ਗੋਲਡੀ ਬਰਾੜ ਦੀ ਅਮਰੀਕਾ ’ਚ ਹਿਰਾਸਤ ਦਾ ਦਾਅਵਾ, ਉਹ ਮਾਮਲਾ ਜਦੋਂ ਗੋਲਡੀ ਪਹਿਲੀ ਵਾਰ ਪੰਜਾਬ ਪੁਲਿਸ ਦੀਆਂ ਨਜ਼ਰਾਂ ’ਚ ਆਇਆ

12/02/2022 5:27:17 PM

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਹੈ ਕਿ ਮੂਸੇਵਾਲ ਕਤਲ ਕੇਸ ਵਿੱਚ ਮੁੱਖ ਸਾਜ਼ਿਸ਼ਕਰਤਾ (''''ਮਾਸਟਰਮਾਈਂਡ'''') ਗੋਲਡੀ ਬਰਾੜ ਨੂੰ ਅਮਰੀਕਾ ਵਿੱਚ ਹਿਰਾਸਤ ਵਿੱਚ ਲਿਆ ਗਿਆ ਹੈ।

ਭਗਵੰਤ ਮਾਨ ਨੇ ਕਿਹਾ, “ਮੈਂ ਸੂਬੇ ਦੇ ਮੁਖੀ ਵਜੋਂ ਦੱਸ ਰਿਹਾ ਹਾਂ ਕਿ ਗੋਲਡੀ ਬਰਾੜ ਨੂੰ ਅੱਜ ਸਵੇਰੇ ਅਮਰੀਕਾ ਵਿੱਚ ਹਿਰਾਸਤ ਵਿੱਚ ਲਿਆ ਗਿਆ ਹੈ।”

ਪੰਜਾਬ ਪੁਲਿਸ ਦਾ ਦਾਅਵਾ ਹੈ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਪਿੱਛੇ ਗੋਲਡੀ ਬਰਾੜ ਸੀ।

ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਨੇੜੇ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ।

ਗੁਜਰਾਤ ਵਿੱਚ ਚੋਣ ਪ੍ਰਚਾਰ ਲਈ ਗਏ ਭਗਵੰਤ ਮਾਨ ਨੇ ਕਿਹਾ, “ਅਮਰੀਕਾ ਵਿੱਚ ਰਹਿ ਰਿਹਾ ਇੱਕ ਵੱਡਾ ਗੈਂਗਸਟਰ ਗੋਲਡੀ ਬਰਾੜ ਕਈ ਗ਼ੈਰ-ਕਾਨੂੰਨੀ ਕਾਰਵਾਈਆਂ ਵਿੱਚ ਸ਼ਾਮਿਲ ਸੀ ਤੇ ਅਜਿਹੇ ਕੰਮਾਂ ਲਈ ਪੈਸੇ ਦੇਣ ਦਾ ਕੰਮ ਵੀ ਕਰਦਾ ਸੀ।”

ਗੋਲਡੀ ਬਰਾੜ ਨੂੰ ਪੰਜਾਬ ਲਿਆਇਆ ਜਾਵੇਗਾ- ਭਗਵੰਤ ਮਾਨ

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਬਹੁਤ ਜਲਦੀ ਹੀ ਗੈਂਗਸਟਰ ਸਭਿਆਚਾਰ ਨੂੰ ਖ਼ਤਮ ਕੀਤਾ ਜਾਵੇਗਾ।

ਉਨ੍ਹਾਂ ਕਿਹਾ, “ਹਾਲ ਹੀ ਵਿੱਚ ਪੰਜਾਬ ਸਰਕਾਰ ਨੇ ਗ੍ਰਹਿ ਵਿਭਾਗ ਤੋਂ ਗੋਲਡੀ ਬਰਾੜ ਲਈ ਨੂੰ ਰੈੱਡ ਕਾਰਨਰ ਨੋਟਿਸ ਜਾਰੀ ਕਰਵਾਇਆ ਸੀ। ਉਸਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਜਲਦ ਹੀ ਉਸ ਨੂੰ ਇਥੇ ਲਿਆਂਦਾ ਜਾਵੇਗਾ।”

“ਗੋਲਡੀ ਬਰਾੜ ਕਈ ਕਤਲ ਦੇ ਮਾਮਲਿਆਂ ਵਿੱਚ ਲੋੜੀਂਦਾ ਹੈ ਤੇ ਉਸ ਨੂੰ ਕਾਨੂੰਨ ਮੁਤਾਬਕ ਸਖ਼ਤ ਤੋਂ ਸਖ਼ਤ ਸਜ਼ਾ ਮਿਲੇਗੀ ਤੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਮਿਲੇਗਾ।”  

ਮੁੱਖ ਮੰਤਰੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਉਸ ਨੂੰ ਭਾਰਤ ਲਿਆਉਣ ਬਾਰੇ ਅਗਾਉਂ ਕਾਰਵਾਈ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ।

“ਅਸੀਂ ਉਸ ਨੂੰ ਯਕੀਨੀ ਤੌਰ ’ਤੇ ਇਥੇ ਲੈ ਕੇ ਆਵਾਂਗੇ ਤਾਂ ਜੋ ਜਿਨ੍ਹਾਂ ਪਰਿਵਾਰਾਂ ਨੇ ਆਪਣੇ ਜੀਅ ਗਵਾਏ ਉਨ੍ਹਾਂ ਨੂੰ ਕੁਝ ਸਕੂਨ ਮਿਲ ਸਕੇ।”

ਗੋਲਡੀ ਬਰਾੜ ਤੋਂ ਇਲਾਵਾ ਹੋਰ ਵੀ ਜੋ ਗੈਂਗਸਟਰ ਵਿਦੇਸ਼ਾਂ ਹਨ ਉਨ੍ਹਾਂ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ ਤੇ ਇਸ ਲਈ ਕੌਮਾਂਤਰੀ ਪੱਧਰ ’ਤੇ ਗੱਲਬਾਤ ਚੱਲ ਰਹੀ ਹੈ।

Getty Images
ਸਿੱਧੂ ਮੂਸੇਵਾਲਾ ਦੀ ਯਾਦ ਵਿੱਚ ਮੁੰਬਈ ਵਿੱਚ ਮੋਮਬੱਤੀਆਂ ਬਾਲ ਕੇ ਸ਼ਰਧਾਂਜਲੀ ਦਿੱਤੀ ਗਈ ਸੀ

ਪੁਲਿਸ ਰਿਕਾਰਡ ''''ਚ ਗੋਲਡੀ ਬਰਾੜ ਬਾਰੇ ਕੀ ਜਾਣਕਾਰੀ ਹੈ

ਭਾਵੇਂ ਗੋਲਡੀ ਬਰਾੜ (ਅਸਲੀ ਨਾਂ ਸਤਿੰਦਰਜੀਤ ਸਿੰਘ ਹੈ) ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਸੁਰਖ਼ੀਆਂ ਵਿੱਚ ਆਇਆ ਸੀ।

ਜਦੋਂ ਮੂਸੇਵਾਲਾ ਦਾ ਕਤਲ ਹੋਇਆ ਤਾਂ ਉਸ ਦੇ ਕੁਝ ਦੇਰ ਬਾਅਦ ਹੀ ਸੋਸ਼ਲ ਮੀਡੀਆ ਉੱਤੇ ਗੋਲਡੀ ਬਰਾੜ ਨਾਂ ਦੇ ਸ਼ਖਸ ਨੇ ਕਤਲਕਾਂਡ ਨੂੰ ਅੰਜਾਮ ਦੇਣ ਦੀ ਜ਼ਿੰਮੇਵਾਰੀ ਲਈ ਸੀ।

ਪੰਜਾਬ ਪੁਲਿਸ ਦੇ ਸੂਤਰਾਂ ਮੁਤਾਬਿਕ ਬਰਾੜ ਨੇ ਲਗਭਗ 10 ਸਾਲ ਪਹਿਲਾਂ ਅਪਰਾਧ ਦੀ ਦੁਨੀਆਂ ਵਿੱਚ ਪੈਰ ਧਰਿਆ।

ਬੀਬੀਸੀ ਪੰਜਾਬੀ ਨੇ ਗੋਲਡੀ ਬਰਾੜ ਬਾਰੇ ਪੰਜਾਬ ਪੁਲਿਸ ਦੇ ਕਈ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤੇ ਕੁੱਝ ਗੁਪਤ ਦਸਤਾਵੇਜ਼ ਹਾਸਲ ਕੀਤੇ ਜਿਸ ਦੇ ਆਧਾਰ ''''ਤੇ ਇਹ ਜਾਣਕਾਰੀ ਦਿੱਤੀ ਗਈ ਹੈ।

ਪੰਜਾਬ ਅਤੇ ਚੰਡੀਗੜ੍ਹ ਪੁਲਿਸ ਦੀਆਂ ਨਜ਼ਰਾਂ ਵਿੱਚ ਗੋਲਡੀ ਖ਼ਾਸ ਤੌਰ ’ਤੇ ਅਕਤੂਬਰ 2020 ਵਿੱਚ ਆਇਆ।

ਗੋਲਡੀ ਬਰਾੜ ਦੇ ਰਿਸ਼ਤੇਦਾਰ ਗੁਰਲਾਲ ਬਰਾੜ ਦਾ ਚੰਡੀਗੜ੍ਹ ਵਿੱਚ ਕਥਿਤ ਤੌਰ ''''ਤੇ ਬੰਬੀਹਾ ਗੈਂਗ ਵੱਲੋਂ ਕਤਲ ਕਰ ਦਿੱਤਾ ਗਿਆ ਸੀ।

ਗੁਰਲਾਲ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਸੰਗਠਨ ਸੋਪੂ ਦਾ ਸਾਬਕਾ ਸੂਬਾ ਪ੍ਰਧਾਨ ਸੀ।

ਸੋਪੂ ਪੰਜਾਬ ਯੂਨੀਵਰਸਿਟੀ ਦਾ ਵਿਦਿਆਰਥੀ ਸੰਗਠਨ ਹੈ ਜਿਸ ਦੇ ਨਾਲ ਸਿੱਧੂ ਮੂਸੇਵਾਲਾ ਕਤਲ ਦੇ ਇੱਕ ਹੋਰ ਮੁਲਜ਼ਮ ਲਾਰੈਂਸ ਬਿਸ਼ਨੋਈ ਵੀ ਜੁੜਿਆ ਸੀ।

Getty Images
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ

ਪੁਲਿਸ ਮੁਤਾਬਕ ਗੋਲਡੀ ਬਰਾੜ ਨੇ ਰਿਸ਼ਤੇਦਾਰੀ ਵਿੱਚ ਲੱਗਦੇ ਭਰਾ ਗੁਰਲਾਲ ਬਰਾੜ ਦੇ ਕਤਲ ਦਾ ਬਦਲਾ ਲੈਣ ਦਾ ਫ਼ੈਸਲਾ ਕੀਤਾ।

ਕਥਿਤ ਤੌਰ ’ਤੇ ਗੋਲਡੀ ਨੇ ਫ਼ਰੀਦਕੋਟ ਯੂਥ ਕਾਂਗਰਸ ਦੇ ਪ੍ਰਧਾਨ ਗੁਰਲਾਲ ਸਿੰਘ ਭਲਵਾਨ ਨੂੰ ਮਾਰਨ ਲਈ ਲਾਰੈਂਸ ਬਿਸ਼ਨੋਈ ਨਾਲ ਮਿਲ ਕੇ ਸਾਜ਼ਿਸ਼ ਰਚੀ।

18 ਫਰਵਰੀ, 2021 ਨੂੰ ਗੁਰਲਾਲ ਸਿੰਘ ਭਲਵਾਨ ਨੂੰ ਦੋ ਲੋਕਾਂ ਨੇ ਗੋਲੀਆਂ ਮਾਰ ਕੇ ਦਿਨ ਦਿਹਾੜੇ ਕਤਲ ਕਰ ਦਿੱਤਾ।

ਪੁਲਿਸ ਦਾ ਦਾਅਵਾ ਹੈ ਕਿ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੇ ਆਪਣੇ ਬਿਆਨ ਦੌਰਾਨ ਖ਼ੁਲਾਸਾ ਕੀਤਾ ਕਿ ਗੋਲਡੀ ਇਸ ਕੇਸ ਦਾ ਮਾਸਟਰਮਾਈਂਡ ਹੈ ਜਿਸ ਨੇ ਗੁਰਲਾਲ ਸਿੰਘ ਭਲਵਾਨ ਦੀ ਹੱਤਿਆ ਕਰਨ ਲਈ ਵਾਹਨਾਂ, ਹਥਿਆਰਾਂ, ਸ਼ੂਟਰਾਂ ਅਤੇ ਰਿਹਾਇਸ਼ ਦਾ ਪ੍ਰਬੰਧ ਕੀਤਾ ਸੀ।

ਪੁਲਿਸ ਰਿਕਾਰਡਾਂ ਮੁਤਾਬਕ ਪੰਜਾਬ ਵਿੱਚ ਗੋਲਡੀ ਬਰਾੜ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਸੀ ਜਿਸ ਵਿੱਚ ਉਸਦਾ ਨਾਂ ਆਇਆ।

ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਗੁਰਲਾਲ ਪਹਿਲਵਾਨ ਦੇ ਕਤਲ ਤੋਂ ਬਾਅਦ ਗੋਲਡੀ ਬਰਾੜ ਨੇ ਫ਼ਰੀਦਕੋਟ ਅਤੇ ਮੁਕਤਸਰ ਸਾਹਿਬ ਖੇਤਰਾਂ ਦੇ ਵੱਖ-ਵੱਖ ਵਿਅਕਤੀਆਂ ਨੂੰ ਕਥਿਤ ਤੌਰ ''''ਤੇ ਫਿਰੌਤੀ ਲਈ ਕਾਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ।

ਗੋਲਡੀ ਬਰਾੜ ਖ਼ਿਲਾਫ਼ ਸਾਲ 2012 ''''ਚ ਪਹਿਲਾ ਮੁਕੱਦਮਾ

ਗੋਲਡੀ ਬਰਾੜ ਵਿਰੁੱਧ ਪੁਲਿਸ ਦੇ ਰਿਕਾਰਡ ਵਿੱਚ ਸਭ ਤੋਂ ਪੁਰਾਣਾ ਮਾਮਲਾ 2012 ਦਾ ਹੈ।

ਇੱਕ ਸ਼ਾਮ ਮੋਗਾ ਦੇ ਇੱਕ ਵਾਸੀ ਨੇ ਇਲਜ਼ਾਮ ਲਾਇਆ ਕਿ ਉਹ ਆਪਣੀ ਕਾਰ ਵਿੱਚ ਜਿੰਮ ਜਾ ਰਿਹਾ ਸੀ। ਐੱਫਆਈਆਰ ਮੁਤਾਬਿਕ “ਰੇਲਵੇ ਕਰਾਸਿੰਗ ਦੇ ਕੋਲ ਕੁੱਝ ਵਿਅਕਤੀ ਹਥਿਆਰਾਂ ਨਾਲ ਸੜਕ ਦੇ ਕੰਢੇ ਖੜੇ ਸਨ। ਉਨ੍ਹਾਂ ਨੇ ਮੋਗਾ ਦੇ ਇਸ ਵਿਅਕਤੀ ’ਤੇ ਗੋਲੀਆਂ ਚਲਾ ਦਿੱਤੀਆਂ ਅਤੇ ਭੱਜਣ ਵਿਚ ਕਾਮਯਾਬ ਹੋ ਗਏ।”

ਇਸ ਮਾਮਲੇ ਵਿੱਚ ਗੋਲਡੀ ਬਰਾੜ ਨੂੰ ਨਾਮਜ਼ਦ ਹੋਇਆ, ਹਾਲਾਂਕਿ 2015 ਵਿੱਚ ਅਦਾਲਤ ਵੱਲੋਂ ਕੇਸ ਰੱਦ ਕਰਨ ਤੋਂ ਬਾਅਦ ਗੋਲਡੀ ਬਰਾੜ ਨੂੰ ਇਸ ਮਾਮਲੇ ਵਿੱਚ ਬਰੀ ਕਰ ਦਿੱਤਾ ਗਿਆ ਸੀ। 

2013 ਵਿੱਚ ਅਬੋਹਰ ਵਾਸੀ ਰਾਕੇਸ਼ ਰਿਨ੍ਹਵਾ ਨੇ ਇਲਜ਼ਾਮ ਲਾਇਆ ਕਿ ਗੋਲਡੀ ਬਰਾੜ ਅਤੇ ਦੋ ਹੋਰ ਲੋਕਾਂ ਨੇ ਕਥਿਤ ਤੌਰ ’ਤੇ ਉਸ ''''ਤੇ ਬੰਦੂਕ ਤਾਣ ਕੇ ਉਸ ਨੂੰ ਆਪਣੀ ਕਾਰ ਵਿੱਚ ਬਿਠਾ ਲਿਆ ਜਿੱਥੇ ਤੇਜ਼ਧਾਰ ਹਥਿਆਰਾਂ ਨਾਲ ਉਸ ਦੀ ਕੁੱਟਮਾਰ ਕੀਤੀ ਗਈ।

ਇਸ ਮਾਮਲੇ ਵਿੱਚ ਵੀ ਗੋਲਡੀ ਬਰਾੜ ਨੂੰ ਨਾਮਜ਼ਦ ਕੀਤਾ ਗਿਆ, ਪਰ ਪੁਲਿਸ ਦੋਸ਼ ਸਾਬਤ ਨਹੀਂ ਕਰ ਸਕੀ ਅਤੇ ਅਦਾਲਤ ਵੱਲੋਂ ਬਰੀ ਕਰ ਦਿੱਤਾ ਗਿਆ ਸੀ। 

Getty Images

ਸੰਗੀਨ ਮਾਮਲਿਆਂ ਵਿਚ ਇੱਕ ਮਾਮਲਾ ਸਾਲ 2020 ਦਾ ਹੈ ਜਦੋਂ ਗੋਲਡੀ ਬਰਾੜ ਦੇ ਖ਼ਿਲਾਫ਼ ਪੰਜਾਬ ਦੇ ਮਲੋਟ ਵਿੱਚ ਰਣਜੀਤ ਸਿੰਘ ਨਾਮ ਦੇ ਵਿਅਕਤੀ ਦੇ ਕਤਲ ਦਾ ਮਾਮਲਾ ਦਰਜ ਕੀਤਾ ਗਿਆ।

ਇਸ ਮਾਮਲੇ ਦੇ ਇੱਕ ਦੋਸ਼ੀ ਪਵਨ ਨਹਿਰਾ ਨੇ ਪੁੱਛਗਿੱਛ ਦੌਰਾਨ ਖ਼ੁਲਾਸਾ ਕੀਤਾ ਕਿ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇੱਕ ਰਣਜੀਤ ਸਿੰਘ ਉਰਫ਼ ਰਾਣਾ ਦਾ ਕਤਲ ਲਾਰੈਂਸ ਬਿਸ਼ਨੋਈ ਅਤੇ ਕੈਨੇਡਾ ਸਥਿਤ ਗੋਲਡੀ ਬਰਾੜ ਦੇ ਨਿਰਦੇਸ਼ਾਂ ’ਤੇ ਕੀਤਾ ਸੀ। ਇਹ ਮਾਮਲਾ ਅਦਾਲਤ ਵਿਚ ਵਿਚਾਰਧੀਨ ਹੈ।

ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ 2020 ਤੋਂ ਬਾਅਦ ਅਪਰਾਧ ਜਗਤ ਵਿੱਚ ਉਸ ਦੀ ਕਥਿਤ ਸ਼ਮੂਲੀਅਤ ਵਧੀ ਹੈ। ਜਿਨ੍ਹਾਂ ਅਪਰਾਧਾਂ ਵਿਚ ਉਹ ਕਥਿਤ ਤੌਰ ''''ਤੇ ਸ਼ਾਮਲ ਹੈ, ਉਨ੍ਹਾਂ ਵਿਚ ਫਿਰੌਤੀ ਅਤੇ ਕਤਲ ਦੇ ਮਾਮਲੇ ਸ਼ਾਮਲ ਹਨ।

ਪੰਜਾਬ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਮਗਰੋਂ ਹੀ ਗਲੋਡੀ ਬਰਾੜ ਸਭ ਤੋਂ ਵੱਧ ਚਰਚਾ ਵਿੱਚ ਆਇਆ।

ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ‘ਮਾਸਟਰਮਾਈਂਡ’

ਪੁਲਿਸ ਵੱਲੋਂ ਅਦਾਲਤ ਵਿੱਚ ਦਾਇਰ ਕੀਤੀ ਚਾਰਜਸ਼ੀਟ ਵਿੱਚ ਕਿਹਾ ਗਿਆ ਹੈ ਕਿ ਗੋਲਡੀ ਬਰਾੜ ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮਾਸਟਰਮਾਈਂਡ ਹੈ।

ਇਸ ਚਾਰਜਸ਼ੀਟ ਵਿੱਚ ਅੱਗੇ ਕਿਹਾ ਗਿਆ ਹੈ ਕਿ ਗੋਲਡੀ ਨੇ ਸ਼ੂਟਰਾਂ ਨੂੰ ਇਕੱਠਾ ਕੀਤਾ ਅਤੇ ਕੁਝ ਲੋਕਾਂ ਨੂੰ ਚੁਣਕੇ ਉਨ੍ਹਾਂ ਨੂੰ ਵੱਖ-ਵੱਖ ਕੰਮ ਦਿੱਤੇ।

ਚਾਰਜਸ਼ੀਟ ਮੁਤਾਬਕ, "ਉਨ੍ਹਾਂ ਨੇ ਵੱਖ-ਵੱਖ ਗੈਂਗਾਂ ਤੋਂ ਸ਼ੂਟਰਾਂ ਦਾ ਪ੍ਰਬੰਧ ਕੀਤਾ, ਵਾਹਨਾਂ, ਪੈਸੇ, ਹਥਿਆਰਾਂ ਅਤੇ ਰਹਾਇਸ਼ ਦਾ ਇੰਤਜ਼ਾਮ ਕੀਤਾ।" 

ਚਾਰਜਸ਼ੀਟ ਅੱਗੇ ਕਿਹਾ ਗਿਆ ਹੈ ਕਿ "ਉਸ ਨੇ ਸ਼ੂਟਰਾਂ ਨੂੰ 28 ਮਈ ਨੂੰ ਮੂਸੇਵਾਲਾ ਦੀ ਸੁਰੱਖਿਆ ਵਾਪਸ ਲੈਣ ਬਾਰੇ ਜਾਣਕਾਰੀ ਦਿੱਤੀ। 29 ਮਈ ਨੂੰ, ਉਸ ਨੇ ਉਨ੍ਹਾਂ ਨੂੰ ਯੋਜਨਾ ਵਿੱਚ ਤੇਜ਼ੀ ਲਿਆਉਣ ਲਈ ਕਿਹਾ।" 

ਉਸ ਨੇ ਕਥਿਤ ਤੌਰ ''''ਤੇ ਵਿਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ ਲੈਣ ਲਈ ਅਜਿਹਾ ਕੀਤਾ ਸੀ। ਇਸ ਦਸਤਾਵੇਜ਼ ਵਿੱਚ ਕਿਹਾ ਗਿਆ ਹੈ ਕਿ ਗੋਲਡੀ ਉਹ ਵਿਅਕਤੀ ਹੈ ਜਿਸ ਨੇ ਕਥਿਤ ਤੌਰ ''''ਤੇ ਨਿਸ਼ਾਨੇਬਾਜ਼ਾਂ ਲਈ ਰਿਹਾਇਸ਼ ਦਾ ਪ੍ਰਬੰਧ ਕੀਤਾ ਸੀ।

BBC

BBC

ਗੋਲਡੀ ਬਰਾੜ ਸਟੱਡੀ ਵੀਜ਼ੇ ''''ਤੇ ਕੈਨੇਡਾ ਗਿਆ ਸੀ

ਪੁਲਿਸ ਸੂਤਰ ਦੱਸਦੇ ਹਨ ਕਿ ਗੋਲਡੀ ਬਰਾੜ ਦਾ ਅਸਲੀ ਨਾਂ ਸਤਿੰਦਰਜੀਤ ਸਿੰਘ ਹੈ ਅਤੇ ਉਹ ਪੰਜਾਬ ਦੇ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਹੈ।

ਅਧਿਕਾਰਿਤ ਸੂਤਰਾਂ ਮੁਤਾਬਕ ਗੋਲਡੀ ਬਰਾੜ ਅਗਸਤ 2017 ਵਿੱਚ ਉਹ ਸਟੱਡੀ ਵਿਜ਼ਾ ’ਤੇ ਕੈਨੇਡਾ ਚਲਾ ਗਿਆ।

Getty Images
 ਸਿੱਧੂ ਮੂਸੇਵਾਲਾ ਦੇ ਮਾਤਾ

ਸਿੱਧੂ ਕਤਲ ਮਾਮਲੇ ’ਚ ਕੁੱਲ 27 ਵਿਅਕਤੀਆਂ ਨੂੰ ਕੀਤਾ ਗਿਆ ਗ੍ਰਿਫ਼ਤਾਰ

ਪੰਜਾਬ ਪੁਲਿਸ ਦੇ ਏਆਈਜੀ ਅਤੇ ਮਾਨਸਾ ਦੇ ਸਾਬਕਾ ਐੱਸਐੱਸਪੀ ਗੌਰਵ ਤੂਰਾ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਹੁਣ ਤੱਕ 27 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। 

“ਇਸ ਕੇਸ ਵਿੱਚ ਨੌਂ ਵਿਅਕਤੀ ਨਾਮਜ਼ਦ ਕੀਤੇ ਗਏ ਹਨ ਅਤੇ ਜਿਨ੍ਹਾਂ ਨੂੰ ਹਾਲੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਹਾਲਾਂਕਿ ਅਜਿਹਾ ਨਹੀਂ ਹੈ ਕਿ ਉਨ੍ਹਾਂ ਨੂੰ ਜ਼ਰੂਰੀ ਤੌਰ ''''ਤੇ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ। ਇਹ ਸ਼ੁਰੂਆਤੀ ਜਾਂਚ ''''ਤੇ ਨਿਰਭਰ ਕਰਦਾ ਹੈ ਜੇਕਰ ਉਨ੍ਹਾਂ ਦੀ ਭੂਮਿਕਾ ਦੇ ਸਬੂਤ ਮਿਲਦੇ ਹਨ ਤਾਂ ਹੀ ਪੁਲਿਸ ਉਨ੍ਹਾਂ ਨੂੰ ਗ੍ਰਿਫ਼ਤਾਰ ਕਰੇਗੀ।”

ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਵਿਚੋਂ ਗੋਲਡੀ ਬਰਾੜ ਜਿਸ ਦੀ ਨੂੰ ਅੱਜ ਹਿਰਾਸਤ ਵਿੱਚ ਲਿਆ ਗਿਆ ਤੋਂ ਇਲਾਵਾ ਤਿੰਨ ਹੋਰ ਵਿਅਕਤੀ ਵਿਦੇਸ਼ ''''ਚ ਹਨ ਅਤੇ ਉਨ੍ਹਾਂ ਨੂੰ ਅਜੇ ਤਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ।

BBC

ਸਿੱਧੂ ਮੂਸੇਵਾਲਾ ਕਤਲ ਮਾਮਲਾ ਅਤੇ ''''ਗੋਲਡੀ ਬਰਾੜ ਦੀ ਹਿਰਾਸਤ''''

  • ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੁਤਾਬਕ ਗੋਲਡੀ ਬਰਾੜ ਨੂੰ ਅਮਰੀਕਾ ’ਚ ਹਿਰਾਸਤ ਵਿੱਚ ਲਿਆ ਗਿਆ ਹੈ
  • ਗੋਲਡੀ ਬਰਾੜ ਦਾ ਅਸਲੀ ਨਾਂ ਸਤਿੰਦਰਜੀਤ ਸਿੰਘ ਹੈ
  • ਗੋਲਡੀ ਬਰਾੜ ਪੰਜਾਬ ਦੇ ਮੁਕਤਸਰ ਦਾ ਰਹਿਣ ਵਾਲਾ ਹੈ, ਫਿਲਹਾਲ ਉਸਦੇ ਘਰ ਕੋਈ ਨਹੀਂ ਮਿਲਿਆ
  • ਗੋਲਡੀ ਬਰਾੜ ਨੂੰ ਪੁਲਿਸ ਸਿੱਧੂ ਮੂਸੇਵਾਲਾ ਕਤਲ ਕੇਸ ਦਾ ਮਾਸਟਰਮਾਈਂਡ ਦੱਸਦੀ ਹੈ
  • ਗੋਲਡੀ ਬਰਾੜ ਸਟੱਡੀ ਵੀਜ਼ਾ ਉੱਤੇ ਕੈਨੇਡਾ ਗਿਆ ਹੋਇਆ ਸੀ
  • ਗੋਲਡੀ ਬਰਾੜ ਦੇ ਪਿਤਾ ਪੰਜਾਬ ਪੁਲਿਸ ਦੇ ਸਹਾਇਕ ਪੁਲਿਸ ਇੰਸਪੈਕਟਰ ਰਹਿ ਚੁੱਕੇ ਹਨ
  • ਅਨਮੋਲ ਬਿਸ਼ਨੋਈ: ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜੇ ਤੱਕ ਉਸ ਦੇ ਟਿਕਾਣੇ ਦਾ ਕੋਈ ਪਤਾ ਨਹੀਂ ਹੈ
  • ਸਚਿਨ ਬਿਸ਼ਨੋਈ: ਹਵਾਲਗੀ ਮੁਕੱਦਮਾ ਚੱਲ ਰਿਹਾ ਹੈ ਕਿਉਂਕਿ ਉਹ ਅਜ਼ਰਬਾਈਜ਼ਾਨ ਵਿੱਚ ਹੈ
  • ਲਿਪਿਨ ਨੇਹਰਾ: ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਜਾ ਰਿਹਾ ਹੈ
BBC

ਸਿੱਧੂ ਮੂਸੇਵਾਲਾ ਕਤਲ

29 ਮਈ 2022 ਦਿਨ ਐਤਵਾਰ ਨੂੰ ਬਾਅਦ ਦੁਪਹਿਰ ਮਾਨਸਾ ਜ਼ਿਲ੍ਹੇ ਦੇ ਆਪਣੇ ਪਿੰਡ ਮੂਸਾ ਤੋਂ ਗਾਇਕ ਸਿੱਧੂ ਮੂਸੇਵਾਲਾ ਨਿਕਲੇ ਹੀ ਸਨ ਕਿ ਕੁਝ ਦੂਰ ਜਾਂਦਿਆਂ ਹੀ ਪਿੰਡ ਜਵਾਹਰਕੇ ਵਿੱਚ ਉਨ੍ਹਾਂ ਦੀ ਥਾਰ ਗੱਡੀ ਨੂੰ ਘੇਰ ਲਿਆ ਗਿਆ।

ਅਣਪਛਾਤੇ ਹਮਲਾਵਰਾਂ ਨੇ ਘੇਰ ਕੇ ਕਈ ਰਾਊਂਡ ਫਾਇਰਿੰਗ ਕੀਤੇ।

ਇਸ ਘਟਨਾ ਵਿੱਚ ਮੂਸੇਵਾਲਾ ਨੂੰ ਕਈ ਗੋਲੀਆਂ ਲੱਗੀਆਂ ਅਤੇ ਹਸਪਤਾਲ ਲਿਜਾਇਆ ਗਿਆ ਪਰ ਹਸਤਪਾਲ ਪਹੁੰਚਣ ਤੋਂ ਪਹਿਲਾਂ ਹੀ ਮੂਸੇਵਾਲਾ ਦੀ ਮੌਤ ਹੋ ਚੁੱਕੀ ਸੀ।

ਇਸ ਘਟਨਾ ਵਿੱਚ ਮੂਸੇਵਾਲਾ ਦੇ ਦੋ ਸਾਥੀ ਵੀ ਜ਼ਖਮੀ ਹੋਏ। ਇਸ ਘਟਨਾ ਤੋਂ ਇੱਕ ਦਿਨ ਪਹਿਲਾਂ ਹੀ ਸੈਂਕੜੇ ਲੋਕਾਂ ਦੀ ਸੁਰੱਖਿਆ ਪੰਜਾਬ ਸਰਕਾਰ ਨੇ ਜਾਂ ਤਾਂ ਹਟਾ ਲਈ ਸੀ ਜਾਂ ਘਟਾ ਦਿੱਤੀ ਸੀ।

(ਬੀਬੀਸੀ ਪੰਜਾਬੀ ਨਾਲ ਅਤੇ ''''ਤੇ ਜੁੜੋ।)