ਸ਼੍ਰਧਾ ਕਤਲ ਮਾਮਲਾ: ਪੌਲੀਗ੍ਰਾਫ਼ ਅਤੇ ਨਾਰਕੋ ਟੈਸਟ ’ਚ ਕੀ ਫ਼ਰਕ ਹੈ, ਇਹ ਕਿਵੇਂ ਕੀਤਾ ਜਾਂਦਾ ਹੈ?

12/02/2022 12:27:16 PM

ANI

ਸ਼ਰਧਾ ਵਾਲਕਰ ਦਾ ਕਤਲ ਕਿਵੇਂ ਹੋਇਆ? 

ਕਿਹੜੇ ਹਥਿਆਰ ਦੀ ਵਰਤੋਂ ਕੀਤੀ ਗਈ ਅਤੇ ਲਾਸ਼ ਨੂੰ ਕਿਵੇਂ ਠਿਕਾਨੇ ਲਗਾਇਆ ਗਿਆ?

ਪੁਲਿਸ ਇੰਨ੍ਹਾਂ ਸਵਾਲਾਂ ਦੇ ਜਵਾਬ ਲੱਭਣ ਲਈ ਇਸ ਮਾਮਲੇ ਦੇ ਦੋਸ਼ੀ ਆਫ਼ਤਾਬ ਪੂਨਾਵਾਲਾ ਤੋਂ ਪੁੱਛਗਿੱਛ ਕਰ ਰਹੀ ਹੈ।

ਮੀਡੀਆ ਦੇ ਸੂਤਰਾਂ ਦੇ ਹਵਾਲੇ ਤੋਂ ਇਨ੍ਹਾਂ ਸਵਾਲਾਂ ਨੂੰ ਲੈ ਕੇ ਕਈ ਗੱਲਾਂ ਸਾਹਮਣੇ ਆ ਰਹੀਆਂ ਹਨ। ਪੁਲਿਸ ਨੂੰ ਡਰ ਹੈ ਕਿ ਜੋ ਕੁਝ ਹੁਣ ਤੱਕ ਦਾ ਹਾਸਲ ਹੈ ਉਸ ਨੂੰ ਠੋਸ ਸਬੂਤ ਵੱਜੋਂ ਅਦਾਲਤ ’ਚ ਪੇਸ਼ ਨਹੀਂ ਕੀਤਾ ਜਾ ਸਕਦਾ ਹੈ।

ਇਸ ਲਈ ਪੁਲਿਸ ਨੇ ਅਦਾਲਤ ਤੋਂ ਆਫ਼ਤਾਬ ਦੇ ਨਾਰਕੋ ਅਤੇ ਪੌਲੀਗ੍ਰਾਫ਼ ਟੈਸਟ ਦੀ ਮੰਗ ਕੀਤੀ ਸੀ।

ਇਸ ਲੇਖ ਵਿੱਚ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਪੌਲੀਗ੍ਰਾਫ਼ ਟੈਸਟ ਅਤੇ ਨਾਰਕੋ ਟੈਸਟ ਕੀ ਹੁੰਦਾ ਹੈ, ਕਿਵੇਂ ਕੀਤਾ ਜਾਂਦਾ ਹੈ ਅਤੇ ਦੋਵਾਂ ’ਚ ਕੀ ਅੰਤਰ ਹੁੰਦਾ ਹੈ।

Science Photo Library

  ਪੌਲੀਗ੍ਰਾਫ਼ ਟੈਸਟ: ਝੂਠ ਬੋਲਣ ’ਤੇ ਸਰੀਰ ਸੰਕੇਤ ਦੇਣ ਲੱਗਦਾ ਹੈ

ਪੁਲਿਸ ਕੋਲ ਇੱਕ ਅਪਰਾਧ, ਇੱਕ ਦੋਸ਼ੀ ਅਤੇ ਕੁਝ ਸਬੂਤਾਂ ਬਾਰੇ ਜਾਣਕਾਰੀ ਹੈ।

ਪਰ ਜਦੋਂ ਇਸ ਗੱਲ ਦੀ ਸੰਭਾਵਨਾ ਨਾ ਹੋਵੇ ਕਿ ਮੌਜੂਦਾ ਸਬੂਤ ਅਦਾਲਤ ਵਿੱਚ ਮਾਮਲੇ ਨੂੰ ਮਜ਼ਬੂਤ ਕਰਨਗੇ ਤੇ ਕੁਝ ਗਵਾਚੀਆਂ ਕੜ੍ਹੀਆਂ, ਲੁਕੇ ਹੋਏ ਤੱਥਾਂ ਨੂੰ ਜੋੜਣ ਲਈ ਪੁਲਿਸ ਅਜਿਹੇ ਟੈਸਟਾਂ ਦੀ ਮਦਦ ਲੈਣ ਨੂੰ ਤਰਜ਼ੀਹ ਦਿੰਦੀ ਹੈ।

ਪੁੱਛਗਿੱਛ ਦੌਰਾਨ ਜਦੋਂ ਮੁਲਜ਼ਮ ਝੂਠ ਬੋਲਦਾ ਹੈ ਤਾਂ ਸਰੀਰ ’ਚ ਚੀਜ਼ਾਂ ਆਪਣੇ ਆਪ ਬਦਲ ਜਾਂਦੀਆਂ ਹਨ।

ਦਿਲ ਦੀ ਧੜਕਣ ਵੱਧ ਜਾਂਦੀ ਹੈ, ਸਾਹ ਲੈਣ ਦਾ ਤਰੀਕਾ ਬਦਲ ਜਾਂਦਾ ਹੈ, ਖ਼ੂਨ ਦਾ ਦਬਾਅ ਵੱਧ ਜਾਂਦਾ ਹੈ, ਪੈਰਾਂ ’ਚ ਪਸੀਨਾ ਆਉਣ ਲੱਗ ਜਾਂਦਾ ਹੈ, ਅਜਿਹੇ ਹੋਰ ਕਈ ਲੱਛਣ ਨਜ਼ਰ ਆਉਣੇ ਸ਼ੁਰੂ ਹੋ ਜਾਂਦੇ ਹਨ।

ਇੰਨ੍ਹਾਂ ਮਾਪਦੰਡਾਂ ਦੇ ਆਧਾਰ ''''ਤੇ, ਮਾਹਰਾਂ ਨੇ ਇੱਕ ਅਜਿਹੀ ਪ੍ਰਣਾਲੀ ਬਣਾਈ ਹੈ ਜੋ ਕਿ ਸਧਾਰਨ ਸਵਾਲਾਂ ਪ੍ਰਤੀ ਵਿਅਕਤੀ ਦੀ ਪ੍ਰਤੀਕ੍ਰਿਆ ਅਤੇ ਚੁਣੌਤੀਪੂਰਨ ਸਵਾਲਾਂ ਦੇ ਪ੍ਰਤੀ ਉਸ ਦੀ ਪ੍ਰਤੀਕ੍ਰਿਆ ਵਿਚਲੇ ਫ਼ਰਕ ਨੂੰ ਮਾਪ ਸਕਦੀ ਹੈ।

ਯਾਨੀ ਸਰੀਰ ’ਚ ਹੋਣ ਵਾਲੀਆਂ ਤਬਦੀਲੀਆਂ ਦੱਸਦੀਆਂ ਹਨ ਕਿ ਕੋਈ ਵਿਅਕਤੀ ਸੱਚ ਬੋਲ ਰਿਹਾ ਹੈ ਜਾਂ ਸਵਾਲ ਕਰਨ ਵਾਲੇ ਨੂੰ ਧੋਖਾ ਦੇ ਰਿਹਾ ਹੈ। 

Getty Images
ਸਾਲ 1922 ਵਿੱਚ, ਪਹਿਲਾ ਪੌਲੀਗ੍ਰਾਫ਼ ਟੈਸਟ ਵਾਸ਼ਿੰਗਟਨ ਵਿੱਚ ਕੀਤਾ ਗਿਆ ਸੀ

ਪੌਲੀਗ੍ਰਾਫ਼ ਟੈਸਟ ਕਿਵੇਂ ਕੀਤਾ ਜਾਂਦਾ ਹੈ?

ਅਦਾਲਤ ਵੱਲੋਂ ਪੌਲੀਗ੍ਰਾਫ਼ ਟੈਸਟ ਦੀ ਇਜਾਜ਼ਤ ਮਿਲਣ ਤੋਂ ਬਾਅਦ ਅਤੇ ਨਿਸ਼ਚਿਤ ਤੌਰ ’ਤੇ ਮੁਲਜ਼ਮ ਦੀ ਸਹਿਮਤੀ ਨਾਲ, ਪਹਿਲਾਂ ਉਸ ਦਾ ਇੱਕ ਸਧਾਰਨ ਸਰੀਰਕ ਟੈਸਟ ਕੀਤਾ ਜਾਂਦਾ ਹੈ।

ਇਹ ਯਕੀਨੀ ਬਣਾਉਣ ਤੋਂ ਬਾਅਦ ਕਿ ਮੁਲਜ਼ਮ ਨੂੰ ਕੋਈ ਬਿਮਾਰੀ ਨਹੀਂ ਹੈ, ਕੋਈ ਸਰੀਰਕ ਸਮੱਸਿਆ ਨਹੀਂ ਹੈ, ਉਸ ਦੇ ਸਰੀਰ ਨਾਲ ਕੁਝ ਸੈਂਸਰ ਜੋੜੇ ਜਾਂਦੇ ਹਨ- ਬਲੱਡ ਪ੍ਰੈਸ਼ਰ ਮਾਪਣ ਲਈ ਉਸ ਦੀ ਛਾਤੀ ’ਤੇ ਇੱਕ ਬੈਲਟ, ਢਿੱਡ-ਛਾਤੀ ਦੇ ਦਬਾਅ ਨੂੰ ਜਾਣਨ ਲਈ ਸੈਂਸਰ ਬੈਲਟ ਅਤੇ ਇਸੇ ਤਰ੍ਹਾਂ ਖ਼ੂਨ ਦੇ ਵਹਾਅ ਦਾ ਪਤਾ ਲਾਉਣ ਲਈ ਉਂਗਲੀ ’ਤੇ ਇੱਕ ਸੈਂਸਰ ਲਗਾਇਆ ਜਾਂਦਾ ਹੈ।

ਇੰਨ੍ਹਾਂ ਸਾਰੇ ਹੀ ਸੈਂਸਰਾਂ ਦੇ ਸਿਗਨਲ ਇੱਕ ਡਿਜੀਟਲ ਮਾਨੀਟਰ ’ਤੇ ਰਿਕਾਰਡ ਕੀਤੇ ਜਾਂਦੇ ਹਨ ਤੇ ਇਸ ਤਰੀਕੇ ਨਾਲ ਸਰੀਰ ਦੀ ਹਰ ਹਰਕਤ ਨੂੰ ਕਰੀਬੀ ਨਾਲ ਮਾਪਿਆ ਜਾਂਦਾ ਹੈ।

ਪਹਿਲਾਂ ਕੁਝ ਸਧਾਰਨ ਸਵਾਲ ਪੁੱਛੇ ਜਾਂਦੇ ਹਨ, ਮਿਸਾਲ ਦੇ ਤੌਰ ’ਤੇ ਟੈਸਟ ਅਧੀਨ ਆਦਮੀ ਦਾ ਨਾਮ, ਉਮਰ,  ਜਨਮ ਤਾਰੀਖ਼ ਜਨਮ ਦੀ ਜਗ੍ਹਾ, ਸਿੱਖਿਆ, ਮਾਤਾ-ਪਿਤਾ ਦੇ ਬਾਰੇ ਸੌਖੀ ਜਾਣਕਾਰੀ ਲਈ ਜਾਂਦੀ ਹੈ।

BBC

BBC

ਇਸ ਦਾ ਮਤਲਬ ਹੈ ਕਿ ਅਜਿਹੇ ਸਵਾਲ ਜਿੰਨ੍ਹਾਂ ਤੋਂ ਮੁਨਕਰ ਹੋਣਾ ਜਾਂ ਝੂਠ ਬੋਲਣ ਦੀ ਜ਼ਰੂਰਤ ਨਹੀਂ ਹੈ। ਇਸ ਨਾਲ ਮੁਲਜ਼ਮ ਨੂੰ ਆਰਾਮ ਮਿਲਦਾ ਹੈ ਅਤੇ ਉਸ ਦੇ ਸਰੀਰ ਦੀ ਆਮ ਪ੍ਰਤੀਕ੍ਰਿਆ ਦਰਜ ਕੀਤੀ ਜਾਂਦੀ ਹੈ।

ਇਸ ਦੇ ਨਾਲ ਹੀ ਇਹ ਅਗਲੇ ਸਵਾਲਾਂ-ਜਵਾਬਾਂ ਦੀ ਦਿਸ਼ਾ ਨਿਰਧਾਰਤ ਕਰਦੀ ਹੈ ਤੇ ਜਾਂਚ ਪ੍ਰੀਕ੍ਰਿਆ ਵਿੱਚ ਅਗਲੇ ਜਵਾਬਾਂ ਦੇ ਮਾਪਦੰਡ ਨੂੰ ਵੀ ਨਿਰਧਾਰਿਤ ਕਰਦੀ ਹੈ।

ਫਿਰ ਸਵਾਲਾਂ ਦਾ ਅਗਲਾ ਸੈੱਟ ਸ਼ੁਰੂ ਹੁੰਦਾ ਹੈ, ਜਿੰਨ੍ਹਾਂ ਦੇ ਜਵਾਬ ਹਾਂ ਜਾਂ ਨਹੀਂ ਜਾਂ ਫਿਰ ਵਿਸਥਾਰ ’ਚ ਹੋ ਸਕਦੇ ਹਨ। ਇੰਨ੍ਹਾਂ ਜਵਾਬਾਂ ਦੀ ਸਰਰਿਕ ਪ੍ਰਤੀਕ੍ਰਿਆ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਵਿਅਕਤੀ ਸੱਚ ਬੋਲ ਰਿਹਾ ਹੈ ਜਾਂ ਫ਼ਿਰ ਝੂਠ।

Getty Images

ਨਾਰਕੋ ਟੈਸਟ ਕੀ ਹੈ?

ਕਈ ਵੱਡੇ ਅਤੇ ਅਹਿਮ ਮਾਮਲਿਆਂ ''''ਚ ਪੁਲੀਸ ਮੁਲਜ਼ਮਾਂ ਦੇ ਨਾਰਕੋ ਟੈਸਟ ਦੀ ਮੰਗ ਕਰਦੀ ਹੈ ਅਤੇ ਆਪਣੀ ਜਾਂਚ ''''ਚ ਵੀ ਇਸ ’ਤੇ ਭਰੋਸਾ ਕਰਦੀ ਹੈ।

ਜੇਕਰ ਕਿਸੇ ਦੋਸ਼ੀ ਵੱਲੋਂ ਦਿੱਤੇ ਬਿਆਨਾਂ ਅਤੇ ਪੁਲਿਸ ਵੱਲੋਂ ਦੇਖੀ ਗਈ ਅਸਲ ਸਥਿਤੀ ਅਤੇ ਸਬੂਤਾਂ ''''ਚ ਕੋਈ ਤਾਲਮੇਲ ਦੀ ਕਮੀ ਲੱਗਦੀ ਹੈ ਤਾਂ ਦੋਸ਼ੀ ਤੋਂ ਅਸਲ ਜਾਣਕਾਰੀ ਹਾਸਲ ਕਰਨ ਲਈ ਨਾਰਕੋ ਟੈਸਟ ਕੀਤਾ ਜਾਂਦਾ ਹੈ।  

ਇਸ ਟੈਸਟ ਨੂੰ ''''ਟਰੁੱਥ ਸੀਰਮ'''' ਵੀ ਕਿਹਾ ਜਾਂਦਾ ਹੈ। ਇਸ ਜਾਂਚ ਦੌਰਾਨ ਮੁਲਜ਼ਮ ਨੂੰ ਸੋਡੀਅਮ ਪੈਂਟਾਥੋਲ ਵਰਗੀ ਦਵਾਈ ਦਿੱਤੀ ਜਾਂਦੀ ਹੈ।

BBC

ਪੌਲੀਗ੍ਰਾਫ਼ ਤੇ ਨਾਰਕੋ ਟੈਸਟ

  • 1922 ਵਿੱਚ ਵਾਸ਼ਿੰਗਟਨ ਵਿੱਚ ਪਹਿਲੀ ਵਾਰ ਪੌਲੀਗ੍ਰਾਫ਼ ਟੈਸਟ ਕੀਤਾ ਗਿਆ ਸੀ
  • ਬੋਲਣ ਤੋਂ ਬਾਅਦ ਸਰੀਰਕ ਪ੍ਰਤੀਕ੍ਰਿਆਵਾਂ ਜਿਵੇਂ ਦਿਲ ਦੀ ਧੜਕਨ, ਸਾਹਾਂ ਦੀ ਰਫ਼ਤਾਰ ਤੇ ਖ਼ੂਨ ਦੇ ਵਹਾਅ ਤੋਂ ਸੱਚ ਝੂਠ ਜਾਣਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਵਿਗਿਆਨਕ ਤੌਰ ’ਤੇ ਇਨ੍ਹਾਂ ਟੈਸਟਾਂ ਦੇ ਨਤੀਜੇ 100 ਫ਼ੀਸਦੀ ਸਹੀ ਨਹੀਂ ਹਨ।
  • ਮੁਲਜ਼ਮ ਦੀ ਸਹਿਮਤੀ ਤੋਂ ਬਿਨ੍ਹਾਂ ਨਾਰਕੋ ਟੈਸਟ ਕੀਤਾ ਜਾਂਦਾ ਹੈ ਤਾਂ ਇਹ ਸੰਵਿਧਾਨ ਦੀ ਧਾਰਾ 21 ਦੇ ਮੁਤਾਬਕ ਵਿਅਕਤੀ ਦੀ ਨਿੱਜੀ ਆਜ਼ਾਦੀ ਦੇ ਅਧਿਕਾਰ ਦੀ ਉਲੰਘਣਾ ਕਰਨਾ ਹੈ।
  • ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ 2000 ’ਚ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ ਅਤੇ ਇਹ ਸਪੱਸ਼ਟ ਕੀਤਾ ਸੀ ਕਿ ਨਾਰਕੋ ਟੈਸਟ ਬਿਨ੍ਹਾਂ ਇਜਾਜ਼ਤ ਦੇ ਨਹੀਂ ਕੀਤਾ ਜਾ ਸਕਦਾ। ਅਜਿਹਾ ਕਰਨਾ, ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋਵੇਗੀ।”
  • ਸਾਲ 2002 ਵਿੱਚ 26/11 ਦੇ ਦਹਿਸ਼ਤਗਰਦ ਅਜਮਲ ਕਸਾਬ ਦਾ ਵੀ ਪੁਲਿਸ ਨੇ ਨਾਰਕੋ ਟੈਸਟ ਕੀਤਾ ਸੀ।
  • ਆਰੂਸ਼ੀ ਤਲਵਾਰ ਕਤਲ ਕਾਂਡ ਦੇ ਦੋਸ਼ੀਆਂ ''''ਚੋਂ ਵੀ ਇੱਕ ਦਾ ਨਾਰਕੋ ਟੈਸਟ ਕਰਵਾਇਆ ਗਿਆ ਸੀ
BBC

ਸਾਬਕਾ ਸਹਾਇਕ ਪੁਲਿਸ ਕਮਿਸ਼ਨਰ ਸ੍ਰੀਕਾਂਤ ਮਹਾਜਨ ਦਾ ਕਹਿਣਾ ਹੈ, "ਇਹ ਦਵਾਈ ਦੇਣ ਤੋਂ ਬਾਅਦ ਦੋਸ਼ੀ ਨਾ ਤਾਂ ਪੂਰੀ ਤਰ੍ਹਾਂ ਨਾਲ ਬੇਹੋਸ਼ ਹੁੰਦਾ ਹੈ ਅਤੇ ਨਾ ਹੀ ਉਸ ਪੂਰੀ ਤਰ੍ਹਾਂ ਹੋਸ਼ ਹੁੰਦੀ ਹੈ। 

ਇਸ ਸਥਿਤੀ ਨੂੰ ਟਰਾਂਸ ਕੰਡੀਸ਼ਨ ਕਿਹਾ ਜਾਂਦਾ ਹੈ। ਇਸ ਤੋਂ ਬਾਅਦ ਕਿਸੇ ਵਿਅਕਤੀ ਤੋਂ ਪੁੱਛਗਿੱਛ  ਕਰਕੇ ਜਾਣਕਾਰੀ ਹਾਸਲ ਕੀਤੀ ਜਾਂਦੀ ਹੈ।" 

ਉਹ ਦੱਸਦੇ ਹਨ, “ਨਾਰਕੋ ਟੈਸਟ ਮਨੋਵਿਗਿਆਨੀ ਜਾਂ ਇਸ ਟੈਸਟ ਦੇ ਮਾਹਰ ਡਾਕਟਰ ਦੀ ਦੇਖਰੇਖ ''''ਚ ਹੀ ਕੀਤਾ ਜਾਂਦਾ ਹੈ।” 

“ਸਰਕਾਰੀ ਹਸਪਤਾਲ ''''ਚ ਇਸ ਸਬੰਧੀ ਪ੍ਰਬੰਧ ਨਾ ਹੋਣ ਦੀ ਸੂਰਤ ''''ਚ ਮੈਡੀਕਲ ਕਾਲਜ ’ਚ ਨਿੱਜੀ ਡਾਕਟਰ ਨੂੰ ਬੁਲਾ ਕੇ ਨਾਰਕੋ ਟੈਸਟ ਕਰਵਾਇਆ ਜਾਂਦਾ ਹੈ। ਟੈਸਟ ਦੌਰਾਨ ਮੌਜੂਦ ਡਾਕਟਰ ਨੂੰ ਨਾਰਕੋ ਟੈਸਟ ਦੀ ਪ੍ਰਕਿਰਿਆ ਬਾਰੇ ਪੂਰੀ ਜਾਣਕਾਰੀ ਹੋਣ ਦੀ ਉਮੀਦ ਕੀਤੀ ਜਾਂਦੀ ਹੈ।”

ਸ੍ਰੀਕਾਂਤ ਮਹਾਜਨ ਕਹਿੰਦੇ ਹਨ, “ਇਸ ‘ਚ ਡਾਕਟਰ ਦੀ ਬਹੁਤ ਅਹਿਮੀਅਤ ਹੁੰਦੀ ਹੈ ਕਿਉਂਕਿ ਅਦਾਲਤ ਦੋਸ਼ੀ ਜਾਂ ਪੁਲਿਸ ਤੋਂ ਵੱਧ ਇਸ ਗੱਲ ''''ਤੇ ਧਿਆਨ ਦਿੰਦੀ ਹੈ ਕਿ ਡਾਕਟਰ ਕੀ ਕਹਿ ਰਹੇ ਹਨ।”

ANI

ਪੌਲੀਗ੍ਰਾਫ਼ ਅਤੇ ਨਾਰਕੋ ਟੈਸਟ 100 ਫ਼ੀਸਦ ਸਹੀ ਨਹੀਂ

ਇਹ ਟੈਸਟ ਅਪਰਾਧਕ ਮਾਮਲਿਆਂ ਵਿੱਚ ਸੱਚ ਜਾਣਨ ਲਈ ਕੀਤੇ ਜ਼ਰੂਰ ਜਾਂਦੇ ਹਨ ਪਰ ਵਿਗਿਆਨਕ ਤੌਰ ''''ਤੇ 100 ਫ਼ੀਸਦੀ ਸਹੀ ਟੈਸਟ ਨਹੀਂ ਹਨ।

ਕੁਝ ਮਾਹਰਾਂ ਮੁਤਾਬਕ ਕਈ ਵਾਰ ਮੁਲਜ਼ਮ ਝੂਠ ਬੋਲਣ ਦੌਰਾਨ ਸਹਿਜ ਰਹਿਣ ਦਾ ਅਭਿਆਸ ਕਰ ਲੈਂਦੇ ਹਨ ਤੇ ਬਿਨ੍ਹਾਂ ਫੜ੍ਹੇ ਟੈਸਟ ਵੀ ਪਾਸ ਕਰ ਲੈਂਦੇ ਹਨ।

ਬ੍ਰਿਟੇਨ ''''ਚ ਪੌਲੀਗ੍ਰਾਫ਼ ਟੈਸਟ ਲੈਣ ਵਾਲਿਆਂ ਨੂੰ ਸਿਖਲਾਈ ਦੇਣ ਵਾਲੇ ਪ੍ਰੋ. ਡੌਨ ਗੁਰਬਿਨ ਦਾ ਕਹਿਣਾ ਹੈ, “ਜੇਕਰ ਤੁਸੀਂ ਇੱਕ ਟੈਸਟ ਤੋਂ ਪਹਿਲਾਂ ਆਪਣੀ ਜੁੱਤੀ ''''ਚ ਇੱਕ ਪੱਥਰ ਨੂੰ ਰੱਖਦੇ ਹੋ ਤਾਂ ਇਹ ਤੁਹਾਨੂੰ ਵਧੇਰੇ ਪਸੀਨਾ ਦਿੰਦਾ ਹੈ ਅਤੇ ਤੁਹਾਡੀ ਸਰੀਰਕ ਪ੍ਰਤੀਕ੍ਰਿਆ ਨੂੰ ਬਦਲ ਦਿੰਦਾ ਹੈ, ਇਸ ਲਈ ਜਦੋਂ ਤੁਸੀਂ ਝੂਠ ਬੋਲ ਰਹੇ ਹੁੰਦੇ ਹੋ ਤਾਂ ਸਰੀਰ ''''ਚ ਬਦਲਾਵ ਨਹੀਂ ਹੁੰਦਾ ਹੈ।”

ਜੇਕਰ ਤੁਸੀਂ ਨੈੱਟਫਲਿਕਸ ’ਤੇ ਅਦਾਕਾਰਾ ਤਾਪਸੀ ਪੰਨੂ ਦੀ ਫ਼ਿਲਮ ‘ਹਸੀਨ ਦਿਲਰੂਬਾ’ ਵੇਖੀ ਹੈ ਤਾਂ ਤੁਸੀਂ ਉਸ ਫ਼ਿਲਮ ’ਚ ਇਸ ਤਰ੍ਹਾਂ ਦੀ ਲੜਾਈ ਵੇਖ ਸਕਦੇ ਹੋ। ਪਰ ਹਕੀਕਤ ''''ਚ ਚੀਜ਼ਾਂ ਬਹੁਤ ਹੀ ਵੱਖ ਹੁੰਦੀਆਂ ਹਨ।

ਹਾਲਾਂਕਿ ਮਾਹਰਾਂ ਦਾ ਵੀ ਇਹ ਕਹਿਣਾ ਹੈ ਕਿ ਬਹੁਤ ਸਾਰੇ ਲੋਕ ਇਸ ਟੈਸਟ ਨੂੰ ਦੇਣ ਤੋਂ ਪਹਿਲਾਂ ਕਾਫ਼ੀ ਤਣਾਅ ਮਹਿਸੂਸ ਕਰਦੇ ਹਨ, ਭਾਵੇਂ ਕਿ ਉਹ ਸੱਚ ਹੀ ਬੋਲ ਰਹੇ ਹੋਣ ਅਤੇ ਉਹ ਬੇਕਸੂਰ ਹੋਣ, ਉਨ੍ਹਾਂ ਨੂੰ ਇਸ ਟੈਸਟ ''''ਚ ਫਸਣ ਦਾ ਡਰ ਹੁੰਦਾ ਹੈ।

ਪੌਲੀਗ੍ਰਾਫ਼ ਜਾਂ ਨਾਰਕੋ ਟੈਸਟ ਦਾ ਨਤੀਜਾ ਕਿੰਨਾ ਕੁ ਸਵਿਕਾਰਯੋਗ ਹੈ?

ਦਰਅਸਲ, ਨਾਰਕੋ ਟੈਸਟ ਦੀ ਤਰ੍ਹਾਂ ਪੌਲੀਗ੍ਰਾਫ਼ ਟੈਸਟ ਦਾ ਨਤੀਜਾ ਵੀ ਸਬੂਤ ਵੱਜੋਂ ਅਦਾਲਤ ''''ਚ ਪੇਸ਼ ਨਹੀਂ ਕੀਤਾ ਜਾ ਸਕਦਾ ਹੈ। ਪਰ ਜੇਕਰ ਟੈਸਟ ''''ਚ ਕੁਝ ਨਵੇਂ ਸੁਰਾਗ ਮਿਲਦੇ ਹਨ, ਜਿਵੇਂ ਕਿ ਕਤਲ ਦਾ ਹਥਿਆਰ ਜਾਂ ਕਤਲ ਦਾ ਮਕਸਦ। ਤਾਂ ਪੁਲਿਸ ਇਸ ਨੂੰ ਅਦਾਲਤ ‘ਚ ਸਬੂਤ ਵੱਜੋਂ ਪੇਸ਼ ਕਰ ਸਕਦੀ ਹੈ।

ਵਕੀਲ ਅਸੀਮ ਸਰੋਦੇ ਦਾ ਕਹਿਣਾ ਹੈ, “ਉਹ ਇਸ ਤਰ੍ਹਾਂ ਦੇ ਟੈਸਟ ਦੀ ਵਰਤੋਂ ਜਾਂਚ ਏਜੰਸੀਆਂ ਦੀ ਜਾਂਚ ਨੂੰ ਦਿਸ਼ਾ ਦੇਣ ਤੇ ਜਾਂਚ ਦੀਆਂ ਕੁਝ ਕੜ੍ਹੀਆਂ ਜੋੜਨ ਲਈ ਕਰਦੇ ਹਨ। ਕਈ ਮਾਮਲਿਆਂ ''''ਚ ਇਹ ਫਾਇਦੇਮੰਦ ਵੀ ਰਿਹਾ ਹੈ।”

ਜਾਂਚ ਏਜੰਸੀਆਂ ਦਾ ਤਰਕ ਹੈ ਕਿ ਜਦੋਂ ਮੁਲਜ਼ਮ ਦਾ ਰਵੱਈਆ ਸਹਿਯੋਗ ਦੇਣ ਵਾਲਾ ਨਾ ਹੋਵੇ ਤਾਂ ਉਸ ''''ਤੇ ਥਰਡ ਡਿਗਰੀ ਦੀ ਵਰਤੋਂ ਕਰਨ ਦੀ ਬਜਾਏ, ਇਸ ਤਰ੍ਹਾਂ ਨਾਲ ਜਾਣਕਾਰੀ ਹਾਸਲ ਕਰਨਾ ਹਮੇਸ਼ਾ ਬਿਹਤਰ ਰਹਿੰਦਾ ਹੈ।

ਪਰ ਸੁਪਰੀਮ ਕੋਰਟ ਨੇ ਇਸ ''''ਤੇ ਕਿਹਾ ਸੀ ਕਿ ਇੱਕ ਗ਼ਲਤ ਰਸਤੇ ਦੇ ਬਦਲ ਲਈ ਦੂਜਾ ਗ਼ਲਤ ਰਾਹ ਅਪਣਾਉਣਾ ਸਹੀ ਨਹੀਂ ਹੈ।

ਯਾਨੀ ਜੇਕਰ ਅਫ਼ਤਾਬ ਇਨ੍ਹਾਂ ਸਾਰੇ ਹੀ ਸਵਾਲਾਂ ਦੇ ਜਵਾਬ ਦਿੰਦਾ ਹੈ ਕਿ ਉਸ ਨੇ ਸ਼੍ਰਧਾ ਵਾਲਕਰ ਨੂੰ ਕਿਉਂ ਮਾਰਿਆ, ਉਸ ਨੇ ਅਜਿਹਾ ਕਿਵੇਂ ਕੀਤਾ, ਉਸ ਨੇ ਕਿਹੜੇ ਹਥਿਆਰ ਦੀ ਵਰਤੋਂ ਕੀਤੀ, ਉਸ ਨੇ ਅਪਣਾ ਫ਼ੋਨ ਕਿੱਥੇ ਸੁੱਟਿਆ ਤਾਂ ਪੁਲਿਸ ਉਸ ਦੇ ਖ਼ਿਲਾਫ਼ ਇੱਕ ਠੋਸ ਮਾਮਲਾ ਤਿਆਰ ਕਰ ਸਕਦੀ ਹੈ। ਇਸ ਲਈ ਪੌਲੀਗ੍ਰਾਫ਼ ਟੈਸਟ ਨੂੰ ਆਧਾਰ ਬਣਾਇਆ ਜਾ ਸਕਦਾ ਹੈ।

ANI
ਸ਼੍ਰਧਾ ਵਾਲਕਰ ਤੇ ਆਫ਼ਤਾਬ ਪੂਨਾਵਾਲਾ ਦੀ ਇੱਕ ਪੁਰਾਣੀ ਤਸਵੀਰ

ਸੁਪਰੀਮ ਕੋਰਟ ਦੀ ਅਜਿਹੇ ਟੈਸਟਾਂ ਬਾਰੇ ਰਾਇ

22 ਮਈ, 2010 ਨੂੰ ਇੱਕ ਮਾਮਲੇ ਦੀ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਸਪੱਸ਼ਟ ਕੀਤਾ ਸੀ ਕਿ ਨਾਰਕੋ ਟੈਸਟਿੰਗ ਸਿਰਫ ਮੁਲਜ਼ਮ ਜਾਂ ਸੰਬੰਧਤ ਵਿਅਕਤੀ ਦੀ ਸਹਿਮਤੀ ਨਾਲ ਹੀ ਕੀਤੀ ਜਾ ਸਕਦੀ ਹੈ।

ਜੇਕਰ ਮੁਲਜ਼ਮ ਦੀ ਸਹਿਮਤੀ ਤੋਂ ਬਿਨ੍ਹਾਂ ਨਾਰਕੋ ਟੈਸਟ ਕੀਤਾ ਜਾਂਦਾ ਹੈ ਤਾਂ ਇਹ ਸੰਵਿਧਾਨ ਦੀ ਧਾਰਾ 21 ਦੇ ਮੁਤਾਬਕ ਵਿਅਕਤੀ ਦੀ ਨਿੱਜੀ ਆਜ਼ਾਦੀ ਦੇ ਅਧਿਕਾਰ ਦੀ ਉਲੰਘਣਾ ਕਰਨਾ ਹੈ।

ਇਸ ਦੇ ਨਾਲ ਹੀ ਸਬੰਧਤ ਜਾਂਚ ਏਜੰਸੀਆਂ ਨੂੰ ਇਹ ਟੈਸਟ ਕਰਵਾਉਂਦੇ ਸਮੇਂ ਮਨੁੱਖੀ ਅਧਿਕਾਰ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨੀ ਚਾਹੀਦੀ ਹੈ।

ਇਸ ਤੋਂ ਪਹਿਲਾਂ 2002 ਦੇ ਗੁਜਰਾਤ ਦੰਗਿਆਂ, ਤੇਲਗੀ ਅਸ਼ਟਾਮ ਪੇਪਰ ਘੁਟਾਲਾ, 2007 ਦੇ ਨਿਠਾਰੀ ਕਤਲ ਕਾਂਡ ਅਤੇ 26/11 ਦੇ ਦਹਿਸ਼ਤਗਰਦ ਅਜਮਲ ਕਸਾਬ ਦਾ ਵੀ ਪੁਲਿਸ ਨੇ ਨਾਰਕੋ ਟੈਸਟ ਕੀਤਾ ਸੀ।

ਨੋਇਡਾ ਦੇ ਮਸ਼ਹੂਰ ਆਰੂਸ਼ੀ ਤਲਵਾਰ ਕਤਲ ਕਾਂਡ ਦੇ ਦੋਸ਼ੀਆਂ ''''ਚੋਂ ਇੱਕ ਦਾ ਨਾਰਕੋ ਟੈਸਟ ਕਰਵਾਇਆ ਗਿਆ ਸੀ, ਜਿਸ ਦਾ ਵੀਡੀਓ ਵੀ ਬਾਅਦ ''''ਚ ਲੀਕ ਹੋ ਗਿਆ ਸੀ।

ਐਡਵੋਕੇਟ ਅਸੀਮ ਸਰੋਦੇ ਦਾ ਕਹਿਣਾ ਹੈ, “ਸੰਵਿਧਾਨ ਦੀ ਧਾਰਾ 20 (3) ਦੇ ਮੁਤਾਬਕ ਕਿਸੇ ਨੂੰ ਵੀ ਆਪਣੇ ਖ਼ਿਲਾਫ਼ ਗਵਾਹੀ ਦੇਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ ਹੈ। ਇਸ ਨੂੰ ਹਰ ਵਿਅਕਤੀ ਦਾ ਮੌਲਿਕ ਅਧਿਕਾਰ ਮੰਨਿਆ ਜਾਂਦਾ ਹੈ।”

“ਨਾਰਕੋ ਟੈਸਟ ਇਸ ਦੇ ਖ਼ਿਲਾਫ਼ ਜਾਂਦਾ ਹੈ। ਇਸ ਦੇ ਨਾਲ ਹੀ ਧਾਰਾ 20 ’ਚ ਸਨਮਾਨ ਨਾਲ ਜਿਊਣ ਦਾ ਅਧਿਕਾਰ ਦਿੱਤਾ ਗਿਆ ਹੈ। ਇਸ ਲਈ ਬੇਰਹਿਮ ਸਲੂਕ ਦੀ ਇਜਾਜ਼ਤ ਵੀ ਨਹੀਂ ਦਿੱਤੀ ਜਾ ਸਕਦੀ ਹੈ।”

“ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ 2000 ’ਚ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ ਅਤੇ ਇਹ ਸਪੱਸ਼ਟ ਕੀਤਾ ਸੀ ਕਿ ਨਾਰਕੋ ਟੈਸਟ ਬਿਨ੍ਹਾਂ ਇਜਾਜ਼ਤ ਦੇ ਨਹੀਂ ਕੀਤਾ ਜਾ ਸਕਦਾ। ਅਜਿਹਾ ਕਰਨਾ, ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋਵੇਗੀ।”

(ਬੀਬੀਸੀ ਪੰਜਾਬੀ ਨਾਲ ਅਤੇ ''''ਤੇ ਜੁੜੋ।)