ਅਮ੍ਰਿਤਪਾਲ ਦੇ ਸਾਥੀ ਅੰਗਰੇਜ਼ਾਂ ਵੇਲੇ ਦੀ ਜਿਸ ਡਿਬਰੂਗੜ੍ਹ ਜੇਲ੍ਹ ''''ਚ ਬੰਦ ਹਨ, ਉਸ ਬਾਰੇ ਜਾਣੋ

03/26/2023 3:01:44 PM

Getty Images
ਸੰਕੇਤਕ ਤਸਵੀਰ

ਅਮ੍ਰਿਤਪਾਲ ਸਿੰਘ ਦੀ ਜਥੇਬੰਦੀ ‘ਵਾਰਿਸ ਪੰਜਾਬ ਦੇ’ ਨਾਲ ਜੁੜੇ 7 ਲੋਕਾਂ ਉਪਰ ਰਾਸ਼ਟਰੀ ਸੁਰੱਖਿਆ ਕਾਨੂੰਨ (ਐੱਨਐੱਸਏ) ਲਗਾ ਕੇ ਉਹਨਾਂ ਨੂੰ ਅਸਾਮ ਦੇ ਡਿਬਰੂਗੜ੍ਹ ਸ਼ਹਿਰ ਵਿੱਚ ਸਥਿਤ ਕੇਂਦਰੀ ਜੇਲ੍ਹ ਭੇਜ ਦਿੱਤਾ ਗਿਆ ਹੈ।

ਇਸ ਜੇਲ੍ਹ ਵਿੱਚ ਅਮ੍ਰਿਤਪਾਲ ਸਿੰਘ ਦੇ ਚਾਚਾ ਹਰਜੀਤ ਸਿੰਘ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੂੰ ਪਿਛਲੇ ਮੰਗਲਵਾਰ ਲਿਆਂਦਾ ਗਿਆ ਸੀ। ਜਦਕਿ ਉਹਨਾਂ ਦੇ ਚਾਰ ਸਾਥੀ 19 ਮਾਰਚ ਅਤੇ ਇੱਕ ਸਾਥੀ 20 ਮਾਰਚ ਤੋਂ ਇੱਥੇ ਬੰਦ ਹੈ।

ਭਾਰਤ ਦੀਆਂ ਸਭ ਤੋਂ ਪੁਰਾਣੀਆਂ ਜੇਲ੍ਹਾਂ ਵਿੱਚੋਂ ਇੱਕ ਡਿਬਰੂਗੜ੍ਹ ਕੇਂਦਰੀ ਜੇਲ੍ਹ ਸੁਰਖੀਆਂ ਵਿੱਚ ਹੈ ਅਤੇ ਜਿਸ ਸਮੇਂ ਤੋਂ ਜੇਲ੍ਹ ਵਿੱਚ ਅਮ੍ਰਿਤਪਾਲ ਸਿੰਘ ਦੇ ਸਾਥੀਆਂ ਨੂੰ ਲਿਆਂਦਾ ਗਿਆ ਹੈ, ਉਸ ਸਮੇਂ ਤੋਂ ਜੇਲ੍ਹ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।

BBC
ਸਾਲ 1859-60 ਵਿੱਚ ਬ੍ਰਿਟਿਸ਼ ਸਰਕਾਰ ਸਮੇਂ ਬਣਾਈ ਗਈ ਡਿਬਰੂਗੜ੍ਹ ਕੇਂਦਰੀ ਜੇਲ੍ਹ ਇਸ ਤੋਂ ਪਹਿਲਾਂ ਕਦੇ ਵੀ ਇੰਨੀ ਚਰਚਾ ਵਿੱਚ ਨਹੀਂ ਰਹੀ।

ਕਾਲੇ ਰੰਗ ਦੇ ਕੱਪੜੇ ਪਾਏ ਹੋਏ ਆਧੁਨਿਕ ਹਥਿਆਰਾਂ ਨਾਲ ਲੈਸ ਜੇਲ੍ਹ ਅੰਦਰ ਦਾਖ਼ਲ ਹੋਣ ਵਾਲੇ ਗੇਟ ਦੇ ਬਾਹਰ ਤਾਇਨਾਤ ਅਸਾਮ ਪੁਲਿਸ ਦੇ ਬਲੈਕ ਕੈਟ ਕਮਾਂਡੋ ਸੁਰੱਖਿਆ ਦੇ ਨਵੇਂ ਪ੍ਰਬੰਧਾਂ ਦੀ ਗਵਾਹੀ ਭਰ ਰਹੇ ਹਨ।

ਇਸ ਤੋਂ ਇਲਾਵਾ ਜੇਲ੍ਹ ਦੇ ਚਾਰੇ ਪਾਸੇ ਵਾਧੂ ਸੀਸੀਟੀਵੀ ਕੈਮਰੇ ਲਗਾਏ ਗਏ ਹਨ।

ਸਾਲ 1859-60 ਵਿੱਚ ਬ੍ਰਿਟਿਸ਼ ਸਰਕਾਰ ਸਮੇਂ ਬਣਾਈ ਗਈ ਡਿਬਰੂਗੜ੍ਹ ਕੇਂਦਰੀ ਜੇਲ੍ਹ ਇਸ ਤੋਂ ਪਹਿਲਾਂ ਕਦੇ ਵੀ ਇੰਨੀ ਚਰਚਾ ਵਿੱਚ ਨਹੀਂ ਰਹੀ।

ਨਾ ਹੀ ਇਸ ਜੇਲ੍ਹ ਵਿੱਚ ਕਿਸੇ ਬਾਹਰੀ ਸੂਬੇ ਤੋਂ ਰਾਸ਼ਟਰੀ ਸੁਰੱਖਿਆ ਐਕਟ ਤਹਿਤ ਗ੍ਰਿਫ਼ਤਾਰ ਕੀਤੇ ਗਏ ਕਿਸੇ ਕੈਦੀ ਨੂੰ ਲਿਆ ਕੇ ਰੱਖਿਆ ਗਿਆ ਸੀ।

DALIP SHARMA
ਹਥਿਆਰਾਂ ਨਾਲ ਲੈਸ ਜੇਲ੍ਹ ਅੰਦਰ ਦਾਖ਼ਲ ਹੋਣ ਵਾਲੇ ਗੇਟ ਦੇ ਬਾਹਰ ਤਾਇਨਾਤ ਅਸਾਮ ਪੁਲਿਸ ਦੇ ਬਲੈਕ ਕੈਟ ਕਮਾਂਡੋ ਸੁਰੱਖਿਆ ਦੇ ਨਵੇਂ ਪ੍ਰਬੰਧਾਂ ਦੀ ਗਵਾਹੀ ਭਰ ਰਹੇ ਹਨ।

ਨਵੇਂ ਸੁਰੱਖਿਆ ਪ੍ਰਬੰਧਾਂ ਬਾਰੇ ਡਿਬਰੂਗੜ੍ਹ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਬਿਸ਼ਵਜੀਤ ਪੇਗੂ ਨੇ ਬੁੱਧਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ, "ਐੱਨਐੱਸਏ ਐਕਟ ਤਹਿਤ ਹਿਰਾਸਤ ਵਿੱਚ ਲਏ ਗਏ ਸੱਤ ਵਿਅਕਤੀਆਂ ਨੂੰ ਡਿਬਰੂਗੜ੍ਹ ਲਿਆਂਦਾ ਗਿਆ। ਇਹਨਾਂ ਨੂੰ ਕੇਂਦਰੀ ਜੇਲ੍ਹ ਵਿੱਚ ਰੱਖਿਆ ਗਿਆ। ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।”

ਡਿਪਟੀ ਕਮਿਸ਼ਨਰ ਪੇਗੂ ਨੇ ਅੱਗੇ ਕਿਹਾ, "ਉਸ ਸੈਲ ਦੇ ਆਲੇ-ਦੁਆਲੇ ਸੁਰੱਖਿਆ ਦੀਆਂ ਕਈ ਪਰਤਾਂ ਹਨ ਜਿੱਥੇ ਐੱਨਐੱਸਏ ਵਿੱਚ ਬੰਦ ਵਿਅਕਤੀਆਂ ਨੂੰ ਰੱਖਿਆ ਗਿਆ ਹੈ। ਆਸਾਮ ਪੁਲਿਸ ਤੋਂ ਇਲਾਵਾ ਕੇਂਦਰੀ ਹਥਿਆਰਬੰਦ ਬਲਾਂ ਦੇ ਜਵਾਨ ਵੀ ਜੇਲ੍ਹ ਦੀ ਸੁਰੱਖਿਆ ਲਈ ਤਾਇਨਾਤ ਕੀਤੇ ਗਏ ਹਨ।”

BBC

ਅਮ੍ਰਿਤਪਾਲ ਸਿੰਘ ਕੌਣ ਹਨ ਅਤੇ ਹੁਣ ਤੱਕ ਕੀ-ਕੀ ਹੋਇਆ

  • ਅਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਹਨ, ਉਹ ਸਿੱਖਾਂ ਲਈ ਖੁਦਮੁਖਤਿਆਰ ਰਾਜ (ਖਾਲਿਸਤਾਨ) ਦੀ ਪਾਪ੍ਰਤੀ ਨੂੰ ਆਪਣਾ ਨਿਸ਼ਾਨਾ ਦੱਸਦੇ ਹਨ।
  • ਕਈ ਸਾਲ ਦੁਬਈ ਰਹਿਣ ਤੋਂ ਬਾਅਦ ਅਮ੍ਰਿਤਪਾਲ ਸਿੰਘ ਪਿਛਲੇ ਸਾਲ ਅਗਸਤ ਮਹੀਨੇ ਪੰਜਾਬ ਵਿੱਚ ਵਾਪਸ ਆਏ ਅਤੇ ਉਨ੍ਹਾਂ ਅਮ੍ਰਿਤ ਸੰਚਾਰ ਅਤੇ ਨਸ਼ਾ ਛੁਡਾਊ ਲਹਿਰ ਦੇ ਨਾਂ ਉੱਤੇ ਨੌਜਵਾਨਾਂ ਨੂੰ ਆਪਣੇ ਨਾਲ ਜੋੜਨਾਂ ਸ਼ੁਰੂ ਕੀਤਾ।
  • ਉਹ ਆਪਣੇ ਗਰਮਸੁਰ ਵਾਲੇ ਭਾਸ਼ਣਾ ਅਤੇ ਗੁਰਦੁਆਰਿਆਂ ਵਿਚਲੇ ਬੈਂਚ ਸਾੜਨ ਤੇ ਅਜਨਾਲਾ ਥਾਣੇ ਅੱਗੇ ਹੋਈ ਹਿੰਸਾ ਕਾਰਨ ਵਿਵਾਦਾਂ ਵਿੱਚ ਆ ਗਏ।
  • ਅਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੂੰ ਫੜ੍ਹਨ ਲਈ ਪੰਜਾਬ ਪੁਲਿਸ ਵੱਲੋਂ 18 ਮਾਰਚ ਤੋਂ ਸ਼ੁਰੂ ਕੀਤੀ ਗਈ ਕਾਰਵਾਈ ਜਾਰੀ ਹੈ
  • ਪਰ ਪੁਲਿਸ ਦਾ ਕਹਿਣਾ ਹੈ ਕਿ ਅਮ੍ਰਿਤਪਾਲ ਅਜੇ ਉਨ੍ਹਾਂ ਦੀ ਗ੍ਰਿਫ਼ਤ ਤੋਂ ਬਾਹਰ ਹਨ ਤੇ ਉਨ੍ਹਾਂ ਦੀ ਭਾਲ਼ ਜਾਰੀ ਹੈ
  • ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਹ ਪੰਜਾਬ ਨੂੰ ਅਫ਼ਗਾਨਿਸਤਾਨ ਨਹੀਂ ਬਣਨ ਦੇਣਗੇ
  • ਅਮ੍ਰਿਤਪਾਲ ਸਿੰਘ ਖ਼ਿਲਾਫ਼ ਐੱਨਐੱਸਏ ਲਗਾ ਦਿੱਤਾ ਗਿਆ ਹੈ।
  • ਇਸ ਤੋਂ ਪਹਿਲਾਂ ਪੁਲਿਸ ਨੇ 7 ਲੋਕਾਂ ਐੱਨਐੱਸਏ ਤਹਿਤ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ।
BBC

ਜੇਲ ਦੀ ਸੁਰੱਖਿਆ ਨੂੰ ਲੈ ਕੇ ਕਿੰਨੀ ਸਖਤੀ

ਇਸ ਤੋਂ ਪਹਿਲਾਂ ਅਸਾਮ ਪੁਲਿਸ ਦੇ ਡੀਜੀਪੀ ਜੀਪੀ ਸਿੰਘ ਨੇ ਇੱਕ ਟਵੀਟ ਦੇ ਜਵਾਬ ਵਿੱਚ ਲਿਖਿਆ ਸੀ, “ਕ੍ਰਿਪਾ ਕਰਕੇ ਅਫ਼ਵਾਹਾਂ ਨਾ ਫੈਲਾਓ। ਅਸੀਂ ਪਿਛਲੇ ਤਿੰਨ ਦਿਨਾਂ ਵਿੱਚ ਪੰਜਾਬ ਤੋਂ 7 ਐੱਨਐੱਸਏ ਤਹਿਤ ਹਿਰਾਸਤ ਵਿੱਚ ਲਿਆਂਦੇ ਲੋਕਾਂ ਨੂੰ ਪ੍ਰਾਪਤ ਕੀਤਾ ਹੈ। ਚਾਰ ਲੋਕ 19 ਮਾਰਚ ਨੂੰ ਲਿਆਂਦੇ ਗਏ। ਇੱਕ ਵਿਅਕਤੀ 20 ਮਾਰਚ ਨੂੰ ਅਤੇ ਦੋ ਲੋਕ 21 ਮਾਰਚ ਨੂੰ ਲਿਆਂਦੇ ਗਏ।”

ਅਸਲ ਵਿੱਚ ਅਮ੍ਰਿਤਪਾਲ ਅਤੇ ਉਸ ਦੇ ਸਾਥੀਆਂ ਵਿਰੁੱਧ ਹੋ ਰਹੀ ਕਾਰਵਾਈ ਨਾਲ ਸਬੰਧਤ ਇਹ ਮਾਮਲਾ ਬਹੁਤ ਹੀ ਸੰਵੇਦਨਸ਼ੀਲ ਹੈ।

ਅਜਿਹੇ ''''ਚ ਸਥਾਨਕ ਪ੍ਰਸ਼ਾਸਨ ਡਿਬਰੂਗੜ੍ਹ ਕੇਂਦਰੀ ਜੇਲ ਦੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਕਾਫੀ ਚੌਕਸ ਨਜ਼ਰ ਆ ਰਿਹਾ ਹੈ।

ਡਿਬਰੂਗੜ੍ਹ ਸ਼ਹਿਰ ਦੇ ਮੱਧ ਵਿੱਚ ਅਸਾਮ ਟਰੰਕ ਰੋਡ ਦੇ ਨੇੜੇ ਫੂਲ ਬਾਗਾਨ ਖੇਤਰ ਵਿੱਚ ਸਥਿਤ, ਇਹ ਕੇਂਦਰੀ ਜੇਲ੍ਹ ਲਗਭਗ 47 ਵਿੱਘੇ (76,203.19 ਵਰਗ ਮੀਟਰ) ਦੇ ਖੇਤਰ ਵਿੱਚ ਫੈਲੀ ਹੋਈ ਹੈ।

ਸਾਲ 1959-60 ਤੋਂ ਸ਼ੁਰੂ ਹੋਈ ਇਸ ਜੇਲ੍ਹ ਦੇ ਮੁੱਖ ਅਹਾਤੇ ਦੇ ਆਲੇ-ਦੁਆਲੇ 30 ਫੁੱਟ ਉੱਚੀਆਂ ਕੰਧਾਂ ਬਣਾਈਆਂ ਗਈਆਂ ਹਨ।

ਜੂਨ 1991 ਵਿੱਚ, ਪਾਬੰਦੀਸ਼ੁਦਾ ਕੱਟੜਪੰਥੀ ਸੰਗਠਨ ਉਲਫਾ ਯਾਨੀ ਯੂਨਾਈਟਿਡ ਲਿਬਰੇਸ਼ਨ ਫਰੰਟ ਆਫ਼ ਅਸਾਮ ਦੇ ਪੰਜ ਹਾਈ ਪ੍ਰੋਫਾਈਲ ਕਾਡਰ ਡਿਬਰੂਗੜ੍ਹ ਜੇਲ੍ਹ ਵਿੱਚੋਂ ਫਰਾਰ ਹੋ ਗਏ ਸਨ।

ਇਹ 90 ਦਾ ਦਹਾਕਾ ਸੀ ਜਦੋਂ ਉਲਫਾ ਨੇ ਸੂਬੇ ਵਿੱਚ ਸਭ ਤੋਂ ਵੱਧ ਹਿੰਸਾ ਕੀਤੀ ਸੀ। ਉਸ ਘਟਨਾ ਤੋਂ ਬਾਅਦ ਅਧਿਕਾਰੀਆਂ ਨੇ ਜੇਲ੍ਹ ਦੀ ਚਾਰਦੀਵਾਰੀ ਦੀ ਉਚਾਈ ਵਧਾਉਣ ਦਾ ਫੈਸਲਾ ਕੀਤਾ ਸੀ।

Getty Images
ਸੰਕੇਤਕ ਤਸਵੀਰ

ਅਜਿਹੇ ''''ਚ ਅੰਮ੍ਰਿਤਪਾਲ ਦੇ 7 ਸਾਥੀਆਂ ਨੂੰ ਪੰਜਾਬ ਤੋਂ ਡਿਬਰੂਗੜ੍ਹ ਜੇਲ ''''ਚ ਲਿਆਉਣ ਦੀ ਘਟਨਾ ਨੂੰ ਲੈ ਕੇ ਕਈ ਸੀਨੀਅਰ ਵਕੀਲ ਵੀ ਹੈਰਾਨ ਹਨ।

ਸੀਨੀਅਰ ਵਕੀਲ ਜੋਗਿੰਦਰ ਨਾਥ ਬਰੂਆ ਪਿਛਲੇ 53 ਸਾਲਾਂ ਤੋਂ ਡਿਬਰੂਗੜ੍ਹ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਵਿੱਚ ਵਕਾਲਤ ਕਰ ਰਹੇ ਹਨ।

ਉਨ੍ਹਾਂ ਬੀਬੀਸੀ ਨੂੰ ਦੱਸਿਆ, "ਮੈਨੂੰ ਇਸ ਅਦਾਲਤ ਵਿੱਚ ਵਕਾਲਤ ਕਰਦੇ ਹੋਏ 53 ਸਾਲ ਹੋ ਗਏ ਹਨ। ਪਰ ਮੈਂ ਇਸ ਤੋਂ ਪਹਿਲਾਂ ਡਿਬਰੂਗੜ੍ਹ ਕੇਂਦਰੀ ਜੇਲ੍ਹ ਬਾਰੇ ਐਨੀ ਚਰਚਾ ਕਦੇ ਨਹੀਂ ਸੁਣੀ।”

ਜੋਗਿੰਦਰ ਨਾਥ ਬਰੂਆ ਨੇ ਕਿਹਾ, “ਮੇਰੀ ਜਾਣਕਾਰੀ ਅਨੁਸਾਰ, ਇਸ ਤੋਂ ਪਹਿਲਾਂ ਸੂਬੇ ਦੇ ਬਾਹਰੋਂ ਕਿਸੇ ਵੀ ਐੱਨਐੱਸਏ ਐਕਟ ਅਧੀਨ ਕੈਦੀ ਨੂੰ ਡਿਬਰੂਗੜ੍ਹ ਕੇਂਦਰੀ ਜੇਲ੍ਹ ਵਿੱਚ ਨਹੀਂ ਲਿਆਂਦਾ ਗਿਆ ਸੀ। ਸਿਰਫ 1975 ਦੀ ਐਮਰਜੈਂਸੀ ਦੌਰਾਨ, ਕੁਝ ਲੋਕਾਂ ਨੂੰ ਮੀਸਾ ਯਾਨੀ ਅੰਦਰੂਨੀ ਸੁਰੱਖਿਆ ਪ੍ਰਣਾਲੀ ਐਕਟ ਦੇ ਤਹਿਤ ਇਸ ਜੇਲ੍ਹ ਵਿੱਚ ਨਜ਼ਰਬੰਦ ਰੱਖਿਆ ਗਿਆ ਸੀ। ਬਾਹਰਲੇ ਸੂਬਿਆਂ ਤੋਂ ਐੱਨਐੱਸਏ ਬੰਦੀ ਨੂੰ ਇਸ ਜੇਲ੍ਹ ਵਿੱਚ ਲਿਆਉਣ ਦਾ ਇਹ ਪਹਿਲਾ ਮਾਮਲਾ ਹੈ।”

ਜੇਲ੍ਹ ਅੰਗਰੇਜਾਂ ਦੇ ਰਾਜ ਸਮੇਂ ਬਣੀ ਸੀ

ਡਿਬਰੂਗੜ੍ਹ ਕੇਂਦਰੀ ਜੇਲ੍ਹ ਦੀ ਸਥਾਪਨਾ ਬਾਰੇ ਐਡਵੋਕੇਟ ਬਰੂਆ ਦਾ ਕਹਿਣਾ ਹੈ, "ਅਸਲ ਵਿੱਚ ਇਹ ਜੇਲ੍ਹ ਬ੍ਰਿਟਿਸ਼ ਸ਼ਾਸਨ ਦੌਰਾਨ ਬਣਾਈ ਗਈ ਸੀ। ਹਾਲਾਂਕਿ, ਜੇਲ੍ਹ ਪ੍ਰਸ਼ਾਸਨ ਦੇ ਰਿਕਾਰਡ ਵਿੱਚ ਇਸ ਜੇਲ੍ਹ ਦੀ ਸਥਾਪਨਾ ਦਾ ਸਾਲ 1859-60 ਦੱਸਿਆ ਗਿਆ ਹੈ।"

ਉਨ੍ਹਾਂ ਕਿਹਾ, “ਪਰ ਪੁਰਾਣੇ ਤੱਥਾਂ ਅਨੁਸਾਰ ਬਰਤਾਨਵੀ ਪ੍ਰਸ਼ਾਸਨ ਨੇ ਸਭ ਤੋਂ ਪਹਿਲਾਂ ਇਸ ਕੇਂਦਰੀ ਜੇਲ੍ਹ ਦੀ ਥਾਂ ''''ਤੇ ਸਾਲ 1843 ਵਿਚ ਅਦਾਲਤ ਦੀ ਸਥਾਪਨਾ ਕੀਤੀ ਸੀ। ਬਿਸਾਗਮ ਸਿੰਫੋ ਨਾਂ ਦੇ ਇਕ ਬਦਨਾਮ ਅਪਰਾਧੀ ਅਤੇ ਉਸ ਦੇ ਕੁਝ ਸਾਥੀਆਂ ''''ਤੇ ਮੁਕੱਦਮਾ ਚਲਾਇਆ। ਯਾਨੀ ਕਿ 1843 ''''ਚ ਅੰਗਰੇਜ਼ ਸ਼ਾਸਕ ਨੇ ਇਸ ਸਥਾਨ ''''ਤੇ ਫੌਜਦਾਰੀ ਅਦਾਲਤ ਬਣਾਈ ਸੀ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਤੋਂ ਬਾਅਦ ਇੱਥੇ ਲਿਆਂਦਾ ਜਾਂਦਾ ਸੀ।”

83 ਸਾਲਾਂ ਬਰੂਆ ਦਾ ਕਹਿਣਾ ਹੈ, ''''''''ਸਿੰਘਫੋ ਦੀ ਗ੍ਰਿਫਤਾਰੀ ਤੋਂ ਬਾਅਦ ਡੇਵਿਡ ਸਕਾਟ, ਜੋ ਉਸ ਸਮੇਂ ਬ੍ਰਿਟਿਸ਼ ਸਰਕਾਰ ''''ਚ ਅਸਾਮ ਦੇ ਉਪਰਲੇ ਹਿੱਸੇ ਦੇ ਡਿਪਟੀ ਕਮਿਸ਼ਨਰ ਸਨ, ਨੇ ਇਸ ਜਗ੍ਹਾ ਨੂੰ ਅਦਾਲਤ ''''ਚ ਤਬਦੀਲ ਕਰ ਦਿੱਤਾ। ਇਹ ਮੌਜੂਦਾ ਸਮੇਂ ਦਾ ਵਾਰਡ ਨੰਬਰ 1 ਸੀ। ਡਿਬਰੂਗੜ੍ਹ ਸੈਂਟਰਲ ਜੇਲ ਉਸ ਸਮੇਂ ਇੱਟਾਂ ਦੀ ਚਿਣਾਈ ਵਾਲੀ ਇਮਾਰਤ ਸੀ।”

DILIP SHARMA/BBC
ਡਿਬਰੂਗੜ੍ਹ ਕੇਂਦਰੀ ਜੇਲ੍ਹ ਦੀ ਸਥਾਪਨਾ ਬਾਰੇ ਪ੍ਰਸਿੱਧ ਲੇਖਕ ਪ੍ਰੋਫ਼ੈਸਰ ਦੀਪਾਲੀ ਬਰੂਹਾ ਨੇ 1994 ਵਿੱਚ ਆਪਣੀ ਕਿਤਾਬ ਅਰਬਨ ਹਿਸਟਰੀ ਆਫ਼ ਇੰਡੀਆ ਏ ਕੇਸ ਸਟੱਡੀ ਪ੍ਰਕਾਸ਼ਿਤ ਕੀਤੀ ਸੀ।

ਡਿਬਰੂਗੜ੍ਹ ਕੇਂਦਰੀ ਜੇਲ੍ਹ ਦੀ ਸਥਾਪਨਾ ਬਾਰੇ ਪ੍ਰਸਿੱਧ ਲੇਖਕ ਪ੍ਰੋਫ਼ੈਸਰ ਦੀਪਾਲੀ ਬਰੂਹਾ ਨੇ 1994 ਵਿੱਚ ਆਪਣੀ ਕਿਤਾਬ ਅਰਬਨ ਹਿਸਟਰੀ ਆਫ਼ ਇੰਡੀਆ ਏ ਕੇਸ ਸਟੱਡੀ ਪ੍ਰਕਾਸ਼ਿਤ ਕੀਤੀ ਸੀ।

ਉਨ੍ਹਾਂ ਲਿਖਿਆ, “1840 ਵਿੱਚ, ਬ੍ਰਿਟਿਸ਼ ਸਰਕਾਰ ਨੇ ਡਿਬਰੂਗੜ੍ਹ ਜੇਲ੍ਹ ਦੀ ਇਮਾਰਤ ਦੀ ਉਸਾਰੀ ਲਈ 2700 ਰੁਪਏ ਮਨਜ਼ੂਰ ਕੀਤੇ। ਜੇਲ੍ਹ ਦੀ ਉਸਾਰੀ ਦੀ ਲਾਗਤ ਨੂੰ ਘਟਾਉਣ ਲਈ, ਉਸ ਸਮੇਂ ਕੈਦੀਆਂ ਨੂੰ ਕੰਮ ''''ਤੇ ਲਗਾਇਆ ਜਾਂਦਾ ਸੀ। ਉਸ ਸਮੇਂ ਜੇਲ੍ਹ ਬਾੜੇ ਨਾਲ ਘਿਰੀ ਹੋਈ ਸੀ ਅਤੇ ਏਥੇ ਇੱਕ ਹਸਪਤਾਲ ਵੀ ਸੀ।”

ਉਹ ਲਿਖਦੇ ਹਨ, “ਜਦੋਂ ਅੰਗਰੇਜ਼ ਅਫ਼ਸਰ ਮਿਲ ਸਾਲ 1853 ਵਿੱਚ ਅਸਾਮ ਆਏ ਤਾਂ ਉਨ੍ਹਾਂ ਨੇ ਡਿਬਰੂਗੜ੍ਹ ਜੇਲ੍ਹ ਦੀ ਖਸਤਾ ਹਾਲਤ ਨੂੰ ਦੇਖਦੇ ਹੋਏ ਇੱਕ ਕੰਕਰੀਟ ਦੀ ਇਮਾਰਤ ਬਣਾਉਣ ਦਾ ਪ੍ਰਸਤਾਵ ਰੱਖਿਆ। ਉਸ ਸਮੇਂ ਜੇਲ੍ਹ ਵਿੱਚ 50 ਕੈਦੀ ਸਨ। ਉਨ੍ਹਾਂ ਵਿੱਚੋਂ ਕੁਝ ਸੜਕਾਂ ਅਤੇ ਪੁਲ ਬਣਾਉਣ, ਕੁਝ ਘੁਮਿਆਰ ਅਤੇ ਲੁਹਾਰ ਵਜੋਂ ਕੰਮ ਕਰਦੇ ਸਨ। 1857-58 ਵਿੱਚ ਜੇਲ੍ਹ ਵਿੱਚ ਰੋਜ਼ਾਨਾ ਔਸਤਨ ਕੈਦੀਆਂ ਦੀ ਗਿਣਤੀ 45 ਸੀ।"

DILIP SHARMA/BBC
ਡਿਬਰੂਗੜ੍ਹ ਜੇਲ੍ਹ

ਅਸਲ ਵਿੱਚ ਬ੍ਰਿਟਿਸ਼ ਸਰਕਾਰ ਨੇ ਡਿਬਰੂਗੜ੍ਹ ਵਿੱਚ ਇੱਕ ਫੌਜੀ ਅੱਡਾ ਸਥਾਪਿਤ ਕੀਤਾ ਸੀ।

ਡਿਬਰੂਗੜ੍ਹ ਨੂੰ 1840 ਵਿੱਚ ਹੀ ਜ਼ਿਲ੍ਹਾ ਹੈੱਡਕੁਆਰਟਰ ਬਣਾਇਆ ਗਿਆ ਸੀ। ਜਾਣਕਾਰੀ ਹੈ ਕਿ ਇਸ ਜੇਲ੍ਹ ਦੀ ਉਸਾਰੀ ਦੇ ਸਮੇਂ ਤੋਂ ਹੀ ਇੱਥੇ 500 ਤੋਂ ਵੱਧ ਕੈਦੀਆਂ ਨੂੰ ਰੱਖਣ ਦੀ ਸਮਰੱਥਾ ਰੱਖੀ ਗਈ ਸੀ।

ਕੁਝ ਸਾਲ ਪਹਿਲਾਂ, ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੀ ਟੀਮ ਨੇ ਭਾਰਤ ਸਰਕਾਰ ਦੇ ਇੱਕ ਫਲੈਗਸ਼ਿਪ ਪ੍ਰੋਗਰਾਮ ਤਹਿਤ ਡਿਬਰੂਗੜ੍ਹ ਕੇਂਦਰੀ ਜੇਲ੍ਹ ਦਾ ਦੌਰਾ ਕੀਤਾ ਸੀ।

ਉਸ ਸਮੇਂ ਦੌਰਾਨ ਜੇਲ੍ਹ ਵਿੱਚ ਕੈਦੀਆਂ ਲਈ ਇੱਕ ਹੀ ਮੁੱਖ ਰਸੋਈ ਸੀ।

ਕਮਿਸ਼ਨ ਨੇ ਆਪਣੀ ਰਿਪੋਰਟ ਵਿੱਚ ਕਿਹਾ ਸੀ ਕਿ ਮਹਿਲਾ ਕੈਦੀਆਂ ਲਈ ਉਸੇ ਰਸੋਈ ਵਿੱਚ ਖਾਣਾ ਤਿਆਰ ਕੀਤਾ ਜਾਂਦਾ ਸੀ ਅਤੇ ਬਾਅਦ ਵਿੱਚ ਖਾਣਾ ਮਹਿਲਾ ਵਾਰਡ ਵਿੱਚ ਭੇਜਿਆ ਜਾਂਦਾ ਸੀ।

ਕਮਿਸ਼ਨ ਦੀ ਰਿਪੋਰਟ ਵਿੱਚ ਪੁਰਸ਼ ਕੈਦੀਆਂ ਲਈ 24 ਵਾਰਡਾਂ ਦਾ ਜ਼ਿਕਰ ਸੀ, ਜਦੋਂ ਕਿ ਮਹਿਲਾ ਕੈਦੀਆਂ ਲਈ 4 ਵੱਖਰੇ ਵਾਰਡ ਸਨ।

DILIP SHARMA/BBC
ਅਸੀਮ ਦੱਤਾ

ਜੇਲ ਵਿੱਚ ਕੀ-ਕੀ ਹੈ?

ਅੱਜ ਵੀ ਜੇਲ੍ਹ ਵਿੱਚ ਸਾਰੇ ਕੈਦੀਆਂ ਲਈ ਇੱਕ ਹੀ ਮੁੱਖ ਰਸੋਈ ਹੈ। ਡਿਬਰੂਗੜ੍ਹ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਅਦਾਲਤ ਦੇ ਮੁੱਖ ਪ੍ਰਸ਼ਾਸਨਿਕ ਅਧਿਕਾਰੀ ਐਮ ਹੁਸੈਨ ਦਾ ਕਹਿਣਾ ਹੈ, "ਮੌਜੂਦਾ ਸਮੇਂ ਵਿੱਚ, ਡਿਬਰੂਗੜ੍ਹ ਕੇਂਦਰੀ ਜੇਲ੍ਹ ਵਿੱਚ ਇੱਕ ਮੁੱਖ ਰਸੋਈ ਹੈ, ਜਿਸ ਨੂੰ ਥੋੜਾ ਵੱਡਾ ਬਣਾਉਣ ਲਈ ਨਵੀਨੀਕਰਨ ਕੀਤਾ ਜਾ ਰਿਹਾ ਹੈ।"

ਜੇਲ੍ਹ ਵਿੱਚ ਮੌਜੂਦ ਕੈਦੀਆਂ ਅਤੇ ਸਹੂਲਤਾਂ ਬਾਰੇ ਪ੍ਰਸ਼ਾਸਨਿਕ ਅਧਿਕਾਰੀ ਹੁਸੈਨ ਦਾ ਕਹਿਣਾ ਹੈ, “ਪਿਛਲੇ ਫਰਵਰੀ ਮਹੀਨੇ ਦੇ ਮੌਜੂਦਾ ਬਿਆਨ ਦੇ ਅਨੁਸਾਰ, ਡਿਬਰੂਗੜ੍ਹ ਕੇਂਦਰੀ ਜੇਲ੍ਹ ਵਿੱਚ ਕੁੱਲ 445 ਕੈਦੀ ਬੰਦ ਹਨ। ਇਨ੍ਹਾਂ ਵਿੱਚੋਂ 430 ਪੁਰਸ਼ ਕੈਦੀ ਹਨ ਅਤੇ 15 ਮਹਿਲਾ ਕੈਦੀ ਹਨ। ਕੈਦੀਆਂ ਵਿੱਚ ਦੋ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ। ਵਰਤਮਾਨ ਵਿੱਚ ਇਸ ਜੇਲ੍ਹ ਦੀ ਸਮਰੱਥਾ 680 ਹੈ ਪਰ ਇੱਥੇ ਕਦੇ ਵੀ ਕੈਦੀਆਂ ਦੀ ਭੀੜ ਨਹੀਂ ਹੈ।”

“ਇਸ ਤੋਂ ਇਲਾਵਾ ਜੇਲ ਵਿਚ ਪੀਣ ਵਾਲੇ ਸਾਫ ਪਾਣੀ ਦਾ ਪੂਰਾ ਪ੍ਰਬੰਧ ਹੈ। ਜੇਲ ਵਿਚ ਮਰਦਾਂ ਅਤੇ ਔਰਤਾਂ ਲਈ 94 ਵੱਖ-ਵੱਖ ਪਖਾਨੇ ਹਨ। ਜੇਲ ਦੇ ਅੰਦਰ ਇਕ ਹਸਪਤਾਲ ਹੈ ਜਿਸ ਵਿਚ ਡਾਕਟਰ, ਨਰਸ, ਲੈਬ ਟੈਕਨੀਸ਼ੀਅਨ ਸਮੇਤ ਹੋਰ ਸਟਾਫ ਹੈ। ਜੇਲ ਵਿੱਚ ਇੱਕ ਸਕੂਲ ਵੀ ਹੈ ਜਿੱਥੇ ਇੱਕ ਅਧਿਆਪਕ ਦੀ ਨਿਯੁਕਤੀ ਕੀਤੀ ਗਈ ਹੈ।”

“ਜੇਲ੍ਹ ਵਿੱਚ ਇੱਕ ਵੱਡਾ ਬਗੀਚਾ ਹੈ ਜਿੱਥੇ ਕੈਦੀਆਂ ਤੋਂ ਕੰਮ ਕਰਵਾਇਆ ਜਾਂਦਾ ਹੈ। ਬਹੁਤ ਸਾਰੇ ਕੈਦੀਆਂ ਨੂੰ ਦਸਤਕਾਰੀ ਦੀ ਸਿਖਲਾਈ ਦਿੱਤੀ ਜਾਂਦੀ ਹੈ ਅਤੇ ਉਨ੍ਹਾਂ ਤੋਂ ਘਰੇਲੂ ਸਮਾਨ ਬਣਾਇਆ ਜਾਂਦਾ ਹੈ।"

ਕਿਹੋ ਜਿਹੇ ਅਪਰਾਧਾਂ ਵਾਲੇ ਕੈਦੀ ਬੰਦ ਹਨ ?

ਇਸ ਜੇਲ੍ਹ ਵਿੱਚ ਬਦਨਾਮ ਅਪਰਾਧੀ, ਡਾਕੂ, ਮੁਕੱਦਮੇ ਅਧੀਨ ਕੈਦੀ ਅਤੇ ਉਮਰ ਕੈਦ ਦੀ ਸਜ਼ਾ ਕੱਟ ਰਹੇ ਕਈ ਵੱਡੇ ਅਪਰਾਧੀ ਬੰਦ ਹਨ। ਪਰ ਮੌਜੂਦਾ ਸਮੇਂ ਵਿੱਚ ਪੰਜਾਬ ਤੋਂ ਲਿਆਂਦੇ ਸੱਤ ਵਿਅਕਤੀਆਂ ਨੂੰ ਛੱਡ ਕੇ ਐੱਨਐੱਸਏ ਐਕਟ ਤਹਿਤ ਕੋਈ ਵੀ ਜੇਲ੍ਹ ਵਿੱਚ ਬੰਦ ਨਹੀਂ ਹੈ।

ਜ਼ਿਲ੍ਹਾ ਪ੍ਰਸ਼ਾਸਨ ਦੇ ਇੱਕ ਅਧਿਕਾਰੀ ਅਨੁਸਾਰ ਇਸ ਜੇਲ੍ਹ ਵਿੱਚ ਗੰਭੀਰ ਅਪਰਾਧਾਂ ਜਾਂ ਕੱਟੜਪੰਥੀ ਜਥੇਬੰਦੀਆਂ ਦੇ ਕਾਡਰ ਨੂੰ ਰੱਖਣ ਲਈ ਅਤਿ ਸੁਰੱਖਿਆ ਵਾਲਾ ਸੈੱਲ ਹੈ। ਆਮ ਤੌਰ ''''ਤੇ ਹੋਰ ਕੈਦੀਆਂ ਨੂੰ ਉਸ ਕੋਠੜੀ ਵੱਲ ਜਾਣ ਦੀ ਇਜਾਜ਼ਤ ਨਹੀਂ ਹੁੰਦੀ।

Getty Images
ਅਮ੍ਰਿਤਪਾਲ ਦੇ 7 ਸਾਥੀਆਂ ਨੂੰ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਕੀਤਾ ਗਿਆ ਹੈ।

ਐਮਰਜੈਂਸੀ ਅਤੇ ਡਿਬਰੂਗੜ ਕੇਂਦਰੀ ਜੇਲ

ਐਮਰਜੈਂਸੀ ਦੌਰਾਨ ਇਸ ਜੇਲ੍ਹ ਵਿੱਚ 19 ਮਹੀਨੇ ਬਿਤਾਉਣ ਵਾਲੇ ਡਿਬਰੂਗੜ੍ਹ ਦੇ ਸੀਨੀਅਰ ਵਕੀਲ ਅਸੀਮ ਦੱਤਾ ਨੇ ਆਪਣਾ ਅਨੁਭਵ ਸਾਂਝਾ ਕੀਤਾ।

ਉਨ੍ਹਾਂ ਕਿਹਾ, “ਉਸ ਸਮੇਂ ਕੋਈ ਐੱਨਐੱਸਏ ਐਕਟ ਨਹੀਂ ਸੀ। ਇਸ ਲਈ ਮੈਨੂੰ ਅੰਦਰੂਨੀ ਸੁਰੱਖਿਆ ਵਿਵਸਥਾ ਐਕਟ ਤਹਿਤ 25 ਜੂਨ 1975 ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਸਾਨੂੰ ਆਮ ਕੈਦੀਆਂ ਵਾਂਗ ਨਹੀਂ ਰੱਖਿਆ ਗਿਆ ਸੀ। ਜੇਲ੍ਹ ਵਿੱਚ ਕੈਦੀਆਂ ਲਈ ਕੱਪੜਿਆਂ ਤੋਂ ਲੈ ਕੇ ਖਾਣ-ਪੀਣ ਦੀਆਂ ਸਾਰੀਆਂ ਸਹੂਲਤਾਂ ਸਨ। ਸਾਡਾ ਕੰਮ ਆਮ ਕੈਦੀ ਕਰਦੇ ਸਨ।”

ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਦੇ ਅਸਾਮ ਖੇਤਰ ਦੇ ਸੰਘਚਾਲਕ ਅਸੀਮ ਦੱਤਾ ਅਨੁਸਾਰ 1975 ਵਿੱਚ ਡਿਬਰੂਗੜ੍ਹ ਜੇਲ੍ਹ ਵਿੱਚ ਪੁਰਸ਼ਾਂ ਲਈ 11 ਵਾਰਡ ਅਤੇ ਔਰਤਾਂ ਲਈ ਸਿਰਫ਼ ਇੱਕ ਵਾਰਡ ਸੀ।

ਉਹ ਕਹਿੰਦੇ ਹਨ, "ਮੈਨੂੰ ਨਹੀਂ ਲੱਗਦਾ ਕਿ ਡਿਬਰੂਗੜ੍ਹ ਜੇਲ੍ਹ ਵਿੱਚ ਕੈਦੀਆਂ ਦੀਆਂ ਸਹੂਲਤਾਂ ਨੂੰ ਲੈ ਕੇ ਕੋਈ ਵੱਡੀ ਤਬਦੀਲੀ ਆਈ ਹੋਵੇਗੀ। ਪਹਿਲਾਂ ਖਾਣ-ਪੀਣ ਦੀਆਂ ਸਹੂਲਤਾਂ ਠੀਕ ਹੁੰਦੀਆਂ ਸਨ। ਅੱਜ ਕੱਲ੍ਹ ਕੈਦੀਆਂ ਨੂੰ ਮੱਛਰਦਾਨੀਆਂ ਦਿੱਤੀਆਂ ਜਾਂਦੀਆਂ ਹਨ। ਪਰ ਆਮ ਕੈਦੀ ਮੁਸੀਬਤ ਵਿੱਚ ਹੀ ਦਿਨ ਕੱਟਦੇ ਹਨ।"

ਅਮ੍ਰਿਤਪਾਲ ਦੇ ਸਾਥੀਆਂ ਨੂੰ ਲਿਆਉਣ ਅਤੇ ਉਨ੍ਹਾਂ ਨੂੰ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਕਰਨ ਪਿੱਛੇ ਸਰਕਾਰ ਦੀ ਰਣਨੀਤੀ ਬਾਰੇ ਗੱਲ ਕਰਦਿਆਂ ਸੀਨੀਅਰ ਪੱਤਰਕਾਰ ਰਾਜੀਵ ਦੱਤਾ ਕਹਿੰਦੇ ਹਨ, “ਅਸਲ ਵਿੱਚ ਜਿਸ ਤਰ੍ਹਾਂ ਹਥਿਆਰਾਂ ਨਾਲ ਲੈਸ ਅਮ੍ਰਿਤਪਾਲ ਸਿੰਘ ਦੇ ਸਮਰਥਕਾਂ ਨੇ ਪੰਜਾਬ ਵਿੱਚ ਥਾਣੇ ਅੰਦਰ ਹੰਗਾਮਾ ਮਚਾਇਆ ਸੀ, ਉਸ ਤਰ੍ਹਾਂ ਅਸਾਮ ਵਿੱਚ ਆਉਣਾ ਸੌਖਾ ਨਹੀਂ।"

Getty Images
ਅੰਮ੍ਰਿਤਪਾਲ ਦੇ ਸਾਥੀਆਂ ਤੋਂ ਪਹਿਲਾਂ 2017 ਵਿੱਚ ਸ਼ਿਵਸਾਗਰ ਤੋਂ ਆਜ਼ਾਦ ਵਿਧਾਇਕ ਅਤੇ ਕਿਸਾਨ ਆਗੂ ਅਖਿਲ ਗੋਗੋਈ ਨੂੰ ਐੱਨਐੱਸਏ ਐਕਟ ਤਹਿਤ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਕੀਤਾ ਗਿਆ ਸੀ।

ਉਹ ਕਹਿੰਦਾ ਹੈ, “ਇਹੀ ਕਾਰਨ ਹੈ ਕਿ ਸਰਕਾਰ ਨੇ ਐੱਨਐੱਸਏ ਐਕਟ ਤਹਿਤ ਗ੍ਰਿਫ਼ਤਾਰ ਕੀਤੇ ਇਨ੍ਹਾਂ ਲੋਕਾਂ ਨੂੰ ਪੰਜਾਬ ਅਤੇ ਇਸ ਦੇ ਨਾਲ ਲੱਗਦੇ ਰਾਜਾਂ ਦੀਆਂ ਜੇਲ੍ਹਾਂ ਵਿੱਚ ਨਹੀਂ ਭੇਜਿਆ ਕਿਉਂਕਿ ਇੱਥੇ ਸੁਰੱਖਿਆ ਦੇ ਇੰਨੇ ਪ੍ਰਬੰਧ ਹਨ ਕਿ ਉਹ ਰੇਲ ਅਤੇ ਹਵਾਈ ਰਸਤੇ ਰਾਹੀਂ ਡਿਬਰੂਗੜ੍ਹ ਨਹੀਂ ਪਹੁੰਚ ਸਕਦੇ।”

“ਇਸ ਤੋਂ ਇਲਾਵਾ, ਉਹ ਡਿਬਰੂਗੜ੍ਹ ਜੇਲ੍ਹ ਵਿੱਚ ਕੋਈ ਧੜੇਬੰਦੀ ਨਹੀਂ ਕਰ ਸਕਦੇ। ਪਹਿਲੀ ਗੱਲ ਉਹਨਾਂ ਨੂੰ ਇੱਕ ਵੱਖਰੇ ਸੈੱਲ ਵਿੱਚ ਰੱਖਿਆ ਗਿਆ ਹੈ ਅਤੇ ਇਸ ਜੇਲ੍ਹ ਵਿੱਚ ਭਾਸ਼ਾ ਸਭ ਤੋਂ ਵੱਡੀ ਸਮੱਸਿਆ ਹੋਵੇਗੀ। ਇਸ ਲਈ ਉਹ ਜੇਲ੍ਹ ਦੇ ਅੰਦਰ ਕੁਝ ਨਹੀਂ ਕਰ ਸਕਦੇ।”

ਅੰਮ੍ਰਿਤਪਾਲ ਦੇ ਇਨ੍ਹਾਂ ਸੱਤ ਨੇੜਲੇ ਸਾਥੀਆਂ ਤੋਂ ਪਹਿਲਾਂ 2017 ਵਿੱਚ ਸ਼ਿਵਸਾਗਰ ਤੋਂ ਆਜ਼ਾਦ ਵਿਧਾਇਕ ਅਤੇ ਕਿਸਾਨ ਆਗੂ ਅਖਿਲ ਗੋਗੋਈ ਨੂੰ ਐੱਨਐੱਸਏ ਐਕਟ ਤਹਿਤ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਕੀਤਾ ਗਿਆ ਸੀ।

ਅਸਾਮ ਸਰਕਾਰ ਦੇ ਅਨੁਸਾਰ, ਸੂਬੇ ਵਿੱਚ ਕੁੱਲ 31 ਜੇਲ੍ਹਾਂ ਹਨ, ਜਿਨ੍ਹਾਂ ਵਿੱਚ 6 ਕੇਂਦਰੀ ਜੇਲ੍ਹਾਂ, 22 ਜ਼ਿਲ੍ਹਾ ਜੇਲ੍ਹਾਂ, 1 ਵਿਸ਼ੇਸ਼ ਜੇਲ੍ਹ ਅਤੇ ਇੱਕ ਓਪਨ ਏਅਰ ਜੇਲ੍ਹ ਅਤੇ ਇੱਕ ਸਬ-ਜੇਲ੍ਹ ਸ਼ਾਮਲ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''''ਤੇ ਜੁੜੋ)