ਦੱਖਣੀ ਕੋਰੀਆ ਦੇ ਨੌਜਵਾਨ ਮੁੰਡੇ-ਕੁੜੀਆਂ ਰਵਾਇਤੀ ਸਮਾਜ ਨੂੰ ਛੱਡ ਬੰਦ ਕਮਰਿਆਂ ’ਚ ਕਿਉਂ ਜੀਵਨ ਬਿਤਾ ਰਹੇ

05/30/2023 8:49:16 AM

BBC
ਯੂ ਨੇ ਆਪਣੇ ਆਪ ਨੂੰ ਪੰਜ ਸਾਲ ਤੱਕ ਕਮਰੇ ਵਿੱਚ ਬੰਦ ਰੱਖਿਆ

ਦੱਖਣੀ ਕੋਰੀਆ ਦੇ ਵੱਡੀ ਗਿਣਤੀ ਨੌਜਵਾਨ ਆਪਣੇ ਆਪ ਨੂੰ ਸਮਾਜ ਤੋਂ ਅਲੱਗ-ਥਲੱਗ ਰੱਖਣ ਨੂੰ ਤਰਜ਼ੀਹ ਦੇ ਰਹੇ ਹਨ।

ਅਜਿਹਾ ਕਰਨ ਦਾ ਕਾਰਨ ਹੈ ਉਸ ਸਮਾਜ ਤੋਂ ਪੂਰੀ ਤਰ੍ਹਾਂ ਵੱਖ ਹੋ ਜਾਣਾ ਜੋ ਉਸ ਦੀਆਂ ਆਸਾਂ ’ਤੇ ਪੂਰਿਆਂ ਨਾ ਉਤਰਨ ਦੀ ਸੂਰਤ ਵਿੱਚ ਭਾਰੀ ਕੀਮਤ ਅਦਾ ਕਰਨ ਦੀ ਆਸ ਕਰਦਾ ਹੈ।

30 ਸਾਲਾ ਯੂ ਸੇਂਗ-ਗਿਊ ਵੀ ਅਜਿਹੇ ਹੀ ਇੱਕ ਨੌਜਵਾਨ ਹਨ।

2019 ਨੂੰ ਯੂ ਪਹਿਲੀ ਵਾਰ ਉਸ ਕਮਰੇ ਵਿੱਚੋਂ ਬਾਹਰ ਨਿਕਲੇ ਜਿੱਥੇ ਉਸ ਨੇ ਕਰੀਬ ਪੰਜ ਸਾਲ ਬਿਤਾਏ ਸਨ।

ਉਨ੍ਹਾਂ ਨੇ ਪਹਿਲਾਂ ਆਪਣੇ ਭਰਾ ਨਾਲ ਘਰ ਸਾਫ਼ ਕੀਤਾ। ਫ਼ਿਰ ਉਹ ਮੱਛੀਆਂ ਫ਼ੜਨ ਚੱਲੇ ਗਿਆ। ਆਪਣੇ ਹੀ ਵਰਗੇ ਦੁਨੀਆਂ ਤੋਂ ਬੇਮੁੱਖ ਹੋਏ ਇਕਾਂਤਪ੍ਰਸਤ ਸਾਥੀਆਂ ਨਾਲ, ਜਿਨ੍ਹਾਂ ਨੂੰ ਉਹ ਇੱਕ ਚੈਰਿਟੀ ਜ਼ਰੀਏ ਮਿਲੇ ਸਨ।

ਯੂ ਕਹਿੰਦੇ ਹਨ, "ਸਮੁੰਦਰ ਵਿੱਚ ਹੋਣਾ ਅਜੀਬ ਲੱਗ ਰਿਹਾ ਸੀ, ਪਰ ਉਸੇ ਵੇਲੇ ਲੰਮੇ ਸਮੇਂ ਤੱਕ ਇਕਾਂਤ ਵਿੱਚ ਰਹਿਣ ਤੋਂ ਬਾਅਦ ਇਹ ਤਾਜ਼ਗੀ ਭਰਿਆ ਸੀ। ਇਸ ਸਭ ’ਤੇ ਯਕੀਨ ਨਹੀਂ ਸੀ ਆ ਰਿਹਾ, ਪਰ ਇਹ ਯਕੀਨੀ ਤੌਰ ''''ਤੇ ਉੱਥੇ ਮੌਜੂਦ ਸੀ।"

ਇਨ੍ਹਾਂ ਇਕਾਂਤਪਸੰਦ ਲੋਕਾਂ ਨੂੰ ਹਿਕੀਕੋਮੋਰੀ ਵਜੋਂ ਜਾਣਿਆ ਜਾਂਦਾ ਹੈ।

ਇੱਕ ਸ਼ਬਦ ਪਹਿਲੀ ਵਾਰ 1990 ਦੇ ਦਹਾਕੇ ਵਿੱਚ ਜਾਪਾਨ ਵਿੱਚ ਕਿਸ਼ੋਰਾਂ ਅਤੇ ਬਾਲਗ ਨੌਜਵਾਨਾਂ ਦੀ ਗੰਭੀਰ ਸਮਾਜਿਕ ਦੂਰੀ ਦਾ ਵਰਣਨ ਕਰਨ ਲਈ ਵਰਤਿਆ ਗਿਆ ਸੀ।

BBC
ਦੋ ਸਾਲ ਪਹਿਲਾਂ ਦਾ ਯੂ ਦਾ ਕਮਰਾ ਜਦੋਂ ਉਹ ਬਾਹਰ ਹੀ ਨਹੀਂ ਸੀ ਜਾਂਦਾ

ਸਰਕਾਰ ਦੀਆਂ ਕੋਸ਼ਿਸ਼ਾਂ

ਦੁਨੀਆਂ ਦੀ ਸਭ ਤੋਂ ਘੱਟ ਪ੍ਰਜਨਨ ਦਰ ਅਤੇ ਘਟਦੀ ਉਤਪਾਦਕਤਾ ਨਾਲ ਜੂਝ ਰਹੇ ਦੱਖਣੀ ਕੋਰੀਆ ਵਿੱਚ ਇਹ ਇੱਕ ਗੰਭੀਰ ਸਮੱਸਿਆ ਬਣ ਗਈ ਹੈ।

ਇੱਥੋਂ ਤੱਕ ਕਿ ਅਧਿਕਾਰੀ ਉਨ੍ਹਾਂ ਨੌਜਵਾਨ ਇਕਾਂਤਪ੍ਰਸਤਾਂ ਨੂੰ ਆਪਣਾ ਘਰ ਜਿਸ ਵਿੱਚ ਇਹ ਖ਼ੁਦ ਨੂੰ ਮੁਕੰਮਲ ਤੌਰ ’ਤੇ ਬੰਦ ਕਰ ਲੈਂਦੇ ਹਨ ਤੋਂ ਬਾਹਰ ਆਉਣ ਲਈ ਮਹੀਨਾਵਰ ਖ਼ਰਚੇ ਦੀ ਪੇਸ਼ਕਸ਼ ਵੀ ਕਰਦੀ ਹੈ।

9 ਤੋਂ 24 ਸਾਲ ਦੀ ਉਮਰ ਦੇ ਉਹ ਲੋਕ ਜੋ ਘੱਟ ਆਮਦਨੀ ਵਾਲੇ ਪਰਿਵਾਰਾਂ ਤੋਂ ਆਉਂਦੇ ਹਨ ਹਰ ਮਹੀਨੇ 490 ਅਮਰੀਕਨ ਡਾਲਰਾਂ ਦੇ ਬਾਰਬਰ ਸਹਾਇਤਾ ਪ੍ਰਾਪਤ ਕਰ ਸਕਦੇ ਹਨ।

ਉਹ ਸਿਹਤ, ਸਿੱਖਿਆ, ਕਾਉਂਸਲਿੰਗ, ਕਾਨੂੰਨੀ ਸਹਾਇਤਾ, ਸੱਭਿਆਚਾਰਕ ਗਤੀਵਿਧੀਆਂ, ਅਤੇ ਇੱਥੋਂ ਤੱਕ ਕਿ ‘ਦਿੱਖ ਅਤੇ ਦਾਗ ਸੁਧਾਰ’ ਸਮੇਤ ਕਈ ਸੇਵਾਵਾਂ ਲਈ ਸਬਸਿਡੀ ਹਾਸਲ ਕਰਨ ਲਈ ਵੀ ਅਰਜ਼ੀ ਦੇ ਸਕਦੇ ਹਨ।

ਦੱਖਣੀ ਕੋਰੀਆ ਦੇ ਲਿੰਗ ਸਮਾਨਤਾ ਅਤੇ ਪਰਿਵਾਰ ਮੰਤਰਾਲੇ ਦਾ ਕਹਿਣਾ ਹੈ ਕਿ ਇਹ ਸਹਾਇਤਾ ਆਪਣੇ ਹੀ ਘਰਾਂ ਵਿੱਚ ਬੰਦ ਨੌਜਵਾਨਾਂ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਵੱਲ ਮੋੜਨ ਤੇ ਸਮਾਜ ਵਿੱਚ ਮੁੜ ਏਕਾਕ੍ਰਿਤ ਕਰਨ ਦੇ ਯੋਗ ਬਣਾਉਣ ਦੀ ਕੋਸ਼ਿਸ਼ ਹੈ।

ਮੰਤਰਾਲਾ ਅਜਿਹੇ ਨੌਜਵਾਨਾਂ ਨੂੰ ਪਰਿਭਾਸ਼ਿਤ ਕਰਦਾ ਹੈ ਕਿ ਇਹ ਉਹ ਨੌਜਵਾਨ ਕਿਸ਼ੋਰ ਹਨ ਜੋ ਲੰਬੇ ਸਮੇਂ ਤੋਂ ਇੱਕ ਸੀਮਤ ਜਗ੍ਹਾ ਵਿੱਚ ਰਹਿ ਰਹੇ ਹਨ ਤੇ ਬਾਹਰੀ ਸੰਸਾਰ ਤੋਂ ਵੱਖ ਹੋ ਗਏ ਹਨ। ਅਜਿਹੇ ਨੌਜਵਾਨ ਜਿਨ੍ਹਾਂ ਲਈ ਇੱਕ ਆਮ ਜੀਵਨ ਜਿਉਣਾ ਬਹੁਤ ਔਖਾ ਹੈ।

Reuters
ਸੰਕੇਤਕ ਤਸਵੀਰ

ਅਲੱਗ-ਥਲੱਗ ਨੌਜਵਾਨਾਂ ਦਾ ਕਹਿਣਾ ਹੈ ਕਿ ਸਮੱਸਿਆ ''''ਤੇ ਪੈਸੇ ਸੁੱਟਣ ਨਾਲ ਇਹ ਦੂਰ ਨਹੀਂ ਹੋਵੇਗੀ।

ਯੂ ਹੁਣ ਇੱਕ ਕੰਪਨੀ ਚਲਾਉਂਦੇ ਹਨ ਜੋ ਨੌਜਵਾਨ ਇਕਾਂਤਪ੍ਰਸਤਾਂ ਦਾ ਸਮਰਥਨ ਕਰਦੀ ਹੈ। ਇਸ ਕੰਪਨੀ ਦਾ ਨਾਮ ‘ਨੌਟ ਸਕੇਅਰੀ’ ਯਾਨੀ ਡਰਾਉਣਾ ਨਹੀਂ ਹੈ।

ਇਹ ਉਨ੍ਹਾਂ ਦਿਨਾਂ ਤੋਂ ਬਹੁਤ ਦੂਰ ਤੇ ਅਲੱਗ ਸਥਿਤੀ ਹੈ ਜਿਨ੍ਹਾਂ ਵਿੱਚ ਨੌਜਵਾਨ ਬਾਥਰੂਮ ਦੀ ਵਰਤੋਂ ਕਰਨ ਲਈ ਵੀ ਆਪਣਾ ਕਮਰਾ ਨਹੀਂ ਛੱਡਦੇ ਸਨ।

ਪਰ ਬੰਦ ਕਰਮਿਆਂ ਦੀ ਕੈਦ ਤੋਂ ਬਾਹਰ ਨਿਕਲਣ ਦਾ ਸਫ਼ਰ ਉਤਰਾਅ-ਚੜ੍ਹਾਅ ਨਾਲ ਭਰਿਆ ਰਿਹਾ ਹੈ।

ਯੂ ਪਹਿਲਾਂ 19 ਸਾਲ ਦੀ ਉਮਰ ਵਿੱਚ ਬਾਹਰੀ ਦੁਨੀਆ ਤੋਂ ਬਿਲਕੁਲ ਅਲੱਗ ਹੋ ਗਿਆ ਸੀ।

ਉਹ ਆਪਣੀ ਲਾਜ਼ਮੀ ਫੌਜੀ ਸੇਵਾ ਕਰਨ ਦੋ ਸਾਲਾਂ ਲਈ ਉਸ ਸਥਿਤੀ ਤੋਂ ਬਾਹਰ ਆਇਆ ਪਰ ਉਸ ਤੋਂ ਬਾਅਦ ਦੋ ਹੋਰ ਸਾਲਾਂ ਲਈ ਆਪਣੇ ਆਪ ਨੂੰ ਉਸ ਨੇ ਦੁਬਾਰਾ ਬੰਦ ਕਰ ਲਿਆ।

Getty Images
ਲੋਕ ਸਮਾਜਿਕ ਪੈਮਾਨਿਆਂ ’ਤੇ ਖਰੇ ਨਾ ਉੱਤਰਣ ਦੇ ਡਰੋਂ ਇਕੱਲਿਆਂ ਰਹਿਣ ਨੂੰ ਤਰਜ਼ੀਹ ਦਿੰਦੇ ਹਨ

"ਇਹ ਪੈਸੇ ਦਾ ਮਸਲਾ ਨਹੀਂ ਹੈ"

34 ਸਾਲ ਪਾਰਕ ਟੇ-ਹੋਂਗ ਨੇ ਵੀ ਪਹਿਲਾਂ ਆਪਣੇ-ਆਪ ਨੂੰ ਦੁਨੀਆਂ ਤੋਂ ਅਲੱਗ-ਥਲੱਗ ਕਰ ਲਿਆ ਸੀ। ਉਹ ਕਹਿੰਦੇ ਹਨ ਇਹ ਅਰਾਮ ਦੇਣ ਵਾਲਾ ਵੀ ਹੋ ਸਕਦਾ ਹੈ।

"ਜਦੋਂ ਤੁਸੀਂ ਨਵੀਆਂ ਚੀਜ਼ਾਂ ਦੀ ਕੋਸ਼ਿਸ਼ ਕਰ ਰਹੇ ਹੋ, ਇਹ ਦਿਲਚਸਪ ਹੁੰਦਾ ਹੈ, ਪਰ ਉਸੇ ਸਮੇਂ ਤੁਹਾਨੂੰ ਥਕਾਵਟ ਅਤੇ ਚਿੰਤਾ ਨਾਲ ਨਜਿੱਠਣਾ ਪੈਂਦਾ ਹੈ। ਜਦੋਂ ਤੁਸੀਂ ਸਿਰਫ਼ ਆਪਣੇ ਕਮਰੇ ਵਿੱਚ ਹੁੰਦੇ ਹੋ, ਹਾਲਾਂਕਿ ਤੁਹਾਨੂੰ ਅਜਿਹਾ ਮਹਿਸੂਸ ਕਰਨ ਦੀ ਲੋੜ ਨਹੀਂ ਹੁੰਦੀ ਹੈ ਪਰ ਇਹ ਲੰਬੇ ਸਮੇਂ ਵਿੱਚ ਚੰਗਾ ਨਹੀਂ ਹੈ।"

ਕੋਰੀਆ ਇੰਸਟੀਚਿਊਟ ਆਫ਼ ਹੈਲਥ ਐਂਡ ਸੋਸ਼ਲ ਅਫ਼ੇਅਰਜ਼ ਦੇ ਮੁਤਾਬਕ, ਦੇਸ਼ ਵਿੱਚ 19 ਤੋਂ 39 ਸਾਲ ਦੀ ਉਮਰ ਦੇ ਕਰੀਬ 340,000 ਲੋਕ, ਜਾਂ ਉਸ ਉਮਰ ਸਮੂਹ ਦੇ 3 ਫ਼ੀਸਦ ਨੌਜਵਾਨ ਆਪਣੇ ਆਪ ਨੂੰ ਸਮਾਜ ਨਾਲੋਂ ਵੱਖ ਸਮਝਦੇ ਹਨ।

BBC

ਖੋਜ ਨੇ ਦੱਖਣੀ ਕੋਰੀਆ ਵਿੱਚ ਇਕੱਲੇ-ਵਿਅਕਤੀਆਂ ਵਾਲੇ ਪਰਿਵਾਰਾਂ ਦੇ ਵਧ ਰਹੇ ਅਨੁਪਾਤ ਨੂੰ ਵੀ ਨੋਟ ਕੀਤਾ ਹੈ, ਜੋ ਕਿ 2022 ਵਿੱਚ ਸਾਰੇ ਪਰਿਵਾਰਾਂ ਦਾ ਲਗਭਗ ਇੱਕ ਤਿਹਾਈ ਹਿੱਸਾ ਹੈ।

ਇਸ ਦੇ ਨਾਲ ਹੀ, ਦੇਸ਼ ਵਿੱਚ ਇਕੱਲਿਆਂ ਮੌਤ ਦਾ ਸਾਹਮਣਾ ਕਰਨ ਵਾਲੇ ਲੋਕਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ।

ਪਰ ਪੈਸਾ, ਜਾਂ ਇਸਦੀ ਘਾਟ, ਉਹ ਨਹੀਂ ਹੈ ਜੋ ਇਨ੍ਹਾਂ ਨੌਜਵਾਨਾਂ ਨੂੰ ਆਪਣੇ ਆਪ ਨੂੰ ਅਲੱਗ-ਥਲੱਗ ਕਰਨ ਲਈ ਪ੍ਰੇਰਿਤ ਕਰ ਰਹੀ ਹੈ।

ਪਾਰਕ ਕਹਿੰਦੇ ਹਨ, "ਇਕੱਲਿਆਂ ਰਹਿਣ ਵਾਲੇ ਲੋਕ ਕਈ ਤਰ੍ਹਾਂ ਦੇ ਆਰਥਿਕ ਪਿਛੋਕੜਾਂ ਤੋਂ ਆਉਂਦੇ ਹਨ।"

ਮੈਂ ਹੈਰਾਨ ਹਾਂ ਕਿ ਸਰਕਾਰ ਅਲੱਗ-ਥਲੱਗਤਾ ਨੂੰ ਵਿੱਤੀ ਸਥਿਤੀ ਨਾਲ ਕਿਉਂ ਜੋੜਦੀ ਹੈ। ਸਾਰੇ ਇੱਕਲੇ ਨੌਜਵਾਨਾਂ ਨੂੰ ਵਿੱਤੀ ਮੁਸ਼ਕਲਾਂ ਨਹੀਂ ਹੁੰਦੀਆਂ ਹਨ।"

"ਜਿਨ੍ਹਾਂ ਵਿਅਕਤੀਆਂ ਨੂੰ ਪੈਸੇ ਦੀ ਸਖ਼ਤ ਲੋੜ ਹੁੰਦੀ ਹੈ, ਉਨ੍ਹਾਂ ਨੂੰ ਸਮਾਜ ਦੇ ਅਨੁਕੂਲ ਹੋਣ ਲਈ ਮਜਬੂਰ ਕੀਤਾ ਜਾ ਸਕਦਾ ਹੈ। ਇੱਥੇ ਵੱਖ-ਵੱਖ ਕਈ ਮਾਮਲੇ ਹਨ।"

ਉਦਾਹਰਨ ਲਈ, ਉਹ ਅਤੇ ਯੂ, ਜਦੋਂ ਇਕੱਲਿਆਂ ਰਹਿ ਰਹੇ ਸਨ ਤਾਂ ਦੋਵਾਂ ਦੇ ਮਾਪੇ ਉਨ੍ਹਾਂ ਨੂੰ ਵਿੱਤੀ ਸਹਾਇਤਾ ਦੇ ਰਹੇ ਸਨ।

SHARED PHOTO
ਪਾਰਕ ਇਕਾਂਤਵਾਸ ਤੋਂ ਬਾਹਰ ਆ ਰਹੇ ਹਨ। ਉਹ ਕਹਿੰਦੇ ਹਨ ਪੈਸਾ ਨਹੀਂ ਸਮਾਜਿਕ ਮਾਪਦੰਡ ਇਸ ਦਾ ਕਾਰਨ ਹਨ।

"ਸ਼ਰਮਿੰਦਗੀ ਦਾ ਸੱਭਿਆਚਾਰ"

ਨੌਜਵਾਨ ਇਕਾਂਤਪ੍ਰਸਤਾਂ ਵਿੱਚ ਆਮ ਗੱਲ ਇਹ ਹੈ ਕਿ ਉਹ ਸਮਾਜ ਜਾਂ ਉਨ੍ਹਾਂ ਦੇ ਪਰਿਵਾਰਾਂ ਵਲੋਂ ਨਿਰਧਾਰਿਤ ਕੀਤੇ ਸਫ਼ਲਤਾ ਦੇ ਮਾਪਦੰਡਾਂ ਨੂੰ ਪੂਰਾ ਨਹੀਂ ਕਰਦੇ ਹਨ।

ਕੁਝ ਆਪਣੇ ਆਪ ਨੂੰ ਅਨੁਕੂਲ ਨਹੀਂ ਮਹਿਸੂਸ ਕਰਦੇ ਹਨ ਕਿਉਂਕਿ ਉਹ ਰਵਾਇਤੀ ਕਰੀਅਰ ਨਹੀਂ ਅਪਣਾ ਸਕਦੇ ਕਈ ਹੋਰ ਅਕਾਦਮਿਕ ਕਾਰਗੁਜ਼ਾਰੀ ਬਿਹਤਰ ਨਹੀਂ ਸੀ ਕਰ ਸਕੇ।

ਯੂ ਨੇ ਕਿਹਾ ਕਿ ਉਹ ਕਾਲਜ ਗਏ ਕਿਉਂਕਿ ਉਸਦੇ ਪਿਤਾ ਅਜਿਹਾ ਚਾਹੁੰਦੇ ਸਨ, ਪਰ ਉਸਨੇ ਇੱਕ ਮਹੀਨੇ ਬਾਅਦ ਕਾਲਜ ਛੱਡ ਦਿੱਤਾ।

ਉਹ ਕਹਿੰਦੇ ਹਨ, "ਯੂਨੀਵਰਸਿਟੀ ਜਾਣ ਨਾਲ ਮੈਨੂੰ ਸ਼ਰਮ ਮਹਿਸੂਸ ਹੁੰਦੀ ਸੀ। ਮੈਂ ਆਪਣੇ ਲਈ ਪੜ੍ਹਾਈ ਦੇ ਵਿਸ਼ੇ ਚੁਣਨ ਲਈ ਆਜ਼ਾਦ ਨਹੀਂ ਸੀ।”

“ਮੈਂ ਬਹੁਤ ਦੁਖੀ ਮਹਿਸੂਸ ਕੀਤਾ।"

ਯੂ ਕਹਿੰਦੇ ਹਨ ਕਿ ਉਨ੍ਹਾਂ ਨੇ ਇਹ ਵੀ ਮਹਿਸੂਸ ਨਹੀਂ ਕੀਤਾ ਕਿ ਉਹ ਆਪਣੇ ਮਾਪਿਆਂ ਨਾਲ ਇਸ ਸਭ ਬਾਰੇ ਗੱਲ ਕਰ ਸਕਦੇ ਹਨ।

"ਕੋਰੀਆ ਵਿੱਚ ਸ਼ਰਮਿੰਦਗੀ ਦਾ ਸਭਿਆਚਾਰ ਇਕਾਂਤਵਾਸੀਆਂ ਲਈ ਆਪਣੀਆਂ ਸਮੱਸਿਆਵਾਂ ਬਾਰੇ ਗੱਲ ਕਰਨਾ ਔਖਾ ਕਰ ਦਿੰਦਾ ਹੈ।”

ਯੂ ਨੇ ਕਿਹਾ, "ਇੱਕ ਦਿਨ, ਮੈਂ ਇਸ ਨਤੀਜੇ ''''ਤੇ ਪਹੁੰਚੇਆ ਕਿ ਮੇਰੀ ਜ਼ਿੰਦਗੀ ਖ਼ਰਾਬ ਹੋ ਰਹੀ ਹੈ ਅਤੇ ਮੈਂ ਅਲੱਗ ਹੋਣ ਦਾ ਸੋਚਣ ਲੱਗਿਆ।।"

ਆਪਣੀ ਅਲੱਗ-ਥਲੱਗਤਾ ਦੌਰਾਨ, ਉਹ ਬਾਥਰੂਮ ਦੀ ਵਰਤੋਂ ਕਰਨ ਲਈ ਵੀ ਬਾਹਰ ਨਹੀਂ ਜਾਂਦੇ ਸਨ ਕਿਉਂਕਿ ਉਹ ਆਪਣੇ ਪਰਿਵਾਰ ਨੂੰ ਦੇਖਣਾ ਨਹੀਂ ਚਾਹੁੰਦੇ ਸਨ।

ਇਸ ਦੌਰਾਨ ਪਾਰਕ ’ਤੇ ਹਾਣਦਿਆਂ ਨਾਲ ਮੁਕਾਬਲੇ ਨੇ ਉਨ੍ਹਾਂ ਦੇ ਪਰਿਵਾਰ ਨਾਲ ਰਿਸ਼ਤੇ ਨੂੰ ਹੋਰ ਤਣਾਅਪੂਰਨ ਬਣਾ ਦਿੱਤਾ।

ਪਾਰਕ ਕਹਿੰਦੇ ਹਨ, "ਮੇਰੀ ਮਾਂ ਅਤੇ ਪਿਤਾ ਜੀ ਬਚਪਨ ਤੋਂ ਹੀ ਅਕਸਰ ਲੜਦੇ ਰਹਿੰਦੇ ਹਨ। ਇਸ ਨੇ ਮੇਰੇ ਸਕੂਲੀ ਜੀਵਨ ਨੂੰ ਵੀ ਪ੍ਰਭਾਵਿਤ ਕੀਤਾ।”

“ਕੋਰੀਆ ਵਿੱਚ ਸਕੂਲ ਬਹੁਤ ਔਖਾ ਹੋ ਸਕਦਾ ਹੈ ਅਤੇ ਮੈਨੂੰ ਇਹ ਔਖਾ ਹੀ ਲੱਗ ਰਿਹਾ ਸੀ। ਮੈਂ ਖ਼ੁਦ ਨੂੰ ਸੰਭਾਲਨ ਦੇ ਯੋਗ ਨਹੀਂ ਸੀ।"

ਜਦੋਂ ਉਹ ਮਹਿਜ਼ 28 ਸਾਲਾਂ ਦੇ ਸਨ, ਉਨ੍ਹਾਂ ਨੇ 2018 ਵਿੱਚ ਥੈਰੇਪੀ ਸੈਸ਼ਨ ਸ਼ੁਰੂ ਕੀਤੇ ਅਤੇ ਹੁਣ ਹੌਲੀ-ਹੌਲੀ ਸਮਾਜਿਕ ਜ਼ਿੰਦਗੀ ਵੱਲ ਪਰਤ ਰਹੇ ਹਨ।

AFP
ਦੱਖਣੀ ਕੋਰੀਆ ਵਿੱਚ ਸਖ਼ਤ ਕਾਨੂੰਨ ਲਾਗੂ ਹਨ

ਇੱਕ ਰਵਾਇਤੀ ਸਮਾਜ ਦੀਆਂ ਉਮੀਦਾਂ

ਸੀਡਜ਼ ਇੱਕ ਸੰਸਥਾ ਹੈ ਜੋ ਇਕਾਂਤਵਾਸੀਆਂ ਨੂੰ ਕੰਮ ਸਿਖਾਉਣ ਦਾ ਕੰਮ ਕਰਦੀ ਹੈ। ਉਸ ਦੇ ਮੈਨੇਜਰ ਸੂ ਜਿਨ ਕਹਿੰਦੇ ਹਨ, “ਦੱਖਣੀ ਕੋਰੀਆ ਦੇ ਨੌਜਵਾਨ ਦੱਬਿਆ ਹੋਇਆ ਮਹਿਸੂਸ ਕਰਦੇ ਹਨ ਕਿਉਂਕਿ ਸਮਾਜ ਲੋਕਾਂ ਤੋਂ ਉਮੀਦ ਕਰਦਾ ਹੈ ਕਿ ਜਦੋਂ ਉਹ ਇੱਕ ਖ਼ਾਸ ਉਮਰ ਤੱਕ ਪਹੁੰਚਦੇ ਹਨ ਤਾਂ ਉਹ ਇੱਕ ਖ਼ਾਸ ਤਰੀਕੇ ਤਾ ਵਿਵਹਾਰ ਕਰਨ।”

"ਜਦੋਂ ਉਹ ਸਮਾਜ ਦੀਆਂ ਆਸਾਂ ''''ਤੇ ਖਰੇ ਨਹੀਂ ਉਤਰ ਸਕਦੇ, ਤਾਂ ਉਹ ਆਪਣੇ ਆਪ ਨੂੰ ਅਸਫ਼ਲ ਸਮਝਣ ਲੱਗਦੇ ਹਨ। ''''ਮੈਂ ਅਸਫਲ ਹੋ ਗਿਆ'''', ''''ਮੈਂ ਪਹਿਲਾਂ ਹੀ ਲੇਟ ਹੋ ਗਿਆ ਹਾਂ।'''' ਇਸ ਤਰ੍ਹਾਂ ਦਾ ਸਮਾਜਿਕ ਮਾਹੌਲ ਉਨ੍ਹਾਂ ਦੇ ਸਵੈ-ਮਾਣ ਨੂੰ ਸੱਟ ਪਹੁੰਚਾਉਂਦਾ ਹੈ ਅਤੇ ਆਖਰਕਾਰ ਉਨ੍ਹਾਂ ਨੂੰ ਸਮਾਜ ਤੋਂ ਅਲੱਗ ਹੋਣ ਵੱਲ ਧੱਕ ਸਕਦਾ ਹੈ।”

ਉਹ ਇੱਕ ਭੌਤਿਕ ਜਗ੍ਹਾ ਚਲਾਉਂਦਾ ਹੈ ਜਿਸਨੂੰ ਉਨ੍ਹਾਂ ਨੇ "ਮੋਲ ਸੁਰੰਗ" ਦਾ ਨਾਮ ਦਿੱਤਾ ਹੈ।

ਇਥੇ ਆ ਕੇ ਇਕਾਂਤਪ੍ਰਸਤ ਆਰਾਮ ਕਰਨ ਜਾ ਸਕਦੇ ਹਨ, ਸ਼ਾਂਤ ਸਮਾਂ ਬਿਤਾ ਸਕਦੇ ਹਨ, ਅਤੇ ਜੇ ਚਾਹੁਣ ਤਾਂ ਕਿਸੇ ਦੀ ਸਲਾਹ ਲੈ ਸਕਦੇ ਹਨ। ਤੇ ਇਹ ਸਭ ਆਮਦਨ ਦੀ ਪਰਵਾਹ ਕੀਤੇ ਬਿਨਾਂ ਸਾਰੇ ਪ੍ਰੋਗਰਾਮ ਹਰ ਕਿਸੇ ਲਈ ਖੁੱਲ੍ਹੇ ਹਨ।

ਕਿਮ ਕਹਿੰਦੇ ਹੈ ਕਿ ਇੱਕ ਸਮਾਜ ਜਿੱਥੇ ਨੌਜਵਾਨਾਂ ਨੂੰ ਵਿਭਿੰਨ ਕਿਸਮ ਦੀਆਂ ਨੌਕਰੀਆਂ ਅਤੇ ਵਿਦਿਅਕ ਮੌਕੇ ਮਿਲ ਸਕਦੇ ਹਨ, ਅਲੱਗ-ਥਲੱਗ ਵਿਅਕਤੀਆਂ ਲਈ ਵਧੇਰੇ ਚੰਗਾ ਹੋਵੇਗਾ।

"ਨੌਜਵਾਨ ਇਕਾਂਤਪ੍ਰਸਤ ਇੱਕ ਕੰਮ ਵਾਲੀ ਥਾਂ ਚਾਹੁੰਦੇ ਹਨ ਜਿੱਥੇ ਉਹ ਸੋਚ ਸਕਣ, ਗੱਲ ਕਰ ਸਕਣ ਕਿ ਉਹ ਕੀ ਕਰ ਸਕਦੇ ਹਨ। ਮੈਨੂੰ ਲੱਗਦਾ ਹੈ ਕਿ ਮੈਂ ਇੱਥੇ ਹੋਰ ਸਿੱਖ ਸਕਦਾ ਹਾਂ ਅਤੇ ਫਿਰ ਅਸਲ ਸੰਸਾਰ ਵਿੱਚ ਜਾ ਸਕਦਾ ਹਾਂ।''''

ਪਾਰਕ ਇਹ ਵੀ ਉਮੀਦ ਕਰਦੇ ਹੈ ਕਿ ਇੱਕ ਦਿਨ ਕੋਰੀਆ ਦਾ ਸਮਾਜ ਉਨ੍ਹਾਂ ਨੌਜਵਾਨਾਂ ਨੂੰ ਵਧੇਰੇ ਸਮਝਣ ਲੱਗੇਗਾ ਜਿਨ੍ਹਾਂ ਦੀਆਂ ਰੁਚੀਆਂ ਗ਼ੈਰ-ਰਵਾਇਤੀ ਹਨ।

"ਵਰਤਮਾਨ ਵਿੱਚ, ਅਸੀਂ ਉਨ੍ਹਾਂ ਨੂੰ ਪੜ੍ਹਾਈ ਕਰਨ ਲਈ ਮਜਬੂਰ ਕਰਦੇ ਹਾਂ। ਇਹ ਬਹੁਤ ਇਕਸਾਰ ਹੈ, ਸਭ ਲਈ ਇੱਕੋ ਜਿਹਾ। ਸਾਨੂੰ ਨੌਜਵਾਨਾਂ ਨੂੰ ਉਹ ਚੀਜ਼ਾਂ ਲੱਭਣ ਦੀ ਆਜ਼ਾਦੀ ਦੇਣੀ ਹੋਵੇਗੀ ਜੋ ਉਹ ਪਸੰਦ ਕਰਦੇ ਹਨ।"

YOUTUBE
ਕਿਮ ਜੋਂਗ ਉਨ ਨੂੰ ਇੱਕ ਸਖ਼ਤ ਸ਼ਾਸਕ ਕਿਹਾ ਜਾਂਦਾ ਹੈ

ਗੁਜ਼ਾਰਾ ਭੱਤਾ ਸਮੱਸਿਆ ਨਾਲ ਨਜਿੱਠਣ ਲਈ ‘ਪਹਿਲਾ ਕਦਮ’ ਹੋ ਸਕਦਾ ਹੈ, ਪਰ ਯੂਥ ਵਰਕਰਾਂ ਦਾ ਕਹਿਣਾ ਹੈ ਕਿ ਪੈਸੇ ਦੀ ਬਿਹਤਰ ਵਰਤੋਂ ਕੀਤੀ ਜਾ ਸਕਦੀ ਹੈ।

ਉਨ੍ਹਾਂ ਦਾ ਮੰਨਣਾ ਹੈ ਕਿ ਫੰਡਿੰਗ ਸੰਸਥਾਵਾਂ ਅਤੇ ਪ੍ਰੋਗਰਾਮ ਜੋ ਅਲੱਗ-ਥਲੱਗ ਨੌਜਵਾਨਾਂ ਨੂੰ ਨਿਸ਼ਾਨਾ ਬਣਾਉਂਦੇ ਹਨ, ਉਨ੍ਹਾਂ ਨੂੰ ਸਲਾਹ ਜਾਂ ਨੌਕਰੀ ਦੀ ਸਿਖਲਾਈ ਦੀ ਪੇਸ਼ਕਸ਼ ਕਰਨ ਤਾਂ ਪ੍ਰਭਾਵ ਜ਼ਿਆਦਾ ਪਵੇ।

"ਅਗਲਾ ਕਦਮ ਅਲੱਗ-ਥਲੱਗ ਨੌਜਵਾਨਾਂ ਲਈ ਉੱਚ-ਗੁਣਵੱਤਾ ਵਾਲੇ ਮੁਫ਼ਤ ਕੌਮੀ ਪ੍ਰੋਗਰਾਮਾਂ ਦੀ ਤਿਆਰੀ ਹੋਣਾ ਚਾਹੀਦਾ ਹੈ। ਵਰਤਮਾਨ ਵਿੱਚ, ਬਹੁਤ ਹੀ ਸੀਮਤ ਗਿਣਤੀ ਵਿੱਚ ਪ੍ਰੋਗਰਾਮ ਅਤੇ ਕੇਂਦਰ ਹਨ ਜਿੱਥੇ ਅਲੱਗ-ਥਲੱਗ ਨੌਜਵਾਨ ਹਿੱਸਾ ਲੈ ਸਕਦੇ ਹੋਣ ਅਤੇ ਉਨ੍ਹਾਂ ਵਿੱਚ ਆਪਣੀ ਸਾਂਝ ਦੀ ਭਾਵਨਾ ਪੈਦਾ ਹੋ ਸਕੇ।"

ਵੌਨ, ਪੀਆਈਈ ਫ਼ਾਰ ਯੂਥ ਦੇ ਮੁੱਖ ਨਿਰਦੇਸ਼ਕ ਹਨ। ਇਹ ਸੰਸਥਾ ਨੌਜਵਾਨ ਇਕਾਂਤਵਾਸੀਆਂ ਦੀ ਦੇਖਭਾਲ ਲਈ ਕੰਮ ਕਰਦੀ ਹੈ।

ਉਹ ਆਸਵੰਦ ਹਨ ਕਿ ਦੱਖਣੀ ਕੋਰੀਆ ਦੀ ਸਰਕਾਰ ਉਸ ਸਮੇਂ ਤੋਂ ਇਸ ਸਮੱਸਿਆ ਨਾਲ ਨਜਿੱਠਣ ਦੀ ਕੋਸ਼ਿਸ਼ ਕਰ ਰਹੀ ਹੈ ਜਦੋਂ ਉਹ ਕਿਸ਼ੋਰ ਸੀ।

ਇਹ ਦੇਖਣਾ ਚੰਗਾ ਹੈ ਕਿ ਨਵੇਂ ਉਪਾਅ ਕਿਸ਼ੋਰਾਂ ''''ਤੇ ਕੇਂਦਰਿਤ ਹਨ। ਮੈਨੂੰ ਲੱਗਦਾ ਹੈ ਕਿ ਅੱਲ੍ਹੜ ਉਮਰ ਅਲੱਗ-ਥਲੱਗ ਹੋਣ ਤੋਂ ਰੋਕਣ ਦਾ ਸੁਨਹਿਰੀ ਸਮਾਂ ਹੁੰਦਾ ਹੈ, ਕਿਉਂਕਿ ਜ਼ਿਆਦਾਤਰ ਕਿਸ਼ੋਰ ਇੱਕ ਕਮਿਊਨਿਟੀ ਦਾ ਹਿੱਸਾ ਹੁੰਦੇ ਹਨ, ਜਿਵੇਂ ਕਿ ਇੱਕ ਸਕੂਲ ਦਾ ਆਪਣੇ ਪਰਿਵਾਰ ਦਾ।

ਯੂ ਨੇ ਸਮਝਾਇਆ ਕਿ ਉਹ ਹੌਲੀ-ਹੌਲੀ ਆਪਣੀ ਅਲੱਗ-ਥਲੱਗਤਾ ਤੋਂ ਬਾਹਰ ਆ ਰਹੇ ਹਨ ਹੈ। ਅਜਿਹਾ ਉਨ੍ਹਾਂ ਦੇ ਆਪਣੇ ਵਰਗੇ ਹੋਰ ਸਾਥੀਆਂ ਨੂੰ ਮਿਲਣ ਤੋਂ ਬਾਅਦ ਹੋ ਸਕਿਆ।

ਉਹ ਕਹਿੰਦੇ ਹਨ, "ਇੱਕ ਵਾਰ ਜਦੋਂ ਮੈਨੂੰ ਦੂਜਿਆਂ ਤੋਂ ਮਦਦ ਮਿਲੀ, ਮੈਨੂੰ ਅਹਿਸਾਸ ਹੋਣ ਲੱਗਾ ਕਿ ਇਹ ਸਿਰਫ਼ ਮੇਰੀ ਸਮੱਸਿਆ ਨਹੀਂ ਹੈ, ਸਗੋਂ ਸਮਾਜ ਦੀ ਸਮੱਸਿਆ ਹੈ।"

"ਅਤੇ ਅੰਤ ਵਿੱਚ ਮੈਂ ਹੌਲੀ ਹੌਲੀ ਆਪਣੀ ਇਕੱਲਤਾ ਤੋਂ ਬਾਹਰ ਆਉਣ ਲੱਗਿਆ।"

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)