''''ਪਿਤਾ ਜੀ ਫਿਰ ਕਦੇ ਨਹੀਂ ਮੁੜੇ, ਅਸੀਂ ਵੀ ਬਦਲੇ ਦੀ ਰਾਹ ''''ਤੇ ਤੁਰ ਸਕਦੇ ਸੀ ਪਰ...''''

03/16/2023 7:16:22 PM

BBC

“ਕਰੀਬ ਤਿੰਨ ਦਹਾਕਿਆਂ ਦੀ ਕਾਨੂੰਨੀ ਲੜਾਈ ਤੋਂ ਬਾਅਦ ਪਿਤਾ ਦੇ ਕਤਲਾਂ ਨੂੰ ਤਿੰਨ ਅਤੇ ਪੰਜ ਸਾਲ ਦੀ ਸਜ਼ਾ ਹੋਈ ਹੈ ਇਹ ਇਨਸਾਫ਼ ਨਹੀਂ ਹੈ, ਇਸ ਨਾਲ ਤਾਂ ਸਾਡੇ ਪੁਰਾਣੇ ਜ਼ਖਮ ਫਿਰ ਤੋਂ ਹਰੇ ਹੋ ਗਏ ਹਨ।"

ਇਹ ਸ਼ਬਦ ਹਨ ਤਰਨਤਾਰਨ ਦੇ ਪਿੰਡ ਕੋਟਲਾ ਸਰੂਖਾ ਨਾਲ ਸਬੰਧਿਤ ਸੰਦੀਪ ਸਿੰਘ ਦੇ।

ਸੰਦੀਪ ਸਿੰਘ ਦੇ ਪਿਤਾ ਕੁਲਦੀਪ ਸਿੰਘ ਨੂੰ 1992 ਵਿੱਚ ਪੰਜਾਬ ਪੁਲਿਸ ਨੇ ਹਿਰਾਸਤ ਵਿੱਚ ਲਿਆ ਸੀ, ਇਸ ਤੋਂ ਬਾਅਦ ਉਹ ਮੁੜ ਕੇ ਕਦੇ ਵੀ ਘਰ ਨਹੀਂ ਪਰਤੇ।

ਮੁਹਾਲੀ ਦੀ ਸੀਬੀਆਈ ਅਦਾਲਤ ਨੇ ਹੁਣ ਕੁਲਦੀਪ ਸਿੰਘ ਨੂੰ ਲਾਪਤਾ ਕਰਨ ਅਤੇ ਫਿਰ ਝੂਠਾ ਪੁਲਿਸ ਮੁਕਾਬਲਾ ਬਣਾਉਣ ਦੇ ਇਲਜ਼ਾਮਾਂ ਵਿੱਚ ਤਿੰਨ ਪੁਲਿਸ ਅਧਿਕਾਰੀਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ।

ਅਦਾਲਤ ਨੇ ਐੱਸਐੱਚਓ ਸੂਬਾ ਸਿੰਘ ਨੂੰ ਤਿੰਨ ਸਾਲ ਦੀ ਸਜ਼ਾ ਅਤੇ ਇੱਕ ਹਜ਼ਾਰ ਰੁਪਏ ਜੁਰਮਾਨਾ ਅਤੇ ਏਐੱਸਆਈ ਝਿਲਮਿਲ ਸਿੰਘ ਨੂੰ ਪੰਜ ਸਾਲ ਦੀ ਸਜ਼ਾ ਅਤੇ ਪੰਜ ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ।

ਇਸ ਮਾਮਲੇ ਵਿੱਚ ਇਕ ਹੋਰ ਦੋਸ਼ੀ ਐੱਸਐੱਚਓ ਗੁਰਦੇਵ ਸਿੰਘ ਦੀ ਮੌਤ ਕੇਸ ਦੀ ਸੁਣਾਵਾਈ ਦੌਰਾਨ ਹੀ ਹੋ ਗਈ ਸੀ।

BBC

ਕੀ ਹੈ ਮਾਮਲਾ

  • ਕੁਲਦੀਪ ਸਿੰਘ 31 ਸਾਲ ਪਹਿਲਾਂ ਹੋਏ ਸਨ ਲਾਪਤਾ
  • ਕੁਲਦੀਪ ਸਿੰਘ ਨੂੰ 1992 ਵਿੱਚ ਪੰਜਾਬ ਪੁਲਿਸ ਨੇ ਹਿਰਾਸਤ ਵਿੱਚ ਲਿਆ ਸੀ
  • ਮੁਹਾਲੀ ਦੀ ਸੀਬੀਆਈ ਅਦਾਲਤ ਤਿੰਨ ਪੁਲਿਸ ਅਧਿਕਾਰੀਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ
  • ਕੁਲਦੀਪ ਸਿੰਘ ਤਰਨਤਾਰਨ ਦੇ ਪਿੰਡ ਕੋਟਲਾ ਸਰੂਖਾ ਦੇ ਰਹਿਣ ਵਾਲੇ ਸਨ
  • ਕੁਲਦੀਪ ਸਿੰਘ ਦੋਸਤ ਨਾਲ ਤਰਨ ਤਾਰਨ ਤੋਂ ਅੰਮ੍ਰਿਤਸਰ ਗਏ ਸਨ
  • ਲਾਰੈਂਸ ਰੋਡ ਉੱਤੇ ਸਬੰਧਿਤ ਪੁਲਿਸ ਅਧਿਕਾਰੀਆਂ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ, ਜਿਸ ਤੋਂ ਬਾਅਦ ਉਹ ਕਦੇ ਨਹੀਂ ਮੁੜੇ
BBC

ਕੌਣ ਸੀ ਕੁਲਦੀਪ ਸਿੰਘ

ਕੁਲਦੀਪ ਸਿੰਘ ਤਰਨਤਾਰਨ ਦੇ ਪਿੰਡ ਕੋਟਲਾ ਸਰੂਖਾ ਦੇ ਵਸਨੀਕ ਸਨ।

ਜ਼ਿੰਮੀਦਾਰ ਪਰਿਵਾਰ ਨਾਲ ਸਬੰਧਿਤ ਕੁਲਦੀਪ ਸਿੰਘ ਸਹਿਕਾਰੀ ਬੈਂਕ ਵਿੱਚ ਉਸ ਵੇਲੇ ਕਲਰਕ ਵਜੋਂ ਨੌਕਰੀ ਕਰਦੇ ਸਨ।

ਕੁਲਦੀਪ ਸਿੰਘ ਦੇ ਕੇਸ ਦੀ ਪੈਰਵੀ ਕਰਨ ਵਾਲੇ ਵਕੀਲ ਜਗਜੀਤ ਸਿੰਘ ਨੇ ਦੱਸਿਆ ਕਿ ਪੂਰੀ ਘਟਨਾ 1992 ਦੀ ਹੈ।

BBC
ਕੁਲਦੀਪ ਸਿੰਘ ਤਰਨਤਾਰਨ ਦੇ ਪਿੰਡ ਕੋਟਲਾ ਸਰੂਖਾ ਦਾ ਰਹਿਣ ਵਾਲੇ ਸਨ

ਜਗਜੀਤ ਸਿੰਘ ਮੁਤਾਬਕ, ''''''''ਕੁਲਦੀਪ ਸਿੰਘ ਆਪਣੇ ਇੱਕ ਦੋਸਤ ਨਾਲ ਆਪਣੀ ਬਦਲੀ ਕਰਵਾਉਣ ਦੇ ਕੰਮ ਵਜੋਂ ਤਰਨਤਾਰਨ ਤੋਂ ਅੰਮ੍ਰਿਤਸਰ ਗਏ ਸਨ ਪਰ ਲਾਰੈਂਸ ਰੋਡ ਉੱਤੇ ਸਬੰਧਿਤ ਪੁਲਿਸ ਅਧਿਕਾਰੀਆਂ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ।''''''''

''''''''ਇਸ ਤੋਂ ਬਾਅਦ ਦੋਵਾਂ ਦਾ ਕੋਈ ਅਤਾ ਪਤਾ ਨਹੀਂ ਲੱਗਾ। ਪਰਿਵਾਰ ਵਾਲਿਆਂ ਨੇ ਤਮਾਮ ਕੋਸ਼ਿਸ਼ ਕੀਤੀਆਂ ਪਰ ਕੁਲਦੀਪ ਸਿੰਘ ਦੀ ਕੋਈ ਖ਼ਬਰ ਨਹੀਂ ਮਿਲੀ। ਇਸ ਦੌਰਾਨ ਪੁਲਿਸ ਨੇ ਕੁਲਦੀਪ ਸਿੰਘ ਦੇ ਦੋਸਤ ਨੂੰ ਤਾਂ ਰਿਹਾਅ ਕਰ ਦਿੱਤਾ ਪਰ ਕੁਲਦੀਪ ਸਿੰਘ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਸੀ।''''''''

ਕਾਫ਼ੀ ਖੱਜਲ ਖ਼ੁਆਰ ਹੋਣ ਤੋਂ ਬਾਅਦ ਪਰਿਵਾਰ ਵਾਲਿਆਂ ਦੀ ਸ਼ਿਕਾਇਤ ਉੱਤੇ ਆਖ਼ਰਕਾਰ 1999 ਵਿੱਚ ਪੰਜਾਬ ਪੁਲਿਸ ਵੱਲੋਂ ਕੁਲਦੀਪ ਸਿੰਘ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕੀਤੀ ਗਈ ਸੀ।

2001 ਵਿੱਚ ਇਹ ਕੇਸ ਸੀਬੀਆਈ ਕੋਲ ਚਲਾ ਗਿਆ ਸੀ। ਕਰੀਬ 31 ਸਾਲ ਦੀ ਕਾਨੂੰਨੀ ਲੜਾਈ ਤੋਂ ਬਾਅਦ ਆਖ਼ਰਕਾਰ ਸਬੰਧਿਤ ਪੁਲਿਸ ਅਧਿਕਾਰੀਆਂ ਨੂੰ ਕੁਲਦੀਪ ਸਿੰਘ ਨੂੰ ਲਾਪਤਾ ਕਰਨ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੰਦਿਆਂ ਸਜ਼ਾ ਦਾ ਐਲਾਨ ਕੀਤਾ ਗਿਆ ਹੈ।

BBC

ਸੌਖੀ ਨਹੀਂ ਸੀ ਕਾਨੂੰਨੀ ਲੜਾਈ

ਕੁਲਦੀਪ ਸਿੰਘ ਦੇ ਪੁੱਤਰ ਸੰਦੀਪ ਸਿੰਘ ਨੇ ਦੱਸਿਆ ਕਿ ਜਿਸ ਸਮੇਂ ਪਿਤਾ ਜੀ ਨੂੰ ਪੁਲਿਸ ਨੇ ਚੁੱਕਿਆ ਉਸ ਸਮੇਂ ਉਨ੍ਹਾਂ ਦੀ ਉਮਰ ਮਹਿਜ਼ 8 ਸਾਲ ਦੀ ਸੀ।

ਭਰੇ ਮਨ ਨਾਲ ਬੀਬੀਸੀ ਨਾਲ ਗੱਲਬਾਤ ਕਰਦਿਆਂ ਸੰਦੀਪ ਸਿੰਘ ਨੇ ਦੱਸਿਆ, "ਪਿਤਾ ਜੀ ਦੇ ਜਾਣ ਤੋਂ ਬਾਅਦ ਪਰਿਵਾਰ ਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਸਾਨੂੰ ਅਜੇ ਤੱਕ ਪਿਤਾ ਦੀ ਮੌਤ ਦਾ ਸਰਟੀਫਿਕੇਟ ਨਹੀਂ ਮਿਲਿਆ।"

ਸੰਦੀਪ ਸਿੰਘ ਇਸ ਸਮੇਂ ਪਿਤਾ ਦੀ ਥਾਂ ਬੈਂਕ ਵਿੱਚ ਨੌਕਰੀ ਕਰ ਰਿਹਾ ਹੈ।

ਉਨ੍ਹਾਂ ਨੇ ਦੱਸਿਆ ਕਿ ਪਿਤਾ ਦੀ ਮੌਤ ਦਾ ਸਰਟੀਫਿਕੇਟ ਨਾ ਹੋਣ ਕਾਰਨ ਉਨ੍ਹਾਂ ਨੇ ਲੰਮੀ ਕਾਨੂੰਨੀ ਲੜਾਈ ਲੜੀ ਫਿਰ ਜਾ ਕੇ ਤਰਸ ਦੇ ਆਧਾਰ ਉੱਤੇ ਉਨ੍ਹਾਂ ਨੂੰ ਨੌਕਰੀ ਮਿਲੀ ਸੀ।

BBC
ਜਦੋਂ ਪਿਤਾ ਲਾਪਤਾ ਹੋਏ ਤਾਂ ਸੰਦੀਪ ਦੀ ਉਮਰ 8 ਸਾਲ ਦੀ ਸੀ

ਸੰਦੀਪ ਸਿੰਘ ਨੇ ਦੱਸਿਆ, "ਇਸ ਦੌਰਾਨ ਸਬੰਧਿਤ ਪੁਲਿਸ ਅਧਿਕਾਰੀਆਂ ਵੱਲੋਂ ਪਰਿਵਾਰ ਨੂੰ ਕੇਸ ਵਾਪਸ ਲੈਣ ਦੇ ਲਈ ਧਮਕੀਆਂ ਅਤੇ ਪੈਸੇ ਦਾ ਲਾਲਚ ਦਿੱਤਾ ਗਿਆ। ਮੈਂ ਖੁਸ਼ ਹਾਂ ਕਿ ਪਿਤਾ ਨੂੰ ਜੋ ਖਾੜਕੂ ਦੱਸਿਆ ਜਾ ਰਿਹਾ ਸੀ ਉਹ ਦਾਗ਼ ਖ਼ਤਮ ਹੋ ਗਿਆ।"

ਪਰਿਵਾਰ ਬਾਰੇ ਜਾਣਕਾਰੀ ਦਿੰਦਿਆਂ ਸੰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਦਾਦਾ ਜੀ ਭਾਰਤੀ ਫ਼ੌਜ ਵਿੱਚ ਸੂਬੇਦਾਰ ਸਨ ਅਤੇ ਪਿਤਾ ਜੀ ਪੜ੍ਹਾਈ ਕਰਨ ਤੋਂ ਬਾਅਦ ਬੈਂਕ ਵਿੱਚ ਨੌਕਰੀ ਕਰਨ ਲੱਗੇ।

ਉਨ੍ਹਾਂ ਦੱਸਿਆ ਕਿ ਖਾੜਕੂਵਾਦ ਨਾਲ ਉਨ੍ਹਾਂ ਦੇ ਪਰਿਵਾਰ ਦਾ ਦੂਰ-ਦੂਰ ਤੱਕ ਕੋਈ ਵਾਸਤਾ ਨਹੀਂ ਸੀ ਫਿਰ ਵੀ ਪੁਲਿਸ ਅਧਿਕਾਰੀਆਂ ਨੇ ਝੂਠੇ ਪੁਲਿਸ ਮੁਕਾਬਲੇ ਵਿੱਚ ਪਿਤਾ ਨੂੰ ਮਾਰ ਦਿੱਤਾ ਸੀ।

BBC

ਉਨ੍ਹਾਂ ਦੱਸਿਆ, ''''''''ਪੰਜਾਬ ਪੁਲਿਸ ਦੀ ਇਸ ਹਰਕਤ ਕਾਰਨ ਪਰਿਵਾਰ ਨੂੰ ਮਾਨਸਿਕ ਪੀੜਾ ਅਤੇ ਆਰਥਿਕ ਤੰਗੀਆਂ ਵਿੱਚੋਂ ਨਿਕਲਾ ਪਿਆ।''''''''

ਸੰਦੀਪ ਸਿੰਘ ਮੁਤਾਬਕ ਉਹ ਅਦਾਲਤ ਦੇ ਫ਼ੈਸਲੇ ਤੋਂ ਨਾਖ਼ੁਸ਼ ਹਨ ਕਿਉਂਕਿ ਦੋਸ਼ੀਆਂ ਨੂੰ ਉਨ੍ਹਾਂ ਦੇ ਦੋਸ਼ ਦੇ ਮੁਤਾਬਕ ਸਜ਼ਾ ਨਹੀਂ ਮਿਲੀ ਇਸ ਕਰਕੇ ਉਹ ਉੱਪਰਲੀ ਅਦਾਲਤ ਦਾ ਹੁਣ ਰੁਖ਼ ਕਰਨਗੇ।

ਪੁੱਤਰ ਨੇ ਪਿਤਾ ਦੀ ਸਿਰਫ਼ ਫ਼ੋਟੋ ਹੀ ਦੇਖੀ

ਕੁਲਦੀਪ ਸਿੰਘ ਦੇ ਛੋਟੇ ਬੇਟੇ ਤਰਨਦੀਪ ਸਿੰਘ ਦਾ ਜਨਮ ਪਿਤਾ ਦੀ ਮੌਤ ਤੋਂ ਬਾਅਦ ਹੋਇਆ ਹੈ।

ਬੀਬੀਸੀ ਨਾਲ ਗੱਲਬਾਤ ਕਰਦਿਆਂ ਤਰਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਗੱਲ ਦਾ ਦੁਖ ਹੈ ਕਿ ਉਨ੍ਹਾਂ ਨੂੰ ਪਿਤਾ ਦਾ ਪਿਆਰ ਨਹੀਂ ਮਿਲਿਆ ਅਤੇ ਇਹ ਘਾਟਾ ਉਨ੍ਹਾਂ ਨੂੰ ਪੂਰੀ ਉਮਰ ਰਹੇਗਾ।

ਤਰਨਦੀਪ ਸਿੰਘ ਨੇ ਦੱਸਿਆ, "ਅਦਾਲਤ ਵਿੱਚ ਉਸ ਦੇ ਪਿਤਾ ਦਾ ਕਾਤਲ ਹੱਸ-ਹੱਸ ਗੱਲਾਂ ਕਰ ਰਹੇ ਸਨ ਉਨ੍ਹਾਂ ਨੂੰ ਆਪਣੇ ਕੀਤੇ ਦਾ ਕੋਈ ਅਫ਼ਸੋਸ ਨਹੀਂ ਸੀ। ਅਸੀਂ ਪਿਤਾ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਦੇ ਲਈ ਕਾਨੂੰਨੀ ਲੜਾਈ ਲੜੀ ਪਰ ਦੋਸ਼ੀਆਂ ਨੂੰ ਬਹੁਤ ਘੱਟ ਸਜ਼ਾ ਮਿਲੀ ਜਿਸ ਦਾ ਅਫ਼ਸੋਸ ਹੈ।"

ਸੰਦੀਪ ਸਿੰਘ ਕਹਿੰਦੇ ਹਨ ਕਿ ਮਾਂ ਨੂੰ ਹਜੇ ਇਸ ਫੈਸਲੇ ਬਾਰੇ ਨਹੀਂ ਪਤਾ ਹੈ, ਉਨ੍ਹਾਂ ਨੂੰ ਨਹੀਂ ਪਤਾ ਕਿ ਦੋਸ਼ੀਆਂ ਨੂੰ ਇੰਨੀਆਂ ਘੱਟ ਸਜ਼ਾਵਾਂ ਹੋਈਆਂ ਹਨ, ਉਨ੍ਹਾਂ ਦਾ ਇਹ ਸੁਣ ਕੇ ਦਿਲ ਟੁੱਟ ਜਾਏਗਾ।

ਨਾਰਾਜ਼ਗੀ ਅਤੇ ਮਾਯੂਸੀ ਭੇਰ ਸ਼ਬਦਾਂ ਵਿੱਚ ਸੰਦੀਪ ਸਿੰਘ ਕਹਿੰਦੇ ਹਨ, ''''''''ਅਸੀਂ ਵੀ ਪਿਓ ਦਾ ਬਦਲਾ ਲੈਣ ਦੀ ਰਾਹ ਉੱਤੇ ਨਿਕਲ ਸਕਦੇ ਸੀ ਪਰ ਅਸੀਂ ਅਦਾਲਤ ਉੱਤੇ ਭਰੋਸਾ ਰੱਖਿਆ, ਅਸੀਂ ਇਸ ਸਜ਼ਾ ਤੋਂ ਖੁਸ਼ ਨਹੀਂ ਹਾਂ।''''''''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''''ਤੇ ਜੁੜੋ)