ਗੁਜਰਾਤ ਚੋਣਾਂ: 2002 ਦੇ ਦੰਗਿਆਂ ਮਗਰੋਂ ਮੁੜ ਵਸੇਬਾ ਕਰਨ ਵਾਲੇ ਕਈ ਲੋਕ ਕਿਵੇਂ ਕੂੜੇ ਦੇ ਢੇਰ ’ਚ ਰਹਿੰਦੇ

12/03/2022 3:42:19 PM

BBC/SHAHNAWAZ
ਸਿਟੀਜ਼ਨ ਨਗਰ
BBC

“2002 ਵਿੱਚ ਇੱਕ ਵਾਰ ਨਰਿੰਦਰ ਮੋਦੀ ਦੇ ਵੇਲੇ ਦੰਗੇ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਅਜਿਹਾ ਸਬਕ ਸਿਖਾਇਆ ਕਿ 2002 ਤੋਂ ਬਾਅਦ 2022 ਆ ਗਿਆ, ਕੋਈ ਸਿਰ ਨਹੀਂ ਚੁੱਕਦਾ।”

ਕੇਂਦਰੀ ਗ੍ਰਹਿ ਮੰਤਰੀ, ਅਮਿਤ ਸ਼ਾਹ

“ਮੈਂ ਕੇਂਦਰੀ ਗ੍ਰਹਿ ਮੰਤਰੀ ਨੂੰ ਦੱਸਣਾ ਚਾਹੁੰਦਾ ਹਾਂ, ਤੁਸੀਂ 2002 ਵਿੱਚ ਜੋ ਸਬਕ ਸਿਖਾਇਆ ਸੀ, ਉਹ ਇਹ ਸੀ ਕਿ ਬਿਲਕਿਸ ਬਾਨੋ ਦੇ ਬਲਾਤਕਾਰੀਆਂ ਨੂੰ ਤੁਸੀਂ ਮੁਕਤ ਕਰ ਦੇਵੋਗੇ, ਤੁਸੀਂ ਬਿਲਕਿਸ ਦੀ ਤਿੰਨ ਸਾਲ ਦੀ ਬੇਟੀ ਅਹਿਸਾਨ ਦੇ ਕਾਤਲਾਂ ਨੂੰ ਮੁਕਤ ਕਰ ਦੇਵੋਗੇ। ਜਾਫਰੀ ਮਾਰਿਆ ਜਾਵੇਗਾ….ਕਿਹੜਾ ਪਾਠ ਅਸੀਂ ਯਾਦ ਰੱਖਾਂਗੇ ?”

ਅਸਦੁਦੀਨ ਓਵੈਸੀ, ਮੁਖੀ, ਏਆਈਐਮਆਈਐਮ

“ਜੇ ਗੋਧਰਾ ਵਿੱਚ ਦੰਗੇ ਨਾ ਹੁੰਦੇ, ਡੱਬੇ ਨੂੰ ਸਾੜਿਆ ਨਾ ਗਿਆ ਹੁੰਦਾ ਅਤੇ ਰਾਜ-ਧਰਮ ਉਸ ਵੇਲੇ ਨਿਭਾਇਆ ਗਿਆ ਹੁੰਦਾ, ਤਾਂ ਬੀਜੇਪੀ ਦੇ ਸੱਤਾ ਵਿੱਚ ਆਉਣ ਦਾ ਸਵਾਲ ਹੀ ਨਹੀਂ ਸੀ। ਗੁਜਰਾਤ ਵਿੱਚ ਰੱਖਿਅਕ ਹੀ ਭੱਖਿਅਕ ਬਣ ਗਏ।”

ਗੁਜਰਾਤ ਦੇ ਸਾਬਕਾ ਮੁੱਖ ਮੰਤਰੀ, ਸ਼ੰਕਰ ਸਿੰਘ ਵਾਘੇਲਾ

BBC

ਗੁਜਰਾਤ ਵਿਧਾਨ ਸਭਾ ਚੋਣ ਪ੍ਰਚਾਰ ਵਿੱਚ ਪਾਕਿਸਤਾਨ, ਦੇਸ਼ਧ੍ਰੋਹ, ਸਰਜੀਕਲ ਸਟ੍ਰਾਈਕ, ਰਾਮ ਮੰਦਿਰ ਤੋਂ ਲੈ ਕੇ ਗੁਜਰਾਤ ਦੰਗਿਆਂ ਤੱਕ ਦੀ ਐਂਟਰੀ ਹੋ ਗਈ ਹੈ।

ਸਰਕਾਰੀ ਅੰਕੜਿਆਂ ਮੁਤਾਬਕ, ਗੁਜਰਾਤ ਵਿੱਚ ਹੋਏ 2002 ਦੇ ਦੰਗਿਆਂ ਵਿੱਚ 790 ਮੁਸਲਮਾਨ, 254 ਹਿੰਦੂ ਮਾਰੇ ਗਏ ਸਨ।

223 ਲੋਕ ਲਾਪਤਾ ਹੋਏ ਅਤੇ 2500 ਜ਼ਖਮੀ ਹੋ ਗਏ ਸਨ। ਇਸ ਤੋਂ ਇਲਾਵਾ ਕਰੋੜਾਂ ਰੁਪਏ ਦੀ ਜਾਇਦਾਦ ਦਾ ਨੁਕਸਾਨ ਹੋਇਆ ਸੀ।

ਅਜਿਹੇ ਵਿੱਚ ਅਸੀਂ ਇਨ੍ਹਾਂ ਦੰਗਿਆਂ ਵਿੱਚ ਪੁਨਰਵਾਸ ਕਰਨ ਵਾਲੇ ਪਰਿਵਾਰਾਂ ਦਾ ਹਾਲ ਜਾਣਨ ਦੀ ਕੋਸ਼ਿਸ਼ ਕੀਤੀ ਹੈ।

BBC/SHAHNAWAZ
ਕੂੜੇ ਦਾ ਪਹਾੜ

ਜ਼ਿੰਦਗੀ ਅੱਜ ਵੀ ਠਹਿਰੀ ਹੋਈ ਹੈ

ਅਹਿਮਦਾਬਾਦ ਇਨ੍ਹੀਂ ਦਿਨੀਂ ਗੁਜਰਾਤ ਦੀ ਸਿਆਸਤ ਦਾ ਕੇਂਦਰ ਬਣਿਆ ਹੋਇਆ ਹੈ। ਚੋਣਾਂ ਦੇ ਰੌਲੇ-ਰੱਪੇ ਅਤੇ ਥਾਂ-ਥਾਂ ਪਾਰਟੀਆਂ ਦੇ ਝੰਡੇ ਲਹਿਰਾਏ ਜਾ ਰਹੇ ਹਨ।

ਦੇਸ਼ ਦੇ ਵੱਡੇ-ਵੱਡੇ ਆਗੂਆਂ ਦੇ ਆਉਣ ਦਾ ਸਿਲਸਿਲਾ ਜਾਰੀ ਹੈ। ਸ਼ਹਿਰ ਵਿੱਚ ਪੰਜ ਦਸੰਬਰ ਤੱਕ ਵੱਡੇ ਹੋਟਲਾਂ ਵਿੱਚ ਠਹਿਰਨ ਦੇ ਰੇਟ ਤੱਕ ਵਧ ਗਏ ਹਨ।

ਸਿਆਸਤ ਦੇ ਇਸ ਕੇਂਦਰ ਵਿੱਚ ਇੱਕ ਪਾਸੇ ਜਿੱਥੇ ਸਾਬਰਮਤੀ ਰਿਵਰ ਫਰੰਟ ਚਮਕ ਰਿਹਾ ਹੈ ਤਾਂ ਦੂਜੇ ਪਾਸੇ ਅਹਿਮਦਾਬਾਦ ਦਾ ਅਜਿਹਾ ਇਲਾਕਾ ਵੀ ਹੈ, ਜੋ ਵਿਕਾਸ ਦੀ ਉਮੀਦ ਲਗਾ ਕੇ ਬੈਠਾ ਹੈ।

ਪਿਛਲੇ ਵੀਹ ਸਾਲਾਂ ਵਿੱਚ ਸਾਬਰਮਤੀ ਤੋਂ ਬਹੁਤ ਪਾਣੀ ਬਹਿ ਗਿਆ ਪਰ ਇੱਥੋਂ ਦੇ ਲੋਕਾਂ ਦੀ ਜ਼ਿੰਦਗੀ ਅੱਜ ਵੀ ਠਹਿਰੀ ਹੋਈ ਹੈ।

BBC/SHAHNAWAZ

ਕੂੜੇ ਦੇ ਪਹਾੜ ਨੇ ਜ਼ਿੰਦਗੀ ਬਣਾਈ ਮੁਸ਼ਕਿਲ

ਇਹ ਉਹ ਇਲਾਕਾ ਹੈ ਜੋ ਅਹਿਮਦਾਬਾਦ ਦੀ ਸ਼ਹਿਰੀ ਚਕਾਚੌਂਧ ਤੋਂ ਕਰੀਬ 10 ਕਿੱਲੋਮੀਟਰ ਦੂਰ ਕੂੜੇ ਦੇ ਪਹਾੜ ਦੇ ਨਾਲ ਲੱਗਦਾ ਹੈ।

ਇੱਥੇ ਸਾਲ 2002 ਵਿੱਚ ਹੋਏ ਗੁਜਰਾਤ ਦੰਗਿਆਂ ਦੇ ਕਰੀਬ 60 ਪੀੜਤ ਪਰਿਵਾਰ ਰਹਿੰਦੇ ਹਨ।

ਬੀਤੇ ਵੀਹ ਸਾਲਾਂ ਵਿੱਚ ਇਸ ਇਲਾਕੇ ਦਾ ਹਾਲ ਅਜਿਹਾ ਹੈ ਕਿ ਇੱਥੇ ਆਉਣ ਤੱਕ ਕਿਸੇ ਬਾਹਰੀ ਵਿਅਕਤੀ ਨੂੰ ਨੱਕ ਉੱਤੇ ਰੁਮਾਲ ਰੱਖਣਾ ਪੈਂਦਾ ਹੈ, ਪਰ ਇੱਥੇ ਰਹਿਣ ਵਾਲੇ ਲੋਕਾਂ ਨੂੰ ਇਸ ਦੀ ਆਦਤ ਹੋ ਗਈ ਹੈ।

ਕੂੜੇ ਦੇ ਬਹੁਤ ਵੱਡੇ ਦਿਸਣ ਵਾਲੇ ਪਹਾੜ ਨੂੰ ਪਾਰ  ਕਰਨ ’ਤੇ ਇੱਕ ਰਸਤਾ, ਮੁੱਖ ਸੜਕ ਤੋਂ ਸਿਟੀਜ਼ਨ ਨਗਰ ਵੱਲ ਜਾਂਦਾ ਹੈ।

ਆਲੇ-ਦੁਆਲੇ ਕਈ ਗੋਦਾਮ ਅਤੇ ਫ਼ੈਕਟਰੀਆਂ ਵੀ ਦਿਸਦੀਆਂ ਹਨ। ਇਲਾਕੇ ਵਿੱਚ ਦਾਖਲ ਹੋਣ ’ਤੇ ਗਲੀ ਦੇ ਦੋਹੇਂ ਪਾਸੇ ਇੱਕ-ਇੱਕ ਕਮਰੇ ਦੇ ਛੋਟੇ ਘਰ ਬਣੇ ਹੋਏ ਹਨ।

ਕੁਝ ਹੋਰ ਅੰਦਰ ਜਾਣ ’ਤੇ ਕੱਚੀਆਂ ਗਲੀਆਂ, ਗੰਦਗੀ ਨਾਲ ਭਰੀਆਂ ਪਈਆਂ ਹਨ ਅਤੇ ਉੱਥੇ ਵੀ ਕਈ ਪਰਿਵਾਰ ਰਹਿ ਰਹੇ ਹਨ।

ਕੁਝ ਔਰਤਾਂ ਗੁੱਸੇ ਵਿੱਚ ਕਹਿੰਦੀਆਂ ਸੁਣਾਈ ਦਿੰਦੀਆਂ ਹਨ ਕਿ “ਫਿਰ ਆ ਗਏ, ਫ਼ਿਲਮ ਬਣਾ ਕੇ ਲੈ ਜਾਣਗੇ ਅਤੇ ਹੋਣਾ ਕੁਝ ਵੀ ਨਹੀਂ।”

BBC/SHAHNAWAZ

''''ਘਰ ਤੱਕ ਪਾਣੀ ਭਰ ਗਿਆ, ਕੱਪੜੇ ਬਿਸਤਰੇ ਸਭ ਭਿੱਜ ਗਿਆ''''

ਇਨ੍ਹਾਂ ਵਿੱਚੋਂ ਇੱਕ ਪਰਿਵਾਰ ਖਾਤੂਨ ਬੇਨ (ਭੈਣ) ਦਾ ਹੈ, ਜਿਨ੍ਹਾਂ ਨੂੰ 20 ਸਾਲ ਪਹਿਲਾਂ ਆਪਣਾ ਪੁਸ਼ਤੈਨੀ ਘਰ ਛੱਡਣਾ ਪਿਆ ਸੀ।

52 ਸਾਲ ਦੇ ਖਾਤੂਨ ਬੇਨ ਉਦੋਂ ਆਪਣੇ ਚਾਰ ਬੇਟਿਆਂ ਅਤੇ ਪਤੀ ਨਾਲ ਗੁਜਰਾਤ ਦੇ ਨਰੋਦਾ ਪਾਟਿਆ ਵਿੱਚ ਰਹਿੰਦੇ ਸਨ।

ਉਨ੍ਹਾਂ ਨੇ ਕੁਝ ਦਿਨ ਰਿਲੀਫ਼ ਕੈਂਪ ਵਿੱਚ ਗੁਜ਼ਾਰੇ ਅਤੇ ਆਖਿਰ ਸਿਰ ਢਕਣ ਲਈ ਕਿਸੇ ਤਰ੍ਹਾਂ ਸਿਟੀਜ਼ਨ ਨਗਰ ਵਿੱਚ ਛੱਤ ਮਿਲ ਸਕੀ, ਪਰ ਇੱਥੇ ਰਹਿਣਾ ਓਨਾ ਸੌਖਾ ਨਹੀਂ ਜਿਨਾ ਉਨ੍ਹਾਂ ਨੇ ਸੋਚਿਆ ਸੀ।

ਖਾਤੂਨ ਬੇਨ ਦੇ ਘਰੋਂ ਪੰਜ ਘਰ ਛੱਡ ਕੇ ਕੂੜੇ ਦਾ ਪਹਾੜ ਸ਼ੁਰੂ ਹੋ ਜਾਂਦਾ ਹੈ।

ਉਹ ਕਹਿੰਦੇ ਹਨ, “ਇਹ ਟਾਈਮ ਆ ਗਿਆ ਹੈ ਕਿ ਕੂੜੇ ਵਿਚਕਾਰ ਰਹਿਣਾ ਪੈ ਰਿਹਾ ਹੈ।”

“ਗਰਮੀ ਦੇ ਦਿਨਾਂ ਵਿੱਚ ਇਸ ਕੂੜੇ ਵਿੱਚ ਖੁਦ ਹੀ ਅੱਗ ਲੱਗ ਜਾਂਦੀ ਹੈ ਅਤੇ ਸਾਰਾ ਦਿਨ ਘਰ ਵਿੱਚ ਧੂੰਆਂ ਰਹਿੰਦਾ ਹੈ। ਉਸ ਨਾਲ ਸਾਹ ਲੈਣ ਵਿੱਚ ਵੀ ਤਕਲੀਫ਼ ਹੁੰਦੀ ਹੈ। ਕੁਝ ਸਮਾਂ ਪਹਿਲਾਂ ਤੋਂ ਸਰਕਾਰੀ ਪਾਣੀ ਆਉਣਾ ਸ਼ੁਰੂ ਹੋਇਆ ਹੈ।”

ਨਾ ਸਿਰਫ਼ ਗਰਮੀ, ਬਲਕਿ ਮੀਂਹ ਦਾ ਮੌਸਮ ਵੀ ਘੱਟ ਤਕਲੀਫ਼ਦੇਹ ਨਹੀਂ ਹੈ।

ਖਾਤੂਨ ਬੇਨ ਕਹਿੰਦੇ ਹਨ, “ਬਰਸਾਤ ਦੇ ਦਿਨਾਂ ਵਿੱਚ ਹਰ ਪਾਸੇ ਚਿੱਕੜ ਹੋ ਜਾਂਦਾ ਹੈ। ਇਸ ਵਾਰ ਘਰ ਤੱਕ ਪਾਣੀ ਭਰ ਗਿਆ ਸੀ। ਪੂਰਾ ਸਿਟੀਜ਼ਨ ਨਗਰ ਪਾਣੀ ਵਿੱਚ ਸੀ। ਕੱਪੜੇ ਬਿਸਤਰੇ ਸਭ ਕੁਝ ਭਿੱਜ ਗਿਆ ਸੀ।”

ਖਾਤੂਨ ਬੇਨ ਕਹਿੰਦੇ ਹਨ ਕਿ ਨਾਂ ਤਾਂ ਨੇੜੇ ਕੋਈ ਹਸਪਤਾਲ ਹੈ ਅਤੇ ਨਾ ਹੀ ਕੋਈ ਸਕੂਲ, ਦੋਹਾਂ ਲਈ ਪੰਜ ਕਿੱਲੋਮੀਟਰ ਦੂਰ ਜਾਣਾ ਪੈਂਦਾ ਹੈ। ਕੁਝ ਸਮੇਂ ਤੋਂ ਸਰਕਾਰੀ ਪਾਣੀ ਆਉਣ ਲੱਗਿਆ ਹੈ।

BBC
  • ਗੁਜਰਾਤ ''''ਚ 2002 ''''ਚ ਹੋਏ ਦੰਗਿਆਂ ਵਿੱਚ ਸਰਕਾਰੀ ਅੰਕੜਿਆਂ ਮੁਤਾਬਕ 790 ਮੁਸਲਮਾਨ ਤੇ 254 ਹਿੰਦੂ ਮਾਰੇ ਗਏ ਸਨ
  • ਇਸ ਦੌਰਾਨ 223 ਲੋਕ ਲਾਪਤਾ ਹੋਏ ਤੇ 2500 ਜ਼ਖਮੀ ਹੋਏ ਸਨ ਤੇ ਕਰੋੜਾਂ ਰੁਪਏ ਦੀ ਜਾਇਦਾਦ ਦਾ ਨੁਕਸਾਨ ਵੀ ਹੋਇਆ ਸੀ
  • ਗੁਜਰਾਤ ਵਿਧਾਨ ਸਭਾ ਚੋਣ ਪ੍ਰਚਾਰ ਵਿੱਚ ਪਾਕਿਸਤਾਨ, ਦੇਸ਼ਧ੍ਰੋਹ ਤੇ ਰਾਮ ਮੰਦਿਰ ਤੋਂ ਲੈ ਕੇ 2002 ਦੇ ਗੁਜਰਾਤ ਦੰਗਿਆਂ ਤੱਕ ਦੀ ਚਰਚਾ ਹੈ
  • ਅਜਿਹੇ ਵਿੱਚ ਬੀਬੀਸੀ ਨੇ ਇਨ੍ਹਾਂ ਦੰਗਿਆਂ ਵਿੱਚ ਪੁਨਰਵਾਸ ਕਰਨ ਵਾਲੇ ਪਰਿਵਾਰਾਂ ਦਾ ਹਾਲ ਜਾਣਨ ਦੀ ਕੋਸ਼ਿਸ਼ ਕੀਤੀ ਹੈ
  • ਇਨ੍ਹਾਂ ਲੋਕਾਂ ਵਿੱਚੋਂ ਕੁਝ ਤਾਂ ਠੀਕ ਜੀਵਨ ਜਿਓਂ ਰਹੇ ਹਨ ਪਰ ਬਹੁਤੇ ਅਜੇ ਵੀ ਮਾੜੇ ਹਾਲਾਤਾਂ ''''ਚ ਰਹਿਣ ਨੂੰ ਮਜਬੂਰ ਹਨ
BBC

ਕੂੜੇ ਦੇ ਪਹਾੜ ਕਾਰਨ ਵਿਆਹ ਵੀ ਨਹੀਂ ਹੋ ਰਹੇ

ਇੱਕ ਗਲੀ ਛੱਡ ਕੇ ਇੱਕ ਕਮਰੇ ਦੇ ਮਕਾਨ ਵਿੱਚ ਰਹਿਣ ਵਾਲੇ ਹਸੀਨਾ ਬਾਨੋ ਰੱਖੜੀਆਂ ਬਣਾਉਣ ਦਾ ਕੰਮ ਕਰਦੇ ਹਨ। ਪਰਿਵਾਰ ਵਿੱਚ ਚਾਰ ਬੇਟੇ ਅਤੇ ਇੱਕ ਬੇਟੀ ਹੈ।

ਜਦੋਂ ਉਹ ਇੱਥੇ ਆਈ ਤਾਂ ਉਨ੍ਹਾਂ ਦੇ ਬੱਚੇ ਗੋਦੀ ਵਿੱਚ ਖੇਡਦੇ ਸਨ, ਸਮੇਂ ਦੇ ਨਾਲ ਸਭ ਜਵਾਨ ਹੋ ਗਏ ਹਨ ਪਰ ਕੂੜੇ ਕਾਰਨ ਹੁਣ ਵਿਆਹੁਣ ਵਿੱਚ ਮੁਸ਼ਕਿਲ ਹੋ ਰਹੀ ਹੈ।

ਹਸੀਨਾ ਬਾਨੋ ਕਹਿੰਦੇ ਹਨ, “ਕੂੜੇ ਤੋਂ ਇੰਨੀ ਭੈੜੀ ਬਦਬੋ ਆਉਂਦੀ ਹੈ ਕਿ ਤੁਸੀਂ ਚੌਮਾਸੇ ਵਿੱਚ ਇੱਕ ਮਿੰਟ ਨਹੀਂ ਰੁਕੋਗੇ, ਕੂੜੇ ਕਾਰਨ ਸਾਡੇ ਬੱਚਿਆਂ ਦੇ ਵਿਆਹ ਨਹੀਂ ਹੋ ਰਹੇ।”

“ਕੋਈ ਆਪਣੀ ਧੀ ਨੂੰ ਕੂੜੇ ਦੇ ਢੇਰ ਕੋਲ ਨਹੀਂ ਭੇਜਣਾ ਚਾਹੁੰਦਾ, ਕਹਿੰਦੇ ਹਨ ਕਿ ਇਹ ਥਾਂ ਖਾਲੀ ਕਰੋ ਤਾਂ ਆਪਣੀ ਕੁੜੀ ਦੇਵਾਂਗੇ। ਹੁਣ ਇੱਥੇ ਕਈ ਲੋਕਾਂ ਦਾ ਵਿਆਹ ਨਹੀਂ ਹੋ ਪਾ ਰਿਹਾ।”

ਇੱਕ ਕਮਰੇ ਦੇ ਸਾਫ਼-ਸੁਥਰੇ ਮਕਾਨ ਵਿੱਚ ਰੱਖੜੀਆਂ ਬਣਾਉਂਦਿਆਂ ਉਹ ਕਹਿੰਦੇ ਹਨ, “ਇਹ ਜੋ ਤੁਸੀਂ ਬਿਜਲੀ ਦਾ ਮੀਟਰ ਦੇਖ ਰਹੇ ਹੋ, ਇਸ ਵਿੱਚ ਦੋ ਮਹੀਨੇ ਦਾ 1500 ਰੁਪਏ ਬਿੱਲ ਆਉਂਦਾ ਹੈ।”

ਰੱਖੜੀਆਂ ਬਣਾਉਣਾ ਵਿੱਚ ਛੱਡ ਕੇ ਹਸੀਨਾ ਬਾਨੋ ਬਿਜਲੀ ਦਾ ਬਿੱਲ ਲਿਆ ਕੇ ਦਿਖਾਉਂਦੇ ਹਨ ਕਿ ਹਰ ਮਹੀਨੇ ਇੱਕ ਪੱਖਾ, ਲਾਈਟ ਚਲਾਉਣ ਦਾ 750 ਰੁਪਏ ਬਿੱਲ ਭਰਨਾ ਪੈ ਰਿਹਾ ਹੈ।

BBC/SHAHNAWAZ
ਹਸੀਨਾ ਬਾਨੋ

ਵੀਹ ਸਾਲ ਬਾਅਦ ਵੀ ਨਹੀਂ ਮਿਲੇ ਘਰ ਦੇ ਕਾਗਜ਼

ਸਿਟੀਜ਼ਨ ਨਗਰ ਵਿੱਚ ਰਹਿਣ ਵਾਲੇ ਕਈ ਪਰਿਵਾਰਾਂ ਕੋਲ ਅੱਜ ਵੀ ਆਪਣੇ ਘਰਾਂ ਦੇ ਕਾਗਜ਼ ਨਹੀਂ ਹਨ।

ਹਸੀਨਾ ਬਾਨੋ ਸਮੇਤ ਨੇੜੇ ਹੀ ਰਹਿੰਦੇ ਸਈਦ ਮੋਹਸਿਨ ਭਾਈ ਦਾ ਪਰਿਵਾਰ ਵੀ ਉਨ੍ਹਾਂ ਵਿੱਚੋਂ ਇੱਕ ਹੈ।

ਗੁਜਰਾਤ ਦੰਗਿਆਂ ਵੇਲੇ ਹਜ਼ਾਰਾਂ ਲੋਕਾਂ ਨੂੰ ਆਪਣਾ ਘਰ ਛੱਡਣਾ ਪਿਆ। ਅਜਿਹੇ ਵਿੱਚ ਕੁਝ ਸਮਾਜਸੇਵੀ ਸੰਸਥਾਵਾਂ ਨੇ ਵਿਸਥਾਪਿਤ ਪਰਿਵਾਰਾਂ ਦੀ ਮਦਦ ਕੀਤੀ ਅਤੇ ਮਿਲ ਕੇ ਉਨ੍ਹਾਂ ਲਈ ਛੋਟੇ-ਛੋਟੇ ਘਰ ਬਣਾਏ।

ਕੁਝ ਪਰਿਵਾਰਾਂ ਨੂੰ ਤਾਂ ਉਨ੍ਹਾਂ ਦੇ ਘਰਾਂ ਦੇ ਕਾਗਜ਼ ਮਿਲ ਗਏ, ਪਰ ਕੁਝ ਹਾਲੇ ਵੀ ਉਮੀਦ ਲਗਾ ਕੇ ਬੈਠੇ ਹਨ।

ਮੋਹਸਿਨ ਭਾਈ ਕਹਿੰਦੇ ਹਨ, “ਇੱਥੇ ਕਰੀਬ ਤੀਹ ਪਰਿਵਾਰਾਂ ਨੂੰ ਮਕਾਨ ਦੇ ਕਾਗਜ਼ ਮਿਲ ਗਏ ਹਨ, ਬਾਕੀਆਂ ਨੂੰ ਭਰੋਸਾ ਹੈ ਕਿ ਉਨ੍ਹਾਂ ਦੇ ਨਾਮ ਹੋ ਜਾਣਗੇ। ਜਿਨ੍ਹਾਂ ਨੇ ਸਾਨੂੰ ਘਰ ਦਿੱਤੇ ਹਨ ਉਨ੍ਹਾਂ ਉੱਤੇ ਭਰੋਸਾ ਹੈ ਕਿ ਉਹ ਸਾਡੇ ਨਾਮ ਕਰ ਦੇਣਗੇ। ਸਾਨੂੰ ਇਸ ਲਈ ਕੁਝ ਵੀ ਪੈਸਾ ਨਹੀਂ ਦੇਣਾ ਪਿਆ ਸੀ।”

BBC

BBC

‘ਪਤਾ ਨਹੀਂ ਕਿੰਨੇ ਲੋਕ ਤਾਂ ਇਸ ਕੂੜੇ ਕਾਰਨ ਮਰ ਗਏ’

ਮੋਹਸਿਨ ਦੱਸਦੇ ਹਨ ਕਿ ਇਲਾਕੇ ਵਿੱਚ ਫੈਲੀ ਗੰਦਗੀ ਅਤੇ ਕੂੜੇ ਦੇ ਪਹਾੜ ਕਾਰਨ ਉਨ੍ਹਾਂ ਦੇ ਪਿਤਾ ਦਾ ਫੇਫੜਾ ਖਰਾਬ ਹੋ ਗਿਆ, ਜਿਸ ਦੇ ਇਲਾਜ ਵਿੱਚ ਉਨ੍ਹਾਂ ਨੂੰ ਕਾਫ਼ੀ ਪੈਸਾ ਖ਼ਰਚਣਾ ਪਿਆ।

ਉਹ ਕਹਿੰਦੇ ਹਨ, “ਇੱਥੇ ਕੂੜੇ ਦੀ ਸਮੱਸਿਆ ਹੈ। ਤੁਸੀਂ ਬਾਹਰ ਕੂੜਾ ਸਾਫ਼ ਕਰਨ ਦੀਆਂ ਮਸ਼ੀਨਾਂ ਲਗਾ ਸਕਦੇ ਹੋ। ਇੱਥੇ ਜਨਤਾ ਰਹਿੰਦੀ ਹੈ, ਤਾਂ ਇੱਥੇ ਕਿਉਂ ਨਹੀਂ ਲਗਾ ਸਕਦੇ, ਇੱਥੇ ਲਗਾਉਣੀਆਂ ਚਾਹੀਦੀਆਂ ਹਨ।’’

‘‘ਉੱਥੇ ਪਬਲਿਕ ਨਹੀਂ ਹੈ ਤਾਂ ਲਗਾ ਰਹੇ ਹਨ। ਬੱਚੇ ਸਾਹ ਲੈਂਦੇ ਹਨ। ਸਾਡੀ ਤਾਂ ਜ਼ਿੰਦਗੀ ਪੂਰੀ ਹੋ ਗਈ ਹੈ। ਬੱਚਿਆਂ ਦਾ ਭਵਿੱਖ ਹੈ। ਪਤਾ ਨਹੀਂ ਕਿੰਨੇ ਲੋਕ ਤਾਂ ਇਸ ਕੂੜੇ ਕਾਰਨ ਮਰ ਗਏ।”

BBC/SHAHNAWAZ
ਮੋਹਸਿਨ ਭਾਈ

ਕਿਵੇਂ ਵਸਿਆ ਸਿਟੀਜ਼ਨ ਨਗਰ

2002 ਦੇ ਦੰਗਿਆਂ ਵੇਲੇ ਬਹੁਤ ਸਾਰੇ ਪਿੰਡਾਂ, ਕਸਬਿਆਂ ਅਤੇ ਇਲਾਕਿਆਂ ਤੋਂ ਲੋਕਾਂ ਨੂੰ ਘਰ ਛੱਡ ਕੇ ਜਾਣਾ ਪਿਆ। ਇਨ੍ਹਾਂ ਵਿੱਚ ਸਭ ਤੋਂ ਜ਼ਿਆਦਾ ਵਿਸਥਾਪਨ ਮੁਸਲਿਮ ਪਰਿਵਾਰਾਂ ਦਾ ਹੋਇਆ ਹੈ।

ਬੁਨਿਆਦ ਐਨਜੀਓ ਦੇ ਨਾਲ ਕੰਮ ਕਰਨ ਵਾਲੇ ਹੁਫੈਜ਼ਾ ਉਜੈੱਨੀ ਦੱਸਦੇ ਹਨ ਕਿ ਹਿੰਸਾ ਕਾਰਨ ਪੁਨਰਵਾਸ ਹੋਣ ਵਾਲੇ ਪਰਿਵਾਰਾਂ ਨੂੰ ਸ਼ੁਰੂ ਦੇ ਦਿਨਾਂ ਵਿੱਚ ਰਿਲੀਫ਼ ਕੈਂਪ ਵਿੱਚ ਰਹਿਣਾ ਪਿਆ।

ਹੁਫੈਜ਼ਾ ਕਹਿੰਦੇ ਹਨ, “ਕਾਫ਼ੀ ਸਾਰੀਆਂ ਸੰਸਥਾਵਾਂ ਇਕੱਠੀਆਂ ਹੋਈਆਂ ਅਤੇ ਤੈਅ ਕੀਤਾ ਕਿ ਇੰਨ੍ਹਾਂ ਲਈ ਟੈਂਪਰੇਰੀ ਸ਼ੈਲਟਰ ਬਣਾਵਾਂਗੇ। ਇਨ੍ਹਾਂ ਥਾਂਵਾਂ ਤੋਂ ਲੋਕ ਵਾਪਸ ਨਹੀਂ ਜਾ ਸਕੇ ਅਤੇ ਹੌਲੀ-ਹੌਲੀ ਆਰਜ਼ੀ ਸ਼ੈਲਟਰ,ਪਰਮਾਨੈਂਟ ਹੋ ਗਏ। ਹੁਣ ਉਨ੍ਹਾਂ ਨੂੰ ਹੀ ਰਿਲੀਫ਼ ਕਲੋਨੀ ਕਿਹਾ ਜਾਂਦਾ ਹੈ।”

ਸਿਟੀਜ਼ਨ ਨਗਰ ਦੀ ਤਰ੍ਹਾਂ ਅਹਿਮਦਾਬਾਦ ਤੋਂ ਇਲਾਵਾ ਗੁਜਰਾਤ ਦੇ ਕਈ ਜ਼ਿਲ੍ਹਿਆਂ ਵਿੱਚ ਅਜਿਹੀਆਂ ਰਿਲੀਫ਼ ਕਲੋਨੀਆਂ ਹਨ।

ਦੰਗਾ ਪੀੜਤਾਂ ਲਈ ਕੰਮ ਕਰਨ ਵਾਲੇ ਐਨਜੀਓ ਜਨਵਿਕਾਸ ਨੇ ਉਨ੍ਹਾਂ ਪਰਿਵਾਰਾਂ ਦਾ ਇੱਕ ਸਰਵੇ ਕੀਤਾ ਸੀ ਜੋ ਰਿਲੀਫ਼ ਕਲੋਨੀ ਵਿੱਚ ਰਹਿ ਰਹੇ ਹਨ।

ਹੁਫੈਜ਼ਾ ਦੱਸਦੇ ਹਨ, “ਗੁਜਰਾਤ ਦੇ ਕਰੀਬ ਅੱਠ ਜ਼ਿਲ੍ਹਿਆਂ ਵਿੱਚ ਰਿਲੀਫ਼ ਕਲੋਨੀ ਬਣਾਈ ਗਈ ਸੀ। ਜਿਨ੍ਹਾਂ ਜ਼ਿਲ੍ਹਿਆਂ ਵਿੱਚ ਹਿੰਸਾ ਸਭ ਤੋਂ ਜ਼ਿਆਦਾ ਹੋਈ, ਉਨ੍ਹਾਂ ਸ਼ਹਿਰਾਂ ਦੇ ਬਾਹਰੀ ਖੇਤਰਾਂ ਵਿੱਚ ਇਨ੍ਹਾਂ ਨੂੰ ਬਣਾਇਆ ਗਿਆ।”

ਇਨ੍ਹਾਂ ਵਿੱਚ ਅਹਿਮਦਾਬਾਦ, ਵਡੋਦਰਾ, ਪੰਚਮਹਿਲ, ਅਰਵਲੀ, ਮੋਡਾਸਾ, ਹਿੰਮਤਨਗਰ, ਮੋਹਸਾਣਾ, ਆਨੰਦ ਅਤੇ ਖੇੜਾ ਜ਼ਿਲ੍ਹੇ ਸ਼ਾਮਿਲ ਹਨ।

ਇਨ੍ਹਾਂ ਜ਼ਿਲ੍ਹਿਆਂ ਵਿੱਚ 83 ਕਲੋਨੀਆਂ ਬਣਾਈਆਂ ਗਈਆਂ, ਜਿਨ੍ਹਾਂ ਵਿੱਚ 3 ਹਜ਼ਾਰ 87 ਪਰਿਵਾਰ ਅਤੇ ਕਰੀਬ 16 ਹਜ਼ਾਰ ਲੋਕ ਅੱਜ ਵੀ ਰਹਿ ਰਹੇ ਹਨ।

BBC/SHAHNAWAZ

ਇੱਕ ਫ਼ਲੈਟ ਵਿੱਚ ਰਹਿੰਦੇ 36 ਪਰਿਵਾਰ

ਸਿਟੀਜ਼ਨ ਨਗਰ ਦੀ ਤਰ੍ਹਾਂ ਅਹਿਮਦਾਬਾਦ ਦੇ ਜੁਹਾਪੁਰਾ ਵਿੱਚ ਦੰਗਾ ਪੀੜਤ ਪਰਿਵਾਰਾਂ ਲਈ ਸਾਲ 2003 ਵਿੱਚ ਏਕਤਾ ਫ਼ਲੈਟ ਬਣਾਏ ਗਏ ਸੀ। ਉਸ ਵੇਲੇ ਇੱਥੇ 36 ਪਰਿਵਾਰਾਂ ਨੂੰ ਵਸਾਇਆ ਗਿਆ।

18 ਪਰਿਵਾਰ ਪਹਿਲੀ ਮੰਜ਼ਿਲ ’ਤੇ ਰਹਿੰਦੇ ਹਨ ਅਤੇ 18 ਦੂਜੀ ਮੰਜ਼ਿਲ ’ਤੇ। ਬਿਲਡਿੰਗ ਦੇ ਥੱਲੇ ਦੁਕਾਨਾਂ ਬਣਾਈਆਂ ਗਈਆਂ ਹਨ।

ਉਨ੍ਹਾਂ ਪਰਿਵਾਰਾਂ ਵਿੱਚੋਂ ਇੱਕ ਹੈ ਮਲਿਕ ਨਯਾਜ ਬੀਬੀ ਦਾ ਪਰਿਵਾਰ। ਪਿਆਰ ਨਾਲ ਲੋਕ ਇਨ੍ਹਾਂ ਨੂੰ ਨਯਾਜ ਅੱਪਾ ਬੁਲਾਉਂਦੇ ਹਨ।

ਇੱਕ ਕਮਰੇ ਦੇ ਫ਼ਲੈਟ ਵਿੱਚ 71 ਸਾਲਾ ਅੱਪਾ ਆਪਣੇ ਪਤੀ ਨਾਲ ਰਹਿੰਦੇ ਹਨ। ਬੱਚਿਆਂ ਦਾ ਵਿਆਹ ਹੋ ਗਿਆ, ਜੋ ਹੁਣ ਵੱਖਰੇ ਰਹਿੰਦੇ ਹਨ।

ਪੁਰਾਣੇ ਦਿਨਾਂ ਨੂੰ ਯਾਦ ਕਰਦਿਆਂ ਉਹ ਕਹਿੰਦੇ ਹਨ, “ਮੇਰੇ ਪਿੰਡ ਵਿੱਚ ਬੰਗਲਾ ਸੀ, ਘਰ ਦੇ ਅੱਗੇ-ਪਿੱਛੇ ਥਾਂ ਖਾਲੀ ਛੱਡੀ ਹੋਈ ਸੀ। ਪਰ ਸਭ ਛੱਡ ਕੇ ਇੱਕ ਕਮਰੇ ਦੇ ਘਰ ਵਿੱਚ ਰਹਿਣਾ ਪੈ ਰਿਹਾ ਹੈ।”

“ਜਦੋਂ ਅਸੀਂ ਨਿੱਕਲੇ ਤਾਂ ਉਸ ਦਿਨ ਜੁਮਾ ਸੀ, ਸਭ ਤੋਂ ਪਹਿਲਾਂ ਅਸੀਂ ਜੁਹਾਪੁਰਾ ਦੇ ਇੱਕ ਸਕੂਲ ਵਿੱਚ ਬਣੇ ਕੈਂਪ ਵਿੱਚ ਆਏ, ਦੂਜੇ ਦਿਨ ਇੱਥੋਂ ਦੇ ਮੁੰਡੇ ਮੰਗ ਕੇ ਖਾਣਾ ਲਿਆਏ ਤਾਂ ਅਸੀਂ ਖਾਣਾ ਖਾਧਾ, ਫਿਰ ਸਰਕਾਰ ਨੇ ਅਨਾਜ ਦੇਣਾ ਸ਼ੁਰੂ ਕੀਤਾ ਅਤੇ ਇਸ ਤਰ੍ਹਾਂ ਅੱਠ ਮਹੀਨੇ ਤੱਕ ਉੱਥੇ ਹੀ ਰਹੇ।”

ਇੱਥੇ ਰਹਿ ਰਹੇ ਵਿਸਥਾਪਿਤ ਪਰਿਵਾਰਾਂ ਦਾ ਜੀਵਨ ਸਿਟੀਜ਼ਨ ਨਗਰ ਤੋਂ ਕਾਫ਼ੀ ਬਿਹਤਰ ਹੈ।

ਇੱਥੇ ਬਿਜਲੀ, ਪਾਣੀ ਅਤੇ ਸਫ਼ਾਈ ਜਿਹੀਆਂ ਸਾਰੀਆਂ ਬੁਨਿਆਦੀ ਸਹੂਲਤਾਂ ਮੌਜੂਦ ਹਨ।

ਅੱਪਾ ਕਹਿੰਦੇ ਹਨ, “ਸ਼ੁਰੂ ਵਿੱਚ ਦਿੱਕਤ ਹੁੰਦੀ ਸੀ ਪਰ ਹੁਣ ਸਭ ਵਧੀਆ ਹੈ, ਸਾਰੀ ਸਹੂਲਤ ਮਿਲੀ ਹੋਈ ਹੈ।”

BBC/SHAHNAWAZ
ਸਿਟੀਜ਼ਨ ਨਗਰ

ਮਦਦ ਮਿਲਣ ਵਿੱਚ ਕੀ ਹਨ ਮੁਸ਼ਕਿਲਾਂ?

ਦੰਗਾ ਪੀੜਤਾਂ ਲਈ ਕੇਂਦਰ ਵਿੱਚ ਰਹੀ ਬੀਜੇਪੀ ਅਤੇ ਕਾਂਗਰਸ ਸਰਕਾਰ, ਦੋਹਾਂ ਨੇ ਆਰਥਿਕ ਮਦਦ ਕੀਤੀ।

ਸਾਲ 2002 ਵਿੱਚ ਕੇਂਦਰ ਸਰਕਾਰ ਨੇ ਸਪੈਸ਼ਲ ਰਾਹਤ ਫੰਡ ਆਰਥਿਕ ਪੁਨਰਵਾਸ ਪੈਕੇਜ ਦੇ ਤਹਿਤ ਕਰੀਬ 155 ਕਰੋੜ ਰੁਪਏ ਗੁਜਰਾਤ ਸਰਕਾਰ ਨੂੰ ਦਿੱਤੇ।

ਇਹ ਪੈਸੇ ਇਨ੍ਹਾਂ ਪਰਿਵਾਰਾਂ ਤੱਕ ਪਹੁੰਚੇ ਵੀ, ਪਰ ਉਨ੍ਹਾਂ ਦੀ ਸਥਿਤੀ ਵਿੱਚ ਕੋਈ ਸੁਧਾਰ ਨਹੀਂ ਆਇਆ। ਕਾਰਨ ਸੀ ਕਿ ਇਹ ਪਰਿਵਾਰ ਕਦੇ ਵਾਪਸ ਆਪਣੇ ਘਰ ਨਹੀਂ ਮੁੜ ਸਕੇ।

ਹੁਫੈਜ਼ਾ ਕਹਿੰਦੇ ਹਨ, “ਦੰਗਿਆਂ ਵਿੱਚ ਪੰਜ ਕੈਟੇਗਰੀਆਂ ਤਹਿਤ ਮਦਦ ਕੀਤੀ ਗਈ, ਪਹਿਲੀ ਜਿਨ੍ਹਾਂ ਦੀ ਮੌਤ ਹੋਈ, ਦੂਜੀ ਜਿਨ੍ਹਾਂ ਦਾ ਕੋਈ ਲਾਪਤਾ ਹੋਇਆ, ਤੀਜਾ ਜ਼ਖਮੀ, ਚੌਥਾ ਜਿਨ੍ਹਾਂ ਦੇ ਘਰ ਬਰਬਾਦ ਹੋਏ ਅਤੇ ਪੰਜਵਾਂ ਜਿਨ੍ਹਾਂ ਦੇ ਕਾਰੋਬਾਰ ਨੂੰ ਨੁਕਸਾਨ ਹੋਇਆ।

ਪਰ ਜੋ ਲੋਕ ਵਾਪਸ ਆਪਣੇ ਘਰ ਨਹੀਂ ਜਾ ਸਕੇ, ਤਾਂ ਪਤਾ ਲੱਗਿਆ ਕਿ ‘ਇੰਟਰਨਲੀ ਡਿਸਪਲੇਸਡ ਪਰਸਨ’ ਦੀ ਇੱਕ ਵੱਡੀ ਕੈਟੇਗਰੀ ਹੈ, ਪਰ ਇਸ ਨੂੰ ਮੰਨਿਆ ਨਹੀਂ ਗਿਆ, ਸਰਕਾਰ ਨੇ ਇਸ ਕੈਟੇਗਰੀ ਦੇ ਲੋਕਾਂ ਲਈ ਕੁਝ ਨਹੀਂ ਕੀਤਾ।” 

ਰਿਲੀਫ਼ ਕਲੋਨੀਆਂ ਵਿੱਚ ਰਹਿਣ ਵਾਲੇ ਜ਼ਿਆਦਤਰ ਪਰਿਵਾਰ ਅੱਜ ਵੀ ਮੂਲ ਸਹੂਲਤਾਂ ਲਈ ਸੰਘਰਸ਼ ਕਰ ਰਹੇ ਹਨ। ਹੁਫੈਜ਼ਾ ਇਸ ਲਈ ਨੀਤੀਆਂ ਨੂੰ ਵੀ ਜ਼ਿੰਮੇਵਾਰ ਮੰਨਦੇ ਹਨ।

ਉਹ ਕਹਿੰਦੇ ਹਨ, “ਜਦੋਂ ਵਿਕਾਸ ਦੇ ਨਾਮ ਉੱਤੇ ਵੱਡੇ ਪ੍ਰੋਜੈਕਟਾਂ ਲਈ ਵਿਸਥਾਪਨ ਹੁੰਦਾ ਹੈ, ਤਾਂ ਜੋ ਨੀਤੀਆਂ ਬਣੀਆਂ ਹੋਈਆਂ ਹਨ ਉਸ ਤਹਿਤ ਉਨ੍ਹਾਂ ਪਰਿਵਾਰਾਂ ਨੂੰ ਦੂਜੀ ਥਾਂ ਵਸਾਇਆ ਜਾਂਦਾ ਹੈ, ਪਰ ਜਿਨ੍ਹਾਂ ਨੂੰ ਹਿੰਸਾ ਕਾਰਨ ਮਜਬੂਰੀ ਵਿੱਚ ਆਪਣੀ ਥਾਂ ਛੱਡਣੀ ਪਈ, ਉਨ੍ਹਾਂ ਲਈ ਉਸ ਤਰ੍ਹਾਂ ਦੀਆਂ ਨੀਤੀਆਂ ਨਹੀਂ ਹਨ।”

BBC/SHAHNAWAZ
ਮਲਿਕ ਨਯਾਜ ਬੀਬੀ

ਇੱਕ ਵਾਰ ਫਿਰ ਜਾਗੀਆਂ ਹਨ ਉਮੀਦਾਂ

ਸਿਟੀਜ਼ਨ ਨਗਰ, ਅਹਿਮਦਾਬਾਦ ਦੇ ਦਾਨੀਲਿਮੜਾ ਵਿਧਾਨ-ਸਭਾ ਖੇਤਰ ਵਿੱਚ ਹੈ।

ਇੱਥੋਂ ਦੀਆਂ ਬੁਨਿਆਦੀ ਸਹੂਲਤਾਂ ਦੀ ਖਰਾਬ ਹਾਲਤ ਨੂੰ ਲੈ ਕੇ ਮਿਊਂਸੀਪਲ ਕਾਊਂਸਲਰ ਸ਼ਹਿਜ਼ਾਦ ਖਾਨ ਨੂੰ ਕਈ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਨ੍ਹਾਂ ਨੂੰ ਮਿਲਣ ਦਾ ਸਮਾਂ ਨਹੀਂ ਮਿਲਿਆ।

ਇਸ ਤੋਂ ਇਲਾਵਾ ਸਥਾਨਕ ਵਿਧਾਇਕ ਸ਼ੈਲੇਸ਼ ਪਰਮਾਰ ਨੂੰ ਵੀ ਕਈ ਵਾਰ ਫ਼ੋਨ ਕੀਤਾ, ਪਰ ਕਿਸੇ ਵੱਲੋਂ ਕੋਈ ਜਵਾਬ ਹੁਣ ਤੱਕ ਸਾਨੂੰ ਨਹੀਂ ਮਿਲਿਆ ਹੈ।

ਸਾਨੂੰ ਉਨ੍ਹਾਂ ਵੱਲੋਂ ਕੋਈ ਜਵਾਬ ਮਿਲਦਾ ਹੈ ਤਾਂ ਇੱਥੇ ਉਸ ਨੂੰ ਸ਼ਾਮਲ ਕੀਤਾ ਜਾਏਗਾ।

ਪੰਜ ਦਸੰਬਰ ਨੂੰ ਦੂਜੇ ਪੜਾਅ ਦੀਆਂ ਵੋਟਾਂ ਹਨ, ਇਨ੍ਹਾਂ ਚੋਣਾਂ ਵਿੱਚ ਇੱਕ ਵਾਰ ਫਿਰ ਰਿਲੀਫ਼ ਕਲੋਨੀਆਂ ਵਿੱਚ ਰਹਿਣ ਵਾਲੇ ਲੋਕਾਂ ਦੀ ਉਮੀਦ ਜਾਗੀ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਵਿਚ ਬਦਲਾਅ ਆਏਗਾ, ਪਰ ਬਦਲਦੀ ਸਿਆਸਤ ਅਤੇ ਸਰਕਾਰ ਕੀ ਇੱਥੋਂ ਦੀ ਜ਼ਿੰਦਗੀ ਬਦਲ ਸਕੇਗੀ, ਇਹ ਵੱਡਾ ਸਵਾਲ ਹੈ।   

BBC

(ਬੀਬੀਸੀ ਪੰਜਾਬੀ ਨਾਲ ਅਤੇ ''''ਤੇ ਜੁੜੋ।)