ਸਲੀਪ ਪੈਰਾਲਿਸਿਸ: ਸੁੱਤੇ ਹੋਈ ਕਈ ਵਾਰ ਇੰਝ ਕਿਉਂ ਲੱਗਦਾ ਹੈ ਜਿਵੇਂ ਛਾਤੀ ਉੱਤੇ ''''ਭੂਤ ਬੈਠਾ ਹੋਵੇ''''?

06/02/2023 11:19:24 AM

Getty Images

ਮੈਂ ਉਦੋਂ ਅਲ੍ਹੱੜ ਉਮਰ ਵਿੱਚ ਹੀ ਸੀ। ਮੇਰੇ ਸਕੂਲ ਜਾਣ ਲਈ ਉੱਠਣ ਵਿੱਚ ਸਮਾਂ ਪਿਆ ਸੀ।

ਮੇਰੀ ਅੱਖ ਖੁੱਲ੍ਹੀ ਅਤੇ ਮੈਂ ਬਿਸਤਰੇ ਵਿੱਚ ਪਾਸਾ ਲੈਣ ਦੀ ਕੋਸ਼ਿਸ਼ ਕੀਤੀ ਪਰ, ਮੈਥੋਂ ਹਿੱਲਿਆ ਨਾ ਗਿਆ ਅਤੇ ਮੈਂ ਦੇਖਿਆ ਕਿ ਜਿਵੇਂ ਮੈਨੂੰ ਪੈਰਾਂ ਦੇ ਪੰਜਿਆਂ ਤੱਕ ਲਕਵਾ ਮਾਰ ਗਿਆ ਹੋਵੇ।

ਮੇਰਾ ਦਿਮਾਗ ਤਾਂ ਜਾਗ ਪਿਆ ਸੀ ਪਰ ਮੇਰੀਆਂ ਮਾਂਸਪੇਸ਼ੀਆਂ ਅਜੇ ਸੁੱਤੀਆਂ ਪਈਆਂ ਸਨ। ਮੇਰਾ ਕਮਰਾ ਜਿਵੇਂ ਭਖ ਰਿਹਾ ਸੀ ਅਤੇ ਸੁੰਗੜ ਰਿਹਾ ਸੀ। ਜਿਵੇਂ ਕੰਧਾਂ ਸੁੰਗੜ ਰਹੀਆਂ ਸਨ। ਮੈਂ ਬਹੁਤ ਡਰ ਗਿਆ ਸੀ। ਆਖਰ ਕੋਈ ਪੰਦਰਾਂ ਸਕਿੰਟ ਬਾਅਦ ਮੇਰਾ ਲਕਵਾ ਟੁੱਟਿਆ।

ਬਾਅਦ ਵਿੱਚ ਮੈਨੂੰ ਪਤਾ ਲੱਗਿਆ ਕਿ ਇਸ ਸਥਿਤੀ ਨੂੰ ਨੀਂਦ ਦਾ ਅਧਰੰਗ ਕਹਿੰਦੇ ਹਨ।

ਇਹ ਵੀ ਹੈਰਾਨੀ ਹੋਈ ਕਿ ਇਹ ਰਾਤ ਨੂੰ ਹੋਣ ਵਾਲੀ ਇੱਕ ਆਮ ਸਥਿਤੀ ਹੈ ਜਦੋਂ ਤੁਹਾਡਾ ਦਿਮਾਗ ਤਾਂ ਜਾਗ ਜਾਂਦਾ ਹੈ ਪਰ ਸਰੀਰ ਸੁੱਤਾ ਰਹਿ ਜਾਂਦਾ ਹੈ। ਜਾਂ ਕਹਿ ਲਓ ਅਸਥਾਈ ਅਧਰੰਗ ਮਾਰਿਆ ਜਾਂਦਾ ਹੈ।

Getty Images

ਨੀਂਦ ਦੇ ਅਧਰੰਗ ਦੇ ਗੰਭੀਰ ਸਿੱਟੇ

ਉਸ ਦਿਨ ਤੋਂ ਬਾਅਦ ਤਾਂ ਇਹ ਅਕਸਰ ਹੀ ਹੋਣ ਲੱਗ ਪਿਆ। ਲਗਭਗ ਹਰ ਦੂਜੀ ਜਾਂ ਤੀਜੀ ਰਾਤ। ਜਿੰਨੇ ਜ਼ਿਆਦਾ ਵਾਰ ਇਹ ਹੋਇਆ, ਇਸ ਤੋਂ ਮੇਰਾ ਡਰ ਘਟਦਾ ਗਿਆ। ਫਿਰ ਉਹ ਕੁਝ ਸਮੇਂ ਦਾ ਅਸੁਖਾਵਾਂ ਅਹਿਸਾਸ ਮਾਤਰ ਰਹਿ ਗਿਆ।

ਹਾਲਾਂਕਿ ਨੀਂਦ ਦੇ ਅਧਰੰਗ ਦੇ ਇਸ ਤੋਂ ਗੰਭੀਰ ਸਿੱਟੇ ਹੋਰ ਵੀ ਹੋ ਸਕਦੇ ਹਨ। ਕੁਝ ਲੋਕਾਂ ਲਈ ਇਹ ਭਿਆਨਕ ਭਰਮਜਾਲ ਦਾ ਰੂਪ ਧਾਰ ਲੈਂਦਾ ਹੈ।

ਇੱਕ 24 ਸਾਲਾ ਕੁੜੀ ਨੇ ਮੈਨੂੰ ਦੱਸਿਆ ਕਿ 18 ਸਾਲ ਦੀ ਉਮਰ ਵਿੱਚ ਉਸ ਨਾਲ ਇਹ ਪਹਿਲੀ ਵਾਰ ਹੋਇਆ ਸੀ।

ਉਸ ਨੇ ਦੱਸਿਆ, "ਮੈਂ ਦੇਖਿਆ ਇੱਕ ਡਰਾਉਣੀ ਪਰਛਾਈਂ ਪਰਦੇ ਦੇ ਪਿੱਛੇ ਖੜ੍ਹੀ ਸੀ। ਉਸ ਨੇ ਮੇਰੀ ਛਾਤੀ ''''ਤੇ ਛਾਲ ਮਾਰ ਦਿੱਤੀ। ਮੈਨੂੰ ਲੱਗਿਆ ਜਿਵੇਂ ਮੈਂ ਕਿਸੇ ਹੋਰ ਹੀ ਦੁਨੀਆਂ ਵਿੱਚ ਪਹੁੰਚ ਗਈ ਹੋਵਾਂ। ਡਰਾਉਣਾ ਤਾਂ ਇਹ ਸੀ ਕਿ ਮੈਥੋਂ ਚੀਖਿਆ ਵੀ ਨਹੀਂ ਸੀ ਮਾਰੀਆਂ ਜਾ ਰਹੀਆਂ। ਇਹ ਬਿਲਕੁਲ ਅਸਲੀ ਲੱਗ ਰਿਹਾ ਸੀ।

ਕਈਆਂ ਨੂੰ ਸ਼ੈਤਾਨ, ਭੂਤਾਂ, ਹੋਰ ਗ੍ਰਹਿਆਂ ਦੇ ਵਾਸੀਆਂ, ਡਰਾਉਣੇ ਹਮਲਾਵਰਾਂ, ਇੱਥੋਂ ਤੱਕ ਕਿ ਮਰ ਚੁੱਕੇ ਰਿਸ਼ਤੇਦਾਰਾਂ ਦਾ ਵੀ ਭਰਮ ਹੋ ਜਾਂਦਾ ਹੈ।

ਉਨ੍ਹਾਂ ਨੂੰ ਲਗਦਾ ਹੈ ਉਨ੍ਹਾਂ ਦਾ ਸਰੀਰ ਹਵਾ ਵਿੱਚ ਤੈਰ ਰਿਹਾ ਹੈ। ਜਾਂ ਹੂਬਹੂ ਉਨ੍ਹਾਂ ਦੀਆਂ ਨਕਲਾਂ ਵਰਗੇ ਬੰਦੇ ਉਨ੍ਹਾਂ ਦੇ ਬਿਸਤਰੇ ਨੂੰ ਘੇਰੀ ਖੜ੍ਹੇ ਹਨ।

ਕੁਝ ਲੋਕਾਂ ਨੂੰ ਫ਼ਰਿਸ਼ਤੇ ਨਜ਼ਰ ਆਉਂਦੇ ਹਨ ਅਤੇ ਉਨ੍ਹਾਂ ਨੂੰ ਲਗਦਾ ਹੈ ਕਿ ਉਨ੍ਹਾਂ ਨੂੰ ਕੋਈ ਅਧਿਆਤਮਿਕ ਅਨੁਭਵ ਹੋਇਆ ਹੈ।

ਖੋਜਕਾਰਾਂ ਦੀ ਕੀ ਰਾਇ ਹੈ?

ਖੋਜਕਾਰਾਂ ਦੀ ਰਾਇ ਹੈ ਕਿ ਸ਼ਾਇਦ ਇਨ੍ਹਾਂ ਸੁਪਨਿਆਂ/ ਭਰਮਾਂ ਤੋਂ ਹੀ ਮਨੁੱਖ ਨੂੰ ਜਾਦੂਗਰਨੀਆਂ ਦਾ ਖਿਆਲ ਪੈਦਾ ਹੋਇਆ ਹੋਵੇਗਾ। ਇਹ ਵਰਤਾਰਾ ਸ਼ਾਇਦ ਉਨ੍ਹਾਂ ਦਾਅਵਿਆਂ ਬਾਰੇ ਵੀ ਕੁਝ ਚਾਨਣ ਪਾ ਸਕੇ ਜਿਨ੍ਹਾਂ ਵਿੱਚ ਲੋਕ ਕਹਿੰਦੇ ਹਨ ਕਿ ਉਨ੍ਹਾਂ ਨੂੰ ਕਿਸੇ ਹੋਰ ਗ੍ਰਹਿ ਦੇ ਜੀਵ ਅਗਵਾ ਕਰਕੇ ਲੈ ਗਏ ਸਨ।

ਸਾਹਿਤ ਵਿੱਚ ਇਸ ਵਰਤਾਰੇ ਦੇ ਬਹੁਤ ਸਾਰੇ ਵੇਰਵੇ ਭਰਭੂਰ ਵਰਨਣ ਸਾਨੂੰ ਮਿਲ ਜਾਂਦੇ ਹਨ।

ਫਿਰ ਵੀ ਇਸ ਵਿਸ਼ੇ ਵਿੱਚ ਜ਼ਿਆਦਾ ਖੋਜ ਨਹੀਂ ਹੋ ਸਕੀ ਸੀ। ਨੀਂਦ ਦਾ ਅਧਿਐਨ ਕਰਨ ਵਾਲ਼ੇ ਬਲਾਂਡ ਜਲਾਲ ਹਾਰਵਰਡ ਯੂਨੀਵਰਸਿਟੀ ਵਿੱਚ ਨੀਂਦ ਦਾ ਅਧਿਐਨ ਕਰਦੇ ਹਨ। ਉਹ ਦੱਸਦੇ ਹਨ, "ਇਹ ਇੱਕ ਅਣਗੌਲਿਆ ਵਿਸ਼ਾ ਰਿਹਾ ਹੈ। ਜਿਸ ਵਿੱਚ ਪਿਛਲੇ ਦੱਸਾਂ ਸਾਲਾਂ ਦੌਰਾਨ ਲੋਕਾਂ ਦੀ ਦਿਲਚਸਪੀ ਲਗਾਤਾਰ ਵਧੀ ਹੈ।"

Getty Images

ਸਾਲ 2020 ਵਿੱਚ ਜਲਾਲ ਨੇ ਨੀਂਦ ਦੇ ਅਧਰੰਗ ਦੇ ਇਲਾਜ ਲਈ ਪਹਿਲੀ ਵਾਰ ਵੱਖੋ-ਵੱਖ ਪ੍ਰਯੋਗ ਕੀਤੇ।

ਜਲਾਲ ਉਨ੍ਹਾਂ ਮੁੱਠੀ ਭਰ ਵਿਗਿਆਨੀਆਂ ਵਿੱਚੋਂ ਹਨ ਜੋ ਇਸ ਦਿਸ਼ਾ ਵਿੱਚ ਆਪਣਾ ਸਮੇਂ ਅਤੇ ਊਰਜਾ ਲਗਾ ਰਹੇ ਹਨ। ਉਮੀਦ ਹੈ ਕਿ ਉਹ ਇਸਦੇ ਕਾਰਨਾਂ ਅਤੇ ਪ੍ਰਭਾਵਾਂ ਬਾਰੇ ਜ਼ਿਆਦਾ ਸਪਸ਼ਟ ਤਸਵੀਰ ਸਾਡੇ ਸਾਹਮਣੇ ਪੇਸ਼ ਕਰ ਸਕਣਗੇ। ਇਹ ਵੀ ਕਿ ਇਹ ਸਥਿਤੀ ਸਾਨੂੰ ਮਨੁੱਖੀ ਦਿਮਾਗ ਦੇ ਹੋਰ ਰਹਿਸਾਂ ਬਾਰੇ ਕੀ ਦੱਸਦੀ ਹੈ।

ਕੁਝ ਸਮਾਂ ਪਹਿਲਾਂ ਤੱਕ ਵਿਗਿਆਨੀਆਂ ਦੀ ਇਸ ਬਾਰੇ ਇੱਕ ਰਾਇ ਨਹੀਂ ਸੀ ਕਿ ਕਿੰਨੇ ਲੋਕਾਂ ਨੂੰ ਨੀਂਦ ਦਾ ਅਧਰੰਗ ਹੁੰਦਾ ਹੈ। ਅਧਿਐਨ ਵਿਲੋਕਿੱਤਰੇ ਸਨ ਅਤੇ ਖੋਜ ਵਿਧੀਆਂ ਵਿੱਚ ਇੱਕਸਾਰਤਾ ਨਹੀਂ ਸੀ।

ਕਲੀਨੀਕਲ ਮਨੋਵਿਗਿਆਨੀ ਬਰਾਇਨ ਸ਼ਾਰਪਲੈਸ ਹੁਣ ਸੈਂਟ ਮੈਰੀ ਕਾਲਜ, ਮੈਰੀਲੈਂਡ ਵਿੱਚ ਐਸੋਸੀਏਟ ਪ੍ਰੋਫ਼ੈਸਰ ਹਨ। ਸਾਲ 2011 ਵਿੱਚ ਜਦੋਂ ਉਹ ਪੈਨਸਲਵੇਨੀਆ ਸਟੇਟ ਯੂਨੀਵਰਸਿਟੀ ਵਿੱਚ ਸਨ ਤਾਂ ਉਨ੍ਹਾਂ ਨੇ ਉਸ ਸਮੇਂ ਤੱਕ ਇਸ ਦਿਸ਼ਾ ਵਿੱਚ ਹੋਈ ਖੋਜ ਦਾ ਗੰਭੀਰ ਮੁਤਾਲਿਆ ਕੀਤਾ।

ਆਪਣੇ ਅਧਿਐਨ ਵਿੱਚ ਪਿਛਲੇ ਪੰਜ ਦਹਾਕਿਆਂ ਦੌਰਾਨ ਹੋਏ 35 ਅਧਿਐਨਾਂ ਨੂੰ ਸ਼ਾਮਲ ਕੀਤਾ। ਸਾਰੇ ਅਧਿਐਨਾਂ ਨੂੰ ਮਿਲਾ ਕੇ 36000 ਤੋਂ ਜ਼ਿਆਦਾ ਲੋਕਾਂ ਦਾ ਸੈਂਪਲ ਸੀ।

ਉਨ੍ਹਾਂ ਨੇ ਦੇਖਿਆ ਕਿ ਨੀਂਦ ਦਾ ਅਧਰੰਗ ਅਨੁਮਾਨ ਨਾਲੋਂ ਜ਼ਿਆਦਾ ਆਮ ਵਰਤਾਰਾ ਸੀ। ਕਰੀਬ ਅੱਠ ਫ਼ੀਸਦੀ ਬਾਲਗਾਂ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਕਦੇ ਨਾ ਕਦੇ ਇਸ ਸਥਿਤੀ ਦਾ ਅਨੁਭਵ ਜ਼ਰੂਰ ਕੀਤਾ ਸੀ।

ਯੂਨੀਵਰਸਿਟੀ ਵਿਦਿਆਰਥੀਆਂ ਵਿੱਚ ਇਹ ਪ੍ਰਤੀਸ਼ਤ ਹੋਰ ਵੀ ਜ਼ਿਆਦਾ ਸੀ (28%) ਅਤੇ ਮਨੋਰੋਗੀਆਂ ਵਿੱਚ ਹੋਰ ਵੀ ਜ਼ਿਆਦਾ (32%)।

Getty Images

ਸ਼ਾਰਪਲੈਸ ਜੋ ਇਸ ਵਿਸ਼ੇ ''''ਤੇ ਇੱਕ ਕਿਤਾਬ (Sleep Paralysis: Historical, Psychological, and Medical Perspectives) ਦੇ ਵੀ ਸਹਿ ਲੇਖਕ ਹਨ, ਦਾ ਕਹਿਣਾ ਹੈ," ਇਹ ਵਾਕਈ ਇੰਨਾ ਗੈਰ-ਸਧਾਰਣ ਵੀ ਨਹੀਂ ਹੈ।"

ਨੀਂਦ ਦੇ ਅਧਰੰਦ ਦੀ ਸਥਿਤੀ ਵਿੱਚੋਂ ਗੁਜ਼ਰਨ ਤੋਂ ਬਾਅਦ ਕੁਝ ਲੋਕ ਇਸ ਦੀਆਂ ਪਰਾਲੌਕਿਕ ਅਤੇ ਪਰਾਭੌਤਿਕ ਵਿਆਖਿਆ ਕਰਨ ਵੱਲ ਖਿੱਚੇ ਜਾਂਦੇ ਹਨ। ਜਦਕਿ ਜਲਾਲ ਮੁਤਾਬਕ ਇਸ ਦਾ ਕਾਰਨ ਕਿਤੇ ਜ਼ਿਆਦਾ ਸਧਾਰਣ ਹੈ। ਰਾਤ ਦੇ ਸਮੇਂ ਤੁਹਾਡਾ ਸਰੀਰ ਨੀਂਦ ਦੇ ਚਾਰ ਪੜਾਵਾਂ ਵਿੱਚੋਂ ਗੁਜ਼ਰਦਾ ਹੈ।

ਨੀਂਦ ਦੇ ਆਖਰੀ ਪੜਾਅ ਵਿੱਚ ਅੱਖਾਂ ਤੇਜ਼ੀ ਨਾਲ ਝਮਕੀਆਂ ਜਾਂਦੀਆਂ ਹਨ। ਇਸ ਪੜਾਅ ਨੂੰ ਰੈਪਿਡ ਆਈ ਮੂਵਮੈਂਟ (REM) ਦਾ ਪੜਾਅ ਕਿਹਾ ਜਾਂਦਾ ਹੈ। ਇਸੇ ਪੜਾਅ ਤੇ ਸਾਨੂੰ ਸੁਪਨੇ ਆਉਂਦੇ ਹਨ। ਇਸ ਅਵਸਥਾ ਵਿੱਚ ਦਿਮਾਗ ਸਰੀਰ ਨੂੰ ਸ਼ਿਥਲ ਕਰ ਦਿੰਦਾ ਹੈ। ਅਜਿਹਾ ਸ਼ਾਇਦ ਇਸ ਲਈ ਤਾਂ ਜੋ ਤੁਸੀਂ ਸੁਪਨੇ ਵਾਲੀ ਗਤੀਵਿਧੀ ਸਰੀਰਕ ਰੂਪ ਵਿੱਚ ਨਾ ਕਰਨ ਲੱਗੋਂ, ਅਜਿਹਾ ਕਰਦੇ ਸਮੇਂ ਸੱਟ-ਫੇਟ ਵੀ ਲੱਗ ਸਕਦੀ ਹੈ।

ਕਦੇ-ਕਦੇ, ਹਾਲਾਂਕਿ ਸਾਇੰਸਦਾਨ ਇਸ ਬਾਰੇ ਸੁਨਿਸ਼ਚਿਤ ਨਹੀਂ ਕਿ ਕਿਉਂ ਦਿਮਾਗ ਇਸ ਪੜਾਅ ਵਿੱਚੋਂ ਅਚਨਚੇਤ ਬਾਹਰ ਆ ਜਾਂਦਾ ਹੈ। ਤੁਹਾਨੂੰ ਲਗਦਾ ਹੈ ਕਿ ਤੁਸੀਂ ਜਾਗ ਗਏ ਹੋ। ਜਦਕਿ ਦਿਮਾਗ ਦਾ ਹੇਠਲਾ ਹਿੱਸਾ ਅਜੇ ਵੀ ਨੀਂਦ ਦੇ ਉਸੇ ਪੜਾਅ ਵਿੱਚ ਹੁੰਦਾ ਹੈ ਅਤੇ ਮਾਸਪੇਸ਼ੀਆਂ ਨੂੰ ਸ਼ਿਥਲ ਰਹਿਣ ਦੇ ਸੁਨੇਹੇ (ਨਿਊਰੋਟਰਾਂਸਮਿਟਰਜ਼) ਭੇਜਦਾ ਰਹਿੰਦਾ ਹੈ।

ਜਲਾਲ ਦੱਸਦੇ ਹਨ, "ਦਿਮਾਗ ਦਾ ਸੈਂਸਰੀ ਹਿੱਸਾ ਸਰਗਰਮ ਹੋ ਜਾਂਦਾ ਹੈ। ਤੁਸੀਂ ਦਿਮਾਗੀ ਤੌਰ ''''ਤੇ, ਪ੍ਰਤੀਤੀ ਦੇ ਤੌਰ ''''ਤੇ ਜਾਗਣਾ ਸ਼ੁਰੂ ਕਰ ਰਹੇ ਹੋ। ਜਦਕਿ ਸਰੀਰਕ ਤੌਰ ''''ਤੇ ਤੁਸੀਂ ਸ਼ਿਥਲ ਹੋ।"

ਆਕਸਫ਼ੋਰਡ ਯੂਨੀਵਰਸਿਟੀ ਵਿੱਚ ਸਲੀਪ ਮੈਡੀਸਨ ਦੇ ਪ੍ਰੋਫ਼ੈਸਰ ਕੋਲਿਨ ਐਸਪੀ ਦੱਸਦੇ ਹਨ। ਜਦੋਂ ਮੈਂ ਆਪਣੀ ਉਮਰ ਦੇ ਵੀਹਵਿਆਂ ਵਿੱਚ ਸੀ ਤਾਂ ਮੈਂ ਹਰ ਦੋ ਜਾਂ ਤਿੰਨ ਰਾਤਾਂ ਦੌਰਾਨ ਨੀਂਦ ਦੇ ਅਧਰੰਗ ਦਾ ਅਨੁਭਵ ਕਰਦਾ ਸੀ। ਫਿਰ ਵੀ ਇਸ ਦਾ ਮੇਰੇ ਉੱਪਰ ਕੋਈ ਜ਼ਿਆਦਾ ਅਸਰ ਨਹੀਂ ਸੀ। ਹਾਂ ਮੇਰੇ ਪਰਿਵਾਰ ਅਤੇ ਦੋਸਤਾਂ ਲਈ ਇਹ ਇੱਕ ਦਿਲਚਸਪ ਕਿੱਸਾ ਸੀ। ਇਸ ਤਰ੍ਹਾਂ ਮੇਰਾ ਅਨੁਭਵ ਆਮ ਲੋਕਾਂ ਵਰਗਾ ਹੀ ਸੀ।

Getty Images
ਸੰਕੇਤਕ ਤਸਵੀਰ

ਉਹ ਅੱਗੇ ਦੱਸਦੇ ਹਨ, "ਜ਼ਿਆਦਾਤਰ ਲੋਕਾਂ ਲਈ, ਇਹ ਅਜੀਬ ਸਥਿਤੀ ਹੈ ਜਿਸ ਨਾਲ ਉਹ ਜਿਉਂਦੇ ਹਨ। ਕੁਝ ਹੱਦ ਤੱਕ ਇਹ ਨੀਂਦ ਵਿੱਚ ਤੁਰਨ ਵਰਗਾ ਹੈ। ਨੀਂਦ ਵਿੱਚ ਤੁਰਨ ਵਾਲੇ ਬਹੁਤ ਸਾਰੇ ਲੋਕ ਕਦੇ ਡਾਕਟਰੀ ਸਲਾਹ ਨਹੀਂ ਲੈਂਦੇ। ਉਨ੍ਹਾਂ ਦੇ ਪਰਿਵਾਰ ਵਿੱਚ ਹੈਰਾਨਗੀ ਹੁੰਦੀ ਹੈ ਅਤੇ ਉਹ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ।"

ਜਦਕਿ ਕੁਝ ਲੋਕਾਂ ਲਈ ਇਹ ਹੋਰ ਗੰਭੀਰ ਸਥਿਤੀ ਸਾਬਤ ਹੁੰਦੀ ਹੈ। ਸ਼ਾਰਪਲੈਸ ਦੀ ਖੋਜ ਮੁਤਾਬਕ 15% ਅਤੇ 44% ਫ਼ੀਸਦੀ ਲੋਕ ਜਿਨ੍ਹਾਂ ਨੂੰ ਨੀਂਦ ਦਾ ਅਧਰੰਗ ਹੁੰਦਾ ਹੈ, ਇਸ ਦੇ ਨਤੀਜੇ ਵਜੋਂ ਬਹੁਤ ਜ਼ਿਆਦਾ ਤਣਾਅ ਦਾ ਅਨੁਭਵ ਕਰਦੇ ਹਨ।

ਮੁਸ਼ਕਲ ਆਮ ਤੌਰ ''''ਤੇ ਇਸ ਸਥਿਤੀ ਕਾਰਨ ਨਹੀਂ ਸਗੋਂ ਇਸ ਬਾਰੇ ਸਾਡੀ ਪ੍ਰਤੀਕਿਰਿਆ ਤੋਂ ਪੈਦਾ ਹੁੰਦੀ ਹੈ। ਮਰੀਜ਼ ਸਾਰਾ ਦਿਨ ਇਸੇ ਚਿੰਤਾ ਵਿੱਚ ਘੁੰਮਦੇ ਰਹਿੰਦੇ ਹਨ ਕਿ ਪਤਾ ਨਹੀਂ ਅਗਲੀ ਵਾਰ ਕਦੋਂ ਇਹ ਵਰਤਾਰਾ ਮੁੜ ਵਾਪਰ ਜਾਵੇ।

ਐਸਪੀ ਕਹਿੰਦੇ ਹਨ, "ਸ਼ੁਰੂ ਵਿੱਚ ਇਸ ਕਾਰਨ ਚਿੰਤਾ ਅਤੇ ਰਾਤ ਦਾ ਅੰਤ ਹੋ ਸਕਦਾ ਹੈ।" (ਭਾਵ ਹੋ ਸਕਦਾ ਹੈ ਬਾਅਦ ਵਿੱਚ ਸਾਰੀ ਰਾਤ ਤੁਹਾਨੂੰ ਨੀਂਦ ਨਾ ਆਵੇ) "ਤੁਸੀਂ ਇਸ ਦੇ ਦੁਆਲੇ ਚਿੰਤਾ ਅਤੇ ਫਿਕਰ ਦਾ ਇੱਕ ਜਾਲਾ ਬੁਣ ਲੈਂਦੇ ਹੋ। ਸਭ ਤੋਂ ਭਿਆਨਕ ਪ੍ਰਗਟਾਵਾ ਤਾਂ ਡਰ ਦੇ ਦੌਰੇ ਵਿੱਚ ਬਦਲ ਜਾਵੇ।"

ਅਤਿ ਗੰਭੀਰ ਮਾਮਲਿਆਂ ਵਿੱਚ ਨੀਂਦ ਦਾ ਅਧਰੰਗ ਛੁਪੀ ਹੋਈ ਨਾਰਕੋਲੈਪਸੀ ਦਾ ਲੱਛਣ ਹੋ ਸਕਦਾ ਹੈ। ਇਹ ਨੀਂਦ ਨਾਲ ਜੁੜੀ ਇੱਕ ਹੋਰ ਗੰਭੀਰ ਸਥਿਤੀ ਹੈ ਜਦੋਂ ਦਿਮਾਗ ਸੌਣ ਅਤੇ ਜਾਗਣ ਦੇ ਪੈਟਰਨ ਨੂੰ ਕਾਬੂ ਵਿੱਚ ਨਹੀਂ ਰੱਖ ਪਾਉਂਦਾ। ਇਸ ਦੀ ਵਜ੍ਹਾ ਨਾਲ ਵਿਅਕਤੀ ਅਣਉਚਿਤ ਸਮੇਂ ਉੱਪਰ ਅਚਾਨਕ ਸੌਂ ਜਾਂਦਾ ਹੈ।

ਡਾਕਟਰਾਂ ਮੁਤਾਬਕ ਨੀਂਦ ਦs ਅਧਰੰਗ ਦੀ ਸੰਭਾਵਨਾ ਉਨੀਂਦਰੇ ਦੀ ਹਾਲਤ ਵਿੱਚ ਜ਼ਿਆਦਾ ਹੁੰਦੀ ਹੈ। ਇਸ ਦੀ ਵਜ੍ਹਾ ਹੈ ਕਿ ਨੀਂਦ ਦੀ ਬਣਤਰ ਟੁੱਟੀ ਹੋਈ ਹੈ। ਕੁਝ ਲੋਕਾਂ ਨੂੰ ਇਹ ਸਿੱਧੇ ਪਿਆਂ ਨੂੰ ਹੁੰਦਾ ਹੈ ਅਤੇ ਕਈਆਂ ਨੂੰ ਮੂਧੇ ਪਿਆਂ ਨੂੰ। ਹਾਲਾਂਕਿ ਕਾਰਨਾਂ ਦੀ ਵਿਆਖਿਆ ਅਜੇ ਤੱਕ ਅਸਪਸ਼ਟ ਹੈ।

ਮਰੀਜ਼ ਨੂੰ ਸਿੱਖਿਅਤ ਕਰਨਾ

ਨੀਂਦ ਦੇ ਅਧਰੰਗ ਦੀ ਸਭ ਤੋਂ ਆਮ ਪਹੁੰਚ ਮਰੀਜ਼ ਨੂੰ ਸਿੱਖਿਅਤ ਕਰਨਾ ਹੈ। ਮਰੀਜ਼ਾਂ ਨੂੰ ਮਹਿਜ਼ ਸਥਿਤੀ ਦੇ ਪਿਛਲਾ ਵਿਗਿਆਨ ਸਮਝਾਇਆ ਜਾਂਦਾ ਹੈ। ਉਨ੍ਹਾਂ ਨੂੰ ਯਕੀਨ ਦੁਆਇਆ ਜਾਂਦਾ ਹੈ ਕਿ ਉਨ੍ਹਾਂ ਨੂੰ ਕੋਈ ਖ਼ਤਰਾ ਨਹੀਂ ਹੈ।

ਕਈ ਵਾਰ ਧਿਆਨ ਲਗਾਉਣ ਨੂੰ ਵੀ ਕਿਹਾ ਜਾਂਦਾ ਹੈ। ਉਦੇਸ਼ ਇਹ ਹੁੰਦਾ ਹੈ ਕਿ ਮਰੀਜ਼ ਨੂੰ ਬਿਸਤਰ ਦੇ ਕੋਲ ਜਾਣ ਤੋਂ ਹੋਣ ਵਾਲੀ ਘਬਰਾਹਟ ਨੂੰ ਘਟਾਇਆ ਜਾਵੇ ਅਤੇ ਨੀਂਦ ਦੇ ਅਧਰੰਗ ਦੇ ਦੌਰੇ ਦੌਰਾਨ ਸ਼ਾਂਤ ਬਣੇ ਰਹਿਣ ਦੀ ਸਿਖਲਾਈ ਦਿੱਤੀ ਜਾਵੇ।

ਹੋਰ ਗੰਭੀਰ ਕੇਸਾਂ ਵਿੱਚ ਤਣਾਅ ਘਟਾਉਣ ਵਾਲੀਆਂ ਦਵਾਈਆਂ ਦੀ ਵਰਤੋਂ ਨੂੰ ਵੀ ਵਿਚਾਰਿਆ ਜਾਂਦਾ ਹੈ।

ਨੀਂਦ ਦੇ ਅਧਰੰਗ ਦੇ ਸਭ ਤੋਂ ਨਾਟਕੀ ਪਲ ਉਹ ਹੁੰਦੇ ਹਨ ਜਦੋਂ ਭੁਲੇਖਾ ਬਿਲਕੁਲ ਯਥਾਰਥਕ ਲਗਦਾ ਹੈ। ਅਕਸਰ ਰਾਤ ਨੂੰ ਦਿਸੇ ਇਨ੍ਹਾਂ ਦ੍ਰਿਸ਼ਾਂ ਤੋਂ ਵਿਅਕਤੀ ਡਰ ਜਾਂਦਾ ਹੈ। ਹਾਲਾਂਕਿ ਸਾਇੰਸਦਾਨਾਂ ਦਾ ਇਹ ਵੀ ਮੰਨਣਾ ਹੈ ਕਿ ਇਸਤੋਂ ਮਨੁੱਖੀ ਦਿਮਾਗ ਦੇ ਹੈਰਾਨੀਜਨਕ ਭੇਤਾਂ ਬਾਰੇ ਵੀ ਪਤਾ ਲੱਗ ਸਕਦਾ ਹੈ।

ਜਦੋਂ ਤੁਸੀਂ ਨੀਂਦ ਦੇ ਅਧਰੰਗ ਵਿੱਚ ਦਾਖਲ ਹੁੰਦੇ ਹੋ ਤਾ ਤੁਹਾਡੇ ਦਿਮਾਗ ਦਾ ਮੋਟਰ ਕੋਰਟੈਕਸ ਸਰੀਰ ਨੂੰ ਹਿੱਲਣ ਲਈ ਇਸ਼ਾਰੇ ਭੇਜਣੇ ਸ਼ੁਰੂ ਕਰ ਦਿੰਦਾ ਹੈ। ਜਦਕਿ ਮਾਸਪੇਸ਼ੀਆਂ ਸ਼ਿਥਲ ਹੁੰਦੀਆਂ ਹਨ ਜਿਸ ਕਾਰਨ ਦਿਮਾਗ ਨੂੰ ਆਪਣੇ ਇਸ਼ਾਰਿਆਂ ਦਾ ਕੋਈ ਮੋੜਵਾਂ ਜਵਾਬ ਨਹੀਂ ਮਿਲਦਾ।

ਇਸ ਤਰ੍ਹਾਂ ਦਿਮਾਗ ਅਤੇ ਸਰੀਰ ਵਿੱਚ ਤਾਲਮੇਲ ਵਿੱਚ ਰੁਕਾਵਟ ਪੈਦਾ ਹੁੰਦੀ ਹੈ। ਨਤੀਜੇ ਵਜੋਂ ਦਿਮਾਗ ਇਸਦੇ ਕਾਰਨਾਂ ਬਾਰੇ ਆਪਣੀ ਕਲਪਨਾ ਘੜਨ ਲਗਦਾ ਹੈ, ਕਿ ਸਰੀਰ ਹਿੱਲਿਆ ਕਿਉਂ ਨਹੀਂ।

ਇਸੇ ਕਾਰਨ ਕਈ ਸਾਰੇ ਭੁਲੇਖੇ ਇਸ ਤਰ੍ਹਾਂ ਦੇ ਹੁੰਦੇ ਹਨ ਕਿ ਕੋਈ ਜੀਵ ਤੁਹਾਡੀ ਛਾਤੀ ਉੱਪਰ ਬੈਠਾ ਹੋਣ ਕਾਰਨ ਤੁਸੀਂ ਹਿੱਲ ਨਹੀਂ ਸਕੇ।

Getty Images

ਇਸ ਤੋਂ ਵਿਕਾਸਵਾਦੀ ਸਾਇੰਸਦਾਨਾਂ ਦੇ ਇਸ ਵਿਚਾਰ ਨੂੰ ਬਲ ਮਿਲਦਾ ਹੈ ਕਿ ਮਨੁੱਖੀ ਦਿਮਾਗ ਇੱਕ ਕਹਾਣੀਆਂ ਘੜਨ ਦੀ ਮਸ਼ੀਨ ਹੈ। ਇਸ ਤਰ੍ਹਾਂ ਦਿਮਾਗ ਇੱਕ ਆਮ ਸਥਿਤੀ ਦੇ ਨਾਟਕੀ ਕਾਰਨ ਘੜ ਕੇ ਇੱਕ ਕੋਈ ਅਰਥ ਤਲਾਸ਼ਣ ਦੀ ਕੋਸ਼ਿਸ਼ ਕਰਦਾ ਹੈ।

ਲੰਡਨ ਦੀ ਗੋਲਡਸਮਿੱਥ ਯੂਨੀਵਰਸਿਟੀ ਵਿੱਚ ਅਨੌਮਲਿਸਟਿਕ ਸਾਈਕਾਲੋਜੀ ਰਿਸਰਚ ਯੂਨਿਟ ਦੇ ਮੁੱਖੀ ਕ੍ਰਿਸਟੋਫ਼ਰ ਫਰੈਂਚ ਨੇ ਭੁਲੇਖੇ ਖਾਣ ਵਾਲੇ ਲੋਕਾਂ ਨੂੰ ਮਿਲਦਿਆਂ ਅਤੇ ਉਨ੍ਹਾਂ ਨੂੰ ਕਿਹੋ-ਜਿਹੇ ਭਰਮ-ਭੁਲੇਖੇ ਪੈਂਦੇ ਹਨ।

ਇਸ ਦੇ ਵੇਰਵੇ ਇਕੱਠੇ ਕਰਦਿਆਂ ਇੱਕ ਦਹਾਕੇ ਤੋਂ ਜ਼ਿਆਦਾ ਦਾ ਸਮਾਂ ਲਗਾਇਆ ਹੈ।

ਉਹ ਦੱਸਦੇ ਹਨ, "ਇਸ ਵਿੱਚ ਸਾਂਝੇ ਥੀਮ ਹਨ ਪਰ ਬਹੁਤ ਸਾਰੇ ਵਿਲੱਖਣਤਾਵਾਂ ਵੀ ਹਨ।"

ਕੁਝ ਭੁਲੇਖਿਆਂ ਦੀ ਵਿਆਖਿਆ ਕਰਨਾ ਮੁਸ਼ਕਲ ਹੁੰਦਾ ਹੈ।

ਪਿਛਲੇ ਸਾਲਾਂ ਦੌਰਾਨ ਫਰੈਂਚ ਨੇ ਇੱਕ ਪਾਪਣ ਜਿਹੀ ਬਿੱਲੀ ਦਿਖਾਈ ਦੇਣ, ਜਾਂ ਇੱਕ ਬੰਦਾ ਜਿਸ ਨੂੰ ਦਰਖ਼ਤਾਂ ਨੇ ਨੂੜਿਆ ਹੋਇਆ ਹੈ, ਦੇਖੇ ਜਾਣ ਦੇ ਬਿਰਤਾਂਤ ਰਿਕਾਰਡ ਕੀਤੇ ਹਨ।

ਜਦਕਿ ਕੁਝ ਦੂਜੇ ਕੇਸਾਂ ਵਿੱਚ ਸੱਭਿਆਚਾਰ ਦਾ ਅਸਰ ਵੀ ਦੇਖਿਆ ਗਿਆ ਹੈ। ਭਾਵ ਕਿ ਇਹ ਭਰਮ ਲੋਕਾਂ ਨੂੰ ਉਨ੍ਹਾਂ ਦੇ ਸੱਭਿਆਚਾਰ ਦੇ ਮੁਤਾਬਕ ਪੈਂਦੇ ਹਨ।

ਕੈਨੇਡਾ ਦੇ ਨਿਊਫਾਊਂਡਲੈਂਡ ਵਿੱਚ ਅਕਸਰ ਲੋਕ ਦੇਖਦੇ ਹਨ ਕਿ ਉਨ੍ਹਾਂ ਦੀ ਛਾਤੀ ਉੱਪਰ ਕੋਈ ਬੁੱਢੀ ਭੂਤਨੀ ਜਿਹੀ ਬੈਠੀ ਹੈ।

ਜਦਕਿ ਮੈਕਸੀਕਨ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਛਾਤੀ ਉੱਪਰ ਇੱਕ ਮੁਰਦਾ ਵਿਅਕਤੀ ਪਿਆ ਦਿਸਦਾ ਹੈ।

ਜਦਕਿ ਸੈਂਟ ਲੂਸੀਅਨ ਉਨ੍ਹਾਂ ਬੱਚਿਆਂ ਦੀਆਂ ਆਤਮਾਵਾਂ ਦੀ ਗੱਲ ਕਰਦੇ ਹਨ ਜਿਨ੍ਹਾਂ ਦਾ ਬਤਿਸਮਾ ਨਹੀਂ ਕੀਤਾ ਗਿਆ ਸੀ। ਉਹ ਆਤਮਾਵਾਂ ਨੇ ਉਨ੍ਹਾਂ ਨੂੰ ਘੇਰਿਆ ਹੋਇਆ ਹੈ।

ਤੁਰਕ ਲੋਕ ਇੱਕ ਰਹਿਸਮਈ ਭੂਤੀਆ ਜੀਵ ਦਾ ਵਰਨਣ ਕਰਦੇ ਹਨ ਤਾਂ ਇਤਲਾਵੀ ਲੋਕ ਬੁੱਢੀਆਂ ਜਾਦੂਗਰਨੀਆਂ ਦੀ ਕਹਾਣੀ ਸੁਣਾਉਂਦੇ ਹਨ।

ਇਸ ਤੋਂ ਇਸ ਵਿਚਾਰ ਦੀ ਪੁਸ਼ਟੀ ਹੁੰਦੀ ਹੈ ਕਿ ਮਨੁੱਖ ਨਿਹਾਇਤ ਹੀ ਸਮਾਜਿਕ ਜੀਵ ਹੈ ਜਿਸ ਉੱਪਰ ਸੱਭਿਆਚਾਰ ਅਤੇ ਉਮੀਦਾਂ ਦਾ ਬਹੁਤ ਜ਼ਿਆਦਾ ਅਸਰ ਹੈ।

ਸੱਭਿਆਚਾਰ ਦਾ ਅਸਰ

ਆਪਣੇ ਅਧਿਐਨਾਂ ਵਿੱਚ ਜਲਾਲ ਨੇ ਡੈਨਮਾਰਕ, ਮਿਸਰ ਦੇ ਵਲੰਟੀਅਰਾਂ ਦੇ ਲੱਛਣਾਂ ਦੀ ਤੁਲਨਾ ਕੀਤੀ। ਜਿਹੜੇ ਵਲੰਟੀਅਰਾਂ ਦੀ ਉਨ੍ਹਾਂ ਨੇ ਤੁਲਨਾ ਕੀਤੀ ਉਨ੍ਹਾਂ ਦੀ ਉਮਰ ਅਤੇ ਲਿੰਗ ਸਮਾਨ ਸਨ।

ਉਨ੍ਹਾਂ ਨੇ ਨੀਂਦ ਦੇ ਅਧਰੰਗ ਵਿੱਚ ਸੱਭਿਆਚਾਰ ਦਾ ਸਪਸ਼ਟ ਅਸਰ ਦੇਖਿਆ।

ਉਨ੍ਹਾਂ ਨੇ ਦੇਖਿਆ ਕਿ ਮਿਸਰ ਦੇ ਲੋਕ (44%) ਡੈਨਮਾਰਕ ਦੇ ਲੋਕਾਂ (25%) ਨਾਲੋਂ ਜ਼ਿਆਦਾ ਨੀਂਦ ਦੇ ਅਧਰੰਗ ਦੇ ਸ਼ਿਕਾਰ ਹੁੰਦੇ ਸਨ। ਮਿਸਰ ਵਾਲ਼ਿਆਂ ਦੇ ਇਸ ਵਰਤਾਰੇ ਦੀ ਪਰਾਭੌਤਿਕ ਵਿਆਖਿਆ ਦੇਣ ਦੀ ਵੀ ਜ਼ਿਆਦਾ ਸੰਭਾਵਨਾ ਸੀ।

ਮਿਸਰ ਦੇ ਜਿਹੜੇ ਵਲੰਟੀਅਰ ਪਰਾਭੌਤਿਕ ਵਰਤਾਰਿਆਂ ਵਿੱਚ ਯਕੀਨ ਕਰਦੇ ਸਨ, ਉਹ ਦੂਜਿਆਂ ਦੇ ਮੁਕਾਬਲੇ ਜ਼ਿਆਦਾ ਦੇਰ ਅਧਰੰਗ ਦੇ ਅਸਰ ਹੇਠ ਰਹੇ।

ਜਲਾਲ ਦਾ ਸਿਧਾਂਤ ਹੈ ਕਿ ਪਰਾਭੌਤਿਕ ਸ਼ਕਤੀਆਂ ਦੇ ਡਰ ਕਾਰਨ ਲੋਕਾਂ ਨੂੰ ਨੀਂਦ ਦੇ ਅਧਰੰਗ ਤੋਂ ਹੋਰ ਵੀ ਜ਼ਿਆਦਾ ਡਰ ਲਗਦਾ ਹੈ। ਇਸ ਚਿੰਤਾ ਕਾਰਨ ਵਰਤਾਰੇ ਦੀ ਸੰਭਾਵਨਾ ਹੋਰ ਵੀ ਜ਼ਿਆਦਾ ਹੋ ਜਾਂਦੀ ਹੈ।

ਜਲਾਲ ਕਹਿੰਦੇ ਹਨ, "ਜਦੋਂ ਤੁਹਾਨੂੰ ਚਿੰਤਾ ਅਤੇ ਤਣਾਅ ਹੁੰਦਾ ਹੈ ਤਾਂ ਤੁਹਾਡੀ ਨੀਂਦ ਦੀ ਬਣਤਰ ਹੋਰ ਛਿਥਰੀ ਹੋ ਜਾਂਦੀ ਹੈ। ਇਸ ਲਈ ਤੁਹਾਨੂੰ ਨੀਂਦ ਦੇ ਅਧਰੰਗ ਦੇ ਦੌਰੇ ਦੀ ਸੰਭਾਵਨਾ ਵੀ ਵਧ ਜਾਂਦੀ ਹੈ।"

ਉਹ ਅੱਗੇ ਕਹਿੰਦੇ ਹਨ, "ਫਰਜ਼ ਕਰੋ ਤੁਹਾਡੀ ਦਾਦੀ ਤੁਹਾਨੂੰ ਕਹਿੰਦੀ ਹੈ ਕਿ ਕੋਈ ਜੀਵ ਇਸ ਤਰ੍ਹਾਂ ਦਾ ਦਿੱਸਦਾ ਹੈ, ਜੋ ਰਾਤ ਨੂੰ ਆਉਂਦਾ ਹੈ ਤੇ ਤੁਹਾਡੇ ਉੱਪਰ ਹਮਲਾ ਕਰਦਾ ਹੈ। ਇਸੇ ਡਰ ਕਾਰਨ ਤੁਸੀਂ ਬਹੁਤ ਜ਼ਿਆਦਾ ਉਤੇਜਿਤ ਹੋ ਜਾਂਦੇ ਹੋ, ਤੁਹਾਡੇ ਦਿਮਾਗ ਦਾ ਡਰ ਨਾਲ ਨਜਿੱਠਣ ਵਾਲਾ ਹਿੱਸਾ ਬੇਹੱਦ ਸੁਚੇਤ ਹੋ ਜਾਂਦਾ ਹੈ। (ਅਤੇ) ਫਿਰ ਨੀਂਦ ਦੇ REM ਪੜਾਅ ਦੌਰਾਨ ਤੁਹਾਨੂੰ ਲਗਦਾ ਹੈ ਕਿ, ਕੁਝ ਤਾਂ ਗਲਤ ਹੈ, ਮੈਥੋਂ ਹਿੱਲਿਆ ਨਹੀਂ ਜਾ ਰਿਹਾ, ਜੀਵ ਆ ਗਿਆ ਹੈ।"

"ਅਜਿਹਾ ਲਗਦਾ ਹੈ ਕਿ ਇਹ ਦਹਿਲਾ ਦੇਣ ਵਾਲਾ ਅਸਰ ਸੱਭਿਆਚਾਰ ਕਾਰਨ ਪੈਦਾ ਹੁੰਦਾ ਹੈ।"

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)