ਕੰਟੇਨਰਾਂ ਵਿੱਚ ਰਹਿਣਾ ਪਿਆ ਬੰਦ, ਤੁਰਕੀ ਤੋਂ ਡਿਪੋਰਟ ਹੋਏ, ‘ਪਰ ਮੁੜ ਵਿਦੇਸ਼ ਜਾਵਾਂਗਾ’

06/02/2023 8:04:23 AM

BBC/PUNEET BARNALA
ਸੰਕੇਤਕ ਤਸਵੀਰ

ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਭਵਾਨੀਪੁਰ ਦੇ ਰਹਿਣ ਵਾਲੇ ਨਵਜੋਤ ਸਿੰਘ ਦਾ 12ਵੀਂ ਤੋਂ ਬਾਅਦ ਇੱਕੋ ਹੀ ਸੁਪਨਾ ਸੀ ਕਿ ਅਮਰੀਕਾ ਜਾਣ ਹੈ।

26 ਸਾਲਾ ਨਵਜੋਤ ਸਿੰਘ ਨੇ ਇਸ ਸੁਪਨੇ ਨੂੰ ਸਾਕਾਰ ਕਰਨ ਲਈ ਰਿਸ਼ਤੇਦਾਰਾਂ ਅਤੇ ਦੋਸਤਾਂ ਤੋਂ 27 ਲੱਖ ਰੁਪਏ ਉਧਾਰੇ ਲਏ। ਇਸ ਲਈ ਏਜੰਟਾਂ ਨੇ ਉਨ੍ਹਾਂ ਨੂੰ ਪਹਿਲਾਂ ਤੁਰਕੀ ਭੇਜਿਆ, ਕੁਝ ਦਿਨ ਉੱਥੇ ਰਹਿਣ ਤੋਂ ਬਾਅਦ ਜਦੋਂ ਉਹ ਤੁਰਕੀ ਤੋਂ ਅਮਰੀਕਾ ਦੀ ਫਲਾਈਟ ਲੈਣ ਲੱਗੇ ਤਾਂ ਏਅਰਪੋਰਟ ਉੱਤੇ ਪੁਲਿਸ ਨੇ ਜਾਅਲੀ ਵੀਜ਼ੇ ਦੇ ਦੋਸ਼ ਵਿੱਚ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।

ਪੰਜ ਮਹੀਨੇ ਦੀ ਸਜ਼ਾ ਭੁਗਤਣ ਤੋਂ ਬਾਅਦ ਨਵਜੋਤ ਸਿੰਘ ਹੁਣ ਵਾਪਸ ਦੇਸ਼ ਪਰਤੇ ਹਨ।

ਤੁਰਕੀ ਤੋਂ ਡਿਪੋਰਟ ਹੋਣ, ਉੱਥੇ ਪੰਜ ਮਹੀਨੇ ਦੀ ਖੱਜਲ ਖ਼ੁਆਰੀ ਅਤੇ 27 ਲੱਖ ਰੁਪਏ ਖ਼ਰਾਬ ਕਰਨ ਤੋਂ ਬਾਅਦ ਵੀ ਨਵਜੋਤ ਸਿੰਘ ਵਿਦੇਸ਼ ਜਾਣਾ ਚਾਹੁੰਦਾ ਹੈ।

ਇਸ ਦਾ ਕਾਰਨ ਹੈ ਕਿ ਉਸ ਨੂੰ ਪੰਜਾਬ ਵਿੱਚ ਆਪਣਾ ਭਵਿੱਖ ਨਜ਼ਰ ਨਹੀਂ ਆ ਰਿਹਾ।

ਇਹ ਕਹਾਣੀ ਨਵਜੋਤ ਸਿੰਘ ਦੀ ਨਹੀਂ ਬਲਕਿ ਕਪੂਰਥਲਾ ਜ਼ਿਲ੍ਹੇ ਦੇ ਅੰਮ੍ਰਿਤਪਾਲ ਸਿੰਘ ਅਤੇ ਤਰਨਤਾਰਨ ਦੇ ਹੈਪੀ ਸਿੰਘ ਦੀ ਵੀ ਹੈ।

ਇਹ ਤਿੰਨੇ ਨੌਜਵਾਨ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਹੋ ਕੇ ਪਿਛਲੇ ਦਿਨੀਂ ਤੁਰਕੀ ਤੋਂ ਡਿਪੋਰਟ ਹੋ ਪੰਜਾਬ ਪਰਤੇ ਹਨ।

ਇਹਨਾਂ ਨੂੰ ਵਾਪਸ ਦੇਸ਼ ਲਿਆਉਣ ਵਿੱਚ ਮਦਦ ਪੰਜਾਬ ਤੋਂ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਅਤੇ ਤੁਰਕੀ ਸਥਿਤ ਭਾਰਤੀ ਅੰਬੈਸੀ ਨੇ ਕੀਤੀ ਹੈ।

PUNEET BARNALA/BBC
ਸੰਕੇਤਕ ਤਸਵੀਰ

ਵਿਦੇਸ਼ ਜਾਣ ਦਾ ਰੁਝਾਨ

ਨਵਜੋਤ ਸਿੰਘ ਨੇ ਦੱਸਿਆ ਕਿ ਇੱਕ ਏਜੰਟ ਨੇ ਉਸ ਨੂੰ 27 ਲੱਖ ਰੁਪਏ ਵਿੱਚ ਪਹਿਲਾਂ ਤੁਰਕੀ, ਫਿਰ ਪੋਲੈਂਡ ਅਤੇ ਅੰਤ ਵਿੱਚ ਮੈਕਸੀਕੋ ਰਾਹੀਂ ਅਮਰੀਕਾ ਭੇਜਣ ਦਾ ਵਾਅਦਾ ਕੀਤਾ ਸੀ।

ਨਵਜੋਤ ਸਿੰਘ ਨੇ ਦੱਸਿਆ ਕਿ ਏਜੰਟ ਨੇ ਅਪ੍ਰੈਲ 2022 ਵਿੱਚ ਉਸ ਨੂੰ ਬਿਜ਼ਨਸ ਵੀਜ਼ੇ ਉੱਤੇ ਤੁਰਕੀ ਭੇਜ ਦਿੱਤਾ ਜੋ ਕਿ ਕਰੀਬ ਇੱਕ ਮਹੀਨੇ ਦਾ ਸੀ। ਤੁਰਕੀ ਵਿੱਚ ਹੀ ਉਸ ਦੀ ਮੁਲਾਕਾਤ ਕਪਰੂਥਾਲਾ ਜ਼ਿਲ੍ਹੇ ਦੇ ਪਿੰਡ ਟਿੱਬਾ ਦੇ 28 ਸਾਲਾ ਅੰਮ੍ਰਿਤਪਾਲ ਸਿੰਘ ਨਾਲ ਹੋਈ।

ਤੁਰਕੀ ਵਿੱਚ ਕਰੀਬ ਦੋ ਮਹੀਨੇ ਰਹਿਣ ਤੋਂ ਬਾਅਦ ਏਜੰਟ ਨੇ ਨਵਜੋਤ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਨੂੰ ਅਮਰੀਕਾ ਦਾ ਵੀਜ਼ਾ ਲੈ ਕੇ ਦਿੱਤਾ।

ਨਵਜੋਤ ਸਿੰਘ ਨੇ ਦੱਸਿਆ ਜਦੋਂ ਉਹ ਹਵਾਈ ਅੱਡੇ ਉੱਤੇ ਪਹੁੰਚੇ ਤਾਂ ਇਮੀਗ੍ਰੇਸ਼ਨ ਵਾਲਿਆਂ ਨੇ ਉਨ੍ਹਾਂ ਨੂੰ ਜਾਅਲੀ ਵੀਜ਼ੇ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰ ਲਿਆ।

ਨਵਜੋਤ ਸਿੰਘ ਮੁਤਾਬਕ ਪਹਿਲਾਂ ਉਨ੍ਹਾਂ ਨੂੰ ਪੁਲਿਸ ਸਟੇਸ਼ਨ ਲਿਜਾਇਆ ਗਿਆ, ਫਿਰ ਸ਼ਹਿਰ ਤੋਂ ਦੂਰ ਇੱਕ ਕੈਂਪ ਵਿੱਚ ਲੋਹੇ ਦੇ ਕੰਟੇਨਰਾਂ ਵਿੱਚ ਬੰਦ ਕਰ ਦਿੱਤਾ। ਉਨ੍ਹਾਂ ਦੱਸਿਆ ਗ੍ਰਿਫ਼ਤਾਰੀ ਦੀ ਸੂਚਨਾ ਉਨ੍ਹਾਂ ਨੇ ਏਜੰਟ ਅਤੇ ਆਪਣੇ ਮਾਪਿਆਂ ਨੂੰ ਦਿੱਤੀ।

Reuters
ਅਮਰੀਕਾ ਵਿੱਚ ਇੱਕ ਕੰਧ ਤੋਂ ਸਰਹੱਦ ਪਾਰ ਕਰਕੇ ਬੱਚੇ (ਸੰਕੇਤਕ ਤਸਵੀਰ)

ਕਹਾਣੀਆਂ ਹੋਰ ਵੀ ਹਨ

ਤਰਨਤਾਰਨ ਦੇ ਸਰਹਾਲੀ ਪਿੰਡ ਦੇ ਹੈਪੀ ਸਿੰਘ ਦੀ ਕਹਾਣੀ ਵੀ ਨਵਜੋਤ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਨਾਲ ਮਿਲਦੀ-ਜੁਲਦੀ ਹੈ।

22 ਸਾਲਾ ਹੈਪੀ ਸਿੰਘ ਨੇ ਦੱਸਿਆ ਕਿ ਉਹ ਇਟਲੀ ਜਾਣਾ ਚਾਹੁੰਦਾ ਸੀ, ਇਸ ਕਰ ਕੇ ਉਸ ਦੇ ਦੋਸਤ ਨੇ ਉਸ ਦਾ ਸੰਪਰਕ ਪੰਜਾਬੀ ਮੂਲ ਦੇ ਫਰਾਂਸ ਵਿੱਚ ਰਹਿਣ ਵਾਲੇ ਇੱਕ ਏਜੰਟ ਨਾਲ ਕਰਵਾਇਆ।

ਉਨ੍ਹਾਂ ਦੱਸਿਆ ਕਿ 13 ਲੱਖ ਰੁਪਏ ਵਿੱਚ ਸੌਦਾ ਤੈਅ ਹੋਇਆ ਜਿਸ ਤਹਿਤ ਏਜੰਟ ਨੇ ਪਹਿਲਾਂ ਉਸ ਨੂੰ ਦੁਬਈ ਅਤੇ ਫਿਰ ਗਰੀਸ ਪਹੁੰਚਾ ਦਿੱਤਾ। ਗ਼ਰੀਸ ਵਿੱਚ ਕਰੀਬ ਉਹ ਦੋ ਮਹੀਨੇ ਰਿਹਾ ਅਤੇ ਉਹ ਕੰਮ ਵੀ ਕਰਨ ਲੱਗਾ। ਇਸ ਦੌਰਾਨ ਉਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ।

ਗਰੀਸ ਪੁਲਿਸ ਨੇ ਉਸ ਨੂੰ ਤੁਰਕੀ ਡਿਪੋਰਟ ਕਰ ਦਿੱਤਾ, ਜਿੱਥੇ ਉਸ ਦੀ ਮੁਲਾਕਾਤ ਅੰਮ੍ਰਿਤਪਾਲ ਸਿੰਘ ਅਤੇ ਨਵਜੋਤ ਸਿੰਘ ਨਾਲ ਹੋਈ।

BBC

ਵਿਦੇਸ਼ ਜਾਣ ਦੇ ਰੁਝਾਣ ਬਾਰੇ ਖਾਸ ਗੱਲਾਂ:

  • ਅਮਰੀਕਾ ਜਾਣ ਵਾਲੇ ਪੰਜਾਬ ਦੇ ਦੋ ਨੌਜਵਾਨਾਂ ਨਾਲ ਏਜੰਟਾਂ ਨੇ ਤੁਰਕੀ ਵਿੱਚ ਮਾਰੀ ਠੱਗੀ
  • ਅਮਰੀਕਾ ਦੀ ਥਾਂ ਏਜੰਟਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਪਹੁੰਚਿਆਂ ਤੁਰਕੀ ਦੀ ਜੇਲ੍ਹ ‘ਚ
  • ਨੌਜਵਾਨਾਂ ਨੂੰ ਕੁਝ ਸਮਾਂ ਕੰਟੇਨਰਾਂ ਵਿੱਚ ਬਿਤਾਉਣਾ ਪਿਆ
  • ਫ਼ਰਜ਼ੀ ਟਰੈਵਲ ਏਜੰਟਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ
BBC
BBC
ਸੰਕੇਤਕ ਤਸਵੀਰ

ਕੰਟੇਨਰਾਂ ਵਿੱਚ ਕੱਟੇ ਦਿਨਾਂ ਦੀ ਪੀੜ

ਨਵਜੋਤ ਸਿੰਘ ਨੇ ਦੱਸਿਆ ਕਿ ਲੋਹੇ ਦੇ ਇੱਕ ਛੋਟੇ ਕੰਟੇਨਰ ਵਿੱਚ 8 ਨੌਜਵਾਨ ਬੰਦ ਸਨ ਜਿਸ ਵਿੱਚ ਹਵਾ ਲਈ ਇੱਕ ਛੋਟੀ ਖਿੜਕੀ ਸੀ।

ਇਹਨਾਂ ਨੌਜਵਾਨਾਂ ਨੇ ਦੱਸਿਆ ਕਿ ਜੇਲ੍ਹ ਨੁਮਾ ਕੈਂਪ ਵਿੱਚ ਬੜਾ ਅਣਮਨੁੱਖੀ ਵਿਵਹਾਰ ਕੀਤਾ ਜਾਂਦਾ ਸੀ। ਉਨ੍ਹਾਂ ਨੂੰ ਖਾਣ ਲਈ ਚੰਗਾ ਖਾਣਾ ਨਹੀਂ ਸੀ ਮਿਲਦਾ ਤੇ ਨਾ ਹੀ ਬਿਮਾਰ ਹੋ ਜਾਣ ਦੀ ਸੂਰਤ ਵਿਚ ਕੋਈ ਇਲਾਜ ਕਰਵਾਇਆ ਜਾਂਦਾ ਸੀ।

ਉਨ੍ਹਾਂ ਦੱਸਿਆ ਕਿ ਖਾਣ ਲਈ ਉੱਬਲੀਆਂ ਪੱਤੀਆਂ ਅਤੇ ਇੱਕ ਬਰੈੱਡ ਦਿੰਦੇ ਸਨ। ਇਸ ਨਾਲ ਹੀ ਢਿੱਡ ਨੂੰ ਭਰਨਾ ਪੈਂਦਾ ਸੀ।

ਉਨ੍ਹਾਂ ਦੱਸਿਆ ਕਿ ਪੁਲਿਸ ਵਾਲੇ ਇਹਨਾਂ ਕੰਟੇਨਰਾਂ ਤੋਂ ਸਿਰਫ਼ 20 ਮਿੰਟ ਲਈ ਦਿਨ ਵਿੱਚ ਬਾਹਰ ਕੱਢਦੇ ਸਨ।

ਨਵਜੋਤ ਸਿੰਘ ਮੁਤਾਬਕ ਠੰਢ ਤੋਂ ਬਚਣ ਲਈ ਜੋ ਕੰਬਲ ਦਿੱਤੇ ਗਏ ਸਨ, ਉਹ ਬਹੁਤ ਗੰਦੇ ਸਨ ਅਤੇ ਉਨ੍ਹਾਂ ਵਿਚੋਂ ਬਦਬੂ ਆਉਂਦੀ ਸੀ।

ਨਵਜੋਤ ਦੱਸਦੇ ਹਨ ਕਿ ਜਿਸ ਕੈਂਪ ਵਿੱਚ ਉਨ੍ਹਾਂ ਨੂੰ ਰੱਖਿਆ ਗਿਆ ਸੀ ਉੱਥੇ ਪਾਕਿਸਤਾਨ, ਅਫ਼ਗ਼ਾਨਿਸਤਾਨ, ਉਜ਼ਬੇਕਿਸਤਾਨ, ਸਰਬੀਆ ਤੇ ਹੋਰ ਦੇਸ਼ਾਂ ਦੇ ਨੌਜਵਾਨ ਵੀ ਬੰਦ ਸਨ ਪਰ ਭਾਰਤ ਤੋਂ ਉਹ ਸਿਰਫ਼ ਤਿੰਨ ਜਣੇ ਹੀ ਸਨ।

ਉਨ੍ਹਾਂ ਆਖਿਆ ਕਿ ਕਰੀਬ ਦਸ ਦਿਨ ਇਹਨਾਂ ਕੰਟੇਨਰਾਂ ਵਿੱਚ ਰੱਖਣ ਤੋਂ ਬਾਅਦ ਉਨ੍ਹਾਂ ਨੂੰ ਦੂਜੇ ਕੈਂਪ ਵਿੱਚ ਸ਼ਿਫ਼ਟ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਕੈਂਪ ਵਿਚੋਂ ਉਹ ਤੁਰਕੀ ਸਥਿਤ ਭਾਰਤੀ ਐਂਬਸੀ ਨਾਲ ਸੰਪਰਕ ਕੀਤਾ ਅਤੇ ਭਾਰਤ ਵਿਚੋਂ ਉਹਨਾਂ ਦੇ ਮਾਪਿਆਂ ਨੇ ਰਾਜ ਸਭਾ ਮੈਂਬਰ ਬਲਵੀਰ ਸਿੰਘ ਸੀਚੇਵਾਲ ਨੂੰ ਅਪੀਲ ਕੀਤੀ। ਫਿਰ 25 ਮਈ ਨੂੰ ਇਹਨਾਂ ਨੂੰ ਡਿਪੋਰਟ ਕੀਤਾ ਗਿਆ।

Getty Images

ਭਵਿੱਖ ਦੀ ਚਿੰਤਾ

ਨਵਜੋਤ ਸਿੰਘ ਦੱਸਦੇ ਹਨ ਕਿ ਘਰ ਆ ਕੇ ਇੱਕ ਪਾਸੇ ਜਿੱਥੇ ਉਹ ਖ਼ੁਸ਼ ਹਨ, ਉੱਥੇ ਹੀ ਦੂਜੇ ਪਾਸੇ ਉਦਾਸ ਵੀ ਹਨ ਕਿਉਂਕਿ ਉਹ ਆਪਣੇ ਸੁਪਨੇ ਦੇ ਬਹੁਤ ਨੇੜੇ ਸਨ ਜਿਸ ਨੂੰ ਪੂਰਾ ਨਹੀਂ ਕੀਤਾ ਜਾ ਸਕਿਆ।

ਨਵਜੋਤ ਸਿੰਘ ਆਖਦੇ ਹਨ, “ਅਸੀਂ ਸਾਰੇ 12ਵੀਂ ਪਾਸ ਹਾਂ, ਇੱਥੇ ਨੌਕਰੀਆਂ ਨਹੀਂ ਹਨ, ਇਸ ਕਰ ਕੇ ਇੱਥੇ ਕੋਈ ਭਵਿੱਖ ਵੀ ਨਹੀਂ ਹੈ।”

ਨਵਜੋਤ ਸਿੰਘ ਆਖਦੇ ਹਨ ਕਿ ਬਿਹਤਰ ਭਵਿੱਖ ਲਈ ਵਿਦੇਸ਼ ਜਾਣਾ ਉਨ੍ਹਾਂ ਦੀ ਮਜਬੂਰੀ ਹੈ ਅਤੇ ਇਸ ਕਰ ਕੇ ਨੌਜਵਾਨ ਰਿਸਕ ਲੈ ਕੇ ਵਿਦੇਸ਼ ਜਾ ਰਹੇ ਹਨ।

ਉਨ੍ਹਾਂ ਦੱਸਿਆ, “ਏਜੰਟ ਨੂੰ ਪੈਸੇ ਦੇਣ ਲਈ ਜ਼ਮੀਨ ਉੱਤੇ ਕਰਜ਼ਾ ਲਿਆ ਸੀ ਪਰ ਇਸ ਦੇ ਬਾਵਜੂਦ ਫਿਰ ਤੋਂ ਵਿਦੇਸ਼ ਜਾਵਾਂਗਾ ਤਾਂ ਜੋ ਆਪਣੀ ਜ਼ਿੰਦਗੀ ਬਿਹਤਰ ਕਰ ਸਕੀਏ।”

ਨਵਜੋਤ ਸਿੰਘ ਨੇ ਕਿਹਾ ਕਿ ਪਰਿਵਾਰ ਕੋਲ ਕਰੀਬ ਡੇਢ ਏਕੜ ਜ਼ਮੀਨ ਹੈ ਅਤੇ ਪਿਤਾ ਕਾਰਪੈਂਟਰ ਦਾ ਕੰਮ ਕਰਦੇ ਹਨ।

ਉਨ੍ਹਾਂ ਆਖਿਆ ਕਿ ਪਹਿਲੀ ਗੱਲ ਤਾਂ ਪੰਜਾਬ ਵਿੱਚ ਨੌਕਰੀਆਂ ਮਿਲਦੀਆਂ ਨਹੀਂ ਹਨ, ਦੂਜਾ ਜੇਕਰ ਮਿਲਦੀ ਹੈ ਤਾਂ ਤਨਖ਼ਾਹ ਇੰਨੀ ਘੱਟ ਕਿ ਗੁਜ਼ਾਰਾ ਕਰਨਾ ਵੀ ਮੁਸ਼ਕਿਲ ਹੋ ਜਾਂਦਾ ਹੈ।

ਉਨ੍ਹਾਂ ਦੱਸਿਆ ਕਿ ਵਿਦੇਸ਼ ਵਿੱਚ ਮਜ਼ਦੂਰੀ ਕਰ ਕੇ ਵੀ ਚੰਗੀ ਜ਼ਿੰਦਗੀ ਬਤੀਤ ਕੀਤੀ ਜਾ ਸਕਦੀ ਹੈ।

ਹੈਪੀ ਸਿੰਘ ਆਖਦੇ ਹਨ ਕਿ ਉਨ੍ਹਾਂ ਨੇ 13 ਲੱਖ ਰੁਪਏ ਏਜੰਟ ਨੂੰ ਦਿੱਤੇ ਹਨ। ਇਹ ਪੈਸੇ ਉਨ੍ਹਾਂ ਨੇ ਰਿਸ਼ਤੇਦਾਰ ਅਤੇ ਵਿਆਜ ਉੱਤੇ ਲਏ ਸਨ।

ਉਹ ਕਹਿੰਦੇ ਹਨ ਕਿ ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਅੱਗੇ ਕੀ ਹੋਵੇਗਾ। ਉਨ੍ਹਾਂ ਨੂੰ ਬਹੁਤ ਚਾਅ ਸੀ ਕਿ ਉਹ ਵਿਦੇਸ਼ ਜਾ ਕੇ ਘਰ ਵਾਲਿਆਂ ਅਤੇ ਆਪਣੇ ਸੁਪਨੇ ਪੂਰੇ ਕਰਨਗੇ ਪਰ ਏਜੰਟ ਨੇ ਉਨ੍ਹਾਂ ਦੇ ਸਾਰੇ ਸੁਪਨੇ ਤੋੜ ਦਿੱਤੇ।

Getty Images

ਏਜੰਟਾਂ ਖ਼ਿਲਾਫ਼ ਕਾਰਵਾਈ ਤੋਂ ਇਨਕਾਰ

ਨਵਜੋਤ ਸਿੰਘ ਨੂੰ ਜਦੋਂ ਪੁੱਛਿਆ ਗਿਆ ਕਿ ਤੁਸੀਂ ਏਜੰਟ ਦੇ ਖ਼ਿਲਾਫ਼ ਕੋਈ ਕਾਨੂੰਨੀ ਕਾਰਵਾਈ ਕੀਤੀ ਤਾਂ ਉਸ ਦਾ ਜਵਾਬ ਸੀ ਨਹੀਂ।

ਕਾਰਨ ਬਾਰੇ ਨਵਜੋਤ ਸਿੰਘ ਆਖਦੇ ਹਨ ਕਿ ਏਜੰਟ ਉਨ੍ਹਾਂ ਨੂੰ ਪੈਸੇ ਵਾਪਸ ਕਰਨ ਦਾ ਭਰੋਸਾ ਦੇ ਰਿਹਾ ਹੈ।

ਨਵਜੋਤ ਸਿੰਘ ਤਿੰਨ ਏਜੰਟਾਂ ਰਾਹੀ ਤੁਰਕੀ ਪਹੁੰਚੇ ਸਨ। ਇਹਨਾਂ ਵਿੱਚ ਦੋ ਭਾਰਤੀ ਹਨ ਅਤੇ ਇੱਕ ਪਾਕਿਸਤਾਨੀ।

ਦੂਜੇ ਪਾਸੇ ਹੈਪੀ ਸਿੰਘ ਦਾ ਏਜੰਟ ਫਰਾਂਸ ਵਿੱਚ ਹੈ ਜਿਸ ਦਾ ਅਤਾ-ਪਤਾ ਉਨ੍ਹਾਂ ਕੋਲ ਨਹੀਂ ਹੈ, ਇਸ ਕਰ ਕੇ ਉਹ ਕਾਨੂੰਨੀ ਕਾਰਵਾਈ ਕਰਨ ਤੋਂ ਅਸਮਰਥ ਹਨ।

ਫ਼ਰਜ਼ੀ ਟਰੈਵਲ ਏਜੰਟਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ

ਦੂਜੇ ਪਾਸੇ ਰਾਜ ਸਭਾ ਮੈਂਬਰ ਬਲਵੀਰ ਸਿੰਘ ਸੀਚੇਵਾਲ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕੀ ਫ਼ਰਜ਼ੀ ਟਰੈਵਲ ਏਜੰਟਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇ।

ਬਲਵੀਰ ਸਿੰਘ ਸੀਚੇਵਾਲ ਨੇ ਆਖਿਆ ਕਿ ਨੌਜਵਾਨਾਂ ਦੇ ਫ਼ਰਜ਼ੀ ਟਰੈਵਲ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਹੋਣ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸ ਲਈ ਇਹਨਾਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ।

ਉਨ੍ਹਾਂ ਆਖਿਆ ਕਿ ਜਿੱਥੇ ਇੱਕ ਪਾਸੇ ਲੋਕਾਂ ਨੂੰ ਏਜੰਟ ਦੇ ਪ੍ਰਮਾਣ ਪੱਤਰ ਦੀ ਜਾਂਚ ਕਰਨੀ ਚਾਹੀਦੀ ਹੈ, ਉੱਥੇ ਦੂਜੇ ਪਾਸੇ ਪੁਲਿਸ ਨੂੰ ਵੀ ਅਜਿਹੇ ਏਜੰਟਾਂ ''''ਤੇ ਸ਼ਿਕੰਜਾ ਕੱਸਣਾ ਚਾਹੀਦਾ ਹੈ।

ਸੀਚੇਵਾਲ ਨੇ ਇਸ ਗੱਲ ਉੱਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਆਖਿਆ ਹੈ, ਚੰਗੇ ਭਵਿੱਖ ਲਈ ਵਿਦੇਸ਼ਾਂ ਦਾ ਰੁੱਖ ਕਰ ਰਹੇ ਬਹੁਤੇ ਨੌਜਵਾਨ ਫ਼ਰਜ਼ੀ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਹੋ ਰਹੇ ਹਨ।

ਉਨ੍ਹਾਂ ਕਿਹਾ ਕਿ ਨੌਜਵਾਨ ਵਿਦੇਸ਼ ਜਾਣ ਦੇ ਲਾਲਚ ਵਿੱਚ ਇਹ ਵੀ ਭੁੱਲ ਜਾਂਦੇ ਹਨ ਕਿ ਅੱਗੇ ਜਾ ਕੇ ਉਨ੍ਹਾਂ ਨੂੰ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨੌਜਵਾਨਾਂ ਅੰਦਰ ਵਿਦੇਸ਼ ਜਾਣ ਦਾ ਲਾਲਚ ਇਨ੍ਹਾਂ ਵੱਧ ਚੁੱਕਾ ਹੈ ਕਿ ਆਪਣੀ ਜਾਨ ਤੱਕ ਦੀ ਪਰਵਾਹ ਨਹੀਂ ਕਰ ਰਹੇ ਹਨ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)