ਅਮ੍ਰਿਤਪਾਲ ਸਿੰਘ: ''''ਵਾਰਿਸ ਪੰਜਾਬ ਦੇ'''' ਜਥੇਬੰਦੀ ਦੇ ਗਠਨ ਦਾ ਕੀ ਮਕਸਦ ਸੀ ਤੇ ਹੁਣ ਇਸ ਵਿੱਚ ਕੀ ਮੋੜ ਆਇਆ

03/20/2023 1:46:31 PM

Getty Images

ਪਿਛਲੇ ਕਈ ਮਹੀਨਿਆਂ ਤੋਂ ਪੰਜਾਬ ਅਤੇ ਦੇਸ਼ ਦੀ ਸਿਆਸਤ ਵਿੱਚ ਖਾਲਿਸਤਾਨ ਦੀ ਮੰਗ ਕਾਰਨ ਅਮ੍ਰਿਤਪਾਲ ਸਿੰਘ ਕਾਫ਼ੀ ਚਰਚਾ ਅਤੇ ਅਲੋਚਨਾ ਦੀ ਵਿਸ਼ਾ ਬਣੇ ਹੋਏ ਹਨ।

ਪੰਜਾਬ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਪੁਲਿਸ ਵੱਲੋਂ ਅਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੀ ਫੜ੍ਹੋ-ਫੜ੍ਹੀ ਚੱਲ ਰਹੀ ਹੈ।

ਅਮ੍ਰਿਤਪਾਲ ਸਿੰਘ ''''ਵਾਰਿਸ ਪੰਜਾਬ ਦੇ'''' ਜਥੇਬੰਦੀ ਦੇ ਮੁਖੀ ਹਨ ਅਤੇ ਸਿੱਖਾਂ ਲਈ ਵੱਖਰੇ ਰਾਜ ਦੀ ਮੰਗ ਕਰਦੇ ਰਹੇ ਹਨ।

ਅਮ੍ਰਿਤਪਾਲ ਸਿੰਘ ਦੁਬਈ ਤੋਂ ਪਰਤੇ ਪੰਜਾਬੀ ਹਨ, ਜਿੰਨ੍ਹਾਂ ਨੇ ਪੰਜਾਬ ਆ ਕੇ ਅੰਮ੍ਰਿਤ ਸੰਚਾਰ ਅਤੇ ਨਸ਼ਾ ਵਿਰੋਧੀ ਲਹਿਰ ਚਲਾ ਰਹੇ ਹਨ ਅਤੇ ਉਹ ‘ਵਾਰਿਸ ਪੰਜਾਬ ਦੇ’ ਦੇ ਮੁਖੀ ਬਣੇ।

ਉਹ ਆਪਣੇ ਗਰਮਸੁਰ ਵਾਲੇ ਬਿਆਨਾਂ ਕਰਾਨ ਸਿਆਸੀ ਤੇ ਮੀਡੀਆ ਹਲਕਿਆਂ ਦੀ ਚਰਚਾ ਵਿੱਚ ਸਨ, ਪਰ ਪਿਛਲੇ ਮਹੀਨੇ ਅੰਮ੍ਰਿਤਸਰ ਦੇ ਅਜਨਾਲਾ ਥਾਣੇ ਉੱਪਰ ਹਥਿਆਰਬੰਦ ਭੀੜ ਵੱਲੋਂ ਕੀਤੇ ਹਮਲੇ ਤੋਂ ਬਾਅਦ ਵਧੇਰੇ ਕੌਮੀ ਪੱਧਰ ਉੱਤੇ ਚਰਚਾ ਵਿੱਚ ਆ ਗਏ।

ਅਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਇਹ ਪ੍ਰਦਰਸ਼ਨ ਆਪਣੇ ਇੱਕ ਸਾਥੀ ਲਵਪ੍ਰੀਤ ਸਿੰਘ ਉਰਫ਼ ਤੂਫ਼ਾਨ ਦੀ ਰਿਹਾਈ ਲਈ ਕੀਤਾ ਗਿਆ ਸੀ, ਜੋ ਕੁੱਟ-ਮਾਰ ਦੇ ਕੇਸ ਵਿੱਚ ਜੇਲ੍ਹ ਅੰਦਰ ਬੰਦ ਸੀ।

''''ਵਾਰਿਸ ਪੰਜਾਬ ਦੇ'''' ਜਥੇਬੰਦੀ ਕਿਵੇਂ ਤੇ ਕਿਸ ਨੇ ਬਣਾਈ?

DEEP SIDHU/FB
ਸੰਦੀਪ ਸਿੰਘ ਉਰਫ਼ ਦੀਪ ਸਿੱਧੂ

ਜਾਣਕਾਰ ਕਹਿੰਦੇ ਹਨ ਕਿ ਜਦੋਂ ਕਿਸਾਨ ਦਿੱਲੀ ਦੇ ਬਾਰਡਰਾਂ ਉੱਪਰ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਲੜ ਰਹੇ ਸਨ ਤਾਂ ਇਸ ਅੰਦੋਲਨ ਵਿੱਚ ਅਦਾਕਾਰ ਅਤੇ ਕਾਰਕੁਨ ਸੰਦੀਪ ਸਿੰਘ ਉਰਫ਼ ਦੀਪ ਸਿੱਧੂ ਵੱਖਰੇ ਤੌਰ ਉੱਪਰ ਇੱਕ ਵਿਚਾਰਧਾਰਾ ਨਾਲ ਕੰਮ ਕਰ ਰਹੇ ਸਨ।

ਅਦਾਕਾਰ ਦੀਪ ਸਿੱਧੂ ਨੇ ਪੰਜਾਬ ਵਿੱਚ ਚੋਣਾਂ ਤੋਂ ਪਹਿਲਾਂ ਸਾਲ 2021 ਵਿੱਚ ''''ਵਾਰਿਸ ਪੰਜਾਬ ਦੇ'''' ਨਾਮ ਦੀ ਜਥੇਬੰਦੀ ਬਣਾਈ।

ਇਸ ਜਥੇਬੰਦੀ ਦਾ ਮਕਸਦ ਪੰਜਾਬ ਅਤੇ ਕਿਸਾਨੀ ਨਾਲ ਜੁੜੇ ਮੁੱਦਿਆਂ ਨੂੰ ਚੁੱਕਣਾ ਸੀ।

ਜਦੋਂ ਕਿਸਾਨ ਪੰਜਾਬ ਵਿੱਚ 3 ਖੇਤੀ ਕਾਨੂੰਨਾਂ ਖਿਲਾਫ਼ ਪੰਜਾਬ ਵਿੱਚ ਮੋਰਚਾ ਚਲਾ ਰਹੇ ਸਨ, ਉਦੋਂ ਦੀਪ ਸਿੱਧੂ ਨੇ ''''''''ਲੜਾਈ ਫਸਲਾਂ ਦੀ ਨਹੀਂ,ਨਸਲਾਂ ਦੀ ਹੈ'''''''' ਦੇ ਨਆਰੇ ਨਾਲ ਸ਼ੰਭੂ ਵਿਖੇ ਮੋਰਚਾ ਲਿਆ ਸੀ।

ਪਰ ਉਹ ਸੰਘੀ ਢਾਂਚੇ ਅਤੇ ਸੂਬਿਆਂ ਦੇ ਵੱਧ ਅਧਿਕਾਰਾਂ ਦੀ ਮੰਗ ਕਰਦੇ ਸਨ।

ਦੀਪ ਸਿੰਘ ਨਾਲ ਉਸ ਸਮੇਂ ਜੁੜੇ ਰਹੇ ਅਜੇਪਾਲ ਸਿੰਘ ਬਰਾੜ ਕਹਿੰਦੇ ਹਨ, “ਜਦੋਂ ਸ਼ੰਭੂ ਬਾਰਡਰ ਉੱਪਰ ਮੋਰਚਾ ਲੱਗਿਆ ਹੋਇਆ ਸੀ ਤਾਂ ਦੀਪ ਸਿੱਧੂ ਨੇ ਪੰਜਾਬ ਕੇਂਦਰਿਤ ਅਤੇ ਖੇਤੀਬਾੜੀ ਬਾਰੇ ਕੰਮ ਕਰਨ ਦਾ ਵਿਚਾਰ ਕੀਤਾ ਸੀ। ਇਸ ਵਿੱਚ ਪੰਜਾਬ ਵਿੱਚ ਸਨਅਤ ਆਦਿ ਲਿਆਉਣ ਦਾ ਵੀ ਸੋਚਿਆ ਗਿਆ ਸੀ। ਅਸੀਂ ਕਿਸਾਨ ਮੋਰਚੇ ਦੇ ਖਤਮ ਹੋਣ ਤੋਂ ਬਾਅਦ ਅਲੱਗ ਹੋ ਗਏ ਸੀ ਪਰ ਦੀਪ ਸਿੱਧੂ ਇਸ ਜਥੇਬੰਦੀ ਨੂੰ ਚਲਾਉਂਦੇ ਰਹੇ ਸਨ।”

DEEP SIDHU/BBC

ਸਿਆਸੀ ਟਿੱਪਣੀਕਾਰ ਮਾਲਵਿੰਦਰ ਸਿੰਘ ਮਾਲੀ ਕਹਿੰਦੇ ਹਨ, “ਦੀਪ ਸਿੱਧੂ ਨੇ ਐਲਾਨ ਕੀਤਾ ਸੀ ਕਿ ਇਹ ਜਥੇਬੰਦੀ ਗੈਰ-ਸਿਆਸੀ ਹੋਵੇਗੀ। ਇਸ ਦਾ ਕੰਮ ਸਿੱਖਾਂ ਵਿੱਚ ਵਿੱਦਿਆ ਨੂੰ ਉਤਸ਼ਾਹਿਤ ਕਰਨਾ, ਸਿੱਖੀ ਸਿਧਾਤਾਂ, ਸਿੱਖੀ ਫਲਸਫੇ ਦਾ ਪ੍ਰਚਾਰ ਕਰਨਾ ਅਤੇ ਨੌਜਵਾਨਾਂ ਨੂੰ ਜਿਮ ਨਾਲ ਜੋੜਨਾ ਸੀ। ਉਨ੍ਹਾਂ ਕਿਹਾ ਸੀ ਕਿ ਉਹ ਚੋਣਾਂ ਵਿੱਚ ਹਿੱਸਾ ਨਹੀਂ ਲੈਣਗੇ।”

ਮਾਲਵਿੰਦਰ ਸਿੰਘ ਮਾਲੀ ਦੱਸਦੇ ਹਨ, “ਪਰ ਦੀਪ ਸਿੱਧੂ ਨੇ ਪੰਜਾਬ ਵਿਧਾਨ ਸਭਾ ਚੋਣਾਂ 2022 ਵਿੱਚ ਸਿਮਰਨਜੀਤ ਸਿੰਘ ਮਾਨ ਦੀ ਅਮਰਗੜ੍ਹ ਤੋਂ ਹਿਮਾਇਤ ਕੀਤੀ ਸੀ। ਹਾਲਾਂਕਿ ਮਾਨ ਇਹ ਚੋਣ ਹਾਰ ਗਏ ਸਨ।”

BBC

ਅਮ੍ਰਿਤਪਾਲ ਸਿੰਘ ''''ਤੇ ਪੁਲਿਸ ਦੀ ਕਾਰਵਾਈ - ਹੁਣ ਤੱਕ ਕੀ-ਕੀ ਹੋਇਆ

  • ਅਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੂੰ ਫੜ੍ਹਨ ਲਈ ਪੰਜਾਬ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ
  • ਹੁਣ ਤੱਕ ਪੰਜਾਬ ਪੁਲਿਸ ਨੇ ਅਮ੍ਰਿਤਪਾਲ ਸਿੰਘ ਦੇ 123 ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ
  • ਪਰ ਪੁਲਿਸ ਦਾ ਕਹਿਣਾ ਹੈ ਕਿ ਅਮ੍ਰਿਤਪਾਲ ਅਜੇ ਉਨ੍ਹਾਂ ਦੀ ਗ੍ਰਿਫ਼ਤ ਤੋਂ ਬਾਹਰ ਹਨ ਤੇ ਉਨ੍ਹਾਂ ਦੀ ਭਾਲ਼ ਜਾਰੀ ਹੈ
  • ਇਹ ਕਾਰਵਾਈ ਸ਼ਨੀਵਾਰ ਨੂੰ ਜਲੰਧਰ ਅਤੇ ਸ਼ਾਹਕੋਟ ਦੇ ਇਲਾਕਿਆਂ ਤੋਂ ਸ਼ੁਰੂ ਕੀਤੀ ਗਈ ਸੀ
  • ਇਸ ਸਿਲਸਿਲੇ ''''ਚ ਪੰਜਾਬ ਵਿੱਚ ਇੰਟਰਵਨੈੱਟ ਸੇਵਾਵਾਂ ਮੰਗਲਵਾਰ ਦੁਪਹਿਰ ਤੱਕ ਮੁਅੱਤਲ ਹਨ
  • ਕੁਝ ਜ਼ਿਲ੍ਹਿਆਂ ਵਿੱਚ ਧਾਰਾ 144 ਲਗਾਈ ਆਈ ਹੈ ਤੇ ਪੁਲਿਸ ਫਲੈਗ ਮਾਰਚ ਵੀ ਕੱਢ ਰਹੀ ਹੈ
BBC

ਅਮ੍ਰਿਤਪਾਲ ਦੀ ਤਾਜਪੋਸ਼ੀ ਤੇ ਖਾਲਿਸਤਾਨ ਦੀ ਮੰਗ

Getty Images

15 ਫ਼ਰਵਰੀ 2022 ਨੂੰ 37 ਸਾਲਾ ਦੀਪ ਸਿੱਧੂ ਦੀ ਇੱਕ ਕਾਰ ਹਾਦਸੇ ਵਿੱਚ ਮੌਤ ਹੋ ਗਈ ਸੀ।

ਉਹ ਆਪਣੀ ਇੱਕ ਮਹਿਲਾ ਮਿੱਤਰ ਰੀਨਾ ਰਾਏ ਨਾਲ ਦਿੱਲੀ ਤੋਂ ਪੰਜਾਬ ਵੱਲ ਆ ਰਹੇ ਸਨ। ਇਹ ਹਾਦਸਾ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਤੋਂ ਕੁਝ ਦਿਨ ਪਹਿਲਾਂ ਹੋਇਆ ਸੀ।

ਇਸ ਤੋਂ ਬਾਅਦ ਦੀਪ ਸਿੱਧੂ ਨੂੰ ਸ਼ਹੀਦ ਦਾ ਦਰਜਾ ਦੇਣ ਦੀ ਮੰਗ ਕੀਤੀ ਜਾਣ ਲੱਗੀ।

ਜਦੋਂ ਦੀਪ ਸਿੱਧੂ ਸਰਗਰਮ ਸਨ ਤਾਂ ਦੁਬਈ ਵਿੱਚ ਬੈਠੇ ਅਮ੍ਰਿਤਪਾਲ ਸਿੰਘ ਉਨ੍ਹਾਂ ਦੇ ਸੰਪਰਕ ਵਿੱਚ ਸਨ।

ਪਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਦੀਪ ਸਿੱਧੂ ਨੇ ਅਮ੍ਰਿਤਪਾਲ ਨੂੰ ਬਲੌਕ ਕੀਤਾ ਹੋਇਆ ਸੀ।

ਸਤੰਬਰ 2022 ਵਿੱਚ ਅਮ੍ਰਿਤਪਾਲ ਸਿੰਘ ਦੁਬਈ ਤੋਂ ਭਾਰਤ ਪਰਤੇ। ਉਨ੍ਹਾਂ ਨੇ ਆਪਣੇ ਵਾਲ ਵਧਾ ਲਏ ਅਤੇ ਅੰਮ੍ਰਿਤ ਛਕ ਲਿਆ।

ਅਮ੍ਰਿਤਪਾਲ ਸਿੰਘ ਦੀ ''''ਵਾਰਿਸ ਪੰਜਾਬ ਦੇ'''' ਮੁਖੀ ਵਜੋਂ ਦਸਤਾਰਬੰਦੀ ਜਥੇਬੰਦੀ ਦੀ ਪਹਿਲੀ ਵਰ੍ਹੇਗੰਢ ਮੌਕੇ 29 ਸਤੰਬਰ 2022 ਨੂੰ ਕੀਤੀ ਗਈ ਸੀ।

ਦਰਅਸਲ, ਇਸ ਦਿਨ ਦਮਦਮੀ ਟਕਸਾਲ ਦੇ ਸਾਬਕਾ ਮੁਖੀ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਜਨਮ ਦਿਨ ਵੀ ਸੀ।

ਦੀਪ ਸਿੱਧੂ ਅਤੇ ਅਮ੍ਰਿਤਪਾਲ ਸਿੰਘ ਵਿੱਚ ਬੁਨਿਆਦੀ ਫਰਕ ਇਹ ਹੈ ਕਿ ਅਮ੍ਰਿਤਪਾਲ ਨੇ ਖੁੱਲ੍ਹ ਕੇ ਸਿੱਖਾਂ ਲਈ ਖਾਲਿਸਤਾਨ ਦੀ ਮੰਗ ਕੀਤੀ ਪਰ ਦੀਪ ਸਿੱਧੂ ਨੇ ਅਜਿਹੇ ਕਦੇ ਨਹੀਂ ਕਿਹਾ ਸੀ।

ਉਹ ਆਪਣੇ ਭਾਸ਼ਣਾ ਅਤੇ ਤਕਰੀਰਾਂ ਵਿੱਚ ਸੂਬਿਆਂ ਨੂੰ ਵੱਧ ਅਧਿਕਾਰ ਦੀ ਵਕਾਲਤ ਕਰਦੇ ਹਨ, ਅਤੇ ਜਰਨੈਲ ਸਿੰਘ ਭਿੰਡਰਾਵਾਲਿਆਂ ਨੂੰ ਆਪਣਾ ''''ਹੀਰੋ'''' ਦੱਸਦੇ ਸਨ।

ਹਾਲਾਂਕਿ, 26 ਜਨਵਰੀ 2021 ਨੂੰ ਗਣਤੰਤਰ ਦਿਵਸ ਮੌਕੇ ਦਿੱਲੀ ਵਿੱਚ ਲਾਲ ਕਿਲੇ ਉੱਪਰ ਧਾਰਮਿਕ ਝੰਡਾ ਚੜ੍ਹਾਉਣ ਅਤੇ ਇਸ ਮੌਕੇ ਹੋਈ ਹਿੰਸਾ ਕਾਰਨ ਦੀਪ ਸਿੱਧੂ ਨੂੰ ਦਿੱਲੀ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ।

ਪਰ ਕੁਝ ਸਮੇਂ ਬਾਅਦ ਉਹ ਜਮਾਨਤ ਉੱਤੇ ਬਾਹਰ ਆ ਕੇ ਸਮਾਜਿਕ ਤੇ ਸਿਆਸੀ ਗਤੀਵਿਧੀਆਂ ਵਿੱਚ ਮੁੜ ਸਰਗਰਮ ਹੋ ਗਏ ਸਨ।

ਅਮ੍ਰਿਤਪਾਲ ਸਿੰਘ ਦਾ ਉਭਾਰ

Getty Images

''''ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਲੰਬਾ ਸਮਾਂ ਦੁਬਈ ਵਿੱਚ ਰਹਿ ਕੇ ਆਏ ਹਨ।

ਅਮ੍ਰਿਤਪਾਲ ਸਿੰਘ ਦਾ ਜਨਮ ਤੇ ਪਾਲਣ-ਪੋਸ਼ਣ ਅੰਮ੍ਰਿਤਸਰ ਦੇ ਜੱਲੂ ਖੇੜ੍ਹਾ ਪਿੰਡ ਵਿੱਚ ਹੋਇਆ ਹੈ।

ਅਮ੍ਰਿਤਪਾਲ ਸਿੰਘ ਨੇ 10 ਫ਼ਰਵਰੀ 2023 ਨੂੰ ਬਾਬਾ ਬਕਾਲਾ ਵਿੱਚ ਵਿਆਹ ਕਰਵਾਇਆ ਹੈ।

ਉਨ੍ਹਾਂ ਨਿੱਜਤਾ ਦਾ ਹਵਾਲਾ ਦਿੰਦਿਆਂ ਆਪਣੀ ਪਤਨੀ ਅਤੇ ਪਰਿਵਾਰ ਬਾਰੇ ਨਹੀਂ ਦੱਸਿਆ ਅਤੇ ਕਿਹਾ ਕਿ ਮੀਡੀਆ ਨੂੰ ਵੀ ਨਿੱਜੀ ਜ਼ਿੰਦਗੀ ਵਿੱਚ ਦਖ਼ਲ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।

ਅਮ੍ਰਿਤਪਾਲ ਖਾਲਿਸਤਾਨ ਦੀ ਮੰਗ ਤਾਂ ਕਰ ਹੀ ਰਹੇ ਸਨ ਪਰ ਜਦੋਂ ਉਨ੍ਹਾਂ ਨੇ ਆਪਣੇ ਸਾਥੀਆਂ ਨਾਲ ਅਜਨਾਲਾ ਥਾਣੇ ਦਾ ਘਿਰਾਓ ਕੀਤਾ, ਇਸ ਦੌਰਾਨ ਭੀੜ ਦੀ ਹਿੰਸਾ ਤੋਂ ਬਾਅਦ ਉਹ ਗਰਮਖਿਆਲੀ ਲੀਡਰ ਵੱਜੋਂ ਸਥਾਪਿਤ ਹੋ ਗਏ।

ਹੱਥਾਂ ਵਿੱਚ ਤਲਵਾਰਾਂ ਲੈ ਕੇ ਥਾਣੇ ਪਹੁੰਚੇ ਵੱਡੀ ਗਿਣਤੀ ਲੋਕ ਆਪਣੇ ਸਾਥੀ ਲਵਪ੍ਰੀਤ ਸਿੰਘ ਤੂਫ਼ਾਨ ਦੀ ਰਿਹਾਈ ਦੀ ਮੰਗ ਕਰ ਰਹੇ ਸਨ।

ਇਸ ਦੇ ਨਾਲ ਹੀ ਅਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਪੰਜ ਸਾਥੀਆਂ ਉੱਤੇ ਦਰਜ ਪਰਚਿਆਂ ਨੂੰ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਸੀ।

ਇਹ ਮਾਮਲਾ 15 ਫਰਵਰੀ 2022 ਨੂੰ ਵਰਿੰਦਰ ਸਿੰਘ ਨਾਂ ਦੇ ਇੱਕ ਵਿਅਕਤੀ ਦੀ ਕਥਿਤ ਕੁੱਟਮਾਰ ਨਾਲ ਜੁੜਿਆ ਹੋਇਆ ਸੀ।

ਇਸ ਤੋਂ ਬਾਅਦ ਸ਼ਾਮ ਨੂੰ ਲਵਪ੍ਰੀਤ ਸਿੰਘ ਤੂਫਾਨ ਨੂੰ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿੱਚ ਬਣੀ ਸਹਿਮਤੀ ਅਤੇ ਕਾਨੂੰਨੀ ਪ੍ਰਕਿਰਿਆ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ ਸੀ।

Getty Images

ਜੇਲ੍ਹ ਵਿੱਚੋਂ ਬਾਹਰ ਆ ਕੇ ਲਵਪ੍ਰੀਤ ਨੇ ਕਿਹਾ ਸੀ ਕਿ ਜੇ ਸਿੱਖਾਂ ਨੇ ਅੱਗੇ ਜਾਣਾ ਹੈ ਕਿ ਤਾਂ ਉਨ੍ਹਾਂ ਨੂੰ ਇਕੱਠੇ ਹੋਣਾ ਪਵੇਗਾ।

ਅਮ੍ਰਿਤਪਾਲ ਸਿੰਘ ਕਹਿੰਦੇ ਹਨ, ‘ਸਾਡੇ ਖਾਲਿਸਤਾਨ ਦੇ ਮਕਸਦ ਨੂੰ ਬੁਰਾਈ ਜਾਂ ਵਰਜਿਤ ਨਾ ਸਮਝਿਆ ਜਾਵੇ। ਉਸ ਨੂੰ ਬੜੀ ਵਿਦਵਤਾ ਨਾਲ ਵੇਖਿਆ ਜਾਵੇ।’

ਸੀਨੀਅਰ ਪੱਤਰਕਾਰ ਜਗਤਾਰ ਸਿੰਘ ਮੁਤਾਬਕ, “ਪੰਜਾਬ ਵਿੱਚ 1975 ਤੋਂ ਲੈ ਕੇ 1995 ਤੱਕ ਚੱਲੀ ਸਿੱਖ ਸੰਘਰਸ਼ ਦੀ ਲਹਿਰ ਦੌਰਾਨ ਕਰੀਬ 40 ਹਜਾਰ ਲੋਕਾਂ ਦੀ ਜਾਨ ਗਈ। ਲੋਕ ਦਰਬਾਰ ਸਾਹਿਬ ਉੱਪਰ ਹਮਲੇ ਨੂੰ ਵੀ ਨਹੀਂ ਭੁੱਲੇ ਹਨ। ਸਿੱਖਾਂ ਦਾ ਸਘੰਰਸ਼ ਹਾਲੇ ਖਤਮ ਨਹੀਂ ਹੋਇਆ ਸੀ।”

ਉਹ ਕਹਿੰਦੇ ਹਨ, “ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦਾ ਨਿਘਾਰ ਹੋ ਗਿਆ ਸੀ। ਇਸ ਸਮੇਂ ਸਿੱਖ ਰਾਜਨੀਤੀ ਦੀ ਥਾਂ ਲੈਣ ਵਾਲਾ ਕੋਈ ਚਾਹੀਦਾ ਸੀ। ਅਮ੍ਰਿਤਪਾਲ ਸਿੰਘ ਨੇ ਇਸ ਥਾਂ ਨੂੰ ਭਰਿਆ ਅਤੇ ਉਹ ਸਿੱਖਾਂ ਦੀ ਗਰਮ ਖਿਆਲੀ ਨੇਤਾ ਬਣ ਕੇ ਅੱਗੇ ਆ ਰਿਹਾ ਸੀ।”

ਅਮ੍ਰਿਤਪਾਲ ਸਿੰਘ ਉੱਤੇ ਕਿਹੜੇ ਕੇਸ ਦਰਜ ਕੀਤੇ ਗਏ ਹਨ

Getty Images
ਅਮ੍ਰਿਤਪਾਲ ਸਿੰਘ ਦਾ ਘਰ

''''ਵਾਰਿਸ ਪੰਜਾਬ ਦੇ'''' ਮੁਖੀ ਅਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਫੜ੍ਹਨ ਲਈ ਪੰਜਾਬ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।

ਹੁਣ ਤੱਕ ਪੰਜਾਬ ਪੁਲਿਸ ਨੇ ਅਮ੍ਰਿਤਪਾਲ ਸਿੰਘ ਦੇ 123 ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ ਪਰ ਅਮ੍ਰਿਤਪਾਲ ਅਜੇ ਤੱਕ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਦੱਸੇ ਜਾ ਰਹੇ ਹੈ।

ਪੰਜਾਬ ਪੁਲਿਸ ਦੇ ਬੁਲਾਰੇ ਨੇ ਦੱਸਿਆ ‘ਵਾਰਿਸ ਪੰਜਾਬ ਦੇ’ ਦੇ ਕਾਰਕੁੰਨ ਚਾਰ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਹਨ।

ਇਨ੍ਹਾਂ ਵਿੱਚ ਸਮਾਜ ਵਿੱਚ ਅਸਥਿਰਤਾ ਫੈਲਾਉਣ, ਇਰਾਦਾ ਕਤਲ, ਪੁਲਿਸ ਮੁਲਾਜ਼ਮਾਂ ’ਤੇ ਹਮਲਾ ਕਰਨਾ ਅਤੇ ਸਰਕਾਰੀ ਕਰਮਚਾਰੀਆਂ ਦੀਆਂ ਡਿਊਟੀਆਂ ਨੂੰ ਕਾਨੂੰਨੀ ਤਰੀਕੇ ਨਾਲ ਨਿਭਾਉਣ ਵਿੱਚ ਵਿਘਨ ਪਾਉਣਾ ਸ਼ਾਮਿਲ ਹੈ।

ਪੁਲਿਸ ਨੇ ਕਿਹਾ ਹੈ ਕਿ ਅਜਨਾਲਾ ਪੁਲਿਸ ਥਾਣੇ ’ਤੇ ਹਮਲੇ ਲਈ ‘ਵਾਰਿਸ ਪੰਜਾਬ ਦੇ’ ਦੇ ਕਾਰਕੁੰਨਾਂ ਵਿਰੁੱਧ 24 ਫਰਵਰੀ ਨੂੰ ਮੁਕੱਦਮਾ ਨੰਬਰ 39 ਦਰਜ ਕੀਤਾ ਗਿਆ ਸੀ।

ਖ਼ਬਰ ਏਜੰਸੀ ਪੀਟੀਆਈ ਦੇ ਮੁਤਾਬਕ, ਅਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਕੁਝ ਸਾਥੀਆਂ ਦੇ ਖ਼ਿਲਾਫ਼ ਗੈਰ-ਕਾਨੂੰਨੀ ਹਥਿਆਰ ਰੱਖਣ ਦੇ ਮਾਮਲੇ ਵਿੱਚ ਐਤਵਾਰ ਨੂੰ ਇੱਕ ਤਾਜ਼ਾ ਐਫਆਈਆਰ ਦਰਜ ਕੀਤੀ ਗਈ ਹੈ।

BBC

(ਬੀਬੀਸੀ ਪੰਜਾਬੀ ਨਾਲ ਅਤੇ ''''ਤੇ ਜੁੜੋ।)