‘ਅਮ੍ਰਿਤਪਾਲ ਦੀ ਪ੍ਰੇਰਨਾ ਦੀਪ ਸਿੱਧੂ ਪਰ ਸਹਾਰਾ ਚਾਚੇ ਹਰਜੀਤ ਸਿੰਘ ਦਾ’

03/20/2023 8:01:30 PM

Getty Images
ਅਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਚਾਚਾ ਹਰਜੀਤ ਸਿੰਘ

ਅਮ੍ਰਿਤਪਾਲ ਸਿੰਘ ਦੇ ਚਾਚਾ ਹਰਜੀਤ ਸਿੰਘ ਨੇ ਐਤਵਾਰ ਰਾਤ ਪੁਲਿਸ ਸਾਹਮਣੇ ਆਤਮ-ਸਮਰਪਣ ਕੀਤਾ ਹੈ।

ਮੰਨਿਆ ਜਾਂਦਾ ਹੈ ਕਿ ਅਮ੍ਰਿਤਪਾਲ ਦੇ ਪਰਿਵਾਰ ਵਿੱਚੋਂ ਸਭ ਤੋਂ ਨੇੜੇ ਉਨ੍ਹਾਂ ਦੇ ਚਾਚਾ ਹਰਜੀਤ ਸਿੰਘ ਹੀ ਸਨ।

ਪਿਛਲੇ ਦਿਨੀਂ ਬੀਬੀਸੀ ਨਾਲ ਗੱਲਬਾਤ ਦੌਰਾਨ ਹਰਜੀਤ ਸਿੰਘ ਨੇ ਦੱਸਿਆ ਸੀ ਕਿ ਉਨ੍ਹਾਂ ਦਾ ਦੁਬਈ ਵਿੱਚ ਟਰਾਂਸਪੋਰਟ ਦਾ ਕਾਰੋਬਾਰ ਸੀ।

“ਇਸ ਕਾਰੋਬਾਰ ਵਿੱਚ ਅਮ੍ਰਿਤਪਾਲ ਤੇ ਉਨ੍ਹਾਂ ਦੇ ਪਿਤਾ ਤਰਸੇਮ ਸਿੰਘ ਵੀ ਉਨ੍ਹਾਂ ਦੇ ਨਾਲ ਹੀ ਜੁੜੇ ਹੋਏ ਹਨ।”

ਅਮ੍ਰਿਤਪਾਲ ਸਿੰਘ ਮੰਨਦੇ ਸਨ ਕਿ ਪਰਿਵਾਰ ਦੇ ਆਰਥਿਕ ਹਾਲਾਤ ਠੀਕ ਹੋਣ ਵਿੱਚ ਹਰਜੀਤ ਸਿੰਘ ਦਾ ਵੱਡਾ ਯੋਗਦਾਨ ਸੀ।

ਪਰਿਵਾਰ ਦੀ ਸਾਂਝ

ਪਿਛਲੇ ਕਈ ਮਹੀਨਿਆਂ ਤੋਂ ਹਰਜੀਤ ਸਿੰਘ ਤੇ ਉਨ੍ਹਾਂ ਦੇ ਵੱਡੇ ਭਰਾ ਤਰਸੇਮ ਸਿੰਘ ਪੰਜਾਬ ਵਿੱਚ ਹੀ ਹਨ ਤੇ ਬਹੁਤਾ ਸਮਾਂ ਆਪਣੇ ਪਿੰਡ ਜੱਲੂਪਰ ਖੇੜਾ ਵਿੱਚ ਬਿਤਾਉਂਦੇ ਹਨ।

ਹਰਜੀਤ ਸਿੰਘ ਨੇ ਦੱਸਿਆ ਕਿ,“ਅਮ੍ਰਿਤਪਾਲ ਮੇਰੇ ਨਾਲ ਹੀ ਕੰਮ ਵਿਚ ਹੱਥ ਵਟਾਉਂਦਾ ਹੈ। ਉਸ ਦੇ ਪਿਤਾ ਵੀ ਸਾਡੇ ਨਾਲ ਹੀ ਕੰਮ ਕਰਦੇ ਹਨ ਤੇ ਉਹ ਮੁੱਖ ਤੌਰ ’ਤੇ ਕਰੇਨ ਡਰਾਈਵਰ ਦਾ ਕੰਮ ਕਰਦੇ ਹਨ।”

Getty Images
ਅਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ

ਪੰਜ ਭਰਾਵਾਂ ਵਿੱਚ ਸਭ ਤੋਂ ਵੱਡੇ ਤਰਸੇਮ ਸਿੰਘ

ਹਰਜੀਸ ਸਿੰਘ ਹੋਰੀਂ ਕੁੱਲ ਪੰਜ ਭਰਾ ਹਨ।

ਅਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਭ ਤੋਂ ਵੱਡੇ ਹਨ।

ਤਰਸੇਮ ਸਿੰਘ ਨੇ ਬੀਬੀਸੀ ਨੂੰ ਦੱਸਿਆ ਸੀ ਕਿ, “ਸਾਡੇ ਪਰਿਵਾਰ ਦੇ ਹਾਲਾਤ ਕੋਈ ਬਹੁਤੇ ਚੰਗੇ ਨਹੀਂ ਸਨ।”

ਤਿੰਨ ਭਰਾ ਪਿੰਡ ਵਿੱਚ ਹੀ ਰਹੇ ਤੇ ਇੱਕ ਪੰਜਾਬ ਪੁਲਿਸ ਵਿੱਚ ਭਰਤੀ ਹੋ ਗਿਆ। ਹਰਜੀਤ ਸਿੰਘ 1990 ਦੇ ਦਹਾਕੇ ਵਿੱਚ ਦੁਬਈ ਚਲੇ ਗਏ ਸਨ।

ਤਰਸੇਮ ਸਿੰਘ ਦੱਸਦੇ ਹਨ, “ਮੈਂ ਕਿਸੇ ਕੰਪਨੀ ਵਿੱਚ ਬਤੌਰ ਕਰੇਨ ਡਰਾਈਵਰ ਕੰਮ ਕਰਦਾ ਸੀ ਤੇ ਫ਼ਿਰ ਮੈਂ ਨੌਕਰੀ ਛੱਡ ਕੇ ਮੁੰਬਈ ਚਲਾ ਗਿਆ ਸੀ।”

“ਫ਼ਿਰ ਮੈਂ ਹਰਜੀਤ ਸਿੰਘ ਕੋਲ ਦੁਬਈ ਚਲਾ ਗਿਆ ਤੇ ਉਥੇ ਜਿਸ ਵੀ ਕੰਮ ਲਈ ਮੇਰੀ ਲੋੜ ਪੈਂਦੀ ਮੈਂ ਉਹ ਹੀ ਕਰ ਲੈਂਦਾ ਸੀ।”

BBC

ਅਮ੍ਰਿਤਪਾਲ ਸਿੰਘ ''''ਤੇ ਪੁਲਿਸ ਦੀ ਕਾਰਵਾਈ - ਹੁਣ ਤੱਕ ਕੀ-ਕੀ ਹੋਇਆ

  • ਅਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੂੰ ਫੜ੍ਹਨ ਲਈ ਪੰਜਾਬ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ
  • ਹੁਣ ਤੱਕ ਪੰਜਾਬ ਪੁਲਿਸ ਨੇ ਅਮ੍ਰਿਤਪਾਲ ਸਿੰਘ ਦੇ 114 ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ
  • ਪਰ ਪੁਲਿਸ ਦਾ ਕਹਿਣਾ ਹੈ ਕਿ ਅਮ੍ਰਿਤਪਾਲ ਅਜੇ ਉਨ੍ਹਾਂ ਦੀ ਗ੍ਰਿਫ਼ਤ ਤੋਂ ਬਾਹਰ ਹਨ ਤੇ ਉਨ੍ਹਾਂ ਦੀ ਭਾਲ਼ ਜਾਰੀ ਹੈ
  • ਇਹ ਕਾਰਵਾਈ ਸ਼ਨੀਵਾਰ ਨੂੰ ਜਲੰਧਰ ਅਤੇ ਸ਼ਾਹਕੋਟ ਦੇ ਇਲਾਕਿਆਂ ਤੋਂ ਸ਼ੁਰੂ ਕੀਤੀ ਗਈ ਸੀ
  • ਇਸ ਸਿਲਸਿਲੇ ''''ਚ ਪੰਜਾਬ ਵਿੱਚ ਇੰਟਰਵਨੈੱਟ ਸੇਵਾਵਾਂ ਮੰਗਲਵਾਰ ਦੁਪਹਿਰ ਤੱਕ ਮੁਅੱਤਲ ਹਨ
  • ਕੁਝ ਜ਼ਿਲ੍ਹਿਆਂ ਵਿੱਚ ਧਾਰਾ 144 ਲਗਾਈ ਆਈ ਹੈ ਤੇ ਪੁਲਿਸ ਫਲੈਗ ਮਾਰਚ ਵੀ ਕੱਢ ਰਹੀ ਹੈ
BBC
Getty Images
ਅਮ੍ਰਿਤਪਾਲ ਸਿੰਘ ਦੀ ਉਨ੍ਹਾਂ ਦੇ ਪਿੰਡ ਜੱਲੂਪੁਰ ਖੇੜਾ ਦੀ ਫ਼ਰਵੀਰ 2023 ਦੀ ਇੱਕ ਤਸਵੀਰ

ਅਮ੍ਰਿਤਪਾਲ ਤੇ ਹਰਜੀਤ ਸਿੰਘ ਦਾ ਸਾਥ

ਤਰਸੇਮ ਸਿੰਘ ਦੱਸਦੇ ਹਨ ਕਿ ਚਾਚਾ ਭਤੀਜਾ (ਅਮ੍ਰਿਤਪਾਲ ਤੇ ਹਰਜੀਤ ਸਿੰਘ) ਇਕੱਠੇ ਕੰਮ ਕਰਦੇ ਰਹੇ ਹਨ।

ਉਹ ਕਹਿੰਦੇ ਹਨ, “ਕੰਪਨੀ ਦੀ ਮੈਨੇਜਮੈਂਟ ਉਹ ਦੋਵੇਂ ਹੀ ਵੇਖਦੇ ਸੀ। ਅਮ੍ਰਿਤਪਾਲ ’ਤੇ ਅਦਾਕਾਰ ਤੇ ਕਾਰਕੁਨ ਦੀਪ ਸਿੱਧੂ ਦਾ ਬਹੁਤ ਪ੍ਰਭਾਵ ਰਿਹਾ ਹੈ।”

“ਉਹ ਸਾਡੀ ਕਿਸੇ ਦੀ ਗੱਲ ਬਹੁਤੀ ਨਹੀਂ ਸੀ ਸੁਣਦਾ ਹੁੰਦਾ। ਉਹੀ ਕਰਦਾ ਹੈ ਜੋ ਉਸ ਨੂੰ ਠੀਕ ਲੱਗਦਾ ਸੀ ਪਰ ਉਹ ਆਪਣੇ ਚਾਚੇ ਦੀ ਗੱਲ ਜ਼ਰੂਰ ਮੰਨਦਾ ਹੈ।”

“ਇੱਕ ਤਰੀਕੇ ਨਾਲ ਅਮ੍ਰਿਤਪਾਲ ਨੂੰ ਹਰਜੀਤ ਦਾ ਕਾਫ਼ੀ ਸਹਾਰਾ ਰਿਹਾ ਹੈ।”

Getty Images

ਇਲਾਕੇ ਵਿੱਚ ਰੁਤਬਾ

ਜੱਦੀ ਪਿੰਡ ਜੁਲੂਪੁਰ ਖੇੜਾ ਤੇ ਉਸ ਦੇ ਨੇੜਲੇ ਪਿੰਡਾਂ ਦੇ ਲੋਕ ਵੀ ਹਰਜੀਤ ਸਿੰਘ ਦਾ ਬਹੁਤ ਸਤਿਕਾਰ ਕਰਦੇ ਹਨ।

ਇੱਕ ਪਿੰਡ ਵਾਸੀ ਨੇ ਦੱਸਿਆ ਕਿ, “ਅਸੀਂ ਤਾਂ ਉਨ੍ਹਾਂ ਨੂੰ ਵੱਡੀਆਂ ਗੱਡੀਆਂ ਚਲਾਉਂਦਿਆਂ ਵੇਖਿਆ ਹੈ ਤੇ ਪਿੰਡ ਵਾਲੇ ਉਨ੍ਹਾਂ ਨੂੰ ਇੱਕ ਕਾਮਯਾਬ ਇਨਸਾਨ ਮੰਨਦੇ ਹਨ। ਉਨ੍ਹਾਂ ਦੀ ਇਲਾਕੇ ਵਿੱਚ ਬਹੁਤ ਇੱਜ਼ਤ ਹੈ।”

ਜੱਲੂਪੁਰ ਖੇੜਾ ਕਰੀਬ 2000 ਆਬਾਦੀ ਵਾਲਾ ਪਿੰਡ ਹੈ ਤੇ ਹਰਜੀਤ ਇੱਥੇ ਸਰਪੰਚ ਰਹਿ ਚੁੱਕੇ ਹਨ।

ਕਿਤੇ ਆਉਣ ਜਾਣ ਸਮੇਂ ਅਮ੍ਰਿਤਪਾਲ ਨਾਲ ਅਕਸਰ ਚਾਚਾ ਹਰਜੀਤ ਸਿੰਘ ਨਜ਼ਰ ਆਉਂਦੇ ਹਨ। ਉਹ ਬਹੁਤ ਵਾਰ ਅਮ੍ਰਿਤਪਾਲ ਦੀ ਗੱਡੀ ਵੀ ਚਲਾਉਂਦੇ ਸਨ।

ਇੱਥੋਂ ਤਕ ਕਿ ਜਦੋਂ ਪੁਲਿਸ ਉਨ੍ਹਾਂ ਦਾ ਪਿੱਛਾ ਕਰ ਰਹੀ ਸੀ ਤਾਂ ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਉਸ ਵੇਲੇ ਵੀ ਅਮ੍ਰਿਤਪਾਲ ਸਿੰਘ ਤੇ ਹਰਜੀਤ ਸਿੰਘ ਇੱਕੋ ਗੱਡੀ ਵਿੱਚ ਸਵਾਰ ਸਨ।

ਤਰਸੇਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਕੋਲ ਕਰੀਬ 10 ਏਕੜ ਜ਼ਮੀਨ ਹੈ ਜੋ ਠੇਕੇ ’ਤੇ ਦਿੱਤੀ ਹੋਈ ਹੈ।

ਉਨ੍ਹਾਂ ਮੁਤਬਾਕ “ਇਹ ਜ਼ਮੀਨ ਸਾਡੀ ਭਰਾਵਾਂ ਦੀ ਸਾਂਝੀ ਹੈ।”

“ਪਹਿਲਾਂ ਸਾਡੇ ਕੋਲ ਪਿੰਡ ਵਿੱਚ ਇੱਕ ਹੀ ਘਰ ਸੀ ਪਰ ਜਿਵੇਂ ਜਿਵੇਂ ਪਰਿਵਾਰ ਵਧੇ ਤੇ ਲੋੜਾਂ ਵਧੀਆਂ ਤਾਂ ਸਭ ਨੇ ਆਪੋ-ਆਪਣੇ ਘਰ ਲੈ ਲਏ। ਪਰ ਸਭ ਤੋਂ ਵੱਡੀ ਗੱਲ ਇਹ ਹੈ ਸਾਡੇ ਪਰਿਵਾਰ ਵਿੱਚ ਅੱਜ ਵੀ ਏਕਾ ਹੈ ਤੇ ਪਿਆਰ ਬਰਕਰਾਰ ਹੈ।”

ਹਰਜੀਤ ਆਤਮ-ਸਮਰਪਣ

ਅਮ੍ਰਿਤਪਾਲ ਸਿੰਘ ਦੇ ਚਾਚੇ ਹਰਜੀਤ ਸਿੰਘ ਤੇ ਉਸ ਦੀ ਗੱਡੀ ਦੇ ਡਰਾਇਵਰ ਨੇ ਪੰਜਾਬ ਪੁਲਿਸ ਸਾਹਮਣੇ ਆਤਮ ਸਮਰਪਣ ਕਰ ਦਿੱਤਾ ਹੈ।

ਖ਼ਬਰ ਏਜੰਸੀ ਏਐੱਨਆਈ ਨੇ ਐੱਸਐੱਸਪੀ ਜਲੰਧਰ (ਦਿਹਾਤੀ) ਸਵਰਣਦੀਪ ਸਿੰਘ ਦੇ ਹਾਵਲੇ ਨਾਲ ਜਾਣਕਾਰੀ ਦਿੱਤੀ ਕਿ ਦੋਵਾਂ ਨੇ ਐਤਵਾਰ ਰਾਤ ਨੂੰ ਆਤਮ-ਸਮਰਪਣ ਕੀਤਾ।

ਇਹ ਰਿਪੋਰਟ ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਦੀ ਫ਼ਰਵਰੀ ਦੇ ਆਖ਼ਰੀ ਹਫ਼ਤੇ ਹਰਜੀਤ ਸਿੰਘ ਤੇ ਤਰਸੇਮ ਸਿੰਘ ਨਾਲ ਹੋਈ ਗੱਲਬਾਤ ’ਤੇ ਅਧਾਰਤ ਹੈ। ਉਹ ਅਮ੍ਰਿਤਪਾਲ ਸਿੰਘ ਦੀ ਇੰਟਰਵਿਊ ਕਰਨ ਉਨ੍ਹਾਂ ਦੇ ਪਿੰਡ ਜੱਲੂਪੁਰ ਖੇੜਾ ਗਏ ਸਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''''ਤੇ ਜੁੜੋ)