ਕੈਨੇਡਾ ਦਾ ਵਰਕ ਪਰਮਿਟ ਲਈ ਲਿਆ ਗਿਆ ਇਹ ਫੈਸਲਾ ਭਾਰਤੀਆਂ ਨੂੰ ਫਾਇਦਾ ਪਹੁੰਚਾ ਸਕਦਾ ਹੈ

12/04/2022 10:57:20 AM

Getty Images
ਨਵੇਂ ਕਦਮ ਦਾ ਮਕਸਦ ਪਰਿਵਾਰਾਂ ਨੂੰ ਇਕੱਠੇ ਰੱਖ ਕੇ ਕਰਮਚਾਰੀਆਂ ਦੀ ਭਾਵਨਾਤਮਕ ਤੰਦਰੁਸਤੀ, ਸਰੀਰਕ ਸਿਹਤ ਅਤੇ ਵਿੱਤੀ ਸਥਿਰਤਾ ਨੂੰ ਬਿਹਤਰ ਬਣਾਉਣਾ ਹੈ

ਕੈਨੇਡਾ ਵਿੱਚ ਹਜ਼ਾਰਾਂ ਭਾਰਤੀ ਪੇਸ਼ੇਵਰਾਂ ਅਤੇ ਹੋਰ ਵਿਦੇਸ਼ੀਆਂ ਨੂੰ ਲਾਭ ਪਹੁੰਚਾਉਣ ਵਾਲੇ ਇੱਕ ਵੱਡਾ ਫੈਸਲਾ ਲਿਆ ਗਿਆ ਹੈ।

ਇਸ ਫੈਸਲੇ ਤਹਿਤ ਕੈਨੇਡਾ ਮਜ਼ਦੂਰਾਂ ਦੀ ਵੱਡੀ ਘਾਟ ਨੂੰ ਪੂਰਾ ਕਰਨ ਲਈ ਅਗਲੇ ਸਾਲ ਤੋਂ ਓਪਨ ਵਰਕ ਪਰਮਿਟ (ਓਡਬਲਿਊਪੀ) ਧਾਰਕਾਂ ਦੇ ਪਰਿਵਾਰਕ ਮੈਂਬਰਾਂ ਲਈ ਵਰਕ ਪਰਮਿਟ ਦੀ ਯੋਗਤਾ ਦਾ ਵਿਸਥਾਰ ਕਰੇਗਾ।

ਇਸ ਦਾ ਸੌਖੇ ਸ਼ਬਦਾਂ ਵਿੱਚ ਮਤਲਬ ਹੈ ਕਿ ਜਿਨ੍ਹਾਂ ਕੋਲ ਕੈਨੇਡਾ ਵਿੱਚ ਓਪਨ ਵਰਕ ਪਰਮਿਟ ਹੈ, ਉਨ੍ਹਾਂ ਦੇ ਕਰੀਬੀ ਰਿਸ਼ਤੇਦਾਰਾਂ ਨੂੰ ਵੀ ਹੁਣ ਵਰਕ ਪਰਮਿਟ ਮਿਲ ਸਕੇਗਾ।

ਖ਼ਬਰ ਏਜੰਸੀ ਪੀਟੀਆਈ ਦੀ ਰਿਪੋਰਟ ਮੁਤਾਬਕ ਓਪਨ ਵਰਕ ਪਰਮਿਟ ਕਿਸੇ ਵੀ ਵਿਦੇਸ਼ੀ ਨਾਗਰਿਕ ਨੂੰ ਕੈਨੇਡਾ ਵਿੱਚ ਕਿਸੇ ਵੀ ਨੌਕਰੀ ਤੇ ਇੰਪਲਾਇਰ (ਰੁਜ਼ਗਾਰ ਦੇਣ ਵਾਲੇ) ਲਈ ਕੰਮ ਕਰਨ ਦੀ ਇਜਾਜ਼ਤ ਦੇਵੇਗਾ।

ਕੈਨੇਡਾ ਦੇ ਇਮੀਗ੍ਰੇਸ਼ਨ, ਰਿਫ਼ਿਊਜੀ ਅਤੇ ਸਿਟੀਜਨਸ਼ਿਪ ਮੰਤਰੀ ਸੀਨ ਫਰੇਜ਼ਰ ਨੇ ਸ਼ੁੱਕਰਵਾਰ ਨੂੰ ਇਹ ਐਲਾਨ ਕੀਤਾ ਕਿ ਉਨ੍ਹਾਂ ਦਾ ਮਹਿਕਮਾ ਅਸਥਾਈ ਵਿਦੇਸ਼ੀ ਕਰਮਚਾਰੀਆਂ ਦੇ ਪਰਿਵਾਰਕ ਮੈਂਬਰਾਂ ਲਈ ਵਰਕ ਪਰਮਿਟ ਵਧਾ ਰਿਹਾ ਹੈ।

ਫਰੇਜ਼ਰ ਨੇ ਟਵੀਟ ਵੀ ਕੀਤਾ ਤੇ ਲਿਖਿਆ, ‘‘ਕੈਨੇਡਾ ਪਰਿਵਾਰਕ ਮੈਂਬਰਾਂ ਲਈ ਵਰਕ ਪਰਮਿਟ ਵਧਾ ਰਿਹਾ ਹੈ! 2023 ਵਿੱਚ ਸ਼ੁਰੂਆਤ ਹੋਵੇਗਾ, ਪਤੀ ਜਾਂ ਪਤਨੀ ਅਤੇ ਮੁੱਖ ਬਿਨੈਕਾਰ ਦੇ ਬੱਚੇ ਕੈਨੇਡਾ ਵਿੱਚ ਕੰਮ ਕਰਨ ਦੇ ਯੋਗ ਹੋਣਗੇ।’’

ਮੀਡੀਆ ਨੂੰ ਜਾਰੀ ਬਿਆਨ ਵਿੱਚ ਉਨ੍ਹਾਂ ਕਿਹਾ, ‘‘ਮੁੱਖ ਵਰਕ ਪਰਮਿਟ ਦੇ ਬਿਨੈਕਾਰ ਦੇ ਨਾਲ ਕੈਨੇਡਾ ਜਾਣ ਵਾਲੇ ਪਰਿਵਾਰਕ ਮੈਂਬਰਾਂ ਲਈ ਵਰਕ ਪਰਮਿਟਾਂ ਦੀ ਯੋਗਤਾ ਦਾ ਵਿਸਥਾਰ ਕਰਨਾ ਮਜ਼ਦੂਰਾਂ ਦੀ ਘਾਟ ਨੂੰ ਦੂਰ ਕਰਨ ਵਿੱਚ ਮਦਦ ਕਰੇਗਾ।‘’

ਫਰੇਜ਼ਰ ਨੇ ਅੱਗੇ ਕਿਹਾ ਕਿ ਦੇਸ਼ ਭਰ ਵਿੱਚ ਰੁਜ਼ਗਾਰ ਦੇਣ ਵਾਲੇ ਕਾਮਿਆਂ ਦੀ ਘਾਟ ਨੂੰ ਆਪਣੀ ਸਭ ਤੋਂ ਵੱਡੀ ਰੁਕਾਵਟ ਵਜੋਂ ਪਛਾਣਦੇ ਰਹਿੰਦੇ ਹਨ।

FB/Sean Fraser
ਕੈਨੇਡਾ ਦੇ ਇਮੀਗ੍ਰੇਸ਼ਨ, ਰਿਫ਼ਿਊਜੀ ਅਤੇ ਸਿਟੀਜਨਸ਼ਿਪ ਮੰਤਰੀ ਸੀਨ ਫਰੇਜ਼ਰ
BBC

ਕੈਨੇਡਾ ਸਰਕਾਰ ਦੇ ਇਸ ਨਵੇਂ ਕਦਮ ਦੀਆਂ ਕੁਝ ਖ਼ਾਸ ਗੱਲਾਂ...

  • ਕੈਨੇਡਾ ਮਜ਼ਦੂਰਾਂ ਦੀ ਵੱਡੀ ਘਾਟ ਨੂੰ ਪੂਰਾ ਕਰਨ ਲਈ ਓਪਨ ਵਰਕ ਪਰਮਿਟ ਧਾਰਕਾਂ ਦੇ ਪਰਿਵਾਰਕ ਮੈਂਬਰਾਂ ਲਈ ਵਰਕ ਪਰਮਿਟ ਦੀ ਯੋਗਤਾ ਦਾ ਵਿਸਥਾਰ ਕਰੇਗਾ
  • ਕੈਨੇਡਾ ਦੇ ਇਮੀਗ੍ਰੇਸ਼ਨ, ਰਿਫ਼ਿਊਜੀ ਅਤੇ ਸਿਟੀਜਨਸ਼ਿਪ ਮੰਤਰੀ ਸੀਨ ਫਰੇਜ਼ਰ ਨੇ ਕਿਹਾ, ‘‘ਕੈਨੇਡਾ ਪਰਿਵਾਰਕ ਮੈਂਬਰਾਂ ਲਈ ਵਰਕ ਪਰਮਿਟ ਵਧਾ ਰਿਹਾ ਹੈ! 2023 ਵਿੱਚ ਸ਼ੁਰੂਆਤ ਹੋਵੇਗਾ, ਪਤੀ ਜਾਂ ਪਤਨੀ ਅਤੇ ਮੁੱਖ ਬਿਨੈਕਾਰ ਦੇ ਬੱਚੇ ਕੈਨੇਡਾ ਵਿੱਚ ਕੰਮ ਕਰਨ ਦੇ ਯੋਗ ਹੋਣਗੇ।’’
  • 200,000 ਤੋਂ ਵੱਧ ਵਿਦੇਸ਼ੀ ਕਾਮਿਆਂ ਦੇ ਪਰਿਵਾਰਕ ਮੈਂਬਰ ਕੈਨੇਡਾ ਵਿੱਚ ਕੰਮ ਕਰਨ ਦੇ ਯੋਗ ਹੋਣਗੇ
  • ਨਵੇਂ ਕਦਮ ਦਾ ਮਕਸਦ ਪਰਿਵਾਰਾਂ ਨੂੰ ਇਕੱਠੇ ਰੱਖ ਕੇ ਕਰਮਚਾਰੀਆਂ ਦੀ ਭਾਵਨਾਤਮਕ ਤੰਦਰੁਸਤੀ, ਸਰੀਰਕ ਸਿਹਤ ਅਤੇ ਵਿੱਤੀ ਸਥਿਰਤਾ ਨੂੰ ਬਿਹਤਰ ਬਣਾਉਣਾ ਹੈ
  • ਕੈਨੇਡਾ ਸਰਕਾਰ ਦੇ ਇਸ ਕਦਮ ਦੇ ਸਫ਼ਲ ਅਮਲ ਨੂੰ ਯਕੀਨੀ ਬਣਾਉਣ ਲਈ ਇਸ ਨੂੰ 3 ਪੜਾਅ ਵਿੱਚ ਲਾਗੂ ਕੀਤਾ ਜਾਵੇਗਾ
BBC

2 ਲੱਖ ਤੋਂ ਵੱਧ ਵਿਦੇਸ਼ੀ ਕਾਮਿਆਂ ਨੂੰ ਹੋਵੇਗਾ ਫਾਇਦਾ

Getty Images
ਓਪਨ ਵਰਕ ਪਰਮਿਟ ਕਿਸੇ ਵੀ ਵਿਦੇਸ਼ੀ ਨਾਗਰਿਕ ਨੂੰ ਕੈਨੇਡਾ ਵਿੱਚ ਕਿਸੇ ਵੀ ਨੌਕਰੀ ਤੇ ਇੰਪਲਾਇਰ (ਰੁਜ਼ਗਾਰ ਦੇਣ ਵਾਲੇ) ਲਈ ਕੰਮ ਕਰਨ ਦੀ ਇਜਾਜ਼ਤ ਦੇਵੇਗਾ

ਸੀਨ ਫਰੇਜ਼ਰ ਮੁਤਾਬਕ ਇਹ ਨਵਾਂ ਕਦਮ ਰੁਜ਼ਗਾਰ ਦੇਣ ਵਾਲਿਆਂ ਨੂੰ ਆਪਣੇ ਕਾਮਿਆਂ ਦੇ ਪਾੜੇ ਨੂੰ ਭਰਨ ਲਈ ਲੋੜੀਂਦੇ ਕਾਮਿਆਂ ਨੂੰ ਲੱਭਣ ਵਿੱਚ ਮਦਦ ਕਰੇਗਾ।

ਇਸ ਦੇ ਨਤੀਜੇ ਵਜੋਂ 200,000 ਤੋਂ ਵੱਧ ਵਿਦੇਸ਼ੀ ਕਾਮਿਆਂ ਦੇ ਪਰਿਵਾਰਕ ਮੈਂਬਰ ਕੈਨੇਡਾ ਵਿੱਚ ਕੰਮ ਕਰਨ ਦੇ ਯੋਗ ਹੋਣਗੇ।

ਇਸ ਐਲਾਨ ਤੋਂ ਪਹਿਲਾਂ, ਪਤੀ-ਪਤਨੀ ਸਿਰਫ਼ ਤਾਂ ਹੀ ਵਰਕ ਪਰਮਿਟ ਲਈ ਯੋਗ ਸਨ ਜੇ ਮੁੱਖ ਬਿਨੈਕਾਰ ਉੱਚ-ਹੁਨਰ ਵਾਲੇ ਕਿੱਤੇ ਵਿੱਚ ਕੰਮ ਕਰ ਰਿਹਾ ਸੀ।

ਨਵੇਂ ਕਦਮ ਦਾ ਮਕਸਦ ਪਰਿਵਾਰਾਂ ਨੂੰ ਇਕੱਠੇ ਰੱਖ ਕੇ ਕਰਮਚਾਰੀਆਂ ਦੀ ਭਾਵਨਾਤਮਕ ਤੰਦਰੁਸਤੀ, ਸਰੀਰਕ ਸਿਹਤ ਅਤੇ ਵਿੱਤੀ ਸਥਿਰਤਾ ਨੂੰ ਬਿਹਤਰ ਬਣਾਉਣਾ ਹੈ।

ਫਰੇਜ਼ਰ ਨੇ ਅੱਗੇ ਕਿਹਾ ਕਿ ਨਤੀਜੇ ਵਜੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਕਰਮਚਾਰੀ ਆਪਣੇ ਸਮੁੱਚੇ ਕੰਮ ਦੇ ਮਾਹੌਲ ਅਤੇ ਕਮਿਊਨਿਟੀ (ਭਾਈਚਾਰੇ) ਵਿੱਚ ਬਿਹਤਰ ਏਕੀਕ੍ਰਿਤ ਹੋਵੇਗਾ।

BBC

ਕੈਨੇਡਾ 3 ਪੜਾਅ ਵਿੱਚ ਲਾਗੂ ਕਰੇਗਾ ਇਹ ਕਦਮ

Getty Images

ਇਮੀਗ੍ਰੇਸ਼ਨ ਵਿਭਾਗ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਜਨਵਰੀ 2023 ਤੋਂ ਸ਼ੁਰੂ ਕਰਦੇ ਹੋਏ ਇੱਕ ਅਸਥਾਈ ਦੋ-ਸਾਲ ਦੀ ਯੋਜਨਾ ਸ਼ੁਰੂ ਹੋਵੇਗੀ।

ਇਸ ਦੇ ਤਹਿਤ ਕੈਨੇਡਾ ਸਾਰੇ ਹੁਨਰ ਵਾਲੇੇ ਕਰਮਚਾਰੀਆਂ ਲਈ ਪੜਾਅਵਾਰ ਤਰੀਕੇ ਯੋਜਨਾ ਦਾ ਵਿਸਥਾਰ ਕਰੇਗਾ।

ਇਸ ਦੇ ਤਹਿਤ ਪਤੀ-ਪਤਨੀ ਅਤੇ ਕੰਮ ਕਰਨ ਦੀ ਉਮਰ ਦੇ ਬੱਚਿਆਂ ਲਈ ਨੀਤੀ ਵਿੱਚ ਹੌਲੀ-ਹਲੀ ਬਦਲਾਅ ਕੀਤਾ ਜਾਵੇਗਾ।

ਬਿਆਨ ਮੁਤਾਬਕ, "ਇਸ ਨਵੀਂ ਯੋਜਨਾ ਦੇ ਨਤੀਜੇ ਵਜੋਂ ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ 200,000 ਤੋਂ ਵੱਧ ਵਿਦੇਸ਼ੀ ਕਾਮਿਆਂ ਦੇ ਪਰਿਵਾਰਕ ਮੈਂਬਰ ਕੈਨੇਡਾ ਵਿੱਚ ਕੰਮ ਕਰਨਾ ਸ਼ੁਰੂ ਕਰ ਸਕਦੇ ਹਨ।”

“ਕੈਨੇਡਾ ਵਿੱਚ ਕੰਮ ਕਰਨ ਦੀ ਇੱਛਾ ਰੱਖਣ ਵਾਲੇ ਵਿਦੇਸ਼ੀ ਕਾਮਿਆਂ ਅਤੇ ਰੁਜ਼ਗਾਰ ਦੇਣ ਵਾਲਿਆਂ ਲਈ ਉਨ੍ਹਾਂ ਦੇ ਕੰਮ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਇੱਕ ਵੱਡਾ ਮੌਕਾ ਪ੍ਰਦਾਨ ਕਰਦਾ ਹੈ।"

ਕੈਨੇਡਾ ਸਰਕਾਰ ਦੇ ਇਸ ਕਦਮ ਦੇ ਸਫ਼ਲ ਅਮਲ ਨੂੰ ਯਕੀਨੀ ਬਣਾਉਣ ਲਈ ਇਸ ਨੂੰ 3 ਪੜਾਅ ਵਿੱਚ ਲਾਗੂ ਕੀਤਾ ਜਾਵੇਗਾ।

ਕੈਨੇਡਾ ਦਾ ਹਰ ਸਾਲ 5 ਲੱਖ ਪਰਵਾਸੀਆਂ ਨੂੰ ਵਸਾਉਣ ਦਾ ਟੀਚਾ

ਨਵੰਬਰ ਦੇ ਸ਼ੁਰੂ ਵਿੱਚ ਫੈਡਰਲ ਸਰਕਾਰ ਨੇ ਐਲਾਨ ਕੀਤਾ ਸੀ ਕਿ 2025 ਤੱਕ ਹਰ ਸਾਲ 5 ਲੱਖ ਪਰਵਾਸੀਆਂ ਨੂੰ ਦਾਖਲਾ ਦਿੱਤਾ ਜਾਏਗਾ।

ਇਸ ਅਨੁਸਾਰ ਆਉਂਦੇ ਤਿੰਨ ਸਾਲਾਂ ਵਿੱਚ ਕਰੀਬ 15 ਲੱਖ ਪਰਵਾਸੀ ਕੈਨੇਡਾ ਪਹੁੰਚ ਸਕਦੇ ਹਨ।ਇਸ ਯੋਜਨਾ ਨਾਲ ਯੂਕੇ ਦੇ ਮੁਕਾਬਲੇ ਪ੍ਰਤੀ ਅਬਾਦੀ, ਹਰ ਸਾਲ ਅੱਠ ਗੁਣਾ ਲੋਕਾਂ ਨੂੰ ਸਥਾਈ ਰਿਹਾਇਸ਼ (ਪੀਆਰ) ਦਿੱਤੀ ਜਾਏਗੀ।

ਇਹ ਅਮਰੀਕਾ ਨਾਲੋਂ ਚਾਰ ਗੁਣਾ ਵੱਧ ਹੋਵੇਗੀ।

BBC

(ਬੀਬੀਸੀ ਪੰਜਾਬੀ ਨਾਲ ਅਤੇ ''''ਤੇ ਜੁੜੋ।)