ਲੀਬਿਆ ’ਚ ਫਸੇ ਪੰਜਾਬੀ: ‘ਸਾਨੂੰ ਕੁੱਟਿਆ ਜਾ ਰਿਹਾ, ਭੁੱਖਿਆਂ ਰੱਖਿਆ ਜਾ ਰਿਹਾ, ਸਾਨੂੰ ਇੱਥੋਂ ਕੱਢ ਲਓ’

02/04/2023 8:59:47 PM

Social Media

“ਕੋਈ ਰੋਟੀ ਨਹੀਂ, ਕੋਈ ਪਾਣੀ ਨਹੀਂ ਅਤੇ ਅਸੀਂ 12 ਬੰਦੇ ਇੱਕ ਛੋਟੇ ਜਿਹੇ ਕਮਰੇ ਵਿੱਚ ਬੰਦ ਹਾਂ। ਸਾਨੂੰ ਕੁੱਟਿਆ ਜਾ ਰਿਹਾ ਹੈ ਤੇ ਕਿਹਾ ਜਾ ਰਿਹਾ ਹੈ ਭਾਰਤ ਵਿੱਚ ਆਪਣੇ ਪਰਿਵਾਰਾਂ ਨੂੰ ਕੁਝ ਨਹੀਂ ਦੱਸਣਾ ਹੈ।”

ਇਹ ਬੋਲ ਉਸ ਪੰਜਾਬੀ ਦੇ ਹਨ ਜਿਸ ਨੂੰ 11 ਹੋਰ ਭਾਰਤੀਆਂ ਨਾਲ ਲੀਬਿਆ ਵਿੱਚ ਫਸਿਆ ਦੱਸਿਆ ਜਾ ਰਿਹਾ ਹੈ।

ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਇੱਕ ਵੀਡੀਓ ਟਵੀਟ ਕੀਤਾ ਸੀ। ਇਸ ਦੇ ਨਾਲ ਉਨ੍ਹਾਂ ਲਿਖਿਆ ਸੀ ਕਿ ਲੀਬੀਆ ਵਿੱਚ 12 ਭਾਰਤੀ ਨੌਜਵਾਨ ਫਸੇ ਹੋਏ ਹਨ ਜਿਨ੍ਹਾਂ ਵਿੱਚ 9 ਪੰਜਾਬੀ ਨੌਜਵਾਨ ਹਨ, ਇੱਕ ਹਿਮਾਚਲ ਤੋਂ ਅਤੇ ਇੱਕ ਬਿਹਾਰ ਹੈ।

ਪੰਜਾਬੀਆਂ ਵਿੱਚ 7 ਨੌਜਵਾਨ ਰੋਪੜ ਤੋਂ ਹਨ ਜਦਕਿ ਇੱਕ ਕਪੂਰਥਲਾ ਤੋਂ ਹੈ ਤੇ ਇੱਕ ਮੋਗਾ ਤੋਂ ਹੈ।

ਅਨੰਦਪੁਰ ਸਾਹਿਬ ਦੇ ਇੱਕੋ ਪਿੰਡ ਦੇ 5 ਨੌਜਵਾਨ ਸ਼ਾਮਿਲ

ਇਨ੍ਹਾਂ ਵਿੱਚ ਅਨੰਦਪੁਰ ਸਾਹਿਬ ਦੇ ਪਿੰਡ ਲੰਗ ਮਜਾਰੀ ਦੇ 5 ਨੌਜਵਾਨ ਹਨ।

ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਇੱਕ ਦਿੱਲੀ ਦੇ ਏਜੰਟ ਵੱਲੋਂ ਦੁਬਈ ਭੇਜਣ ਦਾ ਝਾਂਸਾ ਦੇ ਕੇ ਉਨ੍ਹਾਂ ਨੂੰ ਲੀਬੀਆ ਭੇਜ ਦਿੱਤਾ ਗਿਆ ਤੇ ਉੱਥੇ ਬੈਨਗਾਜੀ ਸ਼ਹਿਰ ਦੀ ਇੱਕ ਸੀਮੈਂਟ ਫੈਕਟਰੀ ਵਿੱਚ ਉਨ੍ਹਾਂ ਨੂੰ ਕੈਦ ਕਰ ਲਿਆ ਗਿਆ ਹੈ।

ਲੀਬੀਆ ਵਿੱਚ ਫਸੇ ਇੱਕ ਪੰਜਾਬੀ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ।

ਉਹ ਇੰਨਾ ਡਰਿਆ ਹੋਇਆ ਸੀ ਕਿ ਉਸ ਨੇ ਆਪਣੀ ਪਛਾਣ ਵੀ ਨਹੀਂ ਦੱਸੀ ਪਰ ਉੱਥੇ ਹੋਰ ਰਹੇ ਤਸ਼ੱਦਦ ਦੀ ਕਹਾਣੀ ਜ਼ਰੂਰ ਸੁਣਾਈ ਕਿ ਕਿਵੇਂ ਉਨ੍ਹਾਂ ਨੂੰ ਕੁੱਟਿਆ ਜਾ ਰਿਹਾ ਹੈ ਤੇ ਭੁੱਖਿਆਂ ਰੱਖਿਆ ਜਾ ਰਿਹਾ ਹੈ।

ਉਸ ਨੌਜਵਾਨ ਨੇ ਦੱਸਿਆ, “ਅਸੀਂ ਬਹੁਤ ਹੀ ਅਣਮਨੁੱਖੀ ਹਲਾਤ ਵਿੱਚ ਰਹਿ ਰਹੇ ਹਾਂ। ਖਾਣ-ਪੀਣ ਦਾ ਵੀ ਕੋਈ ਹਿਸਾਬ ਨਹੀਂ ਹੈ। ਪਾਣੀ ਸਾਮ 8 ਵਜੇ ਬੰਦ ਕਰ ਦਿੱਤਾ ਜਾਂਦਾ ਹੈ। ਅਸੀਂ ਬਸ ਪੰਜਾਬ ਆਉਣਾ ਚਹੁੰਦੇ ਹਾਂ, ਹੋਰ ਕੁਝ ਨਹੀਂ ਚਾਹੀਦਾ।”

“ਸਾਡੀ ਕੰਪਨੀ ਵਿੱਚ ਕੁਝ ਬੰਗਾਲੀ ਵੀ ਕੰਮ ਕਰ ਰਹੇ ਹਨ ਉਨ੍ਹਾਂ ਨਾਲ ਮਾੜਾ ਵਤੀਰਾ ਨੂੰ ਕੀਤਾ ਜਾ ਰਿਹਾ ਹੈ। ਸਾਨੂੰ ਉਹ ਕਹਿੰਦੇ ਹਨ ਕਿ ਸਾਡੇ ਲਈ ਉਨ੍ਹਾਂ ਨੇ ਏਜੰਟ ਨੂੰ ਪੈਸੇ ਦਿੱਤੇ ਹੋਏ ਹਨ। ਉਹ ਕਹਿੰਦੇ ਹਨ ਕਿ ਤੁਸੀਂ ਪੈਸੇ ਦਿਓ ਤਾਂ ਹੀ ਛੱਡਾਂਗੇ।”

‘ਸਾਡੇ ਛੋਟੇ-ਛੋਟੇ ਬੱਚੇ ਹਨ, ਬਸ ਮੇਰੇ ਪਤੀ ਨੂੰ ਬੁਲਾ ਦੇਵੋ’

ਪੰਜਾਬ ਵਿੱਚ ਇਹਨਾਂ ਨੌਜਵਾਨਾਂ ਦੇ ਪਰਿਵਾਰ ਵਾਲੇ ਪਰੇਸ਼ਾਨ ਹਨ ਅਤੇ ਪੰਜਾਬ ਸਰਕਾਰ ਨੂੰ ਮਦਦ ਦੀ ਗੁਹਾਰ ਲਗਾ ਰਹੇ ਹਨ।

ਇਨ੍ਹਾਂ ਨੌਜਵਾਨਾਂ ਵਿੱਚ ਅਨੰਦਪੁਰ ਸਾਹਿਬ ਦੇ ਪਿੰਡ ਲੰਗ ਮਜਾਰੀ ਦੇ 5 ਮੁੰਡੇ ਹਨ।

ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਨੌਜਵਾਨ ਨਾਲ ਟਰੈਵਲ ਏਜੰਟ ਨੇ ਧੋਖਾਧੜੀ ਕਰਕੇ ਉਹਨਾਂ ਨੂੰ ਲਿਬੀਆ ਵਿੱਚ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਕੀਤਾ ਹੈ।

ਪਰਿਵਾਰਾਂ ਦਾ ਰੋ-ਰੋ ਕੇ ਬੁਰਾ ਹਾਲ ਜੋ ਸਰਕਾਰ ਅਤੇ ਪ੍ਰਸ਼ਾਸਨ ਇਹੋ ਕਹਿ ਰਹੇ ਹਨ ਕਿ ਉਹਨਾਂ ਦੇ ਘਰ ਦੇ ਜੀਆਂ ਨੂੰ ਵਾਪਸ ਲਿਆਂਦਾ ਜਾਵੇ।

ਸਥਾਨਕ ਪੱਤਰਕਾਰ ਬਿਮਲ ਸੈਣੀ ਆਰੂਸ਼ੀ ਨੇ ਕਿਹਾ ਕਿ ਉਸ ਦਾ ਪਤੀ ਗੈਰ-ਮਨੁੱਖੀ ਜ਼ਿੰਦਗੀ ਜੀਅ ਰਿਹਾ ਹੈ।

ਆਰੂਸ਼ੀ ਕਹਿੰਦੇ ਹਨ, “ਮੇਰੇ ਪਤੀ ਨੂੰ ਗਏ ਹੋਏ 15 ਦਿਨ ਹੋ ਗਏ ਹਨ। ਸਾਡੀ ਕੋਈ ਗੱਲਬਾਤ ਨਹੀਂ ਹੋ ਰਹੀ। ਨਾ ਉਸ ਕੋਲ ਖਾਣਾ ਹੈ ਨਾ ਕੁਝ ਹੋਰ।”

BBC

ਵਿਦੇਸ਼ ਵਿੱਚ ਫਸੇ ਨੌਜਵਾਨਾਂ ਦੇ ਕੇਸ ਬਾਰੇ ਖਾਸ ਗੱਲਾਂ:

  • ਲਿਬੀਆ ਵਿੱਚ 12 ਭਾਰਤੀ ਨੌਜਵਾਨ ਇੱਕ ਸੀਮਿੰਟ ਫੈਕਟਰੀ ਵਿੱਚ ਫ਼ਸੇ
  • ਇਹਨਾਂ ਨੌਜਵਾਨਾਂ ਵਿੱਚ 9 ਪੰਜਾਬੀ, ਇੱਕ ਹਿਮਾਚਲ ਤੋਂ ਅਤੇ ਇੱਕ ਬਿਹਾਰ ਹੈ
  • ਲੋਕਾਂ ਨੇ ਕਿਹਾ ਕਿ ਦਿੱਲੀ ਦੇ ਇੱਕ ਏਜੰਟ ਨੇ ਪਹਿਲਾਂ ਦੁਬਈ ਤੇ ਫਿਰ ਲਿਬੀਆ ਭੇਜਿਆ
  • ਪਰਿਵਾਰਾਂ ਨੇ ਨੌਜਵਾਨਾਂ ਨੂੰ ਵਾਪਿਸ ਘਰ ਪਹੁੰਚਾਉਣ ਦੀ ਸਰਕਾਰ ਨੂੰ ਕੀਤੀ ਅਪੀਲ
BBC
Bimal Saini

“ਸਾਡੇ ਛੋਟੇ-ਛੋਟੇ ਬੱਚੇ ਹਨ। ਮੇਰੇ ਪਤੀ ਨੂੰ ਜਿਵੇਂ ਮਰਜ਼ੀ ਕਰਕੇ ਇੱਥੇ ਬੁਲਾਇਆ ਜਾਵੇ। ਜਦੋਂ ਉਹ ਕੁਝ ਖਾਣਗੇ ਨਹੀਂ ਤਾਂ ਜ਼ਿੰਦਾ ਕਿਵੇਂ ਰਹਿਣਗੇ। ਸਾਡੀ ਹੋਰ ਕੋਈ ਮੰਗ ਨਹੀਂ, ਬਸ ਉਹਨਾਂ ਨੂੰ ਘਰ ਬੁਲਾ ਲਵੋ।”

ਇੱਕ ਫਸੇ ਨੌਜਵਾਨ ਦੀ ਮਾਂ ਸ਼ਰਮੀਲਾ ਦੇਵੀ ਨੇ ਕਿਹਾ, “ਮੇਰਾ ਪੁੱਤਰ 4 ਜਨਵਰੀ ਦਾ ਗਿਆ ਹੋਇਆ ਹੈ। ਇੱਕ ਹਫਤੇ ਤੋਂ ਮੇਰੀ ਮੇਰੇ ਪੁੱਤਰ ਨਾਲ ਗੱਲ ਨਹੀਂ ਹੋਈ ਹੈ। ਜਦੋਂ ਆਖਰੀ ਵਾਰ ਗੱਲ ਹੋਈ ਸੀ ਤਾਂ ਉਹ ਕਹਿ ਰਿਹਾ ਸੀ ਕਿ ਸਾਨੂੰ ਡਰਾ-ਧਮਕਾ ਕੇ ਏਥੇ ਰੱਖਿਆ ਜਾ ਰਿਹਾ ਹੈ। ਉਹਨਾਂ ਨੂੰ ਪਰਿਵਾਰ ਨਾਲ ਗੱਲਾਂ ਸਾਂਝੀਆਂ ਕਰਨ ਤੋਂ ਵੀ ਰੋਕਿਆ ਜਾ ਰਿਹਾ ਹੈ।”

“ਸਾਨੂੰ ਸਾਡੇ ਬੱਚੇ ਮਿਲਾ ਦੇਵੋ, ਸਾਨੂੰ ਹੋਰ ਕੁਝ ਨਹੀਂ ਚਾਹੀਦਾ। ਸਰਕਾਰ ਸਾਡੇ ਬੱਚੇ ਲਿਆ ਦੇਵੇ, ਸਾਨੂੰ ਹੋਰ ਕੁੱਝ ਨਹੀਂ ਚਾਹੀਦਾ।”

ਪਿੰਡ ਦੇ ਸਰਪੰਚ ਵਾਮ ਦੇਵ ਨੇ ਕਿਹਾ, “ਇਹਨਾਂ ਪਰਿਵਾਰਾਂ ਨੂੰ ਪਰੇਸ਼ਾਨ ਹੁੰਦੇ ਹੋਏ ਕਰੀਬ ਅੱਠ ਦਿਨ ਹੋ ਗਏ ਹਨ। ਸਾਡੀ ਸਰਕਾਰ ਤੋਂ ਮੰਗ ਹੈ ਕਿ ਇਹਨਾਂ ਦੇ ਬੱਚਿਆਂ ਨੂੰ ਵਾਪਿਸ ਲਿਆਂਦਾ ਜਾਵੇ ਅਤੇ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ।”

Bimal Saini

ਦਿੱਲੀ ਦੇ ਏਜੰਟ ਰਾਹੀਂ ਗਏ ਲਿਬੀਆ

ਲੋਕਾਂ ਨੇ ਦੱਸਿਆ ਕਿ ਦਿੱਲੀ ਦੇ ਇੱਕ ਏਜੰਟ ਵੱਲੋਂ ਪਹਿਲਾਂ ਇਹਨਾਂ ਨੂੰ ਦੁਬਈ ਟੂਰਿਸਟ ਵੀਜ਼ੇ ਉਪਰ ਭੇਜਿਆ ਸੀ।

ਇਸ ਤੋਂ ਬਾਅਦ ਅੱਗੇ ਲਿਬੀਆ ਭੇਜ ਦਿੱਤਾ ਗਿਆ।

ਪਿੰਡ ਵਾਲੀ ਹਰਦੀਪ ਸਿੰਘ ਨੇ ਕਿਹਾ, “ਅਸੀਂ ਕੈਬਨਿਟ ਮੰਤਰੀ ਹਰਜੋਸ ਸਿੰਘ ਬੈਂਸ ਅਤੇ ਪੁਲਿਸ ਕੋਲ ਵੀ ਮਾਮਲਾ ਚੁੱਕਿਆ ਹੈ। ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੇ ਏਜੰਟਾਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ।”

“ਇਹਨਾਂ ਨੌਜਵਾਨਾਂ ਨੂੰ ਏਜੰਟ ਨੇ ਦੱਸਿਆ ਕੁਝ ਹੋਰ ਸੀ ਅਤੇ ਉਹਨਾਂ ਨਾਲ ਕੀਤਾ ਕੁਝ ਹੋਰ।”

Bimal Saini

ਇਲਾਕੇ ਦੇ ਵਿਧਾਇਕ ਦਾ ਕੀ ਕਹਿਣਾ ਹੈ?

ਇਸ ਪੂਰੇ ਮਾਮਲੇ ਬਾਰੇ ਰੂਪਨਗਰ ਤੋਂ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਉਣ ਤੋਂ ਬਾਅਦ ਫੌਰੀ ਤੌਰ ’ਤੇ ਲੀਬਿਆ ਵਿੱਚ ਭਾਰਤੀ ਸਫ਼ਾਰਤਖਾਨੇ ਰਾਹੀਂ ਲੀਬੀਆ ਦੀ ਕੰਪਨੀ ਦੇ ਮਾਲਕ ਨਾਲ ਸੰਪਰਕ ਕੀਤਾ ਗਿਆ ਹੈ।

ਉਹਨਾਂ ਕਿਹਾ ਕਿ ਜਲਦ ਹੀ ਇਸ ਮਸਲੇ ਨੂੰ ਹੱਲ ਕੀਤਾ ਜਾਵੇਗਾ।

ਦਿਨੇਸ਼ ਚੱਢਾ ਨੇ ਠੱਗ ਟਰੈਵਲ ਏਜੰਟਾਂ ਤੋਂ ਬਚਣ ਦੀ ਵੀ ਅਪੀਲ ਕਰਦਿਆ ਕਿਹਾ, “ਲੀਬੀਆ ਇਕ ਐਸਾ ਮੁਲਕ ਹੈ ਕਿ ਜਿੱਥੇ ਭਾਰਤੀਆਂ ਨੂੰ ਜਾਣ ਦੇ ਲਈ ਭਾਰਤ ਸਰਕਾਰ ਵੱਲੋਂ ਮਨਾਹੀ ਕੀਤੀ ਗਈ ਹੈ ਪਰ ਇਸ ਦੇ ਬਾਵਜੂਦ ਵੀ ਠੱਗ ਏਜੰਟਾਂ ਵੱਲੋਂ ਗਲਤ ਤਰੀਕੇ ਨਾਲ ਨੌਜਵਾਨਾਂ ਨੂੰ ਭੇਜਿਆ ਗਿਆ ਹੈ।”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''''ਤੇ ਜੁੜੋ।)