ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਨੇ ਕੀ ਮੋਦੀ ਦੇ ''''ਕਾਂਗਰਸ-ਮੁਕਤ ਭਾਰਤ ਮਿਸ਼ਨ'''' ਨੂੰ ਬਰੇਕ ਲਾ ਦਿੱਤੀ

01/30/2023 11:14:34 AM

Rahul Gandhi/FB

ਸੱਤ ਸਤੰਬਰ, 2022 ਨੂੰ ਤਾਮਿਲਨਾਡੂ ਦੇ ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਭਾਰਤ ਜੋੜੋ ਯਾਤਰਾ 30 ਜਨਵਰੀ ਨੂੰ ਕਸ਼ਮੀਰ ਦੇ ਸ੍ਰੀਨਗਰ ਵਿੱਚ ਮੁਕੰਮਲ ਹੋ ਜਾਏਗੀ। 

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਈ ਸੂਬਿਆਂ ਤੋਂ ਹੁੰਦਿਆਂ ਕਰੀਬ 3750 ਕਿੱਲੋਮੀਟਰ ਪੈਦਲ ਤੁਰਦਿਆਂ ਇਹ ਯਾਤਰਾ ਕੀਤੀ ਹੈ।

ਖ਼ੁਦ ਰਾਹੁਲ ਗਾਂਧੀ ਅਤੇ ਕਾਂਗਰਸ ਦੇ ਮੀਡੀਆ ਇੰਚਰਾਜ ਜੈਰਾਮ ਰਮੇਸ਼ ਕਹਿੰਦੇ ਹਨ ਕਿ ਭਾਰਤ ਜੋੜੋ ਯਾਤਰਾ ਨੂੰ ਵੋਟਾਂ ਦੀ ਸਿਆਸਤ ਨਾਲ ਜੋੜ ਕੇ ਨਹੀਂ ਦੇਖਣਾ ਚਾਹੀਦਾ।

ਰਾਹੁਲ ਗਾਂਧੀ ਜਦੋਂ ਰਾਜਸਥਾਨ ਵਿੱਚ ਸਨ ਤਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੈਰਾਮ ਰਮੇਸ਼ ਨੇ ਕਿਹਾ ਸੀ ਕਿ ਭਾਰਤ ਜੋੜੋ ਯਾਤਰਾ ‘ਚੋਣ ਜਿੱਤੋ’ ਜਾਂ ‘ਚੋਣ ਜਿਤਾਓ ਯਾਤਰਾ’ ਨਹੀਂ ਹੈ।

ਪਹਿਲਾਂ 2014 ਅਤੇ ਫਿਰ 2019 ਦੀਆਂ ਆਮ ਚੋਣਾਂ ਵਿੱਚ ਕਾਂਗਰਸ ਜਦੋਂ ਲਗਾਤਾਰ ਦੋ ਵਾਰ 50 ਸੀਟਾਂ ਦੇ ਨੇੜੇ-ਤੇੜੇ ਹੀ ਸਿਮਟ ਗਈ ਸੀ ਤਾਂ ਇਹ ਕਿਹਾ ਜਾਣ ਲੱਗਿਆ ਸੀ ਕਿ ਨਰਿੰਦਰ ਮੋਦੀ ਸਰਕਾਰ ਸਾਹਮਣੇ ਵਿਰੋਧੀ ਧਿਰ ਪੂਰੀ ਤਰ੍ਹਾਂ ਖ਼ਤਮ ਹੋ ਗਈ ਹੈ। 

ਮੋਦੀ ਅਤੇ ਅਮਿਤ ਸ਼ਾਹ ਸਮੇਤ ਭਾਜਪਾ ਦੇ ਕਈ ਵੱਡੇ ਆਗੂ ਇਹ ਕਹਿੰਦਿਆਂ ਕਈ ਵਾਰ ਸੁਣੇ ਗਏ ਕਿ ਉਨ੍ਹਾਂ ਦਾ ਮਕਸਦ ਭਾਰਤ ਨੂੰ ‘ਕਾਂਗਰਸ ਮੁਕਤ’ ਕਰਨਾ ਹੈ। 

ਹਾਲਾਂਕਿ ਜਾਣਕਾਰ ਮੰਨਦੇ ਹਨ ਕਿ ਕਾਂਗਰਸ ਦਾ ਪ੍ਰਦਰਸ਼ਨ ਭਾਵੇਂ ਕਿੰਨਾ ਵੀ ਖਰਾਬ ਰਿਹਾ ਹੋਵੇ ਪਰ ਇਹ ਵੀ ਇੱਕ ਸੱਚਾਈ ਹੈ ਕਿ ਕਾਂਗਰਸ ਹੁਣ ਵੀ ਪ੍ਰਮੁੱਖ ਵਿਰੋਧੀ ਪਾਰਟੀ ਤਾਂ ਹੈ ਹੀ ਅਤੇ ‘ਕਾਂਗਰਸ ਮੁਕਤ ਭਾਰਤ’ ਦਾ ਅਸਲ ਅਰਥ ‘ਵਿਰੋਧੀ ਧਿਰ ਮੁਕਤ ਭਾਰਤ’ ਹੋਵੇਗਾ।

ਰਾਹੁਲ ਗਾਂਧੀ ਜਾਂ ਕਾਂਗਰਸ ਦੇ ਹੋਰ ਆਗੂ ਭਾਵੇਂ ਹੀ ਇਸ ਨੂੰ ਗ਼ੈਰ-ਸਿਆਸੀ ਕਰਾਰ ਦੇਣ ਪਰ ਇਨ੍ਹਾਂ ਸਿਆਸੀ ਸਵਾਲਾਂ ਦਾ ਉੱਠਣਾ ਲਾਜ਼ਮੀ ਹੈ ਕਿ ਕੀ ਭਾਰਤ ਦੀ ਸਿਆਸਤ ਇਸ ਸਮੇਂ ਵਾਕਈ ਕੋਈ ਵਿਰੋਧੀ ਧਿਰ ਨਹੀਂ ਰਹੀ? ਤੇ ਜੇ ਅਜਿਹਾ ਹੈ ਤਾਂ ਕੀ ਭਾਰਤ ਜੋੜੋ ਯਾਤਰਾ ਨੇ ਰਾਹੁਲ ਗਾਂਧੀ ਨੂੰ ਵਿਰੋਧੀ ਧਿਰ ਦੇ ਨੇਤਾ ਵਜੋਂ ਸਥਾਪਿਤ ਕਰਨ ਵਿੱਚ ਕੁਝ ਹੱਦ ਤੱਕ ਸਫਲਤਾ ਹਾਸਲ ਕੀਤੀ ਹੈ?

ਇਸੇ ਨਾਲ ਜੁੜਿਆ ਇੱਕ ਅਹਿਮ ਸਵਾਲ ਇਹ ਵੀ ਹੈ ਕਿ ਇਸ ਯਾਤਰਾ ਨਾਲ ਭਾਰਤ ਦੀ ਜਨਤਾ ਨੂੰ ਰਾਹੁਲ ਗਾਂਧੀ ਆਖਿਰ ਕੀ ਸੁਨੇਹਾ ਦੇਣਾ ਚਾਹੁੰਦੇ ਹਨ ਅਤੇ ਉਹ ਇਸ ਵਿੱਚ ਕਿਸ ਹੱਦ ਤੱਕ ਸਫ਼ਲ ਹੋਏ ਹਨ?

ਦੋਵੇਂ ਸਵਾਲ ਬਹੁਤ ਅਹਿਮ ਹਨ। ਪਰ ਪਹਿਲਾਂ ਗੱਲ ਕਰਦੇ ਹਾਂ ਵਿਰੋਧੀ ਧਿਰ ਦੀ ਸਿਆਸਤ ਦੀ।

ਜਨਤਾ ਦਲ-ਯੂ ਦੇ ਮਹਾਂ ਸਕੱਤਰ ਅਤੇ ਸਾਬਕਾ ਰਾਜ ਸਭਾ ਸਾਂਸਦ ਕੇ.ਸੀ ਤਿਆਗੀ ਕਹਿੰਦੇ ਹਨ ਕਿ ਰਾਹੁਲ ਗਾਂਧੀ ਨੇ ਵੀ ਕਦੇ ਇਹ ਨਹੀਂ ਕਿਹਾ ਕਿ ਉਹ ਖ਼ੁਦ ਨੂੰ ਵਿਰੋਧੀ ਧਿਰ ਦੇ ਆਗੂ ਵਜੋਂ ਸਥਾਪਿਤ ਕਰਨ ਲਈ ਇਹ ਯਾਤਰਾ ਕਰ ਰਹੇ ਹਨ।

ਤਿਆਗੀ ਮੁਤਾਬਕ ਭਾਰਤ ਜੋੜੋ ਯਾਤਰਾ ਇੱਕ ਸੱਭਿਆਚਾਰਕ ਅਤੇ ਲੋਕਾਂ ਨੂੰ ਜਾਗਰੂਕ ਕਰਨ ਦਾ ਪ੍ਰੋਗਰਾਮ ਹੈ ਅਤੇ ਉਸ ਵਿੱਚ ਸ਼ਾਮਲ ਹੋਣ ਵਾਲੀ ਭੀੜ ਦੀ ਗਿਣਤੀ ਦੱਸਦੀ ਹੈ ਕਿ ਇਹ ਯਾਤਰਾ ਚੰਗੇ ਮੰਤਵ ਲਈ ਉਲੀਕਿਆ ਗਿਆ ਇੱਕ ਪ੍ਰੋਗਰਾਮ ਹੈ।

Getty Images

‘ਕਾਂਗਰਸ ਤੋਂ ਬਿਨ੍ਹਾਂ ਕੋਈ ਹੋਰ ਮੋਰਚਾ ਕਿਉਂ ਨਹੀਂ’

ਕੇ.ਸੀ ਤਿਆਗੀ ਮੁਤਾਬਕ 2014 ਅਤੇ 2019 ਦੀਆਂ ਚੋਣਾਂ ਤੋਂ ਬਾਅਦ ਕਾਂਗਰਸ ਆਪਣੇ ਘੱਟੋ-ਘੱਟ ਸਕੋਰ ’ਤੇ ਹੈ ਅਤੇ ਵਿਰੋਧੀ ਧਿਰ ਦਾ ਦਰਜਾ ਪ੍ਰਾਪਤ ਕਰਨ ਵਿੱਚ ਵੀ ਨਾਕਾਮ ਰਹੀ, ਅਜਿਹੇ ਵਿੱਚ ਕਾਂਗਰਸ ਨੂੰ ਇੱਕਜੁਟ ਕਰਨ ਲਈ, ਪਾਰਟੀ ਵਿੱਚ ਜਾਨ ਫੂਕਣ ਲਈ, ਜਨਤਾ ਨਾਲ ਉਸ ਨੂੰ ਜੋੜਣ ਲਈ ਰਾਹੁਲ ਗਾਂਧੀ ਨੇ ਕੋਸ਼ਿਸ਼ਾਂ ਕੀਤੀਆਂ ਹਨ ਅਤੇ ਉਸ ਵਿੱਚ ਉਨ੍ਹਾਂ ਨੂੰ ਕਾਫ਼ੀ ਸਫ਼ਲਤਾ ਮਿਲੀ ਹੈ। 

ਕੇ.ਸੀ. ਤਿਆਗੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਾਰਟੀ ਦੀ ਰਾਇ ਬਿਲਕੁਲ ਸਾਫ਼ ਹੈ ਕਿ ਬਿਨ੍ਹਾਂ ਕਾਂਗਰਸ ਪਾਰਟੀ ਦੇ ਕੋਈ ਵੀ ਸਿਆਸੀ ਮੋਰਚਾ ਨਹੀਂ ਬਣ ਸਕਦਾ। 

ਹਾਲਾਂਕਿ ਐੱਨਡੀਏ ਛੱਡ ਕੇ ਰਾਜਦ ਅਤੇ ਕਾਂਗਰਸ ਦੇ ਨਾਲ ਮਿਲ ਕੇ ਬਿਹਾਰ ਵਿੱਚ ਸਰਕਾਰ ਬਣਾਉਣ ਤੋਂ ਬਾਅਦ ਨਿਤੀਸ਼ ਕੁਤਰ ਜਦੋਂ ਦਿੱਲੀ ਸੋਨੀਆ ਗਾਂਧੀ ਨੂੰ ਮਿਲਣ ਆਏ ਸੀ ਤਾਂ ਉਨ੍ਹਾਂ ਨੂੰ ਕਾਂਗਰਸ ਨੇ ਕੋਈ ਖ਼ਾਸ ਅਹਿਮੀਅਤ ਨਹੀਂ ਦਿੱਤੀ ਸੀ। 

ਇਸ ਬਾਰੇ ਕੇ.ਸੀ ਤਿਆਗੀ ਕਹਿੰਦੇ ਹਨ, “ਅਸੀਂ ਨਿਰਾਸ਼ ਨਹੀਂ ਹਾਂ। ਜਦੋਂ ਨਿਤੀਸ਼ ਕੁਮਾਰ ਸੋਨੀਆ ਗਾਂਧੀ ਨੂੰ ਮਿਲੇ ਸਨ, ਉਸ ਸਮੇਂ ਕਾਂਗਰਸ ਦੇ ਪ੍ਰਧਾਨ ਦੀ ਚੋਣ ਹੋਣੀ ਸੀ। ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣ ਹੋਣ ਵਾਲੀ ਸੀ।”

“ਇਸ ਲਈ ਸਾਨੂੰ ਬਾਅਦ ਵਿੱਚ ਦੁਬਾਰਾ ਬੈਠਣਾ ਚਾਹੀਦਾ ਹੈ ਪਰ ਹਾਲੇ ਤੱਕ ਕਾਂਗਰਸ ਵੱਲੋਂ ਅਜਿਹਾ ਕੋਈ ਪ੍ਰਸਤਾਵ ਨਹੀਂ ਹੈ ਅਤੇ ਨਾ ਹੀ ਅਜਿਹੇ ਸੰਕੇਤ ਹਨ ਕਿ ਉਹ ਵਿਰੋਧੀ ਧਿਰ ਨੂੰ ਇੱਕਜੁੱਟ ਕਰਨ ਦੀ ਕੋਈ ਕੋਸ਼ਿਸ਼ ਕਰ ਰਹੇ ਹਨ।” 

ਉਨ੍ਹਾਂ ਮੁਤਾਬਕ ਕਾਂਗਰਸ ਤੋਂ ਬਿਨ੍ਹਾਂ ਵਿਰੋਧੀ ਧਿਰਾਂ ਦਾ ਕੋਈ ਗਠਬੰਧਨ ਸੰਭਵ ਨਹੀਂ ਹੈ ਪਰ ਇਹ ਵੀ ਜ਼ਰੂਰੀ ਹੈ ਕਿ ਭਾਜਪਾ ਨੂੰ ਹਰਾਉਣ ਲਈ ਵਿਰੋਧੀ ਧਿਰ ਦੇ ਗਠਬੰਧਨ ਵਿੱਚ ਨਵੀਨ ਪਟਨਾਇਕ, ਕੇ.ਸੀ. ਆਰ, ਮਮਤਾ ਬੈਨਰਜੀ, ਅਖਿਲੇਸ਼ ਯਾਦਵ ਅਤੇ ਮਾਇਆਵਤੀ ਸਭ ਨੂੰ ਇਕਮੱਤ ਹੋਣਾ ਪਵੇਗਾ। 

ਉਹ ਕਹਿੰਦੇ ਹਨ ਕਿ ਸਮਾਂ ਹੀ ਵਿਰੋਧੀ ਧਿਰ ਨੂੰ ਇੱਕਜੁੱਟ ਕਰੇਗਾ। 1977 ਦੀ ਮਿਸਾਲ ਦਿੰਦਿਆਂ ਉਹ ਕਹਿੰਦੇ ਹਨ ਕਿ ਉਸ ਸਮੇਂ ਤਕਰੀਬਨ ਸਾਰੇ ਆਗੂ ਜੇਲ੍ਹ ਵਿੱਚ ਸਨ। ਆਪਸ ਵਿੱਚ ਕੋਈ ਸੰਵਾਦ ਸੰਭਵ ਨਹੀਂ ਸੀ। ਜਨਸੰਘ ਕਿਸੇ ਵੀ ਰਲੇਵੇਂ ਲਈ ਤਿਆਰ ਨਹੀਂ ਸੀ।

ਸਮਾਜਵਾਦੀ ਪਾਰਟੀ ਵੀ ਵੱਖਰੇ ਰਾਹ ਤੁਰ ਰਹੀ ਸੀ। ਜੇਪੀ ਵੀ ਕੋਈ ਪਾਰਟੀ ਨਹੀਂ ਸਨ ਬਣਾਉਣਾ ਚਾਹੁੰਦੇ, ਪਰ ਜਨਤਾ ਨੇ ਆਪਣਾ ਬਦਲ ਚੁਣ ਲਿਆ ਅਤੇ ਸਭ ਨੂੰ ਨਾਲ ਆਉਣ ਨੂੰ ਮਜਬੂਰ ਕੀਤਾ ਅਤੇ ਇੰਦਰਾ ਗਾਂਧੀ ਦੀ ਕਾਂਗਰਸ 1977 ਵਿੱਚ ਚੋਣ ਹਾਰ ਗਈ। 

ਉਹ ਕਹਿੰਦੇ ਹਨ, “ਦੇਸ਼ ਦੇ ਸਮਾਜਿਕ ਤਾਣੇ-ਬਾਣੇ ਨੂੰ, ਧਰਮ ਨਿਰਪੱਖ ਰਿਵਾਇਤਾਂ ਨੂੰ ਦ੍ਰਿੜ੍ਹ ਕਰਨ ਦੀ ਇੱਛਾ ਜਿਹੜਿਆਂ ਦਲਾਂ ਦੀ ਜਿੰਨੀ ਪੱਕੀ ਹੋਏਗੀ ਉਹ ਦਲ ਰਾਸ਼ਟਰ ਦੀ ਏਕਤਾ ਲਈ ਇਕੱਠੇ ਹੋਣਗੇ, ਇਹ ਮੇਰਾ ਮੰਨਣਾ ਹੈ।” 

ਸਾਂਝੀ ਵਿਰੋਧੀ ਧਿਰ ਦੀ ਗੱਲ ਕਰਨਾ ਹਾਲੇ ਜਲਦਬਾਜ਼ੀ ਹੋਵੇਗੀ

ਕਿਸੇ ਵੀ ਆਮ ਚੋਣ ਵਿੱਚ ਉੱਤਰ ਪ੍ਰਦੇਸ਼ ਸਭ ਤੋਂ ਅਹਿਮ ਹੁੰਦਾ ਹੈ ਕਿਉਂਕਿ ਉੱਥੋਂ 80 ਸਾਂਸਦ ਚੁਣੇ ਜਾਂਦੇ ਹਨ।

ਪਿਛਲੀਆਂ ਦੋ ਚੋਣਾਂ(2014 ਅਤੇ 2019) ਵਿੱਚ ਭਾਜਪਾ ਦੀ ਸ਼ਾਨਦਾਰ ਸਫਲਤਾ ਦਾ ਇੱਕ ਕਾਰਨ ਯੂ.ਪੀ. ਵਿੱਚ ਪਾਰਟੀ ਦਾ ਪ੍ਰਦਰਸ਼ਨ ਰਿਹਾ ਸੀ। ਦੋਵੇਂ ਵਾਰ ਭਾਜਪਾ ਨੇ 60 ਤੋਂ ਜ਼ਿਆਦਾ(2014 ਵਿੱਚ 71 ਸੀਟਾਂ) ਸੀਟਾਂ ਜਿੱਤੀਆਂ ਸੀ। 

ਇਸ ਲਈ ਜੇ ਭਾਜਪਾ ਨੂੰ ਰੋਕਣਾ ਹੈ ਤਾਂ ਉਸ ਨੂੰ ਯੂ.ਪੀ. ਵਿੱਚ ਰੋਕਣਾ ਹੋਵੇਗਾ, ਪਰ ਫ਼ਿਲਹਾਲ ਇੱਥੇ ਵੀ ਵਿਰੋਧੀ ਧਿਰ ਖਿਲਰੀ ਪਈ ਹੈ।

ਸਮਾਜਵਾਦੀ ਪਾਰਟੀ ਦੇ ਬੁਲਾਰੇ ਘਣਸ਼ਾਮ ਤਿਵਾਰੀ ਭਾਰਤ ਜੋੜੋ ਨੂੰ ਨਫ਼ਰਤ ਦੀ ਰਾਜਨੀਤੀ ਖ਼ਿਲਾਫ਼ ਇੱਕ ਸ਼ਾਨਦਾਰ ਕੋਸ਼ਿਸ਼ ਕਰਾਰ ਦਿੰਦਿਆਂ ਕਹਿੰਦੇ ਹਨ ਕਿ ਇਸ ਨਾਲ ਰਾਹੁਲ ਗਾਂਧੀ ਦੀ ਲੀਡਰਸ਼ਿਪ ਨੂੰ ਉਭਾਰ ਮਿਲਦਾ ਹੈ, ਉਹ ਮਜ਼ਬੂਤ ਹੁੰਦੀ ਹੈ, ਪਰ 2024 ਦੀ ਗੱਲ ਕਰਨਾ ਹਾਲੇ ਥੋੜ੍ਹੀ ਜਲਦਬਾਜ਼ੀ ਹੋਏਗੀ।

2023 ਵਿੱਚ ਕਰੀਬ ਦਰਜਨ ਭਰ ਸੂਬਿਆਂ ਵਿੱਚ ਚੋਣਾਂ ਹੋਣ ਵਾਲੀਆਂ ਹਨ ਅਤੇ ਜ਼ਿਆਦਾਤਰ (ਕਰਨਾਟਕ, ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸ਼ਗੜ੍ਹ) ਵਿੱਚ ਕਾਂਗਰਸ ਅਤੇ ਭਾਜਪਾ ਵਿਚਕਾਰ ਸਿੱਧੀ ਟੱਕਰ ਹੈ। 

ਸਪਾ ਦੇ ਬੁਲਾਰੇ ਮੁਤਾਬਕ 2024 ਦੀਆਂ ਆਮ ਚੋਣਾਂ ਵਿੱਚ ਕਾਂਗਰਸ ਦੀ ਭੂਮਿਕਾ ਤੈਅ ਕਰੇਗੀ ਇਹ ਬਹੁਤ ਹੱਦ ਤੱਕ ਇਸ ਗੱਲ ’ਤੇ ਨਿਰਭਰ ਕਰੇਗਾ ਕਿ ਸੂਬਿਆਂ ਦੀਆਂ ਇਨ੍ਹਾਂ ਚੋਣਾਂ ਵਿੱਚ ਕਾਂਗਰਸ ਦਾ ਪ੍ਰਦਰਸ਼ਨ ਕਿਵੇਂ ਦਾ ਰਹਿੰਦਾ ਹੈ। 

ਯੂ.ਪੀ. ਦੀ ਗੱਲ ਕਰਦਿਆਂ ਘਣਸ਼ਾਮ ਤਿਵਾਰੀ ਕਹਿੰਦੇ ਹਨ ਕਿ ਉੱਥੇ ਅਖਿਲੇਸ਼ ਯਾਦਵ ਦੀ ਅਗਵਾਈ ਵਿੱਚ ਸਪਾ ਪੂਰੀ ਮਜ਼ਬੂਤੀ ਨਾਲ ਭਾਜਪਾ ਦਾ ਮੁਕਾਬਲਾ ਕਰਨ ਦੀ ਤਿਆਰੀ ਕਰ ਰਹੀ ਹੈ। 

ਉਹ ਕਹਿੰਦੇ ਹਨ, “ਸਮਾਜਵਾਦੀ ਪਾਰਟੀ ਦੀ ਵਿਰੋਧੀ ਧਿਰ ਲਈ ਕੀਤੀ ਕਿਸੇ ਵੀ ਸਾਂਝੀ ਕੋਸ਼ਿਸ਼ ਨੂੰ ਸਿਰੇ ਤੋਂ ਖਾਰਜ ਨਹੀਂ ਕਰਦੀ ਹੈ, ਪਰ ਸਮੂਹਿਕ ਵਿਰੋਧੀ ਧਿਰ ਬਾਰੇ ਹਾਲੇ ਕੁਝ ਕਹਿਣਾ ਜਲਦਬਾਜ਼ੀ ਹੋਵੇਗੀ।”

@INC

‘ਕਾਂਗਰਸ ਤੋਂ ਇਲਾਵਾ ਕਿਉਂ ਨਹੀਂ ਸੋਚ ਸਕਦੇ’?

ਯੂਪੀਏ ਦੌਰਾਨ ਹੀ ਤੇਲੰਗਾਨਾ ਦਾ ਗਠਨ ਹੋਇਆ ਸੀ ਅਤੇ ਇੱਕ ਸਮਾਂ ਅਜਿਹਾ ਲੱਗ ਰਿਹਾ ਸੀ ਕਿ ਕੇਸੀਆਰ ਦੀ ਟੀਆਰਐੱਸ ਦਾ ਕਾਂਗਰਸ ਵਿੱਚ ਰਲੇਵਾਂ ਹੋ ਜਾਏਗਾ।

ਅੱਜ ਸਥਿਤੀ ਇਹ ਹੈ ਕਿ ਟੀਆਰਐੱਸ ਨਾ ਸਿਰਫ਼ ਕਾਂਗਰਸ ਦੀ ਕੱਟੜ ਵਿਰੋਧੀ ਪਾਰਟੀ ਬਣ ਗਈ ਹੈ, ਬਲਿਕ ਕੇਸੀਆਰ ਨੇ ਆਪਣੀ ਰਾਸ਼ਟਰੀ ਮਹੱਤਵਕਾਂਸ਼ਾ ਨੂੰ ਪੂਰੀ ਕਰਨ ਲਈ ਆਪਣੀ ਪਾਰਟੀ ਦਾ ਨਾਮ ਬਦਲ ਕੇ ਭਾਰਤ ਰਾਸ਼ਟਰ ਸਮਿਤੀ (ਬੀਆਰਐਸ) ਰੱਖ ਲਿਆ ਹੈ।

ਬੀਆਰਐੱਸ ਦੇ ਬੁਲਾਰੇ ਕ੍ਰਿਸ਼ਾਂਕ ਮੰਨੇ ਮੁਤਾਬਕ ਰਾਹੁਲ ਗਾਂਧੀ ਕਹਿੰਦੇ ਹਨ ਕਿ ਉਨ੍ਹਾਂ ਦੀ ਭਾਰਤ ਜੋੜੋ ਯਾਤਰਾ ਸਿਆਸੀ ਯਾਤਰਾ ਨਹੀਂ ਹੈ ਪਰ ਅਜਿਹੇ ਸੂਬਿਆਂ ਵਿੱਚ ਜਿੱਥੇ ਭਾਜਪਾ ਦੀ ਸਰਕਾਰ ਨਹੀਂ ਹੈ ਉੱਥੇ ਉਨ੍ਹਾਂ ਨੇ ਨਾ ਸਿਰਫ਼ ਸਿਆਸੀ ਬਿਆਨਬਾਜ਼ੀ ਕੀਤੀ ਹੈ ਬਲਕਿ ਉਨ੍ਹਾਂ ਪਾਰਟੀਆਂ ਨੂੰ ਭਾਜਪਾ ਦੀ ਬੀ ਟੀਮ ਕਰਾਰ ਦਿੱਤਾ।

ਕ੍ਰਿਸ਼ਾਂਕ ਮੰਨੇ ਕਹਿੰਦੇ ਹਨ, “ਭਾਰਤ ਜੋੜੋ ਯਾਤਰਾ ਪੂਰ੍ਹੀ ਤਰ੍ਹਾਂ ਇੱਕ ਸਿਆਸੀ ਯਾਤਰਾ ਹੈ ਅਤੇ ਇਹ ਰਾਹੁਲ ਗਾਂਧੀ ਦਾ ਅਕਸ ਨਿਖਾਰਨ ਲਈ ਕੀਤੀ ਜਾ ਰਹੀ ਹੈ। ਇਹ ਦੇਸ਼ ਨੂੰ ਕੋਈ ਖ਼ਾਸ ਸੁਨੇਹਾ ਦੇਣ ਲਈ ਨਹੀਂ ਹੈ।”

ਅਜਿਹੇ ਵਿੱਚ 2024 ਦੀਆਂ ਚੋਣਾਂ ਨੂੰ ਦੇਖਦਿਆਂ ਬੀਆਰਐੱਸ ਦੀ ਰਣਨੀਤੀ ਕੀ ਹੈ, ਇਸ ਦਾ ਜਵਾਬ ਦਿੰਦਿਆਂ ਕ੍ਰਿਸ਼ਾਂਕ ਕਹਿੰਦੇ ਹਨ, “ਅੱਜ ਸਾਡਾ ਫੋਕਸ ਇਹ ਹੈ ਕਿ ਅਸੀਂ ਮੋਦੀ ਨੂੰ ਜਨਤਾ ਦੇ ਏਜੰਡੇ ’ਤੇ ਚੁਣੌਤੀ ਦੇਵਾਂਗੇ, ਜਿਸ ਦਾ ਉਨ੍ਹਾਂ ਨੇ 2014 ਵਿੱਚ ਵਾਅਦਾ ਕੀਤਾ ਸੀ ਪਰ ਪਿਛਲੇ ਅੱਠ-ਨੌਂ ਸਾਲ ਤੋਂ ਦੂਰ ਭੱਜ ਰਹੇ ਹਨ।”

ਕਾਂਗਰਸ ਬਾਰੇ ਉਨ੍ਹਾਂ ਦਾ ਸਾਫ਼ ਕਹਿਣਾ ਸੀ, “ਕਿਉਂ ਅਸੀਂ ਕਾਂਗਰਸ ਤੋਂ ਇਲਾਵਾ ਸੋਚ ਨਹੀਂ ਸਕਦੇ। ਕਾਂਗਰਸ ਅੱਜ 40-50 ਸੀਟਾਂ ਤੱਕ ਸੀਮਤ ਹੈ। ਕਾਂਗਰਸ ਨੂੰ ਓਨੀ ਅਹਿਮੀਅਤ ਕਿਉਂ ਦੇਵਾਂਗੇ ਜਦੋਂ ਸਾਰੇ ਸੂਬੇ ਆਪੋ-ਆਪਣੇ ਖੇਤਰ ਵਿੱਚ ਮਜ਼ਬੂਤ ਹਨ। ਉਨ੍ਹਾਂ ਦੇ ਮੁੱਖ ਮੰਤਰੀ ਹਨ।”

Bharat Jodo/FB

ਰਾਹੁਲ ਹਾਲੇ ਵੀ ‘ਵਿਰੋਧੀ ਧਿਰ ਦਾ ਚਿਹਰਾ’ ਨਹੀਂ

ਕਾਂਗਰਸ ਦੀ ਰਾਜਨੀਤੀ ਨੂੰ ਨੇੜਿਓਂ ਵੇਖਣ ਵਾਲੀ ਸੀਨੀਅਰ ਪੱਤਰਕਾਰ ਸਮਿਤਾ ਗੁਪਤਾ ਕਹਿੰਦੇ ਹੈ ਕਿ ਇਸ ਯਾਤਰਾ ਤੋਂ ਪਹਿਲਾਂ ਜਿਸ ਤਰ੍ਹਾਂ ਬੀਜੇਪੀ ਜਾਂ ਕੋਈ ਸਿਆਸੀ ਵਿਸ਼ਲੇਸ਼ਕ ਰਾਹੁਲ ਗਾਂਧੀ ਨੂੰ ਹਲਕੇ ਵਿੱਚ ਲੈਂਦੇ ਸੀ ਅਤੇ ਉਨ੍ਹਾਂ ਲਈ ਕਈ ਅਪਸ਼ਬਦ ਕਹਿੰਦੇ ਸੀ, ਹੁਣ ਉਹ ਰਾਹੁਲ ਗਾਂਧੀ ਨੂੰ ਓਨੀ ਅਸਾਨੀ ਨਾਲ ਉਹ ਸਭ ਨਹੀਂ ਕਹਿ ਸਕਣਗੇ।

ਸਮਿਤਾ ਗੁਪਤਾ ਮੁਤਾਬਕ ਇਸ ਯਾਤਰਾ ਤੋਂ ਬਾਅਦ ਰਾਹੁਲ ਗਾਂਧੀ ਕਾਂਗਰਸ ਦੇ ਮਜ਼ਬੂਤ ਨੇਤਾ ਵਜੋਂ ਦੁਬਾਰਾ ਸਥਾਪਿਤ ਹੋ ਗਏ ਹਨ ਅਤੇ ਵਿਰੋਧੀ ਧਿਰ ਦੇ ਇੱਕ ਮੰਨੇ ਪ੍ਰਮੰਨੇ ਆਗੂ ਵਜੋਂ ਅੱਗੇ ਵਧ ਰਹੇ ਹਨ।

ਹਾਲਾਂਕਿ ਉਹ ਕਹਿੰਦੇ ਹਨ, “ਰਾਹੁਲ ਗਾਂਧੀ ਨੇ ਇਹ ਤਾਂ ਸਾਬਿਤ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ ਹੋਰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ ਪਰ ਹਾਲੇ ਵੀ ਰਾਹੁਲ ਗਾਂਧੀ ਨੂੰ ‘ਵਿਪੱਖ ਦਾ ਚਿਹਰਾ’ ਨਹੀਂ ਕਿਹਾ ਜਾ ਸਕਦਾ ਹੈ।”

ਸਮਿਤਾ ਗੁਪਤਾ ਮੁਤਾਬਕ ਕਾਂਗਰਸ ਦੇ ਸਹਿਯੋਗੀ ਪਾਰਟੀਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਕੇਸੀਆਰ ਅਤੇ ਮਮਤਾ ਬੈਨਰਜੀ ਜਿਹੇ ਆਗੂਆਂ ਨੂੰ ਜਾ ਕੇ ਸਮਝਾਉਣ ਕਿ ਜੇ ਉਨ੍ਹਾਂ ਦਾ ਪਹਿਲਾ ਮਕਸਦ ਭਾਜਪਾ ਨੂੰ ਹਰਾਉਣਾ ਹੈ ਤਾਂ ਫਿਰ ਕਾਂਗਰਸ ਨੂੰ ਨਾਲ ਲੈ ਕੇ ਹੀ ਚੱਲਣਾ ਪਵੇਗਾ।

@INC

“ਰਾਹੁਲ ਗਾਂਧੀ ਉਮੀਦ ਦੀ ਸਿਆਸਤ ਕਰ ਰਹੇ ਹਨ”

ਪਰ ਮੰਨੇ ਪ੍ਰਮੰਨੇ ਸਮਾਜਸ਼ਾਸਤਰੀ ਸ਼ਿਵ ਵਿਸ਼ਵਨਾਥਨ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਨੂੰ ਸਿਆਸਤ ਦੇ ਦਾਅ ਪੇਚ ਤੋਂ ਬਿਲਕੁਲ ਵੱਖ ਕਰਕੇ ਦੇਖਦੇ ਹਨ।

ਸ਼ਿਵ ਵਿਸ਼ਵਨਾਥਨ ਕਹਿੰਦੇ ਹਨ ਕਿ ਰਾਹੁਲ ਗਾਂਧੀ ਦੀ ਯਾਤਰਾ ਇੱਕ ਤਰ੍ਹਾਂ ਨਾਲ ਭਾਰਤ ਦੀ ਖੋਜ ਹੈ। ਉਨ੍ਹਾਂ ਮੁਤਾਬਕ ਰਾਹੁਲ ਗਾਂਧੀ ਦੀ ਯਾਤਰਾ ਵਿੱਚ ਸ਼ਾਮਲ ਹੋਣ ਵਾਲੇ ਆਗੂਆਂ ਨਾਲ ਕੋਈ ਖ਼ਾਸ ਫ਼ਰਕ ਨਹੀਂ ਪਿਆ, ਰਾਹੁਲ ਦੀ ਯਾਤਰਾ ਨੂੰ ਖ਼ਾਸ ਬਣਾਉਂਦਾ ਹੈ ਉਸ ਵਿੱਚ ਸ਼ਾਮਲ ਹੋਣ ਵਾਲੇ ਗ਼ੈਰ-ਸਿਆਸੀ ਲੋਕ।

ਰਾਹੁਲ ਗਾਂਧੀ ਦੀ ਇਸ ਯਾਤਰਾ ਦੌਰਾਨ ਸਮਾਜ ਦੇ ਵੱਖ-ਵੱਖ ਹਿੱਸਿਆਂ ਦੇ ਲੋਕ ਸ਼ਾਮਲ ਹੋਏ। ਫ਼ਿਲਮੀ ਦੁਨੀਆਂ ਤੋਂ ਉਰਮਿਲਾ ਮਾਤੋਂਡਕਰ, ਸਵਰਾ ਭਾਸਕਰ, ਪੂਜਾ ਭੱਟ, ਰੀਆ ਸੇਨ ਅਤੇ ਆਨੰਦ ਪਟਵਰਧਨ ਸ਼ਾਮਲ ਹੋਏ। ਸਮਾਜਿਕ ਕਾਰਕੁੰਨ ਅਰੁਣਾ ਰੌਏ ਵੀ ਸ਼ਆਮਲ ਹੋਈ ਅਤੇ ਤੇਲੰਗਾਨਾਂ ਵਿੱਚ ਰੋਹਿਤ ਵੇਮੁਲਾ ਦੀ ਮਾਂ ਵੀ।

ਖੇਡ ਦੀ ਦੁਨੀਆ ਤੋਂ ਵੀ ਕਈ ਲੋਕ ਸ਼ਾਮਲ ਹੋਏ। ਸੰਗੀਤ ਦੀ ਦੁਨੀਆ ਦੇ ਟੀਐੱਮ ਕ੍ਰਿਸ਼ਣਾ, ਸਟੈਂਡਅਪ ਕਾਮੇਡੀਅਨ ਕੁਣਾਲ ਕਾਮਰਾ, ਗਣੇਸ਼ ਦੇਵੀ ਅਤੇ ਆਰਬੀਆਈ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਵੀ ਯਾਤਰਾ ਵਿੱਚ ਸ਼ਾਮਲ ਹੋਏ।

ਸ਼ਿਵ ਵਿਸ਼ਵਨਾਥਨ ਮੁਤਾਬਕ ਰਾਹੁਲ ਗਾਂਧੀ ਨੇ ਯਾਤਰਾ ਦੀ ਸ਼ੁਰੂਆਤ ਵਿੱਚ ਜ਼ਰੂਰ ਸਿਰਫ਼ ਚੋਣਾਂ ਬਾਰੇ ਸੋਚਿਆ ਹੋਵੇਗਾ ਪਰ ਯਾਤਰਾ ਦੇ ਨਾਲ-ਨਾਲ ਉਨ੍ਹਾਂ ਦੀ ਰਾਇ ਬਦਲਦੀ ਗਈ।

ਉਨ੍ਹਾਂ ਦੇ ਮੁਤਾਬਕ ਸ਼ੁਰੂਆਤੀ ਦੌਰ ਵਿੱਚ ਰਾਹੁਲ ਗਾਂਧੀ ਆਪਣੇ ਭਾਸ਼ਣਾਂ ਵਿੱਚ ਸਿਰਫ਼ ਅਤੇ ਸਿਰਫ਼ ਭਾਜਪਾ ਨੂੰ ਨਿਸ਼ਾਨਾ ਬਣਾ ਰਹੇ ਸੀ ਪਰ ਜਿਵੇਂ ਜਿਵੇਂ ਉਹ ਲੋਕਾਂ ਨੂੰ ਮਿਲਦੇ ਗਏ ਉਨ੍ਹਾਂ ਨੂੰ ਅਹਿਸਾਸ ਹੋ ਗਿਆ ਕਿ ਭਾਰਤ ਨੂੰ ਇਸ ਸਮੇਂ ਇੱਕ ਨਵੀਂ ਤਰ੍ਹਾਂ ਦੀ ਸਿਆਸਤ ਦੀ ਲੋੜ ਹੈ।

ਉਨ੍ਹਾਂ ਮੁਤਾਬਕ ਰਾਹੁਲ ਗਾਂਧੀ ਨੇ ਇਹ ਸਭ ਕੁਝ ਸੋਚ ਕੇ ਨਹੀਂ ਕੀਤਾ, ਉਹ ਖੁਦ ਇਸ ਦੇ ਸ਼ਿਕਾਰ ਹੋ ਗਏ ਪਰ ਫ਼ਿਰ ਵੀ ਇਸ ਲਈ ਰਾਹੁਲ ਗਾਂਧੀ ਨੂੰ ਕ੍ਰੈਡਿਟ ਦਿੱਤਾ ਜਾਣਾ ਚਾਹੀਦਾ ਹੈ।

BBC

-

BBC
Bharat Jodo/FB

ਰਾਹੁਲ ਕਿੱਥੇ ਖੜੇ ਹਨ?

ਪਰ ਕੀ ਆਮ ਲੋਕਾਂ ਨੂੰ ਰਾਹੁਲ ਗਾਂਧੀ ਆਪਣਾ ਸੰਦੇਸ਼ ਦੇਣ ਵਿੱਚ ਸਫਲ ਹੋਏ। ਇਸ ਦੇ ਜਵਾਬ ਵਿੱਚ ਸ਼ਿਵ ਵਿਸ਼ਵਨਾਥਨ ਕਹਿੰਦੇ ਹਨ, “ਹੌਲੀ-ਹੌਲੀ ਲੋਕਾਂ ਤੱਕ ਰਾਹੁਲ ਗਾਂਧੀ ਦਾ ਸੰਦੇਸ਼ ਜਾ ਰਿਹਾ ਹੈ। ਪਰ ਮੈਨੂੰ ਨਹੀਂ ਲਗਦਾ ਕਿ ਰਾਹੁਲ ਗਾਂਧੀ ਇਸ ਯਾਤਰਾ ਦੇ ਹੀਰੋ ਹਨ।

ਇਸ ਯਾਤਰਾ ਦਾ ਹੀਰੋ ਹਰ ਉਹ ਭਾਰਤੀ ਹੈ ਜੋ ਯਾਤਰਾ ਵਿੱਚ ਸ਼ਾਮਲ ਹੋਇਆ ਅਤੇ ਜਿਨ੍ਹਾਂ ਨੇ ਰਾਹੁਲ ਗਾਂਧੀ ਨੂੰ ਦੱਸਿਆ ਕਿ ਅੱਜ ਦੀ ਪਾਰਟੀ ਪਾਲਿਟਿਕਸ ਕਾਫ਼ੀ ਖੋਖਲੀ ਹੈ।”

ਪਰ ਸ਼ਿਵ ਵਿਸ਼ਵਨਾਥਨ ਸਤਰਕ ਕਰਦਿਆਂ ਕਹਿੰਦੇ ਹਨ ਕਿ ਖ਼ਤਰਾ ਇਹ ਵੀ ਹੈ ਕਿ ਕਾਂਗਰਸ ਦਾ ਲੋਕਾਂ ਨੂੰ ਨਿਰਾਸ ਕਰਨ ਦਾ ਇਤਿਹਾਸ ਰਿਹਾ ਹੈ ਅਤੇ ਇਹ ਆਪਣੇ ਪੁਰਾਣੇ ਧਰੇ ਤੇ ਫਿਰ ਜਾ ਸਕਦੀ ਹੈ। 

ਉਹ ਕਹਿੰਦੇ ਹਨ, “ਜੇ ਰਾਹੁਲ ਗਾਂਧੀ ਨੇ ਨਾਗਰਿਕ ਸਮਾਜ ਦੇ ਨਾਲ ਮਿਲ ਕੇ ਸਿਆਸਤ ਕਰਨੀ ਹੈ ਤਾਂ ਉਨ੍ਹਾਂ ਨੂੰ ਕਾਂਗਰਸ ਪਾਰਟੀ ਵਿੱਚ ਨਵੀਂ ਤਰ੍ਹਾਂ ਸੁਧਾਰ ਕਰਨਾ ਹੋਵੇਗਾ ਅਤੇ ਸਾਨੂੰ ਭਵਿੱਖ ਵਿੱਚ ਇੱਕ ਨਵੀਂ ਸਿਆਸੀ ਪਾਰਟੀ ਮਿਲ ਸਕਦੀ ਹੈ। ਇੱਥੇ ਨਾਗਰਿਕ ਸਮਾਜ ਦੇ ਨੋਕ ਉਨ੍ਹਾਂ ਦੀ ਮਦਦ ਕਰ ਸਕਦੇ ਹਨ ਅਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਇੱਕ ਚਮਤਕਾਰ ਹੋਏਗਾ।”

ਸ਼ਿਵ ਵਿਸ਼ਵਨਾਥਨ ਮੁਤਾਬਕ ਸ਼ਰਧ ਪਵਾਰ ਅਤੇ ਨਿਤੀਸ਼ ਕੁਮਾਰ ਜਿਹੇ ਕਾਂਗਰਸ ਦੇ ਸਹਿਯੋਗੀ ਵੀ ਸਿਰਫ਼ ਸੱਤਾ ਹਾਸਿਲ ਕਰਨਾ ਚਾਹੁੰਦੇ ਹਨ ਅਤੇ ਖ਼ੁਦ ਨੂੰ ਮਜ਼ਬੂਤ ਬਣਾਉਣਾ ਚਾਹੁੰਦੇ ਹਨ। ਪਰ ਰਾਹੁਲ ਗਾਂਧੀ ਅਜਿਹੇ ਪਹਿਲਾ ਆਗੂ ਬਣ ਗਏ ਹਨ ਜੋ ਲੋਕਾਂ ਦੇ ਸਸ਼ਕਤੀਕਰਨ ਦੀ ਗੱਲ ਕਰ ਰਹੇ ਹਨ ਨਾ ਕਿ ਸਿਆਸੀ ਆਗੂਆਂ ਦੇ।

ਉਹ ਕਹਿੰਦੇ ਹਨ ਕਿ ਯਾਤਰਾ ਦੌਰਾਨ ਜੋ ਕੁਝ ਵੀ ਹੋ ਰਿਹਾ ਹੈ ਉਹ ਖ਼ੁਦ ਰਾਹੁਲ ਗਾਂਧੀ ਨੂੰ ਵੀ ਪੂਰੀ ਤਰ੍ਹਾਂ ਸਮਝ ਵਿੱਚ ਨਹੀਂ ਆ ਰਿਹਾ ਹੈ ਪਰ ਉਨ੍ਹਾਂ ਨੇ ਜੋ ਕੀਤਾ ਹੈ ਉਹ ਚੋਣ ਰਾਜਨੀਤੀ ਤੋਂ ਦੂਰ ਨਵੇਂ ਭਾਰਤ ਦਾ ਸੁਫ਼ਨਾ ਦਿਖਾਉਂਦਾ ਹੈ ਪਰ ਕਈ ਵਾਰ ਸੁਫ਼ਨੇ ਟੁੱਟ ਵੀ ਜਾਂਦੇ ਹਨ।

ਸ਼ਿਵ ਵਿਸ਼ਵਨਾਥਨ ਦੇ ਮੁਤਾਬਕ, ਰਾਹੁਲ ਗਾਂਧੀ ਉਮੀਦ ਦੀ ਰਾਜਨੀਤੀ ਕਰ ਰਹੇ ਹਨ ਪਰ ਇਸ ਨੂੰ ਸਫ਼ਲ ਬਣਾਉਣ ਲਈ ਜ਼ਰੂਰਤ ਹੈ ਵਿਚਾਰਾਂ ਦੀ ਰਾਜਨੀਤੀ ਦੀ। 

(ਬੀਬੀਸੀ ਪੰਜਾਬੀ ਨਾਲ ਅਤੇ ''''ਤੇ ਜੁੜੋ।)