ਗੀਤਾ, ਬਬੀਤਾ ਤੇ ਵਿਨੇਸ਼ ਦੇ ਪਿੰਡ ਵਿੱਚ ਧੀਆਂ ਭਲਵਾਨ ਬਣਨ ਤੋਂ ਡਰ ਕਿਉਂ ਰਹੀਆਂ ਹਨ

05/30/2023 11:49:16 AM

Getty Images
ਪੁਲਿਸ ਕਰਮੀਆਂ ਨੇ ਪ੍ਰਦਰਸ਼ਨਕਾਰੀ ਭਲਵਾਨਾਂ ਨੂੰ ਹਿਰਾਸਤ ਵਿੱਚ ਲਿਆ ਸੀ

ਗੀਤਾ, ਬਬੀਤਾ, ਵਿਨੇਸ਼, ਸੰਗੀਤਾ, ਰਿਤੂ ਫੋਗਾਟ ਵਰਗੀਆਂ ਭਲਵਾਨਾਂ ਦੇ ਨਾਮ ਨਾਲ ਮਸ਼ਹੂਰ ਬਲਾਲੀ ਪਿੰਡ ਆਪਣੇ ਨਿੱਤ ਦੇ ਦਸਤੂਰ ਅਨੁਸਾਰ ਸਵੇਰ ਦੇ 6 ਵਜੇ ਉੱਠ ਚੁੱਕਿਆ ਹੈ।

ਮਹਾਵੀਰ ਫੋਗਾਟ ਸਪੋਰਟਸ ਅਕੈਡਮੀ ’ਚ ਬੱਚੇ ਕੁਸ਼ਤੀ ਦੇ ਅਭਿਆਸ ਲਈ ਪਹੁੰਚ ਚੁੱਕੇ ਹਨ। ਸੱਥਾਂ ਵਿੱਚ ਬਜ਼ੁਰਗ ਕੁਝ ਨਿਰਾਸ਼ ਮਾਹੌਲ ਵਿੱਚ ਬੈਠੇ ਹਨ।

ਦਰੋਣਾਚਾਰੀਆ ਪੁਰਸਕਾਰ ਨਾਲ ਸਨਮਾਨਿਤ ਅਤੇ ਕੌਮਾਂਤਰੀ ਭਲਵਾਨ ਗੀਤਾ ਅਤੇ ਬਬੀਤਾ ਦੇ ਪਿਤਾ ਅਤੇ ਵਿਨੇਸ਼ ਫੋਗਾਟ ਦੇ ਤਾਇਆ ਮਹਾਵੀਰ ਫੋਗਾਟ ਅਖਾੜੇ ਦੇ ਬਾਹਰ ਕੁਰਸੀ ’ਤੇ ਬੈਠੇ ਨਜ਼ਰ ਆਉਂਦੇ ਹਨ।

ਉਹ ਜ਼ੋਰ ਨਾਲ ਆਵਾਜ਼ ਲਗਾਉਂਦੇ ਹਨ… “ਜੇਕਰ ਅਖ਼ਬਾਰ ਆ ਗਈ ਹੋਵੇ ਤਾਂ ਮੈਨੂੰ ਦੇ ਕੇ ਜਾਓ। ਵੇਖਾਂ ਜੋ ਟੀਵੀ ’ਤੇ ਵੇਖਿਆ ਸੀ ਉਸ ਨਾਲੋਂ ਕੁਝ ਵੱਖਰਾ ਛਪਿਆ ਹੈ ਤਾਂ ਪਤਾ ਲੱਗੇ”, ਮਹਾਵੀਰ ਨੇ ਗਲਾ ਸਾਫ਼ ਕਰਦਿਆਂ ਕਿਹਾ।

ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਮਹਾਵੀਰ ਫੋਗਾਟ ਦੱਸਦੇ ਹਨ ਕਿ ਉਨ੍ਹਾਂ ਨੇ ਕਦੇ ਵੀ ਨਹੀਂ ਸੋਚਿਆ ਸੀ ਕਿ ਉਨ੍ਹਾਂ ਨੇ ਜੋ ਮਾਹੌਲ ਕੁੜੀਆਂ ਦੀ ਕੁਸ਼ਤੀ ਦੇ ਹੱਕ ’ਚ ਬਣਾਇਆ ਸੀ, ਉਸ ਨੂੰ "ਬ੍ਰਿਜ ਭੂਸ਼ਣ ਸ਼ਰਨ ਨਾਮ ਦਾ ਗ੍ਰਹਿਣ ਲੱਗ ਜਾਵੇਗਾ।"

ਬ੍ਰਿਜ਼ ਭੂਸ਼ਣ ਸ਼ਰਨ ਸਿੰਘ ਭਾਰਤੀ ਕੁਸ਼ਤੀ ਮਹਾਸੰਘ ਦੇ ਮੁਖੀ ਹਨ, ਜਿਨ੍ਹਾਂ ਉੱਤੇ ਕੁਝ ਮਹਿਲਾ ਭਲਵਾਨਾਂ ਨੇ ਜਿਨਸੀ ਸੋਸ਼ਣ ਦੇ ਇਲਜ਼ਾਮ ਲਾਏ ਹਨ।

ਉਨ੍ਹਾਂ ਖ਼ਿਲਾਫ਼ ਕਾਰਵਾਈ ਨੂੰ ਲੈ ਕੇ ਪਿਛਲੇ ਕਰੀਬ ਸਵਾ ਮਹੀਨੇ ਤੋਂ ਮਹਿਲਾ ਭਲਵਾਨ ਦਿੱਲੀ ਦੇ ਜੰਤਰ ਮੰਤਰ ਉੱਤੇ ਧਰਨੇ ਉੱਤੇ ਬੈਠੀਆਂ ਹੋਈਆਂ ਸਨ। ਇਸ ਧਰਨੇ ਨੂੰ 28 ਮਈ ਨੂੰ ਦਿੱਲੀ ਪੁਲਿਸ ਵਲੋਂ ਜ਼ਬਰੀ ਚੁੱਕ ਦਿੱਤਾ ਗਿਆ ਸੀ।

ਬ੍ਰਿਜ਼ ਭੂਸ਼ਣ ਸ਼ਰਨ ਸਿੰਘ ਆਪਣੇ ਖ਼ਿਲਾਫ਼ ਲਗਾਏ ਗਏ ਇਲਜ਼ਾਮਾਂ ਨੂੰ ਪੂਰੀ ਤਰ੍ਹਾਂ ਨਕਾਰਦੇ ਹਨ। ਉਹ ਕੇਂਦਰ ਦੀ ਸੱਤਾਧਾਰੀ ਭਾਜਪਾ ਦੇ ਉੱਤਰ ਪ੍ਰਦੇਸ਼ ਤੋਂ ਸੰਸਦ ਮੈਂਬਰ ਹਨ। ਉਹ ਇਲਜ਼ਾਮਾਂ ਦੇ ਜਵਾਬ ਵਿੱਚ ਕਹਿੰਦੇ ਹਨ ਕਿ ਉਨ੍ਹਾਂ ਦੇ ਬਹਾਨੇ ਮੋਦੀ ਸਰਕਾਰ ਨੂੰ ਬਦਨਾਮ ਕਰਨ ਦੀ ਸਿਆਸੀ ਸਾਜ਼ਿਸ਼ ਹੋ ਰਹੀ ਹੈ।

ਬ੍ਰਿਜ ਭੂਸ਼ਮ ਸ਼ਰਨ ਸਿੰਘ ਦਾ ਕਹਿਣਾ ਹੈ ਕਿ ਉਹ ਨਾਰਕੋ ਟੈਸਟ ਲਈ ਤਿਆਰ ਹਨ ਬਸ਼ਰਤੇ ਇਲਜ਼ਾਮ ਲਾਉਣ ਵਾਲੀਆਂ ਮਹਿਲਾ ਖਿਡਾਰਨਾਂ ਦਾ ਵੀ ਟੈਸਟ ਨਾਲ ਕਰਵਾਇਆ ਜਾਵੇ।

@SAKSHIMALIK
ਪੁਲਿਸ ਕਰਮੀਆਂ ਤੋਂ ਛੁੱਟਣ ਦੀ ਕੋਸ਼ਿਸ਼ ਕਰਦਿਆਂ ਸਾਕਸ਼ੀ ਮਲਿਕ

ਦਿੱਲੀ ਵਿੱਚ 28 ਮਈ ਨੂੰ ਮਹਿਲਾ ਭਲਵਾਨਾਂ ਨਾਲ ਪੁਲਿਸ ਵਲੋਂ ਕੀਤੇ ਗਏ ਧੱਕੇ ਤੋਂ ਬਾਅਦ ਮਹਾਵੀਰ ਫੋਗਾਟ ਦੇ ਅਖਾੜੇ ਦਾ ਹਾਲ ਜਾਣਨ ਲਈ ਬੀਬੀਸੀ ਪੰਜਾਬੀ ਦੀ ਟੀਮ ਬਲਾਲੀ ਪਿੰਡ ਪਹੁੰਚੀ ਸੀ।

ਮਹਾਵੀਰ ਫੋਗਾਟ ਨੇ ਕਿਹਾ, “ਕੱਲ੍ਹ ਜੋ ਕੁਝ ਵੀ ਦਿੱਲੀ ਵਿਖੇ ਹੋਇਆ, ਉਹ ਸਿਰਫ਼ ਮੈਂ ਹੀ ਨਹੀਂ ਬਲਕਿ ਪੂਰੇ ਦੇਸ਼ ਨੇ ਮੋਬਾਈਲ ਅਤੇ ਟੀਵੀ ’ਤੇ ਵੇਖਿਆ ਹੈ।”

“ਇਸ ਤੋਂ ਵੱਡੀ ਗੁੰਡਾਗਰਦੀ ਹੋਰ ਕੀ ਹੋ ਸਕਦੀ ਹੈ, ਜਦੋਂ ਕੁੜੀਆਂ ਆਪਣੇ ਮੂੰਹੋਂ ਕਹਿ ਰਹੀਆਂ ਹਨ ਕਿ ਉਨ੍ਹਾਂ ਨਾਲ ਗ਼ਲਤ ਹੋਇਆ ਹੈ। ਪਰ ਮੁਲਜ਼ਮ ਖਿਲ਼ਾਫ ਕਾਰਵਾਈ ਕਰਨ ਦੀ ਬਜਾਇ ਪੀੜਤਾਂ ਦੀ ਆਵਾਜ਼ ਨੂੰ ਹੀ ਦਬਾਇਆ ਜਾ ਰਿਹਾ ਹੈ। ਇਹ ਨਿੰਦਣਯੋਗ ਹੈ।”

ਇਹ ਪੁੱਛੇ ਜਾਣ ’ਤੇ ਕਿ ਕੀ ਉਨ੍ਹਾਂ ਦੀ ਜੰਤਰ-ਮੰਤਰ ’ਤੇ ਬੈਠੇ ਭਲਵਾਨਾਂ ਨਾਲ ਗੱਲ ਹੋਈ ਹੈ ਤਾਂ ਮਹਾਵੀਰ ਨੇ ਦੱਸਿਆ ਕਿ ਉਹ ਖ਼ੁਦ ਵੀ ਪਹਿਲਾਂ ਦਿੱਲੀ ਧਰਨੇ ’ਤੇ ਗਏ ਸਨ ਪਰ ਉਨ੍ਹਾਂ ਨੂੰ ਸਿਹਤ ਠੀਕ ਨਾ ਹੋਣ ਕਰਕੇ ਵਾਪਸ ਆਉਣਾ ਪਿਆ।

ਉਨ੍ਹਾਂ ਅੱਗੇ ਕਿਹਾ ਕਿ ਸਾਰੇ ਭਲਵਾਨਾਂ ਦਾ ਮੁੱਦਾ ਬਿਲਕੁੱਲ ਸੱਚਾ ਹੈ ਅਤੇ ਉਹ ਉਨ੍ਹਾਂ ਦੇ ਨਾਲ ਹਨ।

ਜ਼ਿਕਰਯੋਗ ਹੈ ਕਿ ਮਹਾਵੀਰ ਫੋਗਾਟ 2016 ''''ਚ ਉਸ ਸਮੇਂ ਸੁਰਖੀਆਂ ''''ਚ ਆਏ ਜਦੋਂ ਸੁਪਰਸਟਾਰ ਆਮਿਰ ਖ਼ਾਨ ਨੇ ਉਨ੍ਹਾਂ ਦੇ ਸੰਘਰਸ਼ ''''ਤੇ ‘ਦੰਗਲ’ ਨਾਮ ਦੀ ਫਿਲਮ ਬਣਾਈ ਸੀ।

ਮਹਾਵੀਰ ਪਿਛਲੇ ਪੰਦਰਾਂ ਸਾਲਾਂ ਤੋਂ ਚਰਖੀ ਦਾਦਰੀ ਦੇ ਬਲਾਲੀ ਪਿੰਡ ''''ਚ ਅਖਾੜਾ ਚਲਾ ਰਹੇ ਹਨ ਅਤੇ ਫਿਲਮ ''''ਦੰਗਲ'''' ਤੋਂ ਬਾਅਦ ਇਸ ਅਖਾੜੇ ਨੂੰ ਪਿੰਡ ਤੋਂ ਤਿੰਨ ਕਿਲੋਮੀਟਰ ਦੂਰ ਕਲਿਆਣਾ ਰੋਡ ''''ਤੇ ਇਕ ਵੱਡੀ ਸਪੋਰਟਸ ਅਕੈਡਮੀ ਵਜੋਂ ਵਿਕਸਤ ਕੀਤਾ ਗਿਆ ਹੈ, ਜਿਸ ''''ਚ ਨਾ ਸਿਰਫ਼ ਹਰਿਆਣਾ ਬਲਕਿ ਹੋਰ ਸੂਬਿਆਂ ਤੋਂ ਵੀ ਸਿਖਲਾਈ ਲਈ ਆ ਰਹੇ ਹਨ।

STRINGER/AFP VIA GETTY IMAGES
ਮਹਾਵੀਰ ਸਿੰਘ ਫੋਗਾਟ ਦੀ ਜ਼ਿੰਦਗੀ ਤੇ ਆਮਿਰ ਖ਼ਾਨ ਦਾ ਅਦਾਕਾਰੀ ਵਾਲੀ ਇੱਕ ਫ਼ਿਲਮ ਵੀ ਬਣੀ ਹੈ

ਬਬੀਤਾ ਫੋਗਾਟ ਦੇ ਵਿਰੋਧ ਉੱਤੇ ਮਹਾਵੀਰ

ਫੋਗਾਟ ਪਰਿਵਾਰ ਦੀ ਇੱਕ ਬੇਟੀ ਬਬੀਤਾ ਫੋਗਾਟ ਹੈ। ਦੋ ਵਾਰ ਦੀ ਰਾਸ਼ਟਰ ਮੰਡਲ ਖੇਡਾਂ ਦੀ ਮੈਡਲਿਸਟ ਅਤੇ ਵਿਸ਼ਵ ਚੈਂਪੀਅਨ ਬਬੀਤਾ 2019 ਨੂੰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਈ। ਉਸ ਵਲੋਂ ਪਿਛਲੇ ਦਿਨੀਂ ਅੰਦੋਲਨ ਖਿਲਾਫ਼ ਦਿੱਤੇ ਬਿਆਨ ਬਾਰੇ ਵੀ ਮਹਾਵੀਰ ਨੇ ਜਵਾਬ ਦਿੱਤਾ

ਮਹਾਵੀਰ ਨੇ ਕਿਹਾ, “ਬਬੀਤਾ ਦੇ ਬਾਰੇ ’ਚ ਕੀ ਕਹਾਂ। ਉਹ ਹੁਣ ਵਿਆਹੀ ਹੋਈ ਹੈ ਅਤੇ ਉਸ ਦੀ ਆਪਣੀ ਸੋਚ ਹੈ, ਪਰ ਮੈਂ ਧਰਨੇ ’ਤੇ ਬੈਠੇ ਸਾਰੇ ਹੀ ਭਲਵਾਨਾਂ ਦੇ ਨਾਲ ਖੜ੍ਹਾ ਹਾਂ ਅਤੇ ਮੇਰਾ ਪੂਰਾ ਸਮਰਥਨ ਉਨ੍ਹਾਂ ਦੇ ਨਾਲ ਹੈ।”

Babita Phogat/Twitter

ਬਬੀਤਾ ਨੇ ਕਿਸਾਨ ਆਗੂ ਗੁਰਨਾਮ ਸਿੰਘ ਚਢੂਨੀ ਦੇ ਬਿਆਨ ਨੂੰ ਰੀਟਵੀਟ ਕਰਕੇ ਲਿਖਿਆ ਸੀ।

‘‘ਬੇਹੱਦ ਸ਼ਰਮਨਾਕ ਹੈ ਤੇ ਮੰਦਭਾਗਾ ਹੈ ਕਿ ਜੰਤਰ ਮੰਤਰ ਤੋਂ ਸ਼ੁਰੂ ਹੋਏ ਅੰਦੋਲਨ ਦੀ ਅਗਵਾਈ ਹੁਣ ਗੁਰਨਾਮ ਚਢੂਨੀ ਵਰਗੇ ਅੰਦੋਲਨਜੀਵੀਆਂ ਵਲੋਂ ਕੀਤੀ ਜਾ ਰਹੀ ਹੈ।

ਜਿਸ ਸਭਾ ਵਿੱਚ ਸੰਸਾਰ ਦੇ ਸਭ ਤੋਂ ਵੱਡੇ ਸਿਆਸੀ ਦਲ ਭਾਰਤੀ ਜਨਤਾ ਪਾਟੀ ਅਤੇ ਭਾਰਤ ਦੇ ਹਰਮਨ ਪਿਆਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜ਼ਹਿਰੀਲੇ ਬੋਲ ਅਤੇ ਘਟੀਆ ਸ਼ਬਦਾਂ ਨਾਲ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।

ਅਜਿਹਾ ਅੰਦੋਲਨ ਮਹਿਲਾਵਾਂ ਦੇ ਅਧਿਕਾਰ ਲਈ ਕਿਵੇਂ ਹੋ ਸਕਦਾ ਹੈ। ਮਹਿਲਾਵਾਂ ਦੇ ਅਧਿਕਾਰਾਂ ਲਈ ਉੱਠੀ ਮੰਗ, ਇਹ ਅੰਦੋਲਨ ਹੁਣ ਦੇਸ਼ ਵਿਰੋਧੀ ਤਾਕਤਾਂ ਅਤੇ ਖ਼ਾਸ ਸਿਆਸੀ ਪਰਿਵਾਰਾਂ ਹਵਾਲੇ ਹੁੰਦਾ ਦਿਖ ਰਿਹਾ ਹੈ।’’

Getty Images
2022 ਦੀਆਂ ਰਾਸ਼ਟਰ ਮੰਡਲ ਖੇਡਾਂ ਵਿੱਚ ਸ਼੍ਰੀ ਲੰਕਾ ਤੋਂ ਜਿੱਤਣ ਤੋੋਂ ਬਾਅਦ ਵਿਨੇਸ਼ ਫੋਗਾਟ

ਕੁੜੀਆਂ ਕੁਸ਼ਤੀ ਛੱਡ ਰਹੀਆਂ ਹਨ

ਨਵੀਂ ਉੱਭਰ ਰਹੀ ਮਹਿਲਾ ਭਲਵਾਨ ਭੂਮੀ ਦਾ ਕਹਿਣਾ ਹੈ ਕਿ ਉਹ ਮਹਾਵੀਰ ਫੋਗਾਟ ਦੇ ਅਖਾੜੇ ’ਚ ਤਿੰਨ ਸਾਲਾਂ ਤੋਂ ਅਭਿਆਸ ਕਰ ਰਹੀ ਹੈ ਅਤੇ ਉਹ ਇੱਥੇ ਇਹ ਸੋਚ ਕੇ ਆਈ ਸੀ ਕਿ ਇੱਕ ਦਿਨ ਉਹ ਵੀ ਗੀਤਾ, ਬਬੀਤਾ ਅਤੇ ਵਿਨੇਸ਼ ਦੀ ਤਰ੍ਹਾਂ ਆਪਣਾ ਨਾਮ ਰੌਸ਼ਨ ਕਰੇਗੀ ਅਤੇ ਮੈਡਲ ਜਿੱਤੇਗੀ।

ਭੂਮੀ ਅੱਗੇ ਕਹਿੰਦੀ ਹੈ, “ਪਿਛਲੇ ਇੱਕ ਮਹੀਨੇ ਤੋਂ ਜੋ ਕੁਝ ਵੀ ਦਿੱਲੀ ’ਚ ਚੱਲ ਰਿਹਾ ਹੈ, ਉਸ ਤੋਂ ਬਾਅਦ ਸਾਡੇ ’ਚੋਂ ਬਹੁਤ ਸਾਰੀਆਂ ਕੁੜੀਆਂ ਕੁਸ਼ਤੀ ਛੱਡ ਚੁੱਕੀਆਂ ਹਨ। ਮੇਰੇ ਮਾਪੇ ਵੀ ਕਹਿਣ ਲੱਗ ਪਏ ਹਨ ਕਿ ਇਹ ਸਭ ਗ਼ਲਤ ਹੋ ਰਿਹਾ ਹੈ ਅਤੇ ਅਸੀਂ ਆਪਣੀਆ ਧੀਆਂ ਨੂੰ ਕਿਸ ਦੇ ਭਰੋਸੇ ਅੱਗੇ ਵਧਾਈਏ।”

ਭੂਮੀ ਦਾ ਕਹਿਣਾ ਹੈ ਕਿ ਪਹਿਲਾਂ ਇਸ ਅਕੈਡਮੀ ’ਚ 40 ਤੋਂ ਵੱਧ ਕੁੜੀਆਂ ਕੁਸ਼ਤੀ ਕਰਦੀਆਂ ਸਨ ਅਤੇ ਹੋਸਟਲ ’ਚ ਰਹਿੰਦੀਆਂ ਹਨ, ਪਰ ਹੁਣ ਸਿਰਫ 4-5 ਹੀ ਰਹਿ ਗਈਆਂ ਹਨ। ਸਾਰਿਆਂ ਦੇ ਮਾਪੇ ਉਨ੍ਹਾਂ ਨੂੰ ਆਪਣੇ ਨਾਲ ਇਹ ਕਹਿ ਕੇ ਵਾਪਸ ਲੈ ਗਏ ਹਨ ਕਿ ਉਹ ਕੁਸ਼ਤੀ ਦੇ ਭਵਿੱਖ ਨੂੰ ਲੈ ਕੇ ਚਿੰਤਤ ਹਨ।”

ਭੂਮੀ ਦੀਆਂ ਇਨ੍ਹਾਂ ਗੱਲਾਂ ’ਚ ਹਾਂ ’ਚ ਹਾਂ ਮਿਲਾਉਂਦੇ ਹੋਏ ਉੱਤਰ ਪ੍ਰਦੇਸ਼ ਦੀ ਸ੍ਰਿਸ਼ਟੀ ਦਾ ਕਹਿਣਾ ਹੈ ਕਿ ਉਹ ਇੰਨ੍ਹੀ ਦੂਰੋਂ ਬਲਾਲੀ ਪਿੰਡ ’ਚ ਮਹਾਵੀਰ ਫੋਗਾਟ ਦੇ ਅਖਾੜੇ ’ਚ ਸਿਖਲਾਈ ਹਾਸਲ ਕਰਨ ਲਈ ਇਸ ਲਈ ਆਈ ਸੀ ਕਿਉਂਕਿ ਇਸ ਪਿੰਡ ਦੀਆਂ ਕੁੜੀਆਂ ਨੇ ਅੰਤਰਰਾਸ਼ਟਰੀ ਪੱਧਰ ’ਤੇ ਮੈਡਲ ਦੇਸ਼ ਦੀ ਝੋਲੀ ਪਾਏ ਸਨ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਸੀ।

“ਕੱਲ੍ਹ ਦੀ ਘਟਨਾ ਵੇਖ ਕੇ ਤਾਂ ਦਿਲ ਹੀ ਟੁੱਟ ਗਿਆ ਹੈ। ਸਾਡੇ ਰੋਲ ਮਾਡਲਾਂ ਨਾਲ ਜੋ ਬੀਤੇ ਦਿਨ ਦਿੱਲੀ ਵਿਖੇ ਵਾਪਰਿਆ, ਉਸ ਨਾਲ ਅਸੀਂ ਤਾਂ ਪਰੇਸ਼ਾਨ ਹਾਂ ਹੀ ਪਰ ਸਾਡੇ ਮਾਪ ਸਾਡੀ ਕੁਸ਼ਤੀ ਛਡਾਉਣ ਦੀ ਗੱਲ ਕਰਨ ਲੱਗ ਪਏ ਹਨ।”

Getty Images
ਮਾਪੇ ਧੀਆਂ ਦੇ ਕੁਸ਼ਤੀ ਵਿੱਚ ਕਰੀਅਰ ਬਣਾਉਣ ਨੂੰ ਲੈ ਕੇ ਚਿੰਤਤ ਹਨ

ਭਾਜਪਾ ਦੇ ਵੋਟਰ ਹਾਂ ਪਰ ਭਲਵਾਨਾਂ ਦੇ ਨਾਲ ਹਾਂ

ਮੰਜੇਸ਼ ਫੋਗਾਟ, ਜੋ ਕਿ ਰਿਸ਼ਤੇ ’ਚ ਗੀਤਾ, ਬਬੀਤਾ ਅਤੇ ਵਿਨੇਸ਼ ਦੇ ਚਚੇਰੇ ਭਰਾ ਲੱਗਦੇ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਭਾਜਪਾ ਨੂੰ ਵੋਟ ਦਿੱਤੀ ਸੀ ਅਤੇ ਉਹ ਭਾਜਪਾ ਪਾਰਟੀ ਦੇ ਹੀ ਸਮਰਥਕ ਹਨ, ਪਰ ਉਹ ਕੁੜੀਆਂ ਨੂੰ ਇਸ ਤਰ੍ਹਾਂ ਨਾਲ ਘਸੀਟਣ ਅਤੇ ਉਨ੍ਹਾਂ ’ਤੇ ਪੁਲਿਸ ਕਾਰਵਾਈ ਕੀਤੇ ਜਾਣ ਕਰਕੇ ਬਹੁਤ ਨਾਰਾਜ਼ ਹਨ।

ਉਨ੍ਹਾਂ ਕਿਹਾ, “ਭਾਜਪਾ ਦੇ ਸਾਰੇ ਹੀ ਆਗੂਆਂ ’ਚ ਹੰਕਾਰ ਸਾਫ਼ ਤੌਰ ’ਤੇ ਨਜ਼ਰ ਆ ਰਿਹਾ ਹੈ। ਕੌਮਾਂਤਰੀ ਪੱਧਰ ’ਤੇ ਕੁਸ਼ਤੀ ਨੂੰ ਸਨਮਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਨਹੀਂ ਦਿਵਾਇਆ, ਬਲਕਿ ਸਾਡੀਆਂ ਧੀਆਂ ਨੇ ਅਜਿਹਾ ਕੀਤਾ ਹੈ ਅਤੇ ਉਨ੍ਹਾਂ ਨਾਲ ਅਜਿਹਾ ਸਲੂਕ ਬਰਦਾਸ਼ਤ ਤੋਂ ਬਾਹਰ ਹੈ।”

ਬਬੀਤਾ ਫੋਗਾਟ ਦੇ ਬਾਰੇ ’ਚ ਮੰਜੇਸ਼ ਦਾ ਕਹਿਣਾ ਹੈ ਕਿ ਬਬੀਤਾ ਤਾਂ ਇਹ ਸਭ ਰਾਜਨੀਤੀ ਦੇ ਕਰਕੇ ਕਰ ਰਹੀ ਹੈ, ਜੋ ਕਿ ਗਲਤ ਹੈ।

BBC

ਉਹ ਕਹਿੰਦੇ ਹਨ, “ਮੈਂ ਉਸ ਨਾਲ ਗੱਲ ਵੀ ਕੀਤੀ ਕਿ ਸਿਆਸਤ ਤਾਂ ਆਉਂਦੀ-ਜਾਂਦੀ ਰਹੇਗੀ, ਭਾਈਚਾਰਾ ਖ਼ਰਾਬ ਨਾ ਕਰੇ, ਪਰ ਬਬੀਤਾ ਸੁਣਨ ਨੂੰ ਤਿਆਰ ਹੀ ਨਹੀਂ ਹੈ।”

ਬਲਾਲੀ ਵਸਨੀਕ ਰਾਜੇਸ਼ ਸਾਂਗਵਾਨ ਦਾ ਕਹਿਣਾ ਹੈ ਕਿ ਐਤਵਾਰ ਨੂੰ ਪਿੰਡ ਦਾ ਇੱਕ ਜੱਥਾ ਦਿੱਲੀ ਜੰਤਰ-ਮੰਤਰ ਜਾਣ ਲਈ ਤਿਆਰ ਸੀ, ਪਰ ਪੁਲਿਸ ਨੇ ਉਨ੍ਹਾਂ ਨੂੰ ਰੋਕ ਕੇ ਰੱਖਿਆ ਅਤੇ ਜਾਣ ਨਹੀਂ ਦਿੱਤਾ।

“ਕੱਲ੍ਹ ਦਿੱਲੀ ਵਾਲੀ ਘਟਨਾ ਨੂੰ ਲੈ ਕੇ ਪੂਰੇ ਪਿੰਡ ’ਚ ਰੋਸ ਹੈ। ਸਾਡੀਆਂ ਕੁੜੀਆਂ ਸਾਡਾ ਮਾਣ ਹਨ ਅਤੇ ਉਨ੍ਹਾਂ ਨੇ ਪੂਰੇ ਦੇਸ਼ ਦਾ ਸਿਰ ਉੱਚਾ ਚੁੱਕਿਆ ਹੈ, ਸਨਮਾਣ ਵਧਾਇਆ ਹੈ। ਕੱਲ੍ਹ ਉਨ੍ਹਾਂ ਖ਼ਿਲਾਫ਼ ਜੋ ਕਾਰਵਾਈ ਹੋਈ ਉਹ ਸ਼ਰਮਨਾਕ ਸੀ।”

“ਆਉਂਦੀ 4 ਤਰੀਕ ਨੂੰ ਪਿੰਡ ਦੇ ਬਹੁਤ ਸਾਰੇ ਲੋਕ ਭਲਵਾਨਾਂ ਦੇ ਸਮਰਥਨ ’ਚ ਦਿੱਲੀ ਜਾਣਗੇ। ਧਰਨਾ ਅਜੇ ਖ਼ਤਮ ਨਹੀਂ ਹੋਇਆ ਹੈ ਬਲਕਿ ਵਧੇਰੇ ਜ਼ੋਰ-ਸ਼ੋਰ ਨਾਲ ਜਾਰੀ ਰਹੇਗਾ।”

Getty Images
ਵਿਨੇਸ਼ ਦੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਧਰਨਾ ਹਾਲੇ ਖ਼ਤਮ ਨਹੀਂ ਹੋਇਆ, ਬਲਕਿ ਹੋਰ ਜ਼ੋਰ ਫੜੇਗਾ

ਧੀਆਂ ਨੂੰ ਨਿਆਂ ਮਿਲੇ

ਸੁਨੀਲ ਫੋਗਾਟ ਦਾ ਘਰ ਵਿਨੇਸ਼ ਫੋਗਾਟ ਦੇ ਗੁਆਂਢ ’ਚ ਹੈ। ਉਹ ਕਹਿੰਦੇ ਹਨ ਕਿ ਸਰਕਾਰ ਇਹ ਨਾ ਸਮਝੇ ਕਿ ਕੁੜੀਆਂ ਇੱਕਲੀਆਂ ਹਨ, ਪੂਰਾ ਪਿੰਡ ਆਪਣੀਆਂ ਧੀਆਂ ਦੇ ਨਾਲ ਹੈ ਅਤੇ ਇਸ ਸੰਘਰਸ਼ ’ਚ ਉਨ੍ਹਾਂ ਦੇ ਨਾਲ ਖੜ੍ਹਾ ਹੈ।

“ਮੈਂ ਵਿਨੇਸ਼ ਦੀ ਮਾਂ ਨੂੰ ਦੇਖਿਆ ਹੈ, ਕਿਵੇਂ ਸਖ਼ਤ ਮਿਹਨਤ ਕਰਕੇ ਉਸ ਨੇ ਕੁੜੀਆਂ ਨੂੰ ਭਲਵਾਨ ਬਣਾਇਆ ਹੈ। ਪੂਰੇ ਪਰਿਵਾਰ ਦੀ ਸਖ਼ਤ ਮਿਹਨਤ ਤੋਂ ਬਾਅਦ ਹੀ ਇੱਕ ਭਲਵਾਨ ਤਿਆਰ ਹੁੰਦਾ ਹੈ।”

“ਇਸ ਸਖ਼ਤ ਮਿਹਨਤ ਤੋਂ ਬਾਅਦ ਪੱਲੇ ਕੀ ਪੈਂਦੈ ਹੈ, ਫ਼ਿਰ ਬ੍ਰਿਜ ਭੂਸ਼ਣ ਵਰਗੇ ਲੋਕ ਇੱਕ ਮੈਡਲ ਦਾ ਮੁੱਲ 15 ਰੁਪਏ ਲਗਾਉਂਦੇ ਹਨ। ਸਾਡੀਆਂ ਧੀਆਂ ਦੇ ਤਗਮੇ ਅਨਮੋਲ ਹਨ ਅਤੇ ਇਨ੍ਹਾਂ ਨੂੰ ਹਾਸਲ ਕਰਨ ’ਚ ਕਈ ਸਾਲਾਂ ਦੀ ਮਿਹਨਤ ਅਤੇ ਪਰਿਵਾਰ ਦੀ ਕੁਰਬਾਨੀ ਹੁੰਦੀ ਹੈ।”

Getty Images
ਸਮਾਜਿਕ ਕਾਰਕੁਨ ਦਿੱਲੀ ਪੁਲਿਸ ਦੇ ਰਵੱਈਏ ਦੀ ਸਖ਼ਤ ਨਿਖੇਦੀ ਕਰ ਰਹੇ ਹਨ

ਜੰਤਰ-ਮੰਤਰ ''''ਤੇ ਪੁਲਿਸ ਕਾਰਵਾਈ ਬਾਰੇ ਸਾਕਸ਼ੀ ਮਲਿਕ ਨੇ ਕੀ ਕਿਹਾ

28 ਮਈ ਦਿਨ ਐਤਵਾਰ ਦੀ ਪੁਲਿਸ ਕਾਰਵਾਈ ਬਾਰੇ ਗੱਲ ਕਰਦਿਆਂ ਮਹਿਲਾ ਭਲਵਾਨ ਸਾਕਸ਼ੀ ਮਲਿਕ ਨੇ ਕਿਹਾ, “ਸਥਿਤੀ ਬਹੁਤ ਹੀ ਖਰਾਬ ਸੀ। ਅਸੀਂ ਸ਼ਾਤਮਈ ਢੰਗ ਨਾਲ ਮਾਰਚ ਕੱਢਣਾ ਚਾਹੁੰਦੇ ਸੀ ਪਰ ਇੰਨ੍ਹਾਂ ਨੇ ਸਾਨੂੰ ਉੱਥੇ ਹੀ ਰੋਕ ਦਿੱਤਾ।”

“ਜੰਤਰ-ਮੰਤਰ ’ਤੇ ਹੀ ਬੈਰੀਕੇਡ ਲਗਾ ਦਿੱਤੇ ਗਏ ਸਨ। ਅਸੀਂ ਪੁਲਿਸ ਅੱਗੇ ਬੇਨਤੀ ਵੀ ਕੀਤੀ ਕਿ ਮਹਿਲਾ ਸਨਮਾਨ ਦੇ ਲਈ ਸਾਡੀ ਅੱਜ ਮਹਾਂ-ਪੰਚਾਇਤ ਹੋਣੀ ਹੈ, ਇਸ ਲਈ ਸਾਨੂੰ ਜਾਣ ਦਿੱਤਾ ਜਾਵੇ। ਪਰ ਪੁਲਿਸ ਨੇ ਸਾਡੀ ਇੱਕ ਨਾ ਸੁਣੀ।”

ਸਾਕਸ਼ੀ ਦੱਸਦੇ ਹਨ, “ਜਦੋਂ ਅਸੀਂ ਅੱਗੇ ਵੱਧਣਾ ਸ਼ੁਰੂ ਕੀਤਾ ਤਾਂ ਪੁਲਿਸ ਵੱਲੋਂ ਧੱਕਾ-ਮੁੱਕੀ ਹੋਣ ਲੱਗੀ ਕਿ ਤੁਸੀਂ ਅੱਗੇ ਨਹੀਂ ਜਾ ਸਕਦੇ। ਇਸ ਦੌਰਾਨ ਪੁਲਿਸ ਨੇ ਸਾਨੂੰ ਹਿਰਾਸਤ ’ਚ ਲੈਣਾ ਸ਼ੁਰੂ ਕਰ ਦਿੱਤਾ ਅਤੇ ਸਾਡੇ ਲੱਖ ਸਮਝਾਉਣ ਦੇ ਬਾਵਜੂਦ ਸਾਨੂੰ ਜ਼ਬਰਦਸਤੀ ਬੱਸਾਂ ’ਚ ਬਿਠਾਇਆ ਗਿਆ ਅਤੇ ਫ਼ਿਰ ਸ਼ਾਮ 6 ਵਜੇ ਰਿਹਾਅ ਕੀਤਾ ਗਿਆ।”

BBC

ਭਲਵਾਨਾਂ ਦੇ ਪ੍ਰਦਰਸ਼ਨ ਦੌਰਾਨ ਕੀ ਹੋਇਆ

  • 23 ਅਪ੍ਰੈਲ, 2023 ਨੂੰ ਭਾਰਤ ਦੇ ਨਾਮੀ ਮਹਿਲਾ ਭਲਵਾਨਾਂ ਨੇ ਦਿੱਲੀ ਦੇ ਜੰਤਰ-ਮੰਤਰ ਉੱਤੇ ਧਰਨਾ ਸ਼ੁਰੂ ਕੀਤਾ ਸੀ।
  • ਮੁਜ਼ਾਹਰਾਕਾਰੀ ਖਿਡਾਰੀਆਂ ਦਾ ਇਲਜ਼ਾਮ ਹੈ ਕਿ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਤੇ ਭਾਜਪਾ ਦੇ ਮੈਂਬਰ ਪਾਰਲੀਮੈਂਟ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਮਹਿਲਾ ਭਲਵਾਨਾਂ ਦਾ ਜਿਨਸੀ ਸ਼ੋਸ਼ਣ ਕੀਤਾ ਹੈ।
  • ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਇਨ੍ਹਾਂ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ।
  • 28 ਅਪ੍ਰੈਲ ਨੂੰ ਦਿੱਲੀ ਪੁਲਿਸ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ਼ ਦੋ ਐੱਫ਼ਆਈਆਰ ਦਰਜ ਕੀਤੀਆਂ। ਭਲਵਾਨ ਉਨ੍ਹਾਂ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਹਨ।
  • 3-4 ਮਈ ਦੇ ਦਰਮਿਆਨੀ ਰਾਤ ਵਰ੍ਹਦੇ ਮੀਂਹ ਵਿੱਚ ਭਲਵਾਨਾਂ ਤੇ ਦਿੱਲੀ ਪੁਲਿਸ ਦਰਮਿਆਨ ਝੜਪ ਹੋਈ।
  • ਭਲਵਾਨਾਂ, ਕਿਸਾਨਾਂ ਤੇ ਖਾਪ ਪੰਚਾਇਤਾਂ ਨੇ ਨਵੀਂ ਸੰਸਦ ਅੱਗੇ ਮਹਾਂਪੰਚਾਇਤ ਆਯੋਜਿਤ ਕਰਨ ਦੀ ਗੱਲ ਆਖੀ
  • ਇਸ ਦੌਰਾਨ ਦੇਸ਼ ਦੇ ਨਾਮੀ ਭਲਵਾਨ ਸਾਕਸ਼ੀ ਮਲਿਕ, ਬਜਰੰਗ ਪੂਨੀਆ ਤੇ ਵਿਨੇਸ਼ ਫੋਗਾਟ ਸਣੇ ਕਈ ਭਲਵਾਨਾਂ ਨਾਲ ਪੁਲਿਸ ਦੀ ਬਹਿਸ ਤੇ ਫ਼ਿਰ ਧੱਕਾਮੁੱਕੀ ਹੋਈ। ਇਸ ਮਗਰੋਂ ਭਲਾਵਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।
  • ਕਿਸਾਨਾਂ ਅਤੇ ਖਾਪ ਪੰਚਾਇਤਾਂ ਨਾਲ ਸਬੰਧਤ ਲੋਕਾਂ ਨੂੰ ਦਿੱਲੀ ਬਾਰਡਰ ’ਤੇ ਹੀ ਰੋਕਿਆ ਗਿਆ
BBC
Getty Images
ਭਲਵਾਨ ਨਵੇਂ ਸੰਸਦ ਭਵਨ ਸਾਹਮਣੇ ਮਹਾਂ-ਪੰਚਾਇਤ ਕਰਨਾ ਚਾਹੁੰਦੇ ਸਨ

ਕੀ ਪ੍ਰਦਰਸ਼ਨਕਾਰੀਆਂ ਨੇ ਮਾਹੌਲ ਖ਼ਰਾਬ ਕੀਤਾ

ਧਰਨਾਕਾਰੀਆਂ ਵੱਲੋਂ ਮਾਹੌਲ ਖਰਾਬ ਕਰਨ ਦੇ ਸਵਾਲ ’ਤੇ ਸਾਕਸ਼ੀ ਮਲਿਕ ਨੇ ਕਿਹਾ ਕਿ “ਤਸਵੀਰਾਂ ਅਤੇ ਵੀਡੀਓ ’ਚ ਸੱਪਸ਼ਟ ਹੈ ਕਿ ਇੱਕ-ਇੱਕ ਮਹਿਲਾ ’ਤੇ 20-30 ਮਹਿਲਾ ਪੁਲਿਸ ਲੱਗੀ ਹੋਈ ਹੈ ਤਾਂ ਅਸੀਂ ਕਿਸ ਤਰ੍ਹਾਂ ਨਾਲ ਦੰਗਾ ਫਸਾਦ ਕਰ ਸਕਦੇ ਹਾਂ।’

‘ਅਸੀਂ ਤਾਂ ਸਿਰਫ ਆਪਣੇ ਆਪ ਨੂੰ ਗ੍ਰਿਫ਼ਤਾਰ ਹੋਣ ਤੋਂ ਰੋਕਣ ਦੀ ਕੋਸ਼ਿਸ਼ ਕਰ ਰਹੇ ਸੀ, ਕਿਉਂਕਿ ਅਸੀਂ ਸ਼ਾਂਤੀਪੂਰਵਕ ਮਾਰਚ ਕੱਢ ਰਹੇ ਸੀ। ਵੈਸੇ ਵੀ ਸਾਡੀ ਸੁਣਵਾਈ ਤਾਂ ਹੋ ਨਹੀਂ ਰਹੀ ਹੈ। ਅਸੀਂ ਕੋਈ ਜਨਤਕ ਜਾਇਦਾਦ ਜਾਂ ਕਿਸੇ ਹੋਰ ਚੀਜ਼ ਨੂੰ ਨੁਕਸਾਨ ਨਹੀਂ ਪਹੁੰਚਾਇਆ ਹੈ।”

Getty Images
ਇੱਕ ਪ੍ਰਦਰਸ਼ਨਾਕਰੀ ਮਹਿਲਾ ਨੂੰ ਦਿੱਲੀ ਪੁਲਿਸ ਮੁਲਾਜ਼ਮ ਚੁੱਕ ਕੇ ਲੈ ਜਾਂਦੇ ਹੋਏ

ਦਿੱਲੀ ਪੁਲਿਸ ਅਤੇ ਧਰਨਾਕਾਰੀਆਂ ਵਿਚਾਲੇ ਗੱਲਬਾਤ

ਇਸ ਸਭ ’ਤੇ ਦਿੱਲੀ ਦੇ ਪੁਲਿਸ ਡਿਪਟੀ ਕਮਿਸ਼ਨਰ ਸੁਮਨ ਨਲਵਾ ਨੇ ਕਿਹਾ, “ਪਿਛਲੇ ਕਈ ਦਿਨਾਂ ਤੋਂ ਇਹ ਉੱਥੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ ਅਤੇ ਦਿੱਲੀ ਪੁਲਿਸ ਇੰਨ੍ਹਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਮੁਹੱਈਆ ਕਰਵਾ ਰਹੀ ਹੈ, ਜੋ ਕਿ ਅਸੀਂ ਆਮ ਤੌਰ ’ਤੇ ਧਰਨਾਕਾਰੀਆਂ ਨੂੰ ਨਹੀਂ ਦਿੰਦੇ ਹਾਂ।”

ਨਲਵਾ ਦਾਅਵਾ ਕਰਦੇ ਹਨ, “ਭਲਵਾਨ ਆਪ ਤਾਂ ਲਗਾਤਾਰ ਉੱਥੇ ਬੈਠਦੇ ਵੀ ਨਹੀਂ ਸਨ ਸਿਰਫ ਉਨ੍ਹਾਂ ਦੇ ਕੁਝ ਸ਼ੁਭਚਿੰਤਕ ਜਾਂ ਐਸੋਈਏਟ ਹੀ ਉੱਥੈ ਬੈਠਦੇ ਸਨ। ਇਹ ਤਾਂ ਆਉਂਦੇ-ਜਾਂਦੇ ਰਹਿੰਦੇ ਸਨ।”

“ਇਸ ਸਭ ਦੇ ਬਾਵਜੂਦ ਅਸੀਂ ਇੰਨ੍ਹਾਂ ਨੂੰ ਹਰ ਲੋੜੀਂਦੀ ਸਹੂਲਤ ਪ੍ਰਦਾਨ ਕਰ ਰਹੇ ਸੀ ਪਰ 23 ਮਾਰਚ ਨੂੰ ਜਦੋਂ ਇੰਨ੍ਹਾਂ ਨੇ ਕੈਂਡਲ ਮਾਰਚ ਦਾ ਆਯੋਜਨ ਕੀਤਾ ਤਾਂ ਉਸ ਸਮੇਂ ਵੀ ਅਸੀਂ ਇੰਨ੍ਹਾਂ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਇਹ ਉੱਚ ਸੁਰੱਖਿਆ ਖੇਤਰ ਹੈ ਅਤੇ ਕੋਈ ਵੀ ਕਾਨੂੰਨੀ ਏਜੰਸੀ ਸੁਰੱਖਿਆ ਦੇ ਮੱਦੇਨਜ਼ਰ ਇੰਨ੍ਹਾਂ ਰਾਹਾਂ ’ਤੇ ਵਿਰੋਧ ਪ੍ਰਦਰਸ਼ਨ ਦੀ ਮਨਜ਼ੂਰੀ ਨਹੀਂ ਦੇ ਸਕਦੀ ਹੈ, ਪਰ ਇਹ ਆਪਣੀ ਗੱਲ ’ਤੇ ਅੜੇ ਰਹੇ।”

“ਫਿਰ ਧਰਨਾਕਾਰੀਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਕੈਂਡਲ ਮਾਰਚ ਸ਼ਾਂਤਮਈ ਢੰਗ ਨਾਲ ਆਯੋਜਿਤ ਹੋਇਆ। ਪਰ ਕੱਲ੍ਹ ਦਾ ਦਿਨ ਕਾਨੂੰਨ ਅਤੇ ਵਿਵਸਥਾ ਦੇ ਮੱਦੇਨਜ਼ਰ ਨਾਲ ਬਹੁਤ ਹੀ ਖ਼ਾਸ ਸੀ। ਦੇਸ਼ ਦੇ ਨਵੇਂ ਸੰਸਦ ਭਵਨ ਦੀ ਇਮਾਰਤ ਦੇ ਉਦਘਾਟਨ ਦੇ ਚੱਲਦਿਆਂ ਕੋਈ ਵੀ ਏਜੰਸੀ ਇਸ ਤਰ੍ਹਾਂ ਦਾ ਪ੍ਰਦਰਸ਼ਨ ਕਰਨ ਨੂੰ ਮਨਜ਼ੂਰੀ ਨਹੀਂ ਦੇ ਸਕਦੀ ਹੈ।”

Getty Images
ਬੈਰੀਕੇਡ ਤੋੜ ਕੇ ਅੱਗੇ ਲੰਘਣ ਦੀ ਕੋਸ਼ਿਸ਼ ਕਰਦੇ ਹੋਏ ਮੁਜ਼ਾਹਰਾਕਾਰੀ ਭਲਵਾਨ

ਪੁਲਿਸ ਨੇ ਕਿਉਂ ਕੀਤਾ ਧਰਨਾਕਾਰੀਆਂ ਨੂੰ ਗ੍ਰਿਫ਼ਤਾਰ

ਡਿਪਟੀ ਕਮਿਸ਼ਨਰ ਸੁਮਨ ਨਲਵਾ ਨੂੰ ਜਦੋਂ ਪੁੱਛਿਆ ਗਿਆ ਕਿ ਧਰਨਾਕਾਰੀਆਂ ਨੂੰ ਹਿਰਾਸਤ ’ਚ ਕਿਉਂ ਲਿਆ ਗਿਆ ਤਾਂ ਉਨ੍ਹਾਂ ਜਵਾਬ ਦਿੱਤਾ ਕਿ ਪਹਿਲਾਂ ਤਾਂ ਧਰਨੇ ’ਤੇ ਬੈਠੇ ਲੋਕਾਂ ਨਾਲ ਅਸੀਂ ਗੱਲ ਬਾਤ ਕੀਤੀ ਪਰ ਜਦੋਂ ਉਨ੍ਹਾਂ ਨੇ ਸਾਡੀ ਇੱਕ ਨਾ ਸੁਣੀ ਤਾਂ ਸਾਨੂੰ ਮਜਬੂਰਨ ਉਨ੍ਹਾਂ ਨੂੰ ਹਿਰਾਸਤ ’ਚ ਲੈਣਾ ਪਿਆ।

ਉਹ ਕਹਿੰਦੇ ਹਨ, “ਇਹ ਸਾਰੇ ਖਿਡਾਰੀ ਹਨ ਅਤੇ ਇਹ ਖ਼ੁਦ ਨੂੰ ਹਿਰਾਸਤ ’ਚ ਨਹੀਂ ਦੇਣਾ ਚਾਹੁੰਦੇ ਸਨ। ਇੰਨ੍ਹਾਂ ਨੇ ਉੱਥੇ ਬਹੁਤ ਤਮਾਸ਼ਾ ਕੀਤਾ ਅਤੇ ਮਹਿਲਾ ਪੁਲਿਸ ਨੂੰ ਵੀ ਬਹੁਤ ਜੱਦੋ-ਜਹਿਦ ਕਰਨੀ ਪਈ। ਫਿਰ ਸ਼ਾਮ ਤੱਕ ਇੰਨ੍ਹਾਂ ਨੂੰ ਰਿਹਾਅ ਵੀ ਕਰ ਦਿੱਤਾ ਗਿਆ ਸੀ।”

Getty Images

ਕੀ ਪੁਲਿਸ ਨੇ ਕੀਤੀ ਸਖ਼ਤ ਕਾਰਵਾਈ

ਸੋਸ਼ਲ ਮੀਡੀਆ ਅਤੇ ਹੋਰ ਮੰਚਾਂ ’ਤੇ ਪੁਲਿਸ ਵੱਲੋਂ ਹੋਈ ਇਸ ਕਾਰਵਾਈ ਦੀ ਨਿਖੇਧੀ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਸ ’ਚ ਕੋਈ ਸਖ਼ਤੀ ਨਹੀਂ ਵਰਤੀ ਗਈ।

“ਜਦੋਂ ਅਸੀਂ ਪਹਿਲੇ ਦਿਨ ਤੋਂ ਇੰਨ੍ਹਾਂ ਨਾਲ ਸਹਿਯੋਗ ਦੇ ਰਹੇ ਹਾਂ ਤਾਂ ਫਿਰ ਕੱਲ੍ਹ ਦੇ ਦਿਨ ਜੋ ਕਿ ਸਾਡੇ ਲਈ ਬਹੁਤ ਹੀ ਖ਼ਾਸ ਸੀ, ਉਸ ਸਮੇਂ ਅਜਿਹਾ ਕਰਨਾ ਬੇਹੱਦ ਗ਼ਲਤ ਸੀ।”

“ਕਾਨੂੰਨ ਅਤੇ ਵਿਵਸਥਾ ਦੇ ਮੱਦੇਨਜ਼ਰ ਕੱਲ੍ਹ ਦਾ ਦਿਨ ਅਤੇ ਸਮਾਂ ਬਹੁਤ ਅਹਿਮ ਸੀ। ਮਹਿਲਾ ਪੁਲਿਸ ਨੇ ਮਹਿਲਾ ਭਲਵਾਨਾਂ ਨੂੰ ਸ਼ਾਂਤਮਈ ਢੰਗ ਨਾਲ ਹਿਰਾਸਤ ’ਚ ਲਿਆ ਅਤੇ ਸ਼ਾਮ ਤੱਕ ਰਿਹਾਅ ਵੀ ਕਰ ਦਿੱਤਾ ਗਿਆ।

Getty Images
ਮੁਜ਼ਾਹਰਾਕਾਰੀ ਭਲਵਾਨਾਂ ਨੂੰ ਸੰਸਦ ਭਵਨ ਸਾਹਮਣੇ ਪਹੁੰਚਣ ਤੋਂ ਰੋਕਣ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ

ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਕੋਈ ਕਾਰਵਾਈ ਹੋਵੇਗੀ

ਧਰਨਾਕਾਰੀਆਂ ਖ਼ਿਲਾਫ਼ ਐੱਫਆਈਆਰ ਦਰਜ ਕੀਤੇ ਜਾਣ ਬਾਰੇ ਪੁੱਛਣ ’ਤੇ ਉਨ੍ਹਾਂ ਕਿਹਾ ਦਿੱਲੀ ਦੇ ਡਿਪਟੀ ਕਮਿਸ਼ਨਰ ਸੁਮਨ ਨਲਵਾ ਨੇ ਕਿਹਾ ਕਿ ਸਾਡੀ ਨਵੀਂ ਦਿੱਲੀ ਜ਼ਿਲ੍ਹਾ ਅਦਾਲਤ ਇਸ ਸਬੰਧੀ ਬਣਦੀ ਕਾਰਵਾਈ ਨੂੰ ਅੰਜਾਮ ਦੇਵੇਗੀ।

ਕੀ ਮਹਿਲਾ ਭਲਵਾਨਾਂ ਨੂੰ ਮੁੜ ਧਰਨੇ ’ਤੇ ਬੈਠਣ ਲਈ ਥਾਂ ਦਿੱਤੀ ਜਾਵੇਗਾ।

ਦਿੱਲੀ ਦੇ ਡਿਪਟੀ ਕਮਿਸ਼ਨਰ ਸੁਮਨ ਨਲਵਾ ਨੇ ਕਿਹਾ , “ਭਲਵਾਨਾਂ ਨੇ ਅਮਨ ਕਾਨੂੰਨ , ਸੁਰੱਖਿਆ ਅਤੇ ਹੋਰ ਚੀਜ਼ਾਂ ਨਾਲ ਸਬੰਧਤ ਸਾਡੀ ਹਰ ਇੱਕ ਸ਼ਰ ਨੂੰ ਨਹੀਂ ਮੰਨਣਾ ਪਵੇਗਾ।”

“ਹੁਣ ਜੇਕਰ ਭਲਵਾਨ ਇੰਨ੍ਹਾਂ ਸ਼ਰਤਾਂ ਨੂੰ ਮੰਨਦੇ ਹਨ ਅਤੇ ਭਵਿੱਖ ’ਚ ਮੁੜ ਧਰਨੇ ਪ੍ਰਦਰਸ਼ਨ ਲਈ ਅਰਜ਼ੀ ਦਿੰਦੇ ਹਨ ਤਾਂ ਉਨ੍ਹਾਂ ਨੂੰ ਜੰਤਰ-ਮੰਤਰ ਤੋਂ ਇਲਾਵਾ ਕਿਸੇ ਹੋਰ ਢੁਕੱਵੀਂ ਥਾਂ ’ਤੇ ਧਰਨਾ ਲਗਾਉਣ ਦੀ ਇਜਾਜ਼ਤ ਜ਼ਰੂਰ ਦਿੱਤੀ ਜਾਵੇਗੀ।”

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)