ਭਲਵਾਨਾਂ ਦੇ ਸਮਰਥਨ ਵਿੱਚ ਆਈ ਕੌਮਾਂਤਰੀ ਓਲੰਪਿਕ ਕਮੇਟੀ: ''''ਐਥਲੀਟਾਂ ਦੀ ਸੁਰੱਖਿਆ ''''ਤੇ ਧਿਆਨ ਦਿੱਤਾ ਜਾਵੇ''''

05/31/2023 9:19:18 AM

Getty Images

ਭਾਰਤ ਵਿੱਚ ਧਰਨਾ ਕਰ ਰਹੇ ਕੁਸ਼ਤੀ ਭਲਵਾਨਾਂ ਬਾਰੇ ਕੌਮਾਂਤਰੀ ਓਲੰਪਿਕ ਕਮੇਟੀ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਕਮੇਟੀ ਨੇ ਕਿਹਾ ਹੈ ਕਿ ਐਤਵਾਰ ਨੂੰ ਭਾਰਤੀ ਕੁਸ਼ਤੀ ਅਥਲੀਟਾਂ ਨਾਲ ਹੋਇਆ ਵਿਹਾਰ ਬਹੁਤ ਪ੍ਰੇਸ਼ਾਨ ਕਰਨ ਵਾਲਾ ਸੀ।

ਕਮੇਟੀ ਨੇ ਜ਼ੋਰ ਦੇ ਕੇ ਕਿਹਾ ਕਿ ਭਲਵਾਨਾਂ ਵੱਲੋਂ ਲਗਾਏ ਇਲਜ਼ਾਮਾਂ ਦੀ ਸਥਾਨਕ ਕਾਨੂੰਨ ਮੁਤਾਬਕ ਨਿਰਪੱਖ ਜਾਂਚ ਕਰਨੀ ਚਾਹੀਦੀ ਹੈ।

ਭਲਵਾਨ ਪਿਛਲੇ ਕਈ ਹਫ਼ਤਿਆਂ ਤੋਂ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਮੁਖੀ ਬ੍ਰਿਜ਼ ਭੂਸ਼ਣ ਸ਼ਰਨ ਸਿੰਘ ਉੱਤੇ ਜਿਨਸੀ ਸੋਸ਼ਣ ਦੇ ਇਲਜ਼ਾਮ ਲਾ ਰਹੇ ਹਨ ਅਤੇ ਉਸ ਦੀ ਗ੍ਰਿਫ਼ਤਾਰੀ ਲਈ ਸੰਘਰਸ਼ ਕਰ ਰਹੇ ਹਨ।

ਬ੍ਰਿਜ਼ ਭੂਸ਼ਣ ਸ਼ਰਨ ਸਿੰਘ ਨੇ ਇਨ੍ਹਾਂ ਇਲਜ਼ਾਮਾਂ ਨੂੰ ਖਾਰਿਜ ਕੀਤਾ ਹੈ।

ਜਿਸ ਤੋਂ ਬਾਅਦ ਉਨ੍ਹਾਂ ਦੇਸ਼ ਅਤੇ ਵਿਦੇਸ਼ ਤੋਂ ਪ੍ਰਤੀਕਿਰਿਆ ਦਾ ਦੌਰ ਚੱਲ ਰਿਹਾ ਹੈ।

ਆਈਓਸੀ ਨੇ ਕਿਹਾ, "ਅਸੀਂ ਸਮਝਦੇ ਹਾਂ ਕਿ ਅਜਿਹੀ ਅਪਰਾਧਿਕ ਜਾਂਚ ਵੱਲ ਪਹਿਲਾ ਕਦਮ ਚੁੱਕਿਆ ਗਿਆ ਹੈ, ਪਰ ਠੋਸ ਕਾਰਵਾਈਆਂ ਦੇ ਸਾਹਮਣੇ ਆਉਣ ਤੋਂ ਪਹਿਲਾਂ ਹੋਰ ਕਦਮ ਚੁੱਕਣੇ ਪੈਣਗੇ। ਅਸੀਂ ਤਾਕੀਦ ਕਰਦੇ ਹਾਂ ਕਿ ਇਨ੍ਹਾਂ ਐਥਲੀਟਾਂ ਦੀ ਸੁਰੱਖਿਆ ਅਤੇ ਭਲਾਈ ਲਈ ਉਚਿਤ ਵਿਚਾਰ ਕੀਤਾ ਜਾਵੇ ਅਤੇ ਜਾਂਚ ਤੇਜ਼ੀ ਨਾਲ ਖ਼ਤਮ ਕੀਤੀ ਜਾਵੇਗੀ।"

ਇਲਜ਼ਾਮਾਂ ਦੀ ਸ਼ੁਰੂਆਤ ਤੋਂ ਹੀ, ਆਈਓਸੀ ਯੂਨਾਈਟਿਡ ਵਰਲਡ ਰੈਸਲਿੰਗ (ਯੂਡਬਲਿਊਡਬਲਿਊ) ਦੇ ਸੰਪਰਕ ਵਿੱਚ ਹੈ, ਜਿਸ ਨੇ ਪਹਿਲਾਂ ਹੀ ਉਪਾਅ ਕੀਤੇ ਹਨ।

ਆਈਓਸੀ ਇਸ ਮੁੱਦੇ ਨੂੰ ਹੱਲ ਕਰਨ ਲਈ ਸਮਰੱਥ ਖੇਡ ਅਥਾਰਟੀ ਵਜੋਂ ਯੂਡਬਲਿਊਡਬਲਿਊ ਦਾ ਸਮਰਥਨ ਕਰਦਾ ਹੈ ਕਿਉਂਕਿ ਇਹ ਭਾਰਤ ਵਿੱਚ ਕੁਸ਼ਤੀ ਦੀ ਖੇਡ ਦੇ ਸ਼ਾਸਨ ਨਾਲ ਸਬੰਧਤ ਹੈ।

''''45 ''''ਚ ਹੋਣ ਚੋਣਾਂ ਨਹੀਂ ਤਾਂ...''''

ਉਧਰ ਖ਼ਬਰ ਏਜੰਸੀ ਏਐੱਨਆਈ ਮੁਤਾਬਕ, ਯੂਡਬਲਿਊਡਬਲਿਊ ਨੇ ਭਲਵਾਨਾਂ ਦੇ ਧਰਨੇ ''''ਤੇ ਸਖ਼ਤ ਬਿਆਨ ਜਾਰੀ ਕਰਕੇ ਭਲਵਾਨਾਂ ਨਾਲ ਹੋਏ ਸਲੂਕ ਅਤੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈਣ ਦੀ ਕਾਰਵਾਈ ਦੀ ਸਖ਼ਤ ਨਿੰਦਾ ਕੀਤੀ ਹੈ।

ਯੂਡਬਲਿਊਡਬਲਿਊ ਨੇ ਆਪਣੇ ਬਿਆਨ ਵਿੱਚ ਇਹ ਵੀ ਕਿਹਾ ਕਿ ਜੇਕਰ ਭਾਰਤੀ ਕੁਸ਼ਤੀ ਸੰਘ ਦੀਆਂ ਚੋਣਾਂ 45 ਦਿਨਾਂ ਦੇ ਅੰਦਰ ਨਹੀਂ ਕਰਵਾਈਆਂ ਗਈਆਂ ਤਾਂ ਭਾਰਤ ਨੂੰ ਮੁਅੱਤਲ ਕਰ ਦਿੱਤਾ ਜਾਵੇਗਾ।

ਯੂਨਾਈਟਿਡ ਵਰਲਡ ਰੈਸਲਿੰਗ ਨੇ ਵੀ ਹੁਣ ਤੱਕ ਦੀ ਜਾਂਚ ਦੇ ਨਤੀਜੇ ਨਾ ਆਉਣ ''''ਤੇ ਨਿਰਾਸ਼ਾ ਜ਼ਾਹਰ ਕੀਤੀ ਅਤੇ ਅਧਿਕਾਰੀਆਂ ਨੂੰ ਬ੍ਰਿਜ ਭੂਸ਼ਣ ਸ਼ਰਨ ਸਿੰਘ ''''ਤੇ ਲੱਗੇ ਇਲਜ਼ਾਮਾਂ ਦੀ ਪੂਰੀ ਅਤੇ ਨਿਰਪੱਖ ਜਾਂਚ ਕਰਨ ਦੀ ਅਪੀਲ ਕੀਤੀ।

ANI

ਤਗਮੇ ਗੰਗਾ ''''ਚ ਪ੍ਰਵਾਹ ਕਰਨੇ ਪਹੁੰਚੇ ਸਨ ਹਰਿਦੁਆਰ

ਬੀਤੇ ਦਿਨ (ਮੰਗਲਵਾਰ) ਭਾਰਤ ਦੇ ਕੌਮਾਂਤਰੀ ਭਲਵਾਨ ਸਾਕਸ਼ੀ ਮਲਿਕ, ਵਿਨੇਸ਼ ਫੋਗਾਟ, ਬਜਰੰਗ ਪੂਨੀਆ ਸਮੇਤ ਕਈ ਵੱਡੇ ਖਿਡਾਰੀ ਆਪਣੇ ਤਗਮੇ ਗੰਗਾ ਵਿਚ ਪ੍ਰਵਾਹ ਕਰਨ ਲਈ ਹਰਿਦੁਆਰ ਪਹੁੰਚੇ ਸਨ।

ਭਲਵਾਨਾਂ ਦੇ ਪਹੁੰਚਣ ਤੋਂ ਇਕ ਘੰਟੇ ਬਾਅਦ ਪੱਛਮੀ ਉੱਤਰ ਪ੍ਰਦੇਸ਼ ਦੇ ਕਿਸਾਨ ਆਗੂ ਨਰੇਸ਼ ਟਿਕੈਤ ਆਪਣੇ ਸਮਰਥਕਾਂ ਸਣੇ ਭਲਵਾਨਾਂ ਨੂੰ ਮਨਾਉਣ ਲਈ ਹਰਿਦੁਆਰ ਸਥਿਤ ਹਰਿ ਕੀ ਪੌੜੀ ਪਹੁੰਚੇ।

ਇਸ ਤੋਂ ਪਹਿਲਾਂ ਉਨ੍ਹਾਂ ਦੇ ਛੋਟੇ ਭਰਾ ਰਾਕੇਸ਼ ਟਿਕੈਤ ਨੇ ਵੀ ਭਲਵਾਨਾਂ ਨੂੰ ਆਪਣੇ ਤਗਮੇ ਗੰਗਾ ਵਿੱਚ ਨਾ ਸੁੱਟਣ ਦੀ ਅਪੀਲ ਕੀਤੀ ਸੀ।

ਪਰ ਨਰੇਸ਼ ਟਿਕੈਤ ਉਨ੍ਹਾਂ ਨੂੰ ਮਨਾਉਣ ਵਿੱਚ ਸਫ਼ਲ ਰਹੇ ਅਤੇ ਭਲਵਾਨਾਂ ਆਪਣੇ ਮੈਡਲ ਨਰੇਸ਼ ਟਿਕੈਤ ਨੂੰ ਸੌਂਪ ਦਿੱਤੇ।

ANI

ਪੰਜ ਦਿਨ ਦਾ ਅਲਟੀਮੇਟਮ

ਭਲਵਾਨ ਆਪਣੇ ਮੈਡਲ ਨਰੇਸ਼ ਟਿਕੈਤ ਨੂੰ ਸੌਂਪ ਕੇ ਚਲੇ ਗਏ, ਇਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਦੌਰਾਨ ਨਰੇਸ਼ ਟਿਕੈਤ ਨੇ ਕਿਹਾ ਕਿ ਭਲਵਾਨਾਂ ਨੂੰ ਪੰਜ ਦਿਨ ਉਡ਼ੀਕ ਕਰਨ ਲਈ ਕਿਹਾ ਗਿਆ ਹੈ।

ਇਸ ਦੌਰਾਨ ਸੰਯੁਕਤ ਕਿਸਾਨ ਮੋਰਚਾ ਇਸ ਸੰਘਰਸ਼ ਵਿੱਚ ਆਰ-ਪਾਰ ਦੇ ਸੰਘਰਸ਼ ਦਾ ਐਲਾਨ ਕਰੇਗਾ।

ਇਸੇ ਦੌਰਾਨ ਮੁਜ਼ੱਫਰਨਗਰ ਦੇ ਬੁਢਾਨਾ ਇਲਾਕੇ ਵਿੱਚ ਸੋਰਮ ਪਿੰਡ ਵਿੱਚ ਭਲਵਾਨਾਂ ਦੇ ਸਮਰਥਨ ਵਿੱਚ ਖਾਪ ਪੰਚਾਇਤ ਸੱਦੀ ਗਈ ਹੈ।

ਨਰੇਸ਼ ਟਿਕੈਤ ਮੁਤਾਬਕ ਇਹ ਪੰਚਾਇਤ ਵੀਰਵਾਰ ਨੂੰ ਹੋਵੇਗੀ ਅਤੇ ਇਸ ਵਿੱਚ ਆਮ ਲੋਕ ਹਿੱਸਾ ਨਹੀਂ ਲੈਣਗੇ।

ਟਿਕੈਤ ਮੁਤਾਬਕ ਇਸ ਵਿੱਚ ਵੱਖ-ਵੱਖ ਖਾਪਾਂ ਦੇ ਚੌਧਰੀ ਸ਼ਾਮਿਲ ਹੋਣਗੇ ਅਤੇ ਹੋਰਨਾਂ ਸੂਬਿਆਂ ਦੀਆਂ ਖਾਪਾਂ ਦੇ ਚੌਧਰੀਆਂ ਨੂੰ ਵੀ ਸੱਦਿਆ ਜਾਵੇਗਾ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)