ਪਰਵੇਜ਼ ਮੁਸ਼ੱਰਫ਼ : ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਦਾ ਦੇਹਾਂਤ

02/05/2023 12:14:48 PM

Getty Images
ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦਾ ਦੇਹਾਂਤ

ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦਾ ਦੇਹਾਂਤ ਹੋ ਗਿਆ ਹੈ। ਉਹ ਪਿਛਲੇ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਪਾਕਿਸਤਾਨ ਤੋਂ ਬਾਹਰ ਜ਼ੇਰੇ ਇਲਾਜ ਸਨ।

ਪਰਵੇਜ਼ ਮੁਸ਼ੱਰਫ ਪਾਕਿਸਤਾਨ ਦੇ ਸਾਬਕਾ ਸੈਨਾ ਪ੍ਰਮੁੱਖ ਵੀ ਰਹੇ ਹਨ।

ਪਰਵੇਜ਼ ਮੁੱਸ਼ਰਫ਼ ਦਾ ਜਨਮ 11 ਅਗਸਤ ,1943 ਨੂੰ ਭਾਰਤ ਦੀ ਕੌਮੀ ਰਾਜਧਾਨੀ ਦਿੱਲੀ ਵਿਚ ਹੋਇਆ ਸੀ। ਉਹ ਪਾਕਿਸਤਾਨ ਦੇ ਅਜਿਹੇ ਫੌਜੀ ਜਨਰਲ ਸਨ, ਜਿਨ੍ਹਾਂ 1999 ਵਿਚ ਮੁਲਕ ਦੀ ਸੱਤਾ ਦਾ ਤਖ਼ਤਾ ਪਲਟਾ ਦਿੱਤਾ ਸੀ। ਉਹ ਆਪ ਪਾਕਿਸਤਾਨ ਦੇ ਰਾਸ਼ਟਰਪਤੀ ਬਣ ਗਏ ਸਨ ਅਤੇ ਇਸ ਅਹੁਦੇ ਉੱਤੇ 2001 ਤੋਂ 2008 ਤੱਕ ਰਹੇ।

1947 ਵਿਚ ਭਾਰਤ ਦੀ ਵੰਡ ਸਣੇ ਉਨ੍ਹਾਂ ਦਾ ਪਰਿਵਾਰ ਦਿੱਲੀ ਤੋਂ ਕਰਾਚੀ ਚਲਾ ਗਿਆ ਸੀ। ਉਨ੍ਹਾਂ ਦੇ ਪਿਤਾ ਡਿਪਲੋਮੈਟ ਸਨ ਜੋ 1949-56 ਤੱਕ ਤੁਰਕੀ ਵਿਚ ਰਹੇ ਸਨ।

ਉਨ੍ਹਾਂ ਨੇ ਕੁਇਆ ਦੇ ਆਰਮੀ ਕਮਾਂਡ ਅਤੇ ਸਟਾਫ਼ ਕਾਲਜ਼ ਤੋਂ ਪੜ੍ਹਾਈ ਕੀਤੀ ਅਤੇ 1964 ਵਿੱਚ ਪਾਕਿਸਤਾਨ ਫੌਜ ਵਿੱਤ ਭਰਤੀ ਹੋ ਗਏ। ਉਨ੍ਹਾਂ ਲੰਡਨ ਦੇ ਰਾਇਲ ਕਾਲਜ ਆਫ਼ ਡਿਫੈਂਸ ਤੋਂ ਵੀ ਪੜ੍ਹਾਈ ਕੀਤੀ ਸੀ।

ਮੁਸ਼ੱਰਫ਼ ਨੇ ਆਰਟਿਲਰੀ, ਇਨਫੈਂਟਰੀ ਅਤੇ ਕਮਾਂਡੋਂ ਯੂਨਿਟਾਂ ਵਿਚ ਕੰਮ ਕੀਤਾ ਸੀ ਅਤੇ ਨੈਸ਼ਨਲ ਡਿਫੈਂਸ਼ ਕਾਲਜ ਦੇ ਜੰਗੀ ਵਿਭਾਗ ਵਿਚ ਪੜ੍ਹਾਇਆ ਵੀ ਸੀ।

ਮੁਸ਼ੱਰਫ਼ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ 1965 ਅਤੇ 1971 ਵਿਚ ਹੋਈਆਂ ਜੰਗਾਂ ਵਿਚ ਵੀ ਹਿੱਸਾ ਲਿਆ ਸੀ।

1998 ਵਿਚ ਪਾਕਿਸਤਾਨ ਦੇ ਤਤਕਾਲੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਉਨ੍ਹਾਂ ਨੂੰ ਪਾਕਿਸਤਾਨੀ ਫੌਜ ਦਾ ਮੁਖੀ ਨਿਯੁਕਤ ਕੀਤਾ। 1999 ਵਿਚ ਭਾਰਤ ਸਾਸ਼ਿਤ ਕਸ਼ਮੀਰ ਦੇ ਕਾਰਗਿਲ ਵਿਚ ਘੁਸਪੈਠ ਕਰਵਾਉਣ ਦੀ ਯੋਜਨਾ ਵਿਚ ਮੁਸੱਰਫ਼ ਨੇ ਹੀ ਮੋਹਰੀ ਭੂਮਿਕਾ ਨਿਭਾਈ ਸੀ।

ਇਸ ਤੋਂ ਬਾਅਦ ਭਾਰਤੀ ਫੌਜਾਂ ਨੇ ਵੀ ਇਸ ਦਾ ਜਵਾਬ ਦਿੱਤਾ ਅਤੇ ਪਾਕਿਸਤਾਨੀ ਦੀਆਂ ਫੌਜਾਂ ਨੂੰ ਪਿੱਛੇ ਹਟਣਾ ਪਿਆ ਸੀ। ਜਿਸ ਤੋਂ ਬਾਅਦ ਜਦੋਂ 12 ਅਕਤੂਬਰ 1999 ਨੂੰ ਨਵਾਜ਼ ਸਰੀਫ਼ ਦੇਸ ਤੋਂ ਬਾਹਰ ਸਨ , ਅਤੇ ਵਾਪਸ ਪਰਤ ਰਹੇ ਸਨ ਤਾਂ ਫੌਜ ਨੇ ਕਰਾਚੀ ਏਅਰਪੋਰਟ ਉੱਤੇ ਉਨ੍ਹਾਂ ਦਾ ਜਹਾਜ਼ ਉਤਰਨ ਤੋਂ ਰੋਕ ਦਿੱਤਾ।

ਫੌਜ ਨੇ ਏਅਰਪੋਰਟ ਅਤੇ ਸਰਕਾਰੀ ਅਦਾਰਿਆਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ, ਅਤੇ ਮੁਸ਼ੱਰਫ਼ ਨੇ ਪਾਕਿਸਤਾਨ ਦੀ ਮਿਲਟਰੀ ਸਰਕਾਰ ਦੀ ਖੁਦ ਕਮਾਂਡ ਸੰਭਾਲ ਲ਼ਈ ਸੀ।