ਅਮ੍ਰਿਤਪਾਲ ਸਿੰਘ: ਪੰਜਾਬ ਦੇ ਹਾਲਾਤ ਬਾਰੇ ਕੌਮਾਂਤਰੀ ਪੱਧਰ ਕਿਹੋ ਜਿਹਾ ਹੋ ਰਿਹਾ ਪ੍ਰਤੀਕਰਮ

03/19/2023 12:31:28 PM

Getty Images
ਅਮ੍ਰਿਤਪਾਲ ਸਿੰਘ

''''ਵਾਰਿਸ ਪੰਜਾਬ ਦੇ'''' ਮੁਖੀ ਅਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੂੰ ਫੜ੍ਹਨ ਲਈ ਪੰਜਾਬ ਪੁਲਿਸ ਵੱਲੋਂ ਕੀਤੀ ਜਾ ਰਹੀ ਕਾਰਵਾਈ ਉਪਰ ਅੰਤਰਰਾਸ਼ਟਰੀ ਪੱਧਰ ਉਪਰ ਪ੍ਰਤੀਕਰਮ ਆਉਣੇ ਸ਼ੁਰੂ ਹੋ ਗਏ ਹਨ।

ਪੰਜਾਬ ਵਿੱਚ ਇੰਟਰਵਨੈੱਟ ਸੇਵਾਵਾਂ ਮੁਅੱਤਲ ਕਰਨ ਅਤੇ ਧਾਰਾ 144 ਲਗਾ ਕੇ 4 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ਉਪਰ ਲਗਾਈ ਰੋਕ ਖਿਲਾਫ਼ ਆਵਾਜ਼ ਉੱਠ ਰਹੀ ਹੈ।

ਪੰਜਾਬ ਵਿੱਚ ਪ੍ਰਸਾਸ਼ਨ ਨੇ ਸੋਮਵਾਰ ਦੁਪਹਿਰ 12 ਵਜੇ ਤੱਕ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਹਨ।

ਅਮਰੀਕਾ ਅਤੇ ਕੈਨੇਡਾ ਦੀ ਰਾਜਨੀਤੀ ਵਿੱਚ ਸਰਗਰਮ ਸਿੱਖ ਆਗੂਆਂ ਵੱਲੋਂ ਪੰਜਾਬ ਦੇ ਤਾਜ਼ਾ ਹਲਾਤ ਉਪਰ ਚਿੰਤਾ ਪ੍ਰਗਟ ਕੀਤੀ ਜਾ ਰਹੀ ਹੈ।

ਹੁਣ ਤੱਕ ਪੰਜਾਬ ਪੁਲਿਸ ਨੇ ਅਮ੍ਰਿਤਪਾਲ ਸਿੰਘ ਦੇ 78 ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।

ਇਨ੍ਹਾਂ ਵਿੱਚੋਂ 4 ਨੂੰ ਪੰਜਾਬ ਪੁਲਿਸ ਦੀ ਟੀਮ ਅੱਜ ਅਸਾਮ ਦੇ ਡਿਬਰੂਗੜ੍ਹ ਲੈ ਕੇ ਪਹੁੰਚੀ ਹੈ।

ਇਹਨਾਂ ਕੋਲੋਂ 8 ਰਾਇਫਲਾਂ ਸਣੇ 9 ਹਥਿਆਰ ਫੜ੍ਹੇ ਗਏ ਹਨ ਅਤੇ ਆਪਰੇਸ਼ਨ ਦੌਰਾਨ ਇੱਕ ਰਿਵਾਲਵਰ ਵੀ ਬਰਾਮਦ ਹੋਇਆ ਹੈ।

ਇਹ ਕਾਰਵਾਈ ਸ਼ਨੀਵਾਰ ਨੂੰ ਜਲੰਧਰ ਅਤੇ ਸ਼ਾਹਕੋਟ ਦੇ ਇਲਾਕਿਆਂ ਤੋਂ ਸ਼ੁਰੂ ਕੀਤੀ ਗਈ ਸੀ।

BBC

ਵਿਦੇਸ਼ਾਂ ਤੋਂ ਲੀਡਰਾਂ ਦੇ ਕੀ ਪ੍ਰਤੀਕਰਮ ਆਏ ਹਨ ?

ਕੈਨੇਡਾ ਵਿੱਚ ਨਿਊ ਡੈਮੋਕਰੇਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ ਨੇ ਟਵਿੱਟਰ ਉਪਰ ਲਿਖਿਆ ਹੈ, “ਮੈਂ ਇਸ ਗੱਲ ਨਾਲ ਚਿੰਤਿਤ ਹਾਂ ਕਿ ਭਾਰਤ ਨੇ ਸ਼ਹਿਰੀਆਂ ਦੇ ਅਧਿਕਾਰਾਂ ਨੂੰ ਖਤਮ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਸੂਬੇ ਵਿੱਚ ਇੰਟਰਨੈੱਟ ਬੰਦ ਕੀਤਾ ਹੈ।”

ਉਹਨਾਂ ਇੱਕ ਹੋਰ ਟਵੀਟ ਵਿੱਚ ਕਿਹਾ, “ਮੈਂ ਜਸਟਿਨ ਟਰੂਡੋ ਅਤੇ ਲਿਬਰਲ ਸਰਕਾਰ ਨੂੰ ਕਹਿੰਦਾ ਹਾਂ ਕਿ ਨਾਗਰਿਕ ਆਜ਼ਾਦੀ ਖਤਮ ਕਰਨ ਅਤੇ ਵਿਦੇਸ਼ਾਂ ਵਿੱਚ ਕੈਨੇਡੀਅਨਾਂ ਦੀ ਸੁਰੱਖਿਆ ਬਾਰੇ ਤੁਰੰਤ ਆਪਣੇ ਭਾਰਤੀ ਹਮਰੁਤਬਾ ਨਾਲ ਸੰਪਰਕ ਕਰਨ।”

Twitter

ਕੈਨੇਡਾ ਦੇ ਐਡਮਿੰਟਨ ਮਿੱਲ ਵੁਡਸ ਤੋਂ ਮੈਂਬਰ ਪਾਰਲੀਮੈਂਟ ਟਿੰਮ ਉੱਪਲ ਨੇ ਇੱਕ ਟਵੀਟ ਕਰਕੇ ਲਿਖਿਆ, “ਭਾਰਤ ਦੇ ਪੰਜਾਬ ਵਿੱਚੋਂ ਆ ਰਹੀਆਂ ਰਿਪੋਰਟਾਂ ਨਾਲ ਕਾਫ਼ੀ ਚਿੰਤਿਤ ਹਾਂ। ਸਰਕਾਰ ਨੇ ਇੰਟਰਨੈੱਟ ਸੇਵਾਵਾਂ ਬੰਦ ਕੀਤੀਆਂ ਹਨ ਅਤੇ ਕੁਝ ਇਲਾਕਿਆਂ ਵਿੱਚ 4 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ਉਪਰ ਪਾਬੰਧੀ ਲਗਾਈ ਗਈ ਹੈ। ਅਸੀਂ ਹਲਾਤ ਦਾ ਨੇੜੇ ਤੋਂ ਜਾਇਜਾ ਲੈ ਰਹੇ ਹਾਂ।”

Twitter
BBC

ਕੀ ਹੈ ਮਾਮਲਾ?

  • ਸ਼ਨੀਵਾਰ ਨੂੰ ਪੁਲਿਸ ਵੱਲੋਂ ਅਮ੍ਰਿਤਪਾਲ ਸਿੰਘ ਨੂੰ ਫੜਨ ਲਈ ਜਲੰਧਰ ਅਤੇ ਸ਼ਾਹਕੋਟ ਦੇ ਇਲਾਕਿਆਂ ਵਿੱਚ ਕਾਰਵਾਈ ਕੀਤੀ ਗਈ ਸੀ।
  • ਪੰਜਾਬ ਪੁਲਿਸ ਨੇ ਹੁਣ ਤੱਕ ਵਾਰਿਸ ਪੰਜਾਬ ਦੇ ਜਥੇਬੰਦੀ ਦੇ 78 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
  • ਅਮ੍ਰਿਤਪਾਲ ਸਿੰਘ ਗ੍ਰਿਫ਼ਤ ਵਿੱਚੋਂ ਬਾਹਰ ਹੈ, ਪੁਲਿਸ ਟੀਮਾਂ ਭਾਲ ਕਰ ਰਹੀਆਂ ਹਨ।
  • ਕਈ ਜ਼ਿਲ੍ਹਿਆਂ ਵਿੱਚ ਧਾਰਾ 144 ਲਗਾਈ ਹੈ, ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਗਈ ਹੈ।
  • ਪ੍ਰਸਾਸ਼ਨ ਨੇ ਸੋਮਵਾਰ ਦੁਪਹਿਰ 12 ਵਜੇ ਤੱਕ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਹਨ।
  • ਪੁਲਿਸ ਵੱਲੋਂ ਜਗ੍ਹਾਂ-ਜਗ੍ਹਾਂ ਫਲੈਗ ਮਾਰਚ ਕੱਢੇ ਜਾ ਰਹੇ ਹਨ।
BBC

ਮਿਸੀਸਾਗਾ-ਮਾਲਟਨ ਤੋਂ ਇੱਕ ਹੋਰ ਮੈਂਬਰ ਪਾਰਲੀਮੈਂਟ ਇੱਕਵਿੰਦਰ ਸਿੰਘ ਗਹੀਰ ਨੇ ਟਵੀਟ ਕੀਤਾ ਹੈ, “ਮੈਂ ਇਸ ਗੱਲ ਨਾਲ ਦੁਖੀ ਹਾਂ ਕਿ ਭਾਰਤ ਵਿੱਚ ਪੰਜਾਬ ਅੰਦਰ ਵੱਡੇ ਪੱਧਰ ਉਪਰ ਇੰਟਰਨੈੱਟ ਸੇਵਾਵਾਂ ਬੰਦ ਕੀਤੀਆਂ ਹਨ ਅਤੇ 4 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ਉਪਰ ਰੋਕ ਲਗਾਈ ਗਈ ਹੈ। ਲੋਕਤੰਤਰ ਵਿੱਚ ਨਾਗਰਿਕਾਂ ਦੇ ਅਧਿਕਾਰਾਂ ਅਤੇ ਆਜ਼ਾਦੀ ਨੂੰ ਬਣ ਕੇ ਰੱਖਿਆ ਜਾਵੇ।”

Twitter

ਅਮਰੀਕਾ ਦੇ ਸ਼ਹਿਰ ਨਿਊਯਾਰਕ ਵਿੱਚ ਅਮ੍ਰਿਤਪਾਲ ਸਿੰਘ ਦਾ ਹਮਾਇਤ ਵਿੱਚ 19 ਮਾਰਚ ਨੂੰ ਇਕੱਠ ਰੱਖਿਆ ਗਿਆ ਹੈ।

ਇਸ ਇਕੱਠ ਲਈ ਸੱਦਾ ਦਿੰਦੇ ਇੱਕ ਪੋਸਟਰ ਵਿੱਚ ਅਮ੍ਰਿਤਪਾਲ ਸਿੰਘ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਗਈ ਹੈ ਅਤੇ ਲੋਕਾਂ ਨੂੰ 3ਈ 64 ਸਟਰੀਟ ਨਿਊ ਯਾਰਕ ਵਿੱਚ ਇਕੱਠੇ ਹੋਣ ਦੀ ਅਪੀਲ ਕੀਤੀ ਗਈ ਹੈ।

Social Media

ਯੂਨਾਇਟਡ ਸਿੱਖ ਨਾਮ ਦੀ ਸੰਸਥਾ ਨੇ ਟਵੀਟ ਕਰਕੇ ਲਿਖਿਆ ਹੈ, “ਮਨੁੱਖੀ ਅਧਿਕਾਰ ਲੋਕਤੰਤਰ ਦਾ ਆਧਾਰ ਹੁੰਦੇ ਹਨ। ਭਾਰਤ ਸਰਕਾਰ ਸਿੱਖਾਂ ''''ਤੇ ਜ਼ੁਲਮ ਕਰਨ ਲਈ ਹਰ ਸੰਭਵ ਤਰੀਕੇ ਨਾਲ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਦੇ ਆਪਣੇ ਰਿਕਾਰਡ ਕਾਇਮ ਕਰ ਰਹੀ ਹੈ। ਭਾਰਤ ''''ਚ ਸਿੱਖਾਂ ''''ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਵੱਡੇ ਅੱਤਿਆਚਾਰ ਕਿਉਂ ਹੋ ਰਹੇ ਹਨ? ਅੰਮ੍ਰਿਤਪਾਲ ਦੀ ਗ੍ਰਿਫਤਾਰੀ ਦਾ ਕੀ ਅਧਾਰ ਹੈ?

ਅਮ੍ਰਿਤਪਾਲ ਸਿੰਘ ਉੱਤੇ ਕਿਹੜੇ ਕੇਸ ਦਰਜ ਕੀਤੇ ਗਏ

ਪੰਜਾਬ ਪੁਲਿਸ ਦੇ ਬੁਲਾਰੇ ਨੇ ਦੱਸਿਆ ‘ਵਾਰਿਸ ਪੰਜਾਬ ਦੇ’ ਦੇ ਕਾਰਕੁੰਨ ਚਾਰ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਹਨ।

ਇਹਨਾਂ ਵਿੱਚ ਸਮਾਜ ਵਿੱਚ ਅਸਥਿਰਤਾ ਫੈਲਾਉਣ, ਇਰਾਦਾ ਕਤਲ, ਪੁਲਿਸ ਮੁਲਾਜ਼ਮਾਂ ’ਤੇ ਹਮਲਾ ਕਰਨ ਅਤੇ ਸਰਕਾਰੀ ਕਰਮਚਾਰੀਆਂ ਦੀਆਂ ਡਿਊਟੀਆਂ ਨੂੰ ਕਾਨੂੰਨੀ ਤਰੀਕੇ ਨਾਲ ਨਿਭਾਉਣ ਵਿੱਚ ਵਿਘਨ ਪਾਉਣਾ ਸ਼ਾਮਿਲ ਹੈ।

ਪੁਲਿਸ ਨੇ ਕਿਹਾ ਹੈ ਕਿ ਅਜਨਾਲਾ ਪੁਲਿਸ ਥਾਣੇ ’ਤੇ ਹਮਲੇ ਲਈ ‘ਵਾਰਿਸ ਪੰਜਾਬ ਦੇ’ ਦੇ ਕਾਰਕੁੰਨਾਂ ਵਿਰੁੱਧ 24 ਫਰਵਰੀ ਨੂੰ ਮੁਕੱਦਮਾ ਨੰਬਰ 39 ਦਰਜ ਕੀਤੀ ਗਿਆ ਸੀ।

Getty Images
ਅਮ੍ਰਿਤਪਾਲ ਸਿੰਘ

ਅਮ੍ਰਿਤਪਾਲ ਸਿੰਘ ਦਾ ਪਿਛੋਕੜ

‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਲੰਬਾ ਸਮਾਂ ਦੁਬਈ ਵਿੱਚ ਰਹਿ ਕੇ ਆਏ ਹਨ।

ਸਾਲ 2022 ਵਿੱਚ ਉਨ੍ਹਾਂ ਦੀ ਐਂਟਰੀ ਪੰਜਾਬ ਵਿੱਚ ਹੋਈ। ਪੰਜਾਬ ਦੀ ਸਿਆਸਤ ਵਿੱਚ ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਨਾਮ ਚਰਚਾ ਵਿੱਚ ਹੈ।

ਅਮ੍ਰਿਤਪਾਲ ਸਿੰਘ ਮਰਹੂਮ ਸੰਦੀਪ ਸਿੰਘ ਉਰਫ਼ ਦੀਪ ਸਿੱਧੂ ਵੱਲੋਂ ਬਣਾਈ ਗਈ ''''ਵਾਰਸ ਪੰਜਾਬ ਦੇ'''' ਜਥੇਬੰਦੀ ਦੇ ਨਵੇਂ ਮੁਖੀ ਬਣੇ।

ਅਮ੍ਰਿਤਪਾਲ ਸਿੰਘ ਦੀ ''''ਵਾਰਸ ਪੰਜਾਬ ਦੇ'''' ਮੁਖੀ ਵਜੋਂ ਦਸਤਾਰਬੰਦੀ ਜਥੇਬੰਦੀ ਦੀ ਪਹਿਲੀ ਵਰ੍ਹੇਗੰਢ ਮੌਕੇ 29 ਸਤੰਬਰ 2022 ਨੂੰ ਕੀਤੀ ਗਈ ਸੀ।

ਇਹ ਦਸਤਾਰ ਬੰਦੀ ਮੋਗਾ ਦੇ ਪਿੰਡ ਰੋਡੇ ਵਿੱਚ ਕੀਤੀ ਗਈ ਸੀ। ਦਰਅਸਲ ਇਸ ਦਿਨ ਦਮਦਮੀ ਟਕਸਾਲ ਦੇ ਸਾਬਕਾ ਮੁਖੀ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਜਨਮ ਦਿਨ ਵੀ ਸੀ।

ਅਮ੍ਰਿਤਪਾਲ ਸਿੰਘ ਦਾ ਜਨਮ ਤੇ ਪਾਲਣ-ਪੋਸ਼ਣ ਅੰਮ੍ਰਿਤਸਰ ਦੇ ਜੱਲੂ ਖੇੜ੍ਹਾ ਪਿੰਡ ਵਿੱਚ ਹੋਇਆ।

ਅਮ੍ਰਿਤਪਾਲ ਸਿੰਘ ਨੇ 10 ਫ਼ਰਵਰੀ 2023 ਨੂੰ ਬਾਬਾ ਬਕਾਲਾ ਵਿੱਚ ਵਿਆਹ ਕਰਵਾਇਆ।

ਉਨ੍ਹਾਂ ਨਿੱਜਤਾ ਦਾ ਹਵਾਲਾ ਦਿੰਦਿਆਂ ਆਪਣੀ ਪਤਨੀ ਅਤੇ ਪਰਿਵਾਰ ਬਾਰੇ ਨਹੀਂ ਦੱਸਿਆ ਅਤੇ ਕਿਹਾ ਕਿ ਮੀਡੀਆ ਨੂੰ ਵੀ ਨਿੱਜੀ ਜ਼ਿੰਦਗੀ ਵਿੱਚ ਦਖ਼ਲ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''''ਤੇ ਜੁੜੋ)