ਪੇਅਟੀਐਮ, ਫੋਨਪੇਅ ਵਰਗੀਆਂ ਐਪਸ ਦੀ ਵਰਤੋਂ ਕਰਦੇ ਹੋ ਤਾਂ ਇਨ੍ਹਾਂ ਗੱਲਾਂ ਦਾ ਧਿਆਨ ਜ਼ਰੂਰ ਰੱਖੋ

12/04/2022 9:12:21 AM

Getty Images

ਨੈਸ਼ਨਲ ਪੇਮੇਂਟਸ ਕਾਰਪੋਰੇਸ਼ਨ ਆਫ਼ ਇੰਡੀਆ (ਐਨਪੀਸੀਆਈ) ਅਤੇ ਰਿਜ਼ਰਵ ਬੈਂਕ ਆਫ਼ ਇੰਡੀਆ ਦੇ ਨਾਲ ਯੂਪੀਆਈ ਅਤੇ ਡਿਜੀਟਲ ਪੇਮੇਂਟ ਖੇਤਰ ’ਚ ਬਾਜ਼ਾਰ ਦੇ ਹੋਰ ਖਿਡਾਰੀਆਂ ’ਤੇ ਪਾਬੰਦੀਆਂ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

ਕਿਉਂਕਿ ਜ਼ਿਆਦਾਤਰ ਯੂਪੀਆਈ ਲੈਣ ਦੇਣ ਗੂਗਲ ਪੇਅ, ਪੇਅਟੀਐਮ ਅਤੇ ਫੋਨਪੇਅ ਵਰਗੀਆਂ ਥਰਡ ਪਾਰਟੀ ਕੰਪਨੀਆਂ ਦੀਆਂ ਐਪਲੀਕੇਸ਼ਨਜ਼ (ਐਪਸ) ਰਾਹੀਂ ਕੀਤਾ ਜਾਂਦਾ ਹੈ, ਇਸ ਲਈ ਅਜਿਹੇ ਨਿਯਮ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਕਿ ਇਨ੍ਹਾਂ ਜ਼ਰੀਏ ਕੀਤੇ ਜਾਣ ਵਾਲੇ ਲੈਣ ਦੇਣ 30% ਤੋਂ ਵੱਧ ਨਾ ਹੋਣ।

ਜੇਕਰ ਇਹ ਨਿਯਮ ਲਾਗੂ ਹੁੰਦੇ ਹਨ ਤਾਂ ਡਿਜੀਟਲ ਪੇਮੇਂਟ ਐਪ ਦੀ ਵਰਤੋਂ ਦੇ ਨਿਯਮਾਂ ’ਚ ਵੀ ਬਦਲਾਅ ਹੋਣਗੇ। ਸ਼ਾਇਦ ਹਰ ਮਹੀਨੇ ਲੈਣ ਦੇਣ ਦੀ ਗਿਣਤੀ ਨੂੰ ਸੀਮਤ ਕਰਨ ਦਾ ਵੀ ਕੋਈ ਨਿਯਮ ਬਣਾਇਆ ਜਾਵੇ।

ਥਰਡ ਪਾਰਟੀ ਐਪ ਆਨਲਾਈਨ ਧੋਖਾਧੜੀ ਕਰਨ ਵਾਲਿਆਂ ਦੇ ਨਿਸ਼ਾਨੇ ’ਤੇ ਹੁੰਦੀਆਂ ਹਨ, ਸਰਕਾਰ ਇਨ੍ਹਾਂ ’ਤੇ ਨੱਥ ਪਾਉਣਾ ਚਾਹੁੰਦੀ ਹੈ। ਇਸ ਲਈ ਇਨ੍ਹਾਂ ਦੀ ਵਰਤੋਂ ਕਰਦੇ ਸਮੇਂ ਕੁਝ ਗੱਲਾਂ ਦਾ ਵਿਸ਼ੇਸ਼ ਧਿਆਨ ਰੱਖਣਾ ਬਹੁਤ ਹੀ ਜ਼ਰੂਰੀ ਹੈ।

ਮੋਬਾਈਲ ਪੇਮੇਂਟ ਐਪ

ਨੈੱਟ ਬੈਂਕਿੰਗ ਤੋਂ ਪੈਸੇ ਟਰਾਂਸਫਰ ਕਰਦੇ ਸਮੇਂ ਦੂਜੇ ਬੈਂਕ ਖਾਤੇ ਦੇ ਪੂਰੇ ਵੇਰਵੇ ਦੀ ਜ਼ਰੂਰਤ ਹੁੰਦੀ ਹੈ। ਇਨ੍ਹਾਂ ਨੂੰ ਆਪਣੇ ਖਾਤੇ ਨਾਲ ਜੋੜਣਾ ਹੁੰਦਾ ਹੈ। ਇਹ ਇੱਕ ਲੰਮੀ ਅਤੇ ਸਮਾਂ ਲੈਣ ਵਾਲੀ ਪ੍ਰਕਿਰਿਆ ਹੁੰਦੀ ਹੈ।

ਯੂਨੀਫਾਈਡ ਪੇਮੇਂਟਸ ਇੰਟਰਫੇਸ (ਯੂਪੀਆਈ) ਇੱਕ ਅਜਿਹੀ ਤਕਨੀਕ ਹੈ ਜੋ ਕਿ ਇਨ੍ਹਾਂ ਵੇਰਵਿਆ ਤੋਂ ਬਿਨ੍ਹਾਂ ਵੀ ਕਿਸੇ ਨੂੰ ਪੈਸੇ ਟ੍ਰਾਂਸਫਰ ਕਰਨ ਦੀ ਸਹੂਲਤ ਮੁਹੱਈਆ ਕਰਵਾਉਂਦੀ ਹੈ। ਤੁਹਾਨੂੰ ਸਿਰਫ ਪੈਸੇ ਹਾਸਲ ਕਰਨ ਵਾਲੇ ਦਾ ਫੋਨ ਨੰਬਰ ਪਤਾ ਹੋਣਾ ਚਾਹੀਦਾ ਹੈ।

ਗੂਗਲ ਪੇਅ, ਪੇਅਟੀਐਮ, ਫੋਨਪੇਅ, ਵਟਸਐਪ ਵਰਗੀਆਂ ਕਈ ਅਜਿਹੀਆਂ ਐਪਸ ਹਨ ਜੋ ਇਹ ਸਹੂਲਤ ਪ੍ਰਦਾਨ ਕਰਦੀਆਂ ਹਨ। ਪਰ ਇਨ੍ਹਾਂ ਐਪਸ ਰਾਹੀਂ ਪੈਸੇ ਭੇਜਣਾ ਜਿੰਨ੍ਹਾਂ ਸੌਖਾ ਹੈ, ਉੱਥੇ ਹੀ ਮਾਮੂਲੀ ਜਿਹੀ ਗਲਤੀ ਤੁਹਾਡੇ ਪੈਸਿਆਂ ਨੂੰ ਗਲਤ ਹੱਥਾਂ ‘ਚ ਵੀ ਪਹੁੰਚਾ ਸਕਦੀ ਹੈ।

ਇਸ ਤਰ੍ਹਾਂ ਦੀ ਸੇਵਾ ਪ੍ਰਦਾਨ ਕਰਨ ਵਾਲੀਆਂ ਕਈ ਨਵੀਆਂ ਐਪਸ ਵੀ ਤੇਜੀ ਨਾਲ ਮਾਰਕਿਟ ‘ਚ ਆ ਰਹੀਆਂ ਹਨ। ਅਜਿਹੇ ‘ਚ ਇਹ ਗੱਲ ਜਾਣਨਾ ਬਹੁਤ ਹੀ ਜ਼ਰੂਰੀ ਹੈ ਕਿ ਇਨ੍ਹਾਂ ਵਿੱਚੋਂ ਕਿਹੜੀਆਂ ਐਪਸ ਭਰੋਸੇਯੋਗ ਹਨ ਅਤੇ ਕਿਹੜੀਆਂ ਐਪਸ ਤੋਂ ਦੂਰ ਰਹਿਣ ‘ਚ ਹੀ ਭਲਾਈ ਹੈ।

BBC

ਇਹ ਉਹ ਸਵਾਲ ਹਨ ਜੋ ਇਹ ਤੈਅ ਕਰਨ ‘ਚ ਤੁਹਾਡੀ ਮਦਦ ਕਰ ਸਕਦੇ ਹਨ...

Getty Images
ਫੋਨ ਵਿੱਚ ਡਿਜੀਟਲ ਪੇਮੇਂਟ ਨਾਲ ਜੁੜੀ ਐਪ ਇੰਸਟਾਲ ਕਰਨ ਵੇਲੇ ਕਈ ਗੱਲਾਂ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਹਨ
  • ਕੀ ਪਲੇਅ ਸਟੋਰ/ਐਪ ਸਟੋਰ ‘ਤੇ ਇਸ ਐਪ ਦੀ ਰੇਟਿੰਗ ਅਤੇ ਰਿਵਿਊ ਠੀਕ ਹੈ?
  • ਕੀ ਐਪ ਦੀ ਵਰਤੋਂ ਕਰਨ ਲਈ ਲੌਗਇਨ ਕਰਨ ਦੀ ਲੋੜ ਹੈ? ਲੌਗਇਨ ਦੇ ਨਿਯਮ ਕਿੰਨੇ ਕੁ ਸੁਰੱਖਿਅਤ ਹਨ? ਕੀ ਇਸ ‘ਚ ਆਸਾਨੀ ਨਾਲ ਪਤਾ ਨਾ ਕੀਤਾ ਜਾ ਸਕਣ ਵਾਲਾ ਪਾਸਵਰਡ ਬਣਾਉਣ ਦੀ ਸਹੂਲਤ ਹੈ?
  • ਫੋਨ ਖੋਲ੍ਹਣ ਸਮੇਂ ਪਾਸਵਰਡ ਦੇਣ ਤੋਂ ਬਾਅਦ ਵੀ ਜਦੋਂ ਐਪ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਉਸ ਸਮੇਂ ਵੀ ਪਾਸਵਰਡ ਪਾਉਣਾ ਹੁੰਦਾ ਹੈ ਕਿ ਨਹੀਂ?
  • ਕੀ ਜਦੋਂ ਐਪ ਰਾਹੀਂ ਪੈਸਾ ਟ੍ਰਾਂਸਫਰ ਜਾਂ ਹਾਸਲ ਕੀਤਾ ਜਾਦਾ ਹੈ ਤਾਂ ਨੋਟੀਫਿਕੇਸ਼ਨ ਆਉਂਦਾ ਹੈ?
  • ਕੀ ਪੈਸਾ ਟ੍ਰਾਂਸਫਰ ਕਰਨ ਤੋਂ ਪਹਿਲਾਂ ਇਹ ਤੁਹਾਡੇ ਤੋਂ ਇਜਾਜ਼ਤ ਮੰਗਦਾ ਹੈ? ਕੀ ਇੱਕ ਵਾਰ ਗਲਤੀ ਹੋਣ ‘ਤੇ ਉਸ ਨੂੰ ਸੁਧਾਰਨ ਦੀ ਵਿਵਸਥਾ ਹੈ?
  • ਐਪ ਇੰਸਟਾਲ ਕਰਨ ਤੋਂ ਪਹਿਲਾਂ ਕਿਹੜੀਆਂ-ਕਿਹੜੀਆਂ ਪਰਮਿਸ਼ਨ (ਪ੍ਰਵਾਨਗੀਆਂ) ਮੰਗੀਆਂ ਜਾਂਦੀਆਂ ਹਨ? ਕੀ ਐਪ ਪਰਮਿਸ਼ਨ ‘ਚ ਕੋਈ ਅਜਿਹੀ ਵਿਵਸਥਾ ਤਾਂ ਨਹੀਂ ਕਿ ਡਾਟਾ ਕਿਸੇ ਥਰਡ ਪਾਰਟੀ ਨੂੰ ਭੇਜਿਆ ਜਾ ਸਕੇ?

ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਦੇ ਆਧਾਰ ‘ਤੇ ਹੀ ਅਸੀਂ ਇਹ ਤੈਅ ਕਰ ਸਕਦੇ ਹਾਂ ਕਿ ਕਿਹੜੀ ਐਪ ਬਾਜ਼ਾਰ ‘ਚ ਸਭ ਤੋਂ ਸੁਰੱਖਿਅਤ ਹੈ।

BBC

ਤੁਸੀਂ ਮੋਬਾਈਲ ਰਾਹੀਂ ਸੁਰੱਖਿਅਤ ਪੇਮੇਂਟ ਕਰ ਸਕਦੇ ਹੋ, ਬਸ਼ਰਤੇ...

Getty Images
ਤੁਹਾਨੂੰ ਪੈਸਾ ਖਰਚ ਕਰਦੇ ਸਮੇਂ ਦੁਹਰੀ ਸਾਵਧਾਨੀ ਵਰਤਣੀ ਚਾਹੀਦੀ ਹੈ

ਮਲਟੀ ਫੈਕਟਰ ਅਥੰਟੀਕੇਸ਼ਨ (ਐਮਐਫਏ): ਜੇ ਤੁਸੀਂ ਇਸ ਨੂੰ ਚਾਲੂ ਕਰਦੇ ਹੋ ਤਾਂ ਸਿਰਫ ਯੂਜ਼ਰ ਨੇਮ ਜਾਂ ਪਾਸਵਰਡ ਦੇਣ ਦੀ ਬਜਾਏ, ਇਹ ਮੋਬਾਈਲ ਜਾਂ ਈਮੇਲ ‘ਤੇ ਓਟੀਪੀ ਭੇਜਦਾ ਹੈ। ਜਦੋਂ ਸਹੀ ਓਟੀਪੀ ਪਾਇਆ ਜਾਂਦਾ ਹੈ ਤਾਂ ਉਦੋਂ ਹੀ ਐਪ ਜਾਣਕਾਰੀਆਂ ਦਿਖਾਏਗਾ। ਇਸ ਲਈ ਇਸ ਨੂੰ ਜ਼ਰੂਰ ਇਨੇਬਲ ਕਰੋ।

 

ਨੋਟੀਫਿਕੇਸ਼ਨ ਜ਼ਰੂਰ ਆਨ ਕਰੋ: ਤੁਸੀਂ ਖਾਤੇ ‘ਚ ਜਮ੍ਹਾ ਜਾਂ ਕਢਵਾਉਣ ਵਾਲੀ ਰਕਮ ਦੇ ਸਮੇਂ ਨੋਟੀਫਿਕੇਸ਼ਨ ਚਾਲੂ ਰੱਖਦੇ ਹੋ ਤਾਂ ਜੇ ਬਿਨ੍ਹਾਂ ਦੱਸੇ ਹੀ ਪੈਸੇ ਕੱਢੇ ਗਏ ਹਨ ਤਾਂ ਇਸ ਦੀ ਤੁਰੰਤ ਜਾਣਕਾਰੀ ਤੁਹਾਨੂੰ ਮਿਲ ਜਾਵੇਗੀ। ਅਜਿਹੀ ਸਥਿਤੀ ‘ਚ ਕੋਈ ਗਲਤ ਲੈਣ ਦੇਣ ਦੀ ਸੂਰਤ ‘ਚ ਤੁਸੀਂ ਤੁਰੰਤ ਲੋੜੀਂਦੀ ਕਾਰਵਾਈ ਕਰ ਸਕਦੇ ਹੋ।

 

ਨੋਟ: ਮੋਬਾਈਲ ਨੋਟੀਫਿਕੇਸ਼ਨ ਦੇ ਨਾਲ-ਨਾਲ ਐਸਐਮਐਸ - ਈਮੇਲ ਨੂੰ ਵੀ ਜੋੜਿਆ ਜਾ ਸਕਦਾ ਹੈ। ਹਾਲਾਂਕਿ ਜੇ ਤੁਸੀਂ ਬੈਂਕ ਬੈਲੇਂਸ ਦੱਸਣ ਵਾਲੇ ਐਸਐਮਐਸ ਨੂੰ ਪੜ੍ਹ ਕੇ ਕੁਝ ਦਿਨਾਂ ਬਾਅਦ ਡਿਲੀਟ ਕਰ ਦਿੰਦੇ ਹੋ ਤਾਂ ਕੋਈ ਸਮੱਸਿਆ ਨਹੀਂ ਹੋਵੇਗੀ। ਪਰ ਜੇ ਕੋਈ ਤੁਹਾਡਾ ਫੋਨ ਚੋਰੀ ਕਰ ਲੈਂਦਾ ਹੈ ਅਤੇ ਉਸ ਨੂੰ ਅਨਲੌਕ ਕਰ ਲੈਂਦਾ ਹੈ ਜਾਂ ਤੁਹਾਡੇ ਤੋਂ ਹੀ ਲਾਪਰਵਾਹੀ ‘ਚ ਫੋਨ ਅਨਲੌਕ ਰਹਿ ਜਾਂਦਾ ਹੈ ਤਾਂ ਤੁਹਾਡੇ ਖਾਤੇ ਦੀ ਪੂਰੀ ਜਾਣਕਾਰੀ ਦੂਜਿਆਂ ਨੂੰ ਵੀ ਮਿਲ ਸਕਦੀ ਹੈ।

 

ਐਪ ਲਈ ਪਾਸਕੋਡ: ਆਮ ਤੌਰ ‘ਤੇ ਸਾਡੇ ਫੋਨ ‘ਚ ਪਾਸਵਰਡ ਪਾਉਂਦਿਆਂ ਹੀ ਐਪ ‘ਚ ਦਾਖਲ ਹੋ ਸਕਦੇ ਹਾਂ। ਇਸ ਲਈ ਇੱਕ ਵਾਰ ਲੌਗਇਨ ਕਰਨ ਤੋਂ ਬਾਅਦ ਐਪ ਦੀ ਸੈਟਿੰਗ ਠੀਕ ਕਰਨ ਬਾਰੇ ਤੁਹਾਨੂੰ ਧਿਆਨ ਰੱਖਣਾ ਚਾਹੀਦਾ ਹੈ । ਜੇ ਤੁਹਾਡੀ ਐਪ ਨੂੰ ਹਰ ਵਾਰ ਖੋਲ੍ਹਣ ਮੌਕੇ ਪਾਸਕੋਡ ਜ਼ਰੂਰੀ ਬਣਾ ਦਿੱਤਾ ਜਾਵੇ ਤਾਂ ਇਹ ਹੋਰ ਸੁਰੱਖਿਅਤ ਹੋ ਜਾਵੇਗਾ।

 

ਮੋਬਾਈਲ ਐਪ ਅਪਡੇਟ: ਜਦੋਂ ਐਪ ਇੰਸਟਾਲ ਕੀਤੀ ਜਾਂਦੀ ਹੈ ਤਾਂ ਇਹ ਉਸ ਸਮੇਂ ਅਪਡੇਟ ਹੁੰਦੀ ਹੈ। ਇਹ ਖਾਸ ਤੌਰ ‘ਤੇ ਸੁਰੱਖਿਆ ਉਪਾਵਾਂ ਨੂੰ ਵਧੇਰੇ ਮਜ਼ਬੂਤ ਕਰਨ ਲਈ ਹੁੰਦਾ ਹੈ। ਇਸ ਲਈ ਬਿਨ੍ਹਾਂ ਦੇਰ ਕੀਤੇ ਸਮੇਂ-ਸਮੇਂ ‘ਤੇ ਐਪ ਨੂੰ ਅਪਡੇਟ ਕਰਨਾ ਚਾਹੀਦਾ ਹੈ। ਅਜਿਹੇ ਅਪਡੇਟ ਨੂੰ ਆਟੋਮੈਟਿਕਲੀ ਵੀ ਸੈੱਟ ਕੀਤਾ ਜਾ ਸਕਦਾ ਹੈ।

 

ਐਂਡਰਾਇਡ ਫੋਨ ਲਈ, ਫੋਨ ਦੀ  ਸੈਟਿੰਗ ‘ਤੇ ਜਾਓ ਅਤੇ ਇੱਥੇ ਗੂਗਲ ਪਲੇਅ ਸਟੋਰ ਐਪ ‘ਚ ‘ਆਟੋ ਅਪਡੇਟ’ ਨੂੰ ਆਨ ਕਰ ਦਿਓ।

ਆਈਫੋਨ ਦੇ ਲਈ ਸੈਟਿੰਗ ‘ਚ ਜਾਓ, ਇੱਥੇ ‘ਆਈਟਿਊਨਜ਼ ਐਂਡ ਐਪ ਸਟੋਰ’ ‘ਤੇ ਜਾਓ ਅਤੇ ਫਿਰ ‘ਐਪ ਅਪਡੇਟ’ ‘ਤੇ ਕਲਿੱਕ ਕਰੋ।

 

ਪੈਸੇ ਭੇਜਣ ਤੋਂ ਪਹਿਲਾਂ ਚੈੱਕ ਕਰੋ: ਭੁਗਤਾਨ ਕਰਨ ਦੇ ਕਈ ਤਰੀਕੇ ਹਨ - ਫੋਨ ਨੰਬਰ ਦੇਣਾ, ਯੂਪੀਆਈ ਆਈਡੀ ਦੇਣਾ, ਕਿਊ ਆਰ ਕੋਡ ਨੂੰ ਸਕੈਨ ਕਰਨਾ। ਤੁਹਾਨੂੰ ਇਨ੍ਹਾਂ ਵੇਰਵਿਆਂ ਨੂੰ ਦੋ ਵਾਰ ਜ਼ਰੂਰ ਚੈੱਕ ਕਰਨਾ ਚਾਹੀਦਾ ਹੈ ਨਹੀਂ ਤਾਂ ਭੁਗਤਾਨ ਗਲਤੀ ਨਾਲ ਕਿਸੇ ਹੋਰ ਨੂੰ ਹੋ ਸਕਦਾ ਹੈ ਜਾਂ ਫਿਰ ਤੁਸੀਂ ਧੋਖਾਧੜੀ ਦਾ ਸ਼ਿਕਾਰ ਹੋ ਸਕਦੇ ਹੋ।

ਜੇ ਤੁਸੀਂ ਪਹਿਲੀ ਵਾਰ ਕਿਸੇ ਨੂੰ ਪੈਸੇ ਭੇਜ ਰਹੇ ਹੋ ਤਾਂ ਤੁਸੀਂ ਪਹਿਲਾਂ ਪੰਜ ਰੁਪਏ ਵਰਗੀ ਛੋਟੀ ਰਕਮ ਭੇਜੋ, ਜੇ ਸਹੀ ਵਿਅਕਤੀ ਨੂੰ ਪੈਸਾ ਪਹੁੰਚ ਜਾਵੇ ਤਾਂ ਹੀ ਕੁੱਲ ਰਕਮ ਭੇਜੋ।

 

ਮੋਬਾਈਲ ਪੇਮੇਂਟ ਨੂੰ ਨਕਦੀ ਦੀ ਤਰ੍ਹਾਂ ਹੀ ਲੈਣਾ ਚਾਹੀਦਾ ਹੈ:  ਜੇ ਅਸੀਂ ਗਲਤੀ ਨਾਲ ਕਿਸੇ ਨੂੰ ਨਕਦ ਰੁਪਏ ਦਿੰਦੇ ਹਾਂ ਤਾਂ ਉਸ ਤੋਂ ਉਹ ਪੈਸਾ ਵਾਪਸ ਲੈਣਾ ਲਗਭਗ ਅਸੰਭਵ ਹੋ ਜਾਂਦਾ ਹੈ, ਜਦੋਂ ਤੱਕ ਕਿ ਉਹ ਆਪਣੇ ਆਪ ਵਾਪਸ ਨਾ ਕਰ ਦੇਵੇ। ਇਸ ਲਈ ਮੋਬਾਈਲ ਜ਼ਰੀਏ ਕੀਤੇ ਭੁਗਤਾਨ ‘ਚ ਵੀ ਅਜਿਹਾ ਹੀ ਹੁੰਦਾ ਹੈ। ਧੋਖਾਧੜੀ ‘ਚ ਹੱਥੋਂ ਗਿਆ ਪੈਸਾ ਕਦੇ ਵਾਪਸ ਨਹੀਂ ਮਿਲਦਾ ਹੈ।

ਜੇ ਇਹ ਡਿਜ਼ੀਟਲ ਪੇਮੇਂਟ ਹੈ ਅਤੇ ਭਾਵੇਂ ਕਿ ਤੁਹਾਨੂੰ ਪਤਾ ਹੈ ਕਿ ਟ੍ਰੈਕ ਕੀਤਾ ਜਾਵੇ ਤਾਂ ਪਤਾ ਲੱਗ ਵੀ ਜਾਵੇਗਾ, ਪਰ ਫਿਰ ਵੀ ਇਹ ਪੈਸਾ ਵਾਪਸ ਨਹੀਂ ਮਿਲੇਗਾ। ਇਸ ਲਈ ਤੁਹਾਨੂੰ ਪੈਸਾ ਖਰਚ ਕਰਦੇ ਸਮੇਂ ਦੁਹਰੀ ਸਾਵਧਾਨੀ ਵਰਤਣੀ ਚਾਹੀਦੀ ਹੈ। ਜਲਦਬਾਜ਼ੀ ਨਾ ਕਰੋ, ਸ਼ੱਕ ਜ਼ਰੂਰ ਕਰੋ।

BBC
BBC

ਫੋਨ ਦੀ ਵਰਤੋਂ ਕਰਦੇ ਸਮੇਂ ਧਿਆਨ ਰਹੇ...

Getty Images
ਮੋਬਾਈਲ ਐਪ ਦਾ ਪੇਮੇਂਟ ਪਾਸਵਰਡ ਸੁਰੱਖਿਅਤ ਹੋਣਾ ਚਾਹੀਦਾ ਹੈ

ਪੇਮੇਂਟ ਐਪ ਵਾਲੇ ਕਿਸੇ ਵੀ ਫੋਨ ਨੂੰ ਉਸੇ ਤਰ੍ਹਾਂ ਹੀ ਸੁਰੱਖਿਅਤ ਰੱਖਣਾ ਚਾਹੀਦਾ ਹੈ ਜਿਵੇਂ ਕਿ ਇੱਕ ਪੈਸਿਆਂ ਨਾਲ ਭਰੇ ਪਰਸ ਨੂੰ ਰੱਖਿਆ ਜਾਂਦਾ ਹੈ। ਇਸ ‘ਚ ਤਾਂ ਵਧੇਰੇ ਸਾਵਧਾਨੀ ਵਰਤਣ ਦੀ ਜ਼ਰੂਰਤ ਹੁੰਦੀ ਹੈ। ਇਹ ਸਾਵਧਾਨੀਆਂ ਇਸ ਤਰ੍ਹਾਂ ਹਨ -

  • ਫੋਨ ‘ਚ ਪਾਸਵਰਡ ਜਾਂ ਪਾਸਕੋਰਡ ਜ਼ਰੂਰ ਹੋਣਾ ਚਾਹੀਦਾ ਹੈ। ਫੇਸ ਰਿਕੋਗਨੀਸ਼ਨ ਜਾਂ ਫਿੰਗਰਪ੍ਰਿੰਟ ਤੋਂ ਇਲਾਵਾ ਵੀ ਸੁਰੱਖਿਆ ਦੇ ਉਪਾਅ ਹੋਣੇ ਚਾਹੀਦੇ ਹਨ। ਕਿਉਂਕਿ ਕੋਈ ਵੀ ਜ਼ਬਰਦਸਤੀ ਤੁਹਾਡਾ ਫਿੰਗਰਪ੍ਰਿੰਟ ਲੈ ਸਕਦਾ ਹੈ, ਪਰ ਕੋਈ ਵੀ ਉਦੋਂ ਤੱਕ ਤੁਹਾਡਾ ਪਾਸਵਰਡ ਨਹੀਂ ਲੈ ਸਕਦਾ ਹੈ ਜਦੋਂ ਤੱਕ ਤੁਸੀਂ ਆਪ ਉਸ ਨੂੰ ਨਾ ਦੱਸੋ।
  • ਫੋਨ ‘ਚ ਅਜਿਹੀ ਸੈਟਿੰਗ ਕਰੋ ਕਿ ਜੇ ਤਿੰਨ ਵਾਰ ਗਲਤ ਪਾਸਵਰਡ ਪਾਇਆ ਜਾਵੇ ਤਾਂ ਉਹ ਆਪਣੇ ਆਪ ਲੌਕ ਹੋ ਜਾਵੇ। ਜੇ ਕਿਸੇ ਚੋਰ ਦੇ ਹੱਥ ਵੀ ਇਹ ਫੋਨ ਲੱਗ ਜਾਵੇ ਤਾਂ ਵੀ ਹੋਰ ਜਾਣਕਾਰੀ ਉਸ ਨੂੰ ਨਹੀਂ ਮਿਲਣੀ ਚਾਹੀਦੀ ਹੈ।
  • ਮੋਬਾਈਲ ਐਪ ਦਾ ਪੇਮੇਂਟ ਪਾਸਵਰਡ ਸੁਰੱਖਿਅਤ ਹੋਣਾ ਚਾਹੀਦਾ ਹੈ।
  • ਜੇ ਤੁਸੀਂ ਇੱਕ ਤੋਂ ਵੱਧ ਪੇਮੇਂਟ ਐਪਸ ਦੀ ਵਰਤੋਂ ਕਰਦੇ ਹੋ ਤਾਂ ਸਾਰੀਆਂ ਐਪਸ ਲਈ ਇੱਕ ਹੀ ਪਾਸਵਰਡ ਦੀ ਵਰਤੋਂ ਨਾ ਕਰੋ। ਵੱਖ-ਵੱਖ ਐਪਸ ਲਈ ਵੱਖੋ-ਵੱਖ ਪਾਸਵਰਡ ਦੀ ਚੋਣ ਕਰੋ। ਜੇ ਕਿਸੇ ਇੱਕ ਐਪ ਦਾ ਪਾਸਵਰਡ ਲੀਕ ਹੋ ਜਾਵੇ ਤਾਂ ਦੂਜੀਆਂ ਐਪਸ ਸੁਰੱਖਿਅਤ ਰਹਿਣ।
  • ਜੇ ਤੁਹਾਡੇ ਫੋਨ ‘ਚ ਪੇਮੇਂਟ ਐਪ ਪਹਿਲਾਂ ਤੋਂ ਹੀ ਮੌਜੂਦ ਹੈ ਤਾਂ ਗੇਮਿੰਗ ਜਾਂ ਲਾਟਰੀ ਐਪ ਇੰਸਟਾਲ ਕਰਨ ਤੋਂ ਪਹਿਲਾਂ ਵਧੇਰੇ ਸਾਵਧਾਨੀ ਵਰਤਣ ਦੀ ਲੋੜ ਹੈ। ਜੇ ਕਿਸੇ ਜਾਅਲੀ ਐਪ ਜ਼ਰੀਏ ਕੋਈ ਮਾਲਵੇਅਰ ਤੁਹਾਡੇ ਮੋਬਾਈਲ ‘ਚ ਆ ਜਾਵੇ ਤਾਂ ਉਹ ਪੇਮੇਂਟ ਐਪ ਦੇ ਜ਼ਰੀਏ ਤੁਹਾਨੂੰ ਵੱਡਾ ਚੂਨਾ ਲਗਾ ਸਕਦਾ ਹੈ।
BBC

ਫੋਨ ਗੁਆਚ ਜਾਣ ‘ਤੇ ਇਹ ਸਾਵਧਾਨੀਆਂ ਵਰਤੋ...

Getty Images
  • ਪੇਮੇਂਟ ਐਪ ਵਾਲੇ ਮੋਬਾਈਲ ਫੋਨ ‘ਚ ਟ੍ਰੈਕਿੰਗ ਨੂੰ ਜ਼ਰੂਰ ਆਨ ਰੱਖੋ। ਸਾਰੀਆਂ ਕੰਪਨੀਆਂ ਹੁਣ ਫੋਨ ਦੀ ਲੋਕੇਸ਼ਨ ਜਾਣਨ ਦੀ ਸਹੂਲਤ ਦਿੰਦੀਆਂ ਹਨ।
  • ਜੇ ਫੋਨ ‘ਚ ‘ਰਿਮੋਟ ਡੇਟਾ ਇਰੇਜ਼’ ਫੀਚਰ ਆਨ ਹੈ ਤਾਂ ਫੋਨ ਗੁਆਚਣ ਦੀ ਸਥਿਤੀ ‘ਚ ਜਿਵੇਂ ਹੀ ਫੋਨ ਇੰਟਰਨੈੱਟ ਦੇ ਸੰਪਰਕ ‘ਚ ਆਵੇਗਾ, ਸਾਰਾ ਡੇਟਾ ਆਪਣੇ ਆਪ ਹੀ ਮਿਟ ਜਾਵੇਗਾ। ਅਜਿਹੀ ਸਥਿਤੀ ‘ਚ ਕੋਈ ਦੂਜਾ ਵਿਅਕਤੀ ਪੇਮੇਂਟ ਐਪ ਰਾਹੀ ਪੈਸੇ ਨਹੀਂ ਕਢਵਾ ਸਕੇਗਾ।
  • ਜੇ ਫੋਨ ਗੁਆਚ ਗਿਆ ਹੈ ਤਾਂ ਆਪਣੇ ਖਾਤੇ ਦਾ ਪਾਸਵਰਡ ਤੁਰੰਤ ਬਦਲ ਦਿਓ। ਇਸ ਸਥਿਤੀ ‘ਚ ਕੋਈ ਵੀ ਤੁਹਾਡੀ ਪੇਮੇਂਟ ਐਪ ਜ਼ਰੀਏ ਪੈਸੇ ਨਹੀਂ ਕੱਢਵਾ ਪਾਵੇਗਾ।

ਤਕਨਾਲੋਜੀ ਜ਼ਰੀਏ ਜੋ ਸਹੂਲਤਾਂ ਹਾਸਲ ਹੋਈਆਂ ਹਨ, ਉਨ੍ਹਾਂ ਨੂੰ ਸਹੂਲਤ ਹੀ ਬਣੇ ਰਹਿਣਾ ਚਾਹੀਦਾ ਹੈ। ਮਤਲਬ ਕਿ ਇਸ ਦੀ ਵਰਤੋਂ ਕਰਦੇ ਸਮੇਂ ਜੋ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ, ਉਨ੍ਹਾਂ ਬਾਰੇ ਜਾਗਰੂਕ ਅਤੇ ਸੁਚੇਤ ਜ਼ਰੂਰ ਰਹੋ, ਨਹੀਂ ਤਾਂ ਤੁਹਾਨੂੰ ਇਸ ਦਾ ਨੁਕਸਾਨ ਭਾਰੀ ਪੈ ਸਕਦਾ ਹੈ।

BBC

(ਬੀਬੀਸੀ ਪੰਜਾਬੀ ਨਾਲ ਅਤੇ ''''ਤੇ ਜੁੜੋ।)