ਅਮ੍ਰਿਤਪਾਲ ਨੇ ਕੀ ਗ਼ਲਤੀਆਂ ਕੀਤੀਆਂ, ਜੋ ਉਸ ਉੱਤੇ ਹੁਣ ਭਾਰੀ ਪੈ ਗਈਆਂ -ਨਜ਼ਰੀਆ

03/22/2023 8:16:34 AM

Getty Images

ਪੰਜਾਬ ਸਰਕਾਰ ਵੱਲੋਂ ‘ਵਾਰਿਸ ਪੰਜਾਬ ਦੇ’ ਜਥੇਬੰਦੀ ਨਾਲ ਸਬੰਧਤ 154 ਲੋਕਾਂ ਨੂੰ ਵੱਖ-ਵੱਖ ਕੇਸਾਂ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ।

ਪਰ ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਹਾਲੇ ਵੀ ਪੰਜਾਬ ਦੀ ਪਹੁੰਚ ਤੋਂ ਬਾਹਰ ਦੱਸੇ ਜਾ ਰਹੇ ਹਨ।

ਅਮ੍ਰਿਤਪਾਲ ਸਿੰਘ ਖ਼ਿਲਾਫ਼ ਚੱਲ ਰਹੀ ਕਾਰਵਾਈ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਨੇ ਕਿਹਾ ਹੈ, “ਦੇਸ਼ ਖ਼ਿਲਾਫ਼ ਪੰਜਾਬ ਵਿੱਚ ਪਨਪਣ ਵਾਲੀ ਕਿਸੇ ਵੀ ਤਾਕਤ ਨੂੰ ਬਖਸ਼ਿਆ ਨਹੀਂ ਜਾਵੇਗਾ। ਆਮ ਆਦਮੀ ਪਾਰਟੀ ਧਰਮ ਨਿਰਪੱਖ਼ ਪਾਰਟੀ ਹੈ। ਦੇਸ ਵਿਰੋਧੀ ਕਿਸੇ ਤਾਕਤ ਨੂੰ ਪੰਜਾਬ ਵਿੱਚ ਸਿਰ ਨਹੀਂ ਚੁੱਕਣ ਦਿਆਂਗੇ।''''''''

ਆਪਣੇ ਹਿੰਦੀ ਵਿੱਚ ਜਾਰੀ ਕੀਤੇ ਸੰਖ਼ੇਪ ਵੀਡੀਓ ਸੰਦੇਸ਼ ਦੌਰਾਨ ਮਾਨ ਨੇ ਕਿਹਾ, “ਮੇਰੇ ਖੂਨ ਦੀ ਇੱਕ-ਇੱਕ ਬੂੰਦ ਪੰਜਾਬ ਲਈ ਹੈ।”

ਪੁਲਿਸ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਅਮ੍ਰਿਤਪਾਲ ਨੇ ਨੰਗਲ ਅੰਬੀਆ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਕੱਪੜੇ ਬਦਲੇ ਸਨ ਅਤੇ ਫਰਾਰ ਹੋ ਗਏ।

ਅਮ੍ਰਿਤਪਾਲ ਸਿੰਘ ਪਿਤਾ ਤਰਸੇਮ ਸਿੰਘ ਨੇ ਕਿਹਾ ਕਿ ਉਹਨਾਂ ਦੇ ਪੁੱਤਰ ਦੀ ਜਾਨ ਨੂੰ ਖਤਰਾ ਹੈ।

ਪੰਜਾਬ ਪੁਲਿਸ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਹਨ, ਉਹ ਸਿੱਖਾਂ ਲਈ ਖੁਦਮੁਖਤਿਆਰ ਰਾਜ (ਖਾਲਿਸਤਾਨ) ਦੀ ਪਾਪ੍ਰਤੀ ਨੂੰ ਆਪਣਾ ਨਿਸ਼ਾਨਾ ਦੱਸਦੇ ਹਨ।

ਕਈ ਸਾਲ ਦੁਬਈ ਰਹਿਣ ਤੋਂ ਬਾਅਦ ਪਿਛਲੇ ਸਾਲ ਅਗਸਤ ਮਹੀਨੇ ਪੰਜਾਬ ਵਿੱਚ ਵਾਪਸ ਆਏ ਅਤੇ ਉਨ੍ਹਾਂ ਅਮ੍ਰਿਤ ਸੰਚਾਰ ਅਤੇ ਨਸ਼ਾ ਛੁਡਾਊ ਲਹਿਰ ਦੇ ਨਾਂ ਉੱਤੇ ਨੌਜਵਾਨਾਂ ਨੂੰ ਆਪਣੇ ਨਾਲ ਜੋੜਨਾਂ ਸ਼ੁਰੂ ਕੀਤਾ।

ਪਰ ਉਹ ਆਪਣੇ ਗਰਮਸੁਰ ਵਾਲੇ ਭਾਸ਼ਣਾ ਅਤੇ ਗੁਰਦੁਆਰਿਆਂ ਵਿਚਲੇ ਬੈਂਚ ਸਾੜਨ ਤੇ ਅਜਨਾਲਾ ਥਾਣੇ ਅੱਗੇ ਹੋਈ ਹਿੰਸਾ ਕਾਰਨ ਵਿਵਾਦਾਂ ਵਿੱਚ ਆ ਗਏ।

ਪੁਲਿਸ ਪਿਛਲੇ ਸ਼ਨੀਵਾਰ ਤੋਂ ਉਸ ਦਾ ਪਿੱਛਾ ਕਰ ਰਹੀ ਹੈ ਅਤੇ ਪੰਜਾਬ ਵਿੱਚ ਉਸ ਦੇ ਸਮਰਥਕਾਂ ਦੀ ਵੱਡੇ ਪੱਧਰ ਉੱਤੇ ਫੜੋ-ਫੜੀ ਚੱਲ ਰਹੀ ਹੈ।

ਪੰਜਾਬ ਵਿੱਚ ਚੱਲ ਰਹੇ ਇਸ ਵਰਤਾਰੇ ਬਾਰੇ ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਨਾਲ ਗੱਲਬਾਤ ਕੀਤੀ।

Getty Images

ਅਮ੍ਰਿਤਪਾਲ ਸਿੰਘ ਨੇ ਕੀ ਗਲਤੀਆਂ ਕੀਤੀਆਂ?

ਸੀਨੀਅਰ ਪੱਤਰਕਾਰ ਜਗਤਾਰ ਸਿੰਘ ਕਹਿੰਦੇ ਹਨ ਕਿ ਜੇਕਰ ਅਮ੍ਰਿਤਪਾਲ ਸਿੰਘ ਦੀ ਯੋਜਨਾ ਲੰਮੀ ਸੀ ਤਾਂ ਉਸ ਨੇ ਮਹਿੰਗੀਆਂ ਗੱਡੀਆਂ ਲੈ ਕੇ ਲੋਕਾਂ ਦੀਆਂ ਨਜ਼ਰਾਂ ਵਿੱਚ ਨਹੀਂ ਆਉਣਾ ਸੀ।

''''''''ਮੈਂ ਪਹਿਲੇ ਦਿਨ ਤੋਂ ਕਹਿ ਰਿਹਾ ਹਾਂ ਕਿ ਉਸ ਨੂੰ ਸਿਖਲਾਈ ਦੇ ਕੇ ਪੰਜਾਬ ਭੇਜਿਆ ਗਿਆ ਸੀ ਅਤੇ ਉਹ ਕਾਹਲ਼ਾ ਵਗ ਗਿਆ।''''''''

ਅਮ੍ਰਿਤਪਾਲ ਸਿੰਘ ਨੂੰ ਜਿੰਨਾਂ ਲੋਕਾਂ ਨੇ ਟਰੇਨਿੰਗ ਦੇ ਕੇ ਪੰਜਾਬ ਵਿੱਚ ਭੇਜਿਆ ਸੀ, ਉਹਨਾਂ ਤੋਂ ਇੱਕ ਗਲਤੀ ਹੋ ਗਈ। ਅਮ੍ਰਿਤਪਾਲ ਥੋੜਾ ਤੇਜੀ ਨਾਲ ਚੱਲਿਆ। ਜੇਕਰ ਉਹ ਅਰਾਮ ਨਾਲ ਚੱਲਦਾ ਤਾਂ ਹਥਿਆਰਾਂ ਦਾ ਦਿਖਾਵਾ ਕਰਨ ਦੀ ਲੋੜ ਨਹੀਂ ਸੀ।

ਉਹਨਾਂ ਨੂੰ ਅਰਾਮ ਨਾਲ ਪਹਿਲਾਂ ਲੋਕਾਂ ਵਿੱਚ ਕੰਮ ਕਰਕੇ ਅਧਾਰ ਬਣਾਉਣਾ ਚਾਹੀਦਾ ਸੀ।

“ਮੈਨੂੰ ਲੱਗਦਾ ਹੈ ਕਿ ਹੁਣ ਤੱਕ ਸਰਕਾਰ ਨੇ ਵੀ ਅਤੇ ਕੇਂਦਰ ਨੇ ਵੀ ਉਸ ਨੂੰ ਕਾਰਵਾਈਆਂ ਕਰਨ ਦਿੱਤੀਆਂ ਸਨ।”

ਉਸ ਨੂੰ ਹਥਿਆਰਾਂ ਨਾਲ ਤਮਾਸ਼ਾ ਕਰਨ ਦੀ ਲੋੜ ਨਹੀਂ ਸੀ, ਉਹ ਅਰਾਮ ਨਾਲ ਆਪਣੀਆਂ ਗਤੀਵਿਧੀਆਂ ਚਲਾ ਕੇ ਕੰਮ ਕਰ ਸਕਦਾ ਸੀ।

BBC
ਸੀਨੀਅਰ ਪੱਤਰਕਾਰ ਜਗਤਾਰ ਸਿੰਘ

ਘਰ ਤੋਂ ਫੜਨ ਦੀ ਬਜਾਏ ਵੱਡਾ ਹੱਲਾ ਕਿਉਂ ਹੋਇਆ?

ਜਗਤਾਰ ਸਿੰਘ ਕਹਿੰਦੇ ਹਨ, ਜਿਸ ਥਾਂ ਤੋਂ ਅਮ੍ਰਿਤਪਾਲ ਸਿੰਘ ਭੱਜਿਆ ਉਹ ਉਸ ਦਾ ਇਲਾਕਾ ਨਹੀਂ ਸੀ। ਉਹ ਇਸ ਤਰ੍ਹਾਂ ਜਾ ਰਿਹਾ ਸੀ, ਜਿਵੇਂ ਸਭ ਗਲੀਆਂ ਜਾਣਦਾ ਹੋਵੇ।

“ਇਸ ਘਟਨਾ ਵਿੱਚ ਕਈ ਚੀਜਾਂ ਸਮਝ ਤੋਂ ਬਾਹਰ ਹਨ। ਇੱਕ ਵਾਰ ਜਦੋਂ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਨੂੰ ਪੁਲਿਸ ਫੜਨ ਦੀ ਤਿਆਰੀ ਕਰ ਰਹੀ ਸੀ ਤਾਂ ਉਹਨਾਂ ਨੂੰ ਅੰਦਾਜਾ ਹੋ ਗਿਆ। ਉਹ ਚੰਦੋਕਲ੍ਹਾਂ ( ਹਰਿਆਣਾ) ਤੋਂ ਲੁਧਿਆਣਾ ਚੱਲੇ ਸਨ ਪਰ ਉਹ ਟਰੱਕ ਵਿੱਚ ਬੈਠ ਕੇ ਫਰਾਰ ਹੋ ਗਏ।”

“ਅਮ੍ਰਿਤਪਾਲ ਸਿੰਘ ਦਾ ਪਿੰਡ ਜੱਲੂਪੁਰ ਖੇੜਾ ਹੈ, ਇਹ ਮੋਗਾ ਲਈ ਹਰੀਕੇ ਵਾਲੇ ਰਸਤੇ ਕਿਉਂ ਗਏ?

ਉਸ ਦੇ ਚਾਚਾ ਅਤੇ ਹੋਰਾਂ ਨੂੰ ਅਸਾਮ ਇਸ ਲਈ ਭੇਜਿਆ ਜਾ ਰਿਹਾ ਹੈ ਕਿ ਕੋਈ ਗੱਲ ਬਾਹਰ ਨਾ ਆਵੇ।”

Social Media

ਪੰਜਾਬ ਨੇ ਕੇਂਦਰ ਦਾ ਸਹਿਯੋਗ ਲਿਆ

ਜਗਤਾਰ ਸਿੰਘ ਦੱਸਦੇ ਹਨ ਕਿ ਕੇਂਦਰ ਦੀਆਂ ਏਜੰਸੀਆਂ ਲੰਮੇਂ ਸਮੇਂ ਤੋਂ ਪੰਜਾਬ ਉਪਰ ਨਜ਼ਰ ਰੱਖ ਰਹੀਆਂ ਹਨ।

ਉਹ ਕਹਿੰਦੇ ਹਨ ਕਿ ਪੰਜਾਬ ਵਿੱਚ ਜੋ ਕਈ ਸਾਲਾਂ ਤੋਂ ਹੋ ਰਿਹਾ ਹੈ, ਉਹ ਪੰਜਾਬ ਦੀ ਯੁੱਧਨੀਤਿਕ ਸਥਿਤੀ ਦੀ ਮਹੱਤਤਾ ਹੈ।

ਇਸ ਕਾਰਨ ਕਿਸੇਂ ਸਮੇਂ ਪੰਜਾਬ ਦੇ ਡੀਜੀਪੀ ਦੀ ਨਿਯੁਕਤੀ ਦਿੱਲੀ ਤੋਂ ਹੀ ਆਉਂਦੀ ਸੀ।

ਭਾਵੇਂ ਕਿ ਲਿਖਤੀ ਰੂਪ ਵਿੱਚ ਨਾ ਹੋਵੇ ਪਰ ਮਨਜੂਰੀ ਦਿੱਲੀ ਦੀ ਹੀ ਹੁੰਦੀ ਸੀ।

ਪੰਜਾਬ ਦੇ ਸਾਰੇ ਆਪਰੇਸ਼ਨ ਦਿੱਲੀ ਤੋਂ ਹੀ ਬਣਾਏ ਜਾਂਦੇ ਹਨ।

ਇਸ ਆਪਰੇਸ਼ਨ ਵਿੱਚ ਵੀ ਪੰਜਾਬ ਸਰਕਾਰ ਵਲੋਂ ਕੇਂਦਰੀ ਏਜੰਸੀਆਂ ਦੀ ਮਦਦ ਲਏ ਜਾਣ ਦੇ ਸਪੱਸ਼ਟ ਸੰਕੇਤ ਨਜ਼ਰ ਆ ਰਹੇ ਹਨ।

ਪਰ ਇੱਕ ਗੱਲ ਸਮਝ ਨਹੀਂ ਆ ਰਹੀ ਕਿ ਕੇਂਦਰੀ ਏਜੰਸੀਆਂ ਨੂੰ ਇੰਨੀਆਂ ਤਜਰਬੇਕਾਰ ਮੰਨਿਆ ਜਾਂਦਾ ਹੈ, ਰਾਅ ਅਤੇ ਐੱਨਆਈਏ ਦੇ ਦੋਵੇਂ ਮੁਖੀ ਪੰਜਾਬ ਤੋਂ ਹਨ, ਫੇਰ ਇਸ ਆਪਰੇਸ਼ਨ ਦੀ ਯੋਜਨਾ ਬੰਦੀ ਇੰਨੀ ਮਾੜੀ ਕਿਉਂ ਲੱਗੀ।

ਜਿਵੇਂ ਅਮ੍ਰਿਤਪਾਲ ਦੇ ਪਿਤਾ ਨੇ ਵੀ ਸਵਾਲ ਚੁੱਕਿਆ ਹੈ ਕਿ ਜੇਕਰ ਅਮ੍ਰਿਤਪਾਲ ਨੂੰ ਗ੍ਰਿਫਤਾਰ ਹੀ ਕਰਨਾ ਸੀ ਤਾਂ ਉਸਦੇ ਘਰ ਤੋਂ ਕਿਉਂ ਨਹੀਂਂ ਚੁੱਕਿਆ ਗਿਆ।

‘‘ਜੇ ਬਾਹਰ ਵੀ ਫੜਨਾ ਸੀ ਤਾਂ ਘਰ ਤੋਂ ਨਿਕਲਦੇ ਨੂੰ ਚੁੱਕ ਲੈਂਦੇ, ਇਸ ਤਰ੍ਹਾਂ ਮਾਮਲਾ ਉਛਾਲਣਾ, 7 ਜ਼ਿਲ੍ਹਿਆਂ ਦੀ ਪੁਲਿਸ ਇਕੱਠੀ ਕਰਨ, ਅਜਿਹਾ ਕਿਉਂ ਕੀਤਾ ਗਿਆ, ਇਸ ਪਿੱਛੇ ਸਿਆਸਤ ਕੀ ਹੈ।’’

ਕੰਪਿਊਟਰ ਦੇਣ ਦੀ ਗੱਲ ਅਤੇ ਪੜਾਈ ਦਾ ਮਾਮਲਾ

ਜਗਤਾਰ ਸਿੰਘ ਮੁਤਾਬਕ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨੌਜਨਾਵਾਂ ਨੂੰ ਨੌਕਰੀਆਂ ਅਤੇ ਕੰਪਿਊਟਰ ਦੇਣ ਦੀ ਗੱਲ ਦਾ ਸਹੀ ਅਰਥ, ਇਹੋ ਹੈ ਕਿ ਇਹ ਚੀਜ਼ਾਂ ਨੌਜਵਾਨਾਂ ਨੂੰ ਦੇਣੀਆਂ ਹੀ ਚਾਹੀਦੀਆਂ ਹਨ।

“ਅਮ੍ਰਿਤਪਾਲ ਸਿੰਘ ਹੁਰਾਂ ਨੇ ਆ ਕੇ ਪ੍ਰਚਾਰ ਕੀਤਾ ਕਿ ਪੜਨ ਦੀ ਲੋੜ ਨਹੀਂ ਹੈ। ਇਹਨਾਂ ਨੇ ਸਿਰ ਦੇਣ ਅਤੇ ਲੈਣ ਦੀ ਗੱਲ ਸ਼ੁਰੂ ਕੀਤੀ ਸੀ। ਇਹ ਗੱਲ ਵੱਖਰੀ ਹੈ ਕਿ ਜਦੋਂ ਮੌਕਾ ਆਇਆ ਤਾਂ ਅਮ੍ਰਿਤਪਾਲ ਸਿੰਘ ਖੁਦ ਲਾਪਤਾ ਹੋ ਗਏ।”

BBC

ਭਗਵੰਤ ਮਾਨ ਦੇ ਸੰਦੇਸ਼ ਦਾ ਕੀ ਅਰਥ ਹੈ?

ਜਗਤਾਰ ਸਿੰਘ ਕਹਿੰਦੇ ਹਨ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣਾ ਸੰਦੇਸ਼ ਹਿੰਦੀ ਵਿੱਚ ਦਿੱਤਾ ਤਾਂ ਇਹ ਸਮਝਣ ਦੀ ਲੋੜ ਹੈ ਕਿ ਉਹ ਕਿਹੜੇ ਸੂਬਿਆਂ ਨੂੰ ਸੁਣਾਉਣਾ ਚਹੁੰਦੇ ਸਨ।

ਇਹ ਪੰਜਾਬ ਲਈ ਹੁੰਦਾ ਤਾਂ ਉਹਨਾਂ ਨੂੰ ਪੰਜਾਬੀ ਵਿੱਚ ਬੋਲਣਾ ਚਾਹੀਦਾ ਸੀ।

“ਦੂਜੇ ਉਹਨਾਂ ਨੇ ਕਿਹਾ ਕਿ ‘ਮੇਰੇ ਖੂਨ ਦੀ ਇੱਕ-ਇੱਕ ਬੂੰਦ ਪੰਜਾਬ ਲਈ ਹੈ’, ਇਸ ਬਾਰੇ ਮੈਨੂੰ ਯਾਦ ਹੈ ਕਿ ਕਿਸੇ ਸਮੇਂ ਇੰਦਰਾ ਗਾਂਧੀ ਅਜਿਹਾ ਕਹਿੰਦੇ ਸਨ। ਉਹ ਇਸ ਤਰ੍ਹਾਂ ਦੇ ਭਾਸ਼ਨ ਦਿੰਦੇ ਸਨ ਕਿ ਮੇਰਾ ਖੂਨ ਦੇਸ਼ ਦੇ ਲੇਖੇ ਲਈ ਹੈ।”

“ਅਮ੍ਰਿਤਪਾਲ ਦੇ ਮਾਮਲੇ ਵਿੱਚ ਜੋ ਉਹਨਾਂ ਨੇ ਕਿਹਾ ਹੈ ਕਿ ਸ਼ਾਂਤੀ ਬਣਾ ਕੇ ਰੱਖਣੀ ਹੈ, ਇਹ ਇੱਕ ਮੁੱਖ ਮੰਤਰੀ ਦਾ ਕੰਮ ਹੈ। ਪਰ ਮਹਾਰਾਸ਼ਟਰ ਵਿੱਚ ਇੱਕ ਹਿੰਦੂ ਗਰੁੱਪ ਵੱਲੋਂ ਮੁਸਲਮਾਨਾਂ ਖਿਲਾਫ਼ ਬਿਆਨਬਾਜੀ ਕੀਤੀ ਜਾ ਰਹੀ ਹੈ, ਉੱਥੇ ਕੋਈ ਕਾਰਵਾਈ ਨਹੀਂ ਹੁੰਦੀ।”

“ਜਦੋਂ ਪੰਜਾਬ ਵਿੱਚ ਕੋਈ ਅਜਿਹੀ ਘਟਨਾ ਵਾਪਰਦੀ ਹੈ ਤਾਂ ਇਹ ਦਿਖਾਇਆ ਜਾਂਦਾ ਹੈ ਜਿਵੇਂ ਕੋਈ ਅੱਗ ਲੱਗ ਗਈ ਹੋਵੇ।”

BBC

ਕੀ ਸਰਕਾਰ ਵਿੱਚ ਲੋਕਾਂ ਦਾ ਭਰੋਸਾ ਵਧੇਗਾ?

ਜਗਤਾਰ ਸਿੰਘ ਕਹਿੰਦੇ ਹਨ ਕਿ ਇਸ ਕਾਰਵਾਈ ਨਾਲ ਸਰਕਾਰ ਦੀ ਜਿਆਦਾ ਚੰਗੀ ਤਸਵੀਰ ਬਣ ਕੇ ਸਾਹਮਣੇ ਨਹੀਂ ਆਈ ਸਗੋਂ ਬਦਨਾਮੀ ਹੀ ਹੋਈ ਹੈ। ਇਸ ਦਾ ਨਕਾਰਤਮਕ ਪ੍ਰਭਾਵ ਗਿਆ ਹੈ।

ਉਹ ਕਹਿੰਦੇ ਹਨ ਕਿ ਜੇਕਰ ਅਮ੍ਰਿਤਪਾਲ ਨੂੰ ਗ੍ਰਿਫ਼ਤਾਰ ਕਰ ਲਿਆ ਜਾਂਦਾ ਤਾਂ ਸ਼ਾਇਦ ਇਸ ਦਾ ਪੰਜਾਬ ਸਰਕਾਰ ਦੀ ਦਿੱਖ ਨੂੰ ਕੁਝ ਫਾਇਦਾ ਹੋ ਸਕਦਾ ਸੀ, ਪਰ ਹੁਣ ਤਾਂ ਇਸ ਦਾ ਅਸਰ ਨਾਂਹਪੱਖ਼ੀ ਹੀ ਲੱਗ ਰਿਹਾ ਹੈ।

ਜਿੱਥੇ ਜਿਸ ਇਨਸਾਨ ਨੂੰ ਤੁਸੀਂ ਫੜਨਾ ਸੀ, ਜੇ ਉਹ ਨਿਕਲ ਗਿਆ ਤਾਂ ਬਾਕੀ ਮੈਟਰ ਨਹੀਂ ਕਰਦਾ। ਮੇਰੇ ਖ਼ਿਆਲ ਵਿੱਚ ਇਹ ਬਹੁਤ ਹੀ ਘਟੀਆ ਯੋਜਨਾਬੰਦੀ ਵਾਲਾ ਆਪਰੇਸ਼ਨ ਹੈ।

ਹੁਣ ਦਿੱਤੀ ਤੋਂ ਲਗਾਤਾਰ ਇਹ ਖ਼ਬਰਾਂ ਲੱਗ ਰਹੀਆਂ ਹਨ ਕਿ ਇਸ ਆਪਰੇਸ਼ਨ ਦੀ ਨਿਗਰਾਨੀ ਵੀ ਕੇਂਦਰੀ ਏਜੰਸੀਆਂ ਕਰ ਰਹੀਆਂ ਹਨ।

ਜਿਵੇਂ ਖ਼ਬਰਾਂ ਆ ਰਹੀਆਂ ਹਨ ਕਿ ਕਈ ਦਿਨਾਂ ਤੋਂ ਆਪਰੇਸ਼ਨ ਦੀ ਤਿਆਰੀ ਸੀ, ਜੇ ਤਿਆਰੀ ਅਜਿਹੀ ਹੁੰਦੀ ਹੈ ਤਾਂ ਗੱਲ ਸਮਝੋਂ ਬਾਹਰੀ ਹੈ, ਇਸ ਵਿੱਚ ਤਾਂ ਕੇਂਦਰੀ ਏਜੰਸੀਆਂ ਦੀ ਕਾਰਗੁਜ਼ਾਰੀ ਦੀ ਵੀ ਸਮਝ ਨਹੀਂ ਪੈਂਦੀ।

''''''''ਇਹ ਮੈਸੇਜ ਕੀ ਦੇਣਾ ਚਾਹੁੰਦੇ ਹਨ, ਕੀ 2024 ਦੀ ਲੜਾਈ ਪੰਜਾਬ ਵਿੱਚੋਂ ਹੋ ਰਹੀ ਹੈ। ਇੱਕ ਪਾਸੇ ਕਿਹਾ ਜਾਂਦਾ ਹੈ ਕਿ ਕੇਂਦਰੀ ਏਜੰਸੀਆਂ ਦੇ ਤਾਲਮੇਲ ਨਾਲ ਕਾਰਵਾਈ ਹੋ ਰਹੀ ਹੈ, ਇਸ ਦਾ ਅਰਥ ਹੈ ਭਾਜਪਾ ਕਰ ਰਹੀ ਹੈ, ਇੱਕ ਇਹ ਸਿਆਸਤ ਹੈ।''''''''

''''''''ਦੂਜੇ ਪਾਸੇ ਸਰਕਾਰ ਆਪ ਦੀ ਹੈ, ਪਰ ਕਿਹਾ ਜਾਂਦਾ ਹੈ ਕਿ ਭਗਵੰਤ ਮਾਨ ਮੁੱਖ ਮੰਤਰੀ ਆਪ ਦੇ ਹੀ ਨਹੀਂ, ਉਨ੍ਹਾਂ ਦਾ ਦਿੱਲੀ ਵਾਲਿਆਂ ਨਾਲ ਵੀ ਪੂਰਾ ਤਾਲਮੇਲ ਹੈ। ਜਾਣਿ ਕਿ ਭਾਜਪਾ ਦੀ ਸਰਕਾਰ ਨਾਲ। ਕਿੱਥੇ ਕੌਣ ਕਿਹਦੀ ਸਿਆਸਤ ਕਰਨ ਰਿਹਾ ਹੈ ਇਹ ਦੇਖਣ ਵਾਲੀ ਗੱਲ ਹੈ।''''''''

''''''''ਜੇਕਰ ਇੰਨੇ ਦਿਨ ਦੀ ਯੋਜਨਾਬੰਦੀ ਤੋਂ ਬਾਅਦ ਆਪਰੇਸ਼ਨ ਸਿਰ੍ਹੇ ਨਹੀਂ ਚੜ੍ਹਿਆ ਤਾਂ ਸਵਾਲ ਦਿੱਲੀ ਵਾਲਿਆਂ ਦੇ ਨਾਲ ਪੰਜਾਬ ਸਰਕਾਰ ਉੱਤੇ ਜ਼ਿਆਦਾ ਹੈ।''''''''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''''ਤੇ ਜੁੜੋ।)