ਅਮ੍ਰਿਤਪਾਲ ਸਿੰਘ ਮਾਮਲਾ: ਹੁਣ ਤੱਕ ਕੀ ਕੁਝ ਪਤਾ ਲੱਗਾ ਤੇ ਕਿਹੜੇ ਸਵਾਲਾਂ ਦੇ ਜਵਾਬ ਨਹੀਂ ਮਿਲੇ

03/20/2023 5:46:29 PM

Getty Images
ਅਮ੍ਰਿਤਪਾਲ ਸਿੰਘ

ਪੰਜਾਬ ਪੁਲਿਸ ਨੇ ਸੋਮਵਾਰ ਨੂੰ ਕਿਹਾ ਹੈ ਕਿ ‘ਵਾਰਿਸ ਪੰਜਾਬ ਦੇ’ ਜਥੇਬੰਦੀ ਨਾਲ ਜੁੜੇ 5 ਲੋਕਾਂ ਉਪਰ ਐਨਐੱਸਏ ਲਗਾਇਆ ਗਿਆ ਹੈ ਅਤੇ ਪੁਲਿਸ ਇਸ ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਉਪਰ ਵੀ ਐਨਐੱਸਏ ਲਗਾ ਸਕਦੀ ਹੈ ਪਰ ਹਾਲੇ ਉਹਨਾਂ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।

ਚੰਡੀਗੜ੍ਹ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਆਈਜੀ ਸੁਖਚੈਨ ਸਿੰਘ ਗਿੱਲ ਨੇ ਕਿਹਾ ਹੈ, “ਅਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਹਨਾਂ ਉਪਰ ਐਨਐੱਸਏ ਲੱਗ ਸਕਦਾ ਹੈ। ਅਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਲਈ ਯਤਨ ਜਾਰੀ ਹਨ। ਐਨਐੱਸਏ ਕੇਸ ਵਿੱਚ ਨਾਮਜਦ ਵੱਖ-ਵੱਖ ਮੁਲਜ਼ਮਾਂ ਦੇ ਅਪਰਾਧ ਦੇ ਅਧਾਰ ਉਪਰ ਲਗਾਇਆ ਜਾਂਦਾ ਹੈ।”

ਸੁਖਚੈਨ ਸਿੰਘ ਗਿੱਲ ਮੁਤਾਬਕ ਹੁਣ ਤੱਕ ਇਹਨਾਂ ਲੋਕਾਂ ਖ਼ਿਲਾਫ਼ 6 ਕੇਸ ਦਰਜ ਕੀਤੇ ਗਏ ਹਨ ਅਤੇ ਅਮ੍ਰਿਤਪਾਲ ਸਿੰਘ ਦੇ 114 ਕਰੀਬੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸ਼ਨੀਵਾਰ ਸ਼ਾਮ ਤੱਕ 78 ਵਿਅਕਤੀਆਂ ਨੂੰ ਵੱਖ ਵੱਖ ਥਾਵਾਂ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਜਦੋਂਕਿ ਐਤਵਾਰ ਨੂੰ ਰਾਜ ਭਰ ਵਿੱਚ 34 ਹੋਰ ਗ੍ਰਿਫਤਾਰੀਆਂ ਕੀਤੀਆਂ ਗਈਆਂ।

Getty Images
ਅਮ੍ਰਿਤਪਾਲ ਸਿੰਘ

ਪੰਜ ਲੋਕ ਕੌਣ ਹਨ ਜਿੰਨ੍ਹਾਂ ਉਪਰ ਐਨਐੱਸਏ ਲੱਗਾ?

ਅਮ੍ਰਿਤਪਾਲ ਸਿੰਘ ਦੇ ਚਾਰ ਕਰੀਬੀਆਂ ਨੂੰ ਅਸਾਮ ਦੇ ਡਿਬਰੂਗੜ ਵੀ ਲਿਜਾਇਆ ਗਿਆ ਹੈ ਅਤੇ ਉਸ ਦੇ ਚਾਚੇ ਹਰਜੀਤ ਸਿੰਘ ਨੂੰ ਲਿਜਾਇਆ ਜਾ ਰਿਹਾ ਹੈ।

ਆਈਜੀ ਮੁਤਾਬਕ ਇਹਨਾਂ ਮੁਲਜ਼ਮਾਂ ਦੀ ਪਛਾਣ ਅਮ੍ਰਿਤਪਾਲ ਸਿੰਘ ਦੇ ਕਰੀਬੀ ਦਲਜੀਤ ਸਿੰਘ ਕਲਸੀ, ਭਗਵੰਤ ਸਿੰਘ ਉਰਫ਼ ਪ੍ਰਧਾਨ ਮੰਤਰੀ ਬਾਜਕੇ, ਬਸੰਤ ਸਿੰਘ ਅਤੇ ਗੁਰਮੀਤ ਬੁੱਕਣਵਾਲਾ ਵੱਜੋਂ ਹੋਈ ਹੈ।

ਸੁਖਚੈਨ ਸਿੰਘ ਗਿੱਲ ਨੇ ਕਿਹਾ, “ਹੁਣ ਤੱਕ ਇਹਨਾਂ 5 ਮੁਲਜ਼ਮਾਂ ਖਿਲਾਫ਼ ਐਨਐੱਸਏ ਲਗਾਇਆ ਗਿਆ ਹੈ। ਇਹਨਾਂ ਨੂੰ ਕਾਨੂੰਨ ਮੁਤਾਬਕ ਅਸਾਮ ਦੀ ਜੇਲ੍ਹ ਵਿੱਚ ਭੇਜਿਆ ਗਿਆ ਹੈ। ਪੁਲਿਸ ਮੁਲਜ਼ਮਾਂ ਨੂੰ ਇੱਕ ਸੂਬੇ ਤੋਂ ਦੂਜੇ ਸੂਬੇ ਵਿੱਚ ਭੇਜ ਸਕਦੀ ਹੈ।”

Getty Images

ਅਮ੍ਰਿਤਪਾਲ ਸਿੰਘ ਦੇ ਚਾਚੇ ਦੀ ਕਿੱਥੋਂ ਹੋਈ ਗ੍ਰਿਫ਼ਤਾਰੀ

ਜਲੰਧਰ ਦਿਹਾਤੀ ਦੇ ਐੱਸਐੱਸਪੀ ਸਵਰਨਦੀਪ ਸਿੰਘ ਨੇ ਅਮ੍ਰਿਤਪਾਲ ਸਿੰਘ ਦੇ ਚਾਚਾ ਹਰਜੀਤ ਸਿੰਘ ਅਤੇ ਡਰਾਈਵਰ ਹਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਇਹ ਗ੍ਰਿਫਤਾਰੀ ਸ਼ਾਹਕੋਟ ਵਿਖੇ 19 ਮਾਰਚ ਦੇਰ ਰਾਤ ਨੂੰ ਕੀਤੀ ਗਈ ਹੈ।

ਹਰਜੀਤ ਸਿੰਘ ਅਮ੍ਰਿਤਪਾਲ ਦਾ ਚਾਚਾ ਹੈ ਅਤੇ ਉਸ ਦੇ ਸਲਾਹਕਾਰ ਵਜੋਂ ਵੀ ਕੰਮ ਕਰਦਾ ਹੈ। ਪੇਸ਼ੇ ਤੋਂ ਦੁਬਈ ਵਿੱਚ ਟਰਾਂਸਪੋਰਟ ਹੈ।

ਹਰਜੀਤ ਸਿੰਘ ਨੇ ਦਾਅਵਾ ਕੀਤਾ ਹੈ ਕਿ ਜਿਸ ਸਮੇਂ ਸ਼ਨੀਵਾਰ ਨੂੰ ਪੁਲਿਸ ਨੇ ਅਮ੍ਰਿਤਪਾਲ ਸਿੰਘ ਦੀਆਂ ਗੱਡੀਆਂ ਦੇ ਕਾਫ਼ਲੇ ਨੂੰ ਘੇਰਾ ਪਾਇਆ ਤਾਂ ਉਹ ਅਮ੍ਰਿਤਪਾਲ ਸਿੰਘ ਦੇ ਨਾਲ ਸੀ।

ਜਲੰਧਰ ਪੁਲਿਸ ਮੁਤਾਬਕ ਜਿਸ ਮਰਸਡੀਜ਼ ਗੱਡੀ ਨੂੰ ਅਮ੍ਰਿਤਪਾਲ ਸਿੰਘ ਇਸਤੇਮਾਲ ਕਰਦਾ ਸੀ, ਉਹ ਹਰਜੀਤ ਸਿੰਘ ਕੋਲੋਂ ਬਰਾਮਦ ਕਰ ਲਈ ਗਈ ਹੈ।

BBC
ਪੰਜਾਬ ਪੁਲਿਸ ਦੇ ਆਈਜੀ ਸੁਖਚੈਨ ਸਿੰਘ ਗਿੱਲ

ਆਈਐੱਸਆਈ ਨਾਲ ਸਬੰਧ ਅਤੇ ਵਿਦੇਸ਼ੀ ਫੰਡਾਂ ਦਾ ਸ਼ੱਕ

ਆਈਜੀ ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਇਸ ਜਥੇਬੰਦੀ ਦਾ ਆਈਐੱਸਐੱਸ ਨਾਲ ਸਬੰਧ ਅਤੇ ਵਿਦੇਸ਼ਾਂ ਤੋਂ ਫੰਡ ਲੈਣ ਦਾ ਸ਼ੱਕ ਹੈ।

ਗਿੱਲ ਨੇ ਵਿਦੇਸ਼ੀ ਫੰਡ ਬਾਰੇ ਬੋਲਦਿਆਂ ਕਿਹਾ ਕਿ ਅਜੇ ਇਸ ਦਾ ਪੂਰਾ ਹਿਸਾਬ ਨਹੀਂ ਦਿੱਤਾ ਜਾ ਸਕਦਾ ਪਰ ਇਹ ਥੋੜੇ ਥੋੜੇ ਪੈਸਿਆਂ ਦੇ ਰੂਪ ਵਿੱਚ ਆਇਆ ਹੈ।

ਉਹਨਾਂ ਕਿਹਾ ਕਿ ਗੱਡੀਆਂ ਅਤੇ ਦੂਜੇ ਸਾਜ਼ੋ-ਸਮਾਨ ਦੀ ਖਰੀਦੋ ਫਰੋਖਤ ਜਾਂਚ ਦਾ ਵਿਸ਼ਾ ਹੈ, ਉਹ ਇਨ੍ਹਾਂ ਦੇ ਆਪਣੇ ਪੈਸੇ ਦੇ ਨਹੀਂ ਹਨ। ਖਾਲਸਾ ਵਹੀਰ ਵਿੱਚ ਵੀ ਵਿਦੇਸ਼ੀ ਫੰਡਿਗ ਹੋਈ ਹੈ।

ਗਿੱਲ ਨੇ ਕਿਹਾ ਕਿ ਆਈਐੱਸਐੱਸ ਨਾਲ ਸਬੰਧ ਹੋਣ ਦੇ ਸ਼ੱਕ ਬਾਰੇ ਜਾਂਚ ਕੀਤੀ ਜਾ ਰਹੀ ਹੈ।

ਪੰਜਾਬ ਪੁਲਿਸ ਮੁਤਾਬਕ ਸ਼ਨੀਵਾਰ ਦੁਪਹਿਰ ਨੂੰ ਜਲੰਧਰ ਜ਼ਿਲ੍ਹੇ ਦੇ ਸ਼ਾਹਕੋਟ-ਮਲਸੀਆਂ ਰੋਡ ’ਤੇ ਪੁਲਿਸ ਵੱਲੋਂ ‘ਵਾਰਿਸ ਪੰਜਾਬ ਦੇ’ (ਡਬਲਯੂ.ਪੀ.ਡੀ.) 7 ਕਾਰਕੁਨਾਂ ਨੂੰ ਮੌਕੇ ਤੋਂ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ।

ਸੁਖਚੈਨ ਸਿੰਘ ਗਿੱਲ ਮੁਤਾਬਕ ਸੂਬਾ ਪੱਧਰੀ ਕਾਰਵਾਈ ਦੌਰਾਨ ਹੁਣ ਤੱਕ 9 ਹਥਿਆਰ, ਜਿੰਨਾ ਵਿੱਚ ਇੱਕ .315 ਬੋਰ ਦੀ ਰਾਈਫ਼ਲ, 12 ਬੋਰ ਦੀਆਂ ਸੱਤ ਰਾਈਫਲਾਂ, ਇੱਕ ਰਿਵਾਲਵਰ ਅਤੇ ਵੱਖ-ਵੱਖ ਕੈਲੀਬਰ ਦੇ 373 ਜਿੰਦਾ ਕਾਰਤੂਸ ਸ਼ਾਮਲ ਹਨ।

ਦੂਜੇ ਪਾਸੇ ਜਲੰਧਰ ਪੁਲਿਸ ਨੇ ਇੱਕ ਲਾਵਾਰਸ ਈਸੂਜ਼ੂ ਗੱਡੀ ਬਰਾਮਦ ਕੀਤੀ ਹੈ।

ਪੁਲਿਸ ਮੁਤਾਬਕ ਇਸ ਗੱਡੀ ਦੀ ਵਰਤੋਂ ਅਮ੍ਰਿਤਪਾਲ ਸਿੰਘ ਵੱਲੋਂ ਫ਼ਰਾਰ ਹੋਣ ਲਈ ਕੀਤੀ ਗਈ ਹੈ।

ਲਾਵਾਰਸ ਗੱਡੀ ਵਿੱਚੋਂ ਇੱਕ .315 ਬੋਰ ਰਾਈਫ਼ਲ ਸਮੇਤ 57 ਜ਼ਿੰਦਾ ਕਾਰਤੂਸ, ਇੱਕ ਤਲਵਾਰ ਅਤੇ ਇੱਕ ਵਾਕੀ-ਟਾਕੀ ਸੈੱਟ ਬਰਾਮਦ ਕੀਤਾ ਗਿਆ ਹੈ।

ਪੁਲਿਸ ਨੇ ਕੁਝ ਦੇਸੀ ਕਾਰਤੂਸ ਬਰਾਮਦ ਕਰਨ ਦਾ ਦਾਅਵਾ ਵੀ ਕੀਤਾ ਹੈ।

Getty Images

ਪੰਜਾਬ ’ਚ ਵਿਰੋਧ ਪ੍ਰਦਰਸ਼ਨਾਂ ਦੀ ਸਥਿਤੀ

ਪੰਜਾਬ ਵਿੱਚ ਫ਼ਿਲਹਾਲ ਮੁਹਾਲੀ ਦੇ ਏਅਰਪੋਰਟ ਰੋਡ ਉੱਤੇ ਕੌਮੀ ਇਨਸਾਫ਼ ਮੋਰਚੇ ਦੇ ਕੁਝ ਕਾਰਕੁਨਾਂ ਵਿੱਚ ਅਮ੍ਰਿਤਪਾਲ ਸਿੰਘ ਦੇ ਖ਼ਿਲਾਫ਼ ਕੀਤੀ ਗਈ ਕਾਨੂੰਨੀ ਕਾਰਵਾਈ ਦੇ ਵਿਰੋਧ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

ਇੰਨਾ ਦੀ ਗਿਣਤੀ 100 ਦੇ ਕਰੀਬ ਹੈ ਅਤੇ ਮਾਹੌਲ ਸ਼ਾਂਤ ਹੈ।

ਹਵਾਈ ਅੱਡੇ ਜਾਂਦੀ ਸੜਕ ਦਾ ਇੱਕ ਹਿੱਸਾ ਪ੍ਰਦਰਸ਼ਨਕਾਰੀਆਂ ਨੇ ਜਾਮ ਕੀਤਾ ਹੋਇਆ ਹੈ। ਮੌਕੇ ਉੱਤੇ ਭਾਰੀ ਗਿਣਤੀ ਵਿੱਚ ਪੁਲਿਸ ਤੈਨਾਤ ਹੈ।

ਦੂਜੇ ਪਾਸੇ ਕਰਨਾਲ ਵਿੱਚ ਕੁਝ ਸਿੱਖ ਸੰਗਠਨਾਂ ਨੇ ਅਮ੍ਰਿਤਪਾਲ ਸਿੰਘ ਦੇ ਖ਼ਿਲਾਫ਼ ਕੀਤੀ ਜਾ ਰਹੀ ਕਾਨੂੰਨੀ ਕਾਰਵਾਈ ਦੇ ਵਿਰੋਧ ਵਿੱਚ 21 ਮਾਰਚ ਨੂੰ ਹਰਿਆਣਾ ਦੇ ਸਿੱਖਾਂ ਨੂੰ ਕਰਨਾਲ ਵਿੱਚ ਇਕੱਠੇ ਹੋਣ ਦਾ ਸੱਦਾ ਦਿੱਤਾ ਹੈ।

ਇਸ ਤੋਂ ਇਲਾਵਾ ਚੰਡੀਗੜ੍ਹ ਅਤੇ ਪੰਜਾਬ ਦੇ ਕਈ ਜ਼ਿਲਿਆਂ ਵਿੱਚ ਧਾਰਾ 144 ਲਗਾਈ ਗਈ ਹੈ।

ਪੁਲਿਸ ਵੱਲੋਂ ਤੀਜੇ ਦਿਨ ਵੀ ਕਈ ਜ਼ਿਲਿਆਂ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਦੇ ਲਈ ਫਲੈਗ ਮਾਰਚ ਕੀਤਾ ਜਾ ਰਿਹਾ ਹੈ।

Getty Images

ਪੰਜਾਬ ਦੀ ਮੌਜੂਦਾ ਸਥਿਤੀ ਕੀ ਹੈ?

''''ਵਾਰਿਸ ਪੰਜਾਬ ਦੇ'''' ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਦਾ ਮੁੱਦਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਪਹੁੰਚ ਗਿਆ ਹੈ। ਇਸ ਸਬੰਧੀ ਪਟੀਸ਼ਨ ਜਥੇਬੰਦੀ ਨਾਲ ਜੁੜੇ ਇਮਾਨ ਸਿੰਘ ਵੱਲੋਂ ਅਦਾਲਤ ''''ਚ ਦਾਖ਼ਲ ਕੀਤੀ ਗਈ ਹੈ।

ਪਟੀਸ਼ਨਕਰਤਾ ਨੇ ਅਮ੍ਰਿਤਪਾਲ ਨੂੰ ਅਦਾਲਤ ਵਿੱਚ ਪੇਸ਼ ਕਰਨ ਦੀ ਮੰਗ ਹੈ। ਅਦਾਲਤ ਵੱਲੋਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ ਅਤੇ ਮਾਮਲੇ ''''ਤੇ ਸੁਣਵਾਈ 21 ਮਾਰਚ ਨੂੰ ਹੋਵੇਗੀ।

ਆਈਜੀ ਸੁਖਚੈਨ ਸਿੰਘ ਗਿੱਲ ਨੇ ਕਿਹਾ ਹੈ ਕਿ ਅਮ੍ਰਿਤਪਾਲ ਸਿੰਘ ਦੀ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ ਅਤੇ ਉਹ ਇਸ ਸਬੰਧੀ ਅਦਾਲਤ ਨੂੰ ਜਾਣਕਾਰੀ ਦੇਣਗੇ।

ਸੂਬੇ ਦੇ ਗ੍ਰਹਿ ਵਿਭਾਗ ਵੱਲੋਂ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਮੋਬਾਈਲ ਇੰਟਰਨੈੱਟ ਸੇਵਾ ਮੰਗਲਵਾਰ ਦੁਪਹਿਰ 12 ਵਜੇ ਤੱਕ ਬੰਦ ਕਰ ਦਿੱਤੀ ਹੈ। ਸ਼ਨੀਵਾਰ ਤੋਂ ਪੰਜਾਬ ਵਿੱਚ ਮੋਬਾਈਲ ਇੰਟਰਨੈੱਟ ਸੇਵਾ ਬੰਦ ਹੈ।

Getty Images
ਅੰਮ੍ਰਿਤਪਾਲ ਸਿੰਘ

ਅਮ੍ਰਿਤਪਾਲ ਬਾਰੇ ਉਹ ਗੱਲਾਂ ਜਿਨਾਂ ਦੀ ਜਾਣਕਾਰੀ ਨਹੀਂ

ਅਮ੍ਰਿਤਪਾਲ ਸਿੰਘ ਬਾਰੇ ਸਹੀ ਸਥਿਤੀ ਸਪਸ਼ਟ ਕਰਨ ਵਿੱਚ ਪੁਲਿਸ ਅਜੇ ਵੀ ਨਾਕਾਮ ਹੈ।

ਪੁਲਿਸ ਦਾਅਵਾ ਕਰ ਰਹੀ ਹੈ ਅਮ੍ਰਿਤਪਾਲ ਸਿੰਘ ਫ਼ਿਲਹਾਲ ਫ਼ਰਾਰ ਹੈ।

ਪਹਿਲਾਂ ਮੀਡੀਆ ਵਿੱਚ ਖ਼ਬਰ ਆਈ ਕਿ ਅਮ੍ਰਿਤਪਾਲ ਸਿੰਘ ਸ਼ਾਹਕੋਟ ਦੇ ਗੁਰਦੁਆਰਾ ਸਾਹਿਬ ਵਿੱਚ ਹਨ ਪਰ ਸ਼ਾਮ ਨੂੰ ਪੁਲਿਸ ਨੇ ਖ਼ੁਲਾਸਾ ਕੀਤਾ ਕਿ ਉਹ ਫ਼ਰਾਰ ਹੋ ਗਿਆ ਹੈ।

ਅਮ੍ਰਿਤਪਾਲ ਸਿੰਘ ਦੇ ਪਰਿਵਾਰ ਨੂੰ ਉਸ ਦੀ ਕੋਈ ਜਾਣਕਾਰੀ ਨਹੀਂ ਹੈ। ਭਾਵ ਅਮ੍ਰਿਤਪਾਲ ਸਿੰਘ ਬਾਰੇ ਸਥਿਤੀ ਅਜੇ ਤੱਕ ਸਪੱਸ਼ਟ ਨਹੀਂ ਹੈ।

ਅਮ੍ਰਿਤਪਾਲ ਸਿੰਘ ਖ਼ਿਲਾਫ਼ ਕੀਤਾ ਜਾ ਰਿਹਾ ਪੁਲਿਸ ਅਪਰੇਸ਼ਨ ਕਿੰਨਾਂ ਸਮੇਂ ਅਤੇ ਕਿੰਨੇ ਦਿਨ ਚੱਲੇਗਾ, ਇਸ ਬਾਰੇ ਵੀ ਪੁਲਿਸ ਕੁਝ ਨਹੀਂ ਦੱਸ ਰਹੀ ਹੈ।

ਸ਼ਨੀਵਾਰ ਤੋਂ ਲੈ ਕੇ ਮੰਗਲਵਾਰ ਤੱਕ ਪੁਲਿਸ ਦੀ ਛਾਪੇਮਾਰੀ ਜਾਰੀ ਹੈ।

ਪੰਜਾਬ ਪੁਲਿਸ ਨੇ ਧਾਰਮਿਕ ਸਥਾਨ ਖ਼ਾਸ ਤੌਰ ਉੱਤੇ ਵੱਡੇ ਅਤੇ ਪਿੰਡਾਂ ਵਿਚਲੇ ਗੁਰਦੁਆਰਿਆਂ ਅੱਗੇ ਵੀ ਪੁਲਿਸ ਦੀ ਤੈਨਾਤੀ ਕੀਤੀ ਹੈ ਅਤੇ ਲੋਕਾਂ ਨੂੰ ਅਫ਼ਵਾਹਾਂ ਉੱਤੇ ਵਿਸ਼ਵਾਸ ਨਾ ਕਰਨ ਦੀ ਅਪੀਲ ਕੀਤੀ ਹੈ।

Getty Images

ਕਿਸੇ ਮਾਮਲੇ ’ਚ ਕਾਰਵਾਈ ਹੋਈ

ਜਲੰਧਰ ਪੁਲਿਸ ਮੁਤਾਬਕ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਕਾਰਕੁੰਨ ਚਾਰ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਹਨ, ਜਿੰਨਾਂ ਵਿੱਚ ਸਮਾਜ ਵਿੱਚ ਅਸਥਿਰਤਾ ਫੈਲਾਉਣ, ਇਰਾਦਾ ਕਤਲ, ਪੁਲਿਸ ਮੁਲਾਜ਼ਮਾਂ ’ਤੇ ਹਮਲਾ ਕਰਨ ਅਤੇ ਸਰਕਾਰੀ ਕਰਮਚਾਰੀਆਂ ਦੀਆਂ ਡਿਊਟੀਆਂ ਨੂੰ ਕਾਨੂੰਨੀ ਤਰੀਕੇ ਨਾਲ ਨਿਭਾਉਣ ਵਿੱਚ ਵਿਘਨ ਪਾਉਣ ਸਬੰਧੀ ਮਾਮਲੇ ਸ਼ਾਮਲ ਹਨ।

ਉਨਾਂ ਅੱਗੇ ਕਿਹਾ ਕਿ ਅਜਨਾਲਾ ਪੁਲਿਸ ਥਾਣੇ ’ਤੇ ਹਮਲੇ ਲਈ ‘ਡਬਲਯੂਪੀਡੀ’ ਦੇ ਕਾਰਕੁਨਾਂ ਵਿਰੁੱਧ 24 ਫਰਵਰੀ ਨੂੰ ਮੁਕੱਦਮਾ ਦਰਜ ਕੀਤਾ ਗਿਆ ਸੀ।

Getty Images
ਅੰਮ੍ਰਿਤਪਾਲ ਸਿੰਘ

ਮੀਡੀਆ ’ਚ ਅਮ੍ਰਿਤਪਾਲ ਦੀ ਗ੍ਰਿਫਤਾਰੀ ਬਾਰੇ ਖ਼ਬਰਾਂ ਦਾ ਸੱਚ

ਅਮ੍ਰਿਤਪਾਲ ਸਿੰਘ ਨੂੰ ਲੈ ਕੇ ਸਥਾਨਕ ਅਤੇ ਨੈਸ਼ਨਲ ਮੀਡੀਆ ਵਿੱਚ ਕਈ ਤਰਾਂ ਦੀਆਂ ਖ਼ਬਰਾਂ ਹਨ।

ਪਹਿਲਾਂ ਸ਼ਨੀਵਾਰ ਨੂੰ ਹੀ ਮੀਡੀਆ ਨੇ ਅਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਦੀ ਖ਼ਬਰ ਚਲਾਈ ਫਿਰ ਉਸ ਤੋਂ ਬਾਅਦ ਇਸ ਖ਼ਬਰ ਤੋਂ ਉਹ ਪਲਟ ਗਏ।

ਐਤਵਾਰ ਰਾਤੀ ਫਿਰ ਇੱਕ ਨੈਸ਼ਨਲ ਚੈਨਲ ਨੇ ਅਮ੍ਰਿਤਪਾਲ ਸਿੰਘ ਦੀ ਸ਼ਾਹਕੋਟ ਤੋਂ ਗ੍ਰਿਫਤਾਰੀ ਦੀ ਖ਼ਬਰ ਚਲਾਈ ਪਰ ਪੰਜਾਬ ਪੁਲਿਸ ਨੇ ਇਸ ਨੂੰ ਫੇਕ ਨਿਊਜ਼ ਦਾ ਨਾਮ ਦਿੱਤਾ।

ਪੰਜਾਬ ਪੁਲਿਸ ਨੇ ਕਈ ਵਾਰ ਸੋਸ਼ਲ ਮੀਡੀਆ ਉੱਤੇ ਅਫ਼ਵਾਹਾਂ ਤੋਂ ਬਚਣ ਦੀ ਲੋਕਾਂ ਨੂੰ ਅਪੀਲ ਕੀਤੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''''ਤੇ ਜੁੜੋ)