ਆਈਪੀਐੱਲ 2023: ਪੰਜਾਬ ਕਿੰਗਜ਼ ’ਚ ਨਵਾਂ ਕਪਤਾਨ ਤੇ ਨਵਾਂ ਕੋਚ, ਹੁਣ ਤੱਕ ਦਾ ਸਭ ਤੋਂ ਮਹਿੰਗਾ ਖਿਡਾਰੀ ਕੀ ਕਰ ਪਾਏਗਾ ਕਮਾਲ

03/31/2023 7:46:55 AM

Getty Images

ਆਈਪੀਐੱਲ 2023 ਲਈ ਖਿਡਾਰੀਆਂ ਦੀ ਹੋਈ ਨੀਲਾਮੀ ਨੂੰ ਇਤਿਹਾਸ ਵਿੱਚ ਪੰਜਾਬ ਕਿੰਗਜ਼ ਲਈ ਯਾਦ ਰੱਖਿਆ ਜਾਵੇਗਾ।

ਅਜਿਹਾ ਇਸ ਲਈ ਹੈ ਕਿਉਂਕਿ ਪੰਜਾਬ ਕਿੰਗਜ਼ ਨੇ ਆਈਪੀਐੱਲ ਦੇ ਇਤਿਹਾਸ ਵਿੱਚ ਹੁਣ ਤੱਕ ਦਾ ਸਭ ਤੋਂ ਮਹਿੰਗਾ ਖਿਡਾਰੀ ਖਰੀਦਿਆ ਹੈ।

ਦਸੰਬਰ 2022 ਵਿੱਚ ਹੋਈ ਨੀਲਾਮੀ ਵਿੱਚ ਇੰਗਲੈਂਡ ਦੇ ਹਰਫਨਮੌਲਾ ਖਿਡਾਰੀ ਸੈਮ ਕਰਨ ਨੂੰ ਪੰਜਾਬ ਕਿੰਗਜ਼ ਦੀ ਟੀਮ ਨੇ 18.5 ਕਰੋੜ ਰੁਪਏ ਵਿੱਚ ਖਰੀਦਿਆ ਸੀ। ਆਈਪੀਐੱਲ ਦੇ ਇਤਿਹਾਸ ਵਿੱਚ ਇੰਨੀ ਵੱਡੀ ਕੀਮਤ ’ਤੇ ਕਿਸੇ ਵੀ ਖਿਡਾਰੀ ਨੂੰ ਨਹੀਂ ਖਰੀਦਿਆ ਗਿਆ ਹੈ।

ਸੈਮ ਕਰਨ ਤੋਂ ਬਾਅਦ ਦੂਜੇ ਨੰਬਰ ਉੱਤੇ ਆਸਟਰੇਲੀਆ ਦੇ ਆਲ ਰਾਊਂਡਰ ਕੈਮਰਨ ਗ੍ਰੀਨ ਰਹੇ ਸਨ ਜਿਨ੍ਹਾਂ ਨੂੰ ਮੁੰਬਈ ਇੰਡੀਅਨਜ਼ ਨੇ 17.5 ਕਰੋੜ ਰੁਪਏ ਵਿੱਚ ਖਰੀਦਿਆ ਸੀ। ਤੀਜੇ ਨੰਬਰ ਉੱਤੇ ਇੰਗਲੈਂਡ ਦੇ ਹਰਫਨਮੌਲਾ ਖਿਡਾਰੀ ਬੈਨ ਸਟ੍ਰੋਕਸ ਰਹੇ ਜਿਨ੍ਹਾਂ ਨੂੰ ਚੇਨੱਈ ਸੁਪਰਕਿੰਗਜ਼ ਨੇ 16.25 ਕਰੋੜ ਰੁਪਏ ਵਿੱਚ ਖਰੀਦਿਆ।

ਪੰਜਾਬ ਕਿੰਗਜ਼ ਲਈ ਇਸ ਵਾਰ ਕੀ-ਕੀ ਬਦਲਿਆ ਹੈ?

Getty Images
ਸੈਮ ਕਰਨ ਨੂੰ ਪੰਜਾਬ ਕਿੰਗਜ਼ ਨੇ 18.5 ਕਰੋੜ ਰੁਪਏ ਵਿੱਚ ਖਰੀਦਿਆ ਹੈ

ਪੰਜਾਬ ਕਿੰਗਜ਼ ਨੂੰ ਇਸ ਵਾਰ ਕਪਤਾਨ ਵੀ ਨਵਾਂ ਮਿਲਿਆ ਹੈ ਤੇ ਕੋਚਿੰਗ ਸਟਾਫ ਵੀ ਨਵਾਂ ਹੈ। ਸ਼ਿਖਰ ਧਵਨ ਹੁਣ 2023 ਸੀਜ਼ਨ ਲਈ ਪੰਜਾਬ ਕਿੰਗਜ਼ ਦੇ ਨਵੇਂ ਕਪਤਾਨ ਹੋਣਗੇ। ਇਸ ਤੋਂ ਪਹਿਲਾਂ ਮਯੰਕ ਅਗਰਵਾਲ ਪੰਜਾਬ ਕਿੰਗਜ਼ ਦੀ ਕਪਤਾਨੀ ਕਰ ਰਹੇ ਸਨ।

ਮਯੰਕ ਅਗਰਵਾਲ ਦੇ ਹੱਥੋਂ ਭਾਵੇਂ ਪੰਜਾਬ ਕਿੰਗਜ਼ ਦੀ ਕਪਤਾਨੀ ਚਲੀ ਗਈ ਹੈ ਪਰ ਫਿਰ ਵੀ ਉਹ ਘਾਟੇ ਵਿੱਚ ਨਹੀਂ ਰਹੇ ਹਨ। ਸਨਰਾਈਜ਼ਰਜ਼ ਹੈਦਰਾਬਾਦ ਨੇ ਉਨ੍ਹਾਂ ਨੂੰ 8.25 ਕਰੋੜ ਰੁਪਏ ਵਿੱਚ ਖਰੀਦਿਆ ਹੈ।

ਸ਼ਿਖਰ ਧਵਨ ਹੁਣ ਲੰਬੇ ਸਮੇਂ ਤੋਂ ਟੀਮ ਇੰਡੀਆ ਤੋਂ ਬਾਹਰ ਹਨ। ਈਐੱਸਪੀਐੱਨ ਦੇ ਕ੍ਰਿਕ ਇਨਫੋ ਅਨੁਸਾਰ ਉਨ੍ਹਾਂ ਨੇ ਭਾਰਤ ਲਈ ਆਪਣਾ ਆਖਰੀ ਟੀ-20 ਮੈਚ ਜੁਲਾਈ 2021 ਵਿੱਚ ਖੇਡਿਆ ਸੀ। ਭਾਰਤ ਲਈ ਆਪਣਾ ਆਖਰੀ ਵਨਡੇਅ ਮੈਚ ਵੀ ਉਨ੍ਹਾਂ ਨੇ ਬੰਗਲਾਦੇਸ਼ ਖਿਲਾਫ ਦਸੰਬਰ 2022 ਵਿੱਚ ਖੇਡਿਆ ਸੀ।

ਭਾਵੇਂ ਬੀਤੇ ਵਕਤ ਵਿੱਚ ਉਨ੍ਹਾਂ ਨੇ ਕ੍ਰਿਕਟ ਘੱਟ ਖੇਡੀ ਹੈ ਪਰ ਉਨ੍ਹਾਂ ਦਾ ਲੰਬਾ ਤਜਰਬਾ ਤੇ ਖੇਡਣ ਦਾ ਧਮਾਕੇਦਾਰ ਅੰਦਾਜ਼ ਪੰਜਾਬ ਕਿੰਗਜ਼ ਲਈ ਫਾਇਦਾ ਪਹੁੰਚਾ ਸਕਦਾ ਹੈ।

ਆਈਪੀਐੱਲ ਦੇ ਪਿਛਲੇ ਸੀਜ਼ਨ ਵਿੱਚ ਸ਼ਿਖਰ ਧਵਨ ਨੇ ਪੂਰੇ ਟੂਰਨੈਮੈਂਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਈਆਂ ਸਨ। ਉਨ੍ਹਾਂ ਨੇ 14 ਪਾਰੀਆਂ ਵਿੱਚ 460 ਦੌੜਾਂ ਬਣਾਈਆਂ ਸਨ। ਟੀਮ ਦਾ ਵਧੀਆ ਪ੍ਰਦਰਸ਼ਨ ਕਾਫੀ ਹੱਦ ਤੱਕ ਸ਼ਿਖਰ ਧਵਨ ਦੀ ਚੰਗੀ ਬੱਲੇਬਾਜ਼ੀ ਉੱਤੇ ਨਿਰਭਰ ਕਰੇਗਾ।

BBC

ਆਈਪੀਐੱਲ-2023 ਦੀਆਂ ਖ਼ਾਸ ਗੱਲਾਂ

  • ਆਈਪੀਐੱਲ - 2023 ਵਿੱਚ 10 ਟੀਮਾਂ 70 ਦਿਨਾਂ ਵਿੱਚ 74 ਮੈਚ ਖੇਡਣਗੀਆਂ।
  • ਇਹ ਮੈਚ 12 ਸ਼ਹਿਰਾਂ ਵਿੱਚ ਖੇਡੇ ਜਾਣਗੇ। ਇਹ ਸ਼ਹਿਰ ਹਨ, ਮੁਹਾਲੀ, ਅਹਿਮਦਾਬਾਦ, ਲਖਨਊ, ਹੈਦਰਾਬਾਦ, ਬੈਂਗਲੁਰੂ, ਮੁੰਬਈ, ਦਿੱਲੀ, ਧਰਮਸ਼ਾਲਾ, ਚੇਨੱਈ, ਜੈਪੁਰ, ਕੋਲਕਾਤਾ ਤੇ ਗੁਹਾਟੀ।
  • ਲੀਗ ਮੈਚਾਂ ਦੌਰਾਨ ਸਾਰੀਆਂ ਟੀਮਾਂ 14 ਮੁਕਾਬਲੇ ਖੇਡਣਗੀਆਂ। ਇਨ੍ਹਾਂ ਵਿੱਚੋਂ 7 ਮੈਚ ਹਰ ਟੀਮ ਦੇ ਹੋਮ ਗਰਾਊਂਡ ਵਿੱਚ ਖੇਡੇ ਜਾਣਗੇ ਜਦਕਿ 7 ਮੈਚ ਦੂਜੀ ਟੀਮ ਦੇ ਹੋਮ ਗਰਾਊਂਡ ਵਿੱਚ ਖੇਡੇ ਜਾਣਗੇ।
  • 24 ਮਈ ਤੋਂ 27 ਮਈ ਵਿਚਾਲੇ ਪਲੇਆਫ ਮੁਕਾਬਲੇ ਖੇਡੇ ਜਾਣਗੇ।
  • 29 ਮਈ ਨੂੰ ਆਈਪੀਐੱਲ - 2023 ਦਾ ਫਾਈਨਲ ਮੁਕਾਬਲਾ ਖੇਡਿਆ ਜਾਵੇਗਾ।
BBC

ਨਵਾਂ ਕੋਚ ਤੇ ਕੋਚਿੰਗ ਸਟਾਫ਼ ਨਿਯੁਕਤ ਹੋਇਆ

Getty Images
ਪੰਜਾਬ ਕਿੰਗਜ਼ ਦੇ ਨਵੇਂ ਕੋਚ ਟਰੈਵਰ ਬੇਅਲਿਸ ਦਾ ਕੋਚਿੰਗ ਕਰੀਅਰ ਸ਼ਾਨਦਾਰ ਰਿਹਾ ਹੈ

ਆਈਪੀਐੱਲ-2023 ਲਈ ਪੰਜਾਬ ਕਿੰਗਜ਼ ਟੀਮ ਦਾ ਕੋਚਿੰਗ ਸਟਾਫ ਪੂਰੇ ਤਰੀਕੇ ਨਾਲ ਬਦਲ ਗਿਆ ਹੈ। ਆਸਟਰੇਲੀਆ ਦੇ ਟਰੈਵਰ ਬੇਅਲਿਸ ਨੂੰ ਪੰਜਾਬ ਕਿੰਗਜ਼ ਦਾ ਹੈੱਡ ਕੋਚ ਬਣਾਇਆ ਗਿਆ ਹੈ।

ਟਰੈਵਰ ਬੇਅਲਿਸ ਦਾ ਇੱਕ ਕੋਚ ਵਜੋਂ ਕਰੀਅਰ ਸ਼ਾਨਦਾਰ ਰਿਹਾ ਹੈ। 2019 ਵਿੱਚ ਉਹ ਇੰਗਲੈਂਡ ਦੇ ਹੈੱਡ ਕੋਚ ਸਨ ਜਦੋਂ ਇੰਗਲੈਂਡ ਨੇ ਪਹਿਲੀ ਵਾਰ ਵਨਡੇਅ ਵਿਸ਼ਵ ਕੱਪ ਜਿੱਤਿਆ ਸੀ।

ਆਈਪੀਐੱਲ ਵਿੱਚ ਵੀ ਉਨ੍ਹਾਂ ਦਾ ਕਰੀਅਰ ਸ਼ਾਨਦਾਰ ਰਿਹਾ ਹੈ। ਉਨ੍ਹਾਂ ਦੀ ਕੋਚਿੰਗ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਨੇ ਸਾਲ 2012 ਤੇ 2014 ਵਿੱਚ ਆਈਪੀਐੱਲ ਦਾ ਖਿਤਾਬ ਜਿੱਤਿਆ ਹੈ।

ਬੇਅਲਿਸ 2020 ਤੇ 2021 ਦੇ ਸੀਜ਼ਨ ਲਈ ਸਨਰਾਈਜ਼ਰਜ਼ ਹੈਦਰਾਬਾਦ ਦੇ ਵੀ ਕੋਚ ਰਹਿ ਚੁੱਕੇ ਹਨ।

ਇਸ ਤੋਂ ਪਹਿਲਾਂ ਪੰਜਾਬ ਕਿੰਗਜ਼ ਦੇ ਕੋਚ ਭਾਰਤ ਦੇ ਸਾਬਕਾ ਟੈਸਟ ਕਪਤਾਨ ਤੇ ਫਿਰਕੀ ਗੇਂਦਬਾਜ਼ ਅਨਿਲ ਕੁੰਬਲੇ ਸਨ। ਕੁੰਬਲੇ ਸਾਲ 2020 ਵਿੱਚ ਪੰਜਾਬ ਕਿੰਗਜ਼ ਨਾਲ ਜੁੜੇ ਸਨ।

ਤਿੰਨ ਸੀਜ਼ਨਸ ਵਿੱਚ ਕੁੰਬਲੇ ਦੀ ਕੋਚਿੰਗ ਵਿੱਚ ਪੰਜਾਬ ਕਿੰਗਜ਼ ਨੇ 23 ਮੈਚ ਹਾਰੇ ਜਦਕਿ 19 ਮੈਚ ਜਿੱਤੇ ਸਨ। ਸਾਲ 2020 ਤੋਂ ਹੁਣ ਤੱਕ ਇਸ ਤੋਂ ਮਾੜਾ ਪ੍ਰਦਰਸ਼ਨ ਕੇਵਲ ਸਨਰਾਈਜ਼ਰਸ ਹੈਦਰਾਬਾਦ ਦਾ ਹੈ।

ਟਰੈਵਰ ਤੋਂ ਇਲਾਵਾ ਵਸੀਮ ਜਾਫ਼ਰ ਨੂੰ ਮੁੜ ਤੋਂ ਪੰਜਾਬ ਕਿੰਗਜ਼ ਦਾ ਬੈਟਿੰਗ ਕੋਚ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਸੁਨੀਲ ਜੋਸ਼ੀ ਨੂੰ ਸਪਿਨ ਕੋਚ, ਚਾਰਲ ਲੈਂਗਵੈਲਟ ਨੂੰ ਬੌਲਿੰਗ ਕੋਚ ਬਣਾਇਆ ਗਿਆ ਹੈ। ਬ੍ਰੈਡ ਹੈਡਿਨ ਅਸਿਸਟੈਂਟ ਕੋਚ ਦਾ ਅਹੁਦਾ ਸਾਂਭਣਗੇ।

ਅਰਸ਼ਦੀਪ ਸਿੰਘ ਤੇ ਰਬਾਡਾ ਕਰਨਗੇ ਗੇਂਦਬਾਜ਼ੀ ਨੂੰ ਲੀਡ

Getty Images
ਕੇਗੀਸੋ ਰਬਾਡਾ

ਪੰਜਾਬ ਕਿੰਗਜ਼ ਨੂੰ ਭਾਰਤ ਲਈ ਟੀ-20 ਮੈਚਾਂ ਵਿੱਚ ਸ਼ਾਨਦਾਰ ਖੇਡਣ ਵਾਲੇ ਅਰਸ਼ਦੀਪ ਸਿੰਘ ਤੋਂ ਖਾਸੀ ਉਮੀਦਾਂ ਰਹਿਣਗੀਆਂ।

ਭਾਰਤ ਲਈ ਅਰਸ਼ਦੀਪ ਸਿੰਘ ਨੇ ਕੁਝ ਮੈਚਾਂ ਨੂੰ ਛੱਡ ਕੇ ਮੋਟੇ ਤੌਰ ਉੱਤੇ ਵਧੀਆ ਕ੍ਰਿਕਟ ਖੇਡੀ ਹੈ। ਪਾਰੀ ਦੀ ਸ਼ੁਰੂਆਤ ਵਿੱਚ ਨਵੀਂ ਗੇਂਦ ਨਾਲ ਵਿਕਟ ਲੈਣ ਦੀ ਕਾਬਲੀਅਤ ਨੂੰ ਅਰਸ਼ਦੀਪ ਸਿੰਘ ਨੇ ਬੀਤੇ ਕੁਝ ਵਕਤ ਵਿੱਚ ਬਾਖੂਬੀ ਦਿਖਾਇਆ ਹੈ।

ਪਿਛਲੇ ਸੀਜ਼ਨ ਵਿੱਚ ਅਰਸ਼ਦੀਪ ਸਿੰਘ ਨੇ 10 ਵਿਕਟਾਂ ਲਈਆਂ ਸਨ। ਸਾਲ 2021 ਵਿੱਚ ਪੰਜਾਬ ਕਿੰਗਜ਼ ਲਈ ਅਰਸ਼ਦੀਪ ਸਿੰਘ ਨੇ 18 ਵਿਕਟਾਂ ਲਈਆਂ ਸਨ।

ਆਈਪੀਐੱਲ ਵਿੱਚ ਅਰਸ਼ਦੀਪ ਨੇ ਹੁਣ ਤੱਕ 30 ਮੈਚਾਂ ਵਿੱਚ 23 ਵਿਕਟਾਂ ਲਈਆਂ ਹਨ।

ਅਰਸ਼ਦੀਪ ਸਿੰਘ ਤੋਂ ਇਲਾਵਾ ਰਬਾਡਾ ਤੇ ਸੈਮ ਕਰਨ ਪੰਜਾਬ ਕਿੰਗਜ਼ ਦੇ ਪੇਸ ਅਟੈਕ ਨੂੰ ਕਾਫੀ ਮਜ਼ਬੂਤੀ ਦਿੰਦੇ ਹਨ।

ਮੁਹਾਲੀ ਦਾ ਪੀਸੀਏ ਸਟੇਡੀਅਮ ਪੰਜਾਬ ਕਿੰਗਜ਼ ਦਾ ਹੋਮ ਗਰਾਊਂਡ ਹੈ। ਰਵਾਇਤੀ ਤੌਰ ’ਤੇ ਉਸ ਨੂੰ ਤੇਜ਼ ਗੇਂਦਬਾਜ਼ਾਂ ਲਈ ਮਦਦਗਾਰ ਮੰਨਿਆ ਜਾਂਦਾ ਹੈ।

ਤੇਜ਼ ਗੇਂਦਬਾਜ਼ੀ ਵਿੱਚ ਵੱਡੇ ਨਾਵਾਂ ਦਾ ਟੀਮ ਵਿੱਚ ਹੋਣਾ ਪੰਜਾਬ ਕਿੰਗਜ਼ ਲਈ ਚੰਗਾ ਸਾਬਿਤ ਹੋ ਸਕਦਾ ਹੈ।

ਮੁਹਾਲੀ ਦੇ ਪੀਸੀਏ ਸਟੇਡੀਅਮ ਨਾਲ ਜੁੜੀ ਇੱਕ ਖ਼ਾਸ ਗੱਲ ਇਹ ਵੀ ਹੈ ਕਿ ਪੰਜਾਬ ਕਿੰਗਜ਼ ਚਾਰ ਸਾਲ ਬਾਅਦ ਆਪਣੇ ਹੋਮ ਗਰਾਊਂਡ ਵਿੱਚ ਵਾਪਸੀ ਕਰ ਰਹੀ ਹੈ।

ਇਸ ਸਟੇਡੀਅਮ ਵਿੱਚ ਪੰਜਾਬ ਕਿੰਗਜ਼ ਨੇ ਆਪਣਾ ਆਖਰੀ ਮੈਚ ਸਾਲ 2019 ਵਿੱਚ ਚੇਨੱਈ ਸੁਪਰਕਿੰਗਜ਼ ਖਿਲਾਫ ਖੇਡਿਆ ਸੀ।

ਜੇ ਟੀਮ ਦੀ ਫਿਰਕੀ ਗੇਂਦਬਾਜ਼ੀ ਦੀ ਗੱਲ ਕਰੀਏ ਤਾਂ ਰਾਹੁਲ ਚਾਹਰ ਤਾਂ ਚੰਗੇ ਫਿਰਕੀ ਗੇਂਦਬਾਜ਼ ਹਨ ਪਰ ਉਨ੍ਹਾਂ ਨਾਲ ਫਿਰਕੀ ਗੇਂਦਬਾਜ਼ੀ ਵਿੱਚ ਕੋਈ ਵੱਡਾ ਨਾਂਅ ਨਹੀਂ ਹੈ। ਹਰਪ੍ਰੀਤ ਬਰਾੜ ਖੱਬੇ ਹੱਥ ਦੇ ਸਪਿਨ ਗੇਂਦਬਾਜ਼ ਹਨ ਪਰ ਲਗਾਤਾਰ ਚੰਗਾ ਪਰਫੌਰਮ ਕਰਦੇ ਹੋਏ ਉਹ ਨਜ਼ਰ ਨਹੀਂ ਆਏ ਹਨ।

ਪੰਜਾਬ ਕਿੰਗਜ਼ ਨੂੰ ਟੂਰਨਾਮੈਂਟ ਤੋਂ ਪਹਿਲਾਂ ਲਗਿਆ ਵੱਡਾ ਝਟਕਾ

Getty Images
ਜੌਨੀ ਬੇਅਰਸਟੋਅ

ਆਈਪੀਐੱਲ 2023 ਦੀ ਸ਼ੁਰੂਆਤ ਤੋਂ ਪਹਿਲਾਂ ਹੀ ਪੰਜਾਬ ਕਿੰਗਜ਼ ਨੂੰ ਵੱਡਾ ਝਟਕਾ ਲਗਿਆ। ਇੰਗਲੈਂਡ ਦੇ ਧਮਾਕੇਦਾਰ ਬੱਲੇਬਾਜ਼ ਤੇ ਵਿਕਟਕੀਪਰ ਜੌਨੀ ਬੇਅਰਸਟੋਅ ਸੱਟ ਕਾਰਨ ਪੂਰੇ ਟੂਰਨਾਮੈਂਟ ਲਈ ਟੀਮ ਤੋਂ ਬਾਹਰ ਹੋ ਗਏ ਹਨ।

ਪਿਛਲੇ ਸਾਲ ਸਿਤੰਬਰ ਵਿੱਚ ਗੋਲਫ਼ ਖੇਡਦਿਆਂ ਉਨ੍ਹਾਂ ਦੀ ਲਤ ਵਿੱਚ ਸੱਟ ਲੱਗੀ ਸੀ। ਜੌਨੀ ਬੇਅਰਸਟੋਅ ਅਜੇ ਵੀ ਇਸ ਸੱਟ ਤੋਂ ਉਭਰ ਨਹੀਂ ਸਕੇ ਹਨ।

ਉਨ੍ਹਾਂ ਦੀ ਥਾਂ ’ਤੇ ਆਸਟਰੇਲੀਆ ਦੇ ਹਰਫਨਮੌਲਾ ਖਿ਼ਡਾਰੀ ਮੈਥੀਊ ਸ਼ੌਰਟ ਨੂੰ ਟੀਮ ਵਿੱਚ ਥਾਂ ਮਿਲੀ ਹੈ। ਸ਼ੋਰਟ ਦਾ ਪਿਛਲਾ ਬਿੱਗ ਬੈਸ਼ ਲੀਗ ਦਾ ਸੀਜ਼ਨ ਸ਼ਾਨਦਾਰ ਗਿਆ ਹੈ। ਬਿੱਗ ਬੈਸ਼ ਲੀਗ ਆਸਟਰੇਲੀਆ ਦੀ ਘਰੇਲੂ ਟੀ-20 ਲੀਗ ਹੈ। ਬੀਬੀਐੱਲ ਦੇ ਇਸ ਸੀਜ਼ਨ ਲਈ ਉਨ੍ਹਾਂ ਨੂੰ ‘ਪਲੇਅਰ ਆਫ ਦਿ ਟੂਰਨਾਮੈਂਟ’ ਕਰਾਰ ਦਿੱਤਾ ਗਿਆ ਸੀ।

ਕਗੀਸੋ ਰਬਾਡਾ ਵੀ ਇੱਕ ਅਪ੍ਰੈਲ ਨੂੰ ਮੁਹਾਲੀ ਵਿੱਚ ਹੋ ਰਹੇ ਪਹਿਲੇ ਮੈਚ ਲਈ ਮੌਜੂਦ ਨਹੀਂ ਹੋਣਗੇ। ਉਹ ਨੀਦਰਲੈਂਡਜ਼ ਖਿਲਾਫ਼ ਦੱਖਣੀ ਅਫਰੀਕਾ ਦੀ ਸੀਰੀਜ਼ ਤੋਂ ਬਾਅਦ ਤਿੰਨ ਅਪ੍ਰੈਲ ਨੂੰ ਟੀਮ ਵਿੱਚ ਸ਼ਾਮਿਲ ਹੋਣਗੇ।

ਇੰਗਲੈਂਡ ਦੇ ਲਾਇਮ ਲਿਵਿੰਗਸਟਨ ਵੀ ਪੰਜਾਬ ਕਿੰਗਜ਼ ਲਈ ਪਹਿਲਾ ਮੈਚ ਨਹੀਂ ਖੇਡਣਗੇ। ਉਹ ਅਜੇ ਗੋਢੇ ਦੀ ਸੱਟ ਤੋਂ ਉਭਰ ਰਹੇ ਹਨ। ਉਨ੍ਹਾਂ ਦੀ ਸੱਟ ਕਾਰਨ ਜ਼ਿੰਮਬਾਬਵੇ ਦੇ ਸਿੰਕਦਰ ਰਜਾ ਨੂੰ ਟੀਮ ਵਿੱਚ ਬੈਕਅਪ ਪਲੇਅਰ ਵਜੋਂ ਸ਼ਾਮਿਲ ਕੀਤਾ ਗਿਆ ਹੈ।

ਬੇਅਰਸਟੋਅ ਦੇ ਪਿੱਛੇ ਕੌਣ ਸਾਂਭੇਗਾ ਮੋਰਚਾ

ਭਾਵੇਂ ਟੀਮ ਵਿੱਚ ਹੋਰ ਖਿਡਾਰੀ ਹਨ ਜੋ ਜੌਨੀ ਬੇਅਰਸਟੋਅ ਦੀ ਥਾਂ ਵਿਕਟਕੀਪਿੰਗ ਕਰ ਸਕਦੇ ਹਨ ਪਰ ਫਿਰ ਵਿੱਚ ਸਲਾਮੀ ਬੱਲੇਬਾਜ਼ ਦੇ ਤੌਰ ’ਤੇ ਬੇਅਰਸਟੋਅ ਦੀ ਕਮੀ ਮਹਿਸੂਸ ਕੀਤੀ ਜਾ ਸਕਦੀ ਹੈ।

ਸ਼ਿਖਰ ਧਵਨ ਨਾਲ ਪਾਰੀ ਦੀ ਸ਼ੁਰੂਆਤ ਕਰਨ ਲਈ ਜੇ ਖਿਡਾਰੀਆਂ ਉੱਤੇ ਝਾਤ ਪਾਈਏ ਤਾਂ ਮੈਥੀਊ ਸ਼ੌਰਟ ਤੇ ਪ੍ਰਭਸਿਮਰਨ ਉੱਤੇ ਨਜ਼ਰ ਪੈਂਦੀ ਹੈ।

ਦੋਵਾਂ ਦਾ ਟੀ20 ਦਾ ਸਟ੍ਰਾਈਕ ਰੇਟ ਸ਼ਾਨਦਾਰ ਹੈ। ਸ਼੍ਰੀਲੰਕਾ ਦੇ ਰਾਜਪਕਸ਼ਾ ਵੀ ਪਾਰੀ ਦੀ ਸ਼ੁਰੂਆਤ ਕਰ ਸਕਦੇ ਹਨ।

ਆਈਪੀਐੱਲ ਵਿੱਚ ਪੰਜਾਬ ਕਿੰਗਜ਼ ਦਾ ਰਿਕਾਰਡ ਕੀ ਬੋਲਦਾ ਹੈ

ਆਈਪੀਐੱਲ ਵਿੱਚ ਪੰਜਾਬ ਕਿੰਗਜ਼ ਕਈ ਸੀਜ਼ਨਸ ਵਿੱਚ ਖਿਤਾਬ ਦੇ ਨੇੜੇ ਤੱਕ ਵੀ ਨਹੀਂ ਪਹੁੰਚਿਆ ਹੈ।

ਆਈਪੀਐੱਲ ਦੇ ਬੀਤੇ ਚਾਰ ਸੀਜ਼ਨਜ਼ ਵਿੱਚ ਪੰਜਾਬ ਕਿੰਗਜ਼ ਛੇਵੇਂ ਨੰਬਰ ਉੱਤੇ ਰਿਹਾ ਹੈ। ਪਹਿਲੇ ਸੀਜ਼ਨ ਵਿੱਚ ਸ਼ਾਨਦਾਰ ਪ੍ਰਦਰਸ਼ਨ ਵਾਲੀ ਪੰਜਾਬ ਕਿੰਗਜ਼ ਦੀ ਟੀਮ ਕੇਵਲ ਇੱਕ ਵਾਰ ਫਾਇਨਲ ਤੱਕ ਪਹੁੰਚੀ ਹੈ।

ਸਾਲ 2014 ਵਿੱਚ ਉਹ ਫਾਇਨਲ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਤੋਂ ਹਾਰ ਗਏ ਸਨ। ਉਸ ਮਗਰੋਂ ਸਾਲ 2015 ਤੇ 2016 ਵਿੱਚ ਤਾਂ ਪੰਜਾਬ ਕਿੰਗਜ਼ ਅੱਠਵੇਂ ਨੰਬਰ ਉੱਤੇ ਰਹੀ।

Getty Images
ਰਾਹੁਲ ਚਾਹਰ ਉੱਤੇ ਫਿਰਕੀ ਗੇਂਦਬਾਜ਼ੀ ਦੀ ਵੱਡੀ ਜ਼ਿੰਮੇਵਾਰੀ ਹੈ

ਪੰਜਾਬ ਦੀ ਟੀਮ ’ਚ ਕੌਣ ਹੈ?

ਸ਼ਿਖਰ ਧਵਨ (ਕਪਤਾਨ), ਮੈਥਿਊ ਸ਼ੌਰਟ, ਪ੍ਰਭਸਿਮਰਨ ਸਿੰਘ (ਵਿਕਟਕੀਪਰ), ਰਾਜਾਪਕਸ਼ਾ, ਜਿਤੇਸ਼ ਸ਼ਰਮਾ (ਵਿਕਟਕੀਪਰ), ਸ਼ਾਹਰੁਖ ਖ਼ਾਨ, ਸਿੰਕਦਰ ਰਜ਼ਾ, ਰਾਜ ਬਾਵਾ, ਰਿਸ਼ੀ ਧਵਨ, ਲਾਇਮ ਲਿਵਿੰਗਸਟਨ, ਅਥਰਵ ਤਾਇਡੇ, ਅਰਸ਼ਦੀਪ ਸਿੰਘ, ਨੈਥਨ ਇਲੀਸ, ਬਲਤੇਜ ਸਿੰਘ, ਸੈਮ ਕਰਨ, ਕਾਗੀਸੋ ਰਬਾਡਾ, ਹਰਪ੍ਰੀਤ ਬਰਾੜ, ਰਾਹੁਲ ਚਾਹਰ, ਹਰਪ੍ਰੀਤ ਭਾਟੀਆ, ਵਿਦਵਥ ਕਾਵੇਰੱਪਾ, ਸ਼ਿਵਮ ਸਿੰਘ, ਮੋਹਿਤ ਰਾਠੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''''ਤੇ ਜੁੜੋ)