ਪੰਜਾਬ ਦੇ ਸਰਹੱਦੀ ਖੇਤਰ ਦੇ ਇਸ ਸਕੂਲ ਉੱਤੇ ਲੋਕਾਂ ਨੇ ਜਿੰਦਰਾ ਕਿਉਂ ਲਗਾ ਦਿੱਤਾ ਹੈ, ਜਾਣੋ ਪੂਰਾ ਮਾਮਲਾ

05/29/2023 12:04:14 PM

SURINDER MANN/BBC
ਲੋਕਾਂ ਨੇ ਸਕੂਲ ਦੇ ਮੁੱਖ ਗੇਟ ਨੂੰ ਜਿੰਦਰਾ ਲਗਾ ਰੱਖਿਆ ਸੀ ਅਤੇ ਕਿਸੇ ਨੂੰ ਵੀ ਸਕੂਲ ਵਿੱਚ ਦਾਖਲ ਨਹੀਂ ਹੋਣ ਦੀ ਆਗਿਆ ਨਹੀਂ ਸੀ।

ਭਾਰਤ-ਪਾਕਿਸਤਾਨ ਸਰਹੱਦ ਉੱਪਰ ਲੱਗੀ ਕੰਡਿਆਲੀ ਤਾਰ ਤੋਂ ਮਹਿਜ਼ 500 ਮੀਟਰ ਦੀ ਦੂਰੀ ''''ਤੇ ਵਸੇ ਪਿੰਡ ਮੁਹਾਰ ਸੋਨਾ ਦੇ ਸਰਕਾਰੀ ਸਕੂਲ ਦੇ ਸਾਹਮਣੇ ਮਰਦ, ਔਰਤਾਂ ਅਤੇ ਬੱਚੇ ਦਰੀਆਂ ਵਿਛਾ ਕੇ ਬੈਠੇ ਹੋਏ ਹਨ।

ਪਿੰਡ ਮੁਹਾਰ ਸੋਨਾ ਜ਼ਿਲਾ ਫਾਜ਼ਿਲਕਾ ਦਾ ਛੋਟਾ ਜਿਹਾ ਪਿੰਡ ਹੈ, ਜਿਥੋਂ ਦੇ ਸਰਕਾਰੀ ਹਾਈ ਸਕੂਲ ਵਿੱਚ ਮੁਹਾਰ ਸੋਨਾ ਤੋਂ ਇਲਾਵਾ ਨਾਲ ਲਗਦੇ ਚਾਰ ਹੋਰ ਪਿੰਡਾਂ ਦੇ ਬੱਚੇ ਪੜ੍ਹਨ ਲਈ ਆਉਂਦੇ ਹਨ।

ਜਦੋਂ ਮੈਂ ਇਸ ਧਰਨੇ ਵਾਲੀ ਥਾਂ ''''ਤੇ ਪੁੱਜਾ ਤਾਂ ਪ੍ਰਦਰਸ਼ਨਕਾਰੀ ਨਾਅਰੇਬਾਜ਼ੀ ਕਰ ਰਹੇ ਸਨ। ਲੋਕਾਂ ਨੇ ਸਕੂਲ ਦੇ ਮੁੱਖ ਗੇਟ ਨੂੰ ਜਿੰਦਰਾ ਲਗਾ ਰੱਖਿਆ ਸੀ ਅਤੇ ਕਿਸੇ ਨੂੰ ਵੀ ਸਕੂਲ ਵਿੱਚ ਦਾਖਲ ਨਹੀਂ ਹੋਣ ਦੀ ਆਗਿਆ ਨਹੀਂ ਸੀ।

ਪ੍ਰਦਰਸ਼ਨ ਦੀ ਅਸਲ ਵਜ੍ਹਾ ਪਤਾ ਕਰਨ ''''ਤੇ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਸਾਲ 2022 ਵਿੱਚ ਪਿੰਡ ਮੁਹਾਰ ਸੋਨਾ ਦੇ ਸਕੂਲ ਨੂੰ ਹਾਈ ਸਕੂਲ ਤੋਂ ਬਾਰ੍ਹਵੀਂ ਤੱਕ ਅਪਗ੍ਰੇਡ ਕਰਨ ਦੀ ਗੱਲ ਕਹੀ ਸੀ ਪਰ ਹਾਲੇ ਤੱਕ ਇਹ ਵਾਅਦਾ ਪੂਰਾ ਨਹੀਂ ਹੋਇਆ ਹੈ।

ਦਿਲਚਸਪ ਗੱਲ ਤਾਂ ਇਹ ਹੈ ਕਿ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਰਿਕਾਰਡ ਵਿੱਚ ਪਿੰਡ ਮੁਹਾਰ ਸੋਨਾ ਦਾ ਸਕੂਲ ਸੀਨੀਅਰ ਸੈਕੰਡਰੀ ਹੈ ਪਰ ਜ਼ਮੀਨੀ ਹਕੀਕਤ ''''ਤੇ ਇਸ ਸਕੂਲ ਦਾ ਦਰਜਾ ਹਾਈ ਸਕੂਲ ਤੱਕ ਹੀ ਹੈ।

SURINDER MANN/BBC
ਪਿੰਡ ਦੇ ਲੋਕ ਆਪਣੇ ਸਕੂਲ ਪੜ੍ਹਦੇ ਨਿਆਣਿਆਂ ਨੂੰ ਲੈ ਕੇ ਸਕੂਲ ਦੇ ਗੇਟ ''''ਤੇ ਦਿਨ-ਰਾਤ ਦੇ ਧਰਨੇ ''''ਤੇ ਬੈਠੇ ਹੋਏ ਸਨ।

ਲੋਕਾਂ ’ਚ ਨਿਰਾਸ਼ਾ ਹੈ

ਇਸ ਪਿੰਡ ਦੇ ਰਹਿਣ ਵਾਲੇ ਕਮਲਜੀਤ ਸਿੰਘ ਪੰਜਾਬ ਸਟੂਡੈਂਟ ਯੂਨੀਅਨ ਦੇ ਆਗੂ ਹਨ। ਉਨਾਂ ਦੱਸਿਆ ਕਿ ਇਸ ਸਕੂਲ ਵਿਚ ਤਾਇਨਾਤ ਅਧਿਆਪਕਾਂ ਵੱਲੋਂ 69 ਬੱਚਿਆਂ ਦਾ ਨਾਂ 10+1 ਅਤੇ 10+2 ਦੀਆਂ ਜਮਾਤਾਂ ਲਈ ਦਾਖਲ ਕੀਤਾ ਗਿਆ ਸੀ।

ਉਨ੍ਹਾਂ ਕਿਹਾ, "ਹੁਣ ਜਦੋਂ ਨਵੇਂ ਸੈਸ਼ਨ ਦੀ ਪੜ੍ਹਾਈ ਸ਼ੁਰੂ ਹੋਣ ਦਾ ਸਮਾਂ ਆਇਆ ਤਾਂ ਸਿੱਖਿਆ ਵਿਭਾਗ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਸਕੂਲ ਹਾਲੇ ਤੱਕ ਅਪਗ੍ਰੇਡ ਨਹੀਂ ਹੋਇਆ ਹੈ। ਇਹ ਗੱਲ ਸੁਣਨ ਤੋਂ ਬਾਅਦ ਸਾਡੇ ਵਿਚ ਨਿਰਾਸ਼ਾ ਦਾ ਆਲਮ ਬਣ ਗਿਆ। ਅਸੀਂ ਹੁਣ ਕਿੱਥੇ ਜਾਈਏ?"

ਵਿੱਦਿਆ ਬਾਈ ਪਿੰਡ ਮੁਹਾਰ ਸੋਨਾ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਦੀਆਂ ਤਿੰਨ ਬੇਟੀਆਂ ਵੱਖ-ਵੱਖ ਜਮਾਤਾਂ ਵਿਚ ਪੜ੍ਹਦੀਆਂ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਪਰਵਾਰ ਮਜ਼ਦੂਰੀ ਕਰਕੇ ਆਪਣਾ ਪੇਟ ਪਾਲ਼ਦਾ ਹੈ।

ਉਹ ਕਹਿੰਗੇ ਹਨ, "ਜਦੋਂ ਪਿਛਲੇ ਸਾਲ ਸਾਨੂੰ ਪਤਾ ਲੱਗਿਆ ਕਿ ਪਿੰਡ ਵਿੱਚ ਬਾਰਵੀਂ ਜਮਾਤ ਤੱਕ ਸਕੂਲ ਬਣ ਗਿਆ ਹੈ ਸਾਨੂੰ ਬਹੁਤ ਖੁਸ਼ੀ ਹੋਈ ਸੀ। ਹੁਣ ਅਸੀਂ ਮਜਬੂਰੀ ਕਾਰਨ ਧਰਨੇ ਉਪਰ ਬੈਠੇ ਹਾਂ। ਦਸਵੀਂ ਜਮਾਤ ਤੋਂ ਬਾਅਦ ਕੁੜੀਆਂ ਨੂੰ ਪੜ੍ਹਨ ਲਈ ਫਾਜ਼ਿਲਕਾ ਜਾਣਾ ਪੈਂਦਾ ਹੈ। ਸਾਡੇ ਪਿੰਡ ਕੋਈ ਬੱਸ ਨਹੀਂ ਆਉਂਦੀ। ਗਰੀਬੀ ਕਾਰਨ ਅਸੀਂ ਆਪਣੇ ਬੱਚਿਆਂ ਨੂੰ ਸਕੂਟਰੀ ਨਹੀਂ ਲੈ ਕੇ ਦੇ ਸਕਦੇ।"

ਆਪਣੀ ਗੱਲ ਜਾਰੀ ਰੱਖਦੇ ਹੋਏ ਵਿੱਦਿਆ ਬਾਈ ਭਾਵੁਕ ਹੋ ਜਾਂਦੇ ਹਨ।

"ਜੇਕਰ ਮੇਰੀਆਂ ਧੀਆਂ ਅੱਗੇ ਨਾ ਪੜ੍ਹ ਸਕੀਆਂ ਤਾਂ ਸਾਨੂੰ ਅਗਲੇ ਸਾਲ ਉਨਾਂ ਦਾ ਵਿਆਹ ਕਰਨਾ ਪਵੇਗਾ। ਸਕੂਲ ਦੀ ਕਮੀ ਕਾਰਨ ਮੇਰੇ ਬੱਚੇ ਦਸਵੀਂ ਤੋਂ ਅੱਗੇ ਨਹੀਂ ਪੜ੍ਹ ਸਕਣਗੇ। ਇਹ ਸਾਡੀ ਬਦਕਿਸਮਤੀ ਦੀ ਗੱਲ ਹੀ ਹੋਵੇਗੀ।"

ਪਿੰਡ ਦੇ ਲੋਕ ਆਪਣੇ ਸਕੂਲ ਪੜ੍ਹਦੇ ਨਿਆਣਿਆਂ ਨੂੰ ਲੈ ਕੇ ਸਕੂਲ ਦੇ ਗੇਟ ''''ਤੇ ਦਿਨ-ਰਾਤ ਦੇ ਧਰਨੇ ''''ਤੇ ਬੈਠੇ ਹੋਏ ਸਨ।

SURINDER MANN/BBC
ਸਿਮਰਨ ਕੌਰ ਨੂੰ ਇਸ ਗੱਲ ਦਾ ਝੋਰਾ ਸਤਾ ਰਿਹਾ ਸੀ ਕਿ ਜੇਕਰ ਉਨਾਂ ਦੇ ਪਿੰਡ ਦਾ ਸਕੂਲ ਅਪਗ੍ਰੇਡ ਨਾ ਹੋਇਆ ਤਾਂ ਉਹ ਬਾਰ੍ਹਵੀਂ ਜਮਾਤ ਪਾਸ ਕਰਨ ਤੋਂ ਖੁੰਝ ਜਾਣਗੇ।

ਸਕੂਲ ਵਿੱਚ ਪੜ੍ਹਾਈ ਦਾ ਕੰਮ ਠੱਪ

ਦੂਜੇ ਪਾਸੇ ਸਕੂਲ ਵਿੱਚ ਕਿਸੇ ਪਾਸਿਓਂ ਐਂਟਰੀ ਨਾ ਹੋਣ ਕਾਰਨ ਸਕੂਲ ਦਾ ਸਮੁੱਚਾ ਸਟਾਫ਼ ਨਾਲ ਲਗਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਬੈਠਾ ਮਿਲਿਆ। ਪ੍ਰਦਰਸ਼ਨ ਕਾਰਨ ਪਿਛਲੇ ਦੋ ਦਿਨਾਂ ਤੋਂ ਸਕੂਲ ਵਿੱਚ ਪੜ੍ਹਾਈ ਦਾ ਕੰਮ ਠੱਪ ਪਿਆ ਸੀ।

ਮਾਸ਼ਾ ਰਾਣੀ ਪਿੰਡ ਦੀ ਮੋਹਤਬਰ ਔਰਤ ਹਨ। ਉਹ ਧਰਨੇ ਵਿੱਚ ਬੈਠੇ ਲੋਕਾਂ ਤੇ ਵਿਦਿਆਰਥੀਆਂ ਨੂੰ ਮਰਿਆਦਾ ਵਿੱਚ ਰਹਿ ਕੇ ਸਕੂਲ ਨੂੰ ਅਪਗ੍ਰੇਡ ਕਰਨ ਲਈ ਸਰਕਾਰ ''''ਤੇ ਦਬਾਅ ਬਣਾਉਣ ਦੇ ਨੁਕਤੇ ਮਾਈਕ ਰਾਹੀਂ ਸਾਂਝੇ ਕਰ ਰਹੇ ਸਨ।

ਉਹ ਕਹਿੰਦੇ ਹਨ, "ਅਸੀਂ ਸਰਕਾਰ ਤੋਂ ਹੋਰ ਕੋਈ ਵੀ ਸਹੂਲਤ ਨਹੀਂ ਮੰਗ ਰਹੇ। ਸਿਰਫ਼ ਸਰਕਾਰ ਨੂੰ ਆਪਣਾ ਵਾਅਦਾ ਪੂਰਾ ਕਰਨ ਦੀ ਅਰਜੋਈ ਕਰ ਰਹੇ ਹਾਂ। ਸਾਨੂੰ ਕੋਈ ਸ਼ੌਕ ਨਹੀਂ ਹੈ ਕਿ ਅਤਿ ਦੀ ਗਰਮੀ ਵਿੱਚ ਭੁੰਜੇ ਦਰੀਆਂ ਵਿਛਾ ਕੇ ਬੈਠੀਏ।"

"ਅਸੀਂ ਇੰਨੇ ਵੀ ਨਿਕੰਮੇ ਨਹੀਂ ਕੇ ਆਪਣੇ ਹੱਕ ਲਈ ਲੜ ਵੀ ਨਾ ਸਕੀਏ। ਸਾਡੇ ਕੋਲ ਸਿੱਖਿਆ ਵਿਭਾਗ ਦੇ ਅਫ਼ਸਰ ਆਏ ਸਨ ਪਰ ਸਾਡੇ ਪੱਲੇ ਉਨਾਂ ਨੇ ਕੁੱਝ ਵੀ ਨਹੀਂ ਪਾਇਆ। ਅਸੀਂ ਇਹ ਗੱਲ ਬਰਦਾਸ਼ਤ ਨਹੀਂ ਕਰ ਸਕਦੇ ਕਿ ਸਾਡੀਆਂ ਧੀਆਂ ਸਿੱਖਿਆ ਤੋਂ ਵਾਂਝੀਆਂ ਰਹਿ ਜਾਣ। ਅਸੀਂ ਤਾਂ ਲੜਾਂਗੇ।"

ਜੈਸਮੀਨ ਕੌਰ ਅਤੇ ਸਿਮਰਨ ਕੌਰ ਇਸ ਸਕੂਲ ਵਿੱਚ ਪੜ੍ਹਦੀਆਂ ਹਨ। ਦੋਵੇਂ ਆਪਣੇ ਸਾਥੀ ਵਿਦਿਆਰਥੀਆਂ ਨਾਲ ਸਕੂਲ ਮੂਹਰੇ ਲੱਗੇ ਧਰਨੇ ਦਾ ਹਿੱਸਾ ਹਨ।

ਸਿਮਰਨ ਕੌਰ ਨੂੰ ਇਸ ਗੱਲ ਦਾ ਝੋਰਾ ਸਤਾ ਰਿਹਾ ਸੀ ਕਿ ਜੇਕਰ ਉਨਾਂ ਦੇ ਪਿੰਡ ਦਾ ਸਕੂਲ ਅਪਗ੍ਰੇਡ ਨਾ ਹੋਇਆ ਤਾਂ ਉਹ ਬਾਰ੍ਹਵੀਂ ਜਮਾਤ ਪਾਸ ਕਰਨ ਤੋਂ ਖੁੰਝ ਜਾਣਗੇ।

"ਮੇਰੇ ਮਾਂ-ਬਾਪ ਦਿਹਾੜੀਦਾਰ ਹਨ। ਸਾਡੇ ਘਰ ਦੀ ਕਮਾਈ ਇਨੀ ਨਹੀਂ ਹੈ ਕਿ ਪਰਿਵਾਰ ਵਾਲੇ ਮੈਨੂੰ ਸਕੂਟਰੀ ਲੈ ਕੇ ਦੇਣ। ਜਿਸ ਦਿਨ ਸਾਡੇ ਸਕੂਲ ਨੂੰ ਬਾਰ੍ਹਵੀਂ ਤੱਕ ਕਰਨ ਦੀ ਗੱਲ ਸੁਣੀ ਸੀ ਤਾਂ ਮੈਨੂੰ ਸਭ ਤੋਂ ਵਧ ਖੁਸ਼ੀ ਹੋਈ ਸੀ। ਅੱਜ ਵੀ ਸਭ ਤੋਂ ਵਧ ਨਿਰਾਸ਼ਾ ਮੈਨੂੰ ਹੀ ਹੈ।"

SURINDER MANN/BBC
ਵਿਦਿਆਰਥੀ ਆਗੂ ਕਮਲਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ 70 ਦੇ ਕਰੀਬ ਬੱਚਿਆਂ ਲਈ ਆਟੋ ਰਿਕਸ਼ਿਆਂ ਦਾ ਬੰਦੋਬਸਤ ਕੀਤਾ ਸੀ ਪਰ ਇਹ ਵਾਰਤਾਰਾ ਵੀ ਜਲਦੀ ਹੀ ਸਮਾਪਤ ਹੋ ਗਿਆ ਸੀ।

‘ਜ਼ਿੰਦਗੀ ਜੀਅ ਨਹੀਂ ਰਹੇ ਸਗੋਂ ਕੱਟ ਰਹੇ ਹਾਂ’

ਜੈਸਮੀਨ ਕੌਰ ਦਾ ਦਰਦ ਵੀ ਕੁੱਝ ਅਜਿਹਾ ਹੀ ਹੈ।

ਉਹ ਕਹਿੰਦੇ ਹਨ, "ਗਰੀਬੀ ਕਾਰਨ ਅਸੀਂ ਜ਼ਿੰਦਗੀ ਜੀਅ ਨਹੀਂ ਰਹੇ ਸਗੋਂ ਕੱਟ ਰਹੇ ਹਾਂ। ਹੁਣ ਸਾਡੇ ਕੋਲੋਂ ਸਰਕਾਰ ਉਚੇਰੀ ਪੜ੍ਹਾਈ ਦਾ ਹੱਕ ਖੋਹਣ ਲੱਗੀ ਹੈ। ਗਰੀਬੀ ਨੇ ਸਾਡੇ ਮਾਪਿਆਂ ਨੂੰ ਮਿੱਟੀ ਨਾਲ ਮਿੱਟੀ ਹੋਣ ਲਈ ਮਜ਼ਬੂਰ ਕੀਤਾ ਹੋਇਆ ਹੈ। ਜੇ ਹੁਣ ਮੈਂ ਦਸਵੀਂ ਤੱਕ ਹੀ ਪੜ੍ਹ ਸਕੀ ਤਾਂ ਮੇਰਾ ਚੰਗੀ ਜ਼ਿੰਦਗੀ ਜਿਉਣ ਦਾ ਸੁਪਨਾ ਟੁੱਟ ਜਾਵੇਗਾ।"

ਧਰਨੇ ''''ਤੇ ਬੈਠੇ ਅਜਿਹੇ ਬੱਚਿਆਂ ਦੇ ਮਾਪੇ ਵੀ ਇਸੇ ਦਰਦ ਨੂੰ ਲੈ ਕੇ ਚਿੰਤਤ ਦਿਖਾਈ ਦਿੱਤੇ। ਕੁੱਝ ਇੱਕ ਦਾ ਕਹਿਣਾ ਸੀ ਕੇ ਸਰਹੱਦ ''''ਤੇ ਪਿੰਡ ਹੋਣ ਕਾਰਨ ਇੱਥੇ ਵਿਕਾਸ ਪਹਿਲਾਂ ਹੀ ਘੱਟ ਹੈ ਪਰ ਹੁਣ ਸਕੂਲ ਦਾ ਦਰਜਾ ਨਾ ਵਧਣ ਕਾਰਨ ਚਿੰਤਾ ਹੋਰ ਵਧੀ ਹੈ।

ਵਿਦਿਆਰਥੀ ਆਗੂ ਕਮਲਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ 70 ਦੇ ਕਰੀਬ ਬੱਚਿਆਂ ਲਈ ਆਟੋ ਰਿਕਸ਼ਿਆਂ ਦਾ ਬੰਦੋਬਸਤ ਕੀਤਾ ਸੀ ਪਰ ਇਹ ਵਰਤਾਰਾ ਵੀ ਜਲਦੀ ਹੀ ਸਮਾਪਤ ਹੋ ਗਿਆ ਸੀ।

"ਫਾਜ਼ਿਲਕਾ ਸਾਡੇ ਪਿੰਡਾਂ ਤੋਂ 15 ਤੋਂ 18 ਕਿਲੋਮੀਟਰ ਦੀ ਦੂਰੀ ''''ਤੇ ਪੈਂਦਾ ਹੈ। ਅਸੀਂ ਇੱਕ ਹਜ਼ਾਰ ਰੁਪਏ ਪ੍ਰਤੀ ਬੱਚਾ ਆਟੋ ਰਿਕਸ਼ਿਆਂ ਵਾਲਿਆਂ ਨੂੰ ਭਰਦੇ ਸੀ। 70 ਹਜ਼ਾਰ ਸਾਡਾ ਮਹੀਨੇ ਕਿਰਾਏ ''''ਤੇ ਖਰਚ ਹੁੰਦਾ ਸੀ, ਜੋ ਦੋ ਮਹੀਨਆਂ ਬਾਅਦ ਹੀ ਅਸੀਂ ਭਰਨ ਤੋਂ ਅਸਮਰਥ ਹੋ ਗਏ ਸੀ।"

SURINDER MANN

ਪ੍ਰਿੰਸੀਪਲ ਦਾ ਕੀ ਕਹਿਣਾ ਹੈ?

ਵਿਕਾਸ ਗਰੋਵਰ ਸਰਕਾਰੀ ਹਾਈ ਸਕੂਲ ਮੁਹਾਰ ਸੋਨਾ ਦੇ ਪ੍ਰਿੰਸੀਪਲ ਹਨ। ਉਨਾਂ ਦੱਸਿਆ ਕਿ ਉਨਾਂ ਦੇ ਸਕੂਲ ਨੂੰ ਦਸਵੀਂ ਤੋਂ ਅਪਗ੍ਰੇਡ ਕਰਨ ਦੀ ਗੱਲ ਸਾਲ 2021 ਵਿੱਚ ਚੱਲੀ ਸੀ।

ਉਨ੍ਹਾਂ ਦੱਸਿਆ, "ਦੋ ਸਾਲ ਪਹਿਲਾਂ ਪੰਜਾਬ ਸਰਕਾਰ ਨੇ ਸੂਬੇ ਦੇ 200 ਦੇ ਜਰੀਬ ਸਕੂਲਾਂ ਨੂੰ ਪ੍ਰਾਇਮਰੀ ਤੋਂ ਮਿਡਲ, ਮਿਡਲ ਤੋਂ ਹਾਈ ਅਤੇ ਹਾਈ ਤੋਂ ਸੀਨੀਅਰ ਸੈਕੰਡਰੀ ਕਰਨ ਦੀ ਯੋਜਨਾ ਉਲੀਕੀ ਗਈ ਸੀ। ਅਜਿਹੇ ਸਕੂਲਾਂ ਦੇ ਨਾਮ ਸਿੱਖਿਆ ਵਿਭਾਗ ਦੇ ਆਨ-ਲਾਈਨ ਪੋਰਟਲ ਉੱਪਰ ਵੀ ਚੜ੍ਹ ਗਏ ਸਨ, ਜਿਸ ਕਾਰਨ ਅੱਜ ਇਹ ਸਥਿਤੀ ਪੈਦਾ ਹੋਈ ਹੈ।"

ਪਿੰਡ ਮੁਹਾਰ ਸੋਨਾ ਦੇ ਸਕੂਲ ਬਾਰੇ ਗੱਲ ਕਰਦਿਆਂ ਇਲਾਕੇ ਦੇ ਐਮਐਲਏ ਨਰਿੰਦਰਪਾਲ ਸਵਨਾ ਨਾਲ ਜਦੋਂ ਸੰਪਰਕ ਕੀਤਾ ਗਿਆ ਤਾਂ ਉਨਾਂ ਕਿਹਾ ਕਿ ਇਸ ਬਾਰੇ ਉਨਾਂ ਨੇ ਸਿੱਖਿਆ ਮੰਤਰੀ ਨਾਲ ਗੱਲ ਕੀਤੀ ਹੈ ਤੇ ਮਸਲੇ ਦਾ ਜਲਦੀ ਹੀ ਹੱਲ ਨਿਕਲਣ ਦੀ ਆਸ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''''ਤੇ ਜੁੜੋ।)