੇ ਬ੍ਰਿਜ ਭੂਸ਼ਣ ਨੂੰ ਬਰੀ ਕਰ ਦਿੱਤਾ। ਸੂਰਜ ਸਿੰਘ ਨੇ ਇਸ ਫ਼ੈਸਲੇ ਨੂੰ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਹੈ।

ਦਿੱਲੀ ਦੇ ਸੀਨੀਅਰ ਪੱਤਰਕਾਰ ਵਿਵੇਕ ਵਾਸ਼ਰਣੇਯ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਚੱਲੇ ਟਾਡਾ ਦੇ ਮਾਮਲੇ ਦੀ ਰਿਪੋਰਟਿੰਗ ਕੀਤੀ ਸੀ, ਉਹ ਇਸ ਮਾਮਲੇ ਨੂੰ ਯਾਦ ਕਰਦੇ ਹੋਏ ਦੱਸਦੇ ਹਨ ਕਿ ਬ੍ਰਿਜ ਭੂਸ਼ਣ ਉੱਤੇ 1997 ਵਿੱਚ ਦਾਊਦ ਇਬਰਾਹਿਮ ਦੇ ਚਾਰ ਸਾਥੀਆਂ ਨੂੰ ਪਨਾਹ ਦੇਣ ਦਾ ਇਲਜ਼ਾਮ ਲੱਗਿਆ ਸੀ।

ਵਿਵੇਕ ਵਾਸ਼ਰਣੇਯ ਦੱਸਦੇ ਹਨ ਕਿ 1997 ਵਿੱਚ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਛੇ ਮਹੀਨੇ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬਿਤਾਏ। ਉਨ੍ਹਾਂ ਉੱਤੇ ਅੱਤਵਾਦ ਵਿਰੋਧੀ ਕਾਨੂੰਨ ਟਾਡਾ ਤਹਿਤ ਮੁਕੱਦਮਾ ਦਰਜ ਸੀ।

ਉਨ੍ਹਾਂ ਉੱਤੇ ਦਾਊਦ ਇਬਰਾਹਿਮ ਦੇ ਚਾਰ ਸਾਥੀਆਂ ਸੁਭਾਸ਼ ਸਿੰਘ ਠਾਕੁਰ, ਜਯੇਂਦਰ (ਭਾਈ) ਠਾਕੁਰ, ਪਰੇਸ਼ ਮੋਹਨ ਦੇਸਾਈ ਅਤੇ ਸ਼ਿਆਮ ਕਿਸ਼ੋਰ ਗਰਿਕਾਪੱਟੀ ਨੂੰ ਦਿੱਲੀ ਵਿੱਚ ਆਪਣੀ ਸਰਕਾਰੀ ਰਿਹਾਇਸ਼ ਵਿੱਚ ਪਨਾਹ ਦੇਣ ਦਾ ਇਲਜ਼ਾਮ ਸੀ। ਇਹ ਚਾਰੇ ਮੁੰਬਈ ਦੇ ਜੇਜੇ ਹਸਪਤਾਲ ਸ਼ੂਟ ਆਊਟ ਕਾਂਡ ਦੇ ਦੋਸ਼ੀ ਸਨ।

ਉਸ ਵੇਲੇ ਕੇਂਦਰ ਵਿੱਚ ਭਾਜਪਾ ਦੀ ਵਾਜਪਾਈ ਸਰਕਾਰ ਸੀ ਅਤੇ ਉਹ ਖ਼ੁਦ ਭਾਜਪਾ ਦੇ ਲੋਕਸਭਾ ਸੰਸਦ ਮੈਂਬਰ ਸਨ। ਵਿਵੇਕ ਵਾਸ਼ਰਣੇਯ ਦੱਸਦੇ ਹਨ, ‘‘ਅਡੀਸ਼ਨਲ ਸੈਸ਼ਨ ਜੱਜ ਸ਼ਿਵ ਨਾਰਾਇਣ ਧੀਂਗੜਾ ਨੇ ਸਬੂਤਾਂ ਦੀ ਕਮੀ ਦੇ ਚਲਦਿਆਂ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਇਲਜ਼ਾਮਾਂ ਤੋਂ ਬਰੀ ਕਰ ਦਿੱਤਾ ਸੀ।’’

SHUBHAM VERMA
ਗੋਂਡਾ ਦੇ ਨਵਾਬਗੰਜ ਥਾਣੇ ਵਿੱਚ ਬ੍ਰਿਜ ਭੂਸ਼ਣ ਦਾ ਨਾਮ ਹਿਸਟਰੀ ਸ਼ੀਟਰ ਦੇ ਬੋਰਡ ਉੱਤੇ ਲਿਖਿਆ ਹੈ

ਉਹ ਦੱਸਦੇ ਹਨ, ‘‘ਜੱਜ ਨੇ ਸੀਬੀਾਈ ਨੂੰ ਢੰਗ ਨਾਲ ਜਾਂਚ ਨਾ ਕਰਨ ਅਤੇ ਠੀਕ ਤਰੀਕੇ ਨਾਲ ਸਬੂਤ ਨਾ ਇਕੱਠੇ ਕਰਨ ਲਈ ਫਟਕਾਰ ਲਗਾਈ ਸੀ, ਜਿਸ ਕਾਰਨ ਬ੍ਰਿਜ ਭੂਸ਼ਣ ਨੂੰ ਮਾਮਲੇ ਵਿੱਚ ਬਰੀ ਕਰ ਦਿੱਤਾ ਗਿਆ ਸੀ।’’

ਬ੍ਰਿਜ ਭੂਸ਼ਣ ਦੇ 2019 ਲੋਕਸਭਾ ਚੋਣ ਹਲਫ਼ਨਾਮੇ ਮੁਤਾਬਕ ਉਨ੍ਹਾਂ ਖ਼ਿਲਾਫ਼ ਚਾਰ ਮਾਮਲੇ ਵਿਚਾਰ ਅਧੀਨ ਹਨ ਜਿਨ੍ਹਾਂ ਵਿੱਚ ਕਤਲ ਦੀ ਕੋਸ਼ਿਸ਼, ਡਕੈਤੀ, ਸਰਕਾਰੀ ਅਧਿਕਾਰੀ ਨਾਲ ਕੁੱਟਮਾਰ ਅਤੇ ਚੋਣ ਜ਼ਾਬਦੇ ਦੀ ਉਲੰਘਨਾ ਸ਼ਾਮਲ ਹਨ।

ਗੋਂਡਾ ਦੇ ਪੱਤਰਕਾਰ ਜਾਨਕੀ ਸ਼ਰਣ ਦਵਿਵੇਦੀ ਕਹਿੰਦੇ ਹਨ, ‘‘1998 ਵਿੱਚ ਜਦੋਂ ਲੋਕਸਭਾ ਚੋਣਾਂ ਹੋਈਆਂ ਤਾਂ ਬ੍ਰਿਜ ਭੂਸ਼ਣ ਜੇਲ੍ਹ ਵਿੱਚ ਬੰਦ ਸਨ। ਉਨ੍ਹਾਂ ਦੀ ਪਤਨੀ ਕੇਤਕੀ ਸਿੰਘ ਨੂੰ ਭਾਜਪਾ ਨੇ ਟਿਕਟ ਦਿੱਤੀ ਅਤੇ ਉਹ ਲੋਕਸਭਾ ਮੈਂਬਰ ਚੁਣੀ ਗਈ।’’

ਬ੍ਰਿਜ ਭੂਸ਼ਣ ਦਾ ਇਤਿਹਾਸ ਲੱਭਦਿਆਂ ਅਸੀਂ ਗੋਂਡਾ ਦੇ ਨਵਾਬਗੰਜ ਥਾਣੇ ਪਹੁੰਚੇ ਜੋ ਉਨ੍ਹਾਂ ਦੇ ਪਿੰਡ ਦੇ ਨੇੜੇ ਹੈ। ਥਾਣੇ ਅੰਦਰ ਟੰਗੀ ਹਿਸਟਰੀ ਸ਼ੀਟਰਾਂ ਦੀ ਲਿਸਟ ਵਿੱਚ ਬ੍ਰਿਜ ਭੂਸ਼ਣ ਸ਼ਰਨ ਸਿੰਘ ਦਾ ਨਾਮ ਲਿਖਿਆ ਸੀ।

ਪੁਲਿਸ ਮੁਤਾਬਕ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਹਿਸਟਰੀ ਸ਼ੀਟ 1987 ਵਿੱਚ ਖੁੱਲ੍ਹੀ ਸੀ, ਉਸ ਵਿੱਚ 38 ਮੁਕੱਦਮਿਆਂ ਦਾ ਜ਼ਿਕਰ ਹੈ।

ਜੇ ਉਨ੍ਹਾਂ ਦੇ 2019 ਦੇ ਚੋਣ ਹਲਫ਼ਨਾਮੇ ਦੀ ਗੱਲ ਕਰੀਏ ਤਾਂ ਉਸ ਵਿੱਚ ਚਾਰ ਮੁਕੱਦਮਿਆਂ ਦਾ ਜ਼ਿਕਰ ਹੈ, ਇਨ੍ਹਾਂ ਵਿੱਚੋਂ ਬਾਬਰੀ ਮਸਜਿਦ ਢਾਹੇ ਜਾਣ ਵਾਲੇ ਮਾਮਲੇ ਵਿੱਚ ਉਹ ਬਰੀ ਹੋ ਚੁੱਕੇ ਹਨ, ਨਾਲ ਹੀ ਸਮਾਜਵਾਦੀ ਪਾਰਟੀ ਦੇ ਨੇਤਾ ਪੰਡਿਤ ਸਿੰਘ ਦੇ ਕਤਲ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਵੀ ਉਹ ਬਰੀ ਹੋ ਚੁੱਕੇ ਹਨ ਪਰ ਫ਼ੈਸਲੇ ਨੂੰ ਕਾਨੂੰਨੀ ਚੁਣੌਤੀ ਦਿੱਤੀ ਗਈ ਹੈ।

ਯੋਗੀ ਅਤੇ ਪਾਰਟੀ ਨਾਲ ਰਿਸ਼ਤੇ?

Social Media

ਜਦੋਂ ਬ੍ਰਿਜ ਭੂਸ਼ਣ ਸ਼ਰਣ ਸਿੰਘ ਦੇ ਕਰੀਬੀ ਮੰਨੇ ਜਾਂਦੇ ਬਲਰਾਮਪੁਰ ਤੋਂ ਵਿਧਾਇਕ ਪਲਟੂਰਾਮ 2021 ਵਿੱਚ ਵਿਧਾਨਸਭਾ ਚੋਣਾਂ ਤੋਂ ਠੀਕ ਪਹਿਲਾਂ, ਪਹਿਲੀ ਵਾਰ ਮੰਤਰੀ ਬਣੇ ਤਾਂ ਇਸ ਦਾ ਸਹਿਰਾ ਉਨ੍ਹਾਂ ਨੇ ਯੋਗੀ ਆਦਿੱਤਿਆਨਾਥ ਅਤੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੋਵਾਂ ਨੂੰ ਦਿੱਤਾ।

ਪਲਟੂਰਾਮ ਦਾ ਮੰਨਣਾ ਹੈ ਕਿ ਲੰਬੇ ਸੰਸਦੀ ਕਾਰਜਕਾਰ ਦੌਰਾਨ ਯੋਗੀ ਆਦਿੱਤਿਆਨਾਥ ਅਤੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਚੰਗੇ ਰਿਸ਼ਤੇ ਰਹੇ ਹਨ।

ਉਹ ਕਹਿੰਦੇ ਹਨ, ‘‘ਯੋਗੀ ਜੀ ਅਤੇ ਬ੍ਰਿਜ ਭੂਸ਼ਣ ਜੀ ਦੇ ਰਿਸ਼ਤੇ ਬਹੁਤ ਪਹਿਲਾਂ ਤੋਂ ਚੱਲੇ ਆ ਰਹੇ ਹਨ। ਉਹ ਦੋਵੇਂ ਨਾਲੋ-ਨਾਲੋ ਸੰਸਦ ਮੈਂਬਰ ਹੁੰਦੇ ਸਨ। ਮੈਂ ਕਈ ਵਾਰ ਉਨ੍ਹਾਂ ਦੇ ਨਾਲ ਮਿਲ ਕੇ ਉਨ੍ਹਾਂ ਦਾ ਆਸ਼ੀਰਵਾਦ ਲੈਂਦਾ ਰਹਿੰਦਾ ਸੀ। ਦੋਵਾਂ ਦੇ ਰਿਸ਼ਤੇ ਬਹੁਤ ਚੰਗੇ ਹਨ।’’

ਪਰ ਪੱਤਰਕਾਰ ਜਾਨਕੀ ਸ਼ਰਣ ਦਵਿਵੇਦੀ ਇਸ ਤੋਂ ਵੱਖ ਰਾਏ ਰੱਖਦੇ ਹਨ ਅਤੇ ਕਹਿੰਦੇ ਹਨ, ‘‘ਇਹ ਆਮ ਚਰਚਾ ਹੈ, ਅਜਿਹਾ ਲੱਗਦਾ ਹੈ ਕਿ ਮੁੱਖ ਮੰਤਰੀ ਜੀ ਨਾਲ ਇਨ੍ਹਾਂ ਦੇ ਰਿਸ਼ਤੇ ਬਹੁਤ ਚੰਗੇ ਨਹੀਂ ਹਨ।’’

ਕੁਝ ਲੋਕ ਕਹਿੰਦੇ ਹਨ ਕਿ ਪਾਰਟੀ ਫ਼ਿਲਹਾਲ ਬ੍ਰਿਜ ਭੂਸ਼ਣ ਉੱਤੇ ਜ਼ਿਆਦਾ ਮਿਹਰਬਾਨ ਨਜ਼ਰ ਨਹੀਂ ਆ ਰਹੀ ਹੈ ਪਰ ਕੁਝ ਲੋਕ ਇਹ ਵੀ ਕਹਿੰਦੇ ਹਨ ਕਿ ਇੰਨੇ ਹੰਗਾਮੇ ਦੇ ਬਾਵਜੂਦ ਉਨ੍ਹਾਂ ਉੱਤੇ ਕਾਰਵਾਈ ਨਾ ਹੋਣਾ ਇਹ ਦਿਖਾਉਂਦਾ ਹੈ ਕਿ ਪਾਰਟੀ ਉਨ੍ਹਾਂ ਦੇ ਨਾਲ ਹੈ।

ਜਾਨਕੀ ਸ਼ਰਣ ਦਵਿਵੇਦੀ ਕਹਿੰਦੇ ਹਨ, ‘‘ਦੱਸਿਆ ਜਾਂਦਾ ਹੈ ਕਿ ਹਾਲ ਹੀ ਦੀਆਂ ਨਗਰ ਨਿਗਮ ਚੋਣਾਂ ਵਿੱਚ ਭਾਜਪਾ ਦੇ ਸੂਬਾ ਪ੍ਰਧਾਨ ਦੀ ਅਵਧ ਇਲਾਕੇ ਦੇ ਸੰਸਦ ਮੈਂਬਰਾਂ ਦੀ ਮੀਟਿੰਗ ਵਿੱਚ ਬ੍ਰਿਜ ਭੂਸ਼ਨ ਸ਼ਰਣ ਸਿੰਘ ਵੀ ਸ਼ਾਮਲ ਸਨ। ਜਦੋਂ ਇਨ੍ਹਾਂ ਨੂੰ ਰਾਏ ਦੇਣ ਨੂੰ ਕਿਹਾ ਗਿਆ ਤਾਂ ਇਨ੍ਹਾਂ ਨੇ ਕਿਹਾ ਕਿ ਅਸੀਂ ਪਾਰਟੀ ਪ੍ਰਧਾਨ ਨੂੰ ਬਾਅਦ ਵਿੱਚ ਮਿਲ ਕੇ ਆਪਣੀ ਰਾਏ ਦੇਵਾਂਗੇ ਪਰ ਦੱਸਦੇ ਹਨ ਕਿ ਇਨ੍ਹਾਂ ਨੂੰ ਵੱਖਰੇ ਤੌਰ ਉੱਤੇ ਮਿਲਣ ਲਈ ਸਮਾਂ ਨਹੀਂ ਦਿੱਤਾ ਗਿਆ।’’

ਪਰ ਗੱਲ ਉੱਥੇ ਹੀ ਖ਼ਤਮ ਨਹੀਂ ਹੋਈ। ਬ੍ਰਿਜ ਭੂਸ਼ਣ ਨੇ ਮੁੱਖ ਮੰਤਰੀ ਤੋਂ ਪਹਿਲਾਂ ਭਾਸ਼ਣ ਦਿੱਤਾ ਤਾਂ ਉਸ ਵਿੱਚ ਉਨ੍ਹਾਂ ਇੱਕ ਸ਼ੇਅਰ ਸੁਣਾਇਆ, ‘‘ਮੈਂ ਮਹਿਫ਼ਿਲ ਕਾ ਫ਼ਰਦ ਹੂੰ, ਬਿਛਾਵਨ ਨਹੀਂ ਹੂੰ।’’

ਦਵਿਵੇਦੀ ਕਹਿੰਦੇ ਹਨ, ‘‘ਇਹ ਇਸ਼ਾਰਾ ਉਨ੍ਹਾਂ ਨੇ ਮੁੱਖ ਮੰਤਰੀ ਅਤੇ ਪਾਰਟੀ ਦੇ ਸੂਬਾ ਪ੍ਰਧਾਨ ਦੀ ਜਨਸਭਾ ਵਿੱਚ ਜਨਤੱਕ ਤੌਰ ਉੱਤੇ ਦਿੱਤਾ ਸੀ ਕਿ ਉਨ੍ਹਾਂ ਨੂੰ ਬਿਨਾਂ ਇੱਜ਼ਤ ਦਿੱਤੇ ਇਸਤੇਮਾਲ ਨਹੀਂ ਕੀਤਾ ਜਾ ਸਕਦਾ।’’

ਗੋਂਡਾ-ਬਲਰਾਮਪੁਰ ਵਿੱਚ ਵਫ਼ਾਦਾਰਾਂ ਦੀ ਫੌਜ

@BRIJBHUSHANSHARAN
ਬ੍ਰਿਜ ਭੂਸ਼ਣ ਸ਼ਰਨ ਸਿੰਘ ਅਕਸਰ ਸੋਸ਼ਲ ਮੀਡੀਆ ਉੱਤੇ ਆਪਣਾ ਸਤਿਕਾਰ ਹੁੰਦੇ ਹੋਏ ਦੀਆਂ ਤਸਵੀਰਾਂ ਪੋਸਟ ਕਰਦੇ ਹਨ

ਬ੍ਰਿਜ ਭੂਸ਼ਣ ਸ਼ਰਨ ਸਿੰਘ ਉੱਤੇ ਲੱਗੇ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ਉੱਤੇ ਭਾਜਪਾ ਦੇ ਕੇਂਦਰ ਅਤੇ ਸੂਬੇ ਦੇ ਵੱਡੇ-ਵੱਡੇ ਬੁਲਾਰੇ ਫ਼ਿਲਹਾਲ ਖੁੱਲ੍ਹ ਕੇ ਉਨ੍ਹਾਂ ਦੇ ਬਚਾਅ ਵਿੱਚ ਮੈਦਾਨ ’ਚ ਨਹੀਂ ਆਏ ਹਨ ਪਰ ਜੋ ਉਨ੍ਹਾਂ ਦੇ ਅਹਿਸਾਨਮੰਦ ਹਨ ਉਹ ਖੁੱਲ੍ਹ ਕੇ ਬੋਲ ਰਹੇ ਹਨ।

ਪਲਟੂਰਾਮ ਬਲਰਾਮਪੁਰ ਦੀ ਰਾਖਵੀਂ ਸੀਟ ਤੋਂ ਦੂਜੀ ਵਾਰ ਭਾਜਪਾ ਦੇ ਵਿਧਾਇਖ ਚੁਣੇ ਗਏ ਹਨ। ਅਜੇ ਸਿੰਘ ਗੋਂਡਾ ਦੇ ਕਰਨਲਗੰਜ ਤੋਂ ਵਿਧਾਇਕ ਹਨ। ਭਾਜਪਾ ਭਾਵੇਂ ਚੁੱਪ ਹੈ, ਪਰ ਪਲਟੂਰਾਮ ਅਤੇ ਅਜੇ ਸਿੰਘ ਵਰਗੇ ਪਾਰਟੀ ਵਿਧਾਇਕ ਦੋਵੇਂ ਹੀ ਬ੍ਰਿਜ ਭੂਸ਼ਣ ਦੇ ਬਚਾਅ ਵਿੱਚ ਉੱਤਰ ਚੁੱਕੇ ਹਨ।

ਪਲਟੂਰਾਮ ਭਲਵਾਨਾਂ ਦੇ ਪ੍ਰਦਰਸ਼ਨ ਨੂੰ ਕਾਂਗਰਸ ਦੀ ਸਾਜ਼ਿਸ਼ ਦੱਸਦੇ ਹੋਏ ਕਹਿੰਦੇ ਹਨ, ‘‘ਇਹ ਮਾਣਯੋਗ ਸਾਂਸਦ ਜੀ ਦੇ ਸਿਆਸੀ ਕਿਰਦਾਰ ਨੂੰ ਖ਼ਰਾਬ ਕਰਨਾ ਚਾਹੁੰਦੇ ਹਨ। ਸਾਂਸਦ ਜੀ ਆਮ ਜਨਤਾ ਦੇ ਦਿਲਾਂ ਵਿੱਚ ਵਸਦੇ ਹਨ।’’

ਵਿਧਾਇਕ ਅਜੇ ਸਿੰਘ ਕਹਿੰਦੇ ਹਨ, ‘‘ਮਾਣਯੋਗ ਬ੍ਰਿਜ ਭੂਸ਼ਣ ਜੀ ਸਾਡੇ ਲਈ ਪਿਤਾ ਬਰਾਬਰ ਹਨ ਅਤੇ ਅਸੀਂ ਉਨ੍ਹਾਂ ਨੂੰ ਸ਼ੁਰੂ ਤੋਂ ਜਾਣਦੇ ਹਾਂ। ਲਗਾਇਆ ਗਿਆ ਇਲਜ਼ਾਮ ਬੇਬੁਨਿਆਦ ਹੈ, ਇਹ ਸਾਜ਼ਿਸ਼ ਹੈ ਅਤੇ ਇਸ ਦਾ ਕਾਰਨ ਉਨ੍ਹਾਂ ਦਾ ਵੱਡਾ ਨਾਮ ਹੋਣਾ ਹੈ। ਤੁਹਾਨੂੰ ਪਤਾ ਹੋਵੇਗਾ ਕਿ ਪੂਰਵਾਂਚਲ ਵਿੱਚ ਨੇਤਾ ਜੀ (ਬ੍ਰਿਜ ਭੂਸ਼ਣ) ਦੇ ਕੱਦ ਦਾ ਕੋਈ ਨੇਤਾ ਨਹੀਂ ਹੈ।’’

ਪਲਟੂਰਾਮ ਦੱਸਦੇ ਹਨ ਕਿ ਉਹ ਬ੍ਰਿਜ ਭੂਸ਼ਣ ਸ਼ਰਣ ਸਿੰਘ ਦਾ ਨਾਮ ਆਪਣੇ ਵਿਦਿਆਰਥੀ ਸਿਆਸਤ ਦੇ ਜ਼ਮਾਨੇ ਤੋਂ ਸੁਣਦੇ ਆ ਰਹੇ ਹਨ ਅਤੇ ਉਨ੍ਹਾਂ ਦੇ ਹੀ ਸਮਰਥਨ ਨਾਲ ਪਲਟੂਰਾਮ ਅਤੇ ਉਨ੍ਹਾਂ ਦੇ ਪਰਿਵਾਰ ਨੇ ਸਿਆਸੀ ਉਚਾਈਆਂ ਸਰ ਕੀਤੀਆਂ ਅਤੇ 2021 ਵਿੱਚ ਯੋਗੀ ਸਰਕਾਰ ’ਚ ਮੰਤਰੀ ਬਣੇ।

ਭਾਜਪਾ ਵਿਧਾਇਕ ਪਲਟੂਰਾਮ ਕਹਿੰਦੇ ਹਨ, ‘‘ਸਾਡੇ ਵਰਗੇ ਕਈ ਲੋਕ ਜੋ ਸਿਆਸਤ ਤੋਂ ਵਾਂਝੇ ਸਨ, ਉਨ੍ਹਾਂ ਨੂੰ ਪਾਰਟੀ ਦੇ ਨਾਲ-ਨਾਲ ਮੁੱਖ ਧਾਰਾ ਵਿੱਚ ਜੋੜਨ ਦਾ ਕੰਮ ਕੀਤਾ ਹੈ।’’

ਕਿਸੇ ਖ਼ੇਤਰ ਨਾਲ ਡੂੰਘਾ ਰਿਸ਼ਤਾ ਬਣਾਕੇ ਰੱਖਣ ਬਾਰੇ ਉਹ ਕਹਿੰਦੇ ਹਨ, ‘‘ਬਲਰਾਮਪੁਰ ਲੋਕ ਸਭਾ ਹਲਕੇ ਤੋਂ ਉਹ ਪਹਿਲਾਂ ਸਾਂਸਦ ਰਹਿ ਚੁੱਕੇ ਹਨ, ਪਰ ਅੱਜ ਵੀ ਵੱਖ-ਵੱਖ ਪ੍ਰੋਗਰਾਮਾਂ ਵਿੱਚ ਉਨ੍ਹਾਂ ਦਾ ਆਣਾ-ਜਾਣਾ ਲੱਗਿਆ ਰਹਿੰਦਾ ਹੈ। ਰਿਸ਼ਤੇ ਉਹ ਹਮੇਸ਼ਾ ਲਈ ਬਣਾਉਂਦੇ ਹਨ।’’

ਕ੍ਰੋਸ ਵੋਟਿੰਗ ਦਾ ਮਾਮਲਾ

@BRIJBHUSHANSHARAN
ਇਸ ਪੁਰਾਣੀ ਤਸਵੀਰ ਵਿੱਚ ਸਾਬਕਾ ਗ੍ਰਹਿ ਮੰਤਰੀ ਲਾਲ ਕ੍ਰਿਸ਼ਣ ਅਡਵਾਨੀ ਦੇ ਨਾਲ ਬ੍ਰਿਜ ਭੂਸ਼ਣ ਸ਼ਰਨ ਸਿੰਘ

ਸਾਲ 2008 ਵਿੱਚ ਜਦੋਂ ਸਮਾਜਵਾਦੀ ਪਾਰਟੀ ਨੇ ਮਨਮੋਹਨ ਸਿੰਘ ਸਰਕਾਰ ਨੂੰ ਨਿਊਕਲੀਅਰ ਡੀਲ ਨਾਲ ਜੁੜੇ ਵਿਸ਼ਵਾਸ ਮਤੇ ਉੱਤੇ ਸਮਰਥਨ ਦਿੱਤਾ ਤਾਂ ਭਾਜਪਾ ਦੇ ਕੁਝ ਸੰਸਦ ਮੈਂਬਰਾਂ ਉੱਤੇ ਕ੍ਰੋਸ ਵੋਟਿੰਗ ਦੇ ਇਲਜ਼ਾਮ ਲੱਗੇ।

ਪੱਤਰਕਾਰ ਜਾਨਕੀ ਸ਼ਰਣ ਦਵਿਵੇਦੀ ਕਹਿੰਦੇ ਹਨ, ‘‘ਦੱਸਿਆ ਗਿਆ ਕਿ ਇਸ ਦਾ ਨਤੀਜਾ ਹੋਇਆ ਕਿ ਉਸੇ ਸਮੇਂ ਇਨ੍ਹਾਂ ਨੂੰ ਇੱਕ ਤੋਹਫ਼ੇ ਵਜੋਂ ਵਾਈ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਅਤੇ ਯੂਪੀਏ ਸਰਕਾਰ ਤੋਂ ਮਿਲੀ ਸੁਰੱਖਿਆ ਹੁਣ ਤੱਕ ਚੱਲਦੀ ਆ ਰਹੀ ਹੈ।’’

ਇੱਕ ਵੀਡੀਓ ਇੰਟਰਵਿਊ ਵਿੱਚ ਬ੍ਰਿਜ ਭੂਸ਼ਣ ਨੇ ਕ੍ਰੋਸ ਵੋਟਿੰਗ ਦੀ ਗੱਲ ਮੰਨੀ ਪਰ ਇਸ ਲਈ ਉਨ੍ਹਾਂ ਨੇ ਆਪਣੀ ਪਾਰਟੀ ਦੀ ਬੇਰੁਖ਼ੀ ਨੂੰ ਜ਼ਿੰਮੇਵਾਰ ਠਹਿਰਾਇਆ। 2017 ਵਿੱਚ ਜਦੋਂ ਮਨੋਹਰ ਪਾਰਿਕਰ ਨੂੰ ਗੋਆ ਦੀਆਂ ਵਿਧਾਨਸਭਾ ਚੋਣਾਂ ਵਿੱਚ ਬਹੁਮਤ ਨਹੀਂ ਮਿਲਿਆ ਤਾਂ ਭਾਜਪਾ ਨੇ ਬ੍ਰਿਜ ਭੂਸ਼ਣ ਸ਼ਰਣ ਸਿੰਘ ਨੂੰ ਇੱਕ ਵੱਡੀ ਜ਼ਿੰਮੇਵਾਰੀ ਸੌਂਪੀ।

ਇੱਕ ਨਿੱਜੀ ਜੈੱਟ ਭੇਜ ਕੇ ਬ੍ਰਿਜ ਭੂਸ਼ਣ ਨੂੰ ਗੋਆ ਫਾਰਵਰਡ ਪਾਰਟੀ ਦੇ ਵਿਧਾਇਕ ਵਿਜੇ ਸਰਦੇਸਾਈ ਅਤੇ ਉਨ੍ਹਾਂ ਦੇ ਦੋ ਵਿਧਾਇਕਾਂ ਨੂੰ ਜੋੜਨ ਦਾ ਕੰਮ ਦਿੱਤਾ ਗਿਆ, ਇਸ ਵਿੱਚ ਉਹ ਕਾਮਯਾਬ ਰਹੇ ਅਤੇ ਪਾਰਟੀ ਦੇ ਸੰਕਟਮੋਚਕ ਵਾਂਗ ਦਿਖੇ।

ਵਿਜੇ ਸਰਦੇਸਾਈ ਪ੍ਰੋਗ੍ਰੇਸਿਵ ਰੈਸਲਿੰਗ ਅਸੋਸੀਏਸ਼ਨ ਆਫ਼ ਗੋਆ ਦੇ ਪ੍ਰਧਾਨ ਹਨ ਅਤੇ ਕੁਸ਼ਤੀ ਕਰਕੇ ਉਨ੍ਹਾਂ ਦੀ ਬ੍ਰਿਜ ਭੂਸ਼ਣ ਨਾਲ ਦੋਸਤੀ ਹੈ।

ਸਿਰਫ਼ ਗੋਆ ਹੀ ਨਹੀਂ, ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ ਉੱਪ-ਮੁੱਖ ਮੰਤਰੀ ਦੇਵੇਂਦਰ ਫਡਣਵੀਸ ਦੇ ਵੀ ਕਾਫ਼ੀ ਕਰੀਬ ਮੰਨੇ ਜਾਂਦੇ ਹਨ। ਅਪ੍ਰੈੱਲ ਵਿੱਚ ਸ਼ਿੰਦੇ ਅਤੇ ਫਡਣਵੀਸ ਦੇ ਅਯੁੱਧਿਆ ਦੌਰੇ ਵਿੱਚ ਉਹ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਮਿਲਾਉਂਦੇ ਨਜ਼ਰ ਆਏ।

ਬੀਬੀਸੀ ਨੇ ਇਨ੍ਹਾਂ ਸਾਰੇ ਪਹਿਲੂਆਂ ਅਤੇ ਇਲਜ਼ਾਮਾਂ ਉੱਤੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਤੋਂ ਵਿਸਥਾਰ ਵਿੱਚ ਉਨ੍ਹਾਂ ਦਾ ਪੱਖ ਜਾਣਨ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ। ਉਨ੍ਹਾਂ ਦੇ ਇੱਕ ਨੁਮਾਇੰਦੇ ਨੇ ਕਿਹਾ ਕਿ ‘ਕਿਸੇ ਵੀ ਤਰ੍ਹਾਂ ਦੀ ਸਫ਼ਾਈ ਦੇਣਾ ਗ਼ੈਰ-ਜ਼ਰੂਰੀ ਹੈ।’

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)